Wed, 24 April 2024
Your Visitor Number :-   6996827
SuhisaverSuhisaver Suhisaver

ਅਮਰੀਕਨ ਰਾਸ਼ਟਰਪਤੀ ਦੀ ਉਮੀਦਵਾਰੀ ਲਈ ਚੱਲ ਰਹੀ ਚੋਣ ਮੁਹਿੰਮ ਉੱਤੇ ਸਾਮਰਾਜੀ ਸੰਕਟ ਦਾ ਪਰਛਾਵਾਂ

Posted on:- 03-07-2016

suhisaver

- ਮਨਦੀਪ

ਦੁਨੀਆਂ ਦੀ ਸਭ ਤੋਂ ਵੱਡੀ ਸਾਮਰਾਜੀ ਮਹਾਂ-ਸ਼ਕਤੀ ਅਮਰੀਕਾ ’ਚ 8 ਨਵੰਬਰ 2016 ਨੂੰ ਹੋਣ ਵਾਲੇ ਚੋਣ ਦੰਗਲ ਦਾ ਬਿਗੁਲ ਵੱਜ ਚੁੱਕਿਆ ਹੈ। ਇਸ ਚੋਣ ਦੰਗਲ ’ਚ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਦਾਅਵੇਦਾਰ ਡੈਮੋਕਰੈਟਿਕ ਤੇ ਰਿਪਬਲਿਕਨ ਪਾਰਟੀਆਂ ਆਹਮੋ-ਸਾਹਮਣੇ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਦਾਅਵੇਦਾਰੀ ਲਈ ਵੱਖ-ਵੱਖ ਪਾਰਟੀਆਂ ਵੱਲੋਂ ਹਿਲੇਰੀ ਕਲਿੰਟਨ, ਡੋਨਲਡ ਟਰੰਪ, ਟੈੱਡ ਕਰੂਜ, ਬਰਨੀ ਸੈਂਡਰਸ, ਜੌਹਨ ਕੈਸਿਕ, ਸਟੀਫਨ ਕੋਲਬਰਟ, ਐਲ ਗੋਰੇ ਤੋਂ ਇਲਾਵਾ ਹੋਰ ਕਈ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਸਨ। ਇਹਨਾਂ ਵਿੱਚੋਂ ਹੁਣ ਰਿਪਬਲਿਕਨ ਪਾਰਟੀ ਵੱਲੋਂ ਡੋਨਲਡ ਟਰੰਪ ਅਤੇ ਡੈਮੋਕਰੈਟਿਕ ਪਾਰਟੀ ਵੱਲੋਂ ਹਿਲੇਰੀ ਰੋਡਮ ਕਲਿੰਟਨ ਨੇ ਗੈਰਰਸਮੀ ਤੌਰ ’ਤੇ ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵੇਦਾਰੀ ਹਾਸਲ ਕਰ ਲਈ ਹੈ।

ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਲਡ ਟਰੰਪ ਦੀ ਦਾਅਵੇਦਾਰੀ ਲਗਭਗ ਤੈਅ ਹੈ ਪਰੰਤੂ ਡੈਮੋਕਰੈਟਿਕ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਦਾਅਵੇਦਾਰੀ ਲਈ ਬਰਨੀ ਸੈਂਡਰਸ ਅਜੇ ਵੀ ਮੈਦਾਨ ਵਿੱਚ ਹੈ ਭਾਵੇਂ ਕਿ ਉਸਦੇ ਮੁਕਾਬਲੇ ਹਿਲੇਰੀ ਕਲਿੰਟਨ ਦੀ ਦਾਅਵੇਦਾਰੀ ਲੱਗਭਗ ਸੰਭਾਵੀ ਹੈ। ਰਾਜਨੀਤੀ ਨਾਲ ਮਾੜਾ ਮੋਟਾ ਵਾਹ ਵਾਸਤਾ ਰੱਖਣ ਵਾਲੇ ਦੁਨੀਆਂ ਭਰ ਦੇ ਹਰ ਆਮ-ਖਾਸ ਦੀਆਂ ਨਜਰਾਂ ਅਮਰੀਕੀ ਚੋਣ ਮੁਹਿੰਮ ’ਤੇ ਲੱਗੀਆਂ ਹੋਈਆਂ ਹਨ।

ਦੋਵਾਂ ਪਾਰਟੀਆਂ ਦੇ ਦਾਅਵੇਦਾਰਾਂ ਵੱਲੋਂ ਆਰਥਿਕ ਨਾ-ਬਰਾਬਰੀ, ਬੇਰੁਜਗਾਰੀ ਤੇ ਦਹਿਸ਼ਤਗਰਦੀ ਵਿਰੋਧੀ ਜੰਗ ਆਦਿ ਵਰਗੇ ਮੁੱਦਿਆਂ ’ਤੇ ਭੱਖਵਾਂ ਪ੍ਰਚਾਰ ਹੋਣ ਦੇ ਬਾਵਜੂਦ ਵੀ ਅਮਰੀਕੀ ਚੋਣਾਂ ਸਬੰਧੀ ਮੀਡੀਆ ਵੱਲੋਂ ਆਮ ਚਰਚਾ ਦੋਵਾਂ ਪਾਰਟੀਆਂ ਦੀਆਂ ਇਹਨਾਂ ਮਸਲਿਆਂ ਬਾਰੇ ਨੀਤੀਆਂ ਨਾਲੋਂ ਕਿਤੇ ਵੱਧ ਡੋਨਲਡ ਟਰੰਪ ਅਤੇ ਹਿਲੇਰੀ ਕਲਿੰਟਨ ਦੇ ਵਿੱਅਕਤਿਤਵ ਬਾਰੇ ਕੇਂਦਰਿਤ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੋਵੇਂ ਦਾਅਵੇਦਾਰ ਵੀ ਇਕ ਦੂਜੇ ਦੇ ਪ੍ਰਭਾਵ ਨੂੰ ਖੋਰਾ ਲਾਉਣ ਲਈ ਇਕ ਦੂਜੇ ਦੇ ਵਿਅਕਤਿਤਵ ਸਬੰਧੀ ਨਿੱਜੀ ਟਿੱਪਣੀਆਂ ਕਰਨ ’ਚ ਰੁੱਝੇ ਹੋਏ ਹਨ।

ਅਮਰੀਕੀ ਚੋਣਾਂ ਇਸਦੇ ਵਿਸ਼ਵਵਿਆਪੀ ਪ੍ਰਭਾਵਾਂ ਕਾਰਨ ਵਿਸ਼ਵ ਸਿਆਸਤ ’ਚ ਹਮੇਸ਼ਾਂ ਚਰਚਾ ਦਾ ਵਿਸ਼ਾ ਰਹੀਆਂ ਹਨ। ਇਸ ਵਾਰ ਵੀ ਇਹਨਾਂ ਚੋਣਾਂ ਨੇ ਵਿਸ਼ਵ ਭਰ ਦੇ ਲੋਕਾਂ ਦਾ ਧਿਆਨ ਖਿੱੱਚਿਆ ਹੋਇਆ ਹੈ। ਇਸਦਾ ਇਕ ਅਹਿਮ ਕਾਰਨ ਇਕ ਪਾਸੇ ਡੋਨਲਡ ਟਰੰਪ ਦੇ ਪ੍ਰਵਾਸੀਆਂ ਅਤੇ ਮੁਸਲਮਾਨਾਂ ਵਿਰੋਧੀ ਭੜਕਾਊ ਬਿਆਨ, ਮੈਕਸੀਕੋ ਦੇ ਬਾਰਡਰ ਦੁਆਲੇ ਕੰਧ ਉਸਾਰਨ ਅਤੇ ਦਹਿਸ਼ਤਗਰਦਾਂ ਨਾਲ ਸਖਤੀ ਨਾਲ ਨਜਿੱਠਣ ਵਰਗੀ ਸਖਤ ਬਿਆਨਬਾਜੀ ਹੈ ਅਤੇ ਦੂਸਰੇ ਪਾਸੇ ਇਸ ਦੇ ਵਿਰੋਧੀ ਦੋਵੇਂ ਦਾਅਵੇਦਾਰਾਂ ਵੱਲੋਂ ਅਮਰੀਕਾ ਦੇ ਵਿੱਤੀ ਸੰਕਟ ਕਾਰਨ ਅਮਰੀਕਨ ਲੋਕਾਂ ਅੰਦਰ ਪੈਦਾ ਹੋਈ ਬੇਚੈਨੀ, ਬੇਰੁਜਗਾਰੀ, ਆਰਥਿਕ ਨਾਬਰਾਬਰੀ ਨਾਲ ਨਜਿੱਠਣ ਲਈ ਵਧੇਰੇ ਕਾਰਗਰ ਨੀਤੀਆਂ ਉੱਤੇ ਚੱਲ ਕੇ ਆਪਣੇ ਆਪ ਨੂੰ ਵੱਧ ਤਾਕਤਵਾਰ ਤੇ ਸਮਰੱਥ ਸਿੱਧ ਕਰਨ ਦੀ ਦੌੜ ਹੈ। ਦੋਵੇਂ ਪੱਖ ਵਿਸ਼ਵ ਭਰ ਦੇ ਲੋਕਾਂ ਲਈ ਮਾਅਨੇ ਰੱਖਦੇ ਹਨ। ਪ੍ਰੰਤੂ ਮੁੱਖ ਸਵਾਲ ਦੋਵਾਂ ਪਾਰਟੀਆਂ ਦੇ ਮੁੱਖ ਦਾਅਵੇਦਾਰਾਂ ਦੁਆਰਾ ਚਲਾਈਆਂ ਜਾ ਰਹੀਆਂ ਪ੍ਰਚਾਰ ਮੁਹਿੰਮਾਂ ਅਤੇ ਉਹਨਾਂ ਮੁਹਿੰਮਾਂ ਦੌਰਾਨ ਉਭਾਰੇ ਜਾ ਰਹੇ ਮੁੱਦਿਆਂ ਦੀ ਹਕੀਕਤ ਨੂੰ ਪਛਾਣਨ ਦਾ ਹੈ। ਅੱਜ ਵਿਸ਼ਵ ਭਰ ਦੇ ਸਿਆਸੀ ਦਿ੍ਰਸ਼ ’ਤੇ ਭਾਰੂ ਹੋ ਰਹੀ ਪਿਛਾਖੜੀ ਅਤੇ ਜੁਮਲੇਬਾਜੀ ਦੀ ਸਿਅਸਤ ਦੇ ਦੌਰ ’ਚ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਕੇਂਦਰ ’ਚ ਲਿਆਉਣਾ ਤੇ ਉਨ੍ਹਾਂ ਦੀ ਅਮਲਦਾਰੀ ਨੂੰ ਯਕੀਨੀ ਬਣਾਉਣ ਵਾਲੇ ਸਵਾਲਾਂ ਨੂੰ ਵਿਚਾਰਨਾ ਸਾਮਰਾਜੀਆਂ ਦੇ ਸਿਆਸੀ ਆਗੂਆਂ ਦੇ ਕਿਸੇ ਏਜੰਡੇ ਵਿੱਚ ਨਹੀਂ ਹੈ।

ਇਸ ਵਾਰ ਅਮਰੀਕੀ ਸਰਮਾਏਦਾਰ ਜਮਾਤ ਦੇ ਨੁਮਾਇੰਦੇ ਡੋਨਲਡ ਟਰੰਪ ਦੇ ਇਕਦਮ ਕੌਮਾਂਤਰੀ ਸਿਆਸਤ ’ਚ ਚਰਚਿਤ ਹੋ ਜਾਣ ਬਾਅਦ ਉਸਦੀਆਂ ਗੈਰ-ਸੰਜੀਦਾ ਗਤੀਵਿਧੀਆਂ ਕਾਰਨ ਮੁਸਲਿਮ ਘੱਟਗਿਣਤੀ ਭਾਈਚਾਰੇ, ਪ੍ਰਵਾਸੀਆਂ ਅਤੇ ਦੁਨੀਆਂ ਭਰ ਦੇ ਸੰਜੀਦਾ ਲੋਕਾਂ ’ਚ ਇਕ ਕਿਸਮ ਦੀ ਬੇਚੈਨੀ ਉਪਜੀ ਹੈ। ਉਸਨੇ ਆਪਣੀ ਪ੍ਰਚਾਰ ਮੁਹਿੰਮ ਵਿਚ ਮੁਸਲਮਾਨਾਂ ਦੇ ਅਮਰੀਕਾ ’ਚ ਦਾਖਲ ਹੋਣ ਤੇ ਅਸਥਾਈ ਰੋਕ ਲਾਉਣ, ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਇਕ ਕਰੋੜ ਤੋਂ ਉਪਰ ਪ੍ਰਵਾਸੀਆਂ ਨੂੰ ਮੁਲਕ ’ਚੋਂ ਬਾਹਰ ਕੱਢਣ, ਚੀਨ ਨੂੰ ਵਪਾਰਕ ਖੇਤਰ ’ਚ ਸਬਕ ਸਿਖਾਉਣ ਅਤੇ ਘੱੱਟ ਰਹੇ ਰੁਜਗਾਰ ਮੌਕਿਆਂ ਨੂੰ ਪ੍ਰਫੁਲਿਤ ਕਰਨ, ਵਿਗੜ ਰਹੇ ਸਿਹਤ ਢਾਂਚੇ ਨੂੰ ਸੁਧਾਰਨ, ਉਜਰਤਾਂ ’ਚ ਸੁਧਾਰ ਲਿਆਉਣ ਵਰਗੇ ਮੁੱਦਿਆਂ ਨੂੰ ਵੱਡੀ ਪੱਧਰ ਤੇ ਪ੍ਰਚਾਰਿਆ ਹੈ। ਉਹ ਆਪਣੇ ਨਸਲਵਾਦੀ ਕਾਟਵੇਂ ਤੇ ਬੇਲਗਾਮ ਬਿਆਨਾਂ ਕਾਰਨ ਜਿੱਥੇ ਸਥਾਨਕ ਨਿਵਾਸੀਆਂ ਦੇ ਮਨਾਂ ਅੰਦਰ ਰਾਤੋ-ਰਾਤ ਆਪਣੀ ਬੇਖੌਫ ਛਵੀ ਬਣਾਉਣ ਵਿਚ ਕਾਮਯਾਬ ਹੋਇਆ ਉੱਥੇ ਉਸਦੇ ਰਾਤੋ ਰਾਤ ਕੌਮਾਂਤਰੀ ਸਿਆਸਤ ਦੇ ਪਿੜ ਵਿਚ ਛਾਅ ਜਾਣ ਪਿੱਛੇ ਜਰਖਰੀਦ ਮੀਡੀਆ ਦੇ ਯੋਗਦਾਨ ਦੇ ਵੀ ਚਰਚੇ ਹਨ।

ਰੀਅਲ ਅਸਟੇਟ ਕਾਰੋਬਾਰ ਤੋਂ ਲੈ ਕੇ ਜੂਏ ਵਰਗੇ ਧੰਦੇ ਦੇ ਪਿਛੋਕੜ ਵਾਲੇ ਅਰਬਾਂਪਤੀ ਡੋਨਲਡ ਟਰੰਪ ਦੇ ਰਾਜਨੀਤਿਕ ਖੇਤਰ ਵਿਚ ਗੈਰ-ਜਿੰਮੇਵਾਰ ਵਿਵਹਾਰ ਕਾਰਨ ਉਸਦੀ ਵੱਡੀ ਪੱਧਰ ’ਤੇ ਨੁਕਤਾਚੀਨੀ ਅਤੇ ਵਿਰੋਧ ਵੀ ਜਾਰੀ ਹੈ। ਉਸ ਉਪਰ ਨਫਰਤ ਦੀ ਸਿਆਸਤ ਕਰਨ, ਵਿਰੋਧੀਆਂ ਉਪਰ ਘਟੀਆ ਕਿਸਮ ਦੀਆਂ ਟਿੱਪਣੀਆਂ ਕਰਨ ਅਤੇ ਯੌਨ-ਸ਼ੋਸ਼ਣ ਵਰਗੇ ਆਰੋਪ ਵੀ ਲੱਗ ਰਹੇ ਹਨ।

ਦੂਸਰੇ ਪਾਸੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣ ਦੀ ਨਾਮਜਦਗੀ ਹਾਸਲ ਕਰ ਚੁੱਕੀ ਹਿਲੇਰੀ ਕਲਿੰਟਨ ਨੂੰ ਜਿੱਥੇ ‘ਪ੍ਰਥਮ ਮਹਿਲਾ’ ਅਤੇ ਮੌਜੂਦਾ ਰਾਸ਼ਟਰਪਤੀ ਉਬਾਮਾ ਦੇ ਪਹਿਲੇ ਕਾਰਜਕਾਲ ਸਮੇ ਵਿਦੇਸ਼ ਮੰਤਰੀ ਦੀ ਸੁਚੱਜੀ ਭੂਮਿਕਾ ਨਿਭਾਉਣ ਵਜੋਂ ਵਡਿਆਇਆ ਜਾ ਰਿਹਾ ਹੈ ਉਥੇ ਉਸ ਉਪਰ ਭਿ੍ਰਸ਼ਟਾਚਾਰ, ਨਿੱਜੀ ਈ-ਮੇਲ ਆਈ. ਡੀ. ਦੀ ਵਰਤੋਂ ਕਰਨ ਅਤੇ ਚੋਣ ਫੰਡ ਇਕੱਠਾ ਕਰਨ ਲਈ ਕੀਤੀ ਜਾ ਰਹੀ ਘਪਲੇਬਾਜੀ ਦੇ ਦੋਸ਼ ਵੀ ਲੱਗ ਰਹੇ ਹਨ।

ਹਿਲੇਰੀ ਕਲਿੰਟਨ ਆਰਥਿਕ ਬਰਾਬਰੀ, ਸਮਾਜਿਕ ਸੁਰੱੱਖਿਆ, ਉਚਿਤ ਉਜ਼ਰਤਾਂ, ਸਰਕਾਰੀ ਸਿਹਤ ਤੇ ਸਿੱਖਿਆ, ਬੁਨਿਆਦੀ ਢਾਂਚੇ ਦਾ ਵਿਕਾਸ, ਪ੍ਰਗਤੀਸ਼ੀਲ ਟੈਕਸ, ਔਰਤਾਂ ਦੇ ਕੰਮ ਦੇ ਘੰਟੇ ਘੱਟ ਕਰਨ, ਗੰਨ ਕੰਟਰੋਲ, ਬਰਾਬਰ ਉਜਰਤਾਂ ਦੇਣ ਆਦਿ ਮੁੱਖ ਮੁੱਦਿਆਂ ਨੂੰ ਲੈ ਕੇ ਚੱਲ ਰਹੀ ਹੈ। ਇਸਤੋਂ ਇਲਾਵਾ ਰੁਜਗਾਰ, ਵਾਤਾਵਰਣ ਸੰਭਾਲ, ਮਨੁੱਖੀ ਅਧਿਕਾਰਾਂ ਦੀ ਰਾਖੀ, ਭਰੂਣ ਗਿਰਾਉਣ ਦਾ ਅਧਿਕਾਰ, ਮੌਤ ਦੀ ਸਜਾ ਆਦਿ ਸਮਾਜਿਕ ਅਤੇ ਸਿਆਸੀ ਮੁੱਦਿਆਂ ਨੂੰ ਉਭਾਰ ਰਹੀ ਹੈ। ਇਸੇ ਤਰ੍ਹਾਂ ਡੈਮੋਕਰੈਟਿਕ ਪਾਰਟੀ ਦੀ ਗਿਰ ਰਹੀ ਸ਼ਾਖ ਨੂੰ ਸੁਧਾਰਨ ਦੇ ਦਾਅਵੇ ਕਰਨ ਵਾਲਾ ਇਸਦਾ ਇਕ ਹੋਰ ਦਾਅਵੇਦਾਰ ਬਰਨੀ ਸੈਂਡਰਸ ਅਮਰੀਕਾ ਅੰਦਰ ਹੋ ਰਹੇ ਪੁਲਸੀਆ ਤਸ਼ੱਦਦ ਦਾ ਵਿਰੋਧ, ਵੱਡੇ ਬੈਂਕਾਂ ਨੂੰ ਤੋੜਨ, ਸਰਕਾਰੀ ਮੁਫਤ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ, ਅਮਰੀਕਾ ਅੰਦਰ ਰੁਜਗਾਰ ਦੇ ਮੌਕਿਆ ਦਾ ਖੁੱਸਣਾ ਆਦਿ ਮੁੱਦਿਆਂ ਨੂੰ ਲੈ ਕੇ ਆਪਣੀ ਚੋਣ ਮੁਹਿੰਮ ਚਲਾ ਰਿਹਾ ਹੈ।

ਹੁਣ ਦੇਖਿਆ ਜਾਵੇ ਤਾਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਹਾਸਲ ਕਰਨ ਲਈ ਮੈਦਾਨ ’ਚ ਉਤਰੇ ਤਿੰਨੇ ਦਾਅਵੇਦਾਰਾਂ ਦੀ ਪ੍ਰਚਾਰ ਮੁਹਿੰਮ ਜਿੰਨ੍ਹਾਂ ਮੁੱਦਿਆਂ ਨੂੰ ਲੈ ਕੇ ਚਲਾਈ ਜਾ ਰਹੀ ਹੈ ਉਹ ਅਮਰੀਕਾ ਦੇ ਆਰਥਿਕ ਸੰਕਟ ਦੀ ਸਪੱਸ਼ਟ ਪੇਸ਼ਕਾਰੀ ਕਰਦੇ ਹਨ। ਉਪਰੋਕਤ ਸਾਰੇ ਮੁੱਦੇ ਸਾਮਰਾਜੀ ਪੂੰਜੀਵਾਦੀ ਪ੍ਰਬੰਧ ਦੇ ਸੰਕਟ ਦੀ ਪੈਦਾਵਾਰ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਮੁੱਦੇ ਉਹੀ ਬੁਨਿਆਦੀ ਮੁੱਦੇ ਹਨ ਜੋ ‘ਵਾਲ ਸਟਰੀਟ ਮੁਹਿੰਮ’ ਦੌਰਾਨ ਲੋਕਾਂ ਵੱਲੋਂ ਉਭਾਰੇ ਗਏ ਸਨ। ਇਹ ਉਹੀ ਮੁੱਦੇ ਹਨ ਜਿੰਨਾਂ ਨੂੰ ਅਮਰੀਕਾਂ ਦੀਆਂ ਇਹ ਦੋਵੇਂ ਵੱਡੀਆਂ ਤੇ ਪੁਰਾਣੀਆਂ ਸਿਆਸੀ ਪਾਰਟੀਆਂ ਕਈ ਦਹਾਕਿਆਂ ਤੋਂ ਵਾਰ-ਵਾਰ ਦੁਹਰਾਅ ਰਹੀਆਂ ਹਨ ਪਰ ਇਹਨਾਂ ਦੇ ਹੱਲ ਲਈ ਕਿਸੇ ਨੇ ਸੰਜੀਦਗੀ ਨਹੀਂ ਦਿਖਾਈ। ਸਾਮਰਾਜੀਆਂ ਦੀਆਂ ਦੋਵੇਂ ਮੁੱਖ ਸਿਆਸੀ ਪਾਰਟੀਆਂ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਹੋਣ ਦੀ ਬਜਾਇ ਉਨ੍ਹਾਂ ਦੀ ਅਗਵਾਈ ’ਚ ਬਣੀਆਂ ਸਰਕਾਰਾਂ ਨੇ ਜਿੱਥੇ ਦੇਸ਼ ਦੀ ਮਜ਼ਦੂਰ ਜਮਾਤ ਦੀ ਲੁੱਟ, ਜਬਰ ਅਤੇ ਨਸਲੀ ਵਿਤਕਰੇ-ਬਾਜੀ ਕੀਤੀ ਹੈ ਉੱਥੇ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ ਆਪਣੇ ਦਾਬੇ ਹੇਠ ਰੱਖਣ ਅਤੇ ਆਪਣੇ ਸ਼ਰੀਕਾਂ ਨੂੰ ਖਦੇੜਨ ਲਈ ਧੌਂਸਭਰੀਆਂ ਅਤੇ ਜੰਗੀ ਕਾਰਵਾਈਆਂ ਕੀਤੀਆਂ ਹਨ। ਇਹ ਦੋਵੇਂ ਪਾਰਟੀਆਂ ਪੂੰਜੀਵਾਦੀ ਪ੍ਰਬੰਧ ਦੀਆਂ ਸੇਵਕ ਤੇ ਪੂੰਜੀਵਾਦੀ ਅਰਥਸ਼ਾਸ਼ਤਰੀਆਂ ਦੀਆਂ ਨਵਉਦਾਰਵਾਦੀ ਨੀਤੀਆਂ ਦੀਆਂ ਪੈਰੋਕਾਰ ਹਨ। ਇੰਨ੍ਹਾਂ ਦੋਵਾਂ ਪਾਰਟੀਆਂ ਦੁਆਰਾ ਇਨ੍ਹਾਂ ਪੂੰਜੀਵਾਦੀ ਅਰਥਸ਼ਾਸ਼ਤਰੀਆਂ ਦੀਆਂ ਆਰਥਿਕ ਨੀਤੀਆਂ ਨੂੰ ਅਮਲੀ-ਜਾਮਾ ਪਹਿਨਾਉਣ ਲਈ ਦੁਨੀਆਂ ਦੇ ਗਰੀਬ ਮੁਲਕਾਂ ਨੂੰ ਭਿਆਨਕ ਜੰਗਾਂ ਵਿਚ ਝੋਕ ਦਿੱਤਾ ਗਿਆ ਅਤੇ ਮਿਹਨਤਕਸ਼ ਲੋਕਾਂ ਨੂੰ ਘੋਰ ਕੰਗਾਲੀ ’ਚ। ਲੰਮੇ ਸਮੇਂ ਤੋਂ ਅਮਰੀਕੀ ਲੋਕਾਂ ’ਤੇ ਹਕੂਮਤ ਕਰਦੀਆਂ ਆ ਰਹੀਆਂ ਇਨ੍ਹਾਂ ਦੋਵਾਂ ਰਵਾਇਤੀ ਪਾਰਟੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਨ੍ਹਾਂ ਨੇ ਆਪਣੇ ਆਰਥਿਕ ਹਿੱਤਾਂ ਲਈ ਦੁਨੀਆਂ ਪੱਧਰ ’ਤੇ ਆਪਣੇ ਸਾਮਰਾਜੀ ਸ਼ਰੀਕਾਂ ਨਾਲ ਮੁਕਾਬਲੇ-ਬਾਜ਼ੀ ਕਰਦਿਆਂ ਆਪਣਾ ਹੱਥ ਉੱਪਰ ਰੱਖਣ ਲਈ ਅਤੇ ਤੀਸਰੀ ਦੁਨੀਆਂ ਦੇ ਪਛੜੇ ਮੁਲਕਾਂ ਦੀ ਕਿਰਤ ਅਤੇ ਉਨ੍ਹਾਂ ਦੇ ਕੁਦਰਤੀ ਸਰੋਤਾਂ ਨੂੰ ਹਥਿਆਉਣ ਲਈ ਫੌਜੀ ਬਲ ਤੇ ਮਾਰੂ ਹਥਿਆਰਾਂ ਦਾ ਪ੍ਰਯੋਗ ਕਰਦਿਆਂ ਦੁਨੀਆਂ ਭਰ ’ਚ ਭਿਆਨਕ ਤਬਾਹੀ ਮਚਾਈ ਰੱਖੀ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਆਇਜਨਹਾਵਰ (1953/54, 1960) ਦੇ ਕਾਰਜਕਾਲ ਸਮੇਂ ਗੁਆਟੇਮਾਲਾ ’ਚ, ਰਿਪਬਲਿਕਨ ਦੇ ਆਇਜਨਹਾਵਰ (1957/58) ਅਤੇ ਡੈਮੋਕਰੈਟਿਕ ਦੇ ਜੌਹਨਸਨ (1965) ਰਿਪਬਲਿਕਨ ਗਿਰਾਲਡ ਫੋਰਡ (1975) ਦੇ ਕਾਰਜਕਾਲ ’ਚ ਇੰਡੋਨੇਸ਼ੀਆ ’ਚ, ਰਿਪਬਲਕਿਨ ਤੇ ਡੈਮੋਕਰੈਟਿਕ ਦੇ ਕ੍ਰਮਵਾਰ ਆਇਜਨਹਾਵਰ (1960) ਜੌਹਨਸਨ (1966) ਦੇ ਕਾਰਜਕਾਲ ’ਚ ਡੋਮੀਨੀਅਨ ਰਿਪਬਲਿਕ ’ਚ, ਜੌਹਨਸਨ ਦੇ (1964) ਤੇ ਰਿਪਬਲਿਕਨ ਰਿਚਰਡ ਨਿਕਸਨ (1974) ਦੇ ਕਾਰਜਕਾਲ ’ਚ ਚਿੱਲੀ ’ਚ, ਆਇਜਨਹਾਵਰ (1955) ਅਤੇ ਰਿਪਬਲਿਕਨ ਰਿਚਰਡ ਨਿਕਸਨ (1973) ਦੇ ਕਾਰਜਕਾਲ ’ਚ ਕੰਬੋਡੀਆ ’ਚ, ਆਇਜਨਹਾਵਰ (1957) ਅਤੇ ਰਿਪਬਲਿਕਨ ਰਿਚਰਡ ਨਿਕਸਨ (1971) ਦੇ ਕਾਰਜਕਾਲ ’ਚ ਲਾਊਸ ’ਚ, ਆਇਜਨਹਾਵਰ (1960) ਤੇ ਜੌਹਨਸਨ (1964) ਦੇ ਕਾਰਜਕਾਲ ’ਚ ਕਾਂਗੋ ’ਚ, ਜੌਹਨਸਨ (1964) ਤੇ ਰਿਪਬਲਿਕਨ ਰਿਚਰਡ ਨਿਕਸਨ (1974) ’ਚ ਗ੍ਰੀਸ, ਜੌਹਨਸਨ (1964) ਤੇ ਗਿਰਲਡ ਫੋਰਡ (1975) ਬੋਲੀਵੀਆ, ਗਿਰਲਡ ਫੋਰਡ (1975) ਤੇ ਡੈਮੋਕਰੈਟਿਕ ਜਿੰਮੀ ਕਾਰਟਰ (1978) ਜੈਰੇ ’ਚ, ਰਿਪਬਲਿਕਨ ਦੇ ਜਾਰਜ ਐਚ ਡਬਲਿਊ ਬੁਸ਼ (1990/1991) ਅਤੇ ਰਿਪਬਲਿਕਨ ਦੇ ਹੀ ਜਾਰਜ ਡਬਲਿਊ ਬੁਸ਼ (2003) ਦੇ ਕਾਰਜਕਾਲ ’ਚ ਇਰਾਕ ’ਚ, ਅਤੇ ਡੈਮੋਕਰੈਟਿਕ ਜਿੰਮੀ ਕਾਰਟਰ (1979), ਰਿਪਬਲਿਕਨ ਜਾਰਜ ਐਚ ਡਬਲਿਊ ਬੁਸ਼ (1992) ਅਤੇ ਡੈਮੋਕਰੈਟਿਕ ਬਿਲ ਕਲਿੰਟਨ (2001) ਅਤੇ ਡੈਮੋਕਰੈਟਿਕ ਬਰਾਕ ਉਬਾਮਾ (2014) ਦੇ ਕਾਰਜਕਾਲ ’ਚ ਅਫਗਾਨਿਸਤਾਨ ’ਚ ਜੰਗ ਛੇੜ ਕੇ ਜਿੱਥੇ ਰਾਜ ਪਲਟੇ ਕਰਵਾਏ ਉੱਥੇ ਕਰੋੜਾਂ ਨਿਰਦੋਸ਼ ਲੋਕ ਸਾਮਰਾਜੀ ਮੰਡੀ ਅਤੇ ਮੁਨਾਫਿਆਂ ਦੀ ਬਲੀ ਚਾੜ੍ਹ ਦਿੱਤੇ ਗਏ। ਅਮਰੀਕੀ ਹਾਕਮਾਂ ਨੇ ਇਨ੍ਹਾਂ ਮੁਲਕਾਂ ’ਚ ਆਰਥਿਕ ਤੇ ਜੰਗੀ ਤਬਾਹੀ ਮਚਾਕੇ ਉਥੋਂ ਦੇ ਲੋਕਾਂ ਦੀਆਂ ਜਾਨਾਂ, ਘਰ, ਸਿਹਤ ਤੇ ਸਿੱਖਿਆ ਖੋਹੀ। ਉਨ੍ਹਾਂ ਨੂੰ ਬੇਰੁਜਗਾਰੀ, ਦਹਿਸ਼ਤ ਤੇ ਗਰੀਬੀ ਵੱਲ ਧੱਕਿਆ ਗਿਆ। ਲੱਖਾਂ ਲੋਕਾਂ ਨੂੰ ਉਜਾੜ ਕੇ ਸਰਨਾਰਥੀ ਬਣਨ ਲਈ ਮਜਬੂਰ ਕੀਤਾ ਗਿਆ। ਅਰਬ ਦੇਸ਼ਾ ਦੇ ਸ਼ੇਖਾਂ ਨਾਲ ਗਾਂਢ-ਸਾਂਢ ਕਰਕੇ ਇੱਥੋਂ ਦੇ ਤੇਲ ਦੇ ਵਪਾਰ ’ਚੋਂ ਅਥਾਹ ਮੁਨਾਫ੍ਤੇ ਕਮਾਏ। ਇਹਨਾਂ ਦੀ ਸਹਾਇਤਾ ਦੇ ਨਾਮ ਹੇਠ ਅਰਬਾਂ ਦੇ ਤਾਨਾਸ਼ਾਹਾਂ ਨੂੰ ਪਾਲਿਆ ਪੋਸਿਆ। ਜੋ ਇਹਨਾਂ ਦੀ ਮਰਜ਼ੀ ਅਨੁਸਾਰ ਨਾ ਚੱਲਿਆ ਉਸਨੂੰ ਕੁਟਲਨੀਤੀ ਰਾਹੀ ਜਾਂ ਨੰਗੀ ਚਿੱਟੀ ਫੌਜ਼ੀ ਦਖ਼ਲ ਅੰਦਾਜ਼ੀ ਨਾਲ ਰਾਜਗੱਦੀ ਤੋਂ ਪਟਕਾ ਕੇ ਲਾਹ ਦਿੱਤਾ ਗਿਆ। ਅਮਰੀਕਾ ਦੀਆਂ ਇਹਨਾਂ ਨੀਤੀਆਂ ਨੇ ਹੀ ਇਹਨਾਂ ਦੇਸ਼ਾਂ ਵਿੱਚ ਸਰਨਾਰਥੀ ਸੰਕਟਾਂ ਨੂੰ ਵੱਡੀ ਪੱਧਰ ’ਤੇ ਜਨਮ ਦਿੱਤਾ । ਜੰਗਾਂ ਅਤੇ ਸਾਮਰਾਜੀ ਆਰਥਿਕ ਮਾਡਲ ਦੇ ਉਜਾੜੇ ਲੋਕ ਜਦੋਂ ਰੁਜਗਾਰ ਦੀ ਭਾਲ ’ਚ ਅਮਰੀਕਾ ਵਰਗੇ ਮੁਲਕਾਂ ਵੱਲ ਪ੍ਰਵਾਸ ਕਰਦੇ ਹਨ ਤਾਂ ਇਹੀ ਪ੍ਰਵਾਸੀ ਅੱਜ ਅਮਰੀਕਨ ਲੋਕਾਂ ਦਾ ਰੁਜਗਾਰ ਖੋਹਣ ਦੇ ਜਿੰਮੇਵਾਰ ਬਣਾ ਕੇ ਪੇਸ਼ ਕੀਤੇ ਜਾ ਰਹੇ ਹਨ ਜਦਕਿ ਅਮਰੀਕਨ ਲੋਕਾਂ ਦੇ ਰੁਜਗਾਰ ਖੁੱਸਣ ਦਾ ਅਸਲੀ ਕਾਰਨ ਮੁਨਾਫਾ ਕੇਂਦਰਿਤ ਸਰਮਾਏਦਾਰਾ ਨੀਤੀਆਂ ਹਨ ਨਾ ਕਿ ਪ੍ਰਵਾਸੀ। ਸਾਮਰਾਜੀ ਨੀਤੀਆਂ ਅਤੇ ਅਸਾਵਾਂ ਵਿਕਾਸ, ਪ੍ਰਵਾਸ ਦੀ ਸਮੱਸਿਆ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਬੁਨਿਆਦੀ ਕਾਰਨ ਹੈ।

ਟਰੰਪ, ਹਿਲੇਰੀ ਅਤੇ ਸੈਂਡਰਸ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਉਭਾਰੇ ਜਾ ਰਹੇ ਮੁੱਦੇ ਮਹਿਜ ਚੋਣ ਵਾਅਦੇ ਹੀ ਸਾਬਤ ਹੋਣੇ ਹਨ। ਕਿਉਂਕਿ ਜਿੱਥੇ ਰਿਪਬਲਿਕਨ ਪਾਰਟੀ ਦੀ ਆਰਥਿਕ ਨੀਤੀ ਐਲਾਨੀਆ ਤੌਰ ’ਤੇ ਮੁਕਤ ਬਜਾਰ ਦੀ ਪੈਰੋਕਾਰ ਹੈ ਉੱਥੇ ਡੈਮੋਕਰੈਟਿਕ ਪਾਰਟੀ ਆਪਣੇ ਲੋਕਪੱਖੀ ਮੁਖੌਟੇ ਹੇਠ ਸਰਮਾਏਦਾਰਾ ਪੱਖੀ ਨੀਤੀਆਂ ’ਤੇ ਹੀ ਚੱਲ ਰਹੀ ਹੈ। ਉਸਦੇ ਪ੍ਰਚਾਰ ’ਚ ‘ਸਮਾਜਵਾਦੀ’ ਸ਼ਬਦ ਦੀ ਜ਼ਿਆਦਾ ਵਰਤੋਂ ਦੇ ਬਾਵਜੂਦ ਇਸਦਾ ‘ਸਮਾਜਵਾਦੀ ਆਰਥਿਕਤਾ’ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਹੈ ਬਲਕਿ ਅੱਜ ਜਦੋਂ ਅਮਰੀਕਾ ਦੀ ਕੁੱਲ ਘਰੇਲੂ ਪੈਦਾਵਾਰ ਦਾ ਤਾਜਾ ਅੰਕੜਾ 0.5% ਤੱਕ ਸੁੰਘੜ ਕੇ ਰਹਿ ਗਿਆ ਹੈ ਅਤੇ ਜਦੋ ਜੀ-20 ਵਰਗੇ ਮੁਲਕ ਆਪਣੀਆਂ ਬੈਠਕਾਂ ਵਿਚ ਸੰਸਾਰ ਆਰਥਿਕ ਮੰਦੀ ਦੇ ਦਿਨੋ ਦਿਨ ਗੰਭੀਰ ਹੋਣ ਨੂੰ ਪ੍ਰਤੱਖ ਤੌਰ ਤੇ ਤਸਲੀਮ ਕਰਨ ਲੱਗੇ ਹਨ। ਅਤੇ ਜਦੋ ਆਈ. ਐਮ. ਐਫ. ਵੱਲੋਂ ਸਾਲ 2016 ’ਚ ਸੰਸਾਰ ਆਰਥਿਕਤਾ ਦਰ ਦੀ ਰਫਤਾਰ 3.2% ਤੱਕ ਰਹਿਣ ਦੇ ਗੰਭੀਰ ਸੰਕੇਤ ਜਾਰੀ ਕੀਤੇ ਜਾ ਰਹੇ ਹਨ। ਅਤੇ ਆਰਥਿਕ ਸੰਕਟ ਦੇ ਇਹ ਬੱਦਲ ਹੋਰ ਗਹਿਰੇ ਹੋਣ ਦੇ ਅੰਦਾਜ਼ੇ ਪੇਸ਼ ਕੀਤੇ ਜਾ ਰਹੇ ਹਨ। ਤਦ ਅਜਿਹੀ ਹਾਲਤ ’ਚ ਆਰਥਿਕ ਬਰਾਬਰੀ, ਸਮਾਜਿਕ ਸੁਰੱਖਿਆ, ਉਜ਼ਰਤਾਂ ’ਚ ਸੁਧਾਰ, ਮੁਫਤ ਸਰਕਾਰੀ ਸਿਹਤ ਤੇ ਸਿੱਖਿਆ, ਬੁਨਿਆਦੀ ਢਾਂਚੇ ਦਾ ਵਿਕਾਸ, ਰੁਜਗਾਰ, ਆਮ ਲੋਕਾਂ ਨੂੰ ਟੈਕਸ ਛੋਟਾਂ, ਵੱਡੇ ਬੈਂਕਾਂ ਨੂੰ ਤੋੜਨਾ ਆਦਿ ਮੌਜੂਦਾ ਖੁੱਲ੍ਹੀ ਮੰਡੀ ਵਾਲੀ ਪੂੰਜੀਵਾਦੀ ਵਿਵਸਥਾ ਦੇ ਬੁਨਿਆਦੀ ਅਸੂਲਾਂ ਦੇ ਉਲਟ ਹੈ ਅਤੇ ਮੌਜੂਦਾ ਆਰਥਿਕ ਸੰਕਟ ਦੇ ਚੱਲਦਿਆਂ ਇਹ ਹੋਰ ਵੀ ਜ਼ਿਆਦਾ ਮੁਸ਼ਕਲ ਹੈ। ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਇਹ ਸਾਰੇ ਚਿਹਰੇ ਸਰਮਾਏਦਾਰ ਜਮਾਤ ਦੀ ਹੀ ਨੁਮਾਇੰਦਗੀ ਕਰਦੇ ਹਨ। ਅਮਰੀਕਨ ਵੋਟਰਾਂ ਸਾਹਮਣੇ ਕੇਵਲ ਅਮਰੀਕੀ ਬਹੁਰਾਸ਼ਟਰੀ ਕੰਪਨੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਨੰਗੇ ਚਿੱਟੇ ਨਸਲਵਾਦੀ ਅਤੇ ਫਿਰਕੂ ਰੰਗਤ ਨਾਲ ਰੰਗੇ ਬੜਬੋਲੇ ਜਾਂ ਫਿਰ ਮੀਸਣੇ ਚਿਹਰੇ ਦੀ ਚੋਣ ਦਾ ਸਵਾਲ ਹੈ। ਇੰਨ੍ਹਾਂ ਚੋਂ ਕੋਈ ਵੀ ਜਿੱਤੇ ਉਸਨੇ ਅਮਰੀਕੀ ਮਹਾਂਸ਼ਕਤੀ ਦੇ ਸਾਮਰਾਜੀ ਮਨਸੂਬਿਆਂ ਨੂੰ ਹੀ ਅੱਗੇ ਵਧਾਉਣਾ ਹੈ।

ਈ-ਮੇਲ: [email protected]

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ