Tue, 16 July 2024
Your Visitor Number :-   7189724
SuhisaverSuhisaver Suhisaver

ਮੁੱਦਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ - ਗੁਰਚਰਨ ਸਿੰਘ

Posted on:- 03-09-2015

suhisaver

ਇਸ ਸਮੇਂ ਜਦ ਪੰਜਾਬ ਕਰਜ਼ੇ ਅਤੇ ਸਬਸਿਡੀਆਂ ਦੇ ਮੱਕੜਜਾਲ ਵਿੱਚ ਉਲਝਿਆ ਹੋਇਆ ਹੈ, ਪਰ ਪੰਜਾਬ ਦੇ ਸਾਰੇ ਰਾਜਨੀਤਕ ਆਗੂ ਡਰਾਮੇਬਾਜ਼ੀ ਵਾਲੀ ਸਿਆਸਤ ਕਰ ਰਹੇ ਹਨ। ਕਿਸੇ ਵੀ ਪਾਰਟੀ ਦਾ ਆਗੂ ਪੰਜਾਬ ਦੇ ਰੋਗਾਂ ਦੀ ਜੜ ਵੱਲ ਕੋਈ ਵੀ ਗੱਲ ਨਹੀਂ ਕਰ ਰਿਹਾ।  ਰਾਜ ਕਰਦੀ ਪਾਰਟੀ ਅਕਾਲੀ ਦਲ ਦੇ ਆਗੂ ਤਾਂ ਕਾਰਪੋਰੇਟ ਘਰਾਣਿਆਂ ਦੀਆਂ ਅੰਨੀ ਲੁੱਟ ਦੀਆਂ ਦੁਕਾਨਾਂ ਦੁਆਰਾ ਖੜੇ ਕੀਤੇ ਲੁੱਟ ਦੇ ਅੱਡਿਆਂ ਨੂੰ ਹੀ ਵਿਕਾਸ ਵਿਕਾਸ ਕਰਕੇ ਗੁੰਮਰਾਹ ਕਰਨ ’ਤੇ ਜ਼ੋਰ ਲਗਾਈ ਜਾ ਰਹੇ ਹਨ । ਪੰਜਾਬ ਦੀ ਪਬਲਿਕ ਟਰਾਂਸਪੋਰਟ ਦੀ ਥਾਂ ਪਰਾਈਵੇਟ ਅਤੇ ਨਿੱਜੀ ਘਰਾਣਿਆਂ ਦੀ ਸਰਵਿਸ ਦੀਆਂ ਬੱਸਾ ਦੀਆਂ ਮਸ਼ਹੂਰੀਆਂ ਕਰਕੇ ਸਾਰੀ ਜਾ ਰਹੇ ਹਨ। ਬਿਜਲੀ ਪੈਦਾ ਕਰਨ ਵਾਲੇ ਪਰਾਈਵੇਟ ਘਰਾਣਿਆਂ ਦੇ ਥਰਮਲ ਵਿੱਚੋਂ ਪੈਦਾ ਹੋਣ ਵਾਲੀ ਬਿਜਲੀ ਨੇ ਇੱਕ ਦਿਨ ਸਰਕਾਰਾਂ ਦੀ ਸ਼ਹਿ ਤੇ ਆਮ ਲੋਕਾਂ ਦੇ ਗਲ ਗੂਠਾ ਦੇਣਾ ਹੀ ਦੇਣਾ ਹੈ।

ਕੰਪਨੀਆਂ ਦੇ ਬਣਾਏ ਹਸਪਤਾਲ ਅਤੇ ਮਾਲ ਦੇ ਉਦਘਾਟਨ ਕਰਕੇ ਲੋਕ ਭਲਾਈ ਦੇ ਦਾਅਵੇ ਠੋਕੀ ਜਾ ਰਹੇ ਹਨ, ਜਦੋਂਕਿ ਆਮ ਲੋਕ ਤਾਂ ਸਹਿਰ ਦੇ ਡਾਕਟਰਾਂ ਤੱਕ ਪਹੁੰਚਣ ਸਮੇਂ ਵੀ ਕਬੂਤਰ ਦੇ ਬਿੱਲੀ ਅੱਗੇ ਡਰਨ ਵਾਂਗ ਡਰ ਜਾਂਦੇ ਹਨ। ਆਮ ਲੋਕਾਂ ਦਾ ਇੱਕ ਹੱਥ ਆਪਣੀ ਜੇਬ ਨੂੰ ਫਰੋਲ ਫਰੋਲ ਦੇਖਦਾ ਹੈ ਦੂਸਰੇ ਪਾਸੇ ਕੰਨ ਡਾਕਟਰ ਦੇ ਬਿੱਲ ਨੂੰ ਸੁਣਨ ਤੋਂ ਝਿਜਕਣ ਲੱਗਦੇ ਹਨ। ਵੱਡੇ ਵੱਡੇ ਹਸਪਤਾਲਾਂ ਵਿੱਚ ਜਾਣ ਸਮੇਂ ਤਾਂ ਮਿੱਡਲ ਕਲਾਸ ਦੀ ਵੀ ਬੇਬਸੀ ਦਿਸਣ ਲੱਗ ਜਾਂਦੀ ਹੈ। ਹਾਂ ਅਮੀਰ ਲੋਕਾਂ ਦਾ ਜ਼ਰੂਰ ਉੱਥੇ ਇਲਾਜ ਹੋ ਜਾਂਦਾ ਹੈ ਅਤੇ ਸਟੇਟਸ ਬਣ ਜਾਂਦਾ ਹੈ।

ਪੰਜਾਬ ਦੀ ਮੁੱਖ ਆਪੋਜੀਸਨ ਪਾਰਟੀ ਕਾਂਗਰਸ ਦੇ ਆਗੂ ਆਪੋ ਆਪਣੇ ਵਿੱਚ ਝਗੜ ਕੇ ਹੀ ਇਨਕਲਾਬ ਦੇ ਦਮਗਜੇ ਮਾਰੀ ਜਾ ਰਹੇ ਹਨ। ਸਰਕਾਰ ਬਨਾਉਣ ਦੇ ਸਮੇਂ ਤੋਂ ਪਹਿਲਾਂ ਹੀ ਇਸਦੇ ਆਗੂ ਆਪਣਿਆਂ ਨੂੰ ਹੀ ਹਰਾਉਣ ਦੀਆਂ ਸਕੀਮਾਂ ਬਣਾ ਰਹੇ ਹਨ। ਜਿਹਨਾਂ ਆਗੂਆਂ ਦੀ ਸਹਾਇਤਾ ਨਾਲ ਸਰਕਾਰ ਬਣਨੀ ਹੈ ਉਹਨਾਂ ਨੂੰ ਹੀ ਹਰਾ ਕੇ ਸਰਕਾਰਾਂ ਬਨਾਉਣ ਦੇ ਦਮਗਜੇ ਮਾਰਨ ਵਾਲੇ ਆਮ ਲੋਕਾਂ ਦੇ ਕਿੰਨੇ ਕੁ ਹਤਾਇਸੀ ਹੋ ਸਕਦੇ ਹਨ ਸਮਝਿਆ ਜਾ ਸਕਦਾ ਹੈ। ਆਮ ਲੋਕਾਂ ਦੇ ਵਿੱਚ ਜਾਣ ਤੋਂ ਕੰਨੀਂ ਕਤਰਾਉਂਦੇ ਨੇਤਾ ਲੋਕ ਆਮ ਲੋਕਾਂ ਦੀ ਲੋੜਾਂ ਦੀ ਖੁਰਕ ਆਪਣੇ ਪਿੰਡੇ ਦੇ ਨੇੜੇ ਵੀ ਨਹੀਂ ਜਾਣ ਦੇਣਾ ਚਾਹੁੰਦੇ। ਇਸ ਪਾਰਟੀ ਦੇ ਆਗੂ ਸਤਹੀ ਦਮਗਜੇ ਮਾਰਕੇ ਉਹੀ ਪੁਰਾਣੀ ਨੀਤੀ ਵਰਤ ਰਹੇ ਹਨ ਜਿਸ ਤਰਾਂ ਪਹਿਲਾਂ ਵੀ ਦੋ ਵਾਰ ਵਰਤਕੇ ਚੋਣਾਂ ਹਾਰ ਚੁੱਕੇ ਹਨ। ਪੰਜਾਬ ਦੀ ਆਰਥਿਕ ਹਾਲਾਤ ਨੂੰ ਬਦਲਣ ਦੀ ਇੱਛਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ ਹੀ ਹਨ।
                                
ਪੰਜਾਬ ਦੀ ਨਵੀਂ ਉਭਰੀ ਧਿਰ ਦੇ ਆਗੂ ਰਾਜਨੀਤੀ ਦਾ ਗੰਦ ਸਾਫ ਕਰਨ ਦੇ ਦਾਅਵਿਆਂ ਨਾਲ ਆਏ ਜ਼ਰੂਰ ਹਨ ਪਰ ਸਭ ਤੋਂ ਪਹਿਲਾਂ ਆਪ ਦੀ ਹੀ ਪਾਰਟੀ ਦੇ ਇਮਾਨਦਾਰ ਆਗੂਆਂ ਨੂੰ ਇਮਾਨਦਾਰੀ ਨਾਲ ਸਾਫ ਕਰਨ ਲੱਗੇ ਹੋਏ ਹਨ। ਬਿਨਾਂ ਕਿਸੇ ਸਿਆਣੇ ਆਗੂ ਦੇ ਤਮਾਸ਼ਬੀਨ ਚਮਚਾ ਕਿਸਮ ਦੇ ਆਗੂਆਂ ਦੀ ਫੌਜ ਖੜੀ ਕਰਕੇ ਲਹਿਰ ਦੇ ਸਹਾਰੇ ਜਿੱਤਣ ਦੀਆਂ ਆਸਾਂ ਦੇ ਨਾਲ ਦਿੱਲੀ ਦੇ ਚਲਾਕ ਸ਼ਾਤਰ ਲੋਕ ਪੰਜਾਬ ਨੂੰ ਨਿਗਲਣ ਦੀਆਂ ਕੋਸਿਸਾਂ ਪੂਰੇ ਜ਼ੋਰ ਸ਼ੋਰ ਨਾਲ ਕਰ ਰਹੇ ਹਨ। ਇਸ ਪਾਰਟੀ ਦੇ ਆਗੂ ਵਿਰੋਧੀਆਂ ਬਾਰੇ ਚੁਟਕਲੇ ਸੁਣਾਕੇ ਬਿਨਾਂ ਕਿਸੇ ਵਾਅਦਿਆਂ ਦੇ ਕੀ ਗੁਲ ਖਿਲਾਉਣਗੇ ਵਕਤ ਦੇ ਨਾਲ ਨੰਗਾ ਹੋ ਹੀ ਜਾਊਗਾ। ਧਰਮ ਗਰੰਥਾਂ ਦੇ ਮੂਹਰੇ ਖਾਧੀਆਂ ਕਸਮਾਂ ਤੋੜਨ ਵਾਲਿਆਂ ਤੋਂ ਆਸ ਰੱਖਣ ਵਾਲੇ ਕਿੱਡੀ ਵੱਡੀ ਗਲਤੀ ਕਰ ਰਹੇ ਹਨ ਸਮਝਕੇ ਵੀ ਕੰਬਣੀ ਛਿੜਦੀ ਹੈ।
                             
ਸੱਤਰ ਹਜ਼ਾਰ ਕਰੋੜ ਦੀ ਆਮਦਨ ਨਾਲ ਗੁਜ਼ਾਰਾ ਕਰਨ ਵਾਲੇ ਦੋ ਕਰੋੜ ਆਮ ਪੰਜਾਬੀ 35000 ਕਰੋੜ ਰੁਪਏ ਸਰਕਾਰ ਦੇ ਖਜਾਨੇ ਵਿੱਚ ਟੈਕਸ ਦੇਕੇ ਆਪਣੀ ਵੱਟਤ ਵਿੱਚੋਂ ਜੂਨ ਗੁਜ਼ਾਰੇ ਜੋਗੇ ਪੈਸੇ ਵੀ ਪੱਲੇ ਨਹੀਂ ਰੱਖ ਸਕਦੇ। ਸਰਕਾਰਾਂ ਅਤੇ ਆਮ ਲੋਕ ਕਰਜ਼ਿਆਂ ਦੇ ਹੜ ਵਿੱਚ ਰੁੜੀ ਜਾ ਰਹੇ ਹਨ। ਬੇਕਿਰਕ ਰਾਜਨੀਤਕਾਂ ਦੀਆਂ ਸਰਕਾਰਾਂ ਆਮ ਪੰਜਾਬੀਆਂ ਦੀ ਆਮਦਨ ਦੀ ਬਜਾਇ ਕੁੱਲ  ਵੱਟਤ ਜਾਂ ਉਤਪਾਦਨ ਵਿੱਚੋਂ ਹੀ ਅੱਧਾ ਰੁਪਇਆ ਸਰਕਾਰੀ ਖਜ਼ਾਨੇ ਵਿੱਚ ਲੈ ਜਾਂਦੇ ਹਨ। ਦੋ ਕਰੋੜ ਲੋਕਾਂ ਕੋਲ 20000 ਕਰੋੜ ਰੁਪਏ ਵੀ ਮੁਸਕਲ ਨਾਲ ਹੱਥ ਆਉਂਦੇ ਹਨ ਜਿਸਦਾ ਭਾਵ ਹੈ ਕਿ ਇੱਕ ਪੰਜਾਬੀ ਸਾਲ ਵਿੱਚ ਦਸ ਹਜਾਰ ਰੁਪਏ ਵੀ ਮੁਸਕਲ ਨਾਲ ਖਰਚਦਾ ਹੈ। ਇਸ ਤਰਾਂ ਅਮੀਰ ਸਟੇਟ ਦਾ ਦਰਜਾ ਪਰਾਪਤ ਸਟੇਟ ਪੰਜਾਬ ਦੇ ਸੱਤਰ ਪ੍ਰਤੀਸ਼ਤ ਲੋਕ 30 ਰੁਪਏ ਵੀ ਰੋਜ਼ਾਨਾ ਨਹੀਂ ਖਰਚਦੇ। ਪੌਣੇ ਤਿੰਨ ਕਰੋੜ ਪੰਜਾਬੀਆਂ ਵਿੱਚੋਂ ਸਿਰਫ 75 ਲੱਖ ਲੋਕ ਜ਼ਰੂਰ ਐਸ ਪਰਸਤੀ ਦੀ ਜ਼ਿੰਦਗੀ ਗੁਜ਼ਾਰਦੇ ਹਨ, ਜਿਹਨਾਂ ਵਿੱਚ ਵਪਾਰੀ, ਮੁਲਾਜ਼ਮ, ਕਾਰਖਾਨੇਦਾਰ,ਮੁਲਾਜ਼ਮ ਵਰਗ, ਲੁਟੇਰੇ ਧਾਰਮਿਕ ਪਖੰਡੀ ਆਗੂ ਸਾਮਲ ਹਨ ਜਿਹਨਾਂ ਨੂੰ ਸਰਕਾਰੀ ਸਰਪਰਸਤੀ ਹਾਸਲ ਹੈ। ਆਮ ਲੋਕਾਂ ਦੇ ਦੁੱਖ ਦਰਦ ਸਮਝਣ ਵਾਲਾ ਕੋਈ ਵੀ ਆਗੂ ਹਾਲੇ ਤੱਕ ਦਿਖਾਈ ਨਹੀਂ ਦਿੰਦਾ ਜਿਸ ਤੋਂ ਆਮ ਲੋਕਾਂ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ। ਪੰਜਾਬ ਦੇ ਆਮ ਲੋਕਾਂ ਨੂੰ ਹਾਲੇ ਹੋਰ ਉਡੀਕ ਕਰਨੀ ਪਵੇਗੀ ਤਦ ਤੱਕ ਡਰਾਮੇਬਾਜ਼, ਧੌਖੇਬਾਜ਼ , ਭਰਿੱਸ਼ਟ ਅਤੇ ਭੰਢ ਕਿਸਮ ਦੇ ਰਾਜਨੀਤਕਾਂ ਨੂੰ ਹੀ ਸਿਰ ਝੁਕਾਉਣਾ ਸਿੱਖ ਲੈਣਾ ਚਾਹੀਦਾ ਹੈ।

ਸੰਪਰਕ:  +91 94177 27245 

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ