Fri, 14 June 2024
Your Visitor Number :-   7110823
SuhisaverSuhisaver Suhisaver

ਕੀ ਆਨੰਦ ਮੈਰਿਜ ਐਕਟ ਨਾਲ ਸਿੱਖਾਂ ਨੂੰ ਆਨੰਦ ਮਿਲੇਗਾ? - ਡਾ. ਗੁਰਮੀਤ ਸਿੰਘ ਸਿੱਧੂ

Posted on:- 05-06-2012

suhisaver

ਭਾਰਤ ਦੀ ਪਾਰਲੀਮੈਂਟ ਨੇ ਆਨੰਦ ਮੈਰਿਜ ਐਕਟ ਨੂੰ ਅੰਸ਼ਕ ਰੂਪ ਵਿੱਚ ਪਾਸ ਕਰ ਦਿੱਤਾ ਹੈ। ਇਸ ਐਕਟ ਦੇ ਲਾਗੂ ਹੋਣ ਨਾਲ ਹੁਣ ਹਰ ਸਿੱਖ ਨੂੰ ਆਪਣਾ ਵਿਆਹ ਲਾਜ਼ਮੀ ਤੌਰ 'ਤੇ ਦਰਜ ਕਰਵਾਉਣਾ ਪਵੇਗਾ। ਇਸ ਐਕਟ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਵਿਆਹ ਦਰਜ ਕਰਵਾਉਣ ਲਈ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲਣ ਦੀ ਸੰਭਾਵਨਾ ਹੈ। ਜਦੋਂ ਕਿ ਭਾਰਤ ਵਿੱਚ ਰਹਿੰਦੇ ਸਿੱਖਾਂ ਨੂੰ ਵਿਆਹ ਨਾਲ ਜੁੜੇ ਅਨੇਕਾਂ ਮਾਮਲਿਆਂ ਖ਼ਾਸ ਕਰਕੇ ਜਾਇਦਾਦ ਦੀ ਵੰਡ, ਤਲਾਕ ਅਤੇ ਤਲਾਕ ਤੋਂ ਪਿੱਛੋਂ ਬੱਚਿਆਂ ਦੀ ਸੰਭਾਲ ਅਤੇ ਗੁਜ਼ਾਰੇ ਆਦਿ ਲਈ ਹਿੰਦੂ ਮੈਰਿਜ ਐਕਟ 'ਤੇ ਹੀ ਨਿਰਭਰ ਰਹਿਣਾ ਪਵੇਗਾ। ਭਾਰਤੀ ਕਾਨੂੰਨ ਦੀ ਬਣਤਰ ਅਤੇ ਸਿੱਖ ਧਰਮ ਖ਼ਾਸ ਕਰਕੇ ਆਨੰਦ ਵਿਆਹ ਬਾਰੇ ਨਿਗੂਣੀ ਜਾਣਕਾਰੀ ਰੱਖਣ ਵਾਲੇ ਲੋਕ ਇਸ ਐਕਟ ਦੇ ਪਾਸ ਹੋਣ ਨੂੰ ਸਿੱਖਾਂ ਦੀ ਇਕ ਅਹਿਮ ਪ੍ਰਾਪਤੀ ਦੱਸ ਰਹੇ ਹਨ। ਇਸ ਸੰਬੰਧ ਵਿੱਚ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਇਸ ਐਕਟ ਦੇ ਪਾਸ ਹੋ ਜਾਣ ਨਾਲ ਸਿੱਖਾਂ ਵੱਲੋਂ ਆਪਣੀ ਪਛਾਣ ਲਈ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋ ਗਈ ਹੈ। ਸਿੱਖਾਂ ਦੀ ਪਾਰਲੀਮੈਂਟ ਸਮਝੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਇਸ ਐਕਟ ਦੇ ਪਾਸ ਹੋਣ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਇਸ ਐਕਟ ਦਾ ਸਮਰਥਨ ਕੀਤਾ ਹੈ। ਆਪਣੇ ਆਪ ਨੂੰ ਸਰਕਾਰ ਦੇ ਨੇੜੇ ਸਮਝਣ ਵਾਲੇ ਕੁਝ ਸਿੱਖ ਆਗੂ ਇਸ ਨੂੰ ਆਪਣੀ ਇੱਕ 'ਮਿਹਨਤ' ਦਾ ਨਤੀਜਾ ਦੱਸ ਰਹੇ ਹਨ। ਇਸ ਤੋਂ ਇਲਾਵਾ ਕਈ ਇਸ ਨੂੰ 'ਸਿੱਖਾਂ ਦੀ ਇੱਕ ਵੱਡੀ ਜਿੱਤ' ਦੱਸਦੇ ਹਨ ਕਿ ਹੁਣ ਸਿੱਖਾਂ ਦੀ ਵਿਲੱਖਣ ਪਛਾਣ ਨੂੰ ਭਾਰਤ ਵਿੱਚ ਸੰਵਿਧਾਨਕ ਦਰਜਾ ਮਿਲ ਜਾਵੇਗਾ। ਜਦੋਂ ਕਿ ਇਸ ਐਕਟ ਦੇ ਪਾਸ ਹੋਣ ਦੀ ਪਰਕਿਰਿਆ ਨੂੰ ਸਮਝਣ ਵਾਲਾ ਵਿਆਕਤੀ ਸਹਿਜੇ ਹੀ ਸਮਝ ਸਕਦਾ ਹੈ ਕਿ ਆਨੰਦ ਮੈਰਿਜ ਐਕਟ ਦੇ ਅੰਸ਼ਕ ਰੂਪ ਵਿੱਚ ਲਾਗੂ ਹੋਣ ਉੱਤੇ ਤਸੱਲੀ ਪ੍ਰਗਟ ਕਰਨੀ ਮਹਿਜ ਇੱਕ ਭੁਲੇਖਾ ਹੈ। ਨਾਸਮਝੀ ਹੈ।ਦਰਅਸਲ ਆਨੰਦ ਮੈਰਿਜ ਐਕਟ ਦਾ ਅੰਸ਼ਕ ਰੂਪ ਵਿੱਚ ਲਾਗੂ ਹੋਣਾ ਸਿੱਖਾਂ ਲਈ ਵੱਡੀਆਂ ਸਮੱਸਿਆਵਾਂ ਦਾ ਕਾਰਣ ਹੋ ਸਕਦਾ ਹੈ। ਕਿਉਂਕਿ ਹੁਣ ਸਿੱਖ ਆਨੰਦ ਮੈਰਿਜ ਐਕਟ ਰਾਹੀਂ ਵਿਆਹ ਦਰਜ ਕਰਵਾਉਣਗੇ ਜਦੋਂ ਕਿ ਤਲਾਕ ਅਤੇ ਇਸ ਨਾਲ ਜੁੜੇ ਹੋਰ ਮਾਮਲਿਆਂ ਲਈ ਇਨ੍ਹਾਂ ਨੂੰ ਫਿਰ ਵੀ ਹਿੰਦੂ ਮੈਰਿਜ ਐਕਟ ਦਾ ਸਹਾਰਾ ਲੈਣਾ ਪਵੇਗਾ। ਇੱਕ ਭਾਈਚਾਰੇ ਦੀ ਹੋਣੀ ਦੇ ਫੈਸਲੇ ਦੋ ਕਾਨੂੰਨਾਂ ਨਾਲ ਹੋਣਗੇ, ਜਿਸ ਕਰਕੇ ਸਿੱਖਾਂ ਨੂੰ ਨਵੀਆਂ ਸਮੱਸਿਅਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਹ ਐਕਟ ਸਿੱਖਾਂ ਦੀ ਮੁਸ਼ਕਿਲਾਂ ਨੂੰ ਘਟਾਵੇਗਾ ਜਾਂ ਇਨ੍ਹਾਂ ਵਿੱਚ ਵਾਧਾ ਕਰੇਗਾ ਇਸ ਪ੍ਰਸ਼ਨ ਨੂੰ ਭਵਿੱਖ 'ਤੇ ਛੱਡਦੇ ਹੋਏ ਅਸੀਂ ਇਸ ਐਕਟ ਨਾਲ ਸੰਬੰਧਤ ਕੁਝ ਪੱਖਾਂ ਖ਼ਾਸ ਕਰਕੇ ਵਿਆਹ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਪਾਠਕਾਂ ਨਾਲ ਕੁਝ ਵਿਚਾਰ ਸਾਂਝੇ ਕਰਨੇ ਚਾਹੁੰਦੇ ਹਾਂ।

ਅਸੀਂ ਇਹ ਜਾਣਦੇ ਹਾਂ ਕਿ ਇਸ ਐਕਟ ਨੂੰ ਪਾਸ ਕਰਨ ਲਈ ਭਾਰਤ ਸਰਕਾਰ ਨੇ ਕਿਸੇ ਵੀ ਪੱਧਰ 'ਤੇ ਸਿੱਖਾਂ ਦੇ ਮਸਲਿਆਂ 'ਤੇ ਸੰਜੀਦਗੀ ਨਾਲ ਵਿਚਾਰ ਨਹੀਂ ਕੀਤੀ ਅਤੇ ਨਾ ਹੀ ਇਸ ਸੰਬੰਧ ਵਿੱਚ ਸਿੱਖ ਸਮਾਜ ਪਾਸੋਂ ਕੋਈ ਰਾਇ ਇਕੱਤਰ ਕੀਤੀ ਗਈ ਹੈ। ਇਹ ਐਕਟ ਦਰਅਸਲ 1909 ਦੇ ਆਨੰਦ ਮੈਰਿਜ ਐਕਟ ਦਾ ਹੀ ਇਕ ਹਿੱਸਾ ਹੈ। ਜਦੋਂ ਕਿ ਸਿੱਖਾਂ ਲਈ ਇੱਕ ਮੁਕੰਮਲ ਆਨੰਦ ਮੈਰਿਜ ਐਕਟ ਦੀ ਲੋੜ ਹੈ। ਇਸ ਐਕਟ ਦੇ ਪਾਸ ਹੋਣ ਨਾਲ ਸਿੱਖਾਂ ਦੀਆਂ ਸਮੱਸਿਆਵਾਂ ਭਾਵੇਂ ਹੱਲ ਨਾ ਵੀ ਹੋਣ ਫਿਰ ਵੀ ਇਸ ਨਾਲ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਸਿੱਖਾਂ ਦੇ ਵਿਆਹ ਨਾਲ ਸੰਬੰਧਤ ਮਸਲਿਆਂ 'ਤੇ ਨਵੀਂ ਚਰਚਾ ਦੀ ਸ਼ੁਰੂਆਤ ਹੋਈ ਹੈ ਜੋ ਇੱਕ ਸ਼ੁਭ ਸ਼ਗਨ ਹੈ। ਭਾਰਤੀ ਕਾਨੂੰਨ ਦੀ ਪਰਕਿਰਿਆ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਰੱਖਣ ਵਾਲਾ ਵਿਆਕਤੀ ਵੀ ਇਹ ਜਾਣਦਾ ਹੈ ਇਸ ਐਕਟ ਨੂੰ ਪਾਸ ਕਰਨ ਦਾ ਮਕਸਦ ਸਿੱਖਾਂ ਦੀਆਂ ਵਿਆਹ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਨਾ ਨਹੀਂ ਹੈ ਅਤੇ ਨਾ ਹੀ ਇਹ ਸਿੱਖਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਪਾਸ ਕੀਤਾ ਗਿਆ ਹੈ। ਦਰਅਸਲ ਇਸ ਐਕਟ ਨੂੰ ਪਾਸ ਕਰਨਾ ਸਰਕਾਰ ਦੀ ਸੰਵਿਧਾਨਕ ਮਜਬੂਰੀ ਸੀ। ਭਾਰਤ ਦੀ ਸਰਵ-ਉੱਚ ਅਦਾਲਤ ਨੇ 2006 ਵਿੱਚ 'ਸ੍ਰੀ ਮਤੀ ਸੀਮਾ ਬਨਾਮ ਅਸ਼ਵਨੀ ਕੁਮਾਰ' ਦੇ ਮੁਕਦਮੇ ਦੇ ਫੈਸਲੇ ਵਿੱਚ ਭਾਰਤ ਸਰਕਾਰ ਨੂੰ ਇਹ ਹਦਾਇਤ ਕੀਤੀ ਸੀ ਕਿ ਭਾਰਤ ਵਿੱਚ ਹੋਣ ਵਾਲੇ ਹਰ ਵਿਆਹ ਦੀ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕੀਤਾ ਜਾਵੇ। ਸੋ ਇਸ ਕਰਕੇ ਇਸ ਐਕਟ ਨੂੰ ਪਾਸ ਕਰਨ ਦਾ ਮਕਸਦ ਸਿੱਖਾਂ ਦੀ ਵਿਲੱਖਣ ਪਛਾਣ ਨੂੰ ਸਵੀਕਾਰ ਕਰਕੇ ਇਨ੍ਹਾਂ ਲਈ ਵੱਖਰੇ ਵਿਆਹ ਕਾਨੂੰਨ ਦੀ ਵਿਵਸਥਾ ਕਰਨਾ ਨਹੀਂ ਹੈ ਸਗੋਂ ਸਿੱਖਾਂ ਦੇ ਵਿਆਹਾਂ ਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣਾ ਹੈ।

ਅਜੋਕੇ ਸਮੇਂ ਵਿੱਚ ਸਿੱਖਾਂ ਨੂੰ ਵਿਆਹ ਨਾਲ ਸੰਬੰਧਤ ਅਨੇਕਾਂ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੂੰ ਕੇਵਲ ਵਿਆਹ ਦੀ ਰਜਿਸਟ੍ਰੇਸ਼ਨ ਕਰਨ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਸੋ ਇਸ ਕਰਕੇ ਵਿਆਹ ਦੀ ਰਜਿਸਟ੍ਰੇਸ਼ਨ ਤੋਂ ਅਗਾਂਹ ਇਸ ਨਾਲ ਜੁੜੇ ਮਸਲਿਆਂ ਨੂੰ ਸੰਜੀਦਗੀ ਨਾਲ ਵਿਚਾਰ ਕੇ ਸਿੱਖਾਂ ਨੂੰ ਆਪਣੇ ਵਿਆਹ ਨਿਯਮਾਂ ਨੂੰ ਮੁੜ ਤੋਂ ਪ੍ਰਭਾਸ਼ਿਤ ਕਰਨਾ ਪਵੇਗਾ। ਆਨੰਦ ਕਾਰਜ ਦੀ ਰਸਮ ਦੇ ਸ਼ੁਰੂ ਹੋਣ ਤੋਂ ਲੈ ਕੇ ਆਨੰਦ ਮੈਰਿਜ ਐਕਟ 1909 ਦੇ ਹੋਂਦ ਵਿੱਚ ਆਉਣ ਅਤੇ ਹੁਣ ਭਾਰਤ ਸਰਕਾਰ ਵੱਲੋਂ ਇਸਨੂੰ ਅਸ਼ੰਕ ਰੂਪ ਵਿੱਚ ਲਾਗੂ ਕਰਨ ਦੇ ਇਤਿਹਾਸਕ ਅਮਲ ਦੌਰਾਨ ਸਿੱਖ ਭਾਈਚਾਰੇ ਦੇ ਸਮਾਜਕ ਜੀਵਨ ਵਿੱਚ ਕਾਫੀ ਵੱਡੀਆ ਤਬਦੀਲੀਆਂ ਆ ਗਈਆਂ ਹਨ। ਸਮਾਜਕ ਜੀਵਨ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਿੱਖਾਂ ਨੂੰ ਵਿਆਹ ਸੰਬੰਧੀ ਭਵਿੱਖਮੁਖੀ ਨਿਯਮ ਬਣਾਉਣੇ ਪੈਣਗੇ। ਇਸ ਕਾਰਜ ਦੀ ਪੂਰਤੀ ਲਈ ਸ੍ਰੀ ਗੁਰੂ ਗੰਥ ਸਾਹਿਬ ਅਤੇ ਗੁਰਮਤਿ ਅਮਲ ਪਾਸੋਂ ਅਗਵਾਈ ਪ੍ਰਾਪਤ ਕੀਤੀ ਜਾ ਸਕਦੀ ਹੈ।

ਵਿਆਹ ਦੀ ਸੰਸਥਾ ਨੂੰ ਪ੍ਰਭਾਸ਼ਿਤ ਕਰਨ ਵਾਲੇ ਸਮਾਜਵਿਗਿਆਨੀਆਂ ਦੀ ਰਾਇ ਹੈ ਕਿ ਇਹ ਪਤੀ ਅਤੇ ਪਤਨੀ ਦਾ ਸਥਾਈ ਰਿਸ਼ਤਾ ਹੁੰਦਾ ਹੈ ਜਿਸ ਨੂੰ ਸਮਾਜਕ ਜਾਂ ਕਾਨੂੰਨ ਵੱਲੋਂ ਪ੍ਰਵਾਨਗੀ ਪ੍ਰਾਪਤ ਹੋਈ ਹੋਵੇ ਅਤੇ ਇਸ ਨਾਲ ਪਰਿਵਾਰ ਦਾ ਮੁੱਢ ਬੱਝਦਾ ਹੈ। ਸਿੱਖ ਧਰਮ ਦੇ ਸਿਧਾਂਤ ਮੁਤਾਬਕ ਵਿਆਹ ਕੇਵਲ ਕਾਨੂੰਨੀ ਜਾਂ ਸਮਾਜਕ ਰਿਸ਼ਤਾ ਹੀ ਨਹੀਂ ਸਗੋਂ ਇਹ ਦੋ ਰੂਹਾਂ ਦਾ ਆਨੰਦਮਈ ਮੇਲ ਹੈ। ਗੁਰਬਾਣੀ ਵਿੱਚ ਜੀਵ ਆਤਮਾ ਦੇ ਪ੍ਰਮਾਤਮਾ ਨਾਲ ਮੇਲ ਲਈ ਪ੍ਰੇਮ ਦਾ ਮਾਰਗ ਦੱਸਿਆ ਗਿਆ ਹੈ। ਸਿੱਖਾਂ ਵਿੱਚ ਆਨੰਦ ਵਿਆਹ ਦਾ ਅਧਾਰ ਆਪਸੀ ਪ੍ਰੇਮ ਨੂੰ ਹੀ ਮੰਨਿਆ ਗਿਆ ਹੈ ਜੋ ਦੁਨਿਆਵੀ ਸੰਬੰਧਾਂ ਤੋਂ ਉੱਪਰ ਹੈ। ਇਸ ਅਵਸਥਾ ਵਿੱਚ ਦੋ ਮੂਰਤੀਆ ਨੂੰ ਇੱਕ ਜੋਤਿ ਹੋਣਾ ਪੈਂਦਾ ਹੈ। ਇਸ ਪ੍ਰਕਾਰ ਦੇ ਸੰਬੰਧ ਨੂੰ ਗੁਰਬਾਣੀ ਵਿੱਚ "ਏਕ ਜੋਤਿ ਦੁਇ ਮੂਰਤੀ ਧਨ ਪਿਰ ਕਹੀਏ ਸੋਇ" ਕਿਹਾ ਗਿਆ ਹੈ। ਸਿੱਖ ਸਮਾਜ ਵਿੱਚ ਵਿਆਹ ਜਿੱਥੇ ਇੱਕ ਸਮਾਜਕ  ਜ਼ਿੰਮੇਵਾਰੀ ਦੀ ਸੰਸਥਾ ਹੈ ਉੱਥੇ ਇਸ ਤੋਂ ਅਗਾਂਹ ਇਸ ਸੰਸਥਾ ਰਾਹੀ ਜੀਵ, ਪ੍ਰਮਾਤਮਾ ਨਾਲ ਮਿਲਣ ਦੇ ਰੂਹਾਨੀ ਸਫ਼ਰ ਵੱਲ ਵਿਹਾਰਕ ਕਦਮ ਪੁੱਟਦੇ ਹਨ। ਧਾਰਮਕ ਅਨੁਭਵ ਦੇ ਗੂਝ੍ਹੇ ਭੇਦ ਨੂੰ ਸਮਝਣ ਲਈ ਮਨੁੱਖੀ ਭਾਸ਼ਾ ਕਾਫੀ ਨਹੀਂ ਹੁੰਦੀ ਬਲਕਿ ਇਸ ਮਾਰਗ ਦਾ ਪਾਂਧੀ ਬਣਕੇ ਹੀ ਇਸ ਭੇਦ ਨੂੰ ਸਮਝਿਆ ਜਾ ਸਕਦਾ ਹੈ। ਰੂਹਾਨੀ ਅਨੁਭਵ ਦੀ ਇਸ ਪਰਕਿਰਿਆ ਦੇ ਪੂਰਵ ਅਹਿਸਾਸ ਨੂੰ ਸਮਝਣ ਲਈ ਵਿਆਹ ਦਾ ਆਨੰਦਮਈ ਰਿਸ਼ਤਾ ਆਪਸੀ ਪ੍ਰੇਮ ਦਾ ਅਹਿਸਾਸ ਕਰਵਾਉਣ ਲਈ ਵਿਹਾਰਿਕ ਮਿਸਾਲ ਮੰਨਿਆ ਜਾ ਸਕਦਾ ਹੈ। ਮਨੁੱਖੀ ਜੀਵਾਂ ਨੂੰ ਰੱਬੀ ਮੇਲ ਦੀ ਉੱਚਤਮ ਅਵਸਥਾ ਵੱਲ ਕਦਮ ਪੁੱਟਣ ਲਈ ਇਹ ਅਹਿਸਾਸ ਪ੍ਰੇਰਿਕ ਸ਼ਕਤੀ ਬਣਦਾ ਹੈ। ਗੁਰਮਤਿ ਅਨੁਸਾਰ ਧਾਰਮਿਕ ਜੀਵਨ ਜਿਊਣ ਲਈ ਜੋਗੀਆਂ ਅਤੇ ਸਾਧੂਆਂ ਦੀ ਤਰ੍ਹਾਂ ਸਮਾਜ ਨੂੰ ਤਿਆਗਣ ਦੀ ਲੋੜ ਨਹੀਂ ਬਲਕਿ ਗ੍ਰਹਿਸਤ ਵਿੱਚ ਰਹਿੰਦਿਆਂ ਮਨੁੱਖ ਵਾਹਿਗੁਰੂ ਦੀਆਂ ਬਖ਼ਸ਼ਿਸ਼ਾਂ ਦਾ ਆਨੰਦ ਮਾਣ ਸਕਦੇ ਹਨ। ਇਸ ਆਨੰਦਮਈ ਅਵਸਥਾ ਤੱਕ ਪਹੁੰਚਣ ਲਈ ਮਨੁੱਖ ਨੂੰ ਹਰ ਕਿਸਮ ਦੇ ਭੈਅ ਤੋਂ ਮੁਕਤ ਹੋਣਾ ਪੈਂਦਾ ਹੈ। ਇਸ ਤੋਂ ਉਲਟ ਕਾਨੂੰਨ ਜਾਂ ਸਮਾਜਕ ਪ੍ਰਵਾਨਗੀ ਦੀ ਪਰਕਿਰਿਆ ਵਿੱਚ ਦਬਾਓ ਜਾਂ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਮਨੁੱਖੀ ਜੀਵਾਂ ਦੇ ਮਨਾਂ ਵਿੱਚ ਸ਼ਕਤੀ ਜਾਂ ਦਬਾਓ ਨਾਲ ਭੈਅ  ਪੈਦਾ ਕੀਤਾ ਜਾਂਦਾ ਹੈ ਜੋ ਮਨੁੱਖੀ ਆਜ਼ਾਦੀ ਲਈ ਘਾਤਕ ਸਿੱਧ ਹੁੰਦਾ ਹੈ। ਰੱਬੀ ਜਾਂ ਰੂਹਾਨੀ ਮਿਲਣ ਦੇ ਅਨੁਭਵ ਵਿੱਚ ਸ਼ਕਤੀ ਨਾਲੋਂ ਪ੍ਰੀਤਮ ਨੂੰ ਮਿਲਣ ਦੀ ਤਾਂਘ ਬਲਵਾਨ ਹੁੰਦੀ ਹੈ। ਇਸ ਵਜ੍ਹਾ ਕਰਕੇ ਇਸ ਅਵਸਥਾ ਤੱਕ ਪਹੁੰਚਣ ਲਈ ਜੀਵ ਆਪਣੀ ਇੱਛਾ ਮੁਤਾਬਕ ਨਿਰੰਤਰ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਅਨੁਭਵ ਵਿੱਚੋਂ ਉਨ੍ਹਾਂ ਨੂੰ ਜੋ ਆਨੰਦ ਪ੍ਰਾਪਤ ਹੁੰਦਾ ਹੈ ਉਸ ਨੂੰ ਹਾਸਲ ਕਰਨ ਦੀ ਤਾਂਘ ਉਨ੍ਹਾਂ ਦੇ ਜੀਵਨ ਨੂੰ ਉਤਸ਼ਾਹਮਈ ਬਣਾਉਂਦੀ ਹੈ।

ਸਿੱਖ ਸਿਧਾਤਾਂ ਅਤੇ ਗੁਰੂ ਅਮਲ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਸਿੱਖਾਂ ਵਿੱਚ ਵਿਆਹ ਆਨੰਦਮਈ ਅਵਸਥਾ ਹੈ। ਜਦੋਂ ਕਿ ਸਿੱਖਾਂ ਦੀ ਇਹ ਤਰਾਸਦੀ ਹੈ ਕਿ ਇਨ੍ਹਾਂ ਨੇ ਵਿਆਹ ਦੇ ਰੂਹਾਨੀ ਸਿਧਾਤਾਂ ਨੂੰ ਸਮਝਣ ਲਈ ਬਹੁਤ ਘੱਟ ਕੋਸ਼ਿਸ਼ਾਂ ਕੀਤੀਆਂ ਹਨ ਸ਼ਾਇਦ ਇਸ ਕਰਕੇ ਇਨ੍ਹਾਂ ਨੂੰ ਦੁਨੀਆਂ ਦੇ ਹੋਰਨਾਂ ਭਾਈਚਾਰਿਆਂ ਦੀ ਤਰ੍ਹਾਂ ਵਿਆਹ ਨਾਲ ਸੰਬੰਧਤ ਮੁਸ਼ਕਲਾਂ ਅਤੇ ਉਲਝਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੀਆਂ ਸਮੱਸਿਆਵਾਂ ਵਿੱਚ ਇਕਦਮ ਵਾਧਾ ਆਧੁਨਿਕੀਕਰਨ ਦੇ ਅਮਲ ਖਾਸ ਕਰਕੇ ਸਿੱਖ ਰਾਜ ਦੇ ਖਾਤਮੇ ਤੋਂ ਪਿੱਛੋਂ ਹੋਇਆ ਹੈ। ਅਜੋਕੇ ਸਮੇਂ ਵਿੱਚ ਵਿਆਹ ਦੀਆਂ ਰਸਮਾਂ ਵਿੱਚ ਆ ਰਹੇ ਵਿਗਾੜ ਅਤੇ ਵਧਦਾ ਜਾ ਰਿਹਾ ਬੇਲੋੜਾ ਵਿਖਾਵਾ ਸਿੱਖ ਸਿਧਾਂਤਾਂ ਦੀ ਨਾ ਸਮਝੀ ਵਿੱਚੋਂ ਪੈਦਾ ਹੋ ਰਿਹਾ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ ਸਿੱਖ ਵਿਆਹਾਂ ਵਿੱਚ ਪੈਦਾ ਹੋਏ ਵਿਗਾੜਾਂ ਨੂੰ ਦੂਰ ਕਰਨ ਦੀ ਲੋੜ ਵਿਚੋਂ ਸਿੱਖਾਂ ਵਿੱਚ ਵੀ ਵੱਖਰੇ ਵਿਆਹ ਦਾ ਕਾਨੂੰਨ ਬਣਾਉਣ ਦੀ ਮੰਗ ਜ਼ੋਰ ਫੜਨ ਲੱਗੀ ਸੀ। ਨਤੀਜੇ ਵਜੋਂ ਬਰਤਾਨਵੀਂ ਹਕੂਮਤ ਨੇ ਆਨੰਦ ਮੈਰਿਜ ਐਕਟ 1909 ਨੂੰ ਪ੍ਰਵਾਨ ਕੀਤਾ। 1947 ਤੋਂ ਪਿਛੋਂ ਇਹ ਐਕਟ ਭਾਰਤੀ ਸੰਵਿਧਾਨਿਕ ਪਰਕਿਰਿਆ ਦਾ ਹਿੱਸਾ ਤਾਂ ਰਿਹਾ ਪ੍ਰੰਤੂ ਇਸ ਨੂੰ ਲਾਗੂ ਨਹੀਂ ਕੀਤਾ ਸੀ ਹੁਣ ਇਸਦੇ ਕੁਝ ਹਿੱਸੇ ਭਾਰਤ ਸਰਕਾਰ ਨੇ ਲਾਗੂ ਕੀਤੇ ਹਨ।

ਅੱਜ ਸਿੱਖ ਪੂਰੇ ਸੰਸਾਰ ਵਿੱਚ ਫੈਲ ਚੁੱਕੇ ਹਨ ਅਤੇ ਅਜੋਕੇ ਬਦਲ ਰਹੇ ਸੰਸਾਰ ਵਿੱਚ ਸਮਾਜਕ ਅਤੇ ਧਾਰਮਕ ਜੀਵਨ ਵਿੱਚ ਆ ਰਹੀਆ ਤਬਦੀਲੀਆਂ ਹੋਰਨਾਂ ਭਾਈਚਾਰਿਆਂ ਦੀ ਤਰ੍ਹਾਂ ਸਿੱਖਾਂ ਵਿੱਚ ਵਿਆਹ ਦੀ ਸੰਸਥਾ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ। ਇਸ ਵਰਤਾਰੇ ਦੇ ਸੰਦਰਭ ਵਿੱਚ ਸਿੱਖਾਂ ਵਿੱਚ ਵਿਆਹ ਨਾਲ ਸੰਬੰਧਤ ਪੈਦਾ ਹੋਈਆਂ ਨਵੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਆਨੰਦ ਮੈਰਿਜ ਐਕਟ ਨੂੰ ਮੁਕੰਮਲ ਰੂਪ ਦੇਣਾ ਚਾਹੀਦਾ ਹੈ। ਵਿਆਹ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਇਹ ਤੱਥ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਹਰ ਭਾਈਚਾਰਾ ਆਪਣੇ ਬਣਾਏ ਨਿਯਮਾਂ ਮੁਤਾਬਕ ਵਿਆਹ ਕਰਦਾ ਹੈ ਅਤੇ ਇਹ ਨਿਯਮ ਸਮੇਂ ਅਤੇ ਸਮਾਜ ਦੀ ਲੋੜ ਮੁਤਾਬਕ ਬਦਲਦੇ ਰਹਿੰਦੇ ਹਨ। ਮਸਲਨ ਰਵਾਇਤੀ ਸਮਾਜਾਂ ਵਿੱਚ ਅੰਤਰ-ਜਾਤੀ ਜਾਂ ਅੰਤਰ-ਧਰਮ ਵਿਆਹ ਦੀ ਮਨਾਹੀ ਹੁੰਦੀ ਸੀ ਅਤੇ ਗੋਤ, ਇਲਾਕੇ ਖਾਸ ਕਰਕੇ ਪਿੰਡ ਤੋਂ ਬਾਹਰ ਵਿਆਹ ਕੀਤੇ ਜਾਂਦੇ ਸਨ। ਪ੍ਰੰਤੂ ਅਜੋਕੇ ਸਮੇਂ ਵਿਚ ਜਾਤ, ਗੋਤ ਅਤੇ ਇਲਾਕੇ ਇਥੋਂ ਤੱਕ ਕਿ ਧਰਮ ਨਾਲ ਸੰਬੰਧਤ ਰੋਕਾਂ ਢਿੱਲ੍ਹੀਆਂ ਹੋ ਰਹੀਆਂ ਹਨ। ਪਹਿਲੇ ਸਮਾਜਾਂ ਵਿੱਚ ਵਿਆਹ ਦੇ ਨਿਯਮਾਂ ਨੂੰ ਭਾਈਚਾਰਾ ਆਪਣੀ ਰਵਾਇਤੀ ਸ਼ਕਤੀ ਨਾਲ ਲਾਗੂ ਕਰਦਾ ਸੀ ਅਤੇ ਲੋਕ ਭਾਈਚਾਰੇ ਦੇ ਦਬਾਅ ਨੂੰ ਮੰਨਦੇ ਸਨ ਪਰ ਹੁਣ ਭਾਈਚਾਰੇ ਕੋਲ ਉਸ ਦੀ ਰਵਾਇਤੀ ਸ਼ਕਤੀ ਨਹੀਂ ਹੈ। ਇਸ ਤਬਦੀਲੀ ਦੇ ਅਨੇਕਾਂ ਕਾਰਨ ਹਨ ਪਰ ਸਭ ਤੋਂ ਵੱਡਾ ਕਾਰਣ ਆਧੁਨਿਕ ਕਾਨੂੰਨ ਹੈ। ਹੁਣ ਰਵਾਇਤੀ ਸ਼ਕਤੀ ਦੀ ਥਾਂ 'ਤੇ ਕਾਨੂੰਨ ਤਾਕਤ ਬਣ ਚੁੱਕਾ ਹੈ। ਅਜੋਕੇ ਸਮਾਜਾਂ ਵਿੱਚ ਭਾਈਚਾਰੇ ਵੱਲੋਂ ਤਹਿ ਕੀਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜੋੜੇ ਦੇ 'ਅਧਿਕਾਰਾਂ' ਦੀ ਕਾਨੂੰਨ ਰਾਖੀ ਕਰਦਾ ਹੈ। ਕਾਨੂੰਨ ਦੀ ਸਰਪ੍ਰਸਤੀ ਕਰਕੇ ਹੁਣ ਭਾਈਚਾਰੇ ਦੀਆਂ ਰੋਕਾਂ ਅਰਥਹੀਣ ਹੋ ਰਹੀਆਂ ਹਨ।

ਸਿੱਖ ਰਵਾਇਤ ਵਿੱਚ ਤਲਾਕ ਦੀ ਵਿਵਸਥਾ ਨਹੀਂ ਹੈ ਕਿਉਂਕਿ ਆਨੰਦ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨਾਲ ਪ੍ਰਵਾਨ ਚੜ੍ਹਦਾ ਹੈ। ਇਹ ਤੱਥ ਸਿਧਾਂਤਕ ਪੱਖ ਤੋਂ ਸਹੀ ਹੈ ਕਿ ਹਰ ਸਿੱਖ ਨੂੰ ਗੁਰੂ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ ਪ੍ਰੰਤੂ ਸਮਾਜਕ ਹਕੀਤਕ ਇਹ ਹੈ ਕਿ ਸਿੱਖਾਂ ਵਿੱਚ ਤਲਾਕ ਹੋ ਰਹੇ ਹਨ ਅਤੇ ਇਹ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਿੱਖਾਂ ਦਾ ਇਹ ਸਭ ਤੋਂ ਵੱਡਾ ਸੰਕਟ ਹੈ ਕਿ ਇਹ, ਵਿਆਹ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਰਦੇ ਹਨ ਪਰ ਤਲਾਕ ਲਈ ਇਹ ਅਦਾਲਤਾਂ ਵਿੱਚ ਧੱਕੇ ਖਾਂਦੇ ਹਨ। ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵਸ ਰਹੇ ਸਿੱਖਾਂ ਵਿੱਚੋਂ ਅਗਰ ਕਿਸੇ ਨੇ ਤਲਾਕ ਲੈਣਾ ਹੋਵੇ ਉਸ ਨੂੰ ਇਸ ਸੰਕਟ ਵਿੱਚੋਂ ਗੁਜ਼ਰਨਾ ਪੈਂਦਾ ਹੈ। ਅਦਾਲਤੀ ਪਰਕਿਰਿਆ ਰਾਹੀਂ ਤਲਾਕ ਲੈਣ ਸਮੇਂ ਸਿੱਖਾਂ ਉੱਤੇ ਗੈਰ-ਸਿੱਖ ਸਰਕਾਰਾਂ ਦੇ ਕਾਨੂੰਨ ਲਾਗੂ ਹੁੰਦੇ ਹਨ ਅਤੇ ਇਹ ਸਿੱਖਾਂ ਨੂੰ ਸਵੀਕਾਰ ਕਰਨੇ ਪੈਂਦੇ ਹਨ। ਸਾਡੀ ਇਹ ਦਿਲੀ  ਇੱਛਾ ਹੈ ਕਿਸੇ ਨੂੰ ਵੀ ਤਲਾਕ ਤੱਕ ਪਹੁੰਚਣ ਦੀ ਨੌਬਤ ਨਾ ਆਵੇ।

ਅਜੋਕੇ ਸਮੇਂ ਦੇ ਸਿੱਖਾਂ ਨੂੰ ਇਹ ਤੱਥ ਬੇਝਿਜਕ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਤਲਾਕ ਦੇ ਰੁਝਾਨ ਨੂੰ ਜ਼ਬਰਦਸਤੀ  ਰੋਕਿਆਂ ਨਹੀਂ ਜਾ ਸਕਦਾ। ਪਤੀ ਅਤੇ ਪਤਨੀ ਵਿੱਚ ਅਗਰ ਅਣਬਣ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਮਸਲੇ ਨੂੰ ਰਿਸ਼ਤੇਦਾਰਾਂ ਅਤੇ ਪਰਿਵਾਰਾਂ ਵਿੱਚ ਭਾਈਚਾਰਕ ਤੌਰ ਤੇ ਸੁਲਾਹ ਕਰਵਾਉਣ ਲਈ ਯਤਨ ਕੀਤੇ ਜਾਂਦੇ ਹਨ। ਜੇਕਰ ਸਹਿਮਤੀ ਨਾ ਬਣੇ ਤਾਂ ਕੇਸ ਅਦਾਲਤਾਂ ਵਿੱਚ ਚਲੇ ਜਾਂਦੇ ਹਨ ਜਿੱਥੇ ਵਰ੍ਹਿਆਂ ਤੱਕ ਕੇਸ ਚੱਲਦਾ ਰਹਿੰਦਾ ਹੈ। ਤਲਾਕ ਲੈਣ ਲਈ ਭਾਰਤੀ ਅਦਾਲਤੀ ਪਰਕਿਰਿਆ ਵਿੱਚ ਸਭ ਤੋਂ ਵੱਧ ਖੱਜਲ-ਖੁਆਰੀ ਔਰਤ ਦੀ ਹੁੰਦੀ ਹੈ। ਉਸ ਦੀ ਇਜ਼ੱਤ ਅਤੇ ਮਾਣ ਸਤਿਕਾਰ ਨੂੰ ਤਾਂ ਭਰੀ ਕਚਹਿਰੀ ਵਿੱਚ ਰੋਲਿਆ ਹੀ ਜਾਂਦਾ ਹੈ ਪਰ ਨਾਲ ਹੀ ਗੁਜ਼ਾਰਾ ਜਾਂ ਹਰਜਾਨਾ ਆਦਿ ਦੇ ਨਾਂ ’ਤੇ ਉਸ ਨਾਲ ਕੌਜ਼੍ਹਾ ਮਜ਼ਾਕ ਵੀ ਕੀਤਾ ਜਾਂਦਾ ਹੈ। ਇਹ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਸਿੱਖਾਂ ਨੇ ਇਸ ਮਸਲੇ ਨੂੰ ਪੰਥਕ ਤੌਰ 'ਤੇ ਵਿਚਾਰਿਆ ਨਹੀਂ ਹੈ। ਜਦੋਂ ਕਦੇ ਇਸ ਬਾਰੇ ਚਰਚਾ ਛਿੜਦੀ ਹੈ ਤਾਂ ਇਹ ਇਸ ਕਰਕੇ ਬੰਦ ਹੋ ਜਾਂਦੀ ਹੈ ਕਿ ਸਿੱਖਾਂ ਵਿੱਚ ਤਲਾਕ ਦੀ ਵਿਵਸਥਾ ਨਹੀਂ ਹੈ। ਤਲਾਕ ਬਾਰੇ ਚਰਚਾ ਨੂੰ ਬੰਦ ਕਰਨ ਲਈ ਮਨਾਹੀ ਵਾਲੀ ਦਲੀਲ ਤਾਂ ਦੇ ਦਿੱਤੀ ਜਾਂਦੀ ਹੈ ਪ੍ਰੰਤੂ ਜਿਹੜੇ ਲੋਕ ਅਦਾਲਤਾਂ ਵਿੱਚ ਜਾ ਕੇ ਤਲਾਕ ਲੈ ਲੈਂਦੇ ਹਨ ਉਨ੍ਹਾਂ 'ਤੇ ਭਾਈਚਾਰੇ ਜਾਂ ਧਰਮ ਦੀ ਤਾਕਤ ਲਾਗੂ ਨਹੀਂ ਹੁੰਦੀ ਕਿਉਂਕਿ ਅਦਾਲਤ ਦੇ ਫੈਸਲੇ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਗੁਰਮਤਿ ਸਿਧਾਂਤ ਮੁਤਾਬਕ ਵੇਖਿਆ ਜਾਵੇ ਤਾਂ ਸਿੱਖਾਂ ਲਈ ਸੱਚਾ ਅਤੇ ਉੱਚਾ ਗੁਰੂ ਦਰਬਾਰ ਹੀ ਹੈ। ਸੋ ਇਸ ਕਰਕੇ ਸਿੱਖਾਂ ਦੀ ਇਹ ਤਰਾਸਦੀ ਹੈ ਕਿ ਇਹ ਜੀਵਨ ਗੁਰੂ ਦੇ ਆਸਰੇ ਜਿਉਂਦੇ ਹਨ ਪਰ ਇਨ੍ਹਾਂ ਨੂੰ ਕਾਨੂੰਨ ਦੁਨਿਆਵੀ ਹਕੂਮਤਾਂ ਦੇ ਮੰਨਣੇ ਪੈਂਦੇ ਹਨ। ਇਸ ਸੰਕਟ ਦਾ ਬਦਲ ਵੀ ਸਿੱਖਾਂ ਨੂੰ ਗੁਰੂ ਸਾਹਿਬ ਪਾਸੋਂ ਲੈ ਲੈਣਾ ਚਾਹੀਦਾ ਹੈ। ਜੇਕਰ ਸਿੱਖ ਵਿਆਹ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਅਸ਼ੀਰਵਾਦ ਲੈਂਦੇ ਹਨ ਤਾਂ ਤਲਾਕ ਲਈ ਇਹ ਅਦਾਲਤਾਂ ਵਿੱਚ ਕਿਉਂ ਜਾਂਦੇ ਹਨ। ਇਸ ਸੰਕਟ ਦਾ ਹੱਲ ਕਰਨ ਲਈ ਸਮੁੱਚੇ ਪੰਥ ਨੂੰ ਗੁਰੂ ਸਿਧਾਂਤਾਂ ਦੀ ਰੋਸ਼ਨੀ ਵਿੱਚ ਨਿਯਮ ਤੈਅ  ਕਰਨੇ ਚਾਹੀਦੇ ਹਨ। ਜਿਸ ਤਰ੍ਹਾਂ ਸਿੱਖ ਆਪਣੇ ਜੀਵਨ ਦੀਆਂ ਭੁੱਲਾਂ ਨੂੰ ਬਖਸ਼ਾਉਣ ਲਈ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ ਉਸ ਤਰ੍ਹਾਂ ਵਿਆਹ ਨਾਲ ਸੰਬੰਧਤ ਭੁੱਲਾਂ ਵੀ ਗੁਰੂ ਸਾਹਿਬ ਅੱਗੇ ਸਨਮੁੱਖ ਹੋ ਕੇ ਬਖਸ਼ਾਉਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਸਿੱਖ ਆਪਣੀ ਪਰੰਪਰਾ ਮੁਤਾਬਕ ਵਿਆਹ ਦੇ ਨਿਯਮਾਂ ਨੂੰ ਤੈਅ  ਕਰਨ ਲਈ ਹੋਰ ਸਮਰੱਥ ਹੋਣਗੇ ਅਤੇ ਇਸ ਕਾਰਜ ਲਈ ਇਨ੍ਹਾਂ ਦੀ ਦੁਨਿਆਵੀ ਹਕੂਮਤਾਂ 'ਤੇ ਨਿਰਭਰਤਾ ਵੀ ਘਟੇਗੀ ਅਤੇ ਸਿੱਖਾਂ ਦਾ ਬੇਲੋੜੇ ਖਰਚਿਆਂ ਤੋਂ ਵੀ ਬਚਾ ਹੋ ਸਕੇਗਾ। ਵਿਆਹ ਹਰ ਸਿੱਖ ਲਈ ਆਨੰਦਮਈ ਰਿਸ਼ਤਾ ਹੈ ਜੇਕਰ ਇਸ ਰਿਸ਼ਤੇ ਵਿੱਚੋਂ ਵਿਆਹੀ ਜੋੜੀ ਨੂੰ ਆਨੰਦ ਪ੍ਰਾਪਤ ਨਹੀਂ ਹੁੰਦਾ ਤਾਂ ਉਨ੍ਹਾਂ ਨਾਲ ਕਿਸੇ ਕਿਸਮ ਦੀ ਜ਼ਬਰਦਸਤੀ ਵੀ ਨਹੀਂ ਕੀਤੀ ਜਾਣੀ ਚਾਹੀਦੀ। ਸਿੱਖ ਸਿਧਾਂਤਾਂ ਵਿੱਚ ਹਰ ਕਿਸਮ ਦੀ ਜ਼ਬਰਦਸਤੀ ਨੂੰ ਨਕਾਰਿਆ ਗਿਆ ਹੈ ਸੋ ਇਸ ਕਰਕੇ ਵਿਆਹ ਸੰਬੰਧ ਵਿੱਚ ਵੀ ਕਿਸੇ ਕਿਸਮ ਦੀ ਜ਼ਬਰਦਸਤੀ ਨਾ ਕੀਤੀ ਜਾਵੇ ਅਤੇ ਸਹਿਜ ਵਿੱਚ ਇਸ ਰਿਸ਼ਤੇ ਨੂੰ ਪਰਫੁੱਲਿਤ ਹੋਣ ਲਈ ਭੈਅ  ਮੁਕਤ ਵਾਤਵਰਨ ਪ੍ਰਦਾਨ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬਾਨ ਨੇ ਵਿਆਹ ਦੀ ਸੰਸਥਾ ਨੂੰ ਰੱਬੀ ਆਨੰਦ ਦੇ ਅਨੁਭਵ ਨਾਲ ਜੋੜਿਆ ਹੈ। ਇਸ ਕਰਕੇ ਸਿੱਖਾਂ ਦਾ ਇਹ ਫਰਜ਼ ਹੈ ਕਿ ਇਸ ਰਿਸ਼ਤੇ ਦੇ ਅਧਿਆਤਮਕ ਮਹੱਤਵ ਨੂੰ ਸਮਝ ਕੇ ਇਸਦੇ ਨਿਯਮਾਂ ਨੂੰ ਪ੍ਰਭਾਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਕਰਨ।


ਐਸੋਸੀਏਟ ਪ੍ਰੋਫ਼ੈਸਰ, ਧਰਮ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਈ-ਮੇਲ:  [email protected]
ਸੰਪਰਕ:  98145 90699

Comments

js grewal

bhut vdya sidhi saab

Shonkey

ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਹੈ ਸਿੱਧੂ ਸਾਬ ਪਹਿਲੀ ਗੱਲ ਤਾਂ ਇਹ ਸਾਡੇ ਉਛਲਖੋਰ ਸਿੱਖਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਜੋ ਸਮਝ ਰਹੇ ਨੇ ਕੇ ਸਰਕਾਰ ਉਹਨਾਂ ਦੀ ਵੱਖਰੀ ਹੋਂਦ ਬਾਰੇ ਮੰਨ ਗਈ ਹੈ ਦਰਅਸਲ ਅਨੰਦ ਮੈਰਿਜ ਐਕਟ ਇਕ ਲੋਲੀਪੋਪ ਹੈ ਸਿੱਖਾਂ ਨੂੰ ਤੇ ਇਹ ਵਿਚਾਰੇ ਇਸਨੂੰ ਲੈ ਕੇ ਹੀ ਬੱਚਿਆਂ ਦੀ ਤਰਾਂ ਖੁਸ਼ ਹੋ ਰਹੇ ਨੇ ਇਸ ਐਕਟ ਨਾਲ ਤਾਂ ਗੱਲ ਪਹਿਲਾਂ ਨਾਲੋਂ ਵੀ ਗੁੰਝਲਦਾਰ ਬਣ ਗਈ ਹੈ ਤੇ ਇਹ ਗੁੰਝਲਤਾ ਦੇ ਹੁਣ ਛੇਤੀ ਕੀਤਿਆਂ ਖੁੱਲਣ ਦੀ ਆਸ ਵੀ ਨਹੀਂ ਪਰ ਸਾਡੇ ਸ਼ੋਹਰਤ ਪਸੰਦ ਲੀਡਰਾਂ ਨੂੰ ਇਸ ਨਾਲ ਕੀ

Rajinder Aatish

these are all political shtunts............

owedehons

http://onlinecasinouse.com/# free casino http://onlinecasinouse.com/# - real casino slots <a href="http://onlinecasinouse.com/# ">gold fish casino slots </a>

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ