Tue, 23 April 2024
Your Visitor Number :-   6993516
SuhisaverSuhisaver Suhisaver

ਵਿਚਾਰਾਂ ਦੀ ਆਜ਼ਾਦੀ ਦੀ ਇੱਕ ਵਾਰ ਫੇਰ ਹੱਤਿਆ! - ਗੋਬਿੰਦਰ ਸਿੰਘ ਢੀਂਡਸਾ

Posted on:- 07-09-2017

ਪੱਤਰਕਾਰਾਂ ਅਤੇ ਮੀਡੀਆ ਨਾਲ ਜੁੜੇ ਲੋਕਾਂ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਦੇ ਅੱਠਵੇਂ ਨੰਬਰ ਤੇ ਹੈ। ਗਲੋਬਲ ਐਡਵੋਕੇਸੀ ਗਰੁੱਪ ਦੇ ਰਿਪੋਰਟ ਵਿਦਾਊਟ ਬਾਰਡਰਜ਼ (ਆਰ.ਐੱਸ.ਐੱਫ.) ਨੇ ਭਾਰਤ ਨੂੰ ਪੱਤਰਕਾਰਾਂ ਦੇ ਲਈ ਏਸ਼ੀਆਂ ਦਾ ਸਭ ਤੋਂ ਖਤਰਨਾਕ ਦੇਸ਼ ਕਿਹਾ ਹੈ। ਇੰਟਰਨੈਸ਼ਨਲ ਫੈੱਡਰੇਸ਼ਨ ਆੱਫ ਜਰਨਲਿਸਟ ਦੇ ਅਨੁਸਾਰ ਸਾਲ 2016 ਵਿੱਚ ਪੂਰੀ ਦੁਨੀਆਂ ਵਿੱਚ 93 ਪੱਤਰਕਾਰਾਂ ਦੀ ਹੱਤਿਆ ਕੀਤੀ ਗਈ।

ਕਰਨਾਟਕ ਦੀ ਰਾਜਧਾਨੀ ਬੰਗਲਰੂ ਵਿੱਚ ਮੰਗਲਵਾਰ ਸ਼ਾਮੀ 55 ਸਾਲਾ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਉਹਨਾਂ ਦੇ ਘਰ ਹੀ ਅਗਿਆਤ ਹਥਿਆਰਬੰਦਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੌਰੀ ਲੰਕੇਸ਼ ਦੱਖਣਪੰਥੀ/ਹਿੰਦੂਤਵਵਾਦੀ ਵਿਚਾਰਾਂ ਦੀ ਧੁਰ ਵਿਰੋਧੀ/ਆਲੋਚਕ ਰਹੀ। ਭਾਰਤੀ ਸੰਵਿਧਾਨ ਭਾਰਤ ਨੂੰ ਇੱਕ ਧਰਮ ਨਿਰਪੱਖ ਦੇਸ਼ ਘੋਸ਼ਿਤ ਕਰਦਾ ਹੈ ਅਤੇ ਗੌਰੀ ਲੰਕੇਸ਼ ਕੱਟੜਤਾ ਦੇ ਖਿਲਾਫ ਖੁੱਲ ਕੇ ਵਿਚਾਰਾਂ ਦਾ ਪ੍ਰਗਟਾਵਾ ਕਰਦੀ ਰਹੀ। ਇਹ ਸਪੱਸ਼ਟ ਹੈ ਕਿ ਉਹਨਾਂ ਦੀ ਹੱਤਿਆ ਉਹਨਾਂ ਦੀ ਨਿਧੱੜਕ ਵਿਚਾਰਧਾਰਾ ਕਰਕੇ ਹੀ ਹੋਈ ਹੈ।

ਕਰਨਾਟਕ ਸਰਕਾਰ ਨੇ ਆਈਜੀਪੀ (ਇੰਟੇਲੀਜੇਂਸ) ਬੀਕੇ ਸਿੰਘ ਦੀ ਅਗਵਾਈ ਵਿੱਚ 19 ਅਫ਼ਸਰਾਂ ਦੀ ਟੀਮ ਬਣਾਈ ਹੈ ਜੋ ਕਿ ਗੌਰੀ ਲੰਕੇਸ਼ ਦੀ ਹੱਤਿਆ ਦੀ ਜਾਂਚ ਕਰੇਗੀ। ਪੂਰੇ ਰਾਜਕੀ ਸਨਮਾਣ ਨਾਲ ਗੌਰੀ ਲੰਕੇਸ਼ ਦੀ ਅੰਤਿਮ ਵਿਦਾਇਗੀ ਬੁੱਧਵਾਰ ਨੂੰ ਬੰਗਲਰੂ ਦੇ ਚਾਮਰਾਜ ਪੇਟ ਕਬਰਸਤਾਨ ਵਿਖੇ ਹੋਈ।

ਬੰਗਲਰੂ ਵਿੱਚ ਉਹ ਆਪਣੇ ਪਿਤਾ ਪੀ.ਲੰਕੇਸ਼ ਦੁਆਰਾ ਸ਼ੁਰੂ ਕੀਤੀ ਲੰਕੇਸ਼ ਪੱਤ੍ਰਿਕਾ ਦਾ ਸੰਚਾਲਨ ਕਰ ਰਹੀ ਸੀ ਜੋ ਕਿ 15 ਰੁਪਏ ਵਿੱਚ 16 ਪੰਨਿਆਂ ਦੀ ਸਪਤਾਹਿਕ ਕੰਨੜ ਭਾਸ਼ਾ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਪਿੱਛੇ ਹੀ ਉਹਨਾਂ ਨੇ ਰਾਣਾ ਆਯੂਬ ਦੀ ਕਿਤਾਬ ਗੁਜਰਾਤ ਫਾਇਲਜ਼ ਦਾ ਵੀ ਕੰਨੜ ਭਾਸ਼ਾ ਵਿੱਚ ਅਨੁਵਾਦ ਕੀਤਾ। ਗੌਰੀ ਲੰਕੇਸ਼ ਸਮੇਂ ਇਸ ਪੱਤ੍ਰਿਕਾ ਵਿੱਚ ਕੋਈ ਵਿਗਿਆਪਨ ਨਹੀਂ ਲਿਆ ਜਾਂਦਾ ਸੀ ਅਤੇ ਇਸ ਪੱਤ੍ਰਿਕਾ ਨੂੰ 50 ਜਣਿਆਂ ਦਾ ਇੱਕ ਗਰੁੱਪ ਚਲਾਉਂਦਾ ਸੀ। 13 ਸਤੰਬਰ 2017 ਦੀ ਪੱਤ੍ਰਿਕਾ ਦੀ ਉਹਨਾਂ ਦੀ ਸੰਪਾਦਕੀ ਆਖਰੀ ਸੰਪਾਦਕੀ ਸਾਬਤ ਹੋਈ ਜੋ ਕਿ ਫੇਕ/ਝੂਠੀਆਂ ਖਬਰਾਂ ਤੇ ਆਧਾਰਿਤ ਸੀ ਅਤੇ ਉਸਦਾ ਸਿਰਲੇਖ ਸੀ "ਫੇਕ ਨਿਊਜ਼ ਦੇ ਜ਼ਮਾਨੇ ਵਿੱਚ - ਰਵੀਸ਼ ਕੁਮਾਰ"।

ਪੱਤਰਕਾਰਿਤਾ ਨਾਲ ਸੰਬੰਧਤ ਇੱਕ ਹਿੱਸਾ ਆਪਣੇ ਨਿੱਜੀ ਸਵਾਰਥਾਂ ਦੀ ਲਾਲਸਾ ਸਦਕਾ ਸਵੱਸਥ ਪੱਤਰਕਾਰਿਤਾ ਦੇ ਉਦੇਸ਼ਾਂ ਤੋਂ ਪਰ੍ਹਾਂ ਲੱਥਿਆ ਹੋਇਆ ਹੈ ਜੋ ਕਿ ਪੱਤਰਕਾਰਿਤਾ ਲਈ ਮੰਦਭਾਗਾ ਹੈ। ਜੋ ਵੀ ਪੱਤਰਕਾਰ ਆਪਣੀ ਕਲਮ ਦੀ ਸਵੱਸਥ ਲੋਕਤੰਤਰ ਲਈ, ਵਿਚਾਰਾਂ ਦੀ ਆਜ਼ਾਦੀ ਲਈ ਨਿਧੱੜਕ ਵਰਤੋਂ ਕਰਦੇ ਹਨ, ਪਰਦਾਫਾਸ ਕਰਦੇ ਹਨ, ਸ਼ੀਸ਼ਾ ਦਿਖਾਉਣ ਦਾ ਕੰਮ ਕਰਦੇ ਹਨ, ਉਹਨਾਂ ਨੂੰ ਚੁੱਪ ਕਰਾਉਣ ਲਈ ਹਰ ਹੀਲੇ ਜ਼ੋਰ ਲਾਇਆ ਜਾਂਦਾ ਹੈ ਅਤੇ ਗੱਲ ਹੱਤਿਆ ਤੇ ਵੀ ਚਲੀ ਜਾਂਦੀ ਹੈ। ਹਾਲੀਆ ਘਟਨਾਵਾਂ ਵਿੱਚ ਗੋਬਿੰਦ ਪਾਨਸਰੇ, ਐੱਮ.ਐੱਸ.ਕੁਲਬੁਰਗੀ ਦੀ ਹੱਤਿਆ ਤੋਂ ਬਾਦ ਗੌਰੀ ਲੰਕੇਸ਼ ਦੀ ਹੱਤਿਆ ਇਸ ਦੀ ਤਸਦੀਕੀ ਕਰਦੀ ਹੈ। ਗੌਰੀ ਲੰਕੇਸ਼ ਦੇ ਜਾਣਕਾਰਾਂ ਦੇ ਅਨੁਸਾਰ ਉਹਨਾਂ ਨੂੰ ਦੱਖਣਪੰਥੀ ਵਿਚਾਰਧਾਰਾ ਵਾਲੇ ਸੰਗਠਨਾਂ ਤੋਂ ਕਥਿਤ ਤੌਰ ਤੇ ਧਮਕੀਆਂ ਮਿਲ ਰਹੀਆਂ ਸੀ। ਲੇਖਿਕਾ ਅਤੇ ਪੱਤਰਕਾਰ ਰਾਣਾ ਆਯੂਬ ਕਹਿੰਦੀ ਹੈ ਕਿ "ਗੌਰੀ ਲੰਕੇਸ਼ ਦੀ ਹੱਤਿਆ ਉਹਨਾਂ ਲੋਕਾਂ ਦਾ ਕੰਮ ਹੈ, ਜੋ ਉਸਦੀ ਆਵਾਜ਼ ਤੋਂ ਡਰਦੇ ਸੀ।"

ਭਾਰਤ ਵਿੱਚ ਸਮੇਂ ਸਮੇਂ ਤੇ ਪੱਤਰਕਾਰਾਂ ਦੀ ਨਿੱਧੜਕ ਆਵਾਜ਼ ਨੂੰ ਕੁਝਲਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ ਅਤੇ ਪੱਤਰਕਾਰਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ। ਰਾਜਦੇਵ ਰੰਜਨ ਦੀ 13 ਮਈ 2016 ਨੂੰ ਸੀਵਾਨ (ਬਿਹਾਰ) ਵਿਖੇ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਉਹ ਲੰਬੇ ਸਮੇਂ ਤੋਂ ਇਲਾਕੇ ਵਿੱਚ ਕਾਨੂੰਨ ਤੋੜਨ ਵਾਲਿਆਂ ਖਿਲਾਫ ਲਿਖ ਰਹੇ ਸੀ। 20 ਅਗਸਤ 2013 ਨੂੰ ਨਰੇਂਦਰ ਦਾਭੋਲਕਰ ਨੂੰ ਪੁਣੇ (ਮਹਾਂਰਾਸ਼ਟਰ) ਦੋ ਅਗਿਆਤ ਬੰਦੂਕਧਾਰੀਆਂ ਨੇ ਸਵੇਰ ਦੀ ਸੈਰ ਸਮੇਂ ਮਾਰ ਦਿੱਤਾ ਸੀ, ਉਹ ਕਾਲੇ ਜਾਦੂ ਅਤੇ ਅੰਧ ਵਿਸ਼ਵਾਸ ਦੇ ਖਿਲਾਫ ਲੜ ਰਹੇ ਸੀ। 8 ਜੂਨ 2015 ਨੂੰ ਜਗੇਂਦਰ ਸਿੰਘ ਨੂੰ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਵਿੱਚ ਜਿੰਦਾ ਜਲਾ ਦਿੱਤਾ ਗਿਆ ਸੀ। ਉਹਨਾਂ ਨੇ ਸਮਾਜਵਾਦੀ ਸਰਕਾਰ ਵਿੱਚ ਮੰਤਰੀ ਰਹੇ ਰਾਮਮੂਰਤੀ ਵਰਮਾ ਦਾ ਭੂ ਮਾਫੀਆ ਨਾਲ ਸੌਦਿਆਂ ਦਾ ਪਰਦਾਫਾਸ ਕੀਤਾ ਸੀ ਅਤੇ ਮਰਨ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਨੇ ਆਪਣੇ ਬਿਆਨ ਵਿੱਚ ਮੰਤਰੀ ਤੇ ਇਲਜ਼ਾਮ ਲਾਇਆ ਸੀ ਕਿ ਉਹ ਉਹਨਾਂ ਦੇ ਪਰਿਵਾਰ ਨੂੰ ਡਰਾ ਰਹੇ ਹਨ। 23 ਜਨਵਰੀ 2011 ਨੂੰ ਉਮੇਸ਼ ਰਾਜਪੂਤ ਦੀ ਰਾਏਪੁਰ (ਛੱਤੀਸਗੜ੍ਹ) ਵਿੱਚ ਦੋ ਬਾਇਕ ਸਵਾਰਾਂ ਨੇ ਹੱਤਿਆ ਕਰ ਦਿੱਤੀ,ਉਹ ਭ੍ਰਿਸ਼ਟਾਚਾਰ ਅਤੇ ਆਦਿਵਾਸੀਆਂ ਤੇ ਹੋ ਰਹੇ ਅੱਤਿਆਚਾਰਾਂ ਉਪੱਰ ਨਿਰੰਤਰ ਲਿਖ ਰਹੇ ਸਨ।

ਇਹ ਕੋਈ ਅੱਤਕੱਥਨੀ ਨਹੀਂ ਕਿ ਭਾਰਤੀ ਲੋਕਤੰਤਰ ਵਿੱਚ ਵਿਚਾਰਾਂ ਦੀ ਆਜ਼ਾਦੀ ਨੂੰ ਕੁਚਲਣ ਦੀਆਂ ਇਹ ਕੋਝੀਆਂ ਹਰਕਤਾਂ/ਵਾਰਦਾਤਾਂ ਕਦੇ ਵੀ ਵਿਚਾਰਾਂ ਦੀ ਲੜਾਈ ਲੜਣ, ਸੱਚ ਲਿਖਣ ਵਾਲਿਆਂ ਨੂੰ ਘਰ ਚੁੱਪ ਕਰਕੇ ਨਹੀਂ ਬਿਠਾ ਸਕਦੀਆਂ ਅਤੇ ਪੱਤਰਕਾਰ ਜਗਤ ਵਿੱਚ ਵਿਚਾਰਾਂ ਦੀ ਲੜਾਈ ਨਿਰੰਤਰ ਜਾਰੀ ਰਹੇਗੀ। ਲੋੜ ਹੈ ਨਿੱਜੀ ਸਵਾਰਥਾਂ ਲਈ ਪੂਜੀ ਅਤੇ ਸੱਤਾ ਦੇ ਚੱਕਰਾਂ ਵਿੱਚ ਪੱਤਰਕਾਰਿਤਾ ਦੇ ਸਵੱਸਥ ਉਦੇਸ਼ਾਂ ਤੋਂ ਥਿੜਕੇ ਪੱਤਰਕਾਰ/ਮੀਡੀਏ ਜਗਤ ਨਾਲ ਜੁੜੇ ਲੋਕਾਂ ਨੂੰ ਅੰਦਰਝਾਤ ਪਾਊਣ ਦੀ ਕਿ ਕੀ ਉਹ ਆਪਣੀ ਕਲਮ ਨਾਲ ਇਨਸਾਫ਼ ਕਰ ਰਹੇ ਹਨ?

ਸੰਪਰਕ: +91 92560 66000

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ