Fri, 14 June 2024
Your Visitor Number :-   7110825
SuhisaverSuhisaver Suhisaver

ਕਿਉਂ ਘੱਟ ਰਿਹਾ ਹੈ ਪੱਤਰਕਾਰਿਤਾ ਦਾ ਸਨਮਾਨ ? -ਨਿਰੰਜਣ ਬੋਹਾ

Posted on:- 12-05-2012

suhisaver

ਮੈਨੂੰ ਪੱਤਰਕਾਰਿਤਾ ਦੇ ਖੇਤਰ ਨਾਲ ਜੁੜਿਆਂ ਪੂਰੇ ਪੱਚੀ ਸਾਲ ਹੋ ਗਏ ਹਨ ।ਸਧਾਰਣ ਡਾਕ ਰਾਹੀਂ ਖਬਰਾਂ- ਲੇਖ ਭੇਜਣ ਤੋਂ ਲੈਕੇ ਇੰਟਰਨੈੱਟ ਦੇ ਪੜਾਅ ਤੀਕ ਪਹੁੰਚਣ ਵਾਲੀ ਪੱਤਰਕਾਰਿਤਾ ਨੇ ਇਸ ਸਮੇ ਦੌਰਾਨ ਕਈ ਰੰਗ ਵਟਾਏ ਹਨ । ਕਈ ਵਾਰ ਸੋਚਿਆ ਹੈ ਕੇ ਇਸ ਖੇਤਰ ਵਿੱਚੋਂ ਗ੍ਰਹਿਣ ਕੀਤੇ ਅਨੁਭਵਾਂ ਨੂੰ ਪਾਠਕਾਂ ਨਾਲ ਸਾਂਝੇ ਕਰਾਂ ਪਰ ਇਹ ਅਨੁਭਵ ਏਨੇ ਸਹਿਜ ਤੇ ਸੁਖਾਵੇਂ ਨਹੀਂ ਹਨ ਕਿ ਹਰ ਕਿਸੇ ਨੂੰ ਚੰਗੇ ਲੱਗ ਸਕਣ।  ਆਪਣੇ ਹੀ ਅਨੁਭਵਾਂ ਨੂੰ ਸਰਵਜਨਿਕ ਤੌਰ ’ਤੇ ਨਸ਼ਰ ਕਰਨ ਤੋਂ ਪਹਿਲਾਂ ਮੈਨੂੰ ਇਹ ਡਰ ਸਤਾਉਂਦਾ ਰਿਹਾ ਕਿ ਅਜਿਹਾ ਕੀਤੇ ਜਾਣ ਨਾਲ ਮੈਂ ਆਪਣੇ ਹੀ ਭਾਈਚਾਰੇ ਦੇ ਇੱਕ ਹਿੱਸੇ ਦੀ ਨਰਾਜ਼ਗੀ ਮੁੱਲ ਲੈ ਲਵਾਂਗਾ । ਇਹ ਲੇਖ ਲਿਖਦਿਆਂ  ਵੀ ਮੈਂ ਇਸ ਡਰ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹਾਂ ਪਰ  ਨਾਲ ਹੀ ਮਨ ’ਤੇ ਇਹ ਬੋਝ ਵੀ ਹੈ ਕਿ ਮੈਂ ਆਪਣੇ ਦਿਲ ਦੀ ਗੱਲ ਕਹਿਣ ਤੋਂ ਏਨਾਂ ਕਿਉਂ ਡਰਦਾ ਹਾਂ? ਪਿਛਲੇ ਸਮੇਂ ਦੌਰਾਨ ਵਾਪਰੀਆਂ ਦੋ ਘਟਨਾਵਾਂ ਨੇ  ਮੈਨੂੰ ਇਹ ਲੇਖ ਲਿਖਣ ਲਈ ਪ੍ਰੇਰਿਤ ਹੀ ਨਹੀ ਕੀਤਾ ਸਗੋਂ ਇੱਕ ਹੱਦ ਤੀਕ ਮਜਬੂਰ ਵੀ ਕਰ ਦਿੱਤਾ ਹੈ। ਇਹਨਾਂ ਘਟਨਾਵਾਂ ਦੇ ਵਾਪਰਣ  ਤੋਂ ਬਾਦ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੈਂ ਆਪਣੀ ਜ਼ਮੀਰ ਦੀ ਅਵਾਜ਼ ਦਬਾ ਕੇ ਆਪਣੇ ਆਪ ਨਾਲ ਹੀ ਬੇਇਨਸਾਫੀ ਕਰ ਰਿਹਾ ਹਾਂ। ਪਹਿਲੀ ਘਟਨਾ ਅਨੁਸਾਰ ਇਲਾਕੇ ਦੇ ਇਕ ਸਰਕਾਰੀ ਅਧਿਕਾਰੀ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਜਦੋ ਮੈਂ ਉਸ ਦਾ ਪੱਖ ਜਾਨਣ ਲਈ ਫੋਨ ਕੀਤਾ ਤਾਂ ਉਸ ਆਪਣਾ ਪੱਖ ਦੱਸਣ ਦੀ ਬਜਾਇ ਬਿਨਾਂ ਕਿਸੇ ਭੂਮਿਕਾ ਤੋਂ ਮੈਂਨੂੰ ਸਿੱਧਾ ਹੀ ਪੁੱਛ ਲਿਆ ਕੇ ਮੈਂ ਪੱਖ ਤੋਂ ਕੀ ਲੈਣਾ ਹੈ, ਆਪਣਾ ਚਾਹ- ਪਾਣੀ ਵਸੂਲ ਕੇ ਘਰ ਬੈਠਾਂ। ਉਸ ਦੇ ਬੋਲਣ ਦਾ ਲਹਿਜ਼ਾ ਇਸ ਤਰ੍ਹਾਂ ਦਾ ਸੀ ਜਿਵੇਂ ਮੈਂ ਚਾਹ ਪਾਣੀ ਵਸੂਲਣ ਲਈ ਹੀ ਫੋਨ ਕੀਤਾ ਹੈ। ਇਹ ਘਟਣਾ ਕੋਈ ਵੱਡੀ ਨਹੀਂ ਹੈ ਪਰ ਮੇਰੇ ਨਾਲ ਪਹਿਲੀ ਵਾਰ ਵਾਪਰੀ ਸੀ ।ਉਸ ਸਮੇਂ ਮੈਨੂੰ ਬਹੁਤ ਗੁੱਸਾ ਆਇਆ ਜਿਸ ਨੂੰ ਕਾਬੂ ਵਿੱਚ ਕਰ ਕੇ ਮੈਂ ਕੇਵਲ ਏਨਾਂ ਹੀ ਕਿਹਾ ਕਿ ਮੇਰੇ ਕੋਲ ਏਨੀ ਕੁ ਆਮਦਨ ਦੇ ਸਾਧਨ ਅਜੇ ਮੌਜੂਦ ਹਨ ਕਿ ਮੇਰਾ ਪਰਿਵਾਰ ਦੋ ਵਕਤ  ਇਜ਼ੱਤ ਦੀ ਰੋਟੀ ਖਾ ਸਕੇ।ਇੱਕ ਭ੍ਰਿਸ਼ਟ ਅਧਿਕਾਰੀ ਵੱਲੋਂ ਕੀਤੀ ਇਸ ਤਰ੍ਹਾਂ ਦੀ ਪੇਸ਼ਕਸ਼ ਨਾਲ ਮੈਂ ਕਈ ਦਿਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਿਹਾ ਕਿ ਉਸ ਮੈਨੂੰ ਇਹ ਪੇਸ਼ਕਸ਼ ਕਿਸ ਅਧਾਰ 'ਤੇ ਕੀਤੀ ਹੈ ।ਮੇਰੇ ਦਿਮਾਗ ਵਿੱਚ ਵਾਰ ਵਾਰ ਇਹ ਸੁਆਲ ਉਠ ਰਿਹਾ ਸੀ ਕੇ ਕੀ ਸਰਕਾਰੀ ਅਧਿਕਾਰੀ ਪੱਤਰਕਾਰ ਨੂੰ ਏਨਾ ਹੀ ਸਸਤਾ ਤੇ ਵਿਕਾਊ  ਸਮਝਦੇ ਹਨ ਕਿ ਬਿਨਾਂ ਕਿਸੇ ਝਿਜਕ ਉਹਨਾਂ ਨੂੰ ਚਾਹ ਪਾਣੀ ਦੀ ਪੇਸ਼ਕਸ਼ ਕਰ ਦਿੱਤੀ ਜਾਵੇ?

ਦੂਜੀ ਘਟਣਾ ਨੇੜਲੇ ਜ਼ਿਲ੍ਹੇ ਦੇ ਇੱਕ ਕਸਬੇ ਦੀ ਹੈ। ਮੇਰੇ ਇਕ ਪੱਤਰਕਾਰ- ਲੇਖਕ ਦੋਸਤ ਨੇ ਆਪਣੀ ਧੀ ਦਾ ਰਿਸ਼ਤਾ ਲੁਧਿਆਣਾ ਜ਼ਿਲ੍ਹੇ ਵਿੱਚ ਕਰ ਦਿੱਤਾ ।ਵਿਆਹ ਵਿੱਚ ਕੁਝ ਹੀ ਦਿਨ ਬਾਕੀ ਸਨ ਕਿ ਮੁੰਡੇ ਵਾਲਿਆਂ ਨੇ ਵਿਚੋਲੇ ਨੂੰ ਫੋਨ ਕਰ ਦਿੱਤਾ ਕੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਕੂੜੀ ਦਾ ਪਿਤਾ ਪੱਤਰਕਾਰ ਹੈ। ਉਹਨਾਂ ਦੀ ਨਜ਼ਰ ਵਿੱਚ ਪੱਤਰਕਾਰ ਚਾਲੂ ਜਿਹੀ ਕਿਸਮ ਦੇ ਬੰਦੇ ਹੁੰਦੇ ਹਨ । ਵਿਚੋਲੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨੂੰ ਵੀ ਪੈ ਨਿਕਲੇ ਕਿ ਉਹਨਾਂ ਨੂੰ ਧੋਖੇ ਵਿਚ ਰੱਖਿਆ ਗਿਆ ਹੈ। ਉਹ ਇੱਕੋ ਹੀ ਰੱਟ ਲਾਈ ਜਾਣ ਕੇ ਪੱਤਰਕਾਰ ਤਾਂ ਬਲ਼ੈਕ ਮੇਲਰ ਕਿਸਮ ਦੇ ਬੰਦੇ ਹੂੰਦੇ ਹਨ ਇਸ ਲਈ ਵਿਆਹ ਹੋ ਜਾਣ ਤੇ ਕੁੜੀ ਦਾ ਪਿਓ ਸਾਨੂੰ ਵੀ ਗੱਲ ਗੱਲ ਤੇ ਬਲ਼ੇਕ ਮੇਲ ਕਰੇਗਾ। ਫਿਰ ਕਈ ਹੋਰ ਬੰਦੇ ਵਿਚ ਪਾ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕੁੜੀ ਦਾ ਪਿਓ  ਪੱਤਰਕਾਰ ਹੋਣ ਦੇ ਬਾਵਜੂਦ ਵੀ ਇਮਾਨਦਾਰ ਤੇ ਭਲੇ ਮਾਨਸ ਹੈ ਤਾਂ ਜਾ ਕੇ ਇਹ ਰਿਸ਼ਤਾ ਸਿਰੇ ਚੜਿਆ। ਇਸ ਘਟਨਾ ਨੇ ਮੈਨੂੰ ਇਸ ਗੱਲ ਦਾ ਤੀਬਰ ਅਹਿਸਾਸ ਕਰਵਾਇਆ ਕਿ ਆਮ ਲੋਕਾਂ ਦਾ ਪੱਤਰਕਾਰਾਂ ਬਾਰੇ ਕੀ ਨਜ਼ਰੀਆ ਹੈ।ਦੋਸਤ ਪੱਤਰਕਾਰ ਨੂੰ ਮੈਂ ਨਿੱਜੀ ਤੌਰ ’ਤੇ ਜਾਣਦਾ ਸਾਂ ਕਿ ਉਹ ਤਾਂ ਸ਼ੌਕੀਆ ਤੌਰ ’ਤੇ ਹੀ ਪੱਤਰਕਾਰੀ ਕਰਦਾ ਹੈ ਤੇ ਇਮਾਨਦਾਰ ਬੰਦਾ ਹੈ ਪਰ ਮੇਰੀ ਜਾਣਕਾਰੀ  ਪੱਤਰਕਾਰਾਂ ਬਾਰੇ ਬਣੀ ਆਮ ਲੋਕਾਂ ਦੀ ਧਾਰਨਾ ਨੂੰ ਤਾਂ ਨਹੀਂ ਬਦਲ ਸਕਦੀ।


 ਇਸ ਘਟਨਾ ਤੋਂ ਬਾਦ ਮੈ ਗੰਭੀਰਤਾਂ ਨਾਲ ਸੋਚਣ ਲੱਗਾ ਕਿ ਜਿਹੜੇ ਲੋਕ ਮੈਨੂੰ ਨਿੱਜੀ ਤੌਰ ’ਤੇ ਨਹੀਂ ਜਾਣਦੇ ਉਹਨਾਂ ਦੀ ਨਜ਼ਰਾਂ ਵਿੱਚ ਮੈ ਵੀ ਚਾਲੂ ਕਿਸਮ ਦਾ ਬਲ਼ੈਕਮੇਲਰ ਬੰਦਾ ਹੀ ਹੋਵਾਂਗਾ ।ਮੇਰੇ ਮਨ ਵਿਚ ਇਹ  ਖਿਆਲ ਵਾਰ ਵਾਰ ਆਉਣ ਲੱਗੇ ਕਿ ਕੱਲ ਨੂੰ ਮੈ ਵੀ ਆਪਣੇ ਪੁੱਤਰਾਂ ਦੇ ਵਿਆਹ ਕਰਨੇ ਹਨ। ਸੰਭਵ ਹੈ ਕਿ ਮੇਰੀ ਪੱਤਰਕਾਰੀ ਉਹਨਾਂ ਦੇ ਰਿਸਤਿਆਂ ਵਿੱਚ ਰੁਕਾਵਟ ਪਾ ਦੇਵੇ।ਇਸ ਘਟਨਾ ਤੋਂ ਬਾਦ ਪਹਿਲਾ ਕੰਮ ਮੈਂ ਇਹ ਕੀਤਾ ਕਿ ਅਪਣੇ ਘਰ ਦੇ ਬਾਹਰ ਲੱਗੀ ਉਹ ਤੱਖਤੀ ਉਤਾਰ ਦਿੱਤੀ ਜਿਸ ’ਤੇ ਮੇਰੇ ਨਾਂ ਹੇਠ ਪੱਤਰਕਾਰ ਲਿਖਿਆ ਸੀ ਮੈਂ ਸੋਚਿਆ ਜਿਹੜੇ ਲੋਕ ਇਹ ਗੱਲ ਨਹੀਂ ਜਾਣਦੇ ਕਿ ਮੈਂ ਪੱਤਰਕਾਰ ਹਾਂ ਘੱਟੋ ਘੱਟ ਉਹਨਾਂ ਦੀਆਂ ਨਜ਼ਰਾਂ ਵਿੱਚ ਤਾਂ ਮੈਂ ਅਮਨ ਪਸੰਦ ਸ਼ਹਿਰੀ ਬਣਿਆ ਰਹਾਂ।ਇੱਕ ਪਲ ਲਈ ਤਾਂ ਮੈ ਇਹ ਵੀ ਸੋਚਿਆ ਕਿ ਅਖ਼ਬਾਰ ਨੂੰ ਖ਼ਬਰਾਂ ਭੇਜਣੀਆਂ ਬੰਦ ਕਰਕੇ ਕੇਵਲ   ਲੇਖ –ਕਹਾਣੀਆਂ ਲਿਖ ਕੇ ਆਪਣਾ ਭੁਸ ਪੂਰਾ ਕਰਦਾ ਰਹਾਂ ਪਰ ਦੂਸਰੇ ਪਲ ਮੈਂ ਆਪਣਾ ਇਰਾਦਾ ਬਦਲ ਲਿਆ  । 25 ਸਾਲ ਤੋਂ ਲੱਗੇ ਨਸ਼ੇ ਨੂੰ ਇੱਕ ਦਮ  ਛੱਡਣਾਂ ਕਿਹੜਾ ਸੌਖਾ ਕੰਮ ਹੈ।

 ਲੇਖ ਲਿਖਦਿਆਂ ਮੈਂਨੂੰ ਆਪਣੇ ਇੱਕ ਦੋਸਤ ਵੱਲੋਂ ਹਾਸੇ ਹਾਸੇ ਵਿਚ ਕੀਤੀ ਪੱਤਰਕਾਰਾਂ ਬਾਰੇ ਇੱਕ ਗੰਭੀਰ ਟਿੱਪਣੀ ਵੀ ਯਾਦ ਆ ਰਹੀ ਹੈ। ਸੱਤਾ ਧਾਰੀ ਪਾਰਟੀ ਦੇ ਕੁਝ ਆਗੂ ਮੈਨੂੰ ਮਿਲਣ ਆਏ ਤਾਂ ਮੇਰਾ ਦੋਸਤ ਵੀ ਕੋਲ ਬੈਠਾ ਸੀ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਦੋਸਤ ਨੇ ਕਿਹਾ “ ਬਈ ਬੜੀਆਂ ਸਲਾਮਾਂ ਹੁੰਦੀਆ ਨੇ ਤੁਹਾਨੂੰ ਤਾਂ- ਤੁਸੀਂ ਤਾਂ ਪੂਰੇ ਗੁੱਗੇ ਪੀਰ ਹੋ”। ਫਿਰ ਉਸ ਹੱਸਦਿਆ ਆਪਣੀ ਗੱਲ ਦੀ ਵਿਆਖਿਆ ਕਰ ਦਿੱਤੀ ਕਿ ਗੁੱਗੇ(ਸੱਪ) ਦੀ ਪੂਜਾ ਕੋਈ ਇਸ ਲਈ ਨਹੀ ਕਰਦਾ ਕੇ ਉਸ ਨੂੰ ਸੱਪਾਂ ਨਾਲ ਪਿਆਰ ਹੁੰਦਾ ਹੈ ਇਹ ਪੂਜਾ ਇਸ ਲਈ ਕੀਤੀ ਜਾਂਦੀ ਹੈ ਕਿ ਸਾਰੇ ਉਸ ਦੇ ਡੰਗ ਤੋਂ ਡਰਦੇ ਹਨ। ਦੋਸਤਾਂ ਨੇ ਹਾਸੇ ਹਾਸੇ ਵਿੱਚ ਹੀ ਮੇਰੇ ਸਮੇਤ ਸਾਰੀ ਪੱਤਰਕਾਰਾਂ ਨੂੰ ਹੁੰਦੀਆ ਸਲਾਮਾਂ ਪਿੱਛੇ ਛੁਪਿਆ ਕੌੜਾ ਸੱਚ ਉਜਾਗਰ ਕਰ ਦਿੱਤਾ ।

 ਇਹਨਾਂ ਪੱਚੀ ਸਾਲਾਂ ਵਿੱਚ ਮੈਂ ਪੱਤਰਕਾਰਾਂ ਦਾ ਅਕਸ ਤੇਜ਼ੀ ਨਾਲ ਨਾਇਕਤਵ ਤੋਂ ਖਲਨਾਇਤਵ ਵਿੱਚ ਰੂਪਾਂਤਰਣ ਹੁੰਦਿਆ ਵੇਖਿਆ ਹੈ।ਅਜਿਹਾ ਕਿਉਂ ਹੋਇਆ ਹੈ ਇਹ ਜਾਨਣ ਲਈ ਵਧੇਰੇ ਗਹਿਰਾਈ ਵਿੱਚ ਜਾਣ ਦੀ ਲੋੜ ਨਹੀਂ ਹੈ। ਪੂੰਜੀਵਾਦੀ ਯੁਗ ਦੇ ਵਿਅਕਤੀਵਾਦੀ ਸਰੋਕਾਰਾਂ ਨੇ ਪੈਸੇ ਨੂੰ ਹੀ ਰੱਬ ਬਣਾ ਲਿਆ ਤਾਂ ਸਮਾਜ ਦੇ ਹੋਰ ਵਰਗਾਂ ਵਾਂਗ ਪੱਤਰਕਾਰ ਵੀ ਇਸ ਵਹਿਣ ਵਿੱਚ ਵਹਿ ਗਏ। ਪੈਸੇ ਰੂਪੀ ਰੱਬ ਲਈ ਸੱਤਾ ਦਾ ਦੁਰਉਪਯੋਗ ਸ਼ੁਰੂ ਹੋਇਆ ਤਾਂ ਪੱਤਰਕਾਰਾਂ ਨੇ ਵੀ ਕਲਮ ਦੀ ਸਤਾ ਦੇ ਬਲਬੂਤੇ ’ਤੇ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ।ਭਾਵੇਂ ਬਹੁਤ ਸਾਰੇ ਪੱਤਰਕਾਰ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਅਸੂਲ ਪ੍ਰਸਤ ਪੱਤਰਕਾਰੀ ਦੇ ਫ਼ਰਜ਼ਾ ਨੂੰ ਨਿਭਾਇਆ ਵੀ ਤੇ ਹੁਣ ਵੀ ਨਿਭਾ ਰਹੇ ਹਨ ਪਰ ਵਧੇਰੇ ਪੱਤਰਕਾਰ ਆਪਣੇ ਚਾਹ ਪਾਣੀ ਦਾ ਜੁਗਾੜ ਕਰਨ ਦੇ ਚੱਕਰ ਵਿੱਚ ਹੀ ਪਏ ਰਹੇ।ਜਦੋਂ ਪੱਤਰਕਾਰਾਂ ਨੇ ਸਮਾਜ ਦੇ ਹਿੱਤਾ ਨਾਲੋਂ ਆਪਣੇ ਹਿੱਤਾਂ ਨੂੰ ਅੱਗੇ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਸਮਾਜ ਅਜਿਹੇ ਪੱਤਰਕਾਰਾਂ ਦਾ ਸਤਿਕਾਰ ਕਰੇ ਵੀ ਕਿਉਂ?

 ਮੈਂ ਸਮਝਦਾ ਹਾਂ ਕਿ ਪੱਤਰਕਾਰਤਾ ਦਾ ਖੇਤਰ ਸਾਨੂੰ ਸਤਿਕਾਰ ਤੇ ਪੈਸਾ ਦੋਹੇ ਚੀਜ਼ਾਂ ਦੇਂਦਾ ਹੈ । ਇਮਾਨਦਾਰ ਪੱਤਰਕਾਰ ਵੀ ਇਸ ਖੇਤਰ ਵਿਚ ਆਪਣੀ ਮਿਹਨਤ ਨਾਲ ਕੁਝ ਨਾ ਕੁਝ ਪੈਸਾ ਹਾਸਿਲ ਕਰਦੇ ਹਨ । ਹਰ ਮਿਆਰੀ ਅਖਬਾਰ ਜਾਂ ਟੀ.ਵੀ. ਚੈਨਲ ਪੱਤਰਕਾਰ ਦੀ ਮਿਹਨਤ ਬਦਲੇ ਉਸ ਨੂੰ ਪੈਸੇ ਜ਼ਰੂਰ ਦੇਂਦਾ ਹੈ। ਜੇ ਅੱਜ ਦੀ ਪੱਤਰਕਾਰੀ ਪੀਲੀਆ ਰੋਗ ਤੋਂ ਪੀੜਤ ਹੈ ਤਾਂ ਅਸੀਂ ਸਾਰਾ ਦੋਸ਼ ਸਿਸਟਮ ਦੇ ਸਿਰ ਮੜ੍ਹ ਕੇ ਆਪ ਦੋਸ਼ਮੁਕਤ ਨਹੀਂ ਹੋ ਸਕਦੇ। ਇਹ ਤਾਂ ਸਾਡੀ ਜ਼ਮੀਰ ’ਤੇ ਨਿਰਭਰ ਹੈ ਕਿ ਅਸੀਂ ਬਲ਼ੈਕਮੇਲਿੰਗ ਜਾਂ ਸਾਫ ਸੁਥਰੀ ਪੱਤਰਕਾਰੀ ਵਿੱਚੋਂ ਕਿਹੜੀ ਪਸੰਦ ਚੁਣਦੇ ਹਾਂ। ਜੇ ਅਸੀ ਆਪਣੀ ਜ਼ਮੀਰ ਨੂੰ ਮਾਰ ਕੇ ਕੇਵਲ ਪੈਸੇ ਨੂੰ ਹੀ ਪ੍ਰਮੁੱਖਤਾ ਦੇਵਾਂਗੇ ਤਾਂ ਸਾਡਾ ਸਨਮਾਨ ਘੱਟਣਾ ਹੀ ਘੱਟਣਾ ਹੈ।ਜਦੋਂ ਪੱਤਰਕਾਰਤਾ ਦੇ ਹਮਾਮ ਵਿੱਚ ਨੰਗਿਆਂ  ਦੀ ਗਿਣਤੀ ਵੱਧ ਰਹੀ ਹੈ ਤਾਂ ਪਹਿਲੀ ਨਜ਼ਰੀਂ ਲੋਕ ਉਹਨਾਂ ਪੱਤਰਕਾਰਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪੈਂਦੇ ਹਨ ਜਿਹਨਾਂ ਨੇ ਕੱਪੜੇ ਪਾਏ ਹੋਏ ਹਨ ਪਰ ਸਮਾਂ ਆਉਣ ’ਤੇ ਸਾਫ ਸੁਥਰੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ  ਆਪਣੀ ਵੱਖਰੀ ਪਹਿਚਾਣ ਬਣਾ ਹੀ ਲੈਂਦੇ ਹਨ। ਇਮਾਨਦਾਰੀ ਕਦੇ ਪੂਰਨ ਰੂਪ ਵਿੱਚ ਨਹੀਂ ਮਰਦੀ।  ਭੱਠ ਪਿਆ ਸੋਨਾ, ਜਿਹੜਾ ਕੰਨਾ ਨੂੰ ਖਾਵੇ। ਜੇ  ਮੂੰਹ ’ਤੇ ਸਾਨੂੰ ਸਲਾਮਾਂ ਕਰਨ ਵਾਲੇ ਲੋਕ ਪਿੱਠ ਪਿੱਛੇ ਸਾਨੂੰ ਮਣਾਂ ਮੂੰਹੀ ਗਾਲ੍ਹਾਂ ਕੱਢਦੇ ਹਨ ਤਾਂ ਅਜਿਹੀਆਂ ਸਲਾਮਾਂ ਦਾ ਕੀ ਫਾਇਦਾ? ਆਓ ਆਪਾਂ ਸਾਰੇ ਲੋਕਤੰਤਰ ਦੇ ਇਸ ਚੌਥੇ ਥੰਮ ਨੂੰ ਮਜ਼ਬੂਤ ਕਰਨ ਲਈ ਅੱਗੇ ਆਈਏ।
                               
              ਸੰਪਰਕ:  89682 82700

Comments

Pf HS Dimple

From the perusal of your article, I have learnt that you are not the stuff, most of the mediapersons are made of. I feel so pleasant that there exist such reporters even today, for whom jounalism is a committment and not 'just' a profession. Hats off, Boha ji!

kamal

Punjabi comrades have ruled Punjabi journalism to a great extent. They must be responsible for the downfall in the ethics of Journalism to some extent. Punjabi comrades have also ruled the employees Unions of the Government Departments in Punjab and none of such unions ever raised any voice against the harassment of common man in the government departments. There must be a link between the corruption in both journalism and Government Department directly with the Punjabi Comrades.

mintu khurmi

boha ji bilkul sahi likhia kujh pile patarkaran ne sachi patarkari nun badnam kr ditta hai

Tayyab Sheikh

ਜਿੱਥੇ ਲੋਕ ਰਾਜ ਦੇ ਨੇਮਾਂ ਤੇ ਆਮਲ਼ ਨਹੀਂ ਹੋਂਦਾ ਓਥੇ ਹੰਜ ਈ ਹੋਂਦਾ ਏ, ਮੰਦੇ ਭਾਗਾਂ ਪਾਰੋਂ

Surjit Gag

ਹੋਰ ਵੀ ਬਹੁਤ ਕੁੱਝ ਸੀ, ਜੋ ਰਹਿ ਗਿਆ ਹੈ ਕਹੇ ਬਿਨਾਂ। ਗੱਲ ਸਿਰਫ ਪੱਤਰਕਾਰਾਂ ਤੱਕ ਹੀ ਸੀਮਿਤ ਕਰ ਕੇ ਅਪਣੇ ਆਪ ਤੱਕ ਸੀਮਿਤ ਕਰ ਲਈ ਲੱਗਦੀ ਹੈ। 25 ਸਾਲ ਦੇ ਤਜ਼ਰਬੇ ਵਿੱਚੋਂ ਬਹੁਤ ਕੁੱਝ ਨਿਕਲ ਆਉਣਾ ਚਾਹੀਦਾ ਸੀ, ਜਾਂ ਤਾਂ ਕਾਹਲ ਕੀਤੀ ਗਈ ਹੈ ਤੇ ਜਾਂ ਓਹਲਾ ਰੱਖਿਆ ਗਿਆ ਹੈ। ਅਖਬਾਰਾਂ ਜਾਂ ਚੈਨਲ ਪੱਤਰਕਾਰਾਂ ਤੇ ਜੋ ਬੋਝ ਲੱਦਦੇ ਹਨ, ਜਾਂ ਪੱਤਰਕਾਰਾਂ ਨੂੰ ਮਜ਼ਬੂਰ ਕਰ ਦਿੰਦੇ ਹਨ, ਉਸ ਬਾਰੇ ਜ਼ਿਕਰ ਹੀ ਨਹੀਂ ਕੀਤਾ ਗਿਆ। ਲੇਖ ਨੂੰ ਇੱਕ ਪਾਸੜ ਤਾਂ ਨਹੀਂ ਕਿਹਾ ਜਾ ਸਕਦਾ ਪਰ ਅਧੂਰਾ ਜ਼ਰੂਰ ਰਹਿ ਗਿਆ ਹੈ। ਪੱਤਰਕਾਰਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਚਾਨਣਾ ਨਹੀਂ ਪਾਇਆ ਗਿਆ, ਤੁਹਾਡੇ ਕੋਲੋਂ ਇਸ ਦੀ ਆਸ ਸੀ। ਇੰਝ ਜਾਪਦਾ ਹੈ ਕਿ ਸਿਰ ਪਲੋਸ ਕੇ ਵਾਲ ਪੁੱਟਣ ਦਾ ਦਿਖਾਵਾ ਕੀਤਾ ਗਿਆ ਹੈ ਉਪਰੋਕਤ ਲੇਖ ਵਿੱਚ। ਮੀਡੀਆ ਭਾਰਤੀ ਲੋਕਤੰਤਰ ਦਾ ਚੋਥਾ ਥੰਮ ਹੈ। ਲੋਕਤੰਤਰ ਦੇ ਅਰਥਾਂ ਤੋਂ ਹਰ ਸੂਝਵਾਨ ਵਿਅਕਤੀ ਭਲੀਭਾਂਤ ਜਾਣੂ ਹੈ। ਪੱਤਰਕਾਰੀ ਇੱਕ ਜ਼ਿੰਮੇਵਾਰੀ ਦੇ ਨਾਲ ਨਾਲ ਮਿਸ਼ਨ ਵੀ ਹੈ। ਦੇਸ਼ ਸੇਵਾ ਵੀ ਹੈ। ਪਰ ਇਹ ਪੀਲੀਏ ਦਾ ਸ਼ਿਕਾਰ ਕਿਉਂ ਤੇ ਕਿਵੇਂ ਹੋ ਗਈ ਇਸ ਬਾਰੇ ਵਿਸਥਾਰ ਵਿੱਚ ਜਾਣ ਦੀ ਲੋੜ ਸੀ। ਪੱਤਰਕਾਰਾਂ ਨੂੰ ਉਪਰੋਕਤ ਲੇਖ ਤੋਂ ਸੇਧ ਤਾਂ ਮਿਲ ਸਕਦੀ ਹੈ ਪਰ ਜੋ ਹਲੂਣਾ ਮਿਲਣਾ ਚਾਹੀਦਾ ਸੀ ਉਹ ਨਦਾਰਦ ਹੈ। ਇੱਕ ਕਹਾਵਤ ਹੈ ਕਿ ਪਟਵਾਰੀ ਦਾ ਕੁੱਤਾ ਮਰੇ ਤੋਂ ਸਾਰਾ ਪਿੰਡ ਅਫਸੋਸ ਕਰਨ ਪਟਵਾਰੀ ਦੇ ਘਰੇ ਜਾਂਦਾ ਹੈ ਅਤੇ ਜਿਸ ਦਿਨ ਪਟਵਾਰੀ ਦੀ ਮੌਤ ਹੁੰਦੀ ਹੈ, ਕੋਈ ਵੀ ਨਹੀਂ ਢੁੱਕਦਾ। ਇਹੋ ਕਹਾਵਤ ਹੁਣ ਇੰਨ-ਬਿੰਨ ਪੱਤਰਕਾਰਾਂ ਤੇ ਲਾਗੂ ਹੋਣ ਲੱਗ ਪਈ ਹੈ।

ਨਿਰੰਜਣ ਬੋਹਾ

ਸੁਰਜੀਤ ਗੱਗ ਜੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ। ਲੇਖ ਵਿੱਚ ਹੋਰ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਮੈ ਇੱਕੋ ਲੇਖ ਵਿੱਚ ਅਪਣੇ 25 ਸਾਲ ਦੇ ਅਨੁਭਵ ਨੂੰ ਨਹੀ ਸਮੇਟਣਾ ਚਾਹੁੰਦਾ । ਮੈ ਕਿਸਤਾ ਵਿਚ ਇਸ ਖੇਤਰ ਦੀਆਂ ਵੱਖ ਵੱਖ ਪਰਤਾਂ ਫਰੋਲਣ ਦੀ ਕੋਸ਼ਿਸ ਕਰਾਂਗਾ

Surjit Gag

yes you are great ਤੁਸੀਂ ਇਹ ਕਰ ਸਕਦੇ ਹੋ

charanjit Singh Teja

ਅਫਸੋਸ ਹੈ ਕਿ ਲੇਖਕ 25 ਸਾਲ ਦੇ ਤਜ਼ਰਬੇ ਪਿਛੋਂ ਇਹ ਨਹੀਂ ਜਾਣ ਸਕਿਆ ਕਿ ਪੰਜਾਬੀ 'ਚ ਸਾਡੇ ਬਜ਼ੁਰਗ ਪਤਰਕਾਰਾਂ ਨੇ ਜਰਨਲਿਜਮ ਲਈ ਸ਼ਬਦ ਘੜਿਆ ਸੀ ਪੱਤਰਕਾਰੀ ਪਰ ਇਹ ਜਨਾਲ ਲਿਖ ਰਹੇ ਨੇ ਪਤਿਰਕਾਰਿਤਾ.... ਇਹਨਾਂ ਵੱਲੋਂ ਸਾਂਝੇ ਕੀਤੇ ਤਜ਼ਰਬੇ ਸੱਚੇ ਹੋਣਗੇ ..ਪਰ ਇਨਾਂ ਦੀ ਪਤਰਕਾਰੀ ਬਾਰੇ ਸ਼ਮਝ ਇਨ੍ਹਾਂ ਦੇ ਇਕ ਸ਼ਬਦ ਨੇ ਹੀ ਜ਼ਾਹਰ ਕਰ ਦਿਤੀ .........ਪਤਿਰਕਾਰਿਤਾ.....ਕੋਈ ਔਖਾ ਜਿਹਾ ਸ਼ਬਦ ਲੱਭਣਾ ਸੀ ਸੰਸਕਿ੍ਤ ਦਾ ..ਪਤਰਕਾ੍ਯਾਕਰਤਯਵ ..........ਹਾ ਹਾ ਹਾ e

ਰੋਹਿਤ

ਪੱਤਰਕਾਰਿਤਾ ਨੂੰ ਜਾਣ ਬੁਝ ਕਿ ਪਤਿਰਕਾਰਤਾ ਬਣਾਉਣ ਤੋ ਹੀ ਪਤਾ ਲੱਗ ਜਾਂਦਾ ਹੈ ਕਿ ਤੁਸੀਂਇਸ ਵਿਚ ਗੰਭੀਰਤਾ ਨਾਲ ਸ਼ਾਮਿਲ ਹੋਏ ਹੋ ਜਾਂ ਸ਼ਰਾਰਤ ਨਾਲ।ਹਾ ਹਾ ਹੀ ਹੀ ਦੀ ਭਾਸਾਂ ਵੀ ਸੰਵਾਦਕ ਨਹੀ ਹੈ। ਪੱਤਰਕਾਰੀ ਤੇ ਪੱਤਰ ਕਾਰਿਤਾ ਸਮਾਨ ਅਰਥੀ ਸ਼ਬਦ ਹਨ।

ਇਕਬਾਲ

ਨਿਰੰਜਨ ਜੀ ਆਪ ਜੀ ਦੇ ਹੀ ਲੇਖ ਵਿੱਚ "ਇੱਕ ਪਲ ਲਈ ਤਾਂ ਮੈ ਇਹ ਵੀ ਸੋਚਿਆ ਕਿ ਅਖ਼ਬਾਰ ਨੂੰ ਖ਼ਬਰਾਂ ਭੇਜਣੀਆਂ ਬੰਦ ਕਰਕੇ ਕੇਵਲ ਲੇਖ –ਕਹਾਣੀਆਂ ਲਿਖ ਕੇ ਆਪਣਾ ਭੁਸ ਪੂਰਾ ਕਰਦਾ ਰਹਾਂ ਪਰ ਦੂਸਰੇ ਪਲ ਮੈਂ ਆਪਣਾ ਇਰਾਦਾ ਬਦਲ ਲਿਆ । 25 ਸਾਲ ਤੋਂ ਲੱਗੇ ਨਸ਼ੇ ਨੂੰ ਇੱਕ ਦਮ ਛੱਡਣਾਂ ਕਿਹੜਾ ਸੌਖਾ ਕੰਮ ਹੈ।" ਪੱਤਰਕਾਰੀ ਦਾ ਵੀ ਨਸ਼ਾ ਹੁੰਦਾ ਹੈ ? ....... ਜਿਆਦਾਤਰ ਜੋ ਲੋਕ ਪੱਤਰਕਾਰੀ ਬਾਰੇ ਸੋਚਦੇ ਹਨ ਉਹ ਇਹੋ ਹੈ ਕਿ ਇਹ ਇਮਾਨਦਾਰੀ ਵਾਲਾ ਕੰਮ ਨਹੀਂ ਹੋ ਵੀ ਨਹੀਂ ਸਕਦਾ ਹਾਲੇ ਜੇਹੇ ਹਾਲਤ ਹਨ ਸਾਡੇ ਸਾਹਮਣੇ ਕੋਈ ਲੱਖ ਇਮਾਨਦਾਰੀ ਦਾ ਢੋਲ ਪਿੱਟੀ ਜਾਵੇ | ਮੈਨੂੰ ਪਤਾ ਹੈ ਕਿ ਇੱਕ ਸਪਲੀਮੈਂਟ ਪੱਤਰਕਾਰ ਨੂੰ ਕਿਵੇਂ ਮੰਗਤਾ ਬਣਾ ਦਿੰਦਾ ਹੈ | ਫਿਰ ਵੀ ਕੁਝ ਕਲਮਾਂ ਹਨ ਜਿੰਨਾ ਨੇ ਸਚ ਦਾ ਪੱਲਾ ਨਹੀਂ ਛੱਡਿਆ ਆਪਣੀ ਜਾਨ ਤੱਕ ਜੋਖਮ ਵਿੱਚ ਪਾਕੇ ਪਰ ਦਿਲ ਨਹੀਂ ਕਰਦਾ ਕਿ ਉਹਨਾਂ ਨੂੰ ਪੱਤਰਕਾਰ ਦੇ ਨਾਮ ਨਾਲ ਪੁਕਾਰਿਆ ਜਾਵੇ ਜਿਆਦਾਤਰ ਹਮਾਮ ਵਿੱਚ ਸਭ ਨੰਗੇ ਹਨ ਵਾਲੀ ਗੱਲ ਹੀ ਹੈ |

ਨਿਰੰਜਣਬੋਹਾ

ਇਕਬਾਲ ਜੀ , ਤੁਸੀ ਸਤੁੰਤਰ ਹੋ ਕਿ ਤੁਸੀ ਮੇਰੇ ਬਾਰੇ ਕੀ ਸੋਚਦੇ ਹੋ। ਪਰ ਇਹ ਹਕੀਕਤ ਹੈਮੈ ਸਪਲੀਮੈਂਟ ਕਲਚਰ ਦਾ ਤੁਹਾਡੇ ਜਿੰਨਾ ਹੀ ਵਿਰੋਧੀ ਹਾਂ। 25 ਸਾਲਾਂ ਵਿਚ ਮੈਂ ਆਪਣੇ ਅਖਬਾਰ ਨੂਂ ਕੇਵਲ ਿੲਕ ਵਾਰ 20000 ਕੁ ਹਜ਼ਾਰ ਦਾ ਸਪਲੀ ਮੈਂਟ ਦਿੱਤਾਹੈ' ਉਹ ਵੀ ਮੰਗਤਾ ਬਣ ਕੇ ਤੇ ਨਾ ਹੀ ਬਲੈਕਮੇਲਰ ਬਣ ਕੇ। ਸਪਲੀਮੈਂਟ ਨਾ ਦੇਣ ਦੇ ਦੋਸ਼ ਅਧੀਨ ਮੈਂਨੂੰ ਇਕ ਅਖਬਾਰ ਦੀ ਪੱਤਰਕਾਰੀ ਛੱਡਣੀ ਵੀ ਪਈ ਹੈ।ਮੇਰੀ ਜ਼ਮੀਰ ਮੈਂਨੂੰ ਇਸ ਗੱਲ ਦੀ ਆਗਿਆ ਨਹੀਨ ਦੇਂਦੀ ਕਿ ਮੈ ਇਸਤਿਹਾਰਾਂ ਲਈ ਿਕਸੇ ਦੀਆਂ ਲੇਲੜੀਆਂ ਕੱਢਾਂ, ਪੁਰਾਣਾ ਪੱਤਰਕਾਰ ਹੋਣ ਕਰਕੇ ਅਖਬਾਰ ਸਪਲੀਮੈਂਟ ਲਈ ਮੇਰੇ ਤੇ ਵਧੇਰੇ ਦਬਾਅ ਨਹੀ ਪਾਉਂਦਾ ' ਜਦੋ ਮੰਗਤਾਬਨਣ ਦੀ ਨੌਬਤ ਆਈ ਮੈਂ ਪੱਤਰਕਾਰੀ ਛੱਡ ਦਿਆਂਗਾ।

ਇਕਬਾਲ

@ਨਿਰੰਜਨ ਬੋਹਾ ਜੀ ...ਤੁਸੀਂ ਸ਼ਾਇਦ ਮੇਰੇ ਸੰਖੇਪ ਲਿਖੇ ਨੂੰ ਗਹੁ ਨਾਲ ਨਹੀਂ ਪੜਿਆ ...ਜੇ ਮੈਂ ਜਾਤੀ ਤੌਰ ਤੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ ਤਾਂ ਇਸ ਲਈ ਸ਼ਰਮਿੰਦਾ ਹਾਂ ...ਮੇਰਾ ਗੱਲ ਕਰਨ ਦਾ ਅਰਥ ਇਹ ਸੀ ਕਿ ਜਦ ਇੱਕ ਪੱਤਰਕਾਰ ਸਪਲੀਮੈਂਟ ਲਈ ਕਿਸੇ ਥਾਣੇਦਾਰ, ਸਰਪੰਚ, ਪੰਚ ਦੇ ਬੂਹੇ ਤੇ ਜਾਣ ਲਈ ਮਜ਼ਬੂਰ ਹੋਵੇਗਾ ਸਿਰਫ ਉਸ ਪੇਜ ਨੂੰ ਪੂਰਾ ਕਰਨ ਲਈ ਜੋ ਉਸ 'ਤੇ ਉਸਦੇ ਨਾ ਚਾਹੁੰਦੇ ਹੋਏ ਵੀ ਥੋਪ ਦਿੱਤਾ ਗਿਆ ਹੈ ਤਾਂ ਭਵਿੱਖ ਵਿੱਚ ਉਸਦੀ ਕਲਮ ਦੀ ਨੋਕ ਉਹਨਾਂ ਖਿਲਾਫ਼ (ਜਿੰਨਾ ਤੋਂ ਇਸ ਪੇਜ ਲਈ ਪੈਸੇ ਲਏ) ਲਿਖਣ ਲੱਗੇ ਰੁਕੇਗੀ ਨਾ ਤਾਂ ਤਿੱਖੀ ਜਰੂਰ ਨਹੀਂ ਰਹੇਗੀ | ਇਹ ਟਿੱਪਣੀ ਪੱਤਰਕਾਰਾਂ ਤੋਂ ਵਧ ਇਸ ਸਪਲੀਮੈਂਟ ਵਾਲੇ ਵਰਤਾਰੇ ਤੇ ਸਵਾਲੀਆ ਨਿਸ਼ਾਨ ਜਰੂਰ ਕਸਦੀ ਹੈ ਬੇਸ਼ਕ ਮੈਨੂੰ ਇਹ ਵੀ ਪਤਾ ਹੈ ਕਿ ਇਸ ਵਿੱਚ ਇੱਕ ਪੱਤਰਕਾਰ ਦਾ ਕਮਿਸ਼ਨ ਵੀ ਹੁੰਦਾ ਹੈ | ਇੱਕ ਖ਼ਬਰ : Punjab News Online ਤੋਂ : ਪੱਤਰਕਾਰੀ ਨੂੰ ਪੀਲੀਆ ਹੋ ਗਿਆ, ਸੋਚਾਂ ਦੀ ਸਿਆਹੀ ਮੁੱਕ ਗਈ। ਮੈਂਟਰੋ ਸੂਅ ਕੰਪਨੀ ਨੇ ਸੋਅ ਰੋਮ ਦੇ ਉਦਾਘਾਟਨ ਦੀ ਖ਼ਬਰਾਂ ਲਗਵਾਉਂਣ ਲਈ ਪ੍ਰਤੀ ਪੱਤਰਕਾਰ 1 ਹਜ਼ਾਰ ਰੁਪਏ ਦਾ ਮੁਫ਼ਤ ਤੋਹਫ਼ਾ ਕੂਪਨ ਭੇਂਟ ਕੀਤਾ- 5 ਦਰਜ਼ਨ ਦੇ ਕਰੀਬ ਪੱਤਰਕਾਰਾਂ ਨੇ ਲਗਵਾਈ ਹਾਜ਼ਰੀ-ਜਥੇਬੰਦੀਆਂ ਦੀ ਕਵਰੇਜ਼ ਕਰਨ ਲਈ ਪੁੱਜਦੇ ਨੇ ਦੋ ਦਰਜ਼ਨ ਤੋਂ ਘੱਟ ਪੱਤਰਕਾਰ ਬਠਿੰਡਾ, ਬਲਜਿੰਦਰ ਕੋਟਭਾਰਾ, ਪੱਤਰਕਾਰਾਂ ਦਾ ਮੁੱਲ ਹਜ਼ਾਰ ਰੁਪਏ ਪਾਇਆ ਗਿਆ। ਲੋਕ ਗਾਇਕ ਜਗਸੀਰ ਜੀਦਾ ਜੀ ਦੀਆਂ ਤੁਕਾਂ, ''ਪੱਤਰਕਾਰੀ ਨੂੰ ਪੀਲੀਆ ਹੋ ਗਿਆ, ਸੋਚਾਂ ਦੀ ਸਿਆਹੀ ਮੁੱਕ ਗਈ।'' ਸਹੀ ਸਾਬਤ ਹੁੰਦੀਆਂ ਜਾਪੀਆਂ। ਜੁੱਤੇ ਤੇ ਹੋਰ ਸਮਾਨ ਬਣਾਉਂਣ ਦੀ ਵਿਸ਼ਾਲ ਕੰਪਨੀ ਮੈਂਟਰੋ ਸੂਅਜ਼ ਨੇ ਬਠਿੰਡਾ ਸਥਿਤ ਅੱਜ ਖੋਲੇ ਆਪਣੇ ਸ਼ੋਅ ਰੂਮ ਦੇ ਉਦਘਾਟਨ ਦੀ ਕੰਵਰੇਜ਼ ਕਰਵਾਉਂਣ ਲਈ ਨਵਾਂ ਤਰੀਕਾ ਖੋਜਦਿਆ ਪ੍ਰਤੀ ਪੱਤਰਕਾਰ ਇੱਕ ਹਜ਼ਾਰ ਰੁਪਏ ਦਾ ਮੁਫ਼ਤ ਤੋਹਫ਼ਾ ਕੂਪਨ ਭੇਂਟ ਕੀਤਾ ਗਿਆ। ਕੰਪਨੀ ਦੇ ਨੁਮਾਇੰਦਿਆਂ ਮੁਤਾਬਕ ਸਥਾਨਕ ਸ਼ਹਿਰ ਵਿੱਚ ਖੋਲੇ ਇਸ ਦੇ ਸ਼ੋਅ ਰੂਮ ਦੀ ਕੰਵਰੇਜ਼ ਕਰਨ ਲਈ ਸ਼ਹਿਰ ਦੇ ਕੋਈ 60 ਤੋਂ ਵੱਧ ਪੱਤਰਕਾਰ ਪੁੱਜੇ। ਜਿਹਨਾਂ ਵਿੱਚ ਬਿਜਲਈ, ਪ੍ਰਿੰਟ ਮੀਡੀਆ ਤੇ ਪ੍ਰੈਸ ਫ਼ੋਟੋਗ੍ਰਾਫ਼ਰ ਵੀ ਸ਼ਾਮਲ ਸਨ। ਕੰਪਨੀ ਦੀ ਇਹ ਪ੍ਰੈਸ ਕੰਨਫ਼ਰੰਸ ਕੇਵਲ ਆਪਣੇ ਉਤਪਾਦਕਾਂ ਦੇ ਪ੍ਰਚਾਰ ਤੋਂ ਵੱਧ ਕੁਝ ਨਹੀਂ ਸੀ। ਇਸ ਤੋਹਫ਼ਿਆਂ ਵਾਲੀ ਕੰਪਨੀ ਦੇ ਸੋਅ ਰੂਮ ਵਿੱਚ ਜਾਣ ਲਈ ਪੱਤਰਕਾਰਾਂ ਵਿੱਚ ਐਨੀ ਹੋੜ ਲੱਗੀ ਹੋਈ ਸੀ ਕਿ ਉਸ ਤੋਂ ਪਹਿਲਾ ਮਾਂ ਬੋਲੀ ਪੰਜਾਬੀ ਦੇ ਸਬੰਧ ਵਿੱਚ ਰੱਖ ਪ੍ਰੈਸ ਕਾਨਫ਼ਰੰਸ ਵਿੱਚ ਕੇਵਲ ਅੱਧੀ ਦਰਜ਼ਨ ਪੱਤਰਕਾਰ ਹੀ ਪੁੱਜੇ ਅਤੇ ਉਹਨਾਂ ਵਿੱਚੋਂ ਜਿਆਦਾਤਰ ਸ਼ੋਅ ਰੂਮ ਵਿੱਚ ਜਾਣ ਦੀ ਕਾਹਲੀ ਵਿੱਚ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਆਗੂ ਜਸਵੀਰ ਸਿੰਘ ਸੇਮਾ ਨਾਲ ਸੰਪਰਕ ਕਰਨ 'ਤੇ ਉਹਨਾਂ ਦੱਸਿਆ ਕਿ ਇਸ ਜਥੇਬੰਦੀ ਵੱਲੋਂ ਜਦੋਂ ਵੀ ਕੋਈ ਪ੍ਰੈਸ ਕਾਨਫ਼ਰੰਸ ਕੀਤੀ ਜਾਂਦੀ ਹੈ ਤਾਂ ਵੱਧ ਤੋਂ ਵੱਧ 20 ਦੇ ਕਰੀਬ ਪੱਤਰਕਾਰ ਪੁੱਜਦੇ ਹਨ ਅਤੇ ਉਹਨਾਂ ਵਿੱਚ ਹੀ 3-4 ਇਲਟਰੋਨਿਕ ਮੀਡੀਆ ਦੇ ਪੱਤਰਕਾਰ ਸ਼ਾਮਲ ਹੁੰਦੇ ਹਨ। ਪੱਤਰਕਾਰਾਂ ਨੂੰ ਦਿੱਤੇ ਗਏ ਕੂਪਨਾਂ ਵਿੱਚ ਇੱਕ ਕੂਪਨ ਵਾਪਸ ਹੋਣ ਦੀ ਵੀ ਖ਼ਬਰ ਹੈ, ਹੁਣ ਦੇਖਣਾ ਇਹ ਹੈ ਕਿ ਸ਼ਹਿਰ ਦੇ ਕਿੰਨੇ ਪੱਤਰਕਾਰ ਇਸ ਹਜ਼ਾਰ ਦੇ ਮੁੱਲ ਪਾਉਂਦੇ ਹਨ। ਪੰਜਾਬ ਹਿਊਮਨ ਰਾਈਟਸ ਕਮੇਟੀ ਦੇ ਜਨਰਲ ਸਕੱਤਰ ਕਾ. ਵੇਦ ਪ੍ਰਕਾਸ਼ ਗੁਪਤਾ ਨੇ ਇਸ ਵਰਤਾਰ ਦੀ ਨਿੰਦਿਆ ਕਰਦਿਆ ਕਿਹਾ ਕਿ ਮੀਡੀਆ ਦੀ ਸੇਲ ਲੱਗਦੀ ਜਾਂ ਰਹੀ ਹੈ, ਜੋ ਵੀ ਵੱਧ ਤੋਹਫ਼ੇ, ਵੱਧ ਰੁਪਏ ਜਾਂ ਵੱਧ ਬਿਜਨਿਸ ਦਿੰਦਾ ਹੈ ਉਸ ਨੂੰ ਹੀ ਛਾਪਿਆ ਜਾ ਰਿਹਾ। ਉਹਨਾਂ ਕਿਹਾ ਕਿ ਆਮ ਆਦਮੀ ਦੀ ਗੱਲ ਨੂੰ ਮੀਡੀਆ ਨੇ ਹਾਸ਼ੀਆ 'ਤੇ ਹੀ ਧੱਕ ਦਿੱਤਾ ਹੈ। ਜਗਤਾਰ ਸਾਲਮ ਦਾ ਇੱਕ ਸ਼ੇਅਰ: ਬਹੁਤ ਕੁਝ ਹੁੰਦੈ ਭਰੇ ਦਰਬਾਰ ਵਿੱਚ, ਜੋ ਨਹੀਂ ਛਪਦਾ ਕਿਸੇ ਅਖ਼ਬਾਰ ਵਿੱਚ। http://www.punjabinewsonline.com/share.php?a=3785

ਨਿਰੰਜਣ ਜੀ,

ਇਕਬਾਲ ਜੀ , ਬਲਜਿੰਦਰ ਕੋਟਭਾਰਾ ਜੀ ਦਿ ਿੲਹ ਰਿਪੋਰਟ ਮੈ ਪਹਿਲੋਂ ਵੀ ਚੁੱਕਾ ਹਾਂ , ਸਲਾਮ ਕੋਟਭਾਰਾ ਜੀ ਨੂੰ ਜਿਹਨਾਂ ਆਪਣੇ ਭਾਈ ਚਾਰੇ ਦੀ ਇਸ ਨਰਾਜ਼ਗੀ ਦੀ ਪ੍ਰਵਾਹ ਕੀਤੇ ਬਗੈਰ ਇਹ ਰਿਪੋਰਟ ਛਾਪੀ ਹੈ। ਇਸ ਵਿਚਲੀ ਸਚਾਈ ਤੋ ਅਸੀਂ ਭੱਜ ਨਹੀ ਸਕਦੇ। ਇਹ ਲੇਖ ਮੈ ਪੰਜਾਬੀ ਟ੍ਰਿਬਿਊਨ ਵਿਚ ਵੀ ਛੱਪਣ ਲਈ ਭੇਜਿਆ ਹੈ;ਮੇਰਾ ਅਗਲਾ ਲੇਖ ਸਪਲੀਮੈਂਟ ਕਲਚਰ ਬਾਰੇ ਹੀ ਹੋਵੇਗਾ ,ਕੋਈ ਅਖਬਾਰ ਤਾਂ ਸ਼ਾਇਦ ਇਸ ਨੂੰ ਨਾ ਛਾਪੇ। ਿਕਸੇ ਮਾਸਿਕ ਤ੍ਰੈ ਮਾਸਿਕ ਜਾਂ ਇੰਟਰ ਨੈਟ ਪਰਚੇ ਤੇ ਿੲਸ ਨੂੰ ਪ੍ਰਕਾਸਿਤ ਕਰਵਾ ਲਵਾਂਗੇ।

ਨਿਰੰਜਣ ਬੋਹਾ

ਭੁਲ ਦੀ ਸੋਧ- ਮੁਆਫ ਕਰਨਾ ਆਪਣੇ ਨਾਂ ਨਾਲ ਬੋਹਾ ਦੀ ਬਜਾਇ ਜੀ ਲਿੱਖ ਬੈਠਾ ਹਾਂ , ਜੀ ਸੰਬੋਧਨ ਮੈ ਇਕਬਾਲ ਲਈ ਵਰਤਣਾ ਸੀ ਪਰ ਅਚੇਤ ਪੱਧਰ 'ਤੇ ਆਪਣੇ ਨਾਂ ਨਾਲ ਵੀ ਜੋੜ ਬੈਠਾ।

Kulwinder Dhaliwal

ਸੱਚ ਬੋਲਣ ਨਾਲ ਬੰਦੇ ਦਾ ਰੁਤਬਾ ੳੁੱਚਾ ਹੁੰਦਾ ਹੈ,ਪਰ ਸੱਚ ਬੋਲਣਾ ਬਹੁਤ ਵੱਡੇ ਜਿਗ਼ਰੇ ਵਾਲੇ ਦਾ ਕੰਮ ਹੈ...

jaspal singh jassi

ਪੱਤਰਕਾਰੀ ਦੇ ਖੇਤਰ ਨਾਲ ਜੁੜਿਆਂ ਅੱਜ ਮੈਂਨੂੰ ਤਕਰੀਬਨ 12 ਸਾਲ ਹੋ ਗਏ ਨੇ...ਜਾਂ ਇੰਝ ਕਹਿ ਲਓ ਕਿ ਪੱਤਰਕਾਰਤਾ ਦੇ ਖੇਤਰ ਚ ਮੇਰੀ ਉਮਰ ਹਿੰਦੀ ਦੇ ਅਮਰ ਉਜਾਲਾ(ਪੰਜਾਬ ਚ) ਅਖਬਾਰ ਜਿੰਨੀ ਹੈ।ਨਿਰੰਜਣ ਬੋਹਾ ਜੀ ਦਾ ਵੱਡਾ ਬੇਟਾ ਸਕੂਲ ਚ ਮੇਰੇ ਤੋ ਸ਼ਾਇਦ 2 ਕਲਾਸਾਂ ਪਿੱਛੇ ਸੀ ਤੇ ਅਸੀ ਨਾਟਕਾਂ ਚ ਕੰਮ ਇਕੱਠੇ ਕਰਦੇ ਸਾਂ..ਸਕੂਲ ਅਧਿਆਪਕਾਂ ਤੋ ਨਿਰੰਜਣ ਬੋਹਾ ਜੀ ਦੀਆਂ ਸਿਫਤਾਂ ਸੁਣਕੇ ਮੇਰੇ ਮਨ ਵਿੱਚ ਵੀ ਪੱਤਰਕਾਰ ਬਣਨ ਦਾ ਚਾਅ ਪੈਦਾ ਹੋਇਆ।ਮੈਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾਂ ਕਿ ਮੈਨੂੰ ਨਿਰੰਜਣ ਬੋਹਾ ਜੀ ਵਰਗੀਆਂ ਮਹਾਨ ਸਖਸ਼ੀਅਤਾਂ ਦੇ ਸ਼ਹਿਰ ਚ ਪੱਤਰਕਾਰਤਾ ਕਰਨ ਦਾ ਮੌਕਾ ਮਿਲਿਆ ਪਰ ਉਕਤ ਸਮੇਂ ਦੌਰਾਨ ਅਹਿਮ ਘਟਨਾਵਾਂ ਤੇ ਸਮਾਜਿਕ ਮੁੱਦਿਆਂ ਬਾਰੇ ਕਈ ਵਾਰ ਆਪਣੇ ਧਰਮ ਤੋ ਪਿੱਛੇ ਹਟਦਿਆਂ ਦੇਖਿਆ।ਅੱਜ ਸਮਝ ਆਇਆ ਕਿ ਨਿਰੰਜਣ ਜੀ ਇਸ ਤਰਾਂ ਕਿਉਂ ਕਰਦੇ ਰਹੇ।

ਨਿਰੰਜਣ ਬੋਹਾ

ਜੱਸੀ ਬੇਟੇ ਮੇਨੂੰ ਤੇਰੀ ਿਨੱਡਰ ਕਿਸਮ ਦੀ ਪੱਤਰਕਾਰੀ ਤੇ ਮਾਣ ਹੈ। ਹਰ ਸਮਾਜਿਕ ਘਟਣਾ ਨੂੰ ਵੇਖਣ ਦਾ ਆਪਣਾ ਆਪਣਾ ਨਜ਼ਰੀਆਂ ਹੂੰਦਾ ਹੈ। ਜੇ ਤੈਨੂੰ ਲੱਗਿਆ ਹੈ ਕਿ ਮੈਂ ਿਕਸੇ ਨਿਜ਼ੀ ਲਾਲਚ ਅਧੀਨ ਕਦੇ ਆਪਣੇ ਦਰਮ ਤੋ ਪਿੱਛੈ ਹੱਟਿਆ ਹਾਂ ਤਾਂ ਬੇ ਝਿਝਕ ਲਿੱਖੀ

jaspal singh jassi

ਅੰਕਲ ਜੀ ਤੁਹਾਡੀ ਇਮਾਨਦਾਰੀ ਤੇ ਕਿਸੇ ਨੂੰ ਵੀ ਕੋਈ ਸ਼ੱਕ ਨਹੀ ਹੈ।ਪੱਤਰਕਾਰਤਾ ਦੇ ਖੇਤਰ ਚ ਅੱਜ ਜੋ ਮੈਂ ਹਾਂ ਇਸ ਵਿੱਚ ਬਹੁਤ ਵੱਡਾ ਯੋਗਦਾਨ ਆਪ ਜੀ ਦਾ ਹੈ।ਜੇ ਕਿਧਰੇ ਤੁਹਾਡਾ ਸਹਿਯੋਗ ਨਾ ਮਿਲਿਆ ਹੁੰਦਾ ਤਾਂ ਸ਼ਾਇਦ ਮੈਂ ਇਹ ਨਹੀ ਸੀ ਹੋਣਾਂ ਪਰ ਮੈਂਨੂੰ ਕਿਤੇ ਕਿਤੇ ਲਗਦੈ ਕਿ ਪੱਤਰਕਾਰਤਾ ਦਾ ਧਰਮ ਨਿਭਾਉਦੇ ਸਮੇ ਤੁਸੀ ਸਮਾਜਿਕ ਜੋਖਮ ਲੈਣ ਤੋ ਬਚਦੇ ਹੋ।ਮੈਂਨੂੰ ਇਹ ਵੀ ਲਗਦੈ ਕਿ ਪੱਚੀ ਸਾਲ ਦੀ ਸਾਫ ਸੁਥਰੀ ਪੱਤਰਕਾਰਤਾ ਦੇ ਸਫਰ ਤੇ ਉਮਰ ਦੇ ਲਿਹਾਜ ਨਾਲ ਪੱਤਰਕਾਰੀ ਦੌਰਾਨ ਸਮਾਜਿਕ ਜੋਖਮਾਂ ਤੋ ਬਚ ਬਚਾਅ ਲਾਜਮੀ ਬਣ ਜਾਂਦਾ ਹੈ।ਤੁਹਾਡੀ ਪੱਤਰਕਾਰਤਾ ਤੇ ਇਮਾਨਦਾਰੀ ਨੂੰ ਸਲਾਮ...

Gurbinder Plaha

Hale V Bahut Kujh Baaki E..........Raat Abhi Baaki e.......Baat Abhi Baaki E..........

Jass Brar Raj

https://www.facebook.com/photo.php?fbid=331069590328938&set=a.261360757299822.40573.177584119010820&type=1&theater

Caitlyn

It's good to see someone thniking it through.

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ