Sun, 03 March 2024
Your Visitor Number :-   6882461
SuhisaverSuhisaver Suhisaver

ਅਰਬ ਲੋਕਾਂ ਦਾ ਖ਼ੂਨ ਖਰਾਬਾ ਅਤੇ ਅਮਰੀਕੀ ਸਾਮਰਾਜਵਾਦ - ਮੁਖਤਿਆਰ ਪੂਹਲਾ

Posted on:- 17-09-2014

suhisaver

ਸੰਸਾਰ ਦੇ ਮੱਧ ਪੂਰਬ ਖਿੱਤੇ ਅੰਦਰ ਵੱਡੀ ਪੱਧਰ ’ਤੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ। ਹਰ ਰੋਜ਼ ਫਲਸਤੀਨ, ਇਰਾਕ, ਸੀਰੀਆ ਅਤੇ ਮਿਸਰ ਆਦਿ ਦੇਸ਼ਾਂ ਅੰਦਰ ਜਿਸ ਵਹਿਸ਼ੀਆਨਾ ਢੰਗ ਨਾਲ ਲੋਕਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ ਉਹ ਅੱਜ ਦੇ ਅਖੌਤੀ ਸੱਭਿਅਕ ਸਮਾਜ ’ਤੇ ਇੱਕ ਕਾਲਾ ਧੱਬਾ ਹੈ। ਇਸਰਾਈਲ ਦੇ ਜਿਊਨਵਾਦੀ ਹਾਕਮਾਂ ਵੱਲੋਂ ਵਾਰ-ਵਾਰ ਫਲਸਤੀਨ ਦੇ ਗਾਜ਼ਾਪੱਟੀ ਇਲਾਕੇ ਦੀ ਚੁਫੇਰਿਉਂ ਘੇਰਾਬੰਦੀ ਕਰਕੇ ਗੋਲਾ ਬਰੂਦ ਦਾ ਮੀਂਹ ਵਰ੍ਹਾਇਆ ਜਾ ਰਿਹਾ ਹੈ। ਪੂਰੀ ਤਰ੍ਹਾਂ ਬੇਲਗਾਮ ਹੋਏ ਇਸਰਾਈਲੀ ਯਹੂਦੀਆਂ ਨੇ 2000 ਤੋਂ ਉੱਪਰ ਫਲਸਤੀਨੀ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ ਅਤੇ 10000 ਤੋਂ ਉੱਪਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ ਜਿਹਨਾਂ ਵਿੱਚ ਵੱਡੀ ਗਿਣਤੀ, ਔਰਤਾਂ, ਬੱਚੇ ਅਤੇ ਬਜ਼ੁਰਗ ਹਨ। ਦੁਨੀਆਂ ਭਰ ਦੇ ਲੋਕ ਇਸਰਾਈਲ ਦੇ ਵਹਿਸ਼ੀ ਕਾਰਿਆਂ ਦੇ ਖਿਲਾਫ਼ ਅਜੇ ਆਪਣੀ ਆਵਾਜ਼ ਉਠਾ ਹੀ ਰਹੇ ਸਨ ਜਦੋਂ ਇਹਨਾਂ ਯਹੂਦੀਵਾਦੀਆਂ ਵਾਂਗ ਇੱਕ ਹੋਰ ਹੈਵਾਨੀ ਤਾਕਤ ਇਰਾਕ ਅੰਦਰ ਪ੍ਰਗਟ ਹੋ ਕੇ ਉਸੇ ਤਰ੍ਹਾਂ ਮਨੁੱਖਤਾ ਦਾ ਕਤਲੇਆਮ ਕਰਨ ’ਚ ਬਿਜਲੀ ਦੀ ਤੇਜ਼ੀ ਨਾਲ ਅੱਗੇ ਵਧਣ ਲੱਗੀ ਹੈ।

ਇਹ ਸ਼ੁਰੂ ਵਿੱਚ ਇਸਲਾਮਿਕ ਰਾਜ ਆਫ ਇਰਾਕ ਐਂਡ ਲੇਵਾਂਟ (ਆਈ. ਐਸ. ਆਈ. ਐਲ.) ਫਿਰ ਇਸਲਾਮਿਕ ਰਾਜ ਆਫ ਇਰਾਕ ਐਂਡ ਸੀਰੀਆ (ਆਈ. ਐਸ. ਆਈ. ਐਮ.) ਨਾਲ ਜਾਣੀ ਜਾਂਦੀ ਸੀ ਜਿਸਨੂੰ ਹੁਣ ਇਸਲਾਮਿਕ ਰਾਜ (ਆਈ. ਐਸ.) ਕਿਹਾ ਜਾਂਦਾ ਹੈ। ਇਸ ਜਥੇਬੰਦੀ ਸੁੰਨੀ ਮੁਸਲਮਾਨਾਂ ਦੀ ਕੱਟੜ, ਫਿਰਕੂ ਅਤੇ ਦਹਿਸ਼ਤਗਰਦ ਜਥੇਬੰਦੀ ਹੈ ਜੋ ਆਪਣੇ ਸਿਆਸੀ ਅਤੇ ਧਾਰਮਿਕ ਵਿਰੋਧੀਆਂ ਨੂੰ ਬੰਦੂਕ ਦੀ ਨੋਕ ਨਾਲ ਕੁਚਲ ਦੇਣ ’ਚ ਯਕੀਨ ਰੱਖਦੀ ਹੈ। ਵੱਡੀ ਪੱਧਰ ’ਤੇ ਸ਼ੀਆ ਮੁਸਲਮਾਨਾਂ ਦਾ ਕਤਲੇਆਮ ਕਰਨ ਤੋਂ ਬਾਅਦ ਹੁਣ ਇਸਨੇ ਈਸਾਈਆਂ ਯਾਜ਼ੀਦੀਆਂ ਅਤੇ ਹੋਰ ਭਾਈਚਾਰਿਆਂ ਨੂੰ ਬੜੀ ਬੇਕਿਰਕੀ ਨਾਲ ਮਾਰਨਾ ਸ਼ੁਰੂ ਕੀਤਾ ਹੋਇਆ ਹੈ। ਇਸਦੇ ਕਾਰਕੁੰਨਾਂ ਅੰਦਰ ਇੱਥੋਂ ਤੱਕ ਪਾਗਲਾਨਾ ਜਨੂੰਨ ਹੈ ਕਿ ਇਹਨਾਂ ਵੱਲੋਂ ਪੱਤਰਕਾਰਾਂ ਦੇ ਸਿਰ ਕਲਮ ਕਰਨ ਤੋਂ ਵੀ ਕੋਈ ਸੰਕੋਚ ਨਹੀਂ ਕੀਤਾ ਜਾ ਰਿਹਾ।

ਪਿਛਲੇ ਦਿਨੀਂ ਇਨ੍ਹਾਂ ਨੇ ਇਸਾਈਆਂ ਅਤੇ ਯਾਜ਼ੀਦੀਆਂ ਦਾ ਵੱਡੀ ਪੱਧਰ ’ਤੇ ਖੂਨ-ਖਰਾਬਾ ਕੀਤਾ ਹੈ ਜਿਸ ਕਰਕੇ ਉਹਨਾਂ ਨੂੰ ਭੱਜਕੇ ਪਹਾੜਾਂ ਵਿੱਚ ਸ਼ਰਨ ਲੈਣੀ ਪਈ ਹੈ। ਸਿੰਜਰ ਨਾਂ ਦੇ ਕਸਬੇ ਅੰਦਰ ਜਦੋਂ ਇਹ ਦਾਖਲ ਹੋਏ ਤਾਂ ਇਹਨਾਂ ਦੀ ਦਹਿਸ਼ਤ ਕਰਕੇ ਲੋਕਾਂ ਦੀ ਵਿਸ਼ਾਲ ਗਿਣਤੀ ਪਹਿਲਾਂ ਹੀ ਆਪਣਾ ਘਰ ਬਾਰ ਛੱਡਕੇ ਪਹਾੜਾਂ ਵੱਲ ਜਾਂ ਸੀਰੀਆ ਵੱਲ ਪ੍ਰਵਾਸ ਕਰ ਗਈ। ਪਿੱਛੇ ਰਹਿ ਗਏ ਬੱਚਿਆਂ, ਬਜ਼ੁਰਗਾਂ ਆਦਿ ਦਾ ਕਤਲੇਆਮ ਕਰ ਦਿੱਤਾ ਗਿਆ ਜਦੋਂ ਕਿ ਔਰਤਾਂ ਨੂੰ ਬੰਦੀ ਬਣਾਕੇ ਜਬਰ ਜਨਾਹ ਦਾ ਸ਼ਿਕਾਰ ਬਣਾਇਆ ਗਿਆ। ਇਸ ਇਲਾਕੇ ਅੰਦਰ ਆਈ. ਐਸ. ਦਾ ਸ਼ਿਕਾਰ ਹੋਣ ਵਾਲੇ ਇਸਾਈਆਂ ਤੋਂ ਬਿਨਾਂ ਕੁੁਰਦ ਭਾਈਚਾਰਾ ਵਿਸ਼ੇਸ਼ ਕਰਕੇ ਉਹਨਾਂ ਦਾ ਨਿਸ਼ਾਨਾ ਬਣਿਆ ਹੈ। ਯਾਜ਼ੀਦੀ ਲੋਕ ਪਿਛੋਕੜ ਵਿੱਚ ਭਾਵੇਂ ਪਾਰਸੀਆਂ ਨਾਲ ਮਿਲਦੇ ਹਨ ਪਰ ਹੁਣ ਕੁਰਦ ਭਾਈਚਾਰੇ ਦਾ ਹੀ ਹਿੱਸਾ ਹਨ। ਆਈ. ਐਸ. ਦਾ ਐਲਾਨੀਆ ਪ੍ਰੋਗਰਾਮ ਹੈ ਕਿ ਜੋ ਵੀ ਆਦਮੀ ਸੁੰਨੀ ਧਰਮ ਨਾਲ ਸਬੰਧਤ ਨਹੀਂ ਉਹ ਜਾਂ ਤਾਂ ਸੁੰਨੀ ਧਰਮ ਮਨਜ਼ੂਰ ਕਰੇ ਜਾਂ ਜ਼ਜ਼ੀਆ (ਧਾਰਮਿਕ ਟੈਕਸ) ਦੇਵੇ ਅਤੇ ਜਾਂ ਫਿਰ ਮਰਨਾ ਕਬੂਲ ਕਰੇ। ਅਜਿਹੀ ਖੂੰਖਾਰ ਬਿਰਤੀ ਵਾਲੇ ਦਹਿਸ਼ਤਗਰਦਾਂ ਅੱਗੇ ਇਰਾਕੀ ਸਰਕਾਰ ਹੱਥਲ ਹੋ ਕੇ ਰਹਿ ਗਈ ਹੈ। ਇਰਾਕੀ ਸਰਕਾਰ ਦੀਆਂ ਫੌਜਾਂ ਇੱਕ ਤੋਂ ਬਾਅਦ ਦੂਜੀ ਥਾਂ ਆਈ. ਐਸ. ਦੀ ਹਥਿਆਰਬੰਦ ਤਾਕਤ ਅੱਗੇ ਗੋਡੇ ਟੇਕ ਰਹੀਆਂ ਹਨ ਅਤੇ ਆਪਣੇ ਹਥਿਆਰ, ਗੋਲਾ ਬਰੂਦ ਅਤੇ ਹੋਰ ਮਿਲਟਰੀ ਸਾਜੋ ਸਮਾਨ ਨੂੰ ਛੱਡਕੇ ਪੱਤਰੇ ਵਾਚ ਰਹੀਆਂ ਹਨ। ਅਜਿਹੀ ਹਾਲਤ ’ਚ ਅਰਬ ਖਿੱਤੇ ਖਾਸ ਕਰ ਇਰਾਕ ਅਤੇ ਸੀਰੀਆ ਦੇ ਵੱਡੇ ਇਲਾਕੇ ਵਿੱਚ ਆਪਣੇ ਆਪ ਨੂੰ ਖਲੀਫ਼ਾਈ ਰਾਜ ਐਲਾਨਣ ਵਾਲੀ ਇਸਲਾਮਿਕ ਸਟੇਟ (ਆਈ. ਐਸ.) ਰੂਪੀ ਇੱਕ ਹੋਰ ਨਵੀਂ ਜਾਬਰ ਤਾਕਤ ਦੇ ਪੱਕੀ ਤਰ੍ਹਾਂ ਛਾਅ ਜਾਣ ਦਾ ਖਤਰਾ ਸਿਰ ਮੰਡਰਾਅ ਰਿਹਾ ਹੈ।

ਹੁਣ ਸੁਆਲ ਪੈਦਾ ਹੁੰਦਾ ਹੈ ਕਿ ਆਈ. ਐਸ. ਜਥੇਬੰਦੀ ਕਿੱਥੋਂ ਪੈਦਾ ਹੋਈ, ਕਿਸਨੇ ਪੈਦਾ ਕੀਤੀ। ਅੱਜ ਦੇ ਸਮੇਂ ਮਨੁੱਖਤਾ ਘਾਤੀ ਜੋ ਬਲਾਵਾਂ ਪੈਦਾ ਹੋ ਰਹੀਆਂ ਹਨ ਉਸਦਾ ਜਨਮਦਾਤਾ ਹੋਰ ਕੋਈ ਨਹੀਂ ਬਲਕਿ ਦੁਨੀਆਂ ਭਰ ’ਚ ਹਾਵੀ ਮੌਜੂਦਾ ਸਾਮਰਾਜੀ ਪ੍ਰਬੰਧ ਹੀ ਹੈ। ਇਹ ਸਾਮਰਾਜੀ ਪ੍ਰਬੰਧ ਖਾਸ ਕਰ ਇਸਦਾ ਸਰਗਣਾ ਅਮਰੀਕੀ ਸਾਮਰਾਜੀ ਹੈ ਜੋ ਆਪਣੀ ਮੰਡੀ ਅਤੇ ਮੁਨਾਫ਼ੇ ਦੇ ਵਧਾਰੇ ਲਈ ਦੁਨੀਆਂ ਦੇ ਲੋਕਾਂ ਲਈ ਮੁਸੀਬਤ ਦੀ ਜੜ੍ਹ ਹੈ। ਇਸਨੇ ਅਰਬ ਖਿੱਤੇ ਅੰਦਰ ਆਪਣੀ ਚੌਧਰ ਸਥਾਪਿਤ ਕਰਨ ਅਤੇ ਇਸਦੇ ਤੇਲ ਭੰਡਾਰਾਂ ਉੱਪਰ ਆਪਣਾ ਗਲਬਾ ਕਾਇਮ ਰੱਖਣ ਦੇ ਮਕਸਦ ਨਾਲ ਜਿੱਥੇ ਇਸਰਾਈਲੀ ਯਹੂਦੀਆਂ ਦੀ ਪਿੱਠ ਥਾਪਕੇ ਫਲਸਤੀਨੀ ਲੋਕਾਂ ਦਾ ਘਾਣ ਕਰਵਾਇਆ ਹੈ ੳੱੁਥੇ ਇਸਨੇ ਇਰਾਕ ਅੰਦਰ ਵਿਆਪਕ ਤਬਾਹੀ ਦੇ ਹਥਿਆਰਾਂ ਨੂੰ ਖ਼ਤਮ ਕਰਨ ਦੇ ਬਹਾਨੇ ਸੱਦਾਮ ਸਰਕਾਰ ਨੂੰ ਉਲਟਾਕੇ ਅਤੇ ਲੱਖਾਂ ਲੋਕਾਂ ਦਾ ਕਤਲੇਆਮ ਕਰਕੇ ਇਸ ਦੇਸ਼ ਨੂੰ ਨਰਕ ਦੇ ਦਹਾਨ ’ਤੇ ਖੜ੍ਹਾ ਕਰ ਦਿੱਤਾ ਹੈ। ਇਰਾਕ ਅੰਦਰ ਅੱਜ ਜੋ ਕੁਝ ਵਾਪਰ ਰਿਹਾ ਹੈ ਉਸਦਾ ਜ਼ਿੰਮੇਵਾਰ ਅਮਰੀਕਾ ਅਤੇ ਇਸਦੇ ਹਮਾਇਤੀ ਪੱਛਮੀ ਸਾਮਰਾਜੀ ਦੇਸ਼ ਹਨ ਜਿਨ੍ਹਾਂ ਦੀ ਸਾਂਝੀ ਕਮਾਨ ਹੇਠ ਇਰਾਕ ਨੂੰ ਬੁਰੀ ਤਰ੍ਹਾਂ ਦਰੜਿਆ ਗਿਆ। ਇਹਨਾਂ ਦੀਆਂ ਕਾਰਵਾਈਆਂ ਦੇ ਸਿੱਟੇ ਵਜੋਂ ਇਰਾਕ ਅੰਦਰ ਜੋ ਪ੍ਰਤੀਰੋਧ ਦੀ ਜਵਾਲਾ ਭੜਕੀ ਹੈ ਉਸ ਵਿੱਚੋਂ ਹੀ ਸਿਰੇ ਦੀਆਂ ਧਾਰਮਿਕ ਤੌਰ ’ਤੇ ਕੱਟੜ ਅਤੇ ਦਹਿਸ਼ਤਗਰਦ ਤਾਕਤਾਂ ਵਧੀਆਂ ਫੁੱਲੀਆਂ ਹਨ। ਇਹ ਨਾ ਸਿਰਫ਼ ਇਰਾਕ ਅੰਦਰ ਬਲਕਿ ਪੂਰੇ ਖਿੱਤੇ ਅੰਦਰ ਉਧਮੂਲ ਮਚਾ ਰਹੀਆਂ ਹਨ ਅਤੇ ਅਰਾਜਕਤਾ ਵਾਲਾ ਮਹੌਲ ਸਿਰਜ ਰਹੀਆਂ ਹਨ। ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਗਿ੍ਰਫ਼ਤਾਰ ਕਰਕੇ ਫਾਂਸੀ ਲਾਉਣ ਅਤੇ ਲੱਖਾਂ ਲੋਕਾਂ ਦਾ ਕਤਲੇਆਮ ਕਰਨ ਤੋਂ ਬਾਅਦ ਵੀ ਅਮਰੀਕੀ ਸਾਮਰਾਜ ਇਰਾਕ ਅੰਦਰ ਆਪਣੇ ਆਪ ਨੂੰ ਸਥਿਰ ਕਰਨ ’ਚ ਕਾਮਯਾਬ ਨਹੀਂ ਹੋ ਸਕਿਆ। ਆਪਣੇ ਅਤੇ ਆਪਣੇ ਸਹਿਯੋਗੀਆਂ ਉੱਪਰ ਨਿੱਤ ਰੋਜ਼ ਹੁੰਦੇ ਹਮਲਿਆਂ ਨੇ ਉਸਨੂੰ ਨੂੰ ਇਰਾਕ ’ਚੋਂ ਨਿਕਲਣ ਲਈ ਮਜ਼ਬੂਰ ਕੀਤਾ। ਜਾਂਦੇ ਵਕਤ ਉਹ ਆਪਣੇ ਪਿੱਠੂ ਨੂਰੀ-ਅਲ-ਮਲਿਕੀ ਦੀ ਸ਼ੀਆ ਪੱਖੀ ਹਕੂਮਤ ਨੂੰ ਇਰਾਕੀ ਲੋਕਾਂ ਉੱਪਰ ਥੋਪ ਗਿਆ। ਇਹ ਹਕੂਮਤ ਇਰਾਕ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਵਿਫਲ ਸਾਬਤ ਹੋਈ। ਖਾਸ ਕਰਕੇ ਸੁੰਨੀ ਫਿਰਕੇ ਦੇ ਲੋਕ ਇਸ ਹਕੂਮਤ ਦੀਆਂ ਅਮਰੀਕੀ ਸਾਮਰਾਜ ਪੱਖੀ ਨੀਤੀਆਂ ਕਰਕੇ ਜ਼ਿਆਦਾ ਬੇਚੈਨ ਹੋ ਗਏ। ਇਸ ਬੇਚੈਨੀ ਦਾ ਫਾਇਦਾ ਲੈ ਕੇ ਹੀ ਇਸਲਾਮ ਰਾਜ ਜਥੇਬੰਦੀ ਵਧੀ ਫੁੱਲੀ ਹੈ। ਇਸ ਦੇ ਦੁਆਲੇ ਨਾ ਸਿਰਫ ਸਦਾਮ ਹੁਸੈਨ ਦੀ ਬਾਥ ਪਾਰਟੀ ਦੇ ਕਾਰਕੁਨ ਅਤੇ ਉਸਦੀ ਫੌਜ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੱਡੀ ਪੱਧਰ ‘ਤੇ ਇੱਕ ਮੁੱਠ ਹੋ ਗਏ ਹਨ ਬਲਕਿ ਅਮਰੀਕਾ, ਬਰਤਾਨੀਆਂ, ਫਰਾਂਸ, ਜਰਮਨੀ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਵੱਡੀ ਗਿਣਤੀ ’ਚ ਆਏ ਜਹਾਦੀ ਵੀ ਸ਼ਾਮਲ ਹੋ ਗਏ ਹਨ।

ਤੇਲ ਨਾਲ ਭਰਪੂਰ ਅਰਬ ਖਿੱਤਾ ਹਮੇਸ਼ਾ ਅਮਰੀਕੀ ਸਾਮਰਾਜੀ ਗਿਰਝਾਂ ਦੀਆਂ ਲਲਚਾਈਆਂ ਨਜ਼ਰਾਂ ਹੇਠ ਰਿਹਾ ਹੈ। ਅਰਬਾਂ ਦੇ ਤੇਲ ਭੰਡਾਰਾਂ ਉੱਪਰ ਗਲਬਾ ਸਥਾਪਿਤ ਕਰਨ ਲਈ ਅਮਰੀਕੀ ਸਾਮਰਾਜਵਾਦ ਜਿੱਥੇ ਇਸਰਾਈਲ ਨੂੰ ਵਰਤਕੇ ਅਰਬ ਲੋਕਾਂ ਅੰਦਰ ਖੂਨ ਖਰਾਬਾ ਕਰਦਾ ਰਿਹਾ ਹੈ ਉੱਥੇ ਉਹ ਅਰਬ ਦੇਸ਼ਾਂ ਵਿੱਚੋਂ ਆਪਣੀਆਂ ਪਿੱਠੂ ਹਕੂਮਤਾਂ ਗੰਢਕੇ ਆਪਣਾ ਸਵਾਰਥ ਸਿੱਧ ਕਰਦਾ ਰਿਹਾ ਹੈ। ਇਹੀ ਕਾਰਨ ਹੈ ਕਿ ਅਰਬ ਲੋਕਾਂ ਅੰਦਰ ਅਮਰੀਕੀ ਸਾਮਰਾਜਵਾਦ ਅਤੇ ਇਸਦੇ ਪਿੱਠੂ ਅਰਬ ਦੇਸ਼ਾਂ ਦੇ ਬਹੁਤ ਸਾਰੇ ਬਾਦਸ਼ਾਹਾਂ, ਤਾਨਾਸ਼ਾਹਾਂ ਅਤੇ ਅਮੀਰ ਸੇਠਾਂ ਦੇ ਖਿਲਾਫ਼ ਚਿਰਾਂ ਤੋਂ ਨਫ਼ਰਤ ਪਲਦੀ ਆ ਰਹੀ ਹੈ। ਲੋਕਾਂ ਅੰਦਰ ਇਸ ਘਿਨਾਉਣੇ ਗੱਠਜੋੜ ਦੇ ਖਿਲਾਫ਼ ਪੈਦਾ ਹੋਇਆ ਰੋਹ ਅਤੇ ਗੁੱਸਾ ਹੀ ਸੀ ਜਿਸ ਕਰਕੇ ਪੂਰੇ ਅਰਬ ਜਗਤ ਅੰਦਰ ਵੱਡੀ ਪੱਧਰ ’ਤੇ ਬਗਾਵਤਾਂ ਹੋਈਆਂ ਜਿਨ੍ਹਾਂ ਨੂੰ ਅਰਬ ਬਸੰਤ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਹਨਾਂ ਬਗਾਵਤਾਂ ਕਰਕੇ ਲੰਬੇ ਸਮੇਂ ਤੋਂ ਹਕੂਮਤੀ ਗੱਦੀਆਂ ਤੇ ਬੈਠੇ ਚੱਲੇ ਆ ਰਹੇ ਤਾਨਾਸ਼ਾਹਾਂ ਨੂੰ ਤਖਤੋਂ ਵਗਾਹ ਮਾਰਿਆ ਗਿਆ। ਇਸ ਹਾਲਤ ਨੇ ਅਮਰੀਕੀ ਸਾਮਰਾਜਵਾਦ ਨੂੰ ਕੰਬਣੀਆਂ ਛੇੜ ਦਿੱਤੀਆਂ। ਉਸਨੂੰ ਮਜ਼ਬੂਰ ਹੋ ਕੇ ਆਪਣੇ ਪੁਰਾਣੇ ਵਫਾਦਾਰ ਤਾਨਾਸ਼ਾਹਾਂ ਤੋਂ ਮੂੰਹ ਮੋੜਕੇ ਨਵੇਂ ਵਫ਼ਾਦਾਰਾਂ ਦੀ ਤਲਾਸ਼ ਕਰਨੀ ਪਈ। ਇਸ ਮਕਸਦ ’ਚ ਕਾਫ਼ੀ ਹੱਦ ਤੱਕ ਕਾਮਯਾਬ ਵੀ ਰਿਹਾ। ਲੋਕਾਂ ਦੀਆਂ ਇਹਨਾਂ ਬਗਾਵਤਾਂ ਅੰਦਰ ਸਹੀ ਇਨਕਲਾਬੀ ਬਦਲ ਦੀ ਅਣਹੋਂਦ ਕਰਕੇ ਉਹ ਇਨ੍ਹਾਂ ਬਗਾਵਤਾਂ ਨੂੰ ਆਪਣੇ ਹਿੱਤਾਂ ਅਨੁਸਾਰ ਢਾਲ ਲੈਣ ਵਿੱਚ ਸਫ਼ਲ ਹੋ ਗਿਆ। ਮਿਸਰ ਅੰਦਰ ਆਪਣੇ ਹਿੱਤਾਂ ਦੇ ਉਲਟ ਬਣੀ ਹਕੂਮਤ ਨੂੰ ਉਹ ਜਲਦੀ ਉਲਟਾ ਦੇਣ ਵਿੱਚ ਕਾਮਯਾਬ ਹੋ ਗਿਆ ਇਸ ਤੋਂ ਪਹਿਲਾਂ ਉਹ ਆਪਣੇ ਹਿੱਤਾਂ ਦੇ ਅਨੁਸਾਰੀ ਨਾ ਚੱਲਣ ਵਾਲੇ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਅਤੇ ਲਿਬੀਆ ਦੇ ਰਾਸ਼ਟਰਪਤੀ ਕਰਨਲ ਗੱਦਾਫ਼ੀ ਨੂੰ ਮਾਰ ਚੁੱਕਿਆ ਸੀ। ਅਜਿਹੇ ਕਦਮ ਸਰ ਕਰ ਲੈਣ ਬਾਅਦ ਉਸਦੀਆਂ ਨਿਗਾਹਾਂ ਸੀਰੀਆ ਉੱਪਰ ਟਿਕ ਗਈਆਂ। ਸੀਰੀਆ ਦਾ ਰਾਸ਼ਟਰਪਤੀ ਬਸਰ-ਅਲ-ਅਸਦ ਅਮਰੀਕਾ ਦੀ ਪੈੜ ’ਚ ਪੈੜ ਨਾ ਧਰਨ ਕਰਕੇ, ਇਸਦੀ ਅੱਖ ਦੀ ਰੜਕ ਬਣਿਆ ਹੋਇਆ ਹੈ। ਜਿਸ ਕਰਕੇ ਅਮਰੀਕਾ ਉਸਨੂੰ ਹਰ ਹੀਲੇ ‘ਸਿੱਧਾ’ ਕਰਨਾ ਚਾਹੁੰਦਾ ਹੈ।

ਸੀਰੀਆ ਦੇ ਰਾਸ਼ਟਰਪਤੀ ਅਸਦ ਦਾ ਤਖਤਾ ਪਲਟਣ ਲਈ ਅਮਰੀਕਾ ਉਸਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਨੂੰ ਹਰ ਤਰ੍ਹਾਂ ਦੀ ਮੱਦਦ ਦੇ ਰਿਹਾ ਹੈ। ਇੱਥੋਂ ਤਕ ਉਹ ਅਲਕਾਇਦਾ ਵਰਗੀਆਂ ਆਪਣੀਆਂ ਵਿਰੋਧੀ ਦਹਿਸ਼ਤਗਰਦ ਜਥੇਬੰਦੀਆਂ ਨੂੰ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਇਹ ਕਾਰਜ ਉਹ ਸਾਊਦੀ ਅਰਬ ਅਤੇ ਹੋਰ ਆਪਣੀਆਂ ਪਿੱਠੂ ਅਰਬ ਹਕੂਮਤਾਂ ਰਾਹੀਂ ਕਰਦਾ ਆ ਰਿਹਾ ਹੈ। ਸੀਰੀਆ ਅੰਦਰ ਦਹਿਸ਼ਤਗਰਦ ਜਥੇਬੰਦੀਆਂ ਦੇ ਜਿੱਥੇ ਅਮਰੀਕਾ ਅਤੇ ਉਸਦੀਆਂ ਪਿੱਠੂ ਅਰਬ ਹਕੂਮਤਾਂ ਨਾਲ ਦੁਸ਼ਮਣਾਨਾ ਵਿਰੋਧ ਹਨ ਉੱਥੇ ਉਹ ਸੀਰੀਆ ਦੀ ਅਸਦ ਸਰਕਾਰ ਦੇ ਖਿਲਾਫ਼ ਇਹਨਾਂ ਦੀ ਵਰਤੋਂ ਵੀ ਕਰ ਰਹੇ ਹਨ। ਇਨ੍ਹਾਂ ਜਥੇਬੰਦੀਆਂ ਦੇ ਆਪਸੀ ਟਕਰਾਅ ਵੀ ਬਹੁਤ ਤਿੱਖੇ ਹਨ। ਇਸਲਾਮਿਕ ਸਟੇਟ ਇਹਨਾਂ ਦਹਿਸ਼ਤਗਰਦ ਜਥੇਬੰਦੀਆਂ ਵਿੱਚੋਂ ਇੱਕ ਅਜਿਹੀ ਖੂੰਖਾਰ ਜਥੇਬੰਦੀ ਹੈ ਜਿਹੜੀ ਕਦੇ ਅਲਕਾਇਦਾ ਦਾ ਹਿੱਸਾ ਰਹੀ ਹੈ। ਇਸਦੀ ਸਥਾਪਨਾ ਅਪ੍ਰੈਲ 2013 ਵਿੱਚ ਅਬੂ ਬਕਰ ਅਲ ਬਗਦਾਦੀ ਨੇ ਅਲਕਾਇਦਾ ਨਾਲੋਂ ਵੱਖ ਹੋ ਕੇ ਕੀਤੀ। ਅਬੂ ਬਕਰ ਜਿਸਨੂੰ ਅਬੂ ਦੂਆ ਵੀ ਕਿਹਾ ਜਾਂਦਾ ਹੈ। ਅਲਕਾਇਦਾ ਆਗੂ ਅਲ ਜਵਾਹਰੀ ਵੱਲੋਂ ਵੀ ਜ਼ਿਆਦਾ ਕੱਟੜ ਅਤੇ ਤੰਗਨਜ਼ਰ ਹੈ। ਇਹ ਅਮਰੀਕਾ ਵੱਲੋਂ ਇਰਾਕ ’ਤੇ ਹਮਲੇ ਸਮੇਂ ਅਲਕਾਇਦਾ ਦੀਆਂ ਸਫਾਂ ਵਿੱਚ ਸ਼ਾਮਲ ਹੋਇਆ ਸੀ। 2010 ਵਿੱਚ ਇਹ ਇਸਦਾ ਅਪਰੇਸ਼ਨਲ ਕਮਾਂਡਰ ਸੀ। ਹੁਣ ਉਹ ਇਸਲਾਮਿਕ ਸਟੇਟ ਦਾ ਕਰਤਾ ਧਰਤਾ ਬਣਾਕੇ ਇਰਾਕ ਅਤੇ ਸੀਰੀਆ ਤੋਂ ਅੱਗੇ ਸਊਦੀ ਅਰਬ , ਜਾਰਡਨ ਅਤੇ ਤੁਰਕੀ ਵਰਗੇ ਦੇਸ਼ਾਂ ਨੂੰ ਵੀ ਖ਼ਤਰਾ ਖੜ੍ਹਾ ਕਰ ਰਿਹਾ ਹੈ। ਉਸ ਕੋਲ ਆਧੁਨਿਕ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਮਾਹਿਰਾਂ ਅਤੇ ਚੰਗੇ ਪੜ੍ਹੇ ਲਿਖੇ ਆਗੂਆਂ ਦੀ ਅਗਵਾਈ ’ਚ ਦਸ ਤੋਂ ਪੰਦਰਾਂ ਹਜ਼ਾਰ ਤੱਕ ਲੜਾਕੂਆਂ ਦੀ ਇੱਕ ਫੌਜ ਹੈ ਜੋ ਆਧੁਨਿਕ ਹਥਿਆਰਾਂ ਅਤੇ ਫੌਜੀ ਸਾਜੋ-ਸਮਾਨ ਨਾਲ ਲੈਸ ਹੈ। ਪੈਸੇ ਪੱਖੋਂ ਵੀ ਇਸਦੇ ਖਜ਼ਾਨੇ ਭਰਪੂਰ ਹਨ। ਇੱਕ ਅੰਦਾਜ਼ੇ ਅਨੁਸਾਰ ਉਸ ਕੋਲ ਲੱਗਭਗ 2 ਅਰਬ ਡਾਲਰ ਦੀ ਧਨ ਰਾਸ਼ੀ ਹੈ। ਪਹਿਲਾਂ ਉਸ ਨੂੰ ਪੈਸਾ ਕੁਵੈਤ ਅਤੇ ਸਾਊਦੀ ਅਰਬ ਦੇ ਸ਼ੇਖਾਂ ਤੋਂ ਮਿਲਦਾ ਸੀ ਜੋ ਚਾਹੁੰਦੇ ਸਨ ਕਿ ਇਹ ਜਥੇਬੰਦੀ ਸੀਰੀਆ ਦੀ ਸਰਕਾਰ ਦਾ ਤਖਤਾ ਪਲਟ ਕਰਨ ਲਈ ਯਤਨ ਜੁਟਾਵੇ ਬਾਅਦ ’ਚ ਉਹਨਾਂ ਨਾਲ ਟਕਰਾਅ ਵਧਣ ਕਰਕੇ ਇਹ ਪੈਸਾ ਫਿਰੌਤੀਆਂ, ਉਧਾਲਿਆਂ ਅਤੇ ਡਾਕਿਆਂ ਤੋਂ ਹਾਸਲ ਕਰਨ ਲੱਗਾ। ਸੀਰੀਆ ਅੰਦਰ ਕੁੱਝ ਤੇਲ ਸੋਧਕ ਕਾਰਖਾਨਿਆਂ ’ਤੇ ਕਬਜ਼ਾ ਕਰ ਲੈਣ ਬਾਅਦ ਉਹਨਾਂ ਨੇ ਸੀਰੀਆ ਦੀ ਸਰਕਾਰ ਅਤੇ ਹੋਰ ਤੇਲ ਦੇ ਖਰੀਦਦਾਰਾਂ ਨੂੰ ਤੇਲ ਵੇਚਕੇ ਵੀ ਕਾਫ਼ੀ ਧਨ ਇਕੱਤਰ ਕੀਤਾ ਹੈ। ਹੁਣ ਉਹਨਾਂ ਨੇ ਸੀਰੀਆ ਅਤੇ ਇਰਾਕ ਦੇ ਬਹੁਤ ਸਾਰੇ ਸ਼ਹਿਰਾਂ ਅਤੇ ਤਕੜੇ ਇਲਾਕੇ ’ਤੇ ਕਬਜ਼ਾ ਕਰ ਲੈਣ ਬਾਅਦ ਇੱਥੇ ਸਥਿਤ ਬੈਂਕਾਂ ਨੂੰ ਆਪਣੇ ਕੰਟਰੋਲ ਅਧੀਨ ਲੈ ਲਿਆ ਹੈ। ਇਸਨੇ ਬਹੁਤ ਤੇਜ਼ੀ ਨਾਲ ਧਾਵਾ ਕਰਕੇ ਇਰਾਕ ਦੇ ਸ਼ਹਿਰ ਮੋਸੁਲ ਦੀ ਕੇਂਦਰੀ ਬੈਂਕ ਬਰਾਂਚ ਉੱਤੇ ਕਬਜ਼ਾ ਕਰ ਲੈਣ ਬਾਅਦ ਇੱਥੇ ਸਥਿਤ ਬੈਂਕਾਂ ਨੂੰ ਆਪਣੇ ਕੰਟਰੋਲ ਅਧੀਨ ਲੈ ਲਿਆ ਹੈ। ਜਦੋਂ ਇਸਨੇ ਬਹੁਤ ਤੇਜ਼ੀ ਨਾਲ ਧਾਵਾ ਕਰਕੇ ਇਰਾਕ ਦੇ ਸ਼ਹਿਰ ਮਸੁਲ ਦੀ ਕੇਂਦਰੀ ਬੈਂਕ ਬਰਾਂਚ ਉੱਤੇ ਕਬਜ਼ਾ ਕੀਤਾ ਤਾਂ ਇਸਨੂੰ 400 ਮਿਲੀਅਨ ਡਾਲਰ ਦੀ ਭਾਰੀ ਰਕਮ ਹਾਸਲ ਹੋਈ। ਪੈਸਾ, ਹਥਿਆਰ, ਜਹਾਦੀਆਂ ਦੀ ਤਾਕਤ ਨਫਰੀ ਅਤੇ ਸੀਰੀਆ ਇਰਾਕ ’ਚ ਵੱਡੀਆਂ ਜਿੱਤਾਂ ਨਾਲ ਹਾਸਲ ਕੀਤੇ ਤਕੜੇ ਇਲਾਕੇ ਕਰਕੇ ਇਸਲਾਮਿਕ ਸਟੇਟ ਜਥੇਬੰਦੀ ਅਮਰੀਕਾ ਅਤੇ ਅਰਬ ਵਿਚਲੇ ਇਸਦੇ ਅਰਬ ਸਹਿਯੋਗੀਆਂ ਲਈ ਇੱਕ ਤਕੜੀ ਚੁਣੌਤੀ ਬਣ ਗਈ ਹੈ। ਅਮਰੀਕਾ ਅਤੇ ਇਸਦੇ ਅਰਬ ਸਹਿਯੋਗੀ ਚਾਹੁੰਦੇ ਹਨ ਕਿ ਇਸਲਾਮਿਕ ਸਟੇਟ ਆਪਣੀ ਲੜਾਈ ਦਾ ਰੁਖ ਸੀਰੀਆ ਵੱਲ ਹੀ ਸੇਧਤ ਰੱਖੇ ਪਰ ਇਸ ਵਿੱਚ ਉਹਨਾਂ ਨੂੰ ਸਫ਼ਲਤਾ ਨਹੀਂ ਮਿਲ ਰਹੀ ਜਿਸ ਕਰਕੇ ਹੁਣ ਇਸ ਜਥੇਬੰਦੀ ਦੇ ਖਿਲਾਫ਼ ਖੜ੍ਹੇ ਹੋਣ ਲਈ ਮਜ਼ਬੂਰ ਹਨ। ਦੂਸਰੇ ਪਾਸੇ ਅਲਕਾਇਦਾ ਆਗੂ ਅਲ ਜਵਾਹਰੀ ਨੇ ਇਸਲਾਮਿਕ ਸਟੇਟ ਨੂੰ ਕਿਹਾ ਹੈ ਕਿ ਉਹ ਆਪਣਾ ਸਾਰਾ ਧਿਆਨ ਇਰਾਕ ਵੱਲ ਰੱਖੇ ਅਤੇ ਸੀਰੀਆ ਨੂੰ ਅਲ ਨੁਸਰਾ ਨਾਂ ਦੀ ਦਹਿਸ਼ਤਗਰਦ ਜਥੇਬੰਦੀ ਲਈ ਰਾਖਵਾਂ ਰਹਿਣ ਦੇਵੇ। ਇਸਲਾਮਿਕ ਸਟੇਟ ਨੇ ਇਹ ਮੰਗ ਠੁਕਰਾ ਦਿੱਤੀ ਹੈ। ਇਨ੍ਹਾਂ ਵਿਰੋਧਾਂ ਤੋਂ ਇਲਾਵਾ ਇਸ ਖਿੱਤੇ ਵਿੱਚ ਰੂਸ ਅਤੇ ਚੀਨ ਵੀ ਦਿਲਚਸਪੀ ਲੈ ਰਹੇ ਹਨ। ਉਹ ਅਮਰੀਕੀ ਸਾਮਰਾਜ ਦੇ ਖਿਲਾਫ਼ ਸੀਰੀਆਈ ਸਰਕਾਰ ਦੇ ਤਰਫ਼ਦਾਰ ਹਨ ਜਿਸ ਕਰਕੇ ਸੀਰੀਆ ਦੀ ਸਰਕਾਰ ਦੀ ਤਰਫ਼ਦਾਰੀ ਕਰ ਰਹੇ ਹਨ। ਉਹ ਅਮਰੀਕਾ ਅਤੇ ਇਸਦੇ ਸਹਿਯੋਗੀਆਂ ਵੱਲੋਂ ਸੀਰੀਆ ਸਰਕਾਰ ਦਾ ਤਖਤਾ ਪਲਟਣ ਦੀਆਂ ਕੋਸ਼ਿਸ਼ਾਂ ਦਾ ਡਟਵਾਂ ਵਿਰੋਧ ਕਰ ਰਹੇ ਹਨ ਅਤੇ ਇਉਂ ਉਹ ਅਮਰੀਕੀ ਚੌਧਰ ਨੂੰ ਚੁਣੌਤੀ ਦੇ ਰਹੇ ਹਨ।

ਇਸਲਾਮਿਕ ਸਟੇਟ (ਆਈ. ਐਸ.) ਦੀ ਵਧ ਰਹੀ ਤਾਕਤ ਅੱਗੇ ਇਰਾਕ ਦੀ ਸਰਕਾਰ ਬਹੁਤ ਹੀ ਕਮਜ਼ੋਰ ਸਾਬਿਤ ਹੋ ਚੁੱਕੀ ਹੈ। ਇਸਨੂੰ ਰੋਕਣ ਲਈ ਅਮਰੀਕਾ ਨੂੰ ਫਿਰ ਅੱਗੇ ਆਉਣਾ ਪੈ ਰਿਹਾ ਹੈ। ਹੁਣ ਉਸ ਵਾਸਤੇ ਆਪਣੀ ਬਾਕਾਇਦਾ ਫੌਜ ਨੂੰ ਇਰਾਕ ਅੰਦਰ ਭੇਜਣਾ ਇੱਕ ਦੁੱਭਰ ਕਾਰਜ ਹੈ ਜਿਸ ਕਰਕੇ ਉਸਨੂੰ ਜ਼ਿਆਦਾਤਰ ਹਵਾਈ ਹਮਲਿਆਂ ਰਾਹੀਂ ਅਤੇ ਆਪਣੇ ਫੌਜੀ ਸਲਾਹਕਾਰਾਂ ਰਾਹੀਂ ਇਰਾਕੀ ਸਰਕਾਰ ਦੀ ਹਮਾਇਤ ਕਰਨ ਦਾ ਪੈਂਤਰਾ ਲੈਣਾ ਪੈ ਰਿਹਾ ਹੈ। ਇਸਤੋਂ ਜ਼ਾਹਿਰ ਹੈ ਕਿ ਅਮਰੀਕਾ ਦੀ ਅਰਬ ਖਿੱਤੇ ਅੰਦਰ ਅਪਣਾਈ ਗਈ ਯੁੱਧਨੀਤੀ ਨੇ ਇੱਛਤ ਸਿੱਟੇ ਨਹੀਂ ਕੱਢੇ। ਇਸਦੇ ਨਤੀਜ਼ੇ ਵਜੋਂ ਇਰਾਕ ਦੇ ਟੋਟੇ-ਟੋਟੇ ਹੋਣ ਦੀਆਂ ਸੰਭਾਵਨਾਵਾਂ ਕਾਫ਼ੀ ਵਧ ਗਈਆਂ ਹਨ। ਇਰਾਕ ਦੇ ਉੱਤਰ ’ਚ ਕੁਰਦ ਇਲਾਕਾ ਹੈ ਜੋ ਇਸਲਾਮਿਕ ਸਟੇਟ ਦੇ ਹਮਲੇ ਦੀ ਮਾਰ ਹੇਠ ਹੈ। ਇੱਥੇ ਇਹ ਜਥੇਬੰਦੀ ਵੱਡੀ ਪੱਧਰ ’ਤੇ ਕਤਲੇਆਮ ਰਚਾ ਰਹੀ ਹੈ। ਇਸਤੋਂ ਪਹਿਲਾਂ ਸਦਾਮ ਹਕੂਮਤ ਕੁਰਦਾਂ ਉੱਤੇ ਵਹਿਸ਼ੀ ਜਬਰ ਢਾਹਿਆ ਕਰਦੀ ਸੀ। ਇਰਾਕ ਤੋਂ ਇਲਾਵਾ ਤੁਰਕੀ ਅਤੇ ਇਰਾਨ ਦੀ ਕੁਰਦ ਵਸੋਂ ਵੀ ਇਨ੍ਹਾਂ ਦੇਸ਼ਾਂ ਦੀਆਂ ਪਿਛਾਂਹ ਖਿੱਚੂ ਹਕੂਮਤਾਂ ਦੀ ਬੇਕਿਰਕ ਮਾਰ ਝੱਲਦੀ ਰਹੀ ਹੈ ਜਿਸ ਕਰਕੇ ਇਰਾਕ, ਤੁਰਕੀ ਅਤੇ ਇਰਾਨ ਦੇ ਕੁਰਦਾਂ ਅੰਦਰ ਕੌਮੀ ਭਾਵਨਾਵਾਂ ਤਿੱਖੀ ਕਰਵਟ ਲੈਂਦੀਆਂ ਰਹੀਆਂ ਹਨ। ਉਹ ਆਪਣੀ ਕੌਮ ਦੇ ਸਵੈ ਨਿਰਣੇ ਦੇ ਹੱਕ ਲਈ ਆਪਸੀ ਤਾਲਮੇਲ ਬਿਠਾਕੇ ਲੜਦੇ ਰਹੇ ਹਨ। ਇਹਨਾਂ ਦੇਸ਼ਾਂ ਦੀਆਂ ਪਿਛਾਂਹ ਖਿੱਚੂ ਹਕੂਮਤਾਂ ਦੇ ਨਾਲ ਨਾਲ ਅਮਰੀਕੀ ਸਾਮਰਾਜਵਾਦ ਵੀ ਕੁਰਦਾਂ ਨੂੰ ਦਬਾਉਣ ਵਾਸਤੇ ਹਰ ਹੀਲਾ ਵਰਤਦਾ ਰਿਹਾ ਹੈ। ਹੁਣ ਇਰਾਕ ਅੰਦਰ ਪੈਦਾ ਹੋਈਆਂ ਹਾਲਤਾਂ ਕਰਕੇ ਇਰਾਕੀ ਕੁਰਦਾਂ ਦੇ ਮੁੜ ਜਥੇਬੰਦ ਹੋਣ ਅਤੇ ਆਪਣੀ ਹੋਣੀ ਦੇ ਆਪਣੇ ਹੱਥਾਂ ’ਚ ਲੈਣ ਦੇ ਜੂਝਣ ਤੋਂ ਬਿਨਾਂ ਹੋਰ ਕੋਈ ਚਾਰਾ ਬਾਕੀ ਨਹੀਂ ਰਿਹਾ। ਇਹ ਇਲਾਕਾ ਤੇਲ ਨਾਲ ਭਰਪੂਰ ਇਲਾਕਾ ਹੈ। ਇਰਾਕ ਦੇ ਕੁੱਲ ਤੇਲ ਦਾ ਇੱਕ ਚੌਥਾਈ ਭਾਗ ਇਸ ਇਲਾਕੇ ਅੰਦਰ ਹੈ। ਪੂਰੇ ਇਰਾਕ ਅੰਦਰ ਸ਼ੀਆ ਮੁਸਲਮਾਨਾਂ ਦੀ ਬਹੁ ਗਿਣਤੀ ਹੈ ਪਰ ਇਸਦੇ ਦੱਖਣ ’ਚ ਇਹਨਾਂ ਦਾ ਜ਼ਿਆਦਾ ਜ਼ੋਰ ਹੋਣ ਕਾਰਨ ਇੱਥੇ ਸ਼ੀਆ ਸਟੇਟ ਬਣ ਸਕਦੀ ਹੈ। ਇਹ ਇਲਾਕਾ ਇਰਾਨ ਦੇ ਨਾਲ ਲੱਗਦਾ ਹੈ ਅਤੇ ਇੱਥੇ ਵੀ ਤੇਲ ਦੇ ਕਾਫ਼ੀ ਭੰਡਾਰ ਹਨ। ਸੀਰੀਆ ਦੇ ਬਾਰਡਰ ਦੇ ਨਾਲ ਨਾਲ ਤੀਸਰੀ ਵੰਡ ਹੋ ਸਕਦੀ ਹੈ। ਇੱਥੇ ਇਸਲਾਮਿਕ ਸਟੇਟ ਦੀ ਅਗਵਾਈ ’ਚ ਸੁੰਨੀ ਮੁਸਲਮਾਨਾਂ ਦੀ ਬਹੁ ਗਿਣਤੀ ਵਾਲੀ ਨਵੀਂ ਸਟੇਟ ਹੋਂਦ ’ਚ ਆ ਸਕਦੀ ਹੈ।

ਅਮਰੀਕੀ ਸਾਮਰਾਜਵਾਦ ਨੂੰ ਇਰਾਕ ਦੇ ਟੋਟੇ ਕਰਨ ’ਚ ਕੋਈ ਦਿੱਕਤ ਨਹੀਂ ਜੇਕਰ ਇਸ ਨਾਲ ਉਸਦੇ ਆਰਥਿਕ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਹੁੰਦੀ ਹੋਵੇ। ਪਹਿਲਾਂ ਵੀ ਸਾਮਰਾਜੀ ਤਾਕਤਾਂ ਸਾਰੇ ਜਮਹੂਰੀ ਅਸੂਲਾਂ ਨੂੰ ਛਿੱਕੇ ਟੰਗ ਕੇ ਵੱਖ ਵੱਖ ਦੇਸ਼ਾਂ ਅੰਦਰ ਵੰਡੀਆਂ ਪਾਉਂਦੀਆਂ ਰਹੀਆਂ ਹਨ ਅਤੇ ਲੋੜ ਅਨੁਸਾਰ ਧਰਮ ਅਧਾਰਿਤ ਰਾਜਾਂ ਦੀ ਸਿਰਜਣਾ ਕਰਦੀਆਂ ਰਹੀਆਂ ਹਨ। ਹੁਣ ਵੀ ਅਗਰ ਅਮਰੀਕੀ ਸਾਮਰਾਜ ਇਸਲਾਮਿਕ ਸਟੇਟ, ਸ਼ੀਆ ਅਤੇ ਕੁਰਦਾਂ ਦੇ ਆਗੂਆਂ ਨੂੰ ਆਪਣੇ ਨਾਲ ਗੰਢਣ ’ਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਅਜਿਹੀ ਵੰਡ ਨੂੰ ਪੱਕਾ ਕਰਨ ਲਈ ਹਰੀ ਝੰਡੀ ਦੇ ਸਕਦਾ ਹੈ। ਪਰ ਅੱਜ ਦੀਆਂ ਹਾਲਤਾਂ ਅੰਦਰ ਇਹ ਮੁਮਕਿਨ ਨਹੀਂ। ਅੱਜ ਜੇਕਰ ਸੀਰੀਆ ਦੇ ਬਾਰਡਰ ਨਾਲ ਇਸਲਾਮਿਕ ਸਟੇਟ ਆਪਣੀ ਰਾਜਸੱਤਾ ਪੱਕੇ ਤੌਰ ’ਤੇ ਕਾਇਮ ਕਰਨ ਦੇ ਯੋਗ ਦੇ ਹੋ ਜਾਂਦੀ ਹੈ ਤਾਂ ਇਸ ਨਾਲ ਅਮਰੀਕੀ ਸਾਮਰਾਜ ਦੇ ਹਿੱਤਾਂ ਨੂੰ ਅਰਬ ਖਿੱਤੇ ਅੰਦਰ ਵੱਡੀ ਸੱਟ ਵੱਜਣ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਸਲਾਮਿਕ ਸਟੇਟ ਦੇ ਪੱਕੇ ਪੈਰੀਂ ਹੋਣ ਨਾਲ ਇਰਾਕ ਦੇ ਹਿੱਸੇ ਅੰਦਰ ਅਫਗਾਨਿਸਤਾਨ ਵਰਗੇ ਹਾਲਾਤ ਬਣ ਸਕਦੇ ਹਨ। ਇਹ ਅਫਗਾਨਿਸਤਾਨ ਵਾਂਗ ਇਸਲਾਮਿਕ ਜਹਾਦੀਆਂ ਦਾ ਸੁਰੱਖਿਅਤ ਖਿੱਤਾ ਬਣ ਸਕਦਾ ਹੈ ਜਿੱਥੇ ਦੁਨੀਆਂ ਭਰ ’ਚੋਂ ਇਸਲਾਮਿਕ ਕੱਟੜਵਾਦੀ ਅਤੇ ਦਹਿਸ਼ਤਗਰਦ ਆਕੇ ਸੌਖੀ ਤਰ੍ਹਾਂ ਟਿਕ ਸਕਦੇ ਹਨ। ਇਸੇ ਕਰਕੇ ਅਮਰੀਕੀ ਸਾਮਰਾਜ ਇਸਲਾਮਿਕ ਸਟੇਟ ਜਥੇਬੰਦੀ ਨੂੰ ਕਮਜ਼ੋਰ ਕਰਨ ਦੀ ਤਰ੍ਹਾਂ-ਤਰ੍ਹਾਂ ਦੀ ਪੈਂਤਰੇਬਾਜ਼ੀ ਕਰ ਰਿਹਾ ਹੈ। ਉਸਦੀ ਕੋਸ਼ਿਸ਼ ਹੈ ਕਿ ਇਰਾਕ ਅੰਦਰ ਅਜਿਹੀ ਸਰਕਾਰ ਕਾਇਮ ਕੀਤੀ ਜਾਵੇ ਜਿਸ ਅੰਦਰ ਸ਼ੀਆ, ਸੁੰਨੀ ਅਤੇ ਕੁਰਦਾਂ ਦੀ ਸ਼ਮੂਲੀਅਤ ਵਾਲੇ ਸਾਰੇ ਫਿਰਕਿਆਂ ਦੀ ਨੁਮਾਇੰਦਗੀ ਦਿਖਾਈ ਦੇਵੇ। ਇਹ ਸਰਕਾਰ ਇੱਕਜੁਟ ਹੋ ਕੇ ਅਮਰੀਕਾ ਅਤੇ ਹੋਰ ਅਰਬ ਹਕੂਮਤਾਂ ਦੀ ਮੱਦਦ ਨਾਲ ਇਸਲਾਮਿਕ ਸਟੇਟ ਦਾ ਟਾਕਰਾ ਕਰੇ। ਅੱਜ ਅਮਰੀਕਾ ਦੇ ਹਿੱਤ ਸਾਰੇ ਫਿਰਕਿਆਂ ਦੇ ਆਗੂਆਂ ਨੂੰ ਸੱਤਾ ’ਚ ਭਿਆਲ ਬਣਾ ਕੇ ਕੁੱਲ ਇਰਾਕੀਆਂ ਦੀ ਨੁਮਾਇੰਦਗੀ ਵਾਲੀ ਸਰਕਾਰ ਦੀ ਦਿੱਖ ਬਣਾ ਕੇ ਇਰਾਕ ਨੂੰ ਇੱਕ ਦੇਸ਼ ਦੇ ਤੌਰ ’ਤੇ ਕਾਇਮ ਰੱਖਣ ਵਿੱਚ ਹਨ। ਪਰ ਆਉਣ ਵਾਲੇ ਸਮੇਂ ’ਚ ਬਦਲੀਆਂ ਹਾਲਤਾਂ ਵਿੱਚ ਆਪਣੀ ਨੀਤੀ ਤਬਦੀਲ ਕਰਕੇ ਇਸਦੇ ਕਈ ਹਿੱਸੇ ਕਰਨ ਵੱਲ ਵਧ ਸਕਦਾ ਹੈ। ਪਰ ਇਰਾਕੀ ਲੋਕਾਂ ਦੇ ਹਿੱਤ ਮੰਗ ਕਰਦੇ ਹਨ ਕਿ ਉਹ ਅਮਰੀਕੀ ਸਾਮਰਾਜਵਾਦ ਅਤੇ ਇਸਦੀਆਂ ਪਿੱਠੂ ਅਰਬ ਹਕੂਮਤਾਂ ਅਤੇ ਅਰਬ ਦੇ ਹੋਰ ਤਾਨਾਸ਼ਾਹਾਂ ਦੇ ਨਾਲ ਨਾਲ ਹਰ ਤਰ੍ਹਾਂ ਦੇ ਇਸਲਾਮਿਕ ਕੱਟੜਵਾਦੀਆਂ ਅਤੇ ਦਹਿਸ਼ਤਗਰਦਾਂ ਦੇ ਖਿਲਾਫ਼ ਆਪਣੀ ਇੱਕਮੁੱਠਤਾ ਕਾਇਮ ਰੱਖਦੇ ਹੋਏ ਜਮਹੂਰੀ ਰਾਜ ਲਈ ਸੰਘਰਸ਼ ਕਰਨ। ਅਜਿਹੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੂੰ ਕੁਰਦਾਂ ਦੇ ਆਪਾ ਨਿਰਣੇ ਦੇ ਹੱਕ ਨੂੰ ਬੁਲੰਦ ਕਰਦੇ ਹੋਏ ਧਰਮ ਅਧਾਰਿਤ ਰਾਜ ਕਾਇਮ ਕਰਨ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ ਅਤੇ ਅਰਬ ਖਿੱਤੇ ਨੂੰ ਲੋਕ ਪੱਖੀ, ਜਮਹੂਰੀ ਅਤੇ ਧਰਮ ਨਿਰਪੱਖ ਲੀਹਾਂ ’ਤੇ ਉਸਾਰਨ ਵੱਲ ਯਤਨਸ਼ੀਲ ਹੋਣਾ ਚਾਹੀਦਾ ਹੈ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ