Fri, 19 July 2024
Your Visitor Number :-   7196097
SuhisaverSuhisaver Suhisaver

ਇਨਕਲਾਬਾਂ ਨੂੰ ਲੱਗੀਆਂ ਪਛਾੜਾਂ ਦੇ ਸਬਕਾਂ ਬਾਰੇ

Posted on:- 06-11-2014

suhisaver

ਅਕਤੂਬਰ ਇਨਕਲਾਬ ਦੀ 97 ਵੀਂ ਵਰ੍ਹੇ ਗੰਢ ’ਤੇ


ਇਸ ਸਾਲ ਰੂਸ ਦੇ ਇਨਕਲਾਬ ਹੋਏ ਨੂੰ 97 ਵਰ੍ਹੇ ਹੋ ਚੁੱਕੇ ਹਨ। ਅੱਜ ਤੋਂ 9 ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਅਕਤੂਬਰ 1917 ’ਚ ਰੂਸ ਦੀ ਮਜ਼ਦੂਰ ਜਮਾਤ ਨੇ ਹਥਿਆਰਬੰਦ ਬਗਾਵਤ ਰਾਹੀਂ ਇਸ ਦੀ ਰਾਜਧਾਨੀ ਪੀਟਰੋਗਰਾਡ ’ਤੇ ਕਬਜ਼ਾ ਕਰਕੇ ਲੋਕਾਂ ਦੀ ਸਤਾ ਸਥਾਪਤ ਕਰ ਦਿੱਤੀ ਸੀ। ਇਹ ਮਨੁੱਖੀ ਇਤਿਹਾਸ ’ਚ ਫ਼ਰਾਂਸ ’ਚ 1871 ’ਚ ਜੇਤੂ ਹੋਏ ਪੈਰਿਸ ਕਮਿੳੂਨਨ ਤੋਂ ਬਾਅਦ ਵੀਹਵੀਂ ਸਦੀ ਦੇ ਪਹਿਲੇ ਇਨਕਲਾਬ ਦੀ ਸ਼ੁਰੂਆਤ ਸੀ। ਇਹ ਇਨਕਲਾਬ ਚਾਰ ਦਹਾਕਿਆਂ (1917 ਤੋਂ 1955) ਤੱਕ ਜੇਤੂ ਰਿਹਾ। ਇਸ ਤੋਂ ਬਾਅਦ ਇਸ ਦੀ ਹਾਰ ਹੋ ਗਈ। ਰੂਸ ’ਤੇ ਮੁੜ ਸਰਮਾਏਦਾਰ ਤਾਕਤਾਂ ਕਾਬਜ਼ ਹੋ ਗਈਆਂ।

ਵੀਹਵੀਂ ਸਦੀ ਦਾ ਦੂਜਾ ਵੱਡਾ ਇਨਕਲਾਬ 1949 ’ਚ ਚੀਨ ’ਚ ਜੇਤੂ ਹੋਇਆ। 1949 ਤੋ 1976 ਤੱਕ 27 ਸਾਲ ਬਰਕਰਾਰ ਰਹੇ ਇਸ ਸਮਾਜਵਾਦੀ ਇਨਕਲਾਬ ਨੂੰ 1976 ’ਚ ਮਾਓ ਦੀ ਮੌਤ ਤੋਂ ਬਾਅਦ ਉਲਟਾ ਦਿੱਤਾ ਗਿਆ ਤੇ ਇਸ ’ਤੇ ਲੁਟੇਰਿਆਂ ਤਾਕਤਾਂ ਨੇ ਕਬਜਾ ਕਰ ਲਿਆ।

ਪਹਿਲਾਂ ਰੂਸ ਤੇ ਫਿਰ ਚੀਨ ’ਚ ਸਮਾਜ-ਵਾਦੀ ਇਨਕਲਾਬਾਂ ਨੂੰ ਆਏ ਪੁਠੇ ਗੇੜਿਆਂ ਤੋਂ ਬਾਅਦ ਇਨ੍ਹਾਂ ਰਾਜਾਂ ’ਤੇ ਕਾਬਜ ਹੋਈਆਂ ਸਰਮਾਏਦਾਰ ਤਾਕਤਾਂ ਦੇ ਰਾਜਾਂ ’ਚ ਲੋਕਾਂ ਲਈ ਮੁੜ ਤਕਲੀਫਾਂ ਹੋਂਦ ’ਚ ਆ ਗਈਆਂ। ਇਸ ’ਚੋਂ ਸੰਸਾਰ ਭਰ ਦੇ ਲੁਟੇਰੇ ਸਾਮਰਾਜੀਆਂ ਤੇ ਉਨ੍ਹਾਂ ਦੇ ਪਿੱਠੂ ਪਿਛਾਖੜੀ ਟੋਲਿਆਂ ਨੇ ਇਹੋ ਹੱਲਾ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਕਿ ਇਨਕਲਾਬ ਬੇਫਾਇਦਾ ਹਨ। ਉਨ੍ਹਾਂ ਵੱਲੋਂ ਇਨ੍ਹਾਂ ਸਫਲ ਇਨਕਲਾਬਾਂ ਰਾਹੀਂ ਦਹਾਕਿਆਂ ਤੱਕ ਦੱਬੇ ਕੁੱਚਲੇ ਲੋਕਾਂ ਦੀਆਂ ਭੁਖਮਰੀ, ਗਰੀਬੀ ਤੇ ਬੇਰੁਜਗਾਰੀ ਆਦਿ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹੋਏ ਜਬਰ ਜੁਲਮ ਤੋਂ ਮੁਕਤ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਤੇ ਲੋਕਾਂ ਦੇ ਜੀਵਨ ਦੀ ਲੁਟੇਰੇ ਸਮਾਜ ਦੇ ਮੁਕਾਬਲੇ ਕਾਇਆ ਪਲਟੀ ਕਰਨ ਨੂੰ ਮੇਸਣ ਲਈ ਇਨ੍ਹਾਂ ਇਨਕਲਾਬਾਂ ਬਾਰੇ ਨਫ਼ਰਤ ਫੈਲਾਉਣੀ ਸ਼ੁਰੂ ਕੀਤੀ ਹੋਈ ਹੈ। ਉਹ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਇਨਕਲਾਬੀ ਰਾਜਾਂ ਦੇ ਕਰੀਬ ਅੱਧੀ ਸਦੀ ਦੇ ਇਸ ਬੇਹੱਦ ਮਹੱਤਵਪੂਰਨ ਹਿੱਸੇ ਨੂੰ ਲੋਕਾਂ ਤੋਂ ਗੁਪਤ ਰੱਖ ਕੇ ਤੇ ਵਿਚੇ ਵਿਚ ਦਬਾਕੇ ਰੱਖਣ ਲਈ, ਅੱਡੀ ਚੋਟੀ ਦਾ ਜੋਰ ਲਾ ਰਹੇ ਹਨ।

ਉਹ ਇਹ ਪ੍ਰਚਾਰ ਵੀ ਧੁਆ ਰਹੇ ਹਨ ਕਿ ਮੇਹਨਤੀ ਲੋਕਾਂ ਲਈ ਹਥਿਆਰਬੰਦ ਇਨਕਲਾਬ/ਬਗਾਵਤ ਕਰਨਾ ਤੇ ਲੋਕਾਂ ਦਾ ਰਾਜ ਲਿਆਉਣਾ ਅਸੰਭਵ ਹੈ। ਉਹ ਕਹਿੰਦੇ ਹਨ ਕਿ ਜੇ ਇਨਕਲਾਬ ਹੋ ਵੀ ਜਾਵੇ ਤਾਂ ਇਹ ਰੂਸ ਤੇ ਚੀਨ ਵਾਂਗੂੰ ਟਿਕ ਨਹੀਂ ਸਕਦਾ ਹੈ। ਲੋਕ ਹੋਰ ਵਧ ਭਿ੍ਰਸ਼ਟ ਹੋ ਜਾਣਗੇ, ਦੁੱਖ ਤਕਲੀਫਾਂ ’ਚ ਫਸ ਜਾਣਗੇ ਤੇ ਅੰਤ ਹੋਰ ਭੈੜਾ ਹੋਵੇਗਾ। ਇਸ ਤਰ੍ਹਾਂ ਹਾਕਮਾਂ ਨੇ ਰੂਸ ਤੇ ਚੀਨ ਦੇ ਇਨਕਲਾਬ ਦੀ ਹੋਈ ਵਕਤੀ ਹਾਰ ’ਚੋਂ ਲੋਕਾਂ ਦੇ ਮਨਾ ’ਚ ਇਹ ਵਿਚਾਰ ਭਰਨਾ ਸ਼ੁਰੂ ਕੀਤਾ ਹੋਇਆ ਹੈ ਕਿ ਕਮਿਊਨਿਜਮ ਦਾ ਵਿਚਾਰ ਫੇਲ੍ਹ ਹੋ ਚੁੱਕਿਆ ਹੈ, ਇਨਕਲਾਬ ਜਿੱਤ ਨਹੀਂ ਸਕਦੇ, ਟਿਕ ਨਹੀਂ ਸਕਦੇ ਤੇ ਉਨ੍ਹਾਂ ਦੇ ਪ੍ਰਬੰਧ ਵਾਂਗੂੰ ਇਹ ਚੱਲ ਨਹੀਂ ਸਕਦੇ।

ਰੂਸ ਤੇ ਚੀਨ ਦੇ ਇਨਕਲਾਬਾਂ ਦੀ ਹੋਈ ਹਾਰ ਤੇ ਇਸ ’ਚੋਂ ਹਾਕਮ ਲਾਣੇ ਵੱਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਨੇ ਲੋਕਾਂ ਦੇ ਅਗਾਂਹ ਵਧੂ ਤੇ ਇਨਕਲਾਬੀ ਹਿੱਸਿਆਂ ’ਤੇ ਵੀ ਬਹੁਤ ਮਾਰੂ ਤੇ ਡੂੰਘਾ ਅਸਰ ਪਾਇਆ ਹੋਇਆ ਹੈ। ਉਹਨਾਂ ’ਚ ਇਹ ਸਵਾਲ ਘਰ ਕਰਿਆ ਹੋਇਆ ਹੈ ਜੇ ਅਸੀਂ ਇਨਕਲਾਬ ਕਰ ਵੀ ਲਈਏ ਤਾਂ ਇਸ ਨੇ ਚੱਲ ਨਹੀਂ ਸਕਣਾ ਹੈ ਤੇ ਇਸ ’ਚੋਂ ਬੇਹਤਰ ਇਹੀ ਹੈ ਕਿ ਇਨਕਲਾਬ ਦੀ ਆਸ ਛੱਡ ਕੇ ਸੰਘਰਸ਼ ਕਰਨਾ ਜਾਰੀ ਰੱਖੋ। ਇਸੇ ਕਰਕੇ ਇਹ ਹਿੱਸੇ ਰੂਸ ਤੇ ਚੀਨ ਦੇ ਇਨਕਲਾਬੀ ਰਾਜਾਂ ਦੌਰਾਨ ਵਿਚਾਰਧਾਰਕ, ਸਿਆਸਤ ਤੇ ਆਰਥਿਕ ਪੱਖ ਤੋਂ ਕੀਤੀਆਂ ਪ੍ਰਾਪਤੀਆਂ ਨਾਲ ਸਬੰਧਤ ਇਤਿਹਾਸ ਨੂੰ ਅਮਲੀ ਸਮਝ ਦਾ ਅੰਗ ਬਨਾਉਣ ਤੇ ਇਸ ਨੂੰ ਲੋਕਾਂ ’ਚ ਉਭਾਰਨ ਦਾ ਕੋਈ ਅਹਿਮ ਮੁਦਾ ਨਹੀਂ ਸਮਝ ਰਹੇ ਹਨ। ਇਸ ਤਰ੍ਹਾਂ ਕਮਿਊਨਿਜਮ ਦੇ ਭਵਿੱਖ ਸਬੰਧੀ ਇਸ ਕਿਸਮ ਦੀ ਚਰਚਾ ਇਕ ਜਾਂ ਦੂਜੀ ਸਕਲ ’ਚ ਲਗਾਤਾਰ ਭਖਦੀ ਆ ਰਹੀ ਹੈ।

ਲੁਟੇਰੇ ਹਾਕਮ ਇਨਕਲਾਬਾਂ ਦੇ ਰਾਜ ਪਲਟਿਆਂ ਤੋਂ ਬਾਅਦ ਬਣੀ ਇਸ ਹਾਲਤ ਨੂੰ ਇਕ ਬਹਤ ਹੀ ਵੱਡਾ ਤੇ ਗਣੀਮਤ ਮੌਕਾ ਸਮਝ ਕੇ ਸਮਾਜਵਾਦ ਤੇ ਕਮਿਊਨਿਜਮ ਦੀ ਵਿਚਾਰਧਾਰਾ ’ਤੇ ਹੱਲਾ ਤੇਜ਼ ਕਰਦੇ ਆ ਰਹੇ ਹਨ ਤੇ ਉਹ ਇਨਕਲਾਬਾ ਦੀ ਹੋਈ ਵਕਤੀ ਹਾਰ ਨੂੰ ਕਮਿਊਨਿਜਮ ਦੇ ਫੇਲ੍ਹ ਹੋ ਜਾਣ ਦਾ ਦਰਜਾ ਦੇ ਰਹੇ ਹਨ। ਅਸਲ ’ਚ ਇਨਕਲਾਬ ਦੀ ਹਾਰ ਹੋ ਜਾਣਾ ਹੋਰ ਗੱਲ ਹੈ। ਭਾਵ ਇਹ ਹੈ ਕਿ ਦੋ ਧਿਰਾ ਦੀ ਲੜਾਈ ’ਚ ਇਕ ਧਿਰ ਹਾਰ ਗਈ ਹੈ ਤੇ ਦੂਜੀ ਜਿੱਤੀ ਹੈ ਤੇ ਹਾਰੀ ਹੋਈ ਧਿਰ ਫਿਰ ਜਿੱਤ ਸਕਦੀ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਇਸ ਹਾਰ ਰਾਹੀਂ ਸੰਸਾਰ ਪੱਧਰ ’ਤੇ ਲੁਟੇਰੇ ਤੇ ਜਬਰ ਸੰਸਾਰ ਸਾਮਰਾਜੀ ਪ੍ਰਬੰਧ ਦਾ ਫਸਤਾ ਵੱਢ ਕੇ ਲੁਟ ਤੇ ਦਾਬੇ ਤੋਂ ਮੁਕਤ ਆਪਸੀ ਬਰਾਬਰੀ ਵਾਲਾ ਸੰਸਾਰ ਸਿਰਜਣ ਦਾ ਕਮਿਊਨਿਜਮ ਦਾ ਸਿਧਾਂਤ ਫੇਲ੍ਹ ਹੋ ਗਿਆ ਹੈ ਜਾਂ ਰੱਦਣ ਯੋਗ ਬਣ ਗਿਆ ਹੈ। ਸਗੋਂ ਇਸ ਤੋਂ ਉਲਟ ਜਿੱਤਾਂ ਤੇ ਹਾਰਾਂ ’ਚੋਂ ਕਮਿਊਨਿਜਮ ਦਾ ਸਿਧਾਂਤ ਬੀਤੇ ’ਚ ਆਪਣੇ ਹੋਦ ’ਚ ਆਉਣ (1848 12 ਕਮਿਊਨਿਸਟ ਮੈਨੀਫੈਸਟੋ ਦੇ ਜਾਰੀ ਹੋਣ) ਤੋਂ ਲੈ ਕੇ ਹੁਣ ਤੱਕ ਦੇ 160 ਸਾਲਾਂ ਤੋਂ ਵੀ ਵੱਧ ਸਮੇਂ ਦੌਰਾਨ ਇਹ ਇਕ ਪੜਾਅ ਤੋਂ ਬਾਅਦ ਦੂਜੇ ਪੜਾਅ ਤੱਕ ਦੇ ਸਿਫਤੀ ਛੜੱਪਿਆ ਰਾਹੀ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਦੀ ਵਿਗਿਆਨਕ ਵਿਚਾਰਧਾਰਾ ਵਜੋਂ ਹੋਰ ਵਧੇਰੇ ਅਮੀਰ ਹੋ ਗਿਆ ਹੈ। ਸ਼ੁਰੂਆਤੀ ਸਮੇਂ ’ਚ ਜਦੋਂ ਮਾਰਕਸ ਸਮੇਤ ਏਂਗਲਜ ਇਸ ਵਿਚਾਰਧਾਰਾ ਦੇ ਨੈਣ ਨਕਸਾ ਨੂੰ ਘੜ ਰਹੇ ਸਨ ਤੇ ਇਸ ਦੀ ਬੁਨਿਆਦ ਵਜੋ ਕਮਿਊਨਿਸਟ ਮੈਨੀਫੈਸਟੋ ਜਾਰੀ ਹੋਇਆ ਸੀ ਤਾਂ ਉਸ ਸਮੇਂ ਇਨ੍ਹਾਂ ਵਿਚਾਰਾਂ ਨੇ ਮਾਰਕਸਵਾਦ ਵਜੋਂ ਅਜੇ ਹੋਰ ਪ੍ਰਫੁਲਤ ਹੋਣਾ ਸੀ ਤੇ ਕੋਈ ਇਨਕਲਾਬੀ ਰਾਜ ਵੀ ਮੌਜੂਦ ਨਹੀਂ ਸੀ। 1871 ਦੇ ਪੈਰਿਸ ਕਮਿਊਨ ਦੀ ਜਿੱਤ ਮਾਰਕਸ ਸਮੇਤ ਏਂਗਲਜ ਦੇ ਸਮੇਂ ਹੋਈ ਜੋ 70 ਦਿਨ ਤੱਕ ਹੀ ਰਹੀ। ਬਾਅਦ ’ਚ ਜਦੋਂ ਵੀਹਵੀ ਸਦੀ ਦੇ ਸ਼ੁਰੂ ’ਚ ਲੈਨਿਨ ਨੇ ਰੂਸੀ ਇਨਕਲਾਬ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ ਤਾਂ ਉਸ ਨੇ ਮਾਰਕਸਵਾਦ ਨੂੰ ਕੱਟੜਮੱਤ ਵਜੋਂ ਨਹੀਂ ਲਿਆ ਸਗੋਂ ਨਵੀਆਂ ਹਾਲਤਾਂ ਮੁਤਾਬਿਕ ਇਸ ’ਚ ਵਾਧਾ ਕੀਤਾ। ਲੈਨਿਨ ਨੇ ਜਿਨ੍ਹਾ ਹਾਲਤਾ ’ਚ ਮਾਰਕਸਵਾਦ ਦੇ ਆਧਾਰ ’ਤੇ ਰੂਸੀ ਇਨਕਲਾਬ ਨੂੰ ਅੱਗੇ ਵਧਾਇਆ ਉਸ ਸਮੇਂ (1871 ਤੋਂ 1917 ਤੱਕ) ਦੇ ਕਰੀਬ 50 ਸਾਲਾ ਦੌਰਾਨ ਸੰਸਾਰ ਭਰ ’ਚ ਕਿਸੇ ਵੀ ਮੁਲਕ ’ਚ ਇਨਕਲਾਬ ਮੌਜੂਦ ਨਹੀਂ ਸੀ ਪਰ ਲੈਨਿਨ ਨੇ ਇਸ ਹਾਲਤ ’ਚ ਵੀ ਕਮਿਊਨਿਜਮ ਦੇ ਸਿਧਾਂਤ ਨੂੰ ਅੱਗੇ ਹੋਰ ਵਿਕਸਤ ਕੀਤਾ ਤੇ ਉਸ ਦੀ ਅਗਵਾਈ ’ਚ 1917 ’ਚ ਅਕਤੂਬਰ ਇਨਕਲਾਬ ਜੇਤੂ ਹੋਇਆ। ਜਦੋਂ 1950 ਦੇ ਅੱਧ ’ਚ ਰੂਸੀ ਇਨਕਲਾਬ ਨੂੰ ਪਛਾੜ ਲੱਗੀ ਤਾਂ ਮਾਓ ਨੇ ਇਸ ਦਾ ਪੜਚੋਲੀਆਂ ਮੁਲਾਂਕਣ ਕਰਦਿਆਂ ਕੱਢੇ ਸਬਕਾਂ ਦੇ ਆਧਾਰ ’ਤੇ ਚੀਨ ਦੇ ਸਮਾਜਵਾਦੀ ਇਨਕਲਾਬ ਦੀ ਅਗਵਾਈ ਕੀਤੀ ਤੇ ਕਮਿਊਨਿਜਮ ਦੀ ਵਿਚਾਰਧਾਰਾ ਮਾਰਕਸਵਾਦ-ਲੈਨਿਨਵਾਦ ਨੂੰ ਹੋਰ ਅਮੀਰ ਬਣਾਇਆ।

ਉਸ ਨੇ ਸਮਾਜਵਾਦੀ ਇਨਕਲਾਬਾ ਨੂੰ ਦਰਪੇਸ਼ ਸਮੱਸਿਆਵਾਂ ਨਾਲ ਖੌਝਲਦੇ ਹੋਏ ਨਿਰੰਤਰ ਇਨਕਲਾਬ ਦਾ ਸਿਧਾਂਤ ਦਿੱਤਾ। ਇਸ ਆਧਾਰ ’ਤੇ ਚੀਨ ਚੀਨ ’ਚ ਪਹਿਲੀ ਵਾਰ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਇਤਿਹਾਸ ’ਚ ਇਨਕਲਾਬ ਅੰਦਰ ਇਨਕਲਾਬ ਹੋਇਆ 1966 ਤੋਂ 1976 ਦੇ ਦਸ ਸਾਲਾਂ ਦੌਰਾਨ ਬੁਲੰਦੀਆਂ ’ਤੇ ਪਹੁੰਚਿਆ ਇਹ ਚੀਨ ਦਾ ਮਹਾਨ ਪ੍ਰੋਲਤਾਰੀ ਸੱਭਿਆਚਾਰਕ ਇਨਕਲਾਬ ਜੇਤੂ ਹੋਇਆ। ਇਸ ਮਹਾਨ ਪ੍ਰਾਪਤੀ ਰਾਹੀਂ ਕਮਿਊਨਿਜਮ ਦੇ ਸਿਧਾਂਤ ਦਾ ਅੱਗੇ ਹੋਰ ਸਿਫਤੀ ਵਿਕਾਸ ਹੋਇਆ। ਇਸ ਤਰ੍ਹਾਂ 1976 ਤੱਕ ਦਾ ਕੌਮਾਂਤਰੀ ਕਮਿਊਨਿਸਟ ਲਹਿਰ ਦਾ ਇਹ ਤਜਰਬਾਂ ਦਸਦਾ ਹੈ ਕਿ ਇਕ ਸ਼ੁਰੂਆਤੀ ਸਮਾਂ ਸੀ ਜਦੋਂ ਕਮਿਊਨਿਜਮ ਦਾ ਸਿਧਾਂਤ ਮੌਜੂਦ ਨਹੀਂ ਸੀ। 1840 ਵਿਆਂ ਤੋਂ ਮਾਰਕਸ ਸਮੇਤ ਏਂਗਲਜ ਨੇ ਇਸ ਨੂੰ ਘੜਣਾ ਸ਼ੁਰੂ ਕੀਤਾ ਤੇ ਇਸ ਤੋਂ ਅੱਗੇ ਇਹ ਵਿਗਿਆਨਕ ਵਿਚਾਰਧਾਰਾ ਲਗਾਤਾਰ ਲਮਕਣੇ, ਗੁੰਝਲਦਾਰ, ਮੋੜਾ ਘੋੜਾ ਤੇ ਜਿੱਤਾਂ ਹਾਰਾਂ ਦੇ ਇਕ ਬਹੁਤ ਹੀ ਮੁਸ਼ਕਲ ਭਰੇ ਵਿਕਾਸ ਅਮਲ ਰਾਹੀਂ ਚੀਨ ਦੇ ਮਹਾਨ ਪ੍ਰੋਲਤਾਰੀ ਸੱਭਿਆਚਾਰਕ ਇਨਕਲਾਬ ਦੇ ਜੇਤੂ ਹੋਣ ਤੱਕ ਦੇ ਕਰੀਬ 125 ਸਾਲਾਂ ਦੌਰਾਨ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਵਜੋਂ ਵਿਕਸਤ ਹੋਈ ਹੈ। ਪਹਿਲਾਂ ਰੂਸ ਤੇ ਫਿਰ 1976 ’ਚ ਚੀਨ ਦੇ ਇਨਕਲਾਬ ਦੀ ਹਾਰ ਤੋਂ ਬਾਅਦ ਕਮਿਊਨਿਜਮ ਦੇ ਸਿਧਾਂਤ ਦਾ ਵਿਕਾਸ ਪਿੱਛੇ ਨਹੀਂ ਮੁੜਿਆ ਹੈ ਨਾ ਹੀ ਇਹ ਫੇਲ੍ਹ ਹੋਇਆ ਹੈ ਸਗੋਂ ਮਨੁੱਖਤਾ ਦੇ ਇਨਕਲਾਬੀ ਵਿਗਿਆਨ ਦਾ ਅਮੀਰ ਖਜਾਨਾ ਬਣ ਗਿਆ ਹੈ; ਜੋ 1976 ਤੋਂ ਬਾਅਦ ਦੇ ਹੁਣ ਤੱਕ ਦੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਇਨਕਲਾਬੀ ਅਮਲ ਅੰਦਰ ਉਸ ਸਮੇਂ ਅੱਗੇ ਹੋਰ ਵਿਕਸਤ ਹੁੰਦਾ ਆ ਰਿਹਾ ਹੈ। ਜਦੋਂ 1976 ਤੋਂ ਬਾਅਦ ਕੌਮਾਂਤਰੀ ਕਮਿਊਨਿਸਟ ਲਹਿਰ ਡੂੰਘੇ ਸੰਕਟ ਦੀ ਹਾਲਤ ਫਸੀ ਹੋਈ ਹੈ ਤੇ ਸੰਸਾਰ ਪੱਧਰ ’ਤੇ ਕਮਿਊਨਿਸਟ ਇਨਕਲਾਬੀ ਬਹੁਤ ਕਮਜੋਰ ਹਾਲਤ ’ਚ ਹਨ ਤੇ ਸੰਸਾਰ ’ਚ ਕਿਸੇ ਵੀ ਮੁਲਕ ’ਚ ਇਨਕਲਾਬ ਦੀ ਜਿੱਤ ਨਹੀਂ ਹੋਈ ਹੈ ਜਿਵੇਂ ਵੀਹਵੀਂ ਸਦੀ ਦੇ ਸ਼ੁਰੂ ’ਚ ਸੀ ਭਾਵੇਂ ਮੌਜੂਦਾ ਹਾਲਤ ਉਸ ਸਮੇਂ ਨਾਲੋਂ ਸਿਫਤੀ ਤੌਰ ’ਤੇ ਵੱਖਰੀ ਹੈ।

ਸੰਸਾਰ ਭਰ ਦੇ ਪਿਛਾਖੜੀ ਟੋਲੇ ਪਿਛਾਂਹਖਿਚੂ ਵਿਚਾਰਧਾਰਾ ਆਪਣੇ ਸੌੜੇ ਮਕਸਦਾ ਨੂੰ ਤੇ ਆਪਣੇ ਗਲੇ ਸੜੇ ਤੇ ਨਿਘਰ ਚੁੱਕੇ ਲੁਟੇਰੇ ਪ੍ਰਬੰਧ ਨੂੰ ਠੁੰਮਣਾ ਦੇਣ ਲਈ ਕਮਿਊਨਿਜਮ ਦੇ ਸੱਚ ਖਿਲਾਫ਼ ਤਰ੍ਹਾਂ-ਤਰ੍ਹਾਂ ਦੀਆਂ ਸਾਜਸਾਂ ਘੜਦੇ ਆ ਰਹੇ ਹਨ। ਇਨਕਲਾਬਾਂ ਦੀਆਂ ਵਕਤੀ ਹਾਰਾਂ ’ਚੋਂ ਉਨ੍ਹਾਂ ਨੇ ਇਹ ਸਾਜਸ ਰਚੀ ਕਿ ਇਨ੍ਹਾਂ ਲੋਕ ਪੱਖੀ ਰਾਜਾਂ ਦੇ ਅੱਧੀ ਸਦੀ ਤੱਕ ਦੇ ਸਫਲ ਇਤਿਹਾਸ ’ਤੇ ਕੂਚੀ ਦੇਰ ਦਿੱਤੀ ਜਾਵੇ। ਉਹ ਕਹਿਣ ਲੱਗ ਪਏ ਕਿ ਸਮਾਜਵਾਦ ਤੇ ਕਮਿਊਨਿਜਮ ਫੇਲ੍ਹ ਹੋ ਚੁੱਕੇ ਹਨ। ਇਸ ਕਰਕੇ ਸਮਾਜਵਾਦ ਨੂੰ ਇਸ ਦੇ ਬੰਧਨਾ ਤੋਂ ਮੁਕਤ ਕਰਾਉਣਾ ਜ਼ਰੂਰੀ ਹੈ। ਇਸ ਰਾਹੀਂ ਹੀ ਇਹ ਅਮਲਯੋਗ ਹੋ ਸਕਦਾ ਹੈ। ਇਹ ਆਪਣੇ ਬੀਤੇ ਦੇ ‘ਦੁਖੜੇ ਭਰੇ’ ਵਿਰਸੇ ਤੋਂ ਛੁਟਕਾਰਾ ਪਾ ਸਕਦਾ ਹੈ। ਉਨ੍ਹਾਂ ਨੂੰ ਇਨ੍ਹਾਂ ਰਾਜਾਂ ਦੀ ਸਮਾਜਵਾਦੀ ਸਿਆਸਤ ਤੇ ਯੋਜਨਾਬੱਧ ਆਰਥਿਕਤਾ ਫੁਟੀ ਅੱਖ ਨਹੀਂ ਭਾਉਦੀ। ਉਹ ਕਹਿ ਰਹੇ ਹਨ ਕਿ ਸਮਾਜਵਾਦ ਨੂੰ ਆਪਣੀ ਸਿਆਸਤ ਨੂੰ ਮੁੜ ਪ੍ਰੀਭਾਸ਼ਤ ਕਰਨਾ ਚਾਹੀਦਾ ਹੈ ਕਿ ਇਹ ਉਨ੍ਹਾਂ ਦੀ ਬਹੁ ਪਾਰਟੀ ਪਾਰਲੀਮਾਨੀ ਜਮਹੂਰੀਅਤ ਦੇ ਅਨੁਸਾਰੀ ਹੋਵੇ।

ਇਸੇ ਤਰ੍ਹਾਂ ਉਹ ਇਸ ਦੀ ਆਰਥਿਕਤਾ ਨੇ ਵੀ ਸੋਧਣ ਦੀ ਮੰਗ ਕਰ ਰਹੇ ਹਨ ਕਿ ਇਹ ਯੋਜਨਾਬੱਧ ਹੋਣ ਦੀ ਥਾਂ ਉਨ੍ਹਾਂ ਦੀ ‘ਖੁਲੀ ਮੰਡੀ’ ਦੀ ਅਫਰਾ ਤਫਰੀ ਮੁਤਾਬਿਕ ਕੰਮ ਕਰੇ। ਉਹਨਾਂ ਮੁਤਾਬਿਕ ਸਮਾਜਵਾਦੀ ਆਰਥਿਕਤਾ ਪਹਿਲ ਕਦਮੀ ਤੇ ਮੁਕਾਬਲੇ ’ਤੇ ਰੋਕ ਲਾਉਦੀ ਹੈ ਇਸ ਕਰਕੇ ਇਹ ਅਮਲਯੋਗ ਨਹੀਂ। ਜਦ ਕਿ ਕਮਿਊਨਿਜਮ ਦੇ ਸਿਧਾਂਤ ਦੇ ਮੁਕਾਬਲੇ ਉਨ੍ਹਾਂ ਦੀ ਲੁੱਟ ਖਸੁੱਟ ਤੇ ਜਬਰ ਜਲਮ ’ਤੇ ਅਧਾਰਤ ਪਾਰਲੀਮਾਨੀ ਜਮਹੂਰੀਅਤ ਤੇ ਨਿੱਜੀਕਰਨ ਦੀ ‘‘ਖੁਲੀ ਮੰਡੀ’’ ਦਾ ਗਲਿਆ ਹੋਇਆ ਆਂਡਾ, ਜੋ ਦਿਨੋ ਦਿਨ ਲੋਕਾਂ ਨੂੰ ਵੱਧ ਤੋਂ ਵੱਧ ਭੁਖਮਰੀ, ਗਰੀਬੀ, ਮੰਦਹਾਲੀ ਤੇ ਜਬਰ ਜੁਲਮ ਦਾ ਸ਼ਿਕਾਰ ਬਣਾਉਦਾ ਹੋਇਆ ਲੁਟੇਰਿਆ ਨੂੰ ਹੋਰ ਵਧੇਰੇ ਮਾਲੋ ਮਾਲ ਕਰਦਾ ਜਾ ਰਿਹਾ ਹੈ। ਉਹ ਜੱਗ ਜਾਹਰ ਹੈ ਕਿ ਆਏ ਦਿਨ ਲੁਟੇਰਾ ਸੰਸਾਰ ਸਾਮਰਾਜੀ ਪ੍ਰਬੰਧ ਇਕ ਤੋਂ ਬਾਅਦ ਦੂਜੇ ਡੂੰਘੇ ਸੰਕਟ ਦੀ ਖੱਡ ’ਚ ਡਿੱਗਦਾ ਜਾ ਰਿਹਾ ਹੈ।

ਇਸ ਤਰ੍ਹਾਂ ਸਮਾਜਵਾਦ ਤੇ ਕਮਿਊਨਿਜਮ ਦੀ ਵਿਚਾਰਧਾਰਾ, ਸਿਆਸਤ ਤੇ ਆਰਥਿਕਤਾ ’ਤੇ ਬੋਲੇ ਇਸ ਹੱਲੇ ਦਾ ਅਸਲ ਮਕਸਦ ਕਮਿਊਨਿਜਮ ਦੇ ਵਿਚਾਰਾ ਨੂੰ ਪੈਰਾ ਹੇਠ ਰੋਲਦੇ ਹੋਏ ਆਪਣੇ ਵੇਲਾ ਵਿਹਾ ਚੁੱਕੇ ਸੰਸਾਰ ਪ੍ਰਬੰਧ ਦੇ ਪਾਰਲੀਮਾਨੀ ਜਮਹੂਰੀਅਤ ਤੇ ਖੁੱਲ੍ਹੀ ਮੰਡੀ ਦੇ ਏਜੰਡੇ ਤੇ ਇਸ ਦੀ ਉਤਮਤਾ ਨੂੰ ਦਰਸਾਉਣਾ ਹੈ। ਇਸ ’ਚੋਂ ਉਹ ਸਮਾਜਵਾਦੀ ਰਾਜਾਂ ਦੇ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਬੇਹੱਦ ਅਹਿਮ ਹਿੱਸੇ ਨੂੰ ਲੋਕਾਂ ਕੋਲੋਂ ਗੁਪਤ ਰੱਖਕੇ ਤੇ, ਇਸ ਬਾਰੇ ਤਰ੍ਹਾਂ ਤਰ੍ਹਾਂ ਦੇ ਭਰਮ ਫੈਲਾਕੇ ਇਸ ਨੂੰ ਵਿੱਚੋਂ ਵਿਚ ਦਬਾਈ ਰੱਖਣ ਦੀ ਨੀਤੀ ’ਤੇ ਚੱਲ ਰਹੇ ਹਨ। ਇਸ ਦੇ ਉਲਟ ਸਾਰੀਆਂ ਖਰੀਆਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਤੇ ਅਗਾਂਹਵਧੂ ਤਾਕਤਾਂ ਦੀ ਇਹ ਵੱਡੀ ਲੋੜ ਬਣਦੀ ਹੈ ਕਿ ਉਹ ਨਾ ਸਿਰਫ ਸਮੇਂ ਸਮੇਂ ’ਤੇ ਸਗੋਂ ਵਿਸ਼ੇਸ਼ ਕਾਰਜ ਵਜੋਂ ਇਨ੍ਹਾਂ ਰਾਜਾ ’ਚ ਲੋਗੀਆਂ ਪਛਾੜਾ ਦੇ ਕਾਰਨਾਂ ਸਮੇਤ ਇਸ ਦੇ ਇਤਿਹਾਸ ਦੇ ਮੁਲਾਕਣ ਨੂੰ ਨਵੀ ਪੱਧਰ ’ਤੇ ਖਾਸ ਕਰਕੇ ਲਹਿਰ ਦੇ ਵਿਕਸਤ ਹਿੱਸਿਆਂ ਸਮੇਤ ਹੋਰ ਲੋਕਾਂ ’ਚ ਲੈ ਕੇ ਜਾਵੇ। ਹੇਠਾ ਅਸੀਂ ਇਸ ਵਰ੍ਹੇ ਗੰਢ ’ਤੇ ਅਕਤੂਬਰ ਇਨਕਲਾਬ ਦੇ ਮੁਲਾਕਣ ਨੂੰ ਬਹੁਤ ਸੰਖੇਪ ਸ਼ਬਦ ’ਚ ਪੇਸ਼ ਕਰ ਰਹੇ ਹਾਂ।

ਅੱਜ ਜਦੋਂ ਅਸੀਂ ਤਕਰੀਬਨ ਇਕ ਸਦੀ ਪਹਿਲਾਂ ਸਫਲ ਹੋਏ ਰੂਸ ਦੇ ਅਕਤੂਬਰ ਇਨਕਲਾਬ ’ਤੇ ਝਾਤ ਮਾਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਦੀ ਹੈ 20ਵੀਂ ਸਦੀ ਦੇ ਅਕਤੂਬਰ ਇਨਕਲਾਬ ਸ਼ੁਰੂ ਕਰਨ ਵੇਲੇ ਲੈਨਿਨ ਸਮੇਤ ਬਾਲਸ਼ਵਿਕਾ ਨੇ ਮਾਰਕਸਵਾਦ ਦੇ ਆਧਾਰ ’ਤੇ ਖੜਕੇ ਸੱਬਕਾਂ ਨੂੰ ਕੱਢਿਆ। ਲੈਨਿਨ ਨੇ ਹਰਾਵਲ ਦਸਤੇ ਦੀ ਪਾਰਟੀ ਦੀ ਲੋੜ ਨੂੰ ਦਰ-ਸਾਇਆ ਜੋ ਪ੍ਰੋਲਤਾਰੀਏ ਨੂੰ ਇਨਕਲਾਬੀ ਚੇਤਨਾ ਹਾਸਲ ਕਰਨ ਅਤੇ ਇਨਕਲਾਬੀ ਜੱਦੋ ਜਹਿਦ ਦੇ ਲੜਨਯੋਗ ਬਣਾਉਦੀ ਹੈ। ਬਾਲਸ਼ਵਿਕ ਇਨਕਲਾਬ ਨੇ ਨਵੀਂ ਹਰਮਨ ਪਿਆਰੀ ਸਿਆਸੀ ਸਤ੍ਹਾ ਦੇ ਸਿਆਸੀ ਤੇ ਸਮਾਜੀ ਅੰਗਾਂ ਨੂੰ ਸਥਾਪਤ ਕੀਤਾ। ਇਸ ਨੇ ਪੁਰਾਣੇ ਰੂਸੀ ਰਾਜ ਦੀਆਂ ਦੱਬੀਆਂ ਕੁਚਲੀਆਂ ਕੌਮਾਂ ਦੇ ਆਪਾ ਨਿਰਨੇ ਦੇ ਹੱਕ ਨੂੰ ਮਾਨਤਾ ਦਿੱਤੀ ਅਤੇ ਇਸ ਨੂੰ ਕੌਮਾਂ, ਕੌਮੀਅਤਾਂ ਤੇ ਭਾਸ਼ਾਵਾਂ ਦੀ ਬਰਾਬਰਤਾ ’ਤੇ ਆਧਾਰਤ ਬਹੁ ਕੌਮੀ ਰਾਜ ਦੀ ਸਥਾਪਨਾ ਕੀਤੀ। ਔਰਤਾਂ ਨੇ ਤਲਾਕ ਤੇ ਪਰਿਵਾਰ ਦੇ ਸਬੰਧਾਂ ’ਚ ਹੋਰ ਤਬਦੀਲੀਆਂ ਦਾ ਹੱਕ ਹਾਸਲ ਕੀਤਾ ਤੇ ਉਹ ਅਣਕਿਆਸੇ ਢੰਗ ਨਾਲ ਪੈਦਾਵਾਰ ਤੇ ਸਿਆਸਤ ਦੇ ਦੋਵੇਂ ਖੇਤਰਾਂ ਵਿੱਚ ਜਾ ਦਾਖਲ ਹੋਈਆਂ। ਸੋਵੀਅਤ ਯੂਨੀਅਨ ਨੇ ਸੰਸਾਰ ਭਰ ਵਿੱਚ ਇਨਕਲਾਬੀ ਲਹਿਰ ਨੂੰ ਕੌਮਾਂਤਰੀ ਹਮਾਇਤ ਅਤੇ ਜੋਸ਼ ਮੁਹੱਈਆਂ ਕੀਤਾ।

ਮਨੁੱਖੀ ਇਤਿਹਾਸ ’ਚ ਇਸ ਇਨਕਲਾਬ ਨੇ ਪਹਿਲੀ ਯੋਜਨਾ ਬੱਧ ਸਮਾਜਵਾਦੀ ਆਰਥਿਕਤਾ ਪੈਦਾ ਕੀਤੀ। ਇਸਨੇ ਪਹਿਲੀਆਂ ਲੁਟੇਰੀਆਂ ਜਮਾਤਾਂ ਦੀ ਜਾਇਦਾਦ ’ਤੇ ਕਬਜਾ ਕਰ ਲਿਆ ਅਤੇ ਲੋਕਾਂ ਦੀ ਮਾਲਕੀ ਵਾਲਾ ਰਾਜਕੀ ਪ੍ਰਬੰਧ ਸਥਾਪਤ ਕੀਤਾ। ਸਮਾਜ ਦੀਆਂ ਲੋੜਾਂ ਨੂੰ ਨਜਿੱਠਣ ਲਈ ਪੈਦਾਵਾਰ ਨੂੰ ਚੇਤਨ ਯੋਜਨਾ ਦੇ ਆਧਾਰ ’ਤੇ ਅੱਗੇ ਵਧਾਇਆ। ਪਰੰਤੂ ਸ਼ੁਰੂ ਤੋਂ ਅਤੇ ਬਿਨਾਂ ਕਿਸੇ ਠਹਿਰਾਅ ਦੇ ਇਨਕਲਾਬ ਨੇ ਨਾ ਕਾਬਲੇ ਜ਼ਿਕਰ ਮੁਸ਼ਕਲਾਂ ਦਾ ਸਾਹਮਣਾ ਕੀਤਾ। ਕਾਮਿਆਂ ਦਾ ਰਾਜ ਸਥਾਪਤ ਹੋਣ ਤੋਂ ਐਨ ਬਾਅਦ ਇਸ ’ਤੇ ਸਾਮਰਾਜੀ ਹਮਲਾ ਹੋਇਆ। ਇਸ ਦੀ ਲਗਾਤਾਰ ਸਾਮਰਾਜੀ ਘੇਰਾਬੰਦੀ ਕੀਤੀ ਗਈ। ਚੜ੍ਹਦੀ ਉਮਰੇ ਇਸ ਕਾਮਿਆਂ ਦੇ ਰਾਜ ਨੂੰ ਆਖਰਕਾਰ ਨਾਜੀ ਜੰਗੀ ਮਸੀਨ ਦੇ ਮੁਖ ਹਮਲੇ ਦਾ ਸਾਹਮਣਾ ਕਰਨਾ ਪਿਆ।

ਚਾਲ੍ਹੀ ਸਾਲ ਸਮਾਜਵਾਦ ਦੀ ਰੱਖਿਆ ਕੀਤੀ। ਪਰੰਤੂ ਫੇਰ ਵੀ ਸੋਵੀਅਤ ਯੂਨੀਅਨ ’ਚ ਸਮਾਜਵਾਦ ਹਾਰ ਗਿਆ। ਇਹ ਹਾਰ ਬਾਹਰਲੇ ਬੇਹੱਦ ਦਬਾਅ ਅਤੇ ਅੰਦਰੂਨੀ ਗਿਰਾਵਟ ਦੇ ਸਿੱਟੇ ਵਜੋਂ ਹੋਈ। ਸਟਾਲਿਨ ਦੀ ਮੌਤ ਤੋਂ ਬਾਅਦ ਇਕ ਨਵੀਂ ਸਰਮਾਏਦਾਰ ਜਮਾਤ ਸਤ੍ਹਾ ਵਿੱਚ ਆ ਗਈ।

'ਲਾਲ ਪਰਚਮ' 'ਚੋਂ ਧੰਨਵਾਦ ਸਹਿਤ

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ