Sun, 25 February 2024
Your Visitor Number :-   6868382
SuhisaverSuhisaver Suhisaver

ਆਤਮਹੱਤਿਆ ਸਮੱਸਿਆਵਾਂ ਦਾ ਹੱਲ ਨਹੀਂ- ਗੁਰਵਿੰਦਰ ਸਿੰਘ

Posted on:- 11-10-2014

suhisaver

ਇਕ ਅੰਦਾਜੇ ਮੁਤਾਬਕ ਵਿਸ਼ਵ ਵਿੱਚ ਹਰ ਸਾਲ ਲੱਗਭਗ 8 ਲੱਖ ਲੋਕ ਆਤਮਹੱਤਿਆ ਕਰਦੇ ਹਨ। ਇਹਨਾਂ ਵਿੱਚੋਂ ਸਵਾ ਲੱਖ ਤੋਂ ਵੱਧ ਭਾਰਤੀ ਹੁੰਦੇ ਹਨ। 1987 ਤੋਂ ਬਾਅਦ ਆਤਮਹੱਤਿਆਵਾਂ ਦੀ ਦਰ ਵਿੱਚ ਬਹੁਤ ਵਾਧਾ ਹੋਇਆ ਹੈ। ਭਾਰਤ ਵਿੱਚ ਜ਼ਿਆਦਾਤਰ ਆਤਮਹੱਤਿਆਵਾਂ ਦੱਖਣੀ ਅਤੇ ਪੂਰਬੀ ਰਾਜਾਂ ਵਿੱਚ ਕੀਤੀਆਂ ਜਾਂਦੀਆਂ ਹਨ। ਹਰ ਸਾਲ ਅਨੇਕਾਂ ਕਿਸਾਨ, ਕਰਜ਼ੇ ਦੇ ਬੋਝ ਹੇਠ ਜਾਂ ਫਸਲਾਂ ਤਬਾਹ ਹੋ ਜਾਣ ਕਾਰਨ ਆਪਣਾ ਜੀਵਨ ਖ਼ਤਮ ਕਰ ਲੈਂਦੇ ਹਨ। ਬਲਾਤਕਾਰ ਜਾਂ ਜਿਸਮਾਨੀ ਛੇੜਛਾੜ ਤੋ ਪੀੜਤ ਲੜਕੀਆਂ ਦੁਆਰਾ ਆਤਮਹੱਤਿਆ ਕਰਨ ਦੇ ਮਾਮਲਿਆਂ ਦੀ ਗਿਣਤੀ ਬੀਤੇ ਕੁਝ ਵਰ੍ਹਿਆਂ ਵਿੱਚ ਵਧੀ ਹੈ।

ਕੋਈ ਵੀ ਵਿਅਕਤੀ ਕਿਸੇ ਮਾਮੂਲੀ ਕਾਰਨ ਕਰਕੇ ਆਤਮਹੱਤਿਆ ਨਹੀਂ ਕਰਦਾ। ਆਤਮਹੱਤਿਆ ਕਿਸੇ ਵੱਡੇ ਕਾਰਨ ਜਾਂ ਕਾਰਨਾਂ ਦੇ ਸਮੂਹ ਦਾ ਸਿੱਟਾ ਹੁੰਦੀ ਹੈ। ਆਤਮਹੱਤਿਆਵਾਂ ਦਾ ਸਭ ਤੋ ਵੱਡਾ ਕਾਰਨ ਡਿਪ੍ਰੈਸ਼ਨ ਜਾਂ ਦਿਮਾਗੀ ਤਣਾਅ ਹੈ। ਆਧੁਨਿਕ ਮੁਕਾਬਲੇ ਭਰੇ ਸੰਸਾਰ ਵਿੱਚ ਵਪਾਰੀ, ਕਾਰੋਬਾਰੀ, ਅਧਿਕਾਰੀ, ਵਿਦਿਆਰਥੀ, ਘਰੇਲੂ ਔਰਤਾਂ ਆਦਿ ਸਾਰੇ ਹੀ ਤਣਾਅ ਦਾ ਸ਼ਿਕਾਰ ਹਨ। ਨਿਰਾਸ਼ਾ ਵੀ ਲੋਕਾਂ ਨੂੰ ਆਤਮਹੱਤਿਆਵਾਂ ਲਈ ਮਜਬੂਰ ਕਰਦੀ ਹੈ। ਨਿਰਾਸ਼ ਵਿਅਕਤੀ ਸਥਿਤੀਆਂ ਨਾਲ ਲੜਣ ਦੀ ਤਾਕਤ ਗੁਆ ਬੈਠਦਾ ਹੈ। ਅਜਿਹੇ ਵਿਅਕਤੀ ਦਾ ਜੀਵਨ ਪ੍ਰਤੀ ਨਜ਼ਰੀਆ ਨਕਾਰਾਤਮਕ ਬਣ ਜਾਂਦਾ ਹੈ ਅਤੇ ਮੌਤ ਉਸਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲਗਦੀ ਹੈ। ਇਹ ਲੋਕ ਜ਼ਿਆਦਾਤਰ ਆਪਣੇ ਆਪ ਵਿੱਚ ਮਸਤ ਰਹਿੰਦੇ ਹਨ ਅਤੇ ਦੂਜਿਆਂ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸਦੇ।

ਨਸ਼ੀਲੇ ਪਦਾਰਥ ਅਨੇਕਾਂ ਨੌਜਵਾਨਾਂ ਨੂੰ ਆਤਮਹੱਤਿਆਵਾਂ ਕਰਨ ਤੇ ਮਜਬੂਰ ਕਰ ਦਿੰਦੇ ਹਨ। ਨਸ਼ਿਆਂ ਵਿੱਚ ਸਭ ਕੁਝ ਗੁਆ ਕੇ ਵਿਅਕਤੀ ਦੇ ਪੱਲੇ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਰਹਿੰਦਾ ਅਤੇ ਵਿਅਕਤੀ ਆਪਣੇ ਆਪ ਨੂੰ ਸਮਾਜ ਦਾ ਸਾਹਮਣਾ ਕਰਨ ਦੇ ਕਾਬਲ ਨਹੀਂ ਸਮਝਦਾ। ਅਨੇਕਾਂ ਵਿਦਿਆਰਥੀ ਸਿਰਫ ਇਸ ਲਈ ਆਤਮਹੱਤਿਆ ਕਰ ਲੈਂਦੇ ਹਨ ਕਿਉਂਕਿ ਉਹ ਇਮਤਿਹਾਨਾਂ ਵਿੱਚ ਆਪਣੀ ਉਮੀਦ ਅਨੁਸਾਰ ਅੰਕ ਪ੍ਰਾਪਤ ਨਹੀਂ ਕਰ ਸਕੇ ਜਾਂ ਫਿਰ ਉਹਨਾਂ ਦਾ ਸਹਿਪਾਠੀ ਉਹਨਾਂ ਤੋਂ ਜ਼ਿਆਦਾ ਅੰਕ ਪ੍ਰਾਪਤ ਕਰ ਗਿਆ। ਕਈ ਵਾਰ ਕੁਝ ਲੋਕ ਆਪਣੇ ਮਿੱਤਰਾਂ ਜਾਂ ਘਰ ਵਾਲਿਆਂ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਆਤਮਹੱਤਿਆ ਦਾ ਨਾਟਕ ਕਰਦੇ ਹਨ ਪਰ ਫੌਰੀ ਸਹਾਇਤਾ ਨਾ ਮਿਲਣ ਜਾਂ ਦਵਾਈ ਆਦਿ ਦੀ ਮਿਕਦਾਰ ਲੋੜ ਤੋਂ ਵੱਧ ਹੋ ਜਾਣ ਕਾਰਨ ਜਾਨ ਗਵਾ ਬੈਠਦੇ ਹਨ।

ਪੁਰਾਣੀ ਅਤੇ ਲੰਮੀ ਬਿਮਾਰੀ ਤੋਂ ਪੀੜਤ ਕਈ ਰੋਗੀ ਮੌਤ ਦੀ ਕਾਮਨਾ ਕਰਦੇ ਹਨ ਅਤੇ ਕਈ ਵਾਰ ਮੌਤ ਨੂੰ ਗਲੇ ਲਗਾ ਲੈਂਦੇ ਹਨ। ਕਈ ਬੇਰੋਜ਼ਗਾਰ ਨੌਜਵਾਨ ਨੌਕਰੀ ਨਾ ਮਿਲਣ ਕਾਰਨ ਆਤਮਹੱਤਿਆ ਕਰਦੇ ਹਨ ਕਿਉਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਪਰਿਵਾਰ ਤੇ ਬੋਝ ਹਨ। ਅਨੇਕਾਂ ਵਿਅਕਤੀ ਆਤਮਹੱਤਿਆ ਕਿਸੇ ਪ੍ਰਕਾਰ ਦੀ ਤਕਲੀਫ ਜਾਂ ਦੁੱਖ ਕਾਰਨ ਨਹੀਂ ਕਰਦੇ ਸਗੋਂ ਇਸ ਲਈ ਕਰਦੇ ਹਨ ਕਿਉਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਜਿੰਦਾ ਰਹਿਣ ਦਾ ਕੋਈ ਕਾਰਨ ਨਹੀਂ ਰਿਹਾ। ਸਾਈਜੋਫਰੇਨੀਆ ਨਾਮਕ ਬਿਮਾਰੀ ਵਿੱਚ ਵਿਅਕਤੀ ਅਸਲ ਦੁਨੀਆ ਨੂੰ ਭੁੱਲ ਕੇ ਆਪਣੇ ਆਲੇ ਦੁਆਲੇ ਇੱਕ ਮਸਨੂਈ ਸੰਸਾਰ ਦੀ ਕਲਪਨਾ ਕਰਦਾ ਹੈ ਜਿਸ ਵਿੱਚ ਕੋਈ ਬਾਹਰੀ ਸ਼ਕਤੀ ਉਸਨੂੰ ਜੀਵਨ ਜਿਉਣ ਦਾ ਹੁਕਮ ਦਿੰਦੀ ਹੈ। ਕਈ ਵਾਰ ਇਹੋ ਸ਼ਕਤੀ ਵਿਅਕਤੀ ਨੂੰ ਮੌਤ ਦਾ ਹੁਕਮ ਦਿੰਦੀ ਹੈ ਅਤੇ ਵਿਅਕਤੀ ਮੌਤ ਨੂੰ ਗਲੇ ਲਗਾ ਲੈਂਦਾ ਹੈ।

ਜਿੰਦਗੀ ਬਹੁਤ ਕੀਮਤੀ ਹੈ। ਇਸਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ। ਆਤਮਹੱਤਿਆ ਕਰਨ ਵਾਲਾ ਵਿਅਕਤੀ ਤਾਂ ਦੁਨੀਆਂ ਤੋਂ ਚਲਾ ਜਾਂਦਾ ਹੈ ਪਰ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਮਿੱਤਰਾਂ ਨੂੰ ਅਜਿਹੇ ਜ਼ਖਮ ਦੇ ਜਾਂਦਾ ਹੈ ਜਿਹਨਾਂ ਨੂੰ ਭਰਨ ’ਤੇ ਵਰ੍ਹਿਆਂ ਬੱਧੀ ਸਮਾਂ ਲੱਗ ਜਾਂਦਾ ਹੈ। ਮਿਤ੍ਰਕ ਦੇ ਪਤੀ, ਪਤਨੀ, ਮਾਪੇ, ਬੱਚਿਆਂ, ਭਰਾਵਾਂ ਆਦਿ ਨੂੰ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵੇਖਣ ਵਿੱਚ ਆਉਦਾ ਹੈ ਕਿ ਜਦ ਵਿਅਕਤੀ ਤਨਾਅ ਜਾਂ ਸਮੱਸਿਆਵਾਂ ਦਾ ਸ਼ਿਕਾਰ ਹੁੰਦਾ ਹੈ ਤਾਂ ਆਪਣੇ ਸਰੀਰ ਦਾ ਧਿਆਨ ਰੱਖਣਾ ਬੰਦ ਕਰ ਦਿੰਦਾ ਹੈ। ਹੌਲੀ ਹੌਲੀ ਉਹ ਬਿਮਾਰ ਬਣਦਾ ਜਾਂਦਾ ਹੈ ਅਤੇ ਉਸ ਦਾ ਉਤਸਾਹ ਨੀਵਾਂ ਹੁੰਦਾ ਜਾਂਦਾ ਹੈ। ਅਜਿਹਾ ਬਿਲਕੁਲ ਨਹੀਂ ਹੋਣ ਦੇਣਾ ਚਾਹੀਦਾ। ਸਰੀਰ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਨਕਾਰਾਤਮਕ ਵਿਚਾਰਾਂ ਨੂੰ ਆਪਣੇ ਦਿਲ ਵਿੱਚੋ ਕੱਢੇ। ਸਕਾਰਾਤਮਕ ਲੋਕਾਂ ਦੀ ਸੰਗਤ ਕਰੇ। ਦੁਨੀਆਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਨੇ ਗਲਤੀਆਂ ਨਾ ਕੀਤੀਆਂ ਹੋਣ। ਪਰ ਇਹਨਾਂ ਗਲਤੀਆਂ ਦਾ ਬੋਝ ਸਾਰੀ ਉਮਰ ਸਿਰ ’ਤੇ ਚੁੱਕੀ ਫਿਰਨਾ ਕਿਸੇ ਵੀ ਤਰ੍ਹਾਂ ਦੀ ਸਿਆਣਪ ਨਹੀਂ ਹੈ। ਦੁਨੀਆਂ ਵਿੱਚ ਅਨੇਕਾਂ ਲੋਕ ਹਨ ਜਿਹੜੇ ਸਾਨੂੰ ਸਹਾਇਤਾ ਦੇਣ ਲਈ ਤਿਆਰ ਹਨ ਪਰ ਅਸੀਂ ਉੁਹਨਾਂ ਦੀ ਸਹਾਇਤਾ ਲੈਣਾ ਹੀ ਨਹੀਂ ਚਾਹੁੰਦੇ। ਕਈ ਵਾਰ ਕੋਈ ਚੰਗੀ ਸਲਾਹ ਮਿਲ ਜਾਂਦੀ ਹੈ ਜਿਸ ਨਾਲ ਅਨੇਕਾਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ। ਜੇਕਰ ਕੋਈ ਸਰੀਰਕ ਬਿਮਾਰੀ ਜਾਂ ਮਾਨਸਿਕ ਤਣਾਅ ਹੈ ਤਾਂ ਇਸ ਸਬੰਧੀ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ। ਧਿਆਨ, ਸਾਧਨਾ ਅਤੇ ਯੋਗ ਦੁਆਰਾ ਵੀ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਕੁਝ ਲੋਕ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਕੇ ਨਸ਼ਿਆਂ ਦਾ ਸਹਾਰਾ ਲੈਦੇ ਹਨ। ਨਸ਼ਿਆਂ ਦੁਆਰਾ ਸਮੱਸਿਆਵਾਂ ਤੋਂ ਵਕਤੀ ਤੌਰ ਤੇ ਤਾਂ ਨਿਜ਼ਾਤ ਮਿਲ ਜਾਂਦੀ ਹੈ ਪਰ ਨਸ਼ੇ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ। ਇਨ੍ਹਾਂ ਤੋਂ ਬਚਣਾ ਹੀ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਹ ਖਿਆਲ ਵੀ ਰੱਖਣਾ ਚਾਹੀਦਾ ਹੈ ਕਿ ਜੇਕਰ ਸਾਡਾ ਕੋਈ ਪਰਿਵਾਰਕ ਮੈਂਬਰ ਜਾਂ ਮਿੱਤਰ ਕਿਸੇ ਕਾਰਨ ਪ੍ਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ ਅਤੇ ਨਿਰਾਸ਼ਾ ਵਿੱਚ ਆਤਮ ਹੱਤਿਆ ਵਰਗੀ ਗੱਲ ਕਰਦਾ ਹੈ ਤਾਂ ਉਸ ਦਾ ਪੂਰਾ ਧਿਆਨ ਰੱਖੀਏ ਅਤੇ ਉਸ ਦਾ ਮਨ ਹੋਰ ਕੰਮਾਂ ਵਿੱਚ ਲਗਾਈਏ। ਉਸ ਨੂੰ ਜ਼ਿੰਦਗੀ ਦੇ ਸਾਕਾਰਾਤਮਕ ਪਹਿਲੂਆਂ ਬਾਰੇ ਦੱਸੀਏ। ਉਸ ਦੇ ਮਨੋਰੰਜਨ ਦਾ ਖਿਆਲ ਕਰੀਏ ਤਾਂ ਜੋ ਉਹ ਅਜਿਹੇ ਵਿਚਾਰਾਂ ਨੂੰ ਮਨ ਵਿੱਚੋਂ ਕੱਢ ਸਕੇ। ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ। ਇਸ ਲਈ ਮੁਸ਼ਕਲਾਂ ਨਾਲ ਦੋ-ਚਾਰ ਹੋਣਾ ਚਾਹੀਦਾ ਹੈ।

ਸੰਪਰਕ: +91  99150 25567

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ