Sat, 13 July 2024
Your Visitor Number :-   7183024
SuhisaverSuhisaver Suhisaver

ਮੌਕਿਆਂ ਪਿੱਛੇ ਲੱਗ ਪੰਜਾਬੀ ਬਣ ਰਹੇ ਨੇ ਅਜੋਕੇ ਯੁੱਗ ਦੇ ਮਹਾਂ ਜਿਪਸੀ - ਡਾ. ਸਵਰਾਜ ਸਿੰਘ

Posted on:- 02-09-2014

ਮੌਕਿਆਂ ਦਾ ਫਾਇਦਾ ਉਠਾਉਣ ਅਤੇ ਜੀਵਨ ਵਿੱਚ ਸਥਿਰਤਾ ਕਾਇਮ ਰੱਖਣ ਵਿੱਚ ਸੰਤੁਲਨ ਬਣਾਏ ਰੱਖਣਾ ਇਕ ਨਰੋਏ ਅਤੇ ਪੈਦਾਵਾਰੀ ਜੀਵਨ ਦਾ ਸੰਕਲਪ ਹੈ, ਪਰ ਅੱਜ ਪੰਜਾਬੀਆਂ ਦਾ ਇਕ ਪਾਸੜ ਤੇ ਵੱਡਾ ਝੁਕਾਅ ਮੌਕਿਆਂ ਦਾ ਲਾਹਾ ਲੈਣ ਵੱਲ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਸਥਿਰਤਾ ਦੀ ਜ਼ਿਆਦਾ ਕਦਰ ਨਹੀਂ ਰਹੀ। ਪੰਜਾਬੀਆ ਵਿੱਚ ਸ਼ੁਰੂ ਤੋਂ ਹੀ ਟੱਪਰੀਵਾਸ ਮਾਨਸਿਕਤਾ ਰਹੀ ਹੈ, ਅਜਿਹੀ ਮਾਨਸਿਕਤਾ ਪੰਜਾਬ ਦੇ ਭੂਗੋਲਿਕ, ਇਤਿਹਾਸਿਕ ਅਤੇ ਸਭਿਆਚਾਰਕ ਤੱਥਾਂ ਦੀ ਉਪਜ ਹੈ।

ਪੰਜਾਬ ਭੂਗੌਲਿਕ ਤੌਰ ’ਤੇ ਦੱਖਣੀ ਏਸ਼ੀਆ, ਕੇਂਦਰੀ ਏਸ਼ੀਆ ਅਤੇ ਮੱਧ ਪੂਰਬ ਦੇ ਇਕੱਠੇ ਹੋਣ ਵਾਲਾ ਖਿੱਤਾ ਹੈ। ਇਸ ਵੱਖਰੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਤੇ ਵੱਖ-ਵੱਖ ਕਬੀਲੇ ਅਤੇ ਕੌਮਾਂ ਹਮਲੇ ਕਰਦੇ ਰਹੇ, ਇਸ ਤਰ੍ਹਾਂ ਪੰਜਾਬ ਦੀ ਵੱਸੋਂ ਦੀ ਬਣਤਰ ਹਮੇਸ਼ਾ ਬਦਲਦੀ ਰਹੀ। ਇਸ ਬਦਲਦੀ ਵੱਸੋਂ ਕਾਰਨ ਪੰਜਾਬ ਵਿੱਚ ਜ਼ਿਆਦਾ ਸਥਿਰਤਾ ਨਹੀਂ ਹੋ ਸਕੀ ਅਤੇ ਇਹ ਪੰਜਾਬ ਵਿੱਚ ਆਉਣ ਅਤੇ ਜਾਣ (ਆਵਾਸ ਅਤੇ ਪ੍ਰਵਾਸ) ਦਾ ਕਾਰਨ ਬਣੀ, ਪੰਜਾਬ ਵਿੱਚ ਆਵਾਸ ਅਤੇ ਪ੍ਰਵਾਸ ਬਾਕੀ ਦੇਸ਼ ਨਾਲੋਂ ਜ਼ਿਆਦਾ ਤੇਜ਼ ਰਫ਼ਤਾਰੀ ਨਾਲ ਹੁੰਦਾ ਰਿਹਾ ਹੈ, ਇਸ ਕਾਰਨ ਪੰਜਾਬੀਆਂ ਵਿੱਚ ਟੱਪਰੀਵਸ ਮਾਨਸਿਕਤਾ ਬਣੀ। ਟੱਪਰੀਵਾਸ ਅਤੇ ਉਜੜੇ ਹੋਏ ਲੋਕਾਂ ਦੀ ਮਾਨਸਿਕਤਾ ਅਜਿਹੀ ਹੋ ਜਾਂਦੀ ਹੈ ਕਿ ਉਹ ਸਥਿਰਤਾ ਨਾਲੋਂ ਮੌਕਿਆਂ ਦਾ ਲਾਹਾ ਲੈਣ ਨੂੰ ਪਹਿਲ ਦਿੰਦੇ ਹਨ। ਉਹ ਕਿਸੇ ਮੌਕੇ ਦਾ ਲਾਹਾ ਲੈਣ ਜਾਂ ਕਿਸੇ ਮੁਸੀਬਤ ਤੋਂ ਬਚਣ ਲਈ ਹਮੇਸ਼ਾਂ ਆਪਣੀ ਜਗ੍ਹਾਂ ਛੱਡਣ ਲਈ ਤਿਆਰ ਰਹਿੰਦੇ ਹਨ।

ਉਨ੍ਹਾਂ ਭੂਗੋਲਿਕ ਪ੍ਰਸਥਿਤੀਆਂ ਨੇ ਜਿਨ੍ਹਾਂ ਨੇ ਪੰਜਾਬੀਆਂ ਵਿੱਚ ਟੱਪਰੀਵਾਸ ਅਤੇ ਉਜੜੇ ਹੋਏ ਲੋਕਾਂ ਦੀ ਮਾਨਸਿਕਤਾ ਨੂੰ ਜਨਮ ਦਿੱਤਾ ਉਨ੍ਹਾਂ ਨੇ ਵੀ ਪੰਜਾਬ ਵਿੱਚ ਰੂਹਾਨੀਅਤ ਦੇ ਵਿਕਾਸ ਵਿੱਚ ਹੀ ਭੂਮਿਕਾ ਨਿਭਾਈ। ਪੰਜਾਬ ਵਿੱਚ ਹੀ ਵੇਦਾਂ ਦੀ ਰਚਨਾ ਹੋਈ। ਪੰਜਾਬ ਬੁੱਧ ਧਰਮ ਅਤੇ ਸੂਫੀਵਾਦ ਦਾ ਮਹੱਤਵਪੂਰਨ ਕੇਂਦਰ ਰਿਹਾ ਅਤੇ ਪੰਜਾਬ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ। ਰੂਹਾਨੀਅਤ ਦੇ ਇਸ ਵਿਕਾਸ ਨੇ ਸਾਡੀ ਟੱਪਰੀਵਾਸ ਮਾਨਸਿਕਤਾ ਵਿੱਚ ਸਥਿਰਤਾ ਲਿਆ ਕੇ ਸਾਡੇ ਜੀਵਨ ਦੇ ਪਦਾਰਥਕ ਅਤੇ ਰੂਹਾਨੀ ਪੱਖਾਂ ਵਿੱਚ ਸੰਤੁਲਨ ਕਾਇਮ ਕਰਨ ਵਿੱਚ ਭੂਮਿਕਾ ਨਿਭਾਈ। ਪ੍ਰੰਤੂ ਅਖੌਤੀ ਹਰੇ ਇਨਕਲਾਬ ਤੋਂ ਬਾਅਦ ਪੰਜਾਬ ਤੇ ਪੱਛਮੀ ਖੱਪਤਕਾਰੀ ਸਭਿਆਚਾਰ ਨੇ ਅਜਿਹਾ ਹਮਲਾ ਕੀਤਾ ਕਿ ਪੰਜਾਬ ਭਾਰਤ ਵਿੱਚ ਖੱਪਤਕਾਰੀ ਸਭਿਆਚਾਰ ਦਾ ਧੁਰਾ ਬਣ ਗਿਆ। ਪੰਜਾਬੀਆਂ ਦੇ ਜੀਵਨ ਵਿੱਚ ਜੋ ਬਹੁਤ ਘਾਲਣਾ ਘਾਲ ਕੇ ਸੰਤੁਲਨ ਆਇਆ ਸੀ ਕਿ ਉਹ ਗੁਆਚ ਗਿਆ। ਉਨ੍ਹਾਂ ਵਿੱਚ ਇਕ ਵਾਰ ਫਿਰ ਟੱਪਰੀਵਾਸ ਅਤੇ ਉਜੜੇ ਹੋਏ ਲੋਕਾਂ ਦੀ ਮਾਨਸਿਕਤਾ ਭਾਰੂ ਹੋ ਗਈ। ਪੰਜਾਬ ਅਤੇ ਸਾਰੇ ਸੰਸਾਰ ਦੇ ਪੰਜਾਬੀ ਇਸ ਅਸੰਤੁਲਨ ਅਤੇ ਅਸਥਿਰਤਾ ਦੀ ਮਾਰ ਹੇਠ ਆ ਗਏ।

ਪੰਜਾਬ ਮੁੱਖ ਤੌਰ ’ਤੇ ਇਕ ਖੇਤੀ ਪ੍ਰਧਾਨ ਸੂਬਾ ਰਿਹਾ ਹੈ। ਪੰਜਾਬੀ ਦੀ ਕਿਸਾਨੀ ਵਿੱਚੋਂ ਜੱਟ ਕਿਸਾਨੀ ਸਿਰਕੱਢ ਕਿਸਾਨੀ ਰਹੀ ਹੈ ਅਤੇ ਉਸ ਨੇ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਮਾਨਸਿਕਤਾ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਅਤੇ ਪ੍ਰਭਾਸ਼ਿਤ ਕੀਤਾ ਹੈ। ਜੱਟ ਕਿਸਾਨੀ ਦਾ ਸਿੱਖ ਧਰਮ ਨੂੰ ਅਪਣਾ ਲੈਣ। ਪੰਜਾਬ ਦੇ ਇਤਿਹਾਸ, ਸਭਿਆਚਾਰ, ਆਰਥਿਕਤਾ ਅਤੇ ਸਮਾਜਿਕ ਬਣਤਰ ਲਈ ਇਕ ਬਹੁਤ ਮਹੱਤਵਪੂਰਣ ਤੱਥ ਸੀ। ਇਤਿਹਾਸ ਵਿੱਚ ਅਜਿਹੀ ਉਦਾਹਰਣ ਲੱਭਣੀ ਔਖੀ ਹੈ ਜਦੋਂ ਕਿ ਇਕ ਕਬੀਲੇ ਨੂੰ ਵਿਆਪਕ ਫਲਸਫੇ ਦੇ ਘੇਰੇ ਵਿੱਚ ਲਿਆਂਦਾ ਜਾਏ। ਜੱਟ ਸ਼ਬਦ ਜਮੀਨ ਅਰਥਾਤ ਪਦਾਰਥ ਨਾਲ ਜੁੜਿਆ ਹੋਇਆ ਹੈ। ਜਦੋਂ ਕਿ ਸਿੱਖ ਸ਼ਬਦ ਦਾ ਅਰਥ ਉਹ ਸਿਖਿਆਰਥੀ ਹੈ ਜੋ ਰੂਹਾਨੀ ਤੌਰ ’ਤੇ ਜਾਗਰਿਤ ਹੋਣਾ ਚਾਹੁੰਦਾ ਹੈ। ਇਸ ਤਰ੍ਹਾਂ ਸਿੱਖ ਜਿੱਥੇ ਜੱਟ ਜੀਵਨ ਦੇ ਪਦਾਰਥਿਕ ਪੱਖ ਨਾਲ ਜੁੜਿਆ ਉਥੇ ਸਿੱਖ ਜੀਵਨ ਦੇ ਰੂਹਾਨੀ ਪੱਖ ਨਾਲ ਜੁੜਿਆ ਹੈ। ਜੱਟ ਤੋਂ ਜੱਟ ਸਿੱਖ ਬਣਨ ਦਾ ਅਰਥ ਹੈ ਜੀਵਨ ਦੇ ਪਦਾਰਥਿਕ ਅਤੇ ਰੂਹਾਨੀ ਪੱਖਾਂ ਵਿੱਚ ਸੰਤੁਲਨ ਕਾਇਮ ਕਰਨਾ। ਇਹ ਇਕ ਬਹੁਤ ਹੀ ਨਰੋਆ ਅਤੇ ਵਿਲੱਖਣ ਸੰਕਲਪ ਹੈ, ਇਕ ਨਵੇਂ ਮਨੁੱਖ ਦੀ ਸਿਰਜਣਾ ਹੀ ਸਿੱਖ ਇਨਕਲਾਬ ਦਾ ਮੁੱਖ ਉਦੇਸ਼ ਸੀ।

ਸਿੱਖ ਇਨਕਲਾਬ ਤੋਂ ਬਾਅਦ ਪੰਜਾਬ ਨੇ ਬਹੁਤ ਉਨਤੀ ਕੀਤੀ। ਪੰਜਾਬ, ਬਿ੍ਰਟਿਸ਼ ਸਾਮਰਾਜ ਤੋਂ ਬਾਅਦ ਸੰਸਾਰ ਦਾ ਦੂਜਾ ਵੱਡਾ ਸ਼ਕਤੀਸ਼ਾਲੀ ਰਾਜ ਬਣ ਗਿਆ। ਅਜਿਹਾ ਆਪ ਮਹਾਰਾਣੀ ਵਿਕਟੋਰੀਆ ਨੇ ਸਵੀਕਾਰ ਕੀਤਾ ਹੈ। ਉਨੀਵੀਂ ਸਦੀ ਦੇ ਪੰਜਾਬ ਵਿੱਚ ਯੂਰਪ ਦੇ ਸਾਰੇ ਦੇਸ਼ਾਂ ਤੋਂ ਅਤੇ ਅਮਰੀਕਾ ਤੋਂ ਵੀ ਬਹੁਤ ਕਾਬਲ ਅਤੇ ਵੱਡੀਆਂ-ਵੱਡੀਆਂ ਪ੍ਰਾਪਤੀਆਂ ਹਾਸਲ ਕਰ ਚੁੱਕੇ ਸ਼ਖਸ ਪੰਜਾਬ ਵਿੱਚ ਨੌਕਰੀਆਂ ਦੀ ਤਲਾਸ਼ ਵਿੱਚ ਆਏ ਸਨ ਅਤੇ ਉਨ੍ਹਾਂ ਨੂੰ ਬਹੁਤ ਚੰਗੇ ਰੁਤਬੇ ਤੇ ਆਮਦਨ ਨਸੀਬ ਹੋਈ। ਭਾਈ ਕਾਹਨ ਸਿੰਘ ਨਾਭਾ ਨੇ ਆਪਣੇ ਮਹਾਨ ਕੋਸ਼ ਵਿੱਚ ਵੱਖ-ਵੱਖ ਯੂਰਪ ਦੇ ਦੇਸ਼ਾਂ ਅਤੇ ਅਮਰੀਕਾ ਤੋਂ ਆਏ ਤੇ ਪੰਜਾਬ ਚੰਗੇ ਅਹੁਦੇ ਹਾਸਲ ਕਰਨ ਵਾਲਿਆਂ ਬਾਰੇ ਜਾਣਕਾਰੀ ਦਿੱਤੀ ਹੈ। ਪਰ ਅੰਗਰੇਜ਼ਾਂ ਨਾਲ ਸਿੱਖਾਂ ਦੇ ਹੋਏ ਯੁੱਧਾਂ ਵਿੱਚ ਸਿੱਖਾਂ ਦੀ ਹਾਰ ਨੇ ਸਭ ਕੁਝ ਬਦਲ ਦਿੱਤਾ।

ਅੰਗਰੇਜ਼ਾਂ ਨੇ ਨਾ ਸਿਰਫ਼ ਇਕ ਬਹੁਤ ਹੀ ਜਥੇਬੰਦਕ ਢੰਗ ਨਾਲ ਪੰਜਾਬ ਦੀ ਆਰਥਿਕ ਸ਼ਕਤੀ ਨੂੰ ਤਬਾਹ ਕੀਤਾ ਸਗੋਂ ਸਿੱਖ ਇਨਕਲਾਬ ਦੀਆਂ ਵਿਚਾਰਧਾਰਿਕ ਪ੍ਰਾਪਤੀਆਂ ਨੂੰ ਵੀ ਪੁੱਠਾ ਗੇੜਾ ਦੇ ਦਿੱਤਾ। ਸਿੱਖ ਇਨਕਲਾਬ ਨੇ ਮਨੁੱਖੀ ਚੇਤਨਾ ਜਾਂ ਰੂਹਾਨੀਅਤ ਨੂੰ ਮਨੁੱਖੀ ਜੀਵਨ ਦਾ ਮੁੱਖ ਪੱਖ ਸਵੀਕਾਰਿਆ ਪਰ ਅੰਗਰੇਜ਼ਾਂ ਨੇ ਚੇਤਨਾ ’ਤੇ ਪਦਾਰਥਿਕ ਪੱਖ ਨੂੰ ਭਾਰੂ ਕਰਨ ਦਾ ਕਾਰਜ ਆਰੰਭਿਆ। ਇਨ੍ਹਾਂ ਦੋਨਾਂ ਗੱਲਾਂ ਕਾਰਨ ਪੰਜਾਬ ਵਿੱਚੋਂ ਪ੍ਰਵਾਸ ਦੇ ਬੀਜ ਬੀਜੇ ਗਏ। ਜੇ ਇਸ ਤਰ੍ਹਾਂ ਕਿਹਾ ਜਾਵੇ ਤਾਂ ਸ਼ਾਇਦ ਅਤਿਕਥਨੀ ਨਹੀਂ ਹੋਏਗੀ ਕਿ ਜੱਟ ਸਿੱਖ ਸਮੀਕਰਨ ਵਿੱਚ ਸਿੱਖ ਇਨਕਲਾਬ ਨੇ ਸਿੱਖ ਨੂੰ ਭਾਰੂ ਅਤੇ ਜੱਟ ਨੂੰ ਨਿਮਨ ਪੱਖ ਬਣਾਇਆ ਪਰ ਅੰਗਰੇਜ਼ਾਂ ਨੇ ਇਸ ਤੋਂ ਉਲਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਅਖੌਤੀ ਹਰੇ ਇਨਕਲਾਬ ਤੋਂ ਬਾਅਦ ਅਮਰੀਕਾ ਨੇ ਬਿ੍ਰਟਿਸ਼ ਸਾਮਰਾਜ ਵੱਲੋਂ ਆਰੰਭੇ ਗਏ ਕਾਰਜ ਨੂੰ ਸੰਪੰਨ ਕਰ ਦਿੱਤਾ ਅਤੇ ਇਹ ਸਮੀਕਰਨ ਬਿਲਕੁਲ ਉਲਟ ਕਰ ਦਿੱਤੇ, ਇਸ ਦਾ ਨਤੀਜਾ ਇਹ ਹੋਇਆ ਹੈ ਕਿ ਪੰਜਾਬੀ ਭਾਰਤ ਵਿੱਚ ਖੱਪਤਕਾਰੀ ਸਭਿਆਚਾਰ ਦੇ ਸਭ ਤੋਂ ਵਫਾਦਾਰ ਅਤੇ ਜੋਸ਼ੀਲੇ ਪੈਰੋਕਾਰ ਬਣ ਗਏ। ਉਨ੍ਹਾਂ ਵਿੱਚ ਜੋ ਟੱਪਰੀਵਾਸ ਅਤੇ ਉਜੜੇ ਹੋਏ ਲੋਕਾਂ ਦੀ ਮਾਨਸਿਕਤਾ ਸੀ, ਉਸ ਨੂੰ ਵੱਡਾ ਹੁੰਗਾਰਾ ਮਿਲਿਆ ਤੇ ਉਹ ਪ੍ਰਬਲ ਹੋ ਗਈ।

ਪੰਜਾਬੀਆਂ ਨੇ ਆਪਣੇ ਬੋਰੀਆਂ ਬਿਸਤਰੇ ਬੰਨ੍ਹ ਲਏ ਅਤੇ ਉਹ ਜਹਾਜ਼ਾਂ ਰਾਹੀਂ ਅਮਰੀਕਾ, ਕਨੇਡਾ, ਇੰਗਲੈਂਡ, ਜਰਮਨੀ, ਇਟਲੀ, ਨਾਰਵੇ, ਨਿਊਜ਼ੀਲੈਂਡ ਜਾਂ ਹੋਰ ਕੋਈ ਵੀ ਦੇਸ਼ ਜੋ ਉਨ੍ਹਾਂ ਨੂੰ ਮੌਕੇ ਉਪਲਬਧ ਕਰਵਾਉਂਦਾ ਹੈ ਜਾਣ ਲਈ ਤਿਆਰ ਹਨ। ਪਰ ਉਨ੍ਹਾਂ ਦਾ ਸਫ਼ਰ ਉਥੇ ਪਹੰੁਚ ਕੇ ਖ਼ਤਮ ਨਹੀਂ ਹੁੰਦਾ ਸਗੋਂ ਉਥੇ ਜਾ ਕੇ ਜੇ ਉਨ੍ਹਾਂ ਨੂੰ ਕੋਈ ਕਹੇ ਕਿ ਕਿਸੇ ਹੋਰ ਦੇਸ਼ ਵਿੱਚ ਮੌਕੇ ਜ਼ਿਆਦਾ ਹਨ ਤਾਂ ਉਹ ਉਥੋਂ ਉਥੇ ਚਲੇ ਜਾਂਦੇ ਹਨ। ਜੇ ਉਸੇ ਦੇਸ਼ ਵਿੱਚ ਕਿਸੇ ਹੋਰ ਸ਼ਹਿਰ ਵਿੱਚ ਉਨ੍ਹਾਂ ਨੂੰ ਲੱਗਦਾ ਹੈ ਕਿ ਮੌਕੇ ਜ਼ਿਆਦਾ ਹਨ ਤਾਂ ਉਹ ਬੋਰੀਆ, ਬਿਸਤਰਾ ਚੁੱਕ ਕੇ ਉਥੇ ਜਾਣ ਲਈ ਤਿਆਰ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਅੱਜ ਦੇ ਯੁੱਗ ਦੇ ਮਹਾਂ ਜਿਪਸੀ ਬਣ ਗਏ ਹਨ। ਭਾਵੇਂ ਕਿ ਪੰਜਾਬੀਆਂ ਨੇ ਕਈ ਸ਼ਹਿਰਾਂ ਵਿੱਚ ਵੱਡੇ-ਵੱਡੇ ਮਹੱਲਾਂ ਵਰਗੇ ਮਕਾਨ ਬਣਾ ਲਏ ਹਨ। ਪਰ ਉਹ ਹੋਰ ਚੰਗੇ ਮੌਕੇ ਲਈ ਉਨ੍ਹਾਂ ਨੂੰ ਛੱਡਣ ਲਈ ਹਰ ਦਮ ਤਿਆਰ ਰਹਿੰਦੇ ਹਨ।

ਇਸ ਸਥਿਰਤਾ ਦੀ ਘਾਟ ਵਾਲੀ ਸਥਿਤੀ ਨੇ ਪੰਜਾਬੀਆਂ ਵਿਚ ਸਮੁੱਚੇ ਤੌਰ ਤੇ ਬਹੁਤ ਨਿਰਾਸ਼ਾ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਹੜੇ ਲੋਕ ਬੋਰੀਆ, ਬਿਸਤਰਾ ਬੰਨ੍ਹੀਂ ਬੈਠੇ ਹਨ ਉਨ੍ਹਾਂ ਨੂੰ ਉਥੇ ਪਹੁੰਚਦਿਆਂ ਕਈ ਵਾਰ ਕਈ ਸਾਲ ਲਗ ਜਾਂਦੇ ਹਨ। ਪਰ ਉਨ੍ਹੀ ਦੇਰ ਉਨ੍ਹਾਂ ਦੇ ਜੀਵਨ ਦਾ ਇਕੋ ਇਕ ਮਨੋਰਥ ਆਪਣੇ ਕਾਗਜ਼ ਪੂਰੇ ਕਰਨਾ ਜਾ ਇਮੀਗ੍ਰੇਸ਼ਨ ਲੈਣੀ ਰਹਿ ਜਾਂਦਾ ਹੈ, ਉਹ ਰੇਲਵੇ ਸਟੇਸ਼ਨ ’ਤੇ ਕਈ ਕਈ ਘੰਟੇ ਲੇਟ ਹੋਈਆਂ ਗੱਡੀਆਂ ਦੇ ਇੰਤਜਾਰ ਵਿਚ ਆਪਣਾ ਸਮਾਨ ਬੰਨ੍ਹੀ ਬੈਠੇ ਮੁਸਾਫਰਾਂ ਦੀ ਤਰ੍ਹਾਂ ਹੰੁਦੇ ਹਨ, ਦੂਜੇ ਪਾਸੇ ਜੋ ਲੋਕ ਹਾਲੇ ਪੰਜਾਬ ਵਿਚ ਹਨ, ਉਹ ਵੀ ਦੁਖੀ ਹੋ ਰਹੇ ਹਨ। ਪਹਿਲਾ ਕਾਰਨ ਇਹ ਹੈ ਕਿ ਉਨ੍ਹਾਂ ਦੇ ਮਿੱਤਰ ਤੇ ਰਿਸ਼ਤੇਦਾਰ ਉਨ੍ਹਾਂ ਕੋਲੋਂ ਦੂਰ ਜਾ ਰਹੇ ਹਨ। ਦੂਜਾ ਕਾਰਨ ਕਿ ਉਹ ਵੀ ਇਹ ਸੋਚਦੇ ਹਨ ਕਿ ਸ਼ਾਇਦ ਉਨ੍ਹਾਂ ਨੇ ਵਿਦੇਸ਼ਾਂ ਵਿਚ ਨਾ ਜਾ ਕੇ ਤੇ ਇਥੇ ਹੀ ਰਹਿ ਕੇ ਕੋਈ ਗਲਤੀ ਕਰ ਲਈ ਹੈ।

Comments

Baldev singh

very good

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ