Sun, 14 April 2024
Your Visitor Number :-   6972258
SuhisaverSuhisaver Suhisaver

ਜੇ ਸੋਨੂੰ ਆਪਣਾ ਫੇਸਬੁੱਕ ਪੇਜ਼ ਵੇਖ ਲੈਂਦਾ ? -ਜੋਗਿੰਦਰ ਬਾਠ ਹੌਲੈਂਡ

Posted on:- 26-07-2012

suhisaver

ਪਵੇ ਹੱਤਿਆ ਕੌਮ ਉਹ ਨਸ਼ਟ ਹੋਵੇ,ਚਾੜ੍ਹੇ ਤੋੜ ਨਾ ਉਸ ਖੁਦਾ ਕਾਜੀ
ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਰ ਤਿਨਾਂ ਦੇ ਵੱਡੇ ਗੁਨਾਹ ਕਾਜੀ।  ਵਾਰਸ਼ ਸ਼ਾਹ      
                               

ਉੱਪਰ ਦਿੱਤਾ ਹੈਡਿੰਗ  ਨਵਾਂ ਜ਼ਮਾਨਾ ਅਖ਼ਬਾਰ ਦੀ ਇੱਕ 'ਡੱਬੀ ਬੰਦ' ਖ਼ਬਰ ਦਾ ਸਿਰਲੇਖ ਹੈ। ਖ਼ਬਰ ਕਹਿੰਦੀ ਹੈ ਜੇ ਸੋਨੂੰ ਕੁਝ ਘੰਟੇ ਪਹਿਲਾਂ ਆਪਣਾਂ ਫੇਸਬੁੱਕ ਅਕਾਉਂਟ ਵੇਖ ਲੈਂਦਾ ਤਾਂ ਅੱਜ ਜ਼ਿੰਦਾ ਹੁੰਦਾ? ਅਸਲ ਕਹਾਣੀ ਇਹ ਹੈ ਸੋਨੂੰ ਨਾਂ ਦਾ ਮੁੰਡਾ ਜੋ ਕਿਸੇ ਦੂਸਰੀ ਜਾਤੀ ਦੀ ਕੁੜੀ ਨੂੰ ਪਿਆਰ ਕਰਦਾ ਸੀ ਤੇ ਹੁਣ ਹੁਸ਼ਿਆਰਪੁਰ ਵਿੱਚ ਹੁਸ਼ਿਆਰ ਨਾ ਹੋਣ ਦੀ ਵਜਹਾ ਕਾਰਨ ਕਤਲ ਹੋ ਗਿਆ। ਉਹ ਬਚ ਸਕਦਾ ਸੀ ਜੇ ਉਹ ਆਪਣਾ ਫੇਸਬੁੱਕ ਖਾਤਾ ਵੇਖ ਲੈਂਦਾ ਤਾਂ । ਫੇਸਬੁੱਕ ’ਤੇ ਕੁੜੀ ਨੇ ਅਪਣੇ ਪ੍ਰੇਮੀ ਨੂੰ ਖ਼ਬਰਦਾਰ ਕਰ ਦਿੱਤਾ ਸੀ ਕਿ ਮੇਰੇ ਭਰਾ ਤੈਨੂੰ ਮੇਰੀ ਖਾਤਰ ਕਤਲ ਕਰਨ ਲਈ ਤੇਰੇ ਵੱਲ ਨੂੰ ਤੁਰ ਪਏ ਹਨ। ਵਾਰ ਵਾਰ ਫੋਨ ਕਰਨ ਦੇ ਬਾਵਜੂਦ ਅਪਣੇ ਪ੍ਰੇਮੀ ਨਾਲ ਸੰਪਰਕ ਨਾ ਹੋਣ ਦੀ ਵਜਾਹ ਕਾਰਨ ਕੁੜੀ ਨੇ ਸੋਨੂੰ ਦੇ ਦੋਸਤ ਮੱਖਣ ਸਿੰਘ ਨੂੰ ਵੀ ਸੁਨੇਹਾ ਭੇਜਿਆ। ਜਦੋਂ ਕੁੜੀ ਦਾ ਕੋਈ ਚਾਰਾ ਨਾ ਚੱਲਿਆ ਤਾਂ ਅਖੀਰ ਵਿੱਚ ਉਸ ਨੇ ਅਪਣੇ ਦੋਸਤ ਦੀ ਫੇਸਬੁੱਕ ’ਤੇ ਸੁਨੇਹਾ ਵੀ ਛੱਡਿਆਂ ਕਿ ਉਸ ਦੀ ਜਾਨ ਨੂੰ ਖਤਰਾ ਹੈ। ਪਰ ਅਫਸੋਸ਼ ਹੁਣ ਗੋਲੀ ਪਸਤੌਲ ਵਿੱਚੋਂ ਨਿਕਲ ਚੁੱਕੀ ਹੈ। ਸੋਨੂੰ ਕਤਲ ਹੋ ਗਿਆ ਹੈ । ਕੁੜੀ ਦਾ ਪਰਿਵਾਰ ਇਸ ਕਤਲ ਦੇ ਪਾਪ ਬਨਾਮ ਜ਼ੁਰਮ ਵਿੱਚ ਸਾਰੀ ਉਮਰ ਤਿੱਲ ਤਿੱਲ ਹੋ ਕਚਿਹਰੀਆਂ ਜ਼ੇਲ੍ਹਾ ਵਿੱਚ ਕਤਲ ਹੋਵੇਗਾ।

                                                                                         
ਪਿਛਲੇ ਸਮੇਂ ਵਿੱਚ ਦੇਸ਼ ਭਰ ਦੇ ਅਖ਼ਬਾਰਾਂ ਦੇ ਪਹਿਲੇ ਸਫਿਆਂ ਉੱਪਰ ਇੱਕ ਬਹੁਤ ਹੀ ਮਹੱਤਵਪੂਰਵ ਫੈਂਸਲੇ ਦੀ ਖ਼ਬਰ ਛਪੀ ਸੀ। ਦੇਸ਼ ਦੀ 'ਵਾਕਿਆ ਹੀ ਇਸ ਕੇਸ ਵਿੱਚ' ਮਾਨਯੋਗ ਅਦਾਲਤ ਵੱਲੋ ਹਰਿਆਣੇ ਦੇ ਇੱਕ ਪਿੰਡ ਦੇ ਖਾਪ ਪੰਚਾਇਤ ( ਭਾਈਚਾਰੇ ਦੀ ਪੰਚਾਇਤ) ਦੇ ਮੁਖੀ ਨੁੰ ਉਮਰ ਕੈਦ ਅਤੇ ਪੰਜਾਂ ਹੋਰਾਂ ਮੁਜ਼ਰਮਾ ਨੂੰ ਫਾਸ਼ੀ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਪੰਜਾਂ ਤੇ ਦੋਸ਼ ਇਹ ਸੀ ਕਿ ਇਨ੍ਹਾਂ ਨੇ ਪੰਚਾਇਤ ਦੇ ਮੁਖੀ ਦੇ ਇੱਕ ਫੈਸਲੇ ਮੁਤਾਬਕ ਕੋਰੋੜਾ ਪਿੰਡ ਦੇ ਰਹਿਣ ਵਾਲੇ ਤੇ ਇੱਕ ਹੋ ਗੋਤ ਵਿੱਚ ਵਿਆਹ ਕਰਵਾਉਣ ਵਾਲੇ ਉੱਨੀ ਸਾਲਾ ਬਬਲੀ ਅਤੇ ਤੇਈ ਸਾਲਾ ਮਨੋਜ, ਜਿਨ੍ਹਾਂ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਦੇਸ਼ ਦੇ ਕਨੂੰਨ ਮੁਤਾਬਕ ਕਾਨੂੰਨੀ ਵਿਆਹ ਵੀ ਕਰਵਾਇਆ ਹੋਇਆ ਸੀ, ਨੂੰ ਅਗਵਾਹ ਕਰਕੇ ਕਤਲ ਕਰ ਦਿੱਤਾ ਸੀ। ਅਜੇ ਇਸ ਫੈਸਲੇ ਦੀ ਸ਼ਿਆਈ ਵੀ ਨਹੀਂ ਸੁੱਕੀ ਸੀ ਕਿ ਉਸੇ ਦਿਨ ਪੱਟੀ ਤੋਂ ਇੱਕ ਹੋਰ ਮਨਹੂਸ਼ ਖ਼ਬਰ ਆ ਗਈ। ਉੱਥੇ ਇੱਕ ਕੁੜੀ ਅਤੇ ਮੁੰਡੇ ਨੂੰ ਬਾਰਵੀਂ ਦੇ ਪੇਪਰ ਦੇਣ ਅਇਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕੁੜੀਆਂ ਦੇ ਇੱਕ ਸਕੂਲ ਵਿੱਚ ਬਹੁਤ ਹੀ ਨੇੜਿਓਂ ਸਿਰਾਂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਨੂੰ ਪੰਜਾਬੀ ਵਿੱਚ ਅੱਖਾਂ ਵਿੱਚ ਅੱਖਾਂ ਪਾ ਕੇ ਤੇ ਅਹਿਸਾਸ ਕਰਵਾ ਕੇ ਕੀਤਾ ਕਤਲ ਵੀ ਕਿਹਾ ਜਾ ਸਕਦਾ ਹੈ। ਇਨ੍ਹਾਂ ਦੋਹਾਂ ਦਾ ਵੀ ਉਹੋ ਹੀ ਕਸੂਰ ਸੀ ਕਿ ਇਨ੍ਹਾਂ ਨੇ ਵੀ ਮਾਪਿਆ ਤੇ ਰਿਸ਼ਤੇਦਾਰਾਂ ਦੀ ਰਜ਼ਾਮੰਦੀ ਤੋਂ ਬਗੈਰ ਅਦਾਲਤ ਵਿੱਚ ਜਾ ਕੇ ਕਨੂੰਨੀ ਵਿਆਹ ਕਰਵਾਇਆ ਸੀ। ਇਸ ਦੇਸ਼ ਦੇ ਕਨੂੰਨ ਮੁਤਾਬਕ ਵਿਆਹੀ ਜੋੜੀ ਨੂੰ ਪੁਲੀਸ ਦੇ ਗੰਨਮੈਨ ਵੀ ਮਿਲੇ ਹੋਏ ਸਨ। ਉਹ ਵੀ ਉਸ ਸਮੈਂ ਲੜਕੀ ਅਤੇ ਲੜਕੇ ਦੀ ਹਿਫਾਜ਼ਤ ਵਾਸਤੇ ਉਨ੍ਹਾਂ ਦੇ ਨਾਲ ਹੀ ਸਨ। ਵੇਖਣ ਵਾਲੇ ਇਹ ਵੀ ਦੱਸਦੇ ਹਨ ਜੇਕਰ ਗੰਨਮੈਨ ਵੀ ਸਾਹਮਣਿਉ ਕਾਤਲਾਂ ਉੱਪਰ ਗੋਲੀਆ ਚਲਾਉਣ ਲੱਗ ਪੈਂਦੇ ਤਾਂ ਸਕੂਲ ਵਿੱਚ ਪੇਪਰ ਦੇਣ ਆਈਆਂ ਹੋਰਾਂ ਘਰਾਂ ਦੀਆਂ ਕੰਜਕਾਂ ਦਾ ਵੀ ਗੁੱਗਾ ਪੂਜਿਆ ਜਾਣਾ ਸੀ ਅਤੇ ਕਈਂ ਘਰੀਂ ਸੱਥਰ ਵਿੱਛ ਜਾਣੇ ਸਨ। ਫਿਰ ਦਿੱਲੀ ਵਿੱਚ ਕੁਲਦੀਪ, ਮੋਨਿਕਾ ਅਤੇ ਮੋਨਿਕਾ ਦੀ ਚਚੇਰੀ ਭੇਣ ਨਾਲ ਵੀ ਉਹੋ ਕਹਿਰ ਵਾਪਰ ਗਿਆ ਸੀ। ਪਿਛਲੇ ਸਾਲ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਪ੍ਰੇਮੀ ਜੋੜੇ ਨੇ ਪੁਲੀਸ ਅਤੇ ਪੰਚਾਇਤ ਦੀ ਹਾਜ਼ਰੀ ਵਿੱਚ ਹੀ ਜੱਟਾਂ ਦਾ ਪ੍ਰਚਲਿਤ ਮਹੁਰਾ 'ਸਲਫ਼ਾਸ ਦੀ ਗੋਲੀਆਂ' ਜੋ ਉਹ ਕਿਸੇ ਅਣਹੋਣੀ ਦੇ ਡਰੋਂ ਔਖੇ ਵੇਲੇ ਲਈ ਆਪਣੇ ਨਾਲ ਹੀ ਬੰਨੀ ਫਿਰਦੇ ਸਨ, ਛੱਕ ਕੇ ਆਪਣੀ ਜੀਵਨ ਲੀਲ੍ਹਾ ਖੱਤਮ ਕਰ ਲਈ ਸੀ। ਕਿਉਂਕਿ ਪਿੰਡ ਦੀ ਪੰਚਾਇਤ ਨੇ ਪੁਲੀਸ ਦੀ ਹਾਜ਼ਰੀ ਵਿੱਚ ਉਨ੍ਹਾਂ ਦਾਂ ਵਿਆਹ ਕਰਵਾਉਣ ਦਾ ਵਾਅਦਾ ਕਰ ਕੇ ਹੀ ਉਨ੍ਹਾਂ ਨੂੰ ਠਾਣੇ ਪੇਸ਼ ਕਰਵਾਇਆ ਸੀ ਤੇ ਮਗਰੋ ਪੰਚਾਇਤ ਆਪਣੇ ਵਾਅਦੇ ਤੋਂ ਮੁੱਕਰ ਗਈ ਸੀ। ਪ੍ਰੇਮੀ ਜੋੜੇ ਨੇ ਅਪਣੇ ਆਪ ਨੂੰ ਕੁੱੜਿਕੀ ਵਿੱਚ ਫਸਿਆ ਵੇਖ ਹੀ ਸਮੂਹਕ ਆਤਮ ਹੱਤਿਆ ਵਾਲਾ ਇਹ ਕਦਮ ਚੁੱਕਿਆ ਸੀ। ਮੇਰੇ ਆਪਣੇ ਬਾਪ ਦੇ ਮਿੱਤਰ ਨੇ ਆਪਣੀ ਜਵਾਨ ਧੀ ਨੂੰ, ਜੋ ਚੰਡੀਗੜ੍ਹ ਦੀ ਕਿਸੇ ਯੂਨੀਵਰਸਟੀ ਪੜ੍ਹਦੀ ਸੀ ਤੇ ਕਿਸੇ ਗੈਰ ਜਾਤ ਦੇ ਮੁੰਡੇ ਨਾਲ ਪਿਆਰ ਪਾ ਬੈਠੀ ਸੀ ਨੂੰ ਪਹਿਲਾਂ ਤਾਂ ਜਾਤ ਬਰਾਦਰੀ ਦਾ ਅਤੇ ਆਪਣੇ ਬਾਪ ਦਾਦਾ ਦੀ ਇੱਜ਼ਤ ਦਾ ਵਾਸਤਾ ਪਾਕੇ ਸਮਝਾਉਣ ਦੀ ਕੋਸ਼ਿਸ ਕੀਤੀ। ਪਰ ਜਵਾਨ ਕੁੜੀ ਆਪਣੇ ਆਪ ਸਹੇੜੇ ਪਿਆਰ ਤੋਂ ਰਤਾ ਵੀ ਨਹੀਂ ਥਿੜਕੀ। ਫਿਰ ਉਸ ਨੇ ਉਸ ਨੂੰ ਭੇਚਲ ਕੇ ਪਿੰਡ ਲੈ ਆਂਦਾ, ਪਿਉ ਦਾਦੇ ਤੇ ਖਾਂਨਦਾਨ ਦੀ ਇੱਜ਼ਤ ਦਾ ਵਾਸਤਾ ਪਾ, ਧੀ ਦੇ ਪੈਰਾਂ ਉੱਪਰ ਪੱਗ ਵੀ ਰੱਖੀ। ਪਰ ਕੁੜੀ ਆਪਣੇ ਫੈਂਸਲੇ ਤੇ ਅਡੋਲ ਰਹੀ। ਕੋਈ ਚਾਰਾ ਨਾ ਚਲਦਾ ਵੇਖ ਕੇ ਉਸ ਨੇ ਆਪਣੇ ਹੱਥੀਂ ਹੀ ਲਾਡਾਂ ਪਿਆਰਾਂ ਨਾਲ ਪਾਲੀ ਆਪਣੀ ਸਕੀ ਧੀ ਦਾ ਕਤਲ ਕਰ ਦਿੱਤਾ ਸੀ। ਪਿੰਡੋ ਖ਼ਬਰਾਂ ਆਉਂਦੀਆਂ ਹਨ ਦੋ ਕੁੜੀਆਂ ਆਪਣੀ ਮਰਜ਼ੀ ਨਾਲ ਅਦਾਲਤੀ ਵਿਆਹ ਕਰਵਾ ਕੇ ਭੱਜ ਗਈਆਂ ਹਨ। ਦੋ ਤਿੰਨ ਵਿਆਹੀਆਂ ਵਰੀਆ ਬਾਲ ਬੱਚਿਆਂ ਵਾਲੀਆਂ ਔਰਤਾਂ ਵੀ ਆਪਣੇ ਵਿਆਹੋ ਬਾਹਰੇ ਪ੍ਰੇਮ ਸਬੰਧ ਹੰਢਾਉਂਦੀਆਂ ਫਿਰਦੀਆਂ ਹਨ। ਉਨ੍ਹਾਂ ਦੇ ਰਿਸ਼ਤੇਦਾਰ ਅਤੇ ਆਂਢ ਗੁਆਂਢ ਸ਼ਰਮ ਦੇ ਮਾਰੇ ਹੱਥਾਂ ਤੇ ਦੰਦੀਆਂ ਵੱਢਦੇ ਫਿਰਦੇ ਹਨ। ਕੱਲ੍ਹ ਕਲੋਤਰ ਨੂੰ ਜੇ ਕੋਈ ਭਾਣਾ ਵਰਤ ਗਿਆ ਤਾਂ ਇਹ ਵੀ ਕੋਈ ਜੱਗੋ ਤੇਰਵੀਂ ਨਹੀਂ ਹੋਣ ਲੱਗੀ।

ਇੱਥੇ ਹੌਲੈਂਡ ਮੇਰੇ ਮੁਲਕ ਵਿੱਚ ਤੁਰਕੀ ਤੋਂ ਆਏ ਦੋ ਮਿੱਤਰ ਪਰਿਵਾਰ ਇੱਕਠੇ ਰਹਿੰਦੇ ਸਨ। ਇੱਕ ਪਰਿਵਾਰ ਦੀ ਔਰਤ ਦੇ ਨਜਾਇਜ਼ ਸਬੰਧ ਦੂਸਰੇ ਪਰੀਵਾਰ ਦੇ ਮਰਦ ਨਾਲ ਬਣ ਗਏ। ਪਤਾ ਲੱਗਣ ਤੇ ਔਰਤ ਦੇ ਪਤੀ ਨੇ ਉਸ ਨੂੰ ਇਸ ਤੋਂ ਹੌੜਨ ਦੀ ਕੋਸ਼ਸ ਕੀਤੀ। ਉਸ ਦਾ ਧਿਆਨ ਪਾਸੇ ਪਾਉਣ ਲਈ ਉਹ ਉਸ ਨੂੰ ਆਪਣੇ ਮੂਲ ਦੇਸ਼ ਤੁਰਕੀ ਵੀ ਛੁੱਟੀਆਂ  ਉੱਪਰ ਲੈ ਕੇ ਗਿਆ। ਉੱਥੇ ਵੀ ਔਰਤ ਦੇ ਭੈਣਾਂ ਭਰਾਵਾਂ ਅਤੇ ਰਿਸ਼ਤੇਦਾਰਾਂ ਨੇ ਉਸ ਨੁੰ ਸਮਝਾਉਣ ਦੀ ਕੋਸ਼ਿਸ ਕੀਤੀ। ਉਹ ਹਾਂ ਕਰਕੇ ਵਾਪਸ ਆ ਕੇ ਫਿਰ ਉਸੇ ਰਾਹੇ ਪੈ ਤੁਰੀ। ਇਸ ਗੱਲ੍ਹ ਦੀ ਮਰਦ ਅਤੇ ਔਰਤ ਫੈਂਮਲੀ ਮੈਂਬਰਾਂ ਨੇ ਬਹੁਤ ਨਮੋਸ਼ੀ ਮਹਿਸੂਸ ਕੀਤੀ। ਚਾਰੇ ਬੰਨੇ ਕੋਈ ਚਾਰਾ ਨਾ ਚਲਦਾ ਵੇਖ ਕੇ ਟੱਬਰ ਨੇ ਇਸ ਖਾਤੂਨ ਨੂੰ ਸਬਕ ਸਿਖਾਉਣ ਦੀ ਸਕੀਮ ਬਣਾਈ। ਉਨ੍ਹਾਂ ਆਪ ਪਿੱਛੇ ਰਹਿ ਕੇ ਇੱਕ ਭਾੜੇ ਦੇ ਕਾਤਲ ਤੋਂ ਸੁਪਾਰੀ ਦੇ ਕੇ ਉਸ ਔਰਤ ਦਾ ਕਤਲ ਉਸ ਦੇ ਬੱਚਿਆਂ ਦੀਆਂ ਅੱਖਾਂ ਸਾਹਮਣੇ ਕਰਵਾਇਆ। ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਇਹ ਅੱਖੀ ਵੇਖਿਆ ਸਬਕ ਯਾਦ ਰੱਖੇ। ਪੰਜਾਬੀ ਲੇਖਕ ਹਰਜੀਤ ਅਟਵਾਲ ਦਾ ਨਾਵਲ 'ਸਾਉਥਾਲ' ਵੀ ਉਸ ਦੇ ਪਾਤਰ ਸਾਧੂ ਸਿੰਘ ਵੱਲੋ ਸ਼ਰੇ ਬਜ਼ਾਰ ਆਪਣੀ ਧੀ ਦਾ ਕਿਰਪਾਨ ਨਾਲ ਕੀਤੇ ਕਤਲ ਦੁਵਾਲੇ ਘੁੱਮਦਾ ਹੈ। ਕਿਉਂਕਿ ਸਾਧੂ ਸਿੰਘ ਦੀ ਧੀ ਦੇ ਪ੍ਰੇਮ ਸਬੰਧ ਕਿਸੇ ਪਾਕਸਤਾਨੀ ਮੁੰਡੇ ਨਾਲ ਬਣ ਜਾਂਦੇ ਹਨ। ਬਲਦੇਵ ਸਿੰਘ ਦਾ 'ਅੰਨਦਾਤਾ' ਵੀ ਨਾਇਕ ਦੀ ਭੈਣ ਦੇ ਘਰੋਂ ਉੱਧਲ ਜਾਣ ਦੀ ਸਮੱਸਿਆ ਦੁਵਾਲੇ ਹੀ ਘੁੰਮਦਾ ਹੈ। ਪੰਜਾਬ ਵਿੱਚ ਲੋਕਗਾਥਾ ਬਣੇ ਸੁੱਚੇ ਸੁਰਮੇ ਦੇ ਕਿੱਸੇ ਨੂੰ ਕੌਣ ਨਹੀਂ ਜਾਣਦਾ। ਮੁਹੰਮਦ ਸਦੀਕ, ਸੁਰਿੰਦਰ ਛਿੰਦਾ ਤੇ ਕੁਲਦੀਪ ਮਾਣਕ ਅੱਜ ਤੱਕ ਇਸ ਕਿੱਸੇ ਦੀ ਕਮਾਈ ਖਾਈ ਜਾਂਦੇ ਹਨ। ਇੱਥੇ ਇੰਟਰਨੈੱਟ ਉੱਪਰ ਇੱਕ ਫਿਲਮ ਦੇਖੀ ਜਾ ਸਕਦੀ ਹੈ। ਇਰਾਕ ਦੇ ਇੱਕ ਪਿੰਡ ਵਿੱਚ ਇੱਕ ਸੋਲਾਂ ਸਾਲ ਦੀ ਕੁੜੀ ਨੂੰ ਹਜ਼ੂਮ ਪੱਥਰ ਮਾਰ ਮਾਰ ਕੇ ਮਾਰ ਰਿਹਾ ਹੈ। ਕਸੂਰ ਉਸ ਦਾ ਇਹ ਹੈ ਕੁੜੀ ਕੁਰਦ ਹੈ ਅਤੇ ਜਿਸ ਮੁੰਡੇ ਨਾਲ ਉਸ ਦੇ ਪ੍ਰੇਮ ਸਬੰਧ ਸਨ ਉਹ ਇਰਾਕੀ ਹੈ ਜੋ ਕੁਰਦ ਭਾਈਚਾਰੇ ਨੂੰ ਮਨਜ਼ੂਰ ਨਹੀਂ ਹੈ।

ਹਰਿਆਣੇ ਦੀ ਖਾਪ ਪੰਚਾਇਤ ਵਾਂਗ ਹੀ ਸ਼ਰੀਅਤ ਦੀ ਅਦਾਲਤ ਨੇ ਉਸ ਨੂੰ ਪੱਥਰ ਮਾਰ ਮਾਰ ਕੇ ਸ਼ਰੇ ਬਜ਼ਾਰ ਕਤਲ ਕਰਨ ਦਾ ਹੁਕਮ ਦਿੱਤਾ ਹੈ। ਇਰਾਨ ਵਿੱਚ ਦੋ ਲੜਕਿਆਂ ਨੂੰ ਇਸ ਕਰਕੇ ਮੱਧਯੁਗੀ ਤਰੀਕੇ ਵਾਂਗ ਸ਼ਰੇਆਂਮ ਲੋਕਾਂ ਸਾਹਮਣੇ ਫ਼ਾਸੀ ਤੇ ਕਈ ਦਿਨ ਟੰਗ ਛੱਡਿਆ ਸੀ ਕਿਉਂਕਿ ਉਹ ਹਮਜਿਨਸੀ ਸਨ। ਇਰਾਕੀ ਡਿਕਟੇਟਰ ਸਦਾਮ ਹਸਨ ਨੇ ਆਪਣੇ ਦੋਵੇਂ ਜਵਾਈ ਸੀਰੀਆ ਤੋਂ ਵਾਪਸ ਬੁਲਾ ਕੇ ਇੱਜ਼ਤ ਦੇ ਨਾਂ ਤੇ ਕਤਲ ਕਰਵਾ ਦਿੱਤੇ ਸਨ। ਅਮਰੀਕੀ ਫੁਟਬਾਲ ਖਿਡਾਰੀ  ਜੇ ਸਿਮਸਨ ਵੱਲੋਂ ਅਪਣੀ ਗੋਰੀ ਪਤਨੀ ਦੇ ਕਤਲ ਵਾਲਾ ਚਰਚਿਤ ਕੇਸ ਵੀ ਇਸੇ ਹੀ ਜੁੰਮਰੇ ਵਿੱਚ ਹੀ ਆਂਉਦਾ ਹੈ।ਬੇਸ਼ੱਕ ਉਹ ਸਬੂਤਾਂ ਦੀ ਘਾਟ ਖੁਣੋਂ ਬਰੀ ਹੋ ਗਿਆ ਸੀ। ਪੰਜ਼ਾਬ ਵਿੱਚ ਵੀ ਇੱਕ ਵੱਡੇ ਵਕਾਰ ਵਾਲੇ ਧਾਰਮਿਕ ਡੇਰੇ ਦੀ ਮੁਖੀ ਉੱਪਰ ਆਪਣੀ ਸਕੀ ਧੀ ਨੂੰ ਕਤਲ ਕਰਵਾਉਣ ਦੇ ਦੋਸ਼ਾਂ ਵਾਲੇ ਬਹੁ-ਚਰਚਿਤ ਕੇਸ ਵਿੱਚ ਡੇਰੇ ਦੀ ਮਸ਼ਹੂਰ ਬੀਬੀ ਨੁੰ ਪੰਜ ਸਾਲ ਦੀ ਕੈਦ ਹੋ ਚੁੱਕੀ ਹੈ। ਭੁਤਕਾਲ ਵਿੱਚ ਪੰਜਾਬੀ ਦਾ ਇੱਕ ਵੱਡੇ ਨਾਮਣੇ ਵਾਲਾ ਲੇਖਕ ਵੀ ਇਹੋ ਜਿਹੇ ਦੋਸ਼ਾਂ ਵਿੱਚ ਘਿਰਿਆ ਰਿਹਾ ਹੈ। ਪੂਰੇ ਸੰਸਾਰ ਵਿੱਚ ਇਸ ਤਰ੍ਹਾਂ ਦੇ (ਐਮਨੈਸ਼ਟੀ ਇੰਟਰਨੈਸ਼ਨਲ ਨਾਂ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਣੀ ਅੰਤਰਰਾਸ਼ਟਰੀ ਸੰਸਥਾ ਦੇ ਇੱਕ ਅੰਦਾਜ਼ੇ ਮੁਤਾਬਕ) ਦਸ ਹਜ਼ਾਰ ਕਤਲ ਹਰ ਸਾਲ ਹੁੰਦੇ ਹਨ। ਦੋ ਹਜ਼ਾਰ ਦੋ ਵਿੱਚ ਇੱਕਲੇ ਪਾਕਿਸਤਾਨ ਦੇ ਸੂਬੇ ਸਿੰਧ ਵਿੱਚ ਹੀ 245 ਔਰਤਾਂ ਅਤੇ 137 ਮਰਦ ਇਸ ਇੱਜ਼ਤ ਦੀ ਦੇਵੀ ਦੀ ਬਲੀ ਚਾੜ ਦਿੱਤੇ ਗਏ ਸਨ। ਇਸ ਪਾਕ-ਪਵਿਤਰ ਮੁਲਖ ਵਿੱਚ 1994 ਤੋਂ ਲੈ ਕੇ ਹੁਣ ਤੱਕ ਪੰਜ ਹਜ਼ਾਰ ਔਰਤਾਂ ਦੇ ਚਿਹਰਿਆਂ ਉੱਪਰ ਤੇਜ਼ਾਬ ਸੁੱਟ ਕੇ ਸ਼ਕਲੋ ਬੱਦ-ਸ਼ਕਲ ਕਰਕੇ ਮਰਦਾ ਨੇ ਆਪਣੀ ਸੁੱਕੀ ਹੋਈ ਇੱਜ਼ਤ ਫਿਰ ਹਰੀ ਕੀਤੀ ਸੀ। ਇਰਾਕ ਵਿੱਚ 81 ਔਰਤਾਂ ਨੇ ਆਪਣੀ ਸ਼ਰਮ ਧੋਣ ਲਈ ਮਨੁੱਖੀ ਬੰਬ ਬਣਨਾ ਮੰਨਜੂਰ ਕੀਤਾ ਸੀ। ਸ਼ਰਮ ਕੀ ਸੀ, ਇਰਾਕ ਜੰਗ ਦੌਰਾਣ ਉਨ੍ਹਾ ਨਾਲ ਬਲਾਤਕਾਰ ਹੋਇਆ ਸੀ।    
                                                                                            
ਆਖਿਰ ਹੈ ਕੀ ਹੈ ਇਹ ਇੱਜ਼ਤ ਮਾਨ ਤੇ ਆਨਰ ਕਿੰਲਿਗ ?

ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਉਦੋ ਉਹ ਵੀ ਜੰਗਲੀ ਜਾਨਵਰਾਂ ਵਾਂਗ ਸਾਰਾ ਦਿਨ ਭੋਜਨ ਦੀ ਭਾਲ ਵਿੱਚ ਜੰਗਲੀ ਭਾਉਂਦਾ ਫਿਰਦਾ ਸੀ, ਜਿੱਥੇ ਉਸ ਨੁੰ ਰਾਤ ਪੈਂਦੀ ਸੀ ਦਰੱਖਤ ਤੇ ਚੱੜ੍ਹ ਕੇ ਸੌਅ ਛੱਡਦਾ ਸੀ। ਜਿਥੇ ਮਾਦਾ ਉਸ ਨੂੰ ਟੱਕਰਦੀ ਸੀ ਭੁੱਖ ਤ੍ਰੇਹ ਵਾਂਗ ਸਰੀਰਕ ਲੋੜ ਮੁਤਾਬਕ ਉਸ ਨਾਲ ਜਾਨਵਰਾਂ ਵਾਗ ਹੀ ਸੰਭੋਗ ਕਰ ਕੇ ਆਪਣਾ ਵੰਸ਼ ਅਗੇ ਵਧਾਉਂਦਾ ਤੁਰਿਆ ਜਾਂਦਾ ਸੀ। ਭੋਜਨ ਦੀ ਲੋੜ ਹੀ ਸਾਰਾ ਦਿਨ ਉਸ ਨੂੰ ਦੱਬੀ ਫਿਰਦੀ ਸੀ। ਫਿਰ ਹੌਲੀ ਹੌਲੀ ਮਨੁੱਖ ਸਿਆਣਾਂ ਹੋਣ ਲੱਗਿਆ ਤੇ ਉਹ ਝੁੰਡਾਂ ਵਿੱਚ ਰਹਿਣ ਲੱਗਾ। ਉਹ ਸ਼ਿਕਾਰੀ ਤੋਂ ਕਿਸਾਨ ਬਣਦਾ ਬਣਦਾ ਪਿੰਡਾਂ,ਸ਼ਹਿਰਾਂ, ਕਸਬਿਆ ਯਾਨਿ ਕਿ ਪੱਕੇ ਟਿਕਾਣਿਆ ਉੱਪਰ ਵੱਸਣ ਲੱਗ ਪਿਆ। ਸਰੀਰਕ ਤਕੜਾਈ, ਦੇ ਨਾਲ ਨਾਲ ਹਥਿਆਰਾਂ, ਜਾਇਦਾਤ ਅਤੇ ਭੋਜ਼ਨ ਦੀ ਜ਼ਖੀਰੇਬਾਜੀ ਨੇ ਇੱਕ ਆਮ ਮਨੁੱਖ ਅਤੇ ਸਾਧਨ ਵਾਲੇ ਮਨੁੱਖਾਂ ਵਿੱਚ ਫਰਕ ਪਾਉਣਾ ਸ਼ੂਰੁ ਕਰ ਦਿੱਤਾ। ਜ਼ੋਰਾਵਰਾਂ ਵੱਲੋਂ ਆਪਣੇ ਇਸ ਫਰਕ ਨੂੰ ਸਦੀਵੀ ਪੱਕਾ ਕਰਨ ਲਈ ਕੜੇ-ਕਨੂੰਨ ਬਨਣ ਲੱਗੇ। ਹਰ ਝੁੰਡ, ਹਰ ਕਬੀਲੇ ਦੇ ਸਰਦਾਰਾਂ ਨੇ ਆਪੋ ਆਪਣੇ ਸੁੱਖ ਅਤੇ ਆਮ ਲੋਕਾਂ ਨੂੰ ਡੰਗਰਾਂ ਵਾਗ ਆਪਣੇ ਹੱਕ ਵਿੱਚ ਭੁਗਤਾਉਣ ਲਈ 'ਤਕੜੇ ਦੇ ਸੱਤੀ ਵੀਹੀ ਸੌਅ' ਵਰਗੇ ਕਨੂੰਨ ਅਤੇ ਗਜ ਬਣਾਉਣੇ ਸ਼ੁਰੂ ਕੀਤੇ। ਆਮ ਬੰਦੇ ਦੀ ਸੁਤੰਤਰ ਸੋਚ ਨੂੰ ਜੰਦਰਾਂ ਮਾਰ ਕੇ ਹਿਫਾਜਤ ਦੇ ਨਾਂ ਤੇ ਇੱਜੜ ਦੀ ਮਾਨਸਿਕਤਾਂ ਤੇ ਭੈਅ ਉਨ੍ਹਾਂ ਦੇ ਸਿਰਾਂ ਚ ਭਰਨਾ ਸ਼ੂਰੁ ਕੀਤਾ। ਪਰਜਾ ਰਾਜੇ ਦੀ ਜਾਇਦਾਤ ਅਤੇ ਟੱਬਰ ਘਰ ਦੇ ਮੁਖੀ ਦੀ ਜਇਦਾਤ। ਰਾਜੇ ਦਾ ਫੈਂਸਲਾ ਪਰਜਾ ਦਾ ਫੈਂਸਲਾ, ਮੂਖੀ ਦਾ ਫੈਸਲਾ ਟੱਬਰ ਦੇ ਹਰ ਜੀ ਦਾ ਫੈਸਲਾ।  ਫਿਰ ਬੰਦਾ ਆਪਣੇ ਲਈ ਘੱਟ ਅਤੇ ਉਸ ਗਜ ਦੇ ਇੰਚ ਇੰਚ ਦੇ ਸਦਾ ਲਈ ਮੇਚ ਰਹਿਣ ਲਈ ਜਿਉਣ ਲੱਗਾ। ਹੁਣ ਹਾਲਾਤ 'ਆਪੇ ਫਾਹਥੜੀਏ ਤੈਨੂੰ ਕੌਣ ਛੁਡਾਵੇ' ਵਾਲੇ ਬਣੇ ਪਏ ਹਨ। ਵਾਰਸ਼ ਸ਼ਾਹ ਇਸ ਨੂੰ ਆਪਣੇ ਤਰੀਕੇ ਨਾਲ ਇੰਝ ਸਮਝਾਉਂਦਾ ਹੈ:

ਔਲਾਦ ਜੇਹੜੀ ਕਹੇ ਨਾ ਕਦੇ ਲੱਗੇ, ਮਾਪੇ ਉਸ ਨੁੰ ਮਾਰ ਮੁਕਾਉਂਦੇ ਨੀ।
ਜਦੋਂ ਕਹਿਰ ਤੇ ਆਉਂਦੇ ਬਾਪ ਜਾਲਮ, ਬੰਨ ਬੇਟੀਆਂ ਭੋਰੇ 'ਚ ਪਾਉਂਦੇ ਨੀ
ਏਸ ਵਕਤ ਥੀਂ ਜ ਨਾ ਮੁੜੀ ਮੋਈਏ,ਤੇਰਾ ਖੂਨ ਹੁਣ ਤੁਰਤ ਵਹਾਉਂਦੇ ਨੀ।
ਵਾਰਸ਼ਸ਼ਾਹ ਜੇ ਮਾਰੀਏ ਬਦਾ ਤਾਈ, ਜੁੰਮੇ ਖੂਨ ਨਾ ਦੇਵਨੇ ਆਉਂਦੇ ਨੀ।


ਆਖਿਰ ਉਹ ਕਿਹੜੀ ਚੀਜ਼ ਹੈ ਜੋ ਇੱਕ ਪਰਵਾਰ ਨੂੰ ਇਹ ਫੈਸਲਾ ਕਰਨ ਲਈ ਮਜ਼ਬੂਰ ਕਰ ਦਿਦੀ ਹੈ ਕਿ ਉਹ ਆਪਣੇ ਜਾਨ ਤੋਂ ਵੀ ਪਿਆਰੇ ਘਰ ਦੇ ਜੀ ਧੀ, ਪੁੱਤ, ਮਿੱਤਰ ਪਿਆਰੇ ਨੂੰ ਆਪਣੇ ਹੱਥੀ ਹੀ ਟੱਬਰ ਦੀ ਇੱਜ਼ਤ ਆਬਰੂ ਨੂੰ ਮੁੱਖ ਰੱਖ ਕੇ ਕਤਲ ਕਰ ਦੇਵੇ। ਇਜ਼ਤ, ਮਾਨ, ਸਤਿਕਾਰ, ਇਹ ਤਿੰਨ ਲਫਜ਼ ਕਿਸੇ ਮਨੁੱਖੀ ਜੀਵ ਦੀ ਕਿਸ ਤਰਾਂ ਬਲੀ ਲੈ ਲੈਦੇਂ ਹਨ ?। ਮਾਹਰਾਂ ਦੀ ਰਾਏ ਹੈ ਕਿ ਟੱਬਰ ਵੱਲੋ ਕੀਤਾ ਗਿਆ ਇਹ ਧਾਅ ਕੇ ਕਤਲ ਉਸ ਪਰੀਵਾਰ ਦੇ ਸਮਾਜੀ ਰੁਤਬੇ ਨੂੰ ਮੁਰੱਮਤ ਕਰਨ ਲਈ ਚੁੱਕਿਆ ਗਿਆ ਇੱਕ ਬਹੁਤ ਹੀ ਦੁੱਖਦਾਈ ਕਦਮ ਹੁੰਦਾਂ ਹੈ। ਸਮਾਜਿਕ ਤਾਣਾ-ਪੇਟਾ ਏਨਾ ਗੁੰਝਲਦਾਰ ਹੈ ਕਿ ਨਾ ਦਿੱਸਦਿਆ ਹੋਇਆ ਵੀ ਹਜ਼ਾਰਾਂ ਅੱਖਾਂ ਤੁਹਾਡੇ ਉੱਪਰ ਹਰ ਵੇਲੇ ਨਜ਼ਰਾਂ ਰੱਖ ਰਹੀਆ ਹੁੰਦੀਆ ਹਨ। ਜ਼ਰਾ ਜਿੰਨਾ ਵੀ ਤੁਸੀਂ ਜਿਸ ਸਮਾਜ ਵਿੱਚ ਰਹਿੰਦੇ ਹੋ ਉਸ ਦੇ ਬਣਾਏ ਗਜ ਤੋਂ ਛੋਟੇ ਜਾ ਵੱਢੇ ਹੋਵੋ ਤਾਂ ਉਹ ਸਮਾਜ ਤੁਹਾਨੂੰ ਆਪਣੇ 'ਚੌਂ ਖਾਰਜ਼ ਕਰਨ, ਹੁੱਕਾ ਪਾਣੀ ਬੰਦ ਕਰਨ ਤੋਂ ਲੈ ਕੇ ਤੁਹਾਨੂੰ ਆਤਮ ਹੱਤਿਆ ਕਰਨ ਜਾਂ ਆਪਣੇ ਹੀ ਕਿਸੇ ਮਿੱਤਰ ਪਿਆਰੇ ਦੀ ਹੱਤਿਆ ਕਰਨ ਲਈ ਮਜ਼ਬੂਰ ਕਰ ਦੇਵੇਗਾ। ਕਿਉਂਕਿ ਕਬੀਲਾ ਜਾ ਗਰੁਪ-ਕੱਲਚਰ ਵਿੱਚ ਇੱਕਲੇ ਆਦਮੀ ਦਾ ਆਪਣਾ ਕੋਈ ਵਜੂਦ ਹੀ ਨਹੀਂ ਹੁੰਦਾ। ਜਿੰਨਾ ਚਿਰ ਇਸ ਗਰੁਪ-ਕੱਲਚਰ ਦੇ ਗੱਜ ਮੁਤਾਬਕ ਇਸ ਵਿੱਚ ਰਹਿਣ ਵਾਲੇ ਲੋਕ ਗਰੁਪ ਦੀ ਇੱੱਛਾ ਮੁਤਾਬਕ ਜਿਉਂਦੇ ਹਨ ਤਾ ਇਹ ਕੱਲਚਰ ਉਸ ਨੂੰ ਸਮਾਜੀ ਸੁਰੱਖਿਆਂ ਅਤੇ ਸ਼ਰਨ ਪ੍ਰਦਾਨ ਕਰਦਾ ਹੈ। ਰਾਜੇ ਤੋਂ ਲੈ ਕੇ ਕਿਸੇ ਟੱਬਰ ਦੇ ਮੋਢੀ ਤੱਕ ਦੀ ਇੱਜ਼ਤ ਸਾਰੀ ਪਰਜਾ ਅਤੇ ਮੋਢੀ ਦੇ ਘਰ ਦੇ ਜੀਆਂ ਉੱਪਰ ਲਾਗੂ ਹੁੰਦੀ ਹੈ। ਜਦੋ ਘਰ ਦਾ ਕੋਈ ਜੀ ਇਸ ਕਬੀਲੇ ਜਾਂ ਗਰੁਪ-ਕੱਲਚਰ ਦੀ ਬਣਾਈ ਲੀਹ ਤੋ ਪਾਸੇ ਚਲਦਾ ਹੈ ਬੇਸ਼ਕ ਘਰ ਦੇ ਮੈਂਬਰਾਂ ਨੂੰ ਸਾਰਾ ਇਲਮ ਵੀ ਹੋਵੇ, ਕੋਈ ਖਾਸ ਗੱਲ ਨਹੀਂ ਹੁੰਦੀ। ਪਵਾੜਾ ਉਦੋਂ ਪੈਂਦਾ ਹੈ ਜਦੋ ਇਹ ਗੱਲ ਬਾਹਰ ਗਲੀਆਂ ਬਜ਼ਾਰਾਂ ਜਾਂ ਪਰ੍ਹਿਆਂ ਪੰਚੈਂਤਾਂ ਵਿੱਚ ਪਹੁੰਚਦੀ ਹੈ। ਫਿਰ ਕੈਦੋਂ ਲੰਗੇ ਵਰਗੇ ਕਿਰਦਾਰ ਸਰਗਰਮ ਹੋ ਜਾਂਦੇ ਹਨ। ਘਰ ਦੇ ਮੋਢੀ ਨੂੰ ਪਰ੍ਹਿਆਂ ਪੰਚੈਂਤਾਂ ਵਿੱਚ ਬੁਲਾ ਕੇ ਖੱਜਲ ਕੀਤਾ ਜਾਂਦਾ ਹੈ। ਉਸ ਦਾ ਜਨਤਕ ਥਾਂਵਾਂ, ਸਮਾਜੀ ਇਕੱਠਾਂ,ਸੜਕਾਂ, ਹੱਟੀ ਭੱਠੀ ਤੇ ਬੈਠਣਾ ਉੱਠਣਾਂ ਤਾਹਨਿਆਂ ਮਿਹਣਿਆਂ ਨਾਲ ਦੁੱਭਰ ਕਰ ਦਿੱਤਾ ਜਾਂਦਾ ਹੈ। ਕਈ ਮੁਲਖਾਂ ਵਿੱਚ ਉਸ ਘਰ ਦੀਆਂ ਕੰਧਾ ’ਤੇ ਚਿੱਕੜ ਨਾਲ ਨਿਸ਼ਾਨ ਲਾ ਦਿੱਤੇ ਜਾਂਦੇ ਹਨ। ਗਲੀਆਂ ਬਜ਼ਾਰਾਂ ਵਿੱਚ ਘਰ ਦੇ ਜੀਆਂ ਦੇ ਮੂੰਹਾਂ ਉੱਪਰ ਥੁੱਕਿਆ ਤੱਕ ਜਾਂਦਾ ਹੈ। ਚਾਹ ਘਰਾਂ ਦੇ ਕਾਰਿੰਦੇ ਉਨ੍ਹਾਂ ਨੂੰ ਚਾਹ ਵਰਤਾਉਣੀ ਆਪਣੀ ਅਤੇ ਆਪਣੇ ਸਮਾਜ ਦੀ ਬੇਇਜ਼ਤੀ ਸਮਝਦੇ ਹਨ। ਤਹਿ ਕੀਤੇ ਮੰਗਣੇ ਵਿਆਹਾਂ ਦੇ ਰਿਸ਼ਤੇ ਟੁੱਟ ਜਾਂਦੇ ਹਨ। ਯਾਨਿ ਕਿ ਕਬੀਲਾ ਸਮਾਜ ਉਸ ਟੱਬਰ ਨੂੰ ਬਿਲਕੁਲ ਅਲੱਗ ਥਲੱਗ ਕਰ ਕੇ ਰੱਖ ਦਿੰਦਾ ਹੈ। ਹੁਣ ਘਰ ਦੇ ਮੋਢੀ ਕੋਲ ਸਿਰਫ਼ ਦੋ ਹੀ ਰਾਹ ਹੁੰਦੇ ਹਨ ਜਾਂ ਤਾਂ ਟੱਬਰ ਰਾਤ ਬਰਾਤੇ ਆਪਣੀ ਟਿੰਡ ਫਾਹੁੜੀ ਚੁੱਕ ਕੇ ਕਿਸੇ ਹੋਰ ਥਾਂ ਤੁਰਦਾ ਬਣੇ ਜਾਂ ਫਿਰ ਉਸ ਬਾਗੀ ਕਾਲੀ ਭੇਡ ਨੂੰ ਸਮਝਾ ਬੁਝਾ ਕੇ ਮੁੱਖ ਧਾਰਾ, ਯਾਨਿ ਕਿ ਭਾਈਚਾਰੇ ਦੇ ਗਜ ਦੇ ਮੇਚ ਲਿਆਦਾ ਜਾਵੇ। ਇਥੇ ਪੀੜਤ ਟੱਬਰ ਨੂੰ ਆਪਣੇ ਹੀ ਘਰ ਦੇ ਜੀ ਨਾਲ ਕਈ ਕਿਸਮ ਦੀ ਸਿਆਸਤ ਖੇਡਣੀ ਪੈਂਦੀ ਹੈ। ਪਹਿਲਾਂ ਉਸ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਹੈ। ਘਰ ਦੀ ਇੱਜ਼ਤ, ਮਾਨ, ਸਤਕਾਰ, ਨੱਕ ਤੇ ਲੋਕ ਕੀ ਆਖਣਗੇ ਵਰਗੇ ਵਾਸਤੇ ਪਾਏ ਜਾਂਦੇ ਹਨ। ਜੇ ਕਾਲੀ ਭੇਡ ਫਿਰ ਵੀ ਆਪਣੀ ਜਿੱਦ ਤੇ ਅੜੀ ਰਹੇ ਤਾਂ ਮਾਪਿਆਂ ਵੱਲੋਂ ਉਸ ਨੂੰ ਡਰਾਉਣ ਧਮਕਾਉਣ ਦੀ ਕੋਸ਼ਸ ਕੀਤੀ ਜਾਂਦੀ ਹੈ। ਇਸ ਸਥਿਤੀ ਨੂੰ ਵਾਰਸ ਸ਼ਾਹ ਫਿਰ ਆਪਣੇ ਕਲਾਮ ਵਿੱਚ ਇਉਂ ਬਿਆਨ ਕਰਦਾ ਹੈ।

ਚੂਚਕ ਆਖਦਾ ਲਾਡੀਆਂ ਪਾਲੀਆਂ ਈ, ਕੇਹਾ ਫਾਇਦਾ ਏਸ ਤੋਂ ਲੋੜੀਏ ਨੀ।
ਇਹ ਚਾ ਚਾਕ ਤੋਂ ਹੋੜੀ ਨਾ ਰਹੇ, ਮੂਲੇ ਅਸੀ ਸੱਭ ਕਬੀਲੜਾ ਹੋੜੀਏ ਨੀ।
ਇਹਦੇ ਡੱਕਰੇ ਛੁਰੀ ਦੇ ਨਾਲ ਕਰੀਏ, ਖੂਹ ਡੂੰਘੜੇ ਦੇ ਵਿੱਚ ਬੋੜੀਏ ਨੀ।
ਸਿਰ ਭੰਨ ਸੂ ਨਾਲ ਮਧਾਣੀਆਂ ਦੇ, ਟੋਨੀ ਨਾਲ ਗੂੜੇੜਨੀ ਤੋੜੀਏ ਨੀ।
ਇਹਦਾ ਦਾਤਰੀ ਨਾਲ ਚਾ ਢਿੱਡ ਪਾੜੋ, ਸੂਈਆਂ ਅੱਖੀਂਆਂ ਦੇ ਵਿੱਚ ਲੋੜੀਏ ਨੀ।
ਸੁੰæਝੀ ਚਾਕ ਤੋਂ ਇਸ ਨਾ ਮੁੜੇ ਮੁਲੇਂ, ਅਸੀ ਵਰਜੀਏ ਤੇ ਨਿਤ ਲੋੜੀਏ ਨੀ।
ਉਹਦੇ ਜੀਉ ਤੇ ਇੱਕ ਨਾ ਆਉਂਦੀ ਏ, ਭਾਵੇ ਲੱਖ ਨਸੀਹਤਾਂ ਟੋਰੀਏ ਨੀ।
ਵਾਰਸ਼ਸ਼ਾਹ ਫਟੇ ਨਹੀਂ ਮੂੰਹ ਮਿਲਦੇ, ਦਿਲ ਮੋਤੀ ਤੇ ਕਚ ਦੇ ਜੋੜੀਏ ਨੀ।


ਜੇ ਫਿਰ ਵੀ ਸਹੇ ਦੀਆਂ ਤਿੰਨ ਲੱਤਾਂ ਹੀ ਰਹਿਣ ਤਾਂ ਉਸ ਉੱਪਰ ਬੰਦਸ਼ਾਂ ਲਾਈਆਂ ਜਾਂਦੀਆ ਹਨ। ਇਸ ਸਾਰੇ ਡਰਾਂਮੇ ਦੀ ਚਰਮ ਸੀਮਾਂ ਇਹ ਹੁੰਦੀ ਹੈ ਕਿ ਕਾਲੀ ਭੇਡ ਕੋਲ ਵੀ ਦੋ ਹੀ ਰਾਹ ਬੱਚਦੇ ਹਨ ਜਾਂ ਤਾਂ ਉਹ ਘਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਵੇ ਜਾਂ ਘਰੋ ਭੱਜ ਕੇ ਆਪਣੇ ਮੱਕਸਦ ਵਿੱਚ ਕਾਮਯਾਬ ਹੋ ਜਾਵੇ। ਜੇਕਰ ਕਾਲੀ ਭੇਡ ਆਤਮ ਹੱਤਿਆ ਕਰ ਲਵੇ ਤਾਂ ਵੀ ਟੱਬਰ ਦਾ ਮਾਨ ਸਨਮਾਨ ਸਮਾਜ ਵਿੱਚ ਬਰਕਰਾਰ ਹੋ ਜਾਦਾ ਹੈ। ਕਬੀਲਾ ਭਾਈਚਾਰਾ ਉਸ ਦੁੱਖੀ ਟੱਬਰ ਨਾਲ ਹਮਦਰਦੀ ਵੀ ਰੱਖਦਾ ਹੈ ਅਤੇ ਉਸ ਨੂੰ ਮੁਆਫ਼ ਵੀ ਕਰ ਦੇਂਦਾ ਹੈ। ਜੇ ਉਹ ਘਰੋਂ ਭੱਜ ਜਾਵੇ ਤਾਂ ਗੱਲ ਚੌਰਾਹੇ ਵਿੱਚ ਆ ਜਾਂਦੀ ਹੈ ਫਿਰ ਉਸ ਟੱਬਰ ਦਾ ਜਿਉਣਾ ਹੋਰ ਵੀ ਮੁਹਾਲ ਹੋ ਜਾਂਦਾ ਹੈ। ਹੁਣ ਟੱਬਰ ਕੋਲ ਇੱਕੋ ਹੀ ਰਾਹ ਬਚਦਾ ਹੈ, ਜੇ ਉਸ ਨੇ ਉਥੇ ਹੀ ਵੱਸਣਾ ਹੈ ਤਾਂ ਉਸ ਕਾਲੀ ਭੇਡ ਨੂੰ ਆਪ ਲੱਭ ਕੇ ਆਪਣੀ ਗਵਾਚੀ ਹੋਈ ਸਾਖ ਬਹਾਲ ਕਰਨ ਲਈ ਉਸ ਦਾ ਨਾ ਚਾਹੁੰਦੇ ਹੋਏ ਵੀ ਦਿਲ ਤੇ ਪੱਥਰ ਰੱਖ ਕੇ ਆਪਣੇ ਹੱਥੀ ਐਲਾਨੀਆ ਕਤਲ ਕਰੇ। ਜੇ ਟੱਬਰ ਕੁੱਝ ਵੀ ਨਹੀ ਕਰੇਗਾ ਤਾਂ ਸਮਾਜ ਉਸ ਟੱਬਰ ਦੀਆਂ ਔਰਤਾਂ ਨੂੰ ਦੇਹ- ਵਪਾਰ ਕਰਨ ਵਾਲੀਆ ਰੰਡੀਆਂ  ਗਰਦਾਨ ਦੇਵੇਗਾ ਤੇ ਮਰਦਾ ਨੂੰ ਗਾਹਕ ਲਿਆਉਣ ਵਾਲੇ ਉਨ੍ਹਾਂ ਦੇ ਦੱਲੇ। ਵੱਖੋ ਵੱਖ ਸਮਾਜਾਂ ਦੇ ਇਖਲਾਖੀ ਜੁਰਮਾਂ ਨੂੰ ਮਿਣਨ ਵਾਲੇ ਗੱਜ ਵੀ ਵੱਖੋ ਵੱਖ ਹੁੰਦੇ ਹਨ। ਠੱਗੀ, ਚੋਰੀ ਚਕਾਰੀ, ਹੇਰਾਫੇਰੀ ਹਮਜਿਨਸੀ, ਵੇਸਵਾਗਿਰੀ, ਕਬੀਲੇ ਜਾਂ ਜਾਤ ਗੋਤ ਤੋਂ ਬਾਹਰੇ ਜਿਨਸੀ ਸਬੰਧ ਇਸ ਗੱਜ ਦੀ ਜੱਦ ਵਿੱਚ ਆਉਂਦੇ ਹਨ। ਸੱਭ ਤੋਂ ਭਿਆਨਕ ਜ਼ੁਰਮ ਜਾਤ ਗੋਤ ਜਾਂ ਕਬੀਲੇ ਤੋਂ ਬਾਹਰਲੇ ਜਿਨਸੀ ਸਬੰਧਾਂ ਨੂੰ ਗਿਣਿਆ ਜਾਂਦਾ ਹੈ। ਤੱਤ ਸਾਰ ਵਿੱਚ ਇਸ ਦਾ ਮਨੋਵਿਗਆਨਕ ਕਾਰਨ ਇਹ ਲੱਗਦਾ ਹੈ ਆਪਣੇ ਜੱਦੀ ਵੰਸ਼ ਅਤੇ ਜਇਦਾਤ ਦਾ ਅਸਲੀ ਵਾਰਸ ਆਪਣਾ ਅਸਲਾ ਤੇ ਖਾਲਸ ਖੂਨ ਹੀ ਹੋਣਾ ਚਾਹੀਦਾ ਹੈ। ਇੱਕ ਮਾਂ ਨੂੰ ਜੰਮਿਆ ਬੱਚਾ ਪ੍ਰਤੱਖ ਉਸ ਮਾ ਦਾ ਹੀ ਬੱਚਾ ਹੁੰਦਾ ਹੈ ਪਰ ਇੱਕ ਪਿਉ ਨੂੰ, ਕਿ ਇਹ ਉਸ ਦੀ ਹੀ ਅਸਲੀ ਔਲਾਦ ਹੈ ਯਕੀਨ ਕਰਨਾ ਪੈਂਦਾ ਹੈ। ਇਸ ਕਰਕੇ ਇੱਕ ਮਰਦ ਇਉਂ ਸੋਚਦਾ ਹੈ ਜੇ ਕਰ ਉਸ ਦੇ ਘਰ ਜੰਮਿਆ ਧੀ ਪੁੱਤ ਉਸ ਦਾ ਅਸਲੀ ਖੂਨ ਹੈ ਤਾਂ ਕੁਦਰਤੀ ਹੀ ਬਿਮਾਰੀ ਠਿਮਾਰੀ ਅਤੇ ਬੁਢਾਪੇ ਵਿੱਚ ਉਸ ਦੀ ਸੇਵਾ ਕਰੇਗਾ ਕਿਉਂਕਿ ਪਿਉ ਦਾਦੇ ਦੇ ਵੰਸ਼ ਨੂੰ ਉਸ ਖਾਨਦਾਨ ਦਾ ਅਸਲੀ ਖੂਨ ਹੀ ਅੱਗੇ ਲਿਜਾ ਸਕਦਾ ਹੈ। ਇਸ ਕਰਕੇ ਖਾਂਨਦਾਨ ਦੀ ਜਾਇਦਾਤ ਦਾ ਅਸਲੀ ਵਾਰਸ ਵੀ ਅਸਲੀ ਹਲਾਲ ਖੂਨ ਹੀ ਹੋਣਾਂ ਚਾਹੀਦਾ ਹੈ। ਜੇਕਰ ਉਹ ਹਰਾਮ ਦਾ ਹੋਵੇਗਾ ਤਾਂ ਫਿਰ ਵੰਸ਼ ਦੀ ਅਸਲੀ ਜੜ੍ਹ ਕਿਵੇਂ ਅਗੇ ਵੱਧੇਗੀ ?    
              
ਆਮ ਕਰਕੇ ਸੋਚਿਆ ਜਾਂਦਾ ਹੈ ਕਿ ਸਿਰਫ਼ ਕੁੜੀਆਂ ਹੀ ਕਿਸੇ ਟੱਬਰ ਦੀ ਨਮੋਸ਼ੀ ਦਾ ਕਾਰਨ ਬਣਦੀਆਂ ਹਨ। ਪੰਜਾਬ ਵਿੱਚ ਤਾਂ ਮਾਵਾਂ ਵੱਲੋਂ ਧੀਆ ਨੂੰ ਇਹ ਨਸੀਅਤਾਂ ਵੀ ਦਿੱਤੀਆਂ ਜਾਂਦੀਆਂ ਹਨ 'ਧੀਏ ਕਿਸੇ ਖੂਹ ਟੋਭੇ ਵਿੱਚ ਡੁੱਬ ਕੇ ਮਰ ਜਾਂਵੀ, ਪਰ ਆਪਣੇ ਬਾਪ ਦਾਦੇ ਦੀ ਪੱਗ ਦੇ ਛਮਲੇ ਨੂੰ ਦਾਗ ਨਾ ਲਾਵੀ'। ਕੁੱਸ਼ ਸਮਾਜਾਂ ਵਿੱਚ ਜੇਕਰ ਉਨ੍ਹਾਂ ਦੀ ਧੀ ਦੇ ਕਿਤੇ ਬਾਹਰ ਜਿਨਸੀ ਸਬੰਧ ਹਨ ਐਨਾਂ ਮਾੜਾ ਨਹੀਂ ਸਮਝਿਆ ਜਾਂਦਾ ਜਿੰਨਾ ਕਿ ਉਨ੍ਹਾਂ ਦੇ ਮੁੰਡੇ ਦਾ ਹਮਜਿਨਸੀ ਹੋਣਾ। ਇੱਜ਼ਤ, ਮਾਨ, ਸਨਮਾਨ ਲਈ ਕੀਤੇ ਜਾਂਦੇ ਕਤਲਾਂ ਵਿੱਚ ਸੰਸਾਰ ਦੇ ਬਹੁਤ ਸਾਰੇ ਸਮਾਜਾਂ ਵਿੱਚ ਨਰ ਜਾਂ ਮਾਦਾ ਦਾ ਫਰਕ ਨਹੀਂ ਵੇਖਿਆ ਜਾਂਦਾ, ਵੇਖਿਆ ਇਹ ਜਾਂਦਾ ਹੈ ਕਿ ਕੌਣ ਟੱਬਰ ਦਾ ਜੀ ਘਰ ਦੀ ਨਮੋਸ਼ੀ ਦਾ ਕਾਰਨ ਬਣਦਾ ਹੈ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾ ਵਿੱਚ ਇੱਜ਼ਤ ਦੇ ਨਾਂ ਤੇ ਕੀਤੇ ਜਾਂਦੇ ਕਤਲਾਂ ਦੀ ਸਜ਼ਾ ਬਹੁਤ ਘੱਟ ਹੈ, ਸਗੋ ਪੰਜਾਬ ਦੀ ਲੋਕਗਾਥਾਂ ਦੇ ਨਾਇਕ ਸੁੱਚੇ ਸੁਰਮੇ ਵਾਂਗ ਉਸ ਕਾਤਲ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਉਸ ਦੀਆਂ ਵਾਰਾਂ ਗਾਈਆਂ ਜਾਂਦੀਆ ਹਨ। ਇਹ ਵੀ ਜ਼ਰੂਰੀ ਨਹੀਂ ਕਿ ਸਿਰਫ ਮੁਸਲਮਾਨ ਸੰਸਾਰ ਵਿੱਚ ਹੀ ਇਹੋ ਜਿਹੇ ਕਤਲ ਹੁੰਦੇ ਹਨ। ਮੋਰਾਕੋ ਵਰਗੇ ਸਿਰੇ ਦੇ ਇਸਲਾਮੀ ਮੁਲਖ ਵਿੱਚ ਇਹੋ ਜਿਹੇ ਕਤਲ ਬਿਲਕੁਲ ਨਹੀਂ ਹੁੰਦੇ। ਅਸਲ ਵਿੱਚ ਇਹ ਵਰਤਾਰਾ ਉੱਥੇ ਹੀ ਚੱਲਦਾ ਹੈ ਜਿੱਥੇ ਸਮਾਜ ਅਜੇ ਜਗੀਰੂ ਰੁਚੀਆਂ ਅਤੇ ਅਨਪ੍ਹੜਤਾ ਤੋਂ ਛੁਟਕਾਰਾ ਨਹੀ ਪਾ ਸਕਿਆ। ਇਹੋ ਜਿਹੇ ਕਤਲਾਂ ਦਾ ਪਸਾਰਾ ਤੁਰਕੀ ਤੋ ਲੈ ਕੇ ਹਿੰਦੋਸਤਾਨ ਤੱਕ, ਈਜਿਪਟ, ਅਫਰੀਕਾਂ, ਸਾਉਥ ਯੋਰਪ ਦੇ ਦੇਸ਼ਾ ਵਿੱਚ ਵੀ ਇੱਜ਼ਤ ਦੇ ਨਾ ਤੇ ਕਤਲ ਲਗਾਤਾਰ ਹੁੰਦੇ ਰਹਿੰਦੇ ਹਨ। ਬਹੁਤ ਸਾਰੇ ਦੇਸ਼ਾ ਵਿੱਚ ਸਧਾਰਨ ਕਤਲ ਕੇਸ ਅਤੇ ਇੱਜ਼ਤ ਦੇ ਨਾਂ ਤੇ ਕੀਤੇ ਕਤਲ ਦੀ ਸਜਾ ਵਿੱਚ ਬਹੁਤ ਫਰਕ ਹੈ। ਜਿਵੇ ਕਿ ਤੁਰਕੀ,ਜੋਰਡਨ, ਈਜਿਪਟ,ਸੀਰੀਆਂ ਆਦਿ। ਜਦੋ ਦਾ ਤੁਰਕੀ ਯੋਰਪੀਅਨ ਯੂਨੀਅਨ ਲਈ ਨਾਮ-ਜੱਦ ਹੋਇਆ ਹੈ ਤਾਂ ਯੋਰਪੀਅਨ ਯੂਨੀਅਨ ਦੇ ਦਬਾ ਥੱਲੇ ਉਸ ਨੂੰ ਇੱਜਤ ਲਈ ਕੀਤੇ ਕਤਲ ਅਤੇ ਦੂਸਰੇ ਸਧਾਰਨ ਕਤਲ ਦੇ ਬਰਾਬਰ ਦੀ ਸਜਾ ਉਮਰ ਕੈਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪਰ ਇਸ ਨਾਲ ਇਨ੍ਹਾਂ ਸਮਾਜਾ ਨੂੰ ਕੋਈ ਫਰਕ ਨਹੀਂ ਪੈਦਾਂ। ਜਦੋ ਦਾ ਤੁਰਕੀ ਵਿੱਚ ਇਹ ਨਖੇੜੇ ਵਾਲਾ ਕਨੂੰਨ ਯੂਨੀਅਨ ਦੇ ਦਬਾ ਥੱਲੇ ਬਦਲਣਾ ਪਿਆ ਹੈ ਉੱਥੇ ਹੁਣ ਅਖੌਤੀ ਦੋਸ਼ੀਆਂ ਵੱਲੋਂ ਆਤਮ ਹੱਤਿਆਵਾਂ ਵਿੱਚ ਕਾਫੀ ਵਾਧਾ ਹੋ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਇਹੋ ਜਿਹੇ ਦੋਸ਼ਾਂ ਵਿੱਚ ਮੌਤ ਦੀ ਸਜਾ ਅਦਾਲਤਾਂ ਵੱਲੋਂ ਦਿੱਤੀ ਜਾਂਦੀ ਸੀ ਹੁਣ ਉਸ ਦੇ ਟੱਬਰ ਦੇ ਲੋਕ ਹੀ ਉਸ ਕਾਲੀ ਭੇਡ ਉੱਪਰ ਐਸਾ ਕੜਵੱਚ ਚਾੜ੍ਹਦੇ ਹਨ ਕਿ ਦੋਸ਼ੀ ਐਨਾਂ ਸਮਾਜਿਕ ਦਬਾਉ ਨਾ ਝੱਲਦੇ ਹੋਏ ਖੁਦ ਹੀ ਆਤਮ ਹੱਤਿਆ ਕਰਨ ਦੇ ਰਾਹੇ ਪੈ ਜਾਂਦਾ ਹੈ।    
                                                                                                                   
 'ਆਨਰ' ਸ਼ਬਦ ਦੇ ਮਇਨੇ ਖੋਜਣ ਲਈ ਮੈਂ ਦੋ ਡਿਕਸ਼ਨਰੀਆਂ ਖੋਲ ਕੇ ਪੜ੍ਹੀਆ ਹਨ। ਇਸ ਸ਼ਬਦ ਦਾ ਮਤਲਬ ਹੈ : ਇੱਜ਼ਤ,ਮਾਨ,ਸਤਿਕਾਰ। ਹੌਲੈਂਡ ਦੇ ਗੋਰੇ ਬਾਸ਼ਿਦਿਆਂ ਵਿੱਚ ਇਹੋ ਜਿਹੇ ਆਨਰ ਕਤਲ ਬਿਲਕੁੱਲ ਨਹੀਂ ਹੁੰਦੇ ਪਰ ਬਾਹਰੋ ਆਏ ਇੱਥੇ ਵੱਸੇ ਪਰਵਾਸੀਆਂ ਵਿੱਚ ਇਹ ਰੁਝਾਨ ਅਜੇ ਵੀ ਜਾਰੀ ਹੈ। 2009 ਵਿੱਚ ਇਸ ਕਿਸਮ ਦੇ 138 ਕੇਸ ਰਿਜਿਸਟਰ ਕੀਤੇ ਗਏ ਸਨ ਜਿਸ ਵਿੱਚ ਕੁੱਟ ਮਾਰ ਸਮਾਜੀ ਬਾਈਕਾਟ,ਇਰਾਦਾ ਕਤਲ ਇਥੋ ਤੱਕ ਪੰਦਰਾ ਪਰਸ਼ੈਂਟ ਸਿੱਧੇ ਕਤਲ ਸਨ। 1985 ਤੋਂ ਲੈ ਕੇ 2005 ਤੱਕ ਕੁਲ 300 ਇਹੋ ਜਿਹੇ ਕੇਸ ਪੁਲੀਸ ਕੋਲ ਦਰਜ਼ ਹੋਏ ਸਨ। ਸਰਕਾਰ ਨੇ ਇਸ ਮਸਲੇ ਨੂੰ Aਦੋ ਤੋਂ ਹੀ ਬਹੁਤ ਗੰਭੀਰਤਾ ਨਾਲ ਲਿਆ ਹੈ। ਆਉਣ ਵਾਲੇ ਸਮੇਂ ਵਿੱਚ ਸਰਕਾਰ ਨੇ ਇਹੋ ਜਿਹੀ ਸਮੱਸਿਆ ਨਾਲ ਨਿਪਟਣ ਲਈ 87 ਮੀਲੀਅਨ ਯੂਰੋ ਰਿਜ਼ਰਵ ਰੱਖੇ ਹਨ। ਘਰੇਲੂ ਹਿੰਸਾ,ਕੁਟ ਮਾਰ ਅਤੇ ਮੌਤ ਦੇ ਡਰੋ ਘਰੋਂ ਭੱਜਿਆਂ ਲਈ ਹਿਫ਼ਾਜ਼ਤੀ ਘਰ ਬਣਾਏ ਹਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਪਰੋਗਰਾਮ ਬਣਾਏ ਹਨ।
ਕੀ ਆਉਣ ਵਾਲੇ ਸਮੇਂ ਵਿੱਚ ਇੱਜ਼ਤ ਦੇ ਨਾਂ ਤੇ ਕੀਤੇ ਜਾਂਦੇ ਕਤਲਾਂ ਦੀ ਗਿਣਤੀ ਵਧੇਗੀ ?

ਯੂਰਪ ਵਿੱਚ ਤਾਂ ਆਉਣ ਵਾਲੇ ਵੀਹ ਪੰਚੀ ਸਾਲਾ ਵਿੱਚ ਇਹੋ ਜਿਹੇ ਕਤਲਾਂ ਦਾ ਸਿਲਸਿਲਾ ਬਿਲਕੁਲ ਖਤਮ ਹੋ ਜਾਵੇਗਾ, ਕਿਉਂਕਿ ਇਹ ਰੁਝਾਨ ਖਾਸ ਕਰਕੇ ਕੇ ਸਿਰਫ ਪਰਵਾਸੀਆਂ ਵਿੱਚ ਹੀ ਹੈ ਜਿਨ੍ਹਾਂ ਦੀ ਹੁਣ ਤੀਜੀ ਪੀੜ੍ਹੀ ਚੱਲ ਰਹੀ ਹੈ ਤੇ ਨਵੀਂ ਇਮੀਗ੍ਰਰੇਸ਼ਨ ਦੀਆਂ ਅਸਲੋ ਹੀ ਇੱਥੇ ਝੀਥਾਂ ਬੰਦ ਕਰ ਦਿੱਤੀਆਂ ਗਈਆਂ ਹਨ। ਖਾਸ ਕਰਕੇ ਅਨਪੜ੍ਹ ਅਤੇ ਗੈਰ ਹੁਨਰੀ ਲੋਕਾਂ ਦੀ। ਇਥੋ ਦੀ ਜੰਮੀ ਪਲੀ ਵਿਦੇਸ਼ੀਆਂ ਦੀ ਨਵੀ ਪੀੜੀ ਇਹੋ ਜਿਹੀ ਘਟੀਆ ਦੁਕੀਆਨੂਸੀ ਵਿੱਚ ਬਿਲਕੁਲ ਯਕੀਨ ਨਹੀਂ ਰੱਖਦੀ। ਔਰਤ ਦੀ ਅਖੌਤੀ ਸਰੀਰਕ ਪਵਿੱਤਰਤਾ ਅਤੇ ਕੰਜ-ਕਵਾਰਾਪਣ ਇਥੇ ਕੋਈ ਮਾਇਨਾ ਨਹੀਂ ਰਖਵਾਉਦਾਂ। ਵਿਆਹ ਤੋਂ ਪਹਿਲਾ ਇਥੇ ਇੱਕ ਦੂਸਰੇ ਨੂੰ ਜਾਣਨ ਵਾਸਤੇ ਲੋਕ ਸਾਲਾਂ ਬੱਧੀ ਇਕੱਠੇ ਵੀ ਰਹੀ ਜਾਂਦੇ ਹਨ। ਬੱਚੇ ਵੀ ਪੈਦਾ ਹੋਈ ਜਾਂਦੇ ਹਨ। ਵਿਆਹ ਦੀ ਸਨਦ ਇੱਥੇ ਜ਼ਰੂਰੀ ਨਹੀਂ ਹੈ। ਇੱਕ ਔਰਤ ਦੇ ਤਿੰਨ ਤਿੰਨ ਬੱਚਿਆਂ ਦੇ ਵੱਖੋ ਵੱਖਰੇ ਤਿੰਨ ਬਾਪ ਹਨ ਤੇ ਇੱਕ ਬਾਪ ਦੇ ਚਾਰ ਚਾਰ ਔਰਤਾਂ ਤੋਂ ਵੱਖੋ ਵੱਖ ਨਿਆਣੇ ਹਨ। ਪੱਛਮੀ ਸੰਸਾਰ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਪੰਜਾਬ ਵਿੱਚ ਵੀ ਇਹੋ ਜਿਹੇ ਕਤਲਾ ਦੀ ਗਿਣਤੀ ਆਉਣ ਵਾਲੇ ਸਮੇਂ ਵਿੱਚ ਬਹੁਤ ਘੱਟ ਜਾਵੇਗੀ ਕਿਉਂਕਿ ਸਾਂਝੇ ਟੱਬਰਾਂ ਦਾ ਟੁੱਟਣਾ ਲਗਾਤਾਰ ਜਾਰੀ ਹੈ। ਪਿੰਡਾਂ ਦਾ ਸ਼ਹਿਰੀਕਰਨ ਹੋਣ ਕਰਕੇ ਸਮਾਜੀ ਦਬਾ ਵੀ ਲੋਕਾਂ ਤੋਂ ਘਟਦਾ ਜਾਂਦਾ ਹੈ। ਇੱਕ ਇੱਕ ਦੋ ਦੋ ਸਰਫੇ ਦੇ ਨਿਆਣੇ ਹਨ। ਲੋਕ ਹੁਣ ਪਹਿਲਾਂ ਵਾਂਗ ਨਹੀਂ ਸੋਚਦੇ, ਲੋਕ ਹੁਣ ਆਪਣੀਆਂ ਧੀਆਂ ਨੂੰ ਵੀ ਬਾਹਰ ਵਿਦੇਸ਼ਾਂ ਵਿੱਚ ਵਿੱਦਿਆ ਹਾਸਲ ਕਰਨ ਲਈ ਧੜਾਧੜ ਭੇਜ ਰਹੇ ਹਨ। ਜ਼ਾਹਿਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਪ੍ਰੇਮ ਅਤੇ ਅੰਤਰਜਾਤੀ ਵਿਆਹਾਂ ਵਿੱਚ ਵਾਧਾ ਹੋਵੇਗਾ। ਯਾਨਿ ਕਿ ਜਦੋ ਸਾਰੇ ਹੀ ਇਸ ਹਮਾਮ ਵਿੱਚ ਨੰਗੇ ਹੋਣਗੇ ਤਾਂ ਕੌਣ ਕਿਸੇ ਨੂੰ ਆਖੇਗਾ ਕਿ 'ਰਾਣੀਏ ਅੱਗਾ ਢੱਕ'। ਭਾਰਤ ਦੇ ਉੱਚਤਮ-ਨਿਆਂਆਲੇ ਦਾ ਪਿਛਲੇ ਦਿਨੀਂ ਇਹ ਟਿੱਪਣੀ ਕਰਨਾ ਕਿ ਦੋ ਬਾਲਗ ਲੋਕ ਆਪਣੀ ਮਰਜ਼ੀ ਨਾਲ ਬਿਨਾਂ ਸ਼ਾਦੀ-ਵਿਆਹ ਕੀਤਿਆਂ ਵੀ ਇੱਕਠੇ ਰਹਿ ਸਕਦੇ ਹਨ। ਇਹ ਹੱਕ ਉਨ੍ਹਾਂ ਦਾ ਸਵਿਧਾਨ ਦੀ ਇੱਕਵੀਂ ਧਾਰਾ ਮੁਤਾਬਕ ਸੁਰੱਖਿਅਤ ਹੈ ਅਤੇ ਹਰੀਆਣੇ ਦਾ ਉੱਪਰ ਬਿਆਨਿਆ ਇਤਿਹਾਸਕ ਫੈਸਲਾ, ਪੰਜਾਂ ਬੰਦਿਆਂ ਨੂੰ ਫਾਂਸੀ ਤੇ ਇੱਕ ਨੂੰ ਉਮਰ ਕੈਦ ਵੀ ਇਸ ਬੰਦੇ ਖਾਣੀ ਇੱਜ਼ਤ ਦੀ ਦੇਵੀ ਦਾ ਲੱਕ ਤੋੜੇਗਾ।

Comments

surinder singh darvesh

Bahut usaaru te jaankari bharpoor hai.

Daljeet

ਜਦੋ ਸਾਰੇ ਹੀ ਇਸ ਹਮਾਮ ਵਿੱਚ ਨੰਗੇ ਹੋਣਗੇ..???????- Prem veyahan layee Bahut hi negative sabad varte han... Shame...

ਇਕਬਾਲ Ramoowalia

ਪੜ੍ਹਨਯੋਗ ਆਰਟੀਕਲ! ਆਰਟੀਕਲ ਦੇ ਲੇਖੇ ਲਾਈ ਮਿਹਨਤ ਆਰਟੀਕਲ ਦੇ ਪਾਠ ਦੌਰਾਨ ਸਾਫ਼ ਝਲਕਦੀ ਹੈ! ਜੋਗਿੰਦਰ ਬਾਠ, ਜ਼ਿੰਦਾਬਾਦ!!

j.p sidhu

ah laikh likhin lai laikhik ne 25 saal lai khabran ikathia karn waste.......fer sarian khabran 1 jaga te likhia jina bare kise nu ajay tak kuj nahi c pata,....asin dhanwad karde han laikhik ji da k sanu khaap panchaita jan punjab wich hoi kudian de katla bare hune hune dasan lai|......

dev verma

ah lao g pad lao 5,7 newspaper eko jaga......ah laikh likhin waste batth nu padim sri dita jawe.....

ਇਕਬਾਲ

ਹਾਲੈਂਡ ਵਿੱਚ ਵਸਦਾ ਪੰਜਾਬੀ ਜਦ ਇਸ ਲਹਿਜੇ ਵਿੱਚ ਕੁਝ ਲਿਖੇਗਾ ਤਾਂ ਸਲਾਮ ਲਈ ਸਿਰ ਕਿਉਂ ਨਾ ਝੁਕੇਗਾ ? ਜਦੋ ਸਾਰੇ ਹੀ ਇਸ ਹਮਾਮ ਵਿੱਚ ਨੰਗੇ ਹੋਣਗੇ ਮੁਹਾਵਰੇ ਨੂੰ ਵਾਕਿਆ ਹੀ ਬੜਾ ਸੋਹਣਾ ਕੂਹਣੀ ਮੋੜ ਦਿੱਤਾ ਹੈ ਅਰਥ ਬਦਲ ਦਿੱਤੇ ਹਨ ਭਿੱਟ ਨੂੰ ਸਨਮਾਨ ਬਣਾ ਦਿੱਤਾ ਹੈ ਜੋ ਇਸ ਲੇਖ ਦਾ ਮੂਲ ਉਦੇਸ਼ ਹੈ, ਸਲਾਮ ਜੋਗਿੰਦਰ ਜੀ

ਸੁਖਦੇਵ ਸਿ੍ਧੂ

ਬਾਈ, ਸਿਆਂ ਝੰਡੀ ਹੋ ਗਈ।

balwinder

ਬਹੁਤ ਕੰਮ ਦੀ ਜਾਣਕਾਰੀ ਐ...ਧੰਨਵਾਦ ਜੀ...

Raanjh

Readable cover story.....

jas

joginder ji de pehla v lekh pare ne , bahut sohna likhde a bahji , congratulation

owedehons

gold fish casino slots online slots <a href="http://onlinecasinouse.com/# ">free online slots </a> casino game http://onlinecasinouse.com/#

CoreyPut

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://cutt.us/6nChw

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ