Sun, 25 February 2024
Your Visitor Number :-   6868455
SuhisaverSuhisaver Suhisaver

ਪੰਜਾਬ ਅਤੇ ਪੰਜਾਬੀਆਂ ਦੇ ਮਸਲਿਆਂ ਬਾਰੇ ਕੋਈ ਉਸਾਰੂ ਚਰਚਾ ਨਹੀਂ ਹੋ ਰਹੀ ਸ਼ੁਰੂ -ਡਾ. ਸਵਰਾਜ ਸਿੰਘ

Posted on:- 02-11-2014

suhisaver

ਹਾਲੇ ਤੱਕ ਪੰਜਾਬ ਦਾ ਬੌਧਿਕ ਵਰਗ ਪੰਜਾਬ ਅਤੇ ਪੰਜਾਬੀਆਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਕਿਸੇ ਉਸਾਰੂ ਜਾਂ ਵਿਉਂਤਬੰਦ ਢੰਗ ਨਾਲ ਸੰਬੋਧਿਤ ਹੋਣ ਦੀ ਨੈਤਿਕ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਰਿਹਾ ਹੈ, ਇਸ ਸਥਿਤੀ ਲਈ ਜ਼ਿੰਮੇਵਾਰ ਕੁਝ ਜਾਣੇ-ਪਛਾਣੇ ਕਾਰਨਾਂ, ਜਿਵੇਂ ਅਖੌਤੀ ਬੌਧਿਕਵਾਦ, ਬੌਧਿਕ ਪ੍ਰਦੂਸ਼ਣ, ਬੌਧਿਕ ਡੇਰਾਵਾਦ ਅਤੇ ਸਾਹਿਤ ਦੇ ਖੇਤਰ ਵਿਚ ਰਾਜਨੀਤਕ ਖੇਤਰ ਦੇ ਸਮਾਨਅੰਤਰ ਚੱਲ ਰਹੇ ਭਾਈ-ਭਤੀਜਾਵਾਦ ਤੋਂ ਇਲਾਵਾ ਕੁਝ ਹੋਰ ਵੀ ਕਾਰਨ ਹਨ। ਮੈਂ ਪਹਿਲਾਂ ਵੀ ਕਈ ਵਾਰੀ ਅਖੌਤੀ ਬੌਧਿਕਵਾਦ, ਬੌਧਿਕ ਪ੍ਰਦੂਸ਼ਣ, ਬੌਧਿਕ ਡੇਰਾਵਾਦ, ਬੌਧਿਕ ਜੁੰਡਲੀਵਾਦ ਅਤੇ ਬੌਧਿਕ ਇਜਾਰੇਦਾਰੀ ਵਰਗੀਆਂ ਸਮੱਸਿਆਵਾਂ ਨੂੰ ਸੰਬੋਧਿਤ ਹੋਣ ਦਾ ਯਤਨ ਕੀਤਾ ਹੈ। ਅੱਜ ਮੈਂ ਜ਼ਿਆਦਾ ਦੂਜੇ ਕਾਰਨਾਂ ਨੂੰ ਸੰਬੋਧਿਤ ਕਰਨ ਦਾ ਯਤਨ ਕਰਾਂਗਾ।

ਇਨ੍ਹਾਂ ਵਿਚੋਂ ਕੁਝ ਮੁੱਖ ਸਮੱਸਿਆਵਾਂ ਮੈਨੂੰ ਇਹ ਲੱਗਦੀਆਂ ਹਨ; ਪਹਿਲੀ ਪੰਜਾਬ ਦੇ ਇਤਿਹਾਸਕ ਵਿਕਾਸ ਅਤੇ ਮੌਜੂਦਾ ਪ੍ਰਸਥਿਤੀਆਂ ਬਾਰੇ ਬੌਧਿਕ ਵਰਗ ਵਿਚ ਇਕ ਵਿਸ਼ਾਲ ਸਹਿਮਤੀ ਦੀ ਘਾਟ, ਦੂਜਾ ਪੰਜਾਬ ਅਤੇ ਪੰਜਾਬੀਆਂ ਦੇ ਮਸਲਿਆਂ ਬਾਰੇ ਕੋਈ ਉਸਾਰੂ ਚਰਚਾ ਸ਼ੁਰੂ ਕਰਨ ਲਈ ਕਿਸੇ ਨਿਰਪੱਖ ਪਲੇਟਫਾਰਮ ਦੀ ਘਾਟ, ਤੀਜਾ ਪੰਜਾਬੀ ਸੱਭਿਆਚਾਰ ਵਿਚ ਖਾਊ-ਪੀਊ, ਪੇਤਲੇਪਣ ਅਤੇ ਵਿਖਾਵੇ ਜਾਂ ਬਾਹਰਲੀ ਦਿਖ ਤੇ ਅੰਦਰੂਨੀ ਤੱਤ ਨਾਲੋਂ ਜ਼ਿਆਦਾ ਜ਼ੋਰ ਦੇਣਾ ਆਦਿ।

ਜਿਨ੍ਹਾਂ ਗੱਲਾਂ ’ਤੇ ਹਾਲੇ ਤੱਕ ਮੈਨੂੰ ਪੰਜਾਬ ਦੇ ਬੌਧਿਕ ਵਰਗ ਵਿਚ ਵਿਸ਼ਾਲ ਸਹਿਮਤੀ ਨਜ਼ਰ ਨਹੀਂ ਆ ਰਹੀ, ਉਨ੍ਹਾਂ ਵਿਚੋਂ ਕੁਝ ਇਹ ਹਨ ਕੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਨਕਲਾਬ ਮੁੱਖ ਤੌਰ ’ਤੇ ਰਾਜਨੀਤਕ ਸੀ ਜਾਂ ਧਾਰਮਿਕ। ਮੈਨੂੰ ਹਾਲੇ ਤੱਕ ਇਹ ਪ੍ਰਭਾਵ ਪੈਂਦਾ ਹੈ ਕਿ ਪੰਜਾਬ ਦੀਆਂ ਜ਼ਿੰਮੇਵਾਰ ਖੱਬੇ ਪੱਖੀ ਧਿਰਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਇਨਕਲਾਬ ਨੂੰ ਮੁੱਖ ਤੌਰ ’ਤੇ ਰਾਜਨੀਤਕ ਇਨਕਲਾਬ ਵਜੋਂ ਸਵੀਕਾਰਨ ਤੋਂ ਸੰਕੋਚ ਕਰਦੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਕਿਤੇ ਉਨ੍ਹਾਂ ’ਤੇ ਫਿਰਕੂ ਹੋਣ ਦਾ ਦੋਸ਼ ਨਾ ਲੱਗ ਜਾਵੇ। ਸ਼ਾਇਦ ਇਸ ਗੱਲ ਦੇ ਪ੍ਰਤੀਕਰਮ ਵਜੋਂ ਹੀ ਕੁਝ ਸਿੱਖ ਧਿਰਾਂ ਸ਼ਹੀਦ ਭਗਤ ਸਿੰਘ ਸਰਾਭਾ ਅਤੇ ਗ਼ਦਰੀ ਬਾਬਿਆਂ ਦੀ ਇਤਹਾਸਕ ਭੂਮਿਕਾ ਨੂੰ ਛੂਟਿਆਉਣ ਜਾਂ ਅਸਵੀਕਾਰਨ ਦਾ ਯਤਨ ਕਰਦੀਆਂ ਲੱਗਦੀਆਂ ਹਨ। ਕੀ ਸਮੁੱਚੇ ਤੌਰ ’ਤੇ ਹਰੇ ਇਨਕਲਾਬ ਨੇ ਪੰਜਾਬ ਦੇ ਵਿਕਾਸ ਵਿਚ ਹਾਂ ਪੱਖੀ ਜਾਂ ਨਾਂਹ ਪੱਖੀ ਭੂਮਿਕਾ ਨਿਭਾਈ ਹੈ, ਕੀ ਪ੍ਰਵਾਸ ਅਤੇ ਆਵਾਸ ਨੇ ਸਮੁੱਚੇ ਤੌਰ ’ਤੇ ਪੰਜਾਬ ਦਾ ਫਾਇਦਾ ਕੀਤਾ ਹੈ ਜਾਂ ਨੁਕਸਾਨ, ਕੀ ਸੰਸਾਰੀਕਰਨ ਨੇ ਪੰਜਾਬੀ ਸੱਭਿਆਚਾਰ ਦਾ ਗਲੋਬਲੀਕਰਨ ਕਰਕੇ ਇਸ ਨੂੰ ਗਲੋਬਲ ਸੱਭਿਆਚਾਰ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਹੈ ਜਾਂ ਗਲੋਬਲੀਕਰਨ ਦੇ ਨਾਂ ਹੇਠ ਇਸ ਨੂੰ ਨਿਗਲ ਲਿਆ ਹੈ, ਕੀ ਸੰਸਾਰੀਕਰਨ ਨੇ ਵਿਸ਼ਵ ਪੱਧਰ ’ਤੇ ਪੰਜਾਬੀਆਂ ਲਈ ਨਵੇਂ ਮੌਕੇ ਪ੍ਰਦਾਨ ਕਰਕੇ ਅਤੇ ਨਵੇਂ ਰਾਹ ਖੋਲ੍ਹ ਕੇ ਪੰਜਾਬ ਤੇ ਪੰਜਾਬੀਆਂ ਦਾ ਫਾਇਦਾ ਕੀਤਾ ਹੈ ਜਾਂ ਪੰਜਾਬ ਵਿਚ ਹੀ ਪੰਜਾਬੀਆਂ ਦਾ ਅਹਾਰ ਖੋਖਲਾ ਅਤੇ ਕਮਜ਼ੋਰ ਕਰ ਦਿੱਤਾ ਹੈ, ਕੀ ਸਮੁੱਚੇ ਤੌਰ ’ਤੇ ਸੰਸਾਰ ਭਰ ਵਿਚ ਪੰਜਾਬੀਆਂ ਦੀ ਮਾਨਸਿਕਤਾ ਜ਼ਿਆਦਾ ਚੜ੍ਹਦੀ ਕਲਾ ਵੱਲ ਜਾਂ ਢਹਿੰਦੀ ਕਲਾ ਵੱਲ ਜਾ ਰਹੀ ਹੈ? ਇਨ੍ਹਾਂ ਸਭ ਮਸਿਲਆਂ ’ਤੇ ਇਕ ਵਿਸ਼ਾਲ ਸਹਿਮਤੀ ਬਣਾਏ ਬਿਨਾਂ ਪੰਜਾਬ ਤੇ ਪੰਜਾਬੀਆਂ ਦੇ ਮਸਲਿਆਂ ਬਾਰੇ ਕੋਈ ਉਸਾਰੂ ਚਰਚਾ ਸ਼ੁਰੂ ਕਰਨਾ ਔਖਾ ਲੱਗਦਾ ਹੈ।

ਇਸ ਉਸਾਰੂ ਚਰਚਾ ਲਈ ਸਾਡੇ ਕੋਲ ਇਕ ਢੁਕਵੇਂ ਪਲੇਟਫਾਰਮ ਦੀ ਵੀ ਘਾਟ ਹੈ। ਅੱਜ ਕੱਲ੍ਹ ਇਨ੍ਹਾਂ ਮਸਲਿਆਂ ਬਾਰੇ ਜ਼ਿਆਦਾ ਸੈਮੀਨਾਰ ਯੂਨੀਵਰਸਿਟੀਆਂ, ਕਾਲਜਾਂ ਜਾਂ ਨੀਮ ਸਰਕਾਰੀ ਸਾਹਿਤਕ ਸੰਸਥਾਵਾਂ ਜਾਂ ਕਿਸੇ ਵਿਸ਼ੇਸ਼ ਧਿਰ ਜਾਂ ਸੋਚ ਦਾ ਉਭਰਨਾ ਜਾਂ ਪ੍ਰਗਟਾਵਾ ਮੁਸ਼ਕਲ ਹੋ ਜਾਂਦਾ ਹੈ। ਇਕ ਤਾਂ ਸਰਕਾਰੀ ਪੱਖ ਜਾਂ ਸਥਾਪਤੀ ਦੇ ਪੱਖ ਤਿੱਖੀ ਆਲੋਚਨਾ ਸੰਭਵ ਨਹੀਂ ਦੂਜਾ ਕਿ ਜੋ ਸੰਸਥਾਵਾਂ ਜਾਂ ਧਿਰਾਂ ਅਜਿਹੇ ਸੈਮੀਨਾਰ ਆਯੋਜਨ ਕਰਵਾਉਂਦੀਆਂ ਹਨ, ਉਨ੍ਹਾਂ ਦਾ ਅਜਿਹੇ ਸੈਮੀਨਾਰ ਆਯੋਜਿਤ ਕਰਵਾਉਣ ਦਾ ਕੋਈ ਨਾ ਕੋਈ ਖੁੱਲ੍ਹਾ ਜਾਂ ਗੁਪਤ ਏਜੰਡਾ ਜ਼ਰੂਰ ਹੁੰਦਾ ਹੈ। ਜਿੰਨਾ ਚਿਰ ਤਾਂ ਤੁਸੀਂ ਉਨ੍ਹਾਂ ਦੀਆਂ ਸੀਮਾਵਾਂ ਅਤੇ ਆਸਾਂ ਦੇ ਘੇਰੇ ਵਿਚ ਰਹਿ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਅ ਕਰੋਗੇ ਤਾਂ ਉਹ ਉਨ੍ਹਾਂ ਨੂੰ ਸਵੀਕਾਰ ਹੋਵੇਗਾ। ਜਦੋਂ ਵੀ ਨਿਰਧਾਰਤ ਹੱਦਾਂ ਤੋਂ ਪਾਰ ਜਾ ਕੇ ਕੋਈ ਵਿਚਾਰ ਪ੍ਰਗਟ ਕਰੋਗੇ ਤਾਂ ਮੁਸ਼ਕਲ ਆ ਜਾਂਦੀ ਹੈ। ਦੂਜੇ ਸ਼ਬਦਾਂ ਵਿਚ ਤੁਹਾਡੇ ਵਿਚਾਰਾਂ ਦੇ ਪ੍ਰਗਟਾਵਾ ਤੇ ਇਕ ਨਾ ਦਿਸਣ ਵਾਲੀ ਹੱਦ ਨਿਰਧਾਰਤ ਕਰ ਦਿੱਤੀ ਜਾਂਦੀ ਹੈ। ਅੰਗਰੇਜ਼ੀ ਵਿਚ ਇਸ ਨੂੰ ਗਲਾਸ ਸੀਲਿੰਗ (ਸ਼ੀਸ਼ੇ ਦੀ ਛੱਤ) ਕਿਹਾ ਜਾਂਦਾ ਹੈ, ਤੁਸੀਂ ਉਸ ਤੋਂ ਉਪਰ ਨਹੀਂ ਜਾ ਸਕਦੇ।

ਪੰਜਾਬੀ ਸੱਭਿਆਚਾਰ ਵਿਚ ਖਾਊ-ਪੀਓ, ਪੇਤਲੇਪੁਣੇ ਅਤੇ ਵਿਖਾਵੇ ਦੇ ਭਾਰੂ ਹੋਣ ਦੇ ਰੁਝਾਨ ਵੀ ਇਕ ਉਸਾਰੂ ਚਰਚਾ ਸ਼ੁਰੂ ਕਰਨ ਦੇ ਰਾਹ ਵਿਚ ਰੁਕਾਵਟ ਬਣ ਜਾਂਦੇ ਹਨ। ਕਈ ਇਕੱਠਾਂ ਵਿਚ ਖਾਣ-ਪੀਣ ਅਤੇ ਚਾਹ-ਪਾਣੀ ਦਾ ਪ੍ਰਬੰਧ ਕਰਨ ਵਿਚ ਪ੍ਰਬੰਧਕਾਂ ਦਾ ਜ਼ਿਆਦਾ ਜੋਰ ਲੱਗ ਜਾਂਦਾ ਹੈ। ਦੂਜੇ ਪਾਸੇ ਕਈ ਸ਼ਖ਼ਸੀਅਤਾਂ ਲਈ ਉਥੇ ਹਾਜ਼ਰ ਲੋਕਾਂ ਨੂੰ ਸੰਬੋਧਿਤ ਹੋਣ ਨਾਲੋਂ ਮੀਡੀਆ ਨੂੰ ਸੰਬੋਧਿਤ ਹੋਣਾ ਵੱਡੀ ਪਹਿਲ ਨਜ਼ਰ ਆਉਂਦੀ ਹੈ। ਮੀਡੀਏ ਨੂੰ ਸੰਬੋਧਿਤ ਹੋਣ ਵਿਚ ਵਿਸ਼ੇ ਨਾਲੋਂ ਆਪਣੀ ਸ਼ਖ਼ਸੀਅਤ ਨੂੰ ਉਭਾਰਨਾ ਜ਼ਿਆਦਾ ਵੱਡੀ ਪਹਿਲ ਬਣ ਜਾਂਦੀ ਹੈ। ਅੰਤ ਵਿਚ ਸੈਮੀਨਾਰ ਤੇ ਇਕੱਠ ਕੁਝ ਸ਼ਖਸੀਅਤਾਂ ਦੀ ਹਉਮੈ ਨੂੰ ਪੱਠੇ ਪਾਉਣ ਤੋਂ ਇਲਾਵਾ ਹੋਰ ਪ੍ਰਾਪਤੀ ਕਰਨ ਵਿਚ ਘੱਟ ਹੀ ਸਫ਼ਲ ਹੁੰਦੇ ਹਨ।

ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਸੁਹਿਰਦ ਵਿਦਵਾਨ ਤੇ ਬੁੱਧੀਜੀਵੀ ਸਥਾਪਤੀ ਅਤੇ ਮੌਜੂਦਾ ਸੰਸਥਾਵਾਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ। ਪਰ ਅੱਜ ਉਨ੍ਹਾਂ ਦਾ ਦਰਜਾ ਜ਼ਿਆਦਾਤਰ ਖਾਮੋਸ਼ ਬਹੁਗਿਣਤੀ ਤੱਕ ਹੀ ਸੀਮਤ ਹੋ ਚੁੱਕਾ ਹੈ। ਪੰਜਾਬੀ ਬੌਧਿਕਤਾ ਅਤੇ ਸੱਭਿਆਚਾਰ ’ਤੇ ਇਕ ਬੜਬੋਲੀ ਘੱਟ ਗਿਣਤੀ ਭਾਰੂ ਹੋ ਚੁੱਕੀ ਹੈ, ਭਾਵੇਂ ਇਹ ਜ਼ਿਆਦਾ ਬੋਲ ਰਹੀ ਹੈ, ਪਰ ਇਹ ਬਹੁਗਿਣਤੀ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਰਹੀ। ਆਉਣ ਵਾਲੇ ਸਮੇਂ ਵਿਚ ਕੀ ਇਹ ਚੁੱਪ ਬਹੁਗਿਣਤੀ ਆਪਣੇ ਵਿਚਾਰ ਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਕੋਈ ਪਲੇਟਫਾਰਮ ਲੱਭ ਸਕੇਗੀ ਜਾਂ ਪੰਜਾਬ ਦਾ ਕੋਈ ਅਖ਼ਬਾਰ ਹੀ ਪਹਿਲਕਦਮੀ ਕਰਦਾ ਹੋਇਆ ਇਕ ਅਸਰਦਾਰ ਤੇ ਸੱਚੀ ਲੋਕ ਸੱਥ ਉਪਲਬਧ ਕਰਵਾ ਸਕੇਗਾ। ਇਨ੍ਹਾਂ ਸੁਆਲਾਂ ਦਾ ਜਵਾਬ ਦੇਣਾ ਤਾਂ ਮੁਸ਼ਕਲ ਹੈ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦੀ ਪੰਜਾਬ ਅਤੇ ਪੰਜਾਬੀਆਂ ਨੂੰ ਬਹੁਤ ਲੋੜ ਹੈ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ