Sun, 18 February 2018
Your Visitor Number :-   1142582
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਬਲੂ ਵ੍ਹੇਲ ' ਦੇ ਬਹਾਨੇ ਸੱਭਿਆਚਾਰਕ ਦ੍ਰਿਸ਼ ਦੀ ਗੱਲ

Posted on:- 15-10-2017

suhisaver

ਪੇਸ਼ਕਸ਼ ਤੇ ਅਨੁਵਾਦ : ਰਣਜੀਤ ਲਹਿਰਾ

ਅੱਜ ਕੱਲ੍ਹ ͑ ਬਲੂ ਵ੍ਹੇਲ ' (ਬਲੂ ਵ੍ਹੇਲ ਯਾਨੀ ਨੀਲੀ ਵ੍ਹੇਲ, ਧਰਤੀ ਦਾ-ਜਲ ਤੇ ਥਲ-ਦੋਵਾਂ ਦੀ ਸਭ ਤੋਂ ਵੱਡੀ ਜੀਵ ਹੈ ਜਿਹੜੀ ਬਾਲਗ ਅਵਸਥਾ 'ਚ ਸੌ ਫੁੱਟ ਲੰਮੀ ਤੇ ਸੌ ਟਨ ਭਾਰੀ ਹੋ ਸਕਦੀ ਹੈ) ਨਾਮੀ  ͑͑ਆਨਲਾਈਨ ਗੇਮ ' ਦੀ ਕਾਫੀ ਚਰਚਾ ਹੈ । ਇਹ ਚਰਚਾ ਇਸ ਲਈ ਹੈ ਕਿ ਇਹ ਦੇ ਕਾਰਨ ਕਈ ਨੌਜਵਾਨ (ਖਾਸ਼ ਕਰ ਮਛੋਰ-ਮੱਤ) ਖੁਦਕਸ਼ੀ ਦੀ ਕੋਸ਼ਿਸ਼ ਕਰ ਚੁੱਕੇ ਹਨ ਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਭਾਰਤ ਸਰਕਾਰ ਨੇ ਫੇਸਬੁੱਕ, ਵੱਟਸਅਪ, ਆਦਿ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ͑ ͑ਗੇਮ' ਦੇ ਸਾਰੇ ͑ਲਿੰਕ' ਖ਼ਤਮ ਕਰ ਦੇਣ ਜਿਸ ਨਾਲ ਕੋਈ ਚਾਹ ਕੇ ਵੀ ਇਸ ਤੱਕ ਪਹੁੰਚ ਨਾ ਸਕੇ ।

ਹੁਣ ਤੱਕ ਜਿੰਨਾ ਕੁ ਪਤਾ ਚੱਲਿਆ ਹੈ ਉਸ ਮੁਤਾਬਿਕ ਇਹ 'ਗੇਮ' ਰੂਸ ਤੋਂ ਚਲਾਈ ਗਈ ਹੈ। ਇਸ ਦੀ ਕੋਈ ਵੈੱਬਸਾਈਟ ਜਾਂ ਸਿੱਧਾ ਲਿੰਕ ਨਹੀਂ ਹੈ। ਇਸ ਦਾ ਲਿੰਕ ਇੱਕ ਵਿਅਕਤੀ ਤੋਂ ਦੂਜੇ ਤੱਕ ਪਹੁੰਚਦਾ ਹੈ । ਇਸ ਲਿੰਕ ਦੇ ਜ਼ਰੀਏ ਜਦੋਂ ਕੋਈ ਵਿਅਕਤੀ ਇਸ 'ਗੇਮ' ਨਾਲ ਜੁੜਦਾ ਹੈ ਤਾਂ 'ਗੇਮ' ਦੇ ਸੰਚਾਲਕਾਂ (ਐਡਮਿਨਾਂ) ਵੱਲੋਂ ਉਸ ਨੂੰ ਇੱਕ ਤੋਂ ਬਾਅਦ ਇੱਕ ਪੰਜਾਹ ਟਾਸਕ/ਟਾਰਗੈੱਟ ਦਿੱਤੇ ਜਾਂਦੇ ਹਨ ਜਿਵੇਂ ਰਾਤ ਨੂੰ ਇੱਕਲਿਆਂ ਡਰਾਉਣੀ ਫਿਲਮ ਦੇਖਣੀ, ਕਬਰਸਤਾਨ ਵਿੱਚ ਜਾਣਾ ਆਦਿ । ਹਰ ਟਾਸਕ ਪੂਰਾ ਹੋਣ ਤੋਂ ਬਾਅਦ ਆਪਣੇ ਹੱਥ 'ਤੇ ਬਲੇਡ ਨਾਲ ਇੱਕ ਚੀਰਾ ਦੇਣਾ ਹੁੰਦਾ ਹੈ। ਪੰਜਾਹ ਟਾਸਕ ਪੂਰੇ ਹੋਣ ਤੱਕ ਇਨ੍ਹਾਂ ਚੀਰਿਆਂ ਨਾਲ ਬਾਂਹ 'ਤੇ ਬਲੂ ਵ੍ਹੇਲ ਦਾ ਚਿੱਤਰ ਬਣ ਜਾਂਦਾ ਹੈ । ਅੰਤਿਮ ਟਾਸਕ ਜਿਹੜਾ ਦਿੱਤਾ ਜਾਂਦਾ ਹੈ ਉਹ ਹੈ ਖੁਦਕਸ਼ੀ ਦੀ ਕੋਸ਼ਿਸ ਕਰਨਾ । ਇਸ ਵਿੱਚ ਉੱਚੀ ਇਮਾਰਤ ਤੋਂ ਛਾਲ ਮਾਰਨਾ, ਨਸ ਕੱਟਣਾ ਆਦਿ ਸ਼ਾਮਲ ਹੈ । ਜਿਨ੍ਹਾਂ ਯੁਵਕਾਂ ਨੇ ਖੁਦਕਸ਼ੀ ਦੇ ਅਜਿਹੇ ਯਤਨ ਕੀਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਨਾ ਸਿਰਫ ਖੁਦਕਸ਼ੀ ਲਈ ਕਿਹਾ ਜਾਂਦਾ ਹੈ ਸਗੋਂ ਇਹ ਧਮਕੀ ਵੀ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਇੰਝ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਮਾਪਿਆਂ ਜਾਂ ਭੈਣ-ਭਰਾਵਾਂ ਨੂੰ ਮਾਰ-ਮੁਕਾਇਆ ਜਾਵੇਗਾ। ਕਿਹਾ ਜਾਂਦਾ ਹੈ ਕਿ 'ਗੇਮ' ਦੇ ਐਡਮਿਨਾਂ ਦਾ ਇਹ ਕਹਿਣਾ ਹੈ ਉਹ ਕਿ ਇਸ ਦੇ ਜ਼ਰੀਏ/ਕਮਜ਼ੋਰ ਦਿਮਾਗ ਲੋਕਾਂ ਦਾ ਸਫਾਇਆ ਕਰਨਾ ਚਾਹੁੰਦੇ ਹਨ। ਅਜਿਹੇ ਕੂੜੇ-ਕਚਰੇ  ਵਰਗੇ ਲੋਕਾਂ ਨੂੰ ਜੀਣ ਦਾ ਹੱਕ ਨਹੀਂ ਹੈ।

͑ਬਲੂ ਵ੍ਹੇਲ ' ਦੇ ਬਾਰੇ 'ਚ ਹੜਕੰਪ ਮੱਚਣ ਤੋਂ ਬਾਅਦ ਜਿੱਥੇ ਇੱਕ ਪਾਸੇ ਇਸ ਸਬੰਧੀ ਮਨੋ-ਵਿਗਿਆਨੀਆਂ ਤੇ ਮਨੋਰੋਗ ਮਾਹਿਰਾਂ ਦੇ ਵਿਚਾਰ ਪ੍ਰ੍ਕਾਸ਼ਿਤ ਕੀਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਚਰਚਾ ਇਸ ਤਰ੍ਹਾਂ ਦੀ 'ਗੇਮ ' ਬਾਰੇ ਨਹੀਂ ਸਗੋਂ ਨੌਜਵਾਨਾਂ ਵਿੱਚ ਖੁਦਕਸ਼ੀ ਦੀ ਪ੍ਰਵਿਰਤੀ ਬਾਰੇ ਹੋਣੀ ਚਾਹੀਦੀ ਹੈ, ਯਾਨੀ ਕਿ ਉਸ ਮਾਹੌਲ ਬਾਰੇ ਜਿਸ ਵਿੱਚ ਅਜੋਕੀ ਜਵਾਨੀ ਜੀ ਰਹੀ ਹੈ। ਇਨ੍ਹਾਂ ਅਨੁਸਾਰ ' ਬਲੂ ਵ੍ਹੇਲ ' ਤਾਂ ਸਮੱਸਿਆ ਦਾ ਲੱਛਣ ਹੀ ਹੈ।

ਅੱਜ ਕੱਲ੍ਹ ਸੁਪਨ-ਸੰਸਾਰ (ਵਰਚੁਅਲ ਵਰਲਡ) ਦੀ ਬਹੁਤ ਚਰਚਾ ਹੈ, ਖਾਸ ਕਰ ਨੌਜਵਾਨ ਵਰਗ ਦੇ ਸੰਦਰਭ 'ਚ । ਵੀਡੀਓ ਗੇਮਾਂ, ਆਨਲਾਈਨ ਗੇਮਜ਼, ਫੇਸ ਬੁੱਕ, ਟਵਿੱਟਰ, ਵੱਟਸਅਪ, ਇੰਸਟਾਗਰਾਮ ਆਦਿ-ਆਦਿ ਵਿੱਚ ਲੀਨ ਰਹਿਣ ਵਾਲੇ ਲੋਕਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਬਹੁਤਾ ਕਰਕੇ ਉਸੇ ਦੁਨੀਆਂ ਵਿੱਚ ਜਿਉਂਦੇ ਹਨ ਜਾਂ ਘੱਟੋ-ਘੱਟ ਉਹਨਾਂ ਦੀ ਦੁਨੀਆਂ ਦਾ ਇੱਕ ਵੱਡਾ ਹਿੱਸਾ ਉਸੇ ਤੋਂ ਬਣਦਾ ਹੈ । ਇਸ ਸੁਪਨ-ਸੰਸਾਰ ਦੀ ਆਪਣੀ ਗਤੀ ਹੈ। ਇਸ ਦੀ ਆਪਣੀ ਭਾਸ਼ਾ ਹੈ ਤੇ ਆਪਣੇ ਹੀ ਮੁਹਾਵਰੇ ਹਨ । ਇਹ ਦਾ ਆਪਣਾ ਹੀ ਸੱਭਿਆਚਾਰ ਹੈ । ਅਪਰਾਧ ਤੋਂ ਲੈ ਕੇ ਮਨੋਰੰਜਨ ਤੱਕ ਇਸ ਵਿੱਚ ਸਭ ਕੁਝ ਹੈ । ਇਸ ਸੁਪਨ-ਸੰਸਾਰ ਵਿੱਚ ਬੰਦਾ ਉਹ ਸਭ ਕਰ ਸਕਦਾ ਹੈ ਜਿਸ ਨੂੰ ਕਰਨ ਦੀ ਹਕੀਕੀ ਦੁਨੀਆਂ ਵਿੱਚ ਨਾ ਤਾਂ ਇਜਾਜ਼ਤ ਹੁੰਦੀ ਹੈ ਤੇ ਨਾ ਹੀ ਹਿੰਮਤ ਹੁੰਦੀ ਹੈ ।

ਇਸ ਸੁਪਨ-ਸੰਸਾਰ ਵਿੱਚ ਇੱਕ ਵਾਰ ਦਾਖਲ ਹੋਣ ਤੋਂ ਬਾਅਦ ਵਿਅਕਤੀ ਦਾ ਹਕੀਕੀ ਦੁਨੀਆ ਨਾਲ ਸਬੰਧ ਉਲਟ-ਪੁਲਟ ਜਾਂਦਾ ਹੈ। ਸੁਪਨ-ਸੰਸਾਰ ਦੀ ਇੱਕ ਖਾਸ ਕਿਸਮ ਦੀ ' ਹਕੀਕਤ ' ਹਕੀਕੀ ਦੁਨੀਆ ਦੀ ਕਠੋਰ ਹਕੀਕਤ ਨੂੰ ਪੁੱਠੇ-ਸਿੱਧੇ ਕੱਟਣ ਲੱਗ ਪੈਂਦੀ ਹੈ । ਇਹ ਉਲਝਣ ਇਸ ਹੱਦ ਤੱਕ ਵੱਧ ਸਕਦੀ ਹੈ ਕਿ ਸੁਪਨਮਈ  ਤੇ ਹਕੀਕੀ ਦੁਨੀਆ ਦੇ ਭੇਦ ਹੀ ਮਿਟਣ ਲੱਗ ਪੈਣ । ਬੰਦਾ ਦੋਵਾਂ ਵਿੱਚ ਚੱਕਰ ਕੱਟਣ ਲੱਗਦਾ ਹੈ । ' ਬਲੂ ਵ੍ਹੇਲ' ਦੇ ਮਾਇਆ ਜਾਲ ਵਿੱਚ ਫਸੇ ਯੁਵਕਾਂ ਦੇ ਮਾਮਲੇ 'ਚ ਇਹ ਯਥਾਰਥ ਬਹੁਤ ਤਿੱਖੇ ਢੰਗ ਨਾਲ ਪ੍ਰਗਟ ਹੁੰਦਾ ਹੈ ।

ਇੱਥੇ ਅਹਿਮ ਸਵਾਲ ਇਹ ਹੈ ਕਿ ਕੀ ਇਹ ਤਕਨੀਕ ਦਾ ਮਾਮਲਾ ਹੈ ? ਕੀ ਇਸ ਸੁਪਨ-ਸੰਸਾਰ ਦਾ ਅਸਰ ਇਸ ਸੰਸਾਰ ਦਾ ਨਿਰਮਾਣ ਕਰਨ ਵਾਲੀ ਤਕਨੀਕ ਦਾ ਸਿੱਟਾ ਹੈ ? ਕੀ ਤਕਨੀਕ ਅਤੇ ਵਿਅਕਤੀ ਦੇ ਸਬੰਧਾਂ ਕਾਰਨ ਇਹ ਸਿੱਟਾ ਸਾਹਮਣੇ ਆ ਰਿਹਾ ਹੈ ? ਕੀ ਅਸੀਂ ਅਜਿਹੇ ਸਮਾਜ ਵਿੱਚ ਦਾਖਲ ਹੋ ਗਏ ਹਾਂ, ਜਿੱਥੇ ਸਮਾਜਿਕ ਸਬੰਧਾਂ ਦੀ ਥਾਂ ਤਕਨੀਕੀ ਸਬੰਧ ਸਭ ਕੁਝ ਤੈਅ ਕਰ ਰਹੇ ਹਨ ?

' ਬਲੂ ਵ੍ਹੇਲ ' ਗੇਮ ਦੀ ਗੱਲ ਹੀ ਲਓ ।

' ਬਲੂ ਵ੍ਹੇਲ ਦਾ 'ਲਿੰਕ' ਸਿੱਧੇ ਰੂਪ 'ਚ ਉਪਲਬਧ ਨਹੀਂ ਤੇ ਨਾ ਹੀ ਇਹਦਾ ਕੋਈ ਇਸ਼ਤਿਹਾਰ ਹੈ । ਸਵਾਲ ਪੈਦਾ ਹੁੰਦਾ ਹੈ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਕਿਸੇ ਵਿਅਕਤੀ ਨੂੰ ਇਸ ਦਾ ' ਲਿੰਕ ' ਖੋਜਣ ਲਈ ਪ੍ਰੇਰਿਤ ਕਰਦੀ ਹੈ ? ' ਲਿੰਕ' ਮਿਲ ਜਾਣ ਤੋਂ ਬਾਅਦ ਕਿਹੜੀ ਚੀਜ਼ ਹੈ ਜਿਹੜੀ ਵਿਅਕਤੀ ਨੂੰ ਇੱਕ ਤੋਂ ਬਾਅਦ ਇੱਕ ਅਜੀਬੋ-ਗਰੀਬ ਅਤੇ ਉਹ ਵੀ ਅਕਸਰ ਡਰਾਉਣੇ ਤੇ ਖਤਰਨਾਕ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ? ਕਿਹੜੀ ਚੀਜ਼ ਹੈ ਜਿਹੜੀ ਇੱਕ ਵਾਰ ਇਹ ਅਹਿਸਾਸ ਹੋ ਜਾਣ ਤੋਂ ਬਾਅਦ ਕਿ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ, ਵਿਅਕਤੀ ਨੂੰ ' ਗੇਮ' ਛੱਡ ਕੇ ਪਰ੍ਹੇ ਮੁਕਤ ਨਹੀਂ ਹੋਣ ਦੇ ਪਾਉਂਦੀ ਜਦੋਂ ਕਿ ਮੁਕਤ ਹੋਣ ਲਈ ਉਹਨੇ ਬਸ ਆਪਣਾ ਇੰਟਰਨੈੱਟ ਬੰਦ ਕਰਕੇ ਪਰ੍ਹੇ ਹੀ ਹੋ ਜਾਣਾ ਹੁੰਦਾ ਹੈ ।

ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਕਿਸੇ ਤਕਨੀਕ ਵਿੱਚ ਨਹੀਂ ਹੈ ਅਤੇ ਨਾ ਹੀ ਵਿਅਕਤੀ ਅਤੇ ਤਕਨੀਕ ਦੇ ਸਬੰਧਾਂ ਵਿੱਚ ਹੈ ਤਕਨੀਕ ਕਿਸੇ ਵਿਅਕਤੀ ਨੂੰ ਉਪਰੋਕਤ ਸਭ ਕੁਝ ਕਰਨ ਲਈ ਪ੍ਰੇਰਿਤ ਜਾਂ ਮਜ਼ਬੂਰ ਨਹੀਂ ਕਰਦੀ । ਇਸ ਸਭ ਕੁਝ ਦੀ ਪ੍ਰੇਰਨਾ ਦਾ ਸਰੋਤ ਕਿਤੇ ਹੋਰ ਹੈ ।

ਇਸੇ ਸਭੇ ਕੁਝ ਨੂੰ ਸਮਝਣ ਲਈ ਇੱਕ ਦੂਜੀ ਉਦਾਹਰਣ ਲੈਣੀ ਫਾਇਦੇਮੰਦ  ਰਹੇਗੀ । ਇਹ ਉਦਾਹਰਨ ਤਕਨੀਕ ਦੇ ਖੇਤਰ ਵਿੱਚ ਨਹੀਂ ਸਗੋਂ ਧਰਮ ਦੇ ਖੇਤਰ ਵਿੱਚੋਂ ਹੈ ।

ਪਿਛਲੇ ਦਿਨੀਂ ਬਾਬਾ ਰਾਮ ਰਹੀਮ ਦੀ ਖੂਬ ਚਰਚਾ ਰਹੀ ਹੈ । ਟੀ.ਵੀ ਚੈਨਲਾਂ ਦੇ ਤਾਂ ਜਿਵੇਂ ਵਾਰੇ-ਨਿਆਰੇ ਹੋ ਗਏ ਅਤੇ ਉਨ੍ਹਾਂ ਦੀ ਕਿਰਪਾ ਨਾਲ ਦੇਸ਼ ਦਾ ਬੱਚਾ-ਬੱਚਾ ਬਾਬਾ ਰਾਮ ਰਹੀਮ ਦੀ ਜ਼ਿੰਦਗੀ ਦੇ ਛੋਟੇ ਤੋਂ ਛੋਟੇ ਤੱਥਾਂ ਤੋਂ ਵਾਕਿਫ਼ ਹੋ ਗਿਆ । ਸਾਰੀਆਂ ਚਟਪਟੀਆਂ ਖ਼ਬਰਾਂ ਤੋਂ ਬਾਅਦ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਉਂ ਲੱਖਾਂ ਲੋਕ ਬਾਬੇ ਦੇ ਅੰਨ੍ਹੇ ਭਗਤ ਸਨ ਤੇ ਹਨ ? ਕਿਉਂ ਹਜ਼ਾਰਾਂ-ਲੱਖਾਂ ਲੋਕਾਂ ਨੇ ਉਸ ਦੇ ਕਹਿਣ 'ਤੇ ਆਪਣੀ ਸਾਰੀ ਜ਼ਾਇਦਾਦ ਉਸ ਨੂੰ ਦਾਨ ਕਰ ਦਿੱਤੀ ? ਕਿਉਂ ਸੈਂਕੜੇ ਲੜਕੀਆਂ ਆਪਣਾ ਸਰੀਰ ਉਸ ਨੂੰ ਸਮਰਪਿਤ ਕਰਦੀਆਂ ਰਹੀਆਂ ? ਕਿਉਂ ਸੈਂਕੜੇ ਮਰਦ ਖੁਦ ਨੂੰ ਨਿਪੁੰਸਕ ਬਣਾਏ ਜਾਣਾ ਮਨਜ਼ੂਰ ਕਰਦੇ ਰਹੇ ? ਕੀ ਇਸ ਸਭ ਕੁਝ ਨੂੰ ਸਾਕਾਰ ਕਰ ਸਕਣ ਦੀ ਤਾਕਤ ਬਾਬੇ ਵਿੱਚ ਸੀ ? ਇੱਥੇ ਧਿਆਨ ਰੱਖਣਾ ਹੋਵੇਗਾ ਕਿ ' ਬਲੂ ਵ੍ਹੇਲ ' ਦੇ ਐਡਮਿਨਾਂ ਦੀ ਤਾਕਤ ਬਾਬਾ ਰਾਮ ਰਹੀਮ ਜਾਂ ਉਹਦੇ ਵਰਗੇ ਹੋਰਨਾਂ ਬਾਬਿਆਂ ਸਾਹਮਣੇ ਕੁਝ ਵੀ ਨਹੀਂ ।

ਗੱਲ ਧਰਮ ਦੀ ਚੱਲੀ ਹੈ ਤਾਂ ਕੀ ਇਹ ਸੱਚ ਨਹੀਂ ਹੈ ਕਿ ਅੱਜ ਤੱਕ ਦੁਨੀਆਂ ਵਿੱਚ ਧਰਮ ਹੀ ਰਿਹਾ ਹੈ ਜਿਸ ਨੇ ਵਿਆਪਕ ਪੈਮਾਨੇ ' ਤੇ ਇੱਕ ਸੁਪਨ-ਸੰਸਾਰ ਦਾ ਨਿਰਮਾਣ ਕੀਤਾ ਹੈ । ਕੀ ਅੱਜ ਸੰਘ ਪਰਿਵਾਰ ਦੀ ਸਿਆਸੀ ਸਫ਼ਲਤਾ ਦਾ ਰਾਜ਼ ਉਹ ਸੁਪਨ-ਸੰਸਾਰ ਨਹੀਂ ਜਿਹੜਾ ਉਸ ਨੇ ਸਵਰਨ ਮਾਨਸਿਕਤਾ ਵਾਲੇ ਹਿੰਦੂਆਂ ਦੇ ਮਨਾਂ ਵਿੱਚ ਪੈਦਾ ਕੀਤਾ ਹੈ, ਜਿਸ ਵਿੱਚ ਦੇਸ਼-ਸਮਾਜ ਅਤੇ (ਹਿੰਦੂ) ਵਿਅਕਤੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਮੁਸਲਮਾਨ ਤੇ ਇਸਲਾਮ ਹੈ । ਕੀ ਅੱਜ ਸੰਘ ਸਮੇਤ ਸਾਰੇ ਧਾਰਮਿਕ ਕੱਟੜਪੰਥੀ (ਅੱਤਵਾਦੀਆਂ ਸਮੇਤ) ਧਰਮ ਦੇ ਆਧਾਰ ' ਤੇ ਸਿਰਜੇ ਆਪਣੇ ਸੁਪਨ-ਸੰਸਾਰ ਨੂੰ ਹਕੀਕੀ ਸੰਸਾਰ ਬਨਾਉਣ ਦੀਆਂ ਕੋਸ਼ਿਸ਼ਾ ਨਹੀਂ ਕਰ ਰਹੇ ? ਕੀ ਮੱਧ-ਕਾਲ ਵਿੱਚ ਲੱਖਾਂ ਇਸਾਈ ਸੁਪਨਿਆਂ ਦੀ ਦੁਨੀਆਂ ਵਿੱਚ ਨਹੀਂ ਸਨ ਜੀ ਰਹੇ ਜਦੋਂ ਉਹ ਯੇਰੂਸ਼ਲਮ ਨੂੰ ਮੁਸਲਮਾਨਾਂ ਤੋਂ ਮੁਕਤ ਕਰਵਾਉਣ ਲਈ ਨਿਰੰਤਰ ਦੋ ਸਦੀਆਂ ਤੱਕ ਧਰਮ ਯੁੱਧ ਵਿੱਚ ਖੁਦ ਨੂੰ ਝੋਕਦੇ ਰਹੇ ਸਨ ? ਅੱਜ ਵੀ 'ਧਿਆਨ' ਦੇ ਨਾਂ  ̔ਤੇ ਕੀ ਲੋਕ ਆਪਣੇ ਲਈ ਇੱਕ ਸੁਪਨ-ਸੰਸਾਰ ਦੀ ਸਿਰਜਣਾ ਨਹੀਂ ਕਰਦੇ, ਜਿਸ ਦਾ ਹਿੰਦੂ ਲੱਕੜਸਿਰੇ ਇੰਨਾ ਗੁਣਗਾਣ ਕਰਦੇ ਹਨ ? ਕੀ ਧਰਮ ਦੇ ਇਸ ਸੁਪਨ-ਸੰਸਾਰ ਦਾ ਕਾਰਨ ਪਰਮਾਤਮਾ ਜਾਂ ਭੂਤ-ਪ੍ਰੇਤਾਂ ਦੀ ਧਾਰਨਾ ਵਿੱਚ ਹੈ ?

ਸੁਪਨ-ਸੰਸਾਰ ਦੀ ਸਿਰਜਣਾ ਦਾ ਮੂਲ ਧਾਰਮਿਕ ਮਾਨਤਾਵਾਂ ਜਾਂ ਤਕਨੀਕ ਨਹੀਂ ਹੈ । ਇਹ ਤਾਂ ਬਸ  ਉਹ ਸਾਧਨ ਹਨ ਜਿਨ੍ਹਾਂ ਰਾਹੀਂ ਸੁਪਨ-ਸੰਸਾਰ ਦਾ ਨਿਰਮਾਣ ਹੁੰਦਾ ਹੈ । ਸੁਪਨ-ਸੰਸਾਰ ਦੇ ਨਿਰਮਾਣ ਦੇ ਕਾਰਨ ਤਤਕਾਲੀ ਹਕੀਕੀ ਦੁਨੀਆਂ ਵਿੱਚ ਹੁੰਦੇ ਹਨ ।
ਧਰਮ ਨੂੰ ਹੀ ਲਵੋ । ਧਰਮ ਵੱਲੋਂ ਸਿਰਜੇ ਸੁਪਨ-ਸੰਸਰ ਦਾ ਅਸਲੀ ਕਾਰਨ ਹਕੀਕੀ ਦੁਨੀਆਂ ਦੇ ਦੁੱਖ ਤੇ ਕਸ਼ਟ ਸਨ । ਜਮਾਤਾਂ ਵਿੱਚ ਵੰਡੇ ਸਮਾਜ ਵਿੱਚ ਮੌਜੂਦ ਲੁੱਟ, ਜਬਰ ਤੇ ਬੇਇਨਸਾਫੀ ਧਰਮ ਦੀ ਸੁਪਨੀਲੀ ਦੁਨੀਆਂ ਨੂੰ ਜਨਮ ਦਿੰਦੇ ਸਨ । ਬੁੱਧ ਧਰਮ ਨੇ ਦੁੱਖਾਂ ਨੂੰ ਹੀ ਆਪਣੇ ਧਰਮ ਦਾ ਮੂਲ ਦੱਸ ਕੇ ਇਹਨੂੰ ਸਿੱਧੇ ਰੂਪ ' ਚ ਪ੍ਰਗਟ ਕੀਤਾ ਸੀ । ਧਰਮ ਵੱਲੋਂ ਸਿਰਜੇ ਸੁਪਨ-ਸੰਸਾਰ ਵਿੱਚ ਮਨੁੱਖ ਕੁੱਛ ਹੱਦ ਤੱਕ, ਘੱਟੋ-ਘੱਟ ਥੋੜ੍ਹੇ ਸਮੇਂ ਲਈ, ਇਸ ਦੁਨੀਆਂ ਦੇ ਦੁੱਖਾਂ-ਕਸ਼ਟਾਂ ਨੂੰ ਭੁੱਲ ਜਾਂਦਾ ਹੈ । ਸ਼ੁਰੂਆਤੀ ਇਸਾਈ ਧਰਮ ਨੇ ਜਦੋਂ ਐਲਾਨ ਕੀਤਾ ਕਿ ਸਵਰਗਾਂ ਵਿੱਚ ਸਿਰਫ਼ ਗਰੀਬਾਂ ਦੀ ਹੀ ਐਂਟਰੀ ਹੋਵੇਗੀ ਤਾਂ ਇਸ ਨਾਲ ਦੱਬੇ-ਕੁਚਲੇ ਲੋਕਾਂ ਨੂੰ ਬਹੁਤ ਸਕੂਨ ਮਿਲਿਆ ਸੀ। ਅੱਜ ਵੀ ਬਾਬਿਆਂ ਦੇ ਡੇਰਿਆਂ ਵਿੱਚ ਜਾ ਕੇ ਵਿਅਕਤੀ ਘੱਟੋ-ਘੱਟ ਥੋੜ੍ਹੇ ਸਮੇਂ ਲਈ ਰਾਹਤ ਮਹਿਸੂਸ ਕਰਦਾ ਹੈ । ਬਾਬਿਆਂ ਦੀ ਤਾਕਤ ਨਾ ਤਾਂ ਉਨ੍ਹਾਂ ਦੇ ਵਿਅਕਤੀਤਵ ਵਿੱਚ ਹੈ ਤੇ ਨਾ ਹੀ ਉਨ੍ਹਾਂ ਦੀ ਸਿੱਖਿਆ ਵਿੱਚ । ਉਨ੍ਹਾਂ ਦੀ ਤਾਕਤ ਸ਼ੋਸ਼ਿਤਾਂ-ਪੀੜਤਾਂ ਦੇ ਉਨ੍ਹਾਂ ਦੁੱਖਾਂ-ਕਸ਼ਟਾਂ ਵਿੱਚ ਹੈ ਜਿਸ ਤੋਂ ਰਾਹਤ ਉਨ੍ਹਾਂ ਨੂੰ ਰਵਾਇਤੀ ਧਰਮ ਨਹੀਂ ਦੇ ਪਾ ਰਹੇ । ਹਾਕਮ ਤੇ ਲੁਟੇਰੀਆਂ ਜਮਾਤਾਂ ਦੇ ਲੋਕ ਜੇਕਰ ਬਾਬਿਆਂ ਦਾ ਓਟ-ਆਸਰਾ ਲੈ ਰਹੇ ਹਨ ਤਾਂ ਇਸ ਲਈ ਕਿ ਲੁੱਟ ਤੇ ਧਾੜਿਆਂ ਦੀ ਇਸ ਦੁਨੀਆਂ ਵਿੱਚ ਲੁੱਟ-ਮਾਰ ਕਰਦੇ ਹੋਏ ਉਨ੍ਹਾਂ ਦੀ ਆਤਮਾ ਵੀ ਬੇਚੈਨ ਹੈ। ਸਗੋਂ ਪਦਾਰਥਕ ਪੀੜਾਂ ਤੋਂ ਮੁਕਤ ਹੋਣ ਕਰਕੇ ਉਨ੍ਹਾਂ ਦੀ ਰੂਹਾਨੀ (ਆਤਮਕ) ਬੇਚੈਨੀ ਹੋਰ ਵੀ ਵਧੇਰੇ ਹੈ  । ਭਾਂਤ-ਸੁਭਾਂਤੇ ਬਾਬੇ ਤਾਂ ਇਸ ਸਭ ਨੂੰ ਵਰਤ ਰਹੇ ਹਨ । ਉਨ੍ਹਾਂ ਦੀ ਕਾਬਲੀਅਤ ਇਹੋ ਹੈ। ਸਰਮਾਏਦਾਰੀ  ਝਾਰਨੇ ਵਿੱਚੋਂ ਸਫ਼ਲਤਾ ਨਾਲ ਗੁਜ਼ਰ ਕੇ ਕੁਝ ਤਾਂ ਆਪਣੇ ਇਸ ਕਾਰੋਬਾਰ ਵਿੱਚ ਬਹੁਤੇ ਹੀ ਕੁਸ਼ਲ ਹੋ ਜਾਂਦੇ ਹਨ ਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ, ਆਸਾ ਰਾਮ ਬਾਪੂ ਜਾਂ ਬਾਬਾ ਰਾਮ ਰਹੀਮ ਬਣ ਜਾਂਦੇ ਹਨ ।

ਆਧੁਨਿਕ ਸੰਚਾਰ ਸਾਧਨਾਂ ਦੀ ਤਕਨੀਕ ਵੱਲੋਂ ਸਿਰਜੇ ਨੌਜਵਾਨ ਪੀੜ੍ਹੀ ਦੇ ਸੁਪਨ-ਸੰਸਾਰ ਦੀ ਜੜ੍ਹ ਵਿੱਚ ਵੀ ਇਹੋ ਕਾਰਨ ਹਨ । ਇਹ ਸੁਪਨ-ਸੰਸਾਰ ਅਸਲ ਵਿੱਚ ਤਕਨੀਕ ਵੱਲੋਂ ਨਹੀਂ ਸਿਰਜਿਆ ਜਾ ਰਿਹਾ । ਇਸ ਦਾ ਨਿਰਮਾਣ ਅਸਲ ਵਿੱਚ ਸਮਾਜ ਦੀਆਂ ਉਹ ਤਾਕਤਾਂ ਕਰ ਰਹੀਆਂ ਹਨ ਜਿਹੜੀਆਂ ਆਧੁਨਿਕ ਨੌਜਵਾਨਾਂ ਦੀ ਜ਼ਿੰਦਗੀ ਨੂੰ ਸਾਰਥਿਕਤਾ ਵਿਹੂਣੀ, ਬੇਰਸ, ਅਕਾਊ, ਥਕਾਊ ਤੇ ਆਦਰਸ਼ਹੀਣ ਬਣਾ ਰਹੀਆਂ ਹਨ। ਇਹਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ  ਨੌਜਵਾਨ ਅਜੀਬੋ ਗਰੀਬ ਸਾਰਥਿਕਤਾ, ਆਦਰਸ਼ਾਂ ਤੇ ' ਥਰਿੱਲ' ਦੀ ਭਾਲ ਵਿੱਚ ਇੱਧਰ-ਉੱਧਰ ਭਟਕ ਰਹੇ ਹਨ ਅਤੇ ਸਮਾਜ ' ਚ ਸਰਗਰਮ ਤਮਾਮ ਪਿਛਾਂਹ ਖਿਚੂ ਤਾਕਤਾਂ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ ।

ਆਧੁਨਿਕ ਨੌਜਵਾਨ ਦਾ ਪਰਿਵਾਰਕ, ਸਮਾਜਿਕ, ਰਾਜਨੀਤਕ ਸੱਭਿਆਚਾਰਕ ਆਲਾ-ਦੁਆਲਾ ਕਿਹੋ ਜਿਹਾ ਹੈ ? ਇਕਹਿਰੇ ਪਰਿਵਾਰ ਦਾ ਨਿਹਾਇਤ ਸੌੜਾ, ਸਵਾਰਥੀ, ਦਾਇਰਾ ਇੰਨੇ ਹੀ ਤਿੱਖੇ ਵਿਅਕਤੀਵਾਦ ਨਾਲ ਖੰਡਿਤ ਹੋ ਰਿਹਾ ਹੈ । ਸਮਾਜਿਕ ਪੱਧਰ 'ਤੇ  ਮੁਕਾਬਲੇਬਾਜ਼ੀ, ਚੂਹਾ-ਦੌੜ ਵਿੱਚ ਸਫਲ ਹੋਣ ਲਈ ਮਾਰਾ-ਮਾਰੀ ਯੁਵਕਾਂ ਨੂੰ ਨਾ ਸਿਰਫ ਹੋਰ ਵਧੇਰੇ ਸਵਾਰਥੀ ਅਤੇ ਇੱਕਲਾ ਕਰ ਰਹੀ ਹੈ  ਸਗੋਂ ਉਹ ਇਸ ਦੌੜ ਵਿੱਚ ਹਰ ਕਿਸੇ ਤੋਂ ਬੇਗਾਨਾ ਹੋ ਰਹੇ ਹਨ। ਸਿਆਸੀ ਪੱਧਰ 'ਤੇ ਸਰਮਾਏਦਾਰਾ ਸਿਆਸਤ ਦਾ ਹੋਛਾਪਣ ਤੇ ਕਮੀਨਗੀ ਕਿਸੇ ਆਦਰਸ਼ ਦੀ ਪਲਕ ਝਪਕਦੇ ਹੀ ਐਸੀ ਤੈਸੀ ਕਰ ਦਿੰਦਾ ਹੈ, ਜਿੱਥੇ ਰਾਸ਼ਟਰਵਾਦ  ਲੰਪਟ ਅਨਸਰਾਂ ਦਾ ਨਾਅਰਾ ਬਣ ਜਾਂਦਾ ਹੈ ਅਤੇ ਆਦਰਸ਼ ਦੀਆਂ ਸਾਰੀਆਂ ਗੱਲਾਂ ਹੋਛੀਆਂ ਲਾਲਸਾਵਾਂ ਦੀ ਪੂਰਤੀ ਦਾ ਸਾਧਨ । ਸੱਭਿਆਚਾਰਕ ਪੱਧਰ ਤੋਂ ਲੈ ਕੇ ਹਰ ਤਰ੍ਹਾਂ ਦਾ ਕੰਮ ਸਿਰਫ਼ ਬੋਝ ਪ੍ਰਤੀਤ ਹੁੰਦਾ ਹੈ ਅਤੇ ਅਕੇਵਾਂ ਪੈਦਾ ਕਰਦਾ ਹੈ । ਪ੍ਰੰਪਰਾਈ ਸੱਭਿਆਚਾਰ ਦਾ ਖਪਤਵਾਦੀ ਐਡੀਸ਼ਨ ਮਨ-ਮਸਤਕ ਵਿਚਲੇ ਖਾਲੀਪਣ ਨੂੰ ਭੋਰਾ ਵੀ ਨਹੀਂ ਭਰ ਪਾਉਂਦਾ ਅਤੇ ਹਰ ਥਾਂ ਸਿਰਫ਼ ਦਿਖਾਵੇ ਦੇ ਵਿਵਹਾਰ ਅਤੇ ਰਸਮੀਪਣ ਨੂੰ ਜ਼ਰੂਰੀ ਬਣਾ ਦਿੰਦਾ ਹੈ। ਜਾਣ-ਪਹਿਚਾਣ ਦੋਸਤੀ ਬਣ ਜਾਂਦੀ ਹੈ ਤੇ 'ਵਨ-ਨਾਈਟ ਸਟੈਂਡ' ਪਿਆਰ ਦਾ ।

ਇਹ ਹੈ ਉਸ ਨੌਜਵਾਨ ਦੀ ਅਸਲੀ ਦੁਨੀਆ ਜਿਹੜਾ ਤਕਨੀਕ ਦੇ ਸੁਪਨ-ਸੰਸਾਰ ਦੀ ਸ਼ਰਨ ਲੈਂਦਾ ਹੈ। ਸੁਭਾਵਿਕ ਹੀ ਇਸ ਦੁਨੀਆੰ ਵਿੱਚ ਭਾਰਤ ਵਰਗੇ ਪਛੜੇ ਤੇ ਗਰੀਬ ਮੁਲਕ ਦੇ ਮਜ਼ਦੂਰ-ਕਿਸਾਨ ਯੁਵਕ ਨਹੀਂ ਆਉਂਦੇ, ਜਿਨ੍ਹਾਂ ਦੀਆਂ ਸਮੱਸਿਆਵਾਂ ਹੋਰ ਹਨ । ਉਪਰੋਕਤ ਚਰਚਾ ਵਿਚਲੇ ਨੌਜਵਾਨ ਮੁੱਖ ਰੂਪ 'ਚ ਮੱਧ-ਵਰਗੀ ਜਾਂ ਉੱਚ ਵਰਗੀ ਨੌਜਵਾਨ ਹਨ ।

ਇਹ ਨੌਜਵਾਨ ਇਸ ਹਕੀਕੀ ਦੁਨੀਆਂ ਦਾ ਕੀ ਕਰਨ ? ਇਸ ਨਾਲ ਕਿਵੇਂ ਨਿਪਟਣ? ਇਸ ਨੂੰ ਕਿਵੇਂ ਚੁਣੌਤੀ ਦੇਣ ਜਾਂ ਇਸ ਨਾਲ ਕਿਵੇਂ ਤਾਲਮੇਲ ਬਿਠਾਉਣ ?

ਹਾਲੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਇਹ ਨੌਜਵਾਨ ਇਸ ਦੁਨੀਆਂ ਦਾ ਮੁਕਾਬਲਾ ਇਸ ਨੂੰ ਬਦਲ ਦੇਣ ਦੇ ਸੰਕਲਪ ਨਾਲ ਕਰ ਰਿਹਾ ਸੀ । ਇਹਦੇ ਲਈ ਇੱਕ ਮੁਕੰਮਲ ਵਿਚਾਰਧਾਰਾ ਵੀ ਸੀ । ਇਹ ਨੂੰ ਆਪਣਾ ਕੇ ਉਹ ਨਾ ਸਿਰਫ਼ ਵਰਤਮਾਨ ਕਰੂਪ ਦੁਨੀਆਂ ਦੀ ਗਤੀ ਨੂੰ ਸਮਝ ਲੈਂਦਾ ਸੀ ਸਗੋਂ ਇੱਕ ਸਾਰਥਿਕ ਜੀਵਨ ਲਈ ਜ਼ਿੰਦਗੀ ਭਰ ਦਾ ਉੱਚਾ ਆਦਰਸ਼ ਵੀ ਹਾਸਲ ਕਰ ਲੈਂਦਾ ਸੀ । ਵਰਤਮਾਨ ਦੁਨੀਆਂ ਨੂੰ ਮੁੱਢੋਂ-ਸੁੱਢੋਂ ਚੁਣੌਤੀ ਦੇ ਕੇ ਉਸ ਦੇ ਚੁੰਗਲ 'ਚੋਂ ਮੁਕਤ ਹੋ ਜਾਂਦਾ ਸੀ।

ਪਰ ਹੁਣ ਇਸ ਕੋਹਝ ਭਰੀ ਦੁਨੀਆਂ ਨੂੰ ਚੁਣੌਤੀ ਦੇਣ ਵਾਲੀ ਸੋਚ ਅਤੇ ਉਸ ਦੀ ਵਿਚਾਰਧਾਰਾ ਦੋਵੇਂ ਵਕਤੀ ਤੌਰ 'ਤੇ ਫੈਸ਼ਨ ਤੋਂ ਬਾਹਰ ਹੋ ਗਈਆਂ ਹਨ । ਉਨ੍ਹਾਂ ਨੂੰ ਸਰਮਾਏਦਾਰਾ ਤਾਕਤਾਂ ਵੱਲੋਂ ਪੁਰਾਣੀ ਹੋ ਗਈ  ਐਲਾਨ ਦਿੱਤਾ ਗਿਆ ਹੈ। ਉਸ ਦੀ ਥਾਂ 'ਤੇ ਹੁਣ ਇਸ ਕਰੂਪ ਦੁਨੀਆਂ ਨੂੰ ਜਾਇਜ਼ ਤੇ ਅਬਦਲ ਠਹਿਰਾਉਣ ਵਾਲੀ ਸੋਚ ਦਾ ਫੈਸ਼ਨ ਹੈ ।

ਅਜਿਹੀ ਹਾਲਤ ਵਿੱਚ ਨੌਜਵਾਨ ਕੀ ਕਰੇ ? ਉਹ ਕਿਸੇ ਸਾਰਥਿਕਤਾ ਅਤੇ ਆਦਰਸ਼ ਦੀ ਤਲਾਸ਼ ਵਿੱਚ ਕਿਸੇ ਅੰਨਾ ਹਜ਼ਾਰੇ, ਕਿਸੇ ਕੇਜਰੀਵਾਲ ਜਾਂ ਕਿਸੇ ਮੋਦੀ ਮਗਰ ਦੌੜਦਾ ਹੈ ਅਤੇ ਕੁਝ ਪਲ ਗੁਜਾਰਨ ਤੋਂ ਬਾਅਦ ਉਹ ਕੀ ਪਾਉਂਦਾ ਹੈ ? ਉਹ ਪਾਉਂਦਾ ਹੈ ਕਿ ਇਹ ਤਾਂ ਉਸ ਨੂੰ ਠੱਗਣ ਵਾਲੇ ਬਹੂਰੂਪੀਆਂ ਦੀ ਜਮਾਤ ਹੈ । ਜਿਨ੍ਹਾਂ ਦੇ ਆਪਣੇ ਕੋਈ ਅਸੂਲ ਨਹੀਂ, ਸਿਵਾਏ ਸੱਤ੍ਹਾ ਦੀ ਲਾਲਸਾ ਤੋਂ, ਉਹ ਹੀ ਅਸੂਲਾਂ ਦੇ ਝੰਡਾਬੱਰਦਾਰ ਬਣੇ ਹੋਏ ਹਨ। ਉਹੀ ਦੇਸ਼ ਭਗਤ ਬਣੇ ਹੋਏ ਹਨ। ਜਿਹੜੇ ਔਰਤਾਂ-ਲੜਕੀਆਂ ਬਾਰੇ ਬਲਾਤਕਾਰ ਤੋਂ ਘੱਟ ਸੋਚਦੇ ਤੱਕ ਨਹੀਂ ਉਹੋ ਹੀ ਉਨ੍ਹਾਂ ਦੀ ਮੁਕਤੀ ਦੇ ਮਸੀਹਾ ਬਣੇ ਬੈਠੇ ਹਨ । ਜਿਹੜੇ ਗਲ-ਗਲ ਤੱਕ ਵਿਅਕਤੀਗਤ ਤੇ ਸਿਆਸੀ ਭ੍ਰਿਸਟਾਚਾਰ ਵਿੱਚ ਡੁੱਬੇ ਹੋਏ ਹਨ ਉਹ ਇਮਾਨਦਾਰੀ ਦੇ ਪ੍ਰਤੀਕ ਬਣੇ ਹੋਏ ਹਨ । ਜਿਨ੍ਹਾਂ ਨੇ ਜੇਲ੍ਹ ਦੇ ਪ੍ਰਸ਼ਾਦੇ-ਪਾਣੀ ਛੱਕਦੇ ਹੋਣਾ ਸੀ ਉਹ ਜੱਜਾਂ ਨੂੰ ਨਿਯੁਕਤੀ ਪੱਤਰ ਵੰਡ ਰਹੇ ਹਨ ।

ਇਹ ਸਭ ਦੇਖਦੇ ਹੋਏ ਨੌਜਵਾਨ ਕੀ ਕਰੇ ? ਉਹ ਕੀ ਕਰੇ ਜਦੋਂ ਉਸ ਨੂੰ ਸਪਸ਼ਟ ਸਮਝ ਆ ਰਿਹਾ ਹੋਵੇ ਕਿ ਉਸ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਅਧਿਆਪਕ ਜਾਂ ਸੰਸਥਾ ਦਾ ਉਸ ਨੂੰ ਚੰਗਾ ਇਨਸਾਨ ਬਣਾਉਣ ਦਾ ਕੋਈ  ਇਰਾਦਾ ਹੀ ਨਹੀਂ ? ਉਹ ਕੀ ਕਰੇ ਜਦੋਂ ਉਹ ਦੇਖੇ ਕਿ ਉਹ ਖੁਦ ਆਪਣੇ ਮਾਂ-ਬਾਪ ਲਈ ਨਿਵੇਸ਼ ਮਾਤਰ ਹੈ ਜਿਸਦੀ ਭਵਿੱਖ ਵਿੱਚ ਚੰਗੀ 'ਰਿਟਰਨ ' ਹੋਣੀ ਚਾਹੀਦੀ ਹੈ ? ਉਹ ਕੀ ਕਰੇ ਜਦੋਂ ਉਹ ਦੇਖੇ ਕਿ ਉਹ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਲਈ ਸਿਰਫ਼ 'ਟਾਇਮ ਪਾਸ ' ਹੈ ਜਾਂ ਫਿਰ   'ਕੈਜੂਅਲ ਸੈਕਸ' ਦਾ ਸਾਧਨ ਹੈ ? ਉਹ ਕੀ ਕਰੇ ਜਦੋਂ ਇਹ ਪਾਵੇ ਕਿ ਉਹ ਸਰਮਾਏਦਾਰਾਂ ਪਾਰਟੀਆਂ ਤੇ ਲੀਡਰਾਂ ਲਈ ਸਿਰਫ਼ ਇੱਕ ਵੋਟ  ਹੈ ? ਉਹ ਕੀ ਕਰੇ ਜਦੋਂ ਉਸ ਦੀ ਹੈਸੀਅਤ ਨੂੰ ਬਸ ਪੇਪਰਾਂ ਦੇ ਅੰਕਾਂ, ਨੌਕਰੀ ਦੀਆਂ ਤਨਖਾਹਾਂ ਜਾਂ ਮਾਪਿਆਂ ਦੇ ਰੁਤਬੇ ਨਾਲ ਤੋਲਿਆ ਜਾਂਦਾ ਹੋਵੇ ?

ਉਦੋਂ ਇਹ ਨੌਜਵਾਨ ਸੁਪਨ-ਸੰਸਾਰ ਦੀ ਸ਼ਰਨ ਲੈਂਦਾ ਹੈ। ਸੁੱਖ-ਚੈਨ ਤੋਂ ਵਾਂਝਾ ਉਹ ਸੁਪਨ-ਸੰਸਾਰ ਵਿੱਚ ਰਾਹਤ ਢੂੰਡੇਗਾ ਹੀ । ਬਦਕਿਸਮਤੀ ਨੂੰ ਉਹ ਉੱਥੇ ਵੀ ਅਸਲੀ ਦੁਨੀਆਂ ਦੀਆਂ ਰਾਖਸ਼ੀ ਤਾਕਤਾਂ ਦਾ  ਸ਼ਿਕਾਰ ਬਣੇਗਾ । ਹਕੀਕੀ ਦੁਨੀਆ ਉਸ ਦਾ ਪਿੱਛਾ ਸੁਪਨ-ਸੰਸਾਰ ਵਿੱਚ ਵੀ ਨਹੀਂ ਛੱਡੇਗੀ । ਪਿੱਛਾ ਛੁਡਾਉਣ ਲਈ ਕਦੇ-ਕਦਾਈਂ ਉਹ ਅੰਤਿਮ ਕਦਮ ਵੀ ਉਠਾ ਸਕਦਾ ਹੈ । ਤੇ ਫਿਰ ਸੁਪਨ-ਸੰਸਾਰ ਤੇ ਹਕੀਕੀ ਦੁਨੀਂਆ ਇੱਕ ਹੋ ਜਾਂਦੀ ਹੈ।

ਇਸ ਹਨੇਰੀ ਗੁਫਾ 'ਚੋਂ ਬਾਹਰ ਨਿਕਲਣ ਦਾ ਇੱਕ ਹੀ ਰਸਤਾ ਹੈ  ਮੌਜੂਦਾ ਕਰੂਰ/ਕੂਰਪ ਦੁਨੀਆ ਨੂੰ ਚੁਣੌਤੀ ਦੇਣ ਦੇ ਕੰਮ ਵਿੱਚ ਲੱਗਿਆ ਜਾਵੇ ।

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ