Fri, 12 July 2024
Your Visitor Number :-   7182228
SuhisaverSuhisaver Suhisaver

ਇੰਟਰਨੈੱਟ ਦੇ ਦੌਰ ਵਿੱਚ ਰੇਡੀਓ ਦੀ ਸਰਦਾਰੀ -ਡਾ. ਭੁਪਿੰਦਰ ਸਿੰਘ ਬਤਰਾ

Posted on:- 20-10-2014

suhisaver

ਗੱਲ 30 ਅਕਤੂਬਰ 1938 ਦੀ ਹੈ। ਰਾਤ ਦਾ ਸਮਾਂ ਸੀ ਜਦੋਂ ਲੋਕ ਆਪਣੇ ਘਰਾਂ, ਹੋਟਲਾਂ ਅਤੇ ਕਾਰਾਂ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਵਾਂ ਦੀ ਭਾਲ ਵਿੱਚ ਇੱਧਰ-ਉੱਧਰ ਭੱਜਣ ਲੱਗ ਪਏ। ਕੁਝ ਲੋਕ ਹਥਿਆਰਬੰਦ ਹੋ ਕੇ ਸੜਕਾਂ ਉੱਪਰ ਆ ਗਏ ਅਤੇ ਕੁਝ ਸਹਿਮ ਤੇ ਡਰ ਕਾਰਨ ਸੁਰੱਖਿਅਤ ਟਿਕਾਣਾ ਲੱਭਣ ਲੱਗ ਪਏ। ਪੁਲੀਸ ਸਟੇਸ਼ਨ, ਰੇਡੀਓ ਅਤੇ ਅਖ਼ਬਾਰਾਂ ਦੇ ਦਫ਼ਤਰਾਂ ਵਿੱਚ ਘੰਟੀਆਂ ਦਾ ਹੜ੍ਹ ਆ ਗਿਆ। ਸੰਚਾਰ ਪ੍ਰਬੰਧ ਠੱਪ ਹੋ ਕੇ ਰਹਿ ਗਿਆ। ਲੋਕਾਂ ਦਾ ਮੁੱਖ ਤੌਰ ’ਤੇ ਇੱਕ ਹੀ ਸਵਾਲ ਸੀ ਕਿ ਧਰਤੀ ਉੱਪਰ ਹਮਲਾ ਹੋ ਗਿਆ ਹੈ, ਇਸ ਲਈ ਅਸੀਂ ਕਿਸ ਜਗ੍ਹਾ ਜਾਈਏ ਜਾਂ ਸੁਰੱਖਿਅਤ ਰਹਿਣ ਲਈ ਕੀ ਕੀਤਾ ਜਾਵੇ? ਸਭ ਪਾਸੇ ਅਫ਼ਵਾਹਾਂ ਫੈਲ ਗਈਆਂ। ਕੋਈ ਕਹਿ ਰਿਹਾ ਸੀ ਕਿ ਹਜ਼ਾਰਾਂ ਲੋਕ ਹਮਲੇ ਵਿੱਚ ਮਾਰੇ ਗਏ ਹਨ ਤੇ ਕੋਈ ਕਹਿੰਦਾ ਸੀ ਕਿ ਜਲਦ ਤੋਂ ਜਲਦ ਸ਼ਹਿਰ ਛੱਡ ਕੇ ਚਲੇ ਜਾਓ।

ਅਗਲੇ ਦਿਨ 31 ਅਕਤੂਬਰ, 1938 ਨੂੰ ਉੱਥੋਂ ਦੇ ਪ੍ਰਮੁੱਖ ਅਖ਼ਬਾਰ ਨਿਊਯਾਰਕ ਟਾਈਮਜ਼ ਨੇ ਪਹਿਲੇ ਪੰਨੇ ਦੀ ਪ੍ਰਮੱਖ ਸੁਰਖ਼ੀ ਪ੍ਰਕਾਸ਼ਿਤ ਕੀਤੀ Radio listeners in panic,   “aking war 4rama as 6act. ਦਰਅਸਲ ਇਹ ਘਟਨਾ, ਰਾਤ ਨੂੰ ਆਰਸਨ ਵੈਲਜ਼ ਦੇ ਨਾਟਕ ‘ਦ ਵਾਰ ਆਫ਼ ਦਾ ਵਰਲਡ’ ਦੇ ਸੀ.ਬੀ.ਐੱਸ. ਰੇਡੀਓ ਤੋਂ ਪ੍ਰਸਾਰਿਤ ਹੋਣ ਕਾਰਨ ਵਾਪਰੀ। ਇਸ ਨਾਟਕ ਦਾ ਪ੍ਰਸਾਰਣ ਪੂਰੇ ਨਿਊਯਾਰਕ ਅਤੇ ਨਿਊਜਰਸੀ (ਅਮਰੀਕਾ) ਵਿੱਚ ਹੋ ਰਿਹਾ ਸੀ। ਨਾਟਕ ਦੇ ਸ਼ੁਰੂ ਵਿੱਚ ਲੋਕਾਂ ਨੂੰ ਇਸ ਬਾਰੇ ਦੱਸਿਆ ਗਿਆ ਸੀ ਪਰ ਜਿਨ੍ਹਾਂ ਲੋਕਾਂ ਨੇ ਸ਼ੁਰੂ ਵਿੱਚ ਅਨਾਊਂਸਮੈਂਟ ਨਹੀਂ ਸੁਣੀ ਸੀ, ਸਭ ਤੋਂ ਵੱਧ ਗ਼ਲਤ-ਫ਼ਹਿਮੀ ਅਤੇ ਅਫ਼ਵਾਹਾਂ ਫੈਲਾਉਣ ਵਿੱਚ ਇਨ੍ਹਾਂ ਲੋਕਾਂ ਦੀ ਭੂਮਿਕਾ ਪ੍ਰਮੁੱਖ ਰਹੀ। ਪੂਰੇ ਨਾਟਕ ਦੇ ਪ੍ਰਸਾਰਣ ਦੌਰਾਨ ਕੁਝ ਨਹੀਂ ਦੱਸਿਆ ਗਿਆ। ਨਾਟਕ ਦੀ ਕਹਾਣੀ ਹੀ ਕੁਝ ਇਸ ਤਰ੍ਹਾਂ ਸੀ ਕਿ ਜਿਵੇਂ ਧਰਤੀ ਉੱਪਰ ਏਲੀਅਨਜ਼ ਨੇ ਹੱਲਾ ਬੋਲ ਦਿੱਤਾ ਹੋਵੇ। ਨਾਟਕ ਦੀ ਕਹਾਣੀ ਤੇ ਸਾਊਂਡ ਇਫੈਕਟਸ ਕਾਰਨ ਲੋਕਾਂ ਨੇ ਸੋਚਿਆ ਕਿ ਇਹ ਘਟਨਾ ਹਕੀਕਤ ਵਿੱਚ ਵਾਪਰ ਗਈ ਹੈ।

ਇਹ ਉਹ ਸਮਾਂ ਸੀ ਜਦੋਂ ਰੇਡੀਓ ਆਪਣੀ ਚਰਮ ਸੀਮਾ ਉੱਪਰ ਸੀ। 1930-40 ਦੇ ਦਹਾਕੇ ਨੂੰ ‘ਦ ਗੋਲਡਨ ਏਜ ਆਫ਼ ਰੇਡੀਓ’ ਵੀ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਅਖ਼ਬਾਰਾਂ ਤੋਂ ਬਾਅਦ ਰੇਡੀਓ ਹੀ ਜਾਣਕਾਰੀ, ਵਿੱਦਿਆ ਅਤੇ ਮਨੋਰੰਜਨ ਦਾ ਇੱਕੋ-ਇੱਕ ਸਾਧਨ ਸੀ। ਰੇਡੀਓ ਨੂੰ ਘਰ ਵਿੱਚ ਬਹੁਤ ਮਾਣ-ਇੱਜ਼ਤ ਨਾਲ ਸ਼ੋਅ ਕੇਸ ਵਿੱਚ ਸਜਾ ਕੇ, ਡਰਾਇੰਗ ਰੂਮ ਵਿੱਚ ਰੱਖਿਆ ਜਾਂਦਾ ਸੀ।

ਰੇਡੀਓ ਸਾਡੇ ਜੀਵਨ ਵਿੱਚ ਕਿੰਨਾ ਮਹੱਤਵਪੂਰਨ ਰਿਹਾ ਹੈ, ਇਸ ਸਬੰਧੀ ਇੱਕ ਹੋਰ ਘਟਨਾ ਸਾਂਝੀ ਕਰਨੀ ਜ਼ਰੂਰੀ ਹੈ। ਅਪਰੈਲ 1912 ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਸਮੁੰਦਰੀ ਜਹਾਜ਼ ‘ਟਾਈਟੈਨਿਕ’ ਦੀ ਘਟਨਾ ਵਾਪਰੀ ਸੀ। ਇਸ ਸਮੁੰਦਰੀ ਜਹਾਜ਼ ਵਿੱਚ 2200 ਦੇ ਕਰੀਬ ਯਾਤਰੀ ਸਵਾਰ ਸਨ। ਜਹਾਜ਼ ਅਚਾਨਕ ਨਾਰਥ ਐਟਲਾਂਟਿਕ ਦੇ ਬਰਫ਼ੀਲੇ ਪਾਣੀ ਵਿੱਚ ਧਸ ਗਿਆ ਸੀ। ਸਾਰੇ ਯਾਤਰੀਆਂ ਵਿੱਚੋਂ ਸਿਰਫ਼ 800 ਯਾਤਰੀ ਰੇਡੀਓ ਕਾਰਨ ਹੀ ਬਚਾਏ ਜਾ ਸਕੇ। ਉਸ ਰਾਤ ਰੇਡੀਓ ਅਪਰੇਟਰ ‘ਡੇਵਿਡ ਸਰਨੋਫ਼’ ਸਮੁੰਦਰ ਕਿਨਾਰੇ ਰੇਡੀਓ ਟਰਾਂਸਮਿਸ਼ਨ ਦੀ ਨਿਗਰਾਨੀ ਕਰ ਰਿਹਾ ਸੀ। ਅਚਾਨਕ ਉਸ ਨੂੰ ਰੇਡੀਓ ਰਾਹੀਂ ਟਾਈਟੈਨਿਕ ਦੇ ਸੰਕਟ ਵਿੱਚ ਹੋਣ ਦਾ ਸੰਦੇਸ਼ ਮਿਲਿਆ ਅਤੇ ਉਸ ਨੇ ਝੱਟਪਟ ਸਮੁੰਦਰ ਵਿੱਚ ਬਾਕੀ ਜਹਾਜ਼ਾਂ ਨੂੰ ਵੀ ਸੰਦੇਸ਼ ਭੇਜ ਦਿੱਤਾ। ਇਸ ਲਈ ਰੇਡੀਓ ਰਾਹੀਂ ਸਮੁੰਦਰ ਵਿੱਚ ਹੋਰ ਜਹਾਜ਼ਾਂ ਨੂੰ ਸੰਦੇਸ਼ ਪਹੁੰਚਾਉਣ ਕਾਰਨ ਹੀ 800 ਯਾਤਰੀ ਬਚਾ ਲਏ ਗਏ।

ਸ਼ੁਰੂ-ਸ਼ੁਰੂ ਵਿੱਚ ਰੇਡੀਓ ਫਰੀਕੁਐਂਸੀ ਅਲਾਟ ਕਰਨ ਲਈ ਨਿਯਮ ਨਹੀਂ ਸਨ। ਕੋਈ ਵੀ ਵਿਅਕਤੀ ਬਿਨਾਂ ਕਿਸੇ ਆਗਿਆ ਦੇ ਰੇਡੀਓ ਟਰਾਂਸਮੀਟਰ ਲਗਾ ਲੈਂਦਾ ਸੀ ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿਲਚਸਪ ਘਟਨਾਵਾਂ ਵਾਪਰਦੀਆਂ ਸਨ। ਫ਼ਰਜ਼ ਕਰੋ ਤੁਸੀਂ ਅੰਕਲ ਚਾਰਲੀ ਦਾ ਰੇਡੀਓ ਸਟੇਸ਼ਨ ਸੁਣ ਰਹੇ ਹੋ ਤਾਂ ਉਸੇ ਸਮੇਂ ਕਿਸੇ ਦੂਸਰੇ ਨੇ ਆਪਣਾ ਟਰਾਂਸਮੀਟਰ ਚਾਲੂ ਕਰ ਦਿੱਤਾ ਤਾਂ ਪਹਿਲਾ ਰੇਡੀਓ ਸਟੇਸ਼ਨ ਲੋਪ ਹੋ ਜਾਂਦਾ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੰਕਲ ਚਾਰਲੀ ਕਿਸੇ ਹੋਰ ਫਰੀਕੂਐਂਸੀ ਦੀ ਵਰਤੋਂ ਕਰਨ ਲੱਗ ਪੈਂਦਾ ਤਾਂ ਉਸ ਸਮੇਂ ਉਸ ਫਰੀਕੁਐਂਸੀ ’ਤੇ ਜਿਹੜਾ ਰੇਡੀਓ ਸਟੇਸ਼ਨ ਚੱਲ ਰਿਹਾ ਹੁੰਦਾ, ਉਹ ਬੰਦ ਹੋ ਜਾਂਦਾ। ਅਜਿਹੇ ਵਰਤਾਰੇ ਅਕਸਰ ਵੇਖਣ ਨੂੰ ਮਿਲਦੇ। ਹਰ ਕੋਈ ਹੈਰਾਨ ਹੁੰਦਾ ਕਿ ਚਾਰਲੀ ਰੇਡੀਓ ਕਿੱਥੇ ਚਲਾ ਗਿਆ ਹੈ। ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਕੋਈ ਵਧੇਰੇ ਪਾਵਰ ਵਾਲੇ ਟਰਾਂਸਮੀਟਰ ਦੀ ਵਰਤੋਂ ਕਰਨ ਲੱਗ ਪੈਂਦਾ। ਸੋ ਨਿਯਮਬੱਧ ਅਤੇ ਸਿਲਸਿਲੇਵਾਰ ਰੇਡੀਓ ਫਰੀਕੂਐਂਸੀ ਅਲਾਟ ਕਰਨ ਦੀ ਪਾਲਿਸੀ 1927 ਤੋਂ ਬਾਅਦ ਸ਼ੁਰੂ ਹੋਈ। ਯੂ. ਐੱਸ. ਕਾਂਗਰਸ ਨੇ 1927 ਵਿੱਚ ਰੇਡੀਓ ਐਕਟ ਪਾਸ ਕੀਤਾ ਅਤੇ ਰੇਡੀਓ ਫਰੀਕੁਐਂਸੀ ਅਲਾਟ ਕੀਤੀ ਜਾਣ ਲੱਗ ਪਈ।

ਜਦੋਂ ਅਮਰੀਕਾ ’ਚ ਸ਼ੁਰੂ-ਸ਼ੁਰੂ ਵਿੱਚ ਰੇਡੀਓ ਤੋਂ ਖ਼ਬਰਾਂ ਪ੍ਰਸਾਰਿਤ ਹੋਣੀਆਂ ਸ਼ੁਰੂ ਹੋਈਆਂ ਤਾਂ ਅਖ਼ਬਾਰਾਂ ਨੂੰ ਲੱਗਿਆ ਕਿ ਉਨ੍ਹਾਂ ਦਾ ਧੰਦਾ ਚੋਪਟ ਹੋ ਜਾਵੇਗਾ ਕਿਉਂਕਿ ਰੇਡੀਓ ਦੇ ਹੱਕ ਵਿੱਚ ਇੱਕ ਗੱਲ ਇਹ ਜਾਂਦੀ ਸੀ ਕਿ ਉਹ ਅਖ਼ਬਾਰਾਂ ਤੋਂ ਪਹਿਲਾਂ ਖ਼ਬਰਾਂ ਪ੍ਰਸਾਰਿਤ ਕਰ ਦੇਵੇਗਾ। ਦੂਜਾ ਅਖ਼ਬਾਰਾਂ ਦੀ ਵਿਗਿਆਪਨਾਂ ਤੋਂ ਆਮਦਨ ਵੀ ਰੇਡੀਓ ਨੂੰ ਜਾਣੀ ਸ਼ੁਰੂ ਹੋ ਗਈ। ਸੋ ਅਖ਼ਬਾਰਾਂ ਨੇ ਰੇਡੀਓ ਦੇ ਖ਼ਿਲਾਫ਼ ਲੜਾਈ ਲੜਨ ਦਾ ਫ਼ੈਸਲਾ ਲੈ ਲਿਆ। ਪ੍ਰੈਸ ਤੇ ਰੇਡੀਓ ਦੀ ਲੜਾਈ ਵਧਦੀ ਗਈ। ਅੰਤ ਵਿੱਚ ਇਹ ਫ਼ੈਸਲਾ ਹੋਇਆ ਕਿ ਰੇਡੀਓ ਤੋਂ ਸਿਰਫ਼ ਪੰਜ ਮਿੰਟ ਦੇ ਸਮਾਚਾਰ ਪ੍ਰਸਾਰਿਤ ਹੋਣਗੇ। ਇਸ ਲੜਾਈ ਦੌਰਾਨ ਕੁਝ ਸਮੇਂ ਬਾਅਦ ਰੇਡੀਓ ਕੰਪਨੀਆਂ ਨੇ ਆਪਣੇ ਆਪ ਹੀ ਪਿੱਛੇ ਹਟਣ ਦਾ ਫ਼ੈਸਲਾ ਲੈ ਲਿਆ। ਉਨ੍ਹਾਂ ਮਹਿਸੂਸ ਕੀਤਾ ਕਿ ਖ਼ਬਰਾਂ ਪ੍ਰਸਾਰਿਤ ਕਰਨ ਦੀ ਥਾਂ ਸੰਗੀਤ ਆਧਾਰਤ ਪ੍ਰੋਗਰਾਮ ਪ੍ਰਸਾਰਿਤ ਕਰਨਾ ਰੇਡੀਓ ਲਈ ਜ਼ਿਆਦਾ ਲਾਹੇਵੰਦ ਹੈ ਕਿਉਂਕਿ ਖਬਰਾਂ ਲਈ ਉਨ੍ਹਾਂ ਨੂੰ ਵੱਖਰੇ ਸਟਾਫ਼ ਦੀ ਵੀ ਜ਼ਰੂਰਤ ਸੀ। ਲੋਕ ਵੀ ਰੇਡੀਓ ਤੋਂ ਖ਼ਬਰਾਂ ਦੀ ਬਜਾਇ ਸੰਗੀਤ ਸੁਣਨਾ ਜ਼ਿਆਦਾ ਪਸੰਦ ਕਰਦੇ ਸਨ। ਇਸ ਤਰ੍ਹਾਂ ਦੋਵਾਂ ਮਾਧਿਅਮਾਂ ਨੇ ਆਪੋ ਆਪਣੀਆਂ ਵਿਸ਼ੇਸ਼ਤਾਵਾਂ ਕਾਰਨ ਸਮਾਜ ਵਿੱਚ ਆਪਣੀ ਇੱਕ ਵਿਸ਼ੇਸ਼ ਜਗ੍ਹਾ ਬਣਾ ਲਈ।

ਦੋ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਰੇਡੀਓ ਦੀ ਮਹੱਹਤਾ ਘੱਟ ਨਹੀਂ ਹੋਈ। ਬੇਸ਼ੱਕ ਅੱਜ ਸਮਾਂ ਇੰਟਰਨੈੱਟ, ਟੀ. ਵੀ. ਦਾ ਹੈ ਪਰ ਰੇਡੀਓ ਆਪਣੇ ਸਰੋਤਿਆਂ ਨੂੰ ਸਮੇਂ ਦੇ ਨਾਲ-ਨਾਲ ਉਨ੍ਹਾਂ ਦੀ ਮਨੋਰੰਜਨ ਅਤੇ ਜਾਣਕਾਰੀ ਸਬੰਧੀ ਭੁੱਖ ਨੂੰ ਤ੍ਰਿਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਸਮਾਜ   ਵਿੱਚ ਕਿਸੇ ਵੀ ਤਰ੍ਹਾਂ ਦੇ ਸੰਕਟ ਭਾਵ ਭੂਚਾਲ, ਤੂਫ਼ਾਨ, ਸੁਨਾਮੀ, ਆਦਿ ਵਿੱਚ ਰੇਡੀਓ ਹੀ ਇੱਕੋ ਇੱਕ ਅਜਿਹਾ ਸੰਚਾਰ ਦਾ ਸਾਧਨ ਹੈ, ਜੋ ਲੋਕਾਂ ਤਕ ਸਭ ਤੋਂ ਪਹਿਲਾਂ ਪਹੁੰਚ ਕੇ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵੱਡੇ-ਵੱਡੇ ਸ਼ਹਿਰਾਂ ਵਿੱਚ ਲੋਕਾਂ ਨੂੰ ਡਰਾਈਵਿੰਗ ਦੇ ਨਾਲ-ਨਾਲ ਸੰਗੀਤ, ਮਨੋਰੰਜਨ ਪ੍ਰੋਗਰਾਮ ਅਤੇ ਟਰੈਫ਼ਿਕ ਜਾਮ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਕੋਈ ਹੋਰ ਮੀਡੀਆ ਰੇਡੀਓ ਦੀ ਬਰਾਬਰੀ ਕਰਨ ਦੇ ਸਮੱਰਥ ਨਹੀਂ ਹੈ। ਇਹੀ ਵਜ੍ਹਾ ਹੈ ਕਿ ਦੋ ਸਦੀਆਂ ਬੀਤ ਜਾਣ ਪਿੱਛੋਂ ਰੇਡੀਓ ਦੀ ਸਰਦਾਰੀ ਅੱਜ ਵੀ ਕਾਇਮ ਹੈ।


ਸੰਪਰਕ: +91 98785 99885

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ