Sun, 18 February 2018
Your Visitor Number :-   1142583
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਲੋਕ ਭਲਾਈ ਦੇ ਨਾਂ ਹੇਠ ਬੱਚੀਆਂ ਦੀ ਤਸਕਰੀ 'ਚ ਜੁੱਟਿਆ ਸੰਘ ਪਰਿਵਾਰ -ਬੂਟਾ ਸਿੰਘ

Posted on:- 06-11-2017

ਹਾਲ ਹੀ ਵਿਚ 29 ਜੁਲਾਈ 2016 ਨੂੰ ਹਫ਼ਤਾਵਾਰ ਅੰਗਰੇਜ਼ੀ ਰਸਾਲੇ ਆਊਟਲੁੱਕ ਨੇ ਓਪਰੇਸ਼ਨ 'ਬੇਟੀ ਉਠਾਓ' ਰਾਹੀਂ ਕਬਾਇਲੀ ਬੱਚੀਆਂ ਦੀ ਤਸਕਰੀ ਦਾ ਵੱਡਾ ਖ਼ੁਲਾਸਾ ਕੀਤਾ ਹੈ ਜਿਸ ਵਿਚ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਵਸੀਹ ਪੈਮਾਨੇ 'ਤੇ ਜੁੱਟੀਆਂ ਹੋਈਆਂ ਹਨ। ਸਟਿੰਗ ਵੈੱਬਸਾਈਟ ਕੋਬਰਾ ਪੋਸਟ ਵਲੋਂ ਵੀ ਇਸਦੇ ਸਮਾਂਤਰ 'ਓਪਰੇਸ਼ਨ ਸ਼ੁੱਧੀਕਰਨ' ਨਾਂ ਦੀ ਸਟਿੰਗ ਜਾਂਚ ਕੀਤੀ ਗਈ ਜੋ ਆਊਟਲੁੱਕ ਵਲੋਂ ਸਾਹਮਣੇ ਲਿਆਂਦੀ ਡੂੰਘੀ ਸਾਜ਼ਿਸ਼ ਦੀ ਤਸਦੀਕ ਕਰਦੀ ਹੈ।

'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਨਾਅਰੇ ਦੇਕੇ ਮੋਦੀ ਸਰਕਾਰ ਇਹ ਸਾਬਤ ਕਰਨ ਦਾ ਯਤਨ ਕਰ ਰਹੀ ਹੈ ਕਿ ਉਸ ਨੂੰ ਮੁਲਕ ਦੀਆਂ ਬੱਚੀਆਂ ਦੇ ਭਵਿੱਖ ਦਾ ਬਹੁਤ ਫ਼ਿਕਰ ਹੈ। ਜਦਕਿ ਹਕੀਕਤ ਇਹ ਹੈ ਕਿ ਜੁਮਲਾ ਸਰਕਾਰ ਦੀ ਧਿਆਨ ਭਟਕਾਊ ਪ੍ਰਚਾਰ ਮੁਹਿੰਮ ਦੇ ਪਰਦੇ ਓਹਲੇ ਸੰਘ ਪਰਿਵਾਰ ਦੀਆਂ ਹੋਰ ਸੰਸਥਾਵਾਂ ਆਰ.ਐੱਸ.ਐੱਸ. ਦਾ ਸਾਜ਼ਿਸ਼ੀ ਏਜੰਡਾ ਹੋਰ ਵੀ ਜ਼ੋਰਸ਼ੋਰ ਨਾਲ ਲਾਗੂ ਕਰਦੇ ਹੋਏ ਬੱਚੀਆਂ ਦੇ ਦਿਮਾਗਾਂ ਵਿਚ ਹਿੰਦੂਤਵੀ ਜ਼ਹਿਰ ਦੇ ਟੀਕੇ ਲਾ ਰਹੀਆਂ ਹਨ ਅਤੇ ਧੜਾਧੜ ਆਪਣੇ ਪ੍ਰਚਾਰਕ/ਸਾਧਵੀਆਂ ਤਿਆਰ ਕਰ ਰਹੀਆਂ ਹਨ। ਆਪਣੀ ਆਦਤ ਅਨੁਸਾਰ ਸੰਘੀਆਂ ਨੇ ਪੱਤਰਕਾਰ ਨੇਹਾ ਦੀਕਸ਼ਤ ਵਲੋਂ ਡੂੰਘੀ ਖੋਜ ਕਰਕੇ ਜੁਟਾਏ ਤੱਥਾਂ ਨੂੰ ਰੱਦ ਨਹੀਂ ਕੀਤਾ। ਸਗੋਂ ਰਿਪੋਰਟ ਛਪਦੇ ਸਾਰ ਸੰਘ ਦਾ ਤਾਣਾਬਾਣਾ ਫਾਸ਼ੀਵਾਦੀ ਹਮਲਿਆਂ 'ਤੇ ਉਤਰ ਆਇਆ।

ਇਸ ਦੇ ਕਾਨੂੰਨੀ ਮਾਹਿਰ, ਵਕੀਲ ਅਤੇ ਹੋਰ ਕਾਰਕੁਨ ਇਕਦਮ ਸਰਗਰਮ ਹੋ ਗਏ। ਇਕ ਪਾਸੇ ਰਸਾਲੇ ਦੇ ਖ਼ਿਲਾਫ਼ ਸੋਸ਼ਲ ਮੀਡੀਆ ਉੱਪਰ ਧੂੰਆਂਧਾਰ ਹਮਲੇ ਸ਼ੁਰੂ ਕਰ ਦਿੱਤੇ ਗਏ, ਦੂਜੇ ਪਾਸੇ ਰਸਾਲੇ ਦੀ ਮੈਨੇਜਮੈਂਟ ਉੱਪਰ ਦਬਾਓ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਨਤੀਜਾ ਸਭ ਦੇ ਸਾਹਮਣੇ ਸੀ। 13 ਅਗਸਤ ਨੂੰ ਆਉਟਲੁੱਕ ਵਲੋਂ ਬਿਨਾ ਕੋਈ ਵਿਆਖਿਆ ਦਿੱਤੇ ਸੰਪਾਦਕ ਕ੍ਰਿਸ਼ਨਾ ਪ੍ਰਸਾਦ ਨੂੰ ਹਟਾਕੇ ਰਾਜੇਸ਼ ਰਾਮਾਚੰਦਰਨ ਨੂੰ ਮੁੱਖ ਸੰਪਾਦਕ ਬਣਾ ਦਿੱਤਾ ਗਿਆ। ਇਹ ਰੱਦੋਬਦਲ ਰੁਟੀਨ ਵਿਚ ਨਹੀਂ ਸੀ। ਭਾਜਪਾ ਵਰਕਰਾਂ ਨੇ ਸੰਘ ਦੇ ਇਸ਼ਾਰੇ 'ਤੇ ਅਦਾਲਤਾਂ ਅਤੇ ਰਾਜ-ਮਸ਼ੀਨਰੀ ਨੂੰ ਵਰਤਕੇ 4 ਅਗਸਤ ਨੂੰ ਗੁਹਾਟੀ ਵਿਚ ਪੱਤਰਕਾਰ ਨੇਹਾ ਦੀਕਸ਼ਤ, ਸੰਪਾਦਕ ਕ੍ਰਿਸ਼ਨਾ ਪ੍ਰਸਾਦ ਅਤੇ ਆਊਟਲੁੱਕ ਦੇ ਪ੍ਰਕਾਸ਼ਕ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾ ਦਿੱਤੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੀ ਥਾਂ ਇਸ ਤਸਕਰੀ ਨੂੰ ਬੇਨਕਾਬ ਕਰਨ ਵਾਲੀ ਪੱਤਰਕਾਰ ਅਤੇ ਰਸਾਲੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।

ਆਊਟਲੁੱਕ ਦਾ ਖ਼ੁਲਾਸਾ ਕੀ ਸੀ: ਤਿੰਨ ਮਹੀਨੇ ਦੀ ਡੂੰਘੀ ਖੋਜ ਤੋਂ ਬਾਦ ਇਨਾਮ-ਸਨਮਾਨ ਜੇਤੂ ਪੱਤਰਕਾਰ ਨੇਹਾ ਦੀਕਸ਼ਤ ਨੇ ਸਾਹਮਣੇ ਲਿਆਂਦਾ ਕਿ 9 ਜੂਨ 2015 ਨੂੰ ਰਾਸ਼ਟਰ ਸੇਵਿਕਾ ਸੰਮਤੀ ਅਤੇ ਸੇਵਾ ਭਾਰਤੀ ਨਾਂ ਦੀਆਂ ਦੋ ਸੰਸਥਾਵਾਂ ਦੀਆਂ ਦੋ ਔਰਤ ਕਾਰਕੁੰਨ ਕੋਰੋਬੀ ਬਸੂਮਾਤਾਰੀ ਅਤੇ ਸੰਧਿਆਬੇਨ ਟਿਕੜੇ ਵਲੋਂ ਅਸਾਮ ਦੇ ਪੰਜ ਸਰਹੱਦੀ ਜ਼ਿਲ੍ਹਿਆਂ - ਕੋਕਰਾਝਾਰ, ਗੋਲਪਾਰਾ, ਧੁਬਰੀ, ਚਿਰੰਗ ਅਤੇ ਬੋਂਗਾਈਗਾਓਂ - ਤੋਂ 3 ਸਾਲ ਤੋਂ ਲੈਕੇ ਤੇਰਾਂ ਸਾਲ ਦੀਆਂ 31 ਬੱਚੀਆਂ ਨੂੰ ਇਸ ਵਾਅਦੇ ਨਾਲ ਉਨ੍ਹਾਂ ਦੇ ਮਾਪਿਆਂ ਕੋਲੋਂ ਅਲੱਗ ਕੀਤਾ ਗਿਆ ਕਿ ਉਨ੍ਹਾਂ ਨੂੰ ਪੰਜਾਬ ਅਤੇ ਗੁਜਰਾਤ ਵਿਚ ਬਿਹਤਰ ਸਹੂਲਤਾਂ ਵਾਲੇ ਸਕੂਲਾਂ ਵਿਚ ਪੜ੍ਹਾਇਆ ਜਾਵੇਗਾ।

ਜਦੋਂ ਇਸ ਤਸਕਰੀ ਦੀ ਭਿਣਕ ਪਈ ਤਾਂ ਇਸ ਤੋਂ ਇਕ ਹਫ਼ਤੇ ਬਾਦ ਹੀ ਅਸਾਮ ਰਾਜ ਦੇ ਬੱਚਿਆਂ ਦੇ ਹੱਕਾਂ ਲਈ ਕਮਿਸ਼ਨ ਨੇ ਐਡੀਸ਼ਨਲ ਡੀ.ਜੀ.ਪੀ., ਸੀ.ਆਈ.ਡੀ., ਅਸਾਮ ਪੁਲਿਸ ਨੂੰ ਚਿੱਠੀ ਲਿਖੀ ਅਤੇ ਬਾਲ ਹੱਕਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਨੂੰ ਵੀ ਇਹ ਚਿੱਠੀ ਮਾਰਕ ਕਰ ਦਿੱਤੀ ਗਈ। ਕਮਿਸ਼ਨ ਨੇ ਸੰਘ ਪਰਿਵਾਰ ਦੀਆਂ ਇਨ੍ਹਾਂ ਸੰਸਥਾਵਾਂ ਦੀ ਇਸ ਮੁਹਿੰਮ ਨੂੰ ''ਨਾਬਾਲਗ ਜਸਟਿਸ ਐਕਟ 2000 ਦੀ ਵਿਵਸਥਾ ਵਿਰੁੱਧ'' ਕਾਰਵਾਈ ਅਤੇ ''ਬੱਚਿਆਂ ਦੀ ਤਸਕਰੀ ਦੇ ਤੁਲ'' ਕਰਾਰ ਦੇਕੇ ਪੁਲਿਸ ਨੂੰ ਮਾਮਲੇ ਦੀ ਤਫ਼ਤੀਸ਼ ਕਰਨ ਅਤੇ ''31 ਬੱਚੀਆਂ ਨੂੰ ਵਾਪਸ ਅਸਾਮ ਲਿਆਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ'' ਲਈ ਕਿਹਾ। ਪੰਜਾਬ ਅਤੇ ਗੁਜਰਾਤ ਦੀਆਂ ਸੂਬਾ ਸਰਕਾਰਾਂ ਦੀ ਮਦਦ ਨਾਲ ਸੰਘ ਦੀਆਂ ਜਥੇਬੰਦੀਆਂ ਵਲੋਂ ਇਨ੍ਹਾਂ ਬੱਚੀਆਂ ਨੂੰ ਅਸਾਮ ਵਾਪਸ ਭੇਜਣ ਦੇ ਹੁਕਮਾਂ ਨੂੰ ਪੈਰਾਂ ਥੱਲੇ ਰੋਲ ਦਿੱਤਾ ਗਿਆ ਕਿਉਂਕਿ ਇਨ੍ਹਾਂ ਦੋਹਾਂ ਸੂਬਿਆਂ ਅੰਦਰ ਭਾਜਪਾ ਸੱਤਾ ਵਿਚ ਹੈ। ਪੰਜ ਦਿਨ ਦੀ ਮੋਹਲਤ ਦੇਣ ਦੇ ਬਾਵਜੂਦ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਕੌਮੀ ਕਮਿਸ਼ਨ ਭਾਜਪਾ ਦੀ ਕੇਂਦਰ ਸਰਕਾਰ ਦੇ ਅਧੀਨ ਹੈ। ਸੇਵਾ ਭਾਰਤੀ, ਵਿਦਿਆ ਭਾਰਤੀ ਅਤੇ ਰਾਸ਼ਟਰ ਸੇਵਿਕਾ ਸੰਮਤੀ ਵਲੋਂ ਇਨ੍ਹਾਂ ਬੱਚੀਆਂ ਨੂੰ ਬਾਲ ਭਲਾਈ ਕਮਿਸ਼ਨ ਅੱਗੇ ਪੇਸ਼ ਨਹੀਂ ਕੀਤਾ ਗਿਆ ਨਾ ਹੀ ਅਸਾਮ ਵਿੱਚੋਂ ਲੈ ਕੇ ਜਾਣ ਤੋਂ ਪਹਿਲਾਂ ਐੱਨ.ਓ.ਸੀ. ਲਿਆ ਗਿਆ ਸੀ ਜੋ ਕਿ ਲਾਜ਼ਮੀ ਹੈ।

ਜਦੋਂ ਮਾਮਲੇ ਤੋਂ ਪਰਦਾ ਉੱਠਦਾ ਨਜ਼ਰ ਆਇਆ ਤਾਂ ਸੰਘ ਦੀਆਂ ਇਨ੍ਹਾਂ ਸੰਸਥਾਵਾਂ ਨੇ ਨੋਟਰੀ ਪਬਲਿਕ ਅਤੇ ਜੁਡੀਸ਼ੀਅਲ ਮੈਜਿਸਟ੍ਰੇਟ ਅੱਗੇ ਸਾਰੇ ਬੱਚਿਆਂ ਦੇ ਮਾਪਿਆਂ ਤੋਂ ਗੁੰਮਰਾਹਕੁਨ ਹਲਫ਼ੀਆ ਬਿਆਨ ਇਹ ਸਾਬਤ ਕਰਨ ਲਈ ਲੈ ਲਏ ਕਿ ਸੰਸਥਾਵਾਂ ਵਲੋਂ ਲੋੜਵੰਦ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਬੱਚੀਆਂ ਨੂੰ ਲਿਜਾਇਆ ਗਿਆ ਹੈ। ਸਾਰੇ ਹਲਫ਼ੀਆ ਬਿਆਨਾਂ ਦੀ ਇਬਾਰਤ ਇਕ ਹੀ ਸੀ। ਜਿਸ ਵਿਚ ਕਿਹਾ ਗਿਆ ਸੀ ਕਿ 'ਉਹ ਰਾਹਤ ਕੈਂਪਾਂ ਵਿਚ ਰਹਿ ਰਹੇ ਸ਼ਰਨਾਰਥੀ ਹਨ, ਦੰਗਾ ਪੀੜਤ ਹੋਣ ਕਰਕੇ ਆਮਦਨੀ ਦਾ ਕੋਈ ਵਸੀਲਾ ਨਾ ਹੋਣ ਕਾਰਨ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਸੋ ਆਪਣੀ ਇੱਛਾ ਨਾਲ ਬਿਹਤਰ ਪੜ੍ਹਾਈ ਲਈ ਬੱਚੀ ਨੂੰ ਗੁਜਰਾਤ ਭੇਜ ਰਹੇ ਹਨ।' ਕਮਿਸ਼ਨ ਵਲੋਂ ਜਾਂਚ ਕਰਨ 'ਤੇ ਇਨ੍ਹਾਂ ਵਿੱਚੋਂ ਕੋਈ ਵੀ ਪਰਿਵਾਰ 'ਦੰਗਾ ਪੀੜਤ' ਨਹੀਂ ਮਿਲਿਆ। ਹਲਫ਼ੀਆ ਬਿਆਨ ਵਿਚ ਦਰਜ ਬੋਡੋ ਹਿੰਸਾ ਦਾ ਸਮਾਂ ਵੀ ਸਹੀ ਨਹੀਂ ਸੀ। ਜਦੋਂ ਜਾਂਚ ਨਾਲ ਇਨ੍ਹਾਂ ਦਾ ਝੂਠ ਬੇਨਕਾਬ ਹੋਣਾ ਸ਼ੁਰੂ ਹੋ ਗਿਆ ਤਾਂ ਸੰਘ ਦੇ ਉਸ ਵਰਕਰ ਵਲੋਂ ਜਾਂਚ ਅਧਿਕਾਰੀ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਸ ਦਾ ਕੁੜੀਆਂ ਨੂੰ ਭੇਜਣ ਵਿਚ ਹੱਥ ਸੀ। ਇਸ ਦੀ ਰਪਟ ਦਰਜ ਕਰਾਏ ਜਾਣ ਦੇ ਬਾਵਜੂਦ ਪੁਲਿਸ ਵਲੋਂ ਧਮਕੀਆਂ ਦੇਣ ਵਾਲੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਮਾਪਿਆਂ ਕੋਲ ਹੁਣ ਆਪਣੀਆਂ ਬੱਚੀਆਂ ਨੂੰ ਇਨ੍ਹਾਂ ਸੰਸਥਾਵਾਂ ਦੇ ਸਪੁਰਦ ਕੀਤੇ ਜਾਣ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ। ਜਾਂਚ ਸ਼ੁਰੂ ਹੋਣ 'ਤੇ ਸੰਘ ਦੇ ਪ੍ਰਚਾਰਕਾਂ ਨੇ ਬੱਚਿਆਂ ਦੇ ਘਰਾਂ ਵਿਚ ਜਾਕੇ ਧੋਖੇ ਨਾਲ ਉਨ੍ਹਾਂ ਦੀਆਂ ਉਹ ਤਸਵੀਰਾਂ ਵੀ ਆਪਣੇ ਕਬਜ਼ੇ ਵਿਚ ਕਰ ਲਈਆਂ ਜੋ ਉਨ੍ਹਾਂ ਦੇ ਘਰਾਂ ਵਿਚ ਸਨ ਤਾਂ ਜੋ ਕੋਈ ਸਬੂਤ ਬਾਕੀ ਨਾ ਰਹੇ।

ਸੰਘ ਪਰਿਵਾਰ ਦੀਆਂ ਇਹ ਕਾਰਵਾਈਆਂ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਦੀ ਵੀ ਉਲੰਘਣਾ ਹਨ ਜਿਸਨੇ ਪਹਿਲੀ ਸਤੰਬਰ 2010 ਨੂੰ ਸਟੇਟ ਆਫ ਤਾਮਿਲਨਾਡੂ ਬਨਾਮ ਯੂਨੀਅਨ ਆਫ ਇੰਡੀਆ ਐਂਡ ਅਦਰਜ਼' ਮਾਮਲੇ ਵਿਚ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਬੱਚੇ ਵੱਡੇ ਪੈਮਾਨੇ 'ਤੇ ਭੇਜੇ ਜਾਣ ਦੇ ਮੱਦੇਨਜ਼ਰ ''ਮਨੀਪੁਰ ਅਤੇ ਅਸਾਮ ਰਾਜਾਂ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਸੀ ਕਿ ਅਗਲੇ ਹੁਕਮਾਂ ਤਕ 12 ਸਾਲ ਤੋਂ ਘੱਟ ਜਾਂ ਪ੍ਰਾਇਮਰੀ ਸਕੂਲ ਪੱਧਰ ਦੇ ਕਿਸੇ ਬੱਚੇ ਨੂੰ ਹੋਰ ਸੂਬਿਆਂ ਵਿਚ ਪੜ੍ਹਨ ਲਈ ਨਾ ਭੇਜਿਆ ਜਾਵੇ।'' ਇਹ ਫ਼ੈਸਲਾ ਇਨ੍ਹਾਂ ਦੋਹਾਂ ਰਾਜਾਂ ਤੋਂ 76 ਬੱਚਿਆਂ ਦੀ ਤਸਕਰੀ ਦੇ ਮਾਮਲੇ ਦੀ ਜਾਂਚ ਪਿੱਛੋਂ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਤਾਮਿਲਨਾਡੂ ਵਿਚ ਈਸਾਈ ਮਿਸ਼ਨਰੀਆਂ ਵਲੋਂ ਚਲਾਏ ਜਾਂਦੇ ''ਆਸ਼ਰਮਾਂ'' ਵਿਚ ਭੇਜਿਆ ਗਿਆ ਸੀ। ਇਸ ਆਦੇਸ਼ ਦੇ ਬਾਵਜੂਦ ਅਸਾਮ ਸੀ.ਆਈ.ਡੀ. ਦੀ ਰਿਪੋਰਟ ਅਨੁਸਾਰ 2012-2015 ਦਰਮਿਆਨ ਅਸਾਮ ਵਿੱਚੋਂ 5000 ਤੋਂ ਉੱਪਰ ਬੱਚੇ ਲਾਪਤਾ ਹੋਏ। 2015 ਵਿਚ ਇਸ ਤਰ੍ਹਾਂ ਦੇ ਘੱਟੋ ਘੱਟ 800 ਬੱਚੇ ਲਾਪਤਾ ਹੋਏ। ਇਹ ਤਾਦਾਦ ਪੜ੍ਹਾਈ ਅਤੇ ਰੋਜ਼ਗਾਰ ਦੇ ਬਹਾਨੇ ਤਸਕਰੀ ਕੀਤੇ ਬੱਚਿਆਂ ਦੀ ਗਿਣਤੀ ਨਾਲ ਮੇਲ ਖਾਂਦੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਬੱਚਿਆਂ ਦੇ ਲਾਪਤਾ ਹੋਣ ਪਿੱਛੇ ਸੰਘ ਪਰਿਵਾਰ ਦਾ ਬੱਚੀਆਂ ਨੂੰ ਧੋਖੇ ਨਾਲ ਦੂਜੇ ਸੂਬਿਆਂ ਅੰਦਰ ਆਪਣੇ ਅਖਾਉਤੀ ਸਕੂਲਾਂ ਵਿਚ ਭੇਜਣ ਲਈ ਸਰਗਰਮ ਤਾਣੇਬਾਣੇ ਦਾ ਹੱਥ ਹੈ।

ਅਸਾਮ ਦੇ ਸਰਹੱਦੀ ਇਲਾਕਿਆਂ ਵਿਚ ਸੰਘ ਦੀਆਂ ਜਥੇਬੰਦੀਆਂ ਨੇ ਵਿਆਪਕ ਜਾਲ ਵਿਛਾਇਆ ਹੋਇਆ ਹੈ। ਸੇਵਾ ਭਾਰਤੀ ਨਾਂ ਦੀ ਸੰਸਥਾ ਮੈਡੀਕਲ ਕੈਂਪ, ਖੇਡ੍ਹ ਕੈਂਪ ਆਦਿ ਸਮਾਜ ਭਲਾਈ ਦੇ ਕੰਮ ਕਰਦੀ ਹੈ। ਵਿਦਿਆ ਭਾਰਤੀ ਅਤੇ ਏਕਲ ਵਿਦਿਆਲਿਆ ਬੱਚਿਆਂ ਨੂੰ ਹਿੰਦੂ ਰਾਸ਼ਟਰਵਾਦੀ ਪੜ੍ਹਾਈ ਕਰਾਉਂਦੇ ਹਨ। ਵਣਵਾਸੀ ਕਲਿਆਣ ਆਸ਼ਰਮ ਅਤੇ ਵਣਬੰਧੂ ਪ੍ਰੀਸ਼ਦ ਕਬਾਇਲੀਆਂ ਦੀ 'ਭਲਾਈ' ਦਾ ਕੰਮ ਦੇਖਦੀਆਂ ਹਨ। ਇਨ੍ਹਾਂ ਸੰਸਥਾਵਾਂ ਰਾਹੀਂ ਸੰਘ ਦੇ ਪ੍ਰਚਾਰਕ ਹਿੰਦੂਤਵੀ ਵਿਚਾਰਧਾਰਾ ਨੂੰ ਦੂਰ-ਦਰਾਜ਼ ਇਲਾਕਿਆਂ ਵਿਚ ਫੈਲਾ ਰਹੇ ਹਨ। ਸੇਵਾ ਭਾਰਤੀ ਦੀ ਵੈੱਬ-ਸਾਈਟ ਅਨੁਸਾਰ ਉਸ ਵਲੋਂ ਹਿੰਦੁਸਤਾਨ ਵਿਚ 1.5 ਲੱਖ ਭਲਾਈ ਪ੍ਰੋਜੈਕਟ ਚਲਾਏ ਜਾ ਰਹੇ ਹਨ। ਉਹ ਨੌਜਵਾਨ ਕਬਾਇਲੀ ਕੁੜੀਆਂ ਅਤੇ ਮੁੰਡਿਆਂ ਲਈ ਹੋਸਟਲ ਅਤੇ ਗ਼ੈਰਰਸਮੀ ਸਿਖਿਆ ਕੇਂਦਰ ਵੀ ਚਲਾਉਂਦੇ ਹਨ।

ਸੇਵਾ ਭਾਰਤੀ 1978 'ਚ ਆਰ.ਐੱਸ.ਐੱਸ. ਦੇ ਤੀਜੇ ਸਰਸੰਘਚਾਲਕ ਬਾਲਾਸਾਹਿਬ ਦਿਓਰਸ ਵਲੋਂ ਸਮਾਜ ਦੇ ਹਾਸ਼ੀਆਗ੍ਰਸਤ ਹਿੱਸਿਆਂ ਉੱਪਰ ਧਿਆਨ ਕੇਂਦਰਤ ਕਰਨ ਲਈ ਬਣਾਈ ਗਈ ਸੀ। ਆਰ.ਐੱਸ.ਐੱਸ. ਦਾ ਇਕ ਚੋਟੀ ਦਾ ਅਧਿਕਾਰੀ ਅਖਿਲ ਭਾਰਤੀਆ ਸਹਿਸੇਵਾ ਪ੍ਰਮੁੱਖ ਇਸ ਜਥੇਬੰਦੀ ਦਾ ਮਾਰਗ-ਦਰਸ਼ਨ ਕਰਦਾ ਹੈ। ਇਸ ਨੂੰ ਆਰ.ਐੱਸ.ਐੱਸ. ਦੇ ਸਰਵਉੱਚ ਫ਼ੈਸਲੇ ਲੈਣ ਵਾਲੇ ਅਦਾਰੇ, ਅਖਿਲ ਭਾਰਤੀਆ ਪ੍ਰਤੀਨਿਧੀ ਸਭਾ, ਵਿਚ ਨੁਮਾਇੰਦਗੀ ਦਿੱਤੀ ਗਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਸੇਵਾ ਭਾਰਤੀ ਦੀ ਸੰਘ ਦੀਆਂ ਜਥੇਬੰਦੀਆਂ ਅੰਦਰ ਕਿੰਨੀ ਬਾਰਸੂਖ਼ ਥਾਂ ਹੈ।

ਸੰਘ ਦੀ ਕਿਸੇ ਸਮਾਜ ਅੰਦਰ ਘੁਸਪੈਠ ਕਰਨ ਦੀ ਆਮ ਯੁੱਧਨੀਤੀ ਬਹੁਤ ਹੀ ਵਿਉਂਤਬਧ ਹੈ। ਪਹਿਲਾਂ, ਭਲਾਈ ਵਾਲੀ ਸੰਸਥਾ ਉਸ ਇਲਾਕੇ ਵਿਚ ਪੈਰ ਧਰਦੀ ਹੈ। ਉਹ ਜਨਤਕ ਅਧਾਰ ਤਿਆਰ ਕਰਦੇ ਹਨ, ਸੰਭਾਵੀ ਸਿਖਾਂਦਰੂਆਂ ਦੀ ਨਿਸ਼ਾਨਦੇਹੀ ਕਰਦੇ ਹਨ। ਇੰਞ ਉਹ ਦੂਰ-ਦਰਾਜ਼ ਪਿੰਡਾਂ ਵਿਚ ਜਾਕੇ, ਲਾਕਟ, ਪੈਂਫਲੈੱਟ ਅਤੇ ਹਿੰਦੂ ਸਾਹਿਤ ਵੰਡਕੇ ਮੁਕੰਮਲ ਘੁਸਪੈਠ ਦਾ ਰਾਹ ਤਿਆਰ ਕਰਦੇ ਹਨ। ਫੇਰ ਸਥਾਨਕ ਰਾਸ਼ਟਰ ਸੇਵਾ ਸੰਮਤੀ ਅਤੇ ਆਰ.ਐੱਸ.ਐੱਸ. ਦੇ ਕੁਲਵਕਤੀ ਉਥੇ ਆ ਪਹੁੰਚਦੇ ਹਨ। ਸੇਵਾ ਭਾਰਤੀ ਦਾ ਕੰਮ ਉਨ੍ਹਾਂ ਇਲਾਕਿਆਂ ਵਿਚ ਖ਼ਾਸ ਤੌਰ 'ਤੇ ਪ੍ਰਭਾਵੀ ਹੈ ਜਿਥੇ ਹਿੰਦੁਸਤਾਨੀ ਸਟੇਟ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਨਾਕਾਮ ਰਿਹਾ ਹੈ। ਸੇਵਾ ਭਾਰਤੀ ਇਨ੍ਹਾਂ ਸਰਗਰਮੀਆਂ ਲਈ ਮਹਿਫੂਜ਼ ਮੁਹਾਜ਼ ਦੇ ਤੌਰ 'ਤੇ ਕੰਮ ਕਰਦੀ ਹੈ। ਜ਼ਿਆਦਾਤਰ ਪੇਂਡੂ ਅਤੇ ਬੱਚਿਆਂ ਦੇ ਮਾਪੇ ਇਹੀ ਸੋਚਦੇ ਹਨ ਕਿ ਬੱਚਿਆਂ ਨੂੰ ਲੋਕ ਭਲਾਈ ਦਾ ਕੰਮ ਕਰ ਰਹੀ ਸੰਸਥਾ ਸੇਵਾ ਭਾਰਤੀ ਵਲੋਂ ਪੜ੍ਹਾਈ ਕਰਾਉਣ ਲਈ ਲਿਜਾਇਆ ਗਿਆ ਹੈ। ਸੰਘ ਨਾਲ ਰਿਸ਼ਤੇ ਅਤੇ ਹਿੰਦੂਤਵੀ ਵਿਚਾਰਧਾਰਾ ਦਿਮਾਗ 'ਚ ਭਰੇ ਜਾਣ ਦੀ ਸਾਜ਼ਿਸ਼ ਇਕ ਆਮ ਪੇਂਡੂ ਦੀ ਸਮਝ ਤੋਂ ਬਾਹਰ ਦੀ ਗੱਲ ਹੈ। ਅਸਾਮ ਵਰਗੇ ਬੋਡੋ-ਮੁਸਲਿਮ ਜਾਂ ਬੋਡੋ-ਆਦਿਵਾਸੀ ਨਸਲੀ-ਸੱਭਿਆਚਾਰ ਹਿੰਸਾ ਤੋਂ ਗ੍ਰਸਤ ਇਲਾਕਿਆਂ ਦੇ ਜੰਮ-ਪਲ ਲੋਕ ਆਪਣੀ ਪਛਾਣ ਬਾਰੇ ਬਹੁਤ ਸੰਵੇਦਨਸ਼ੀਲ ਹਨ ਅਤੇ ਆਪਣੀ ਪਛਾਣ ਨੂੰ ਬੁਰੀ ਤਰ੍ਹਾਂ ਚਿੰਬੜੇ ਰਹਿੰਦੇ ਹਨ। ਇਸ ਤਰ੍ਹਾਂ ਦੇ ਥਾਵਾਂ ਉੱਪਰ ਸਹੀ ਅਤੇ ਗ਼ਲਤ ਦਰਮਿਆਨ ਵਖਰੇਵਾਂ ਕਰਨ ਦੀ ਸੰਭਾਵਨਾ ਘਟ ਜਾਂਦੀ ਹੈ। ਜਨੂੰਨ ਭਾਰੂ ਰਹਿੰਦਾ ਹੈ, ਜੋ ਹਿੰਦੂਤਵੀ ਪ੍ਰਚਾਰ ਲਈ ਰਾਹ ਪੱਧਰਾ ਕਰਦਾ ਹੈ।

ਅਸਾਮ ਵਿਚ ਕੰਮ ਕਰਦੀਆਂ ਸੰਘ ਪਚਾਰਕ ਔਰਤਾਂ ਨੇ ਆਊਟਲੁੱਕ ਦੀ ਪੱਤਰਕਾਰ ਨੂੰ ਦੱਸਿਆ ਕਿ ਸੇਵਾ ਭਾਰਤੀ ਵਲੋਂ ਜਥੇਬੰਦ ਕੀਤੇ ਜਾਂਦੇ ਕੈਂਪਾਂ ਵਿਚ ''ਪ੍ਰਮੁੱਖ ਤੌਰ 'ਤੇ ਨੌਜਵਾਨ ਕੁੜੀਆਂ ਨੂੰ ਸੰਸਕਾਰ ਸਿਖਾਏ ਜਾਂਦੇ ਹਨ।'' ''ਕੁੜੀਆਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਸੰਸਕ੍ਰਿਤੀ ਭੁਲਾ ਦਿੱਤੀ ਹੈ, ਜਿਥੇ 'ਨਮਸਕਾਰ' ਦੀ ਜਗਾ੍ਹ 'ਹੈਲੋ' ਨੇ ਅਤੇ ਸਾਡੀ ਰਵਾਇਤੀ ਪੁਸ਼ਾਕ ਦੀ ਜਗਾ੍ਹ ਲੰਮੀ ਪੈਂਟ ਨੇ ਲੈ ਲਈ ਹੈ। ਇਹ ਸਭ ਕੁਝ ਈਸਾਈ ਜੀਵਨ-ਸ਼ੈਲੀ ਦੇ ਪ੍ਰਭਾਵ ਕਾਰਨ ਹੈ। ਉਨ੍ਹਾਂ ਨੂੰ ਆਪਣੀ ਸੰਸਕ੍ਰਿਤੀ ਵਿਚ ਵਾਪਸ ਪਰਤਣਾ ਚਾਹੀਦਾ ਹੈ ਅਤੇ ਰਾਸ਼ਟਰ ਦੀਆਂ ਚੰਗੀਆਂ ਸੁਆਣੀਆਂ ਬਣਨਾ ਚਾਹੀਦਾ ਹੈ।''

ਅਜਿਹੀ ਮਨੋਵਿਗਿਆਨਕ ਸਿਖਲਾਈ ਨਾਲ ਨੌਜਵਾਨ ਕੁੜੀਆਂ ਹਿੰਦੂ ਰਾਸ਼ਟਰ ਅੰਦਰ ਔਰਤਾਂ ਦੀ ਇੱਛਤ ਭੂਮਿਕਾ ਬਾਰੇ ਹਿੰਦੂਤਵੀ ਸੋਚ ਪ੍ਰਤੀ ਅੰਨ੍ਹੇ ਯਕੀਨ ਨਾਲ ਵੱਡੀਆਂ ਹੁੰਦੀਆਂ ਹਨ। ਕੈਂਪਾਂ ਵਿਚ ਲੋਕਧਾਰਾ, ਭਾਸ਼ਾ ਅਤੇ ਇਤਿਹਾਸ ਦੇ ਗੁਣਗਾਣ ਉੱਪਰ ਕੇਂਦਰਤ ਕਰਦੇ ਹੋਏ ਜੋ ਵਿਆਖਿਆ ਪੜ੍ਹਾਈ ਜਾਂਦੀ ਹੈ ਉਹ ਮੁਸਲਿਮ ਵਿਰੋਧੀ, ਈਸਾਈ ਵਿਰੋਧੀ ਹੈ। ਬੋਡੋ ਲੋਕ ਸੇਵਾ ਭਾਰਤੀ ਦੀਆਂ ਸਰਗਰਮੀਆਂ ਨੂੰ ਲੈਕੇ ਕੋਈ ਸ਼ੱਕ ਨਹੀਂ ਕਰਦੇ ਕਿਉਂਕਿ ਇਥੇ ਜਿਹੜੀਆਂ ਪ੍ਰਚਾਰਕ ਔਰਤਾਂ ਤਿਆਰ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਉਸੇ ਭਾਈਚਾਰੇ ਵਿੱਚੋਂ ਹੋਣ ਕਾਰਨ ਬਲਵਾਨ ਔਰਤਾਂ ਵਜੋਂ ਬਹੁਤ ਪੈਂਠ ਹੈ। ਬੱਚੀਆਂ ਨੂੰ ਕੁਆਰੀਆਂ ਰਹਿਣ ਅਤੇ ਹਿੰਦੂ ਰਾਸ਼ਟਰ ਦੇ ਨਿਰਮਾਣ ਵਿਚ ਯੋਗਦਾਨ ਲਈ ਜ਼ਿੰਦਗੀਆਂ ਸਮਰਪਿਤ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਬੱਚੀਆਂ ਨੂੰ ਬਲਵਾਨ ਬਣਾਉਣ ਦਾ ਇਹ ਦਾਅਪੇਚ ਨਿੱਕੀਆਂ ਬੱਚੀਆਂ ਦੇ ਉਨ੍ਹਾਂ ਮਾਪਿਆਂ ਨੂੰ ਬਹੁਤ ਟੁੰਬਦਾ ਹੈ ਜੋ ਸਾਧਨਹੀਣ ਅਭਿਲਾਸ਼ੀ ਹਨ, ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈਕੇ ਵੱਡੇ ਸੁਪਨੇ ਪਾਲਦੇ ਹਨ। ਇਹ ਕੁੜੀ ਦੀ ਮਾਰਫ਼ਤ ਅੱਗੇ ਹੋਰ ਕੁੜੀ ਭਰਤੀ ਕਰਨ ਦੀ ਆਰ.ਐੱਸ.ਐੱਸ. ਦੀ ਯੁੱਧਨੀਤੀ ਹੈ। ਕੋਰੋਬੀ ਅਤੇ ਕਾਂਚਾਈ ਬ੍ਰਹੱਮਾ ਵਰਗੀਆਂ ਜੋ ਬੋਡੋ ਔਰਤਾਂ ਹੁਣ ਉਥੇ ਬੱਚੀਆਂ ਦੀ ਤਸਕਰੀ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਉਨ੍ਹਾਂ ਨੂੰ ਇਸੇ ਵਿਧੀ ਦੁਆਰਾ ਤਿਆਰ ਕੀਤਾ ਗਿਆ ਸੀ।

ਕਾਂਚਾਈ ਨੂੰ ਤਿੰਨ ਹੋਰ ਕੁੜੀਆਂ ਸਮੇਤ ਉਤਰ ਪ੍ਰਦੇਸ ਦੇ ਇਕ ਹੋਸਟਲ ਵਿਚ ਸਿਖਲਾਈ ਲਈ ਭੇਜਿਆ ਗਿਆ। ਜਿਥੇ ਇਕ ਸਾਲ ਦੀ ਸਿਖਲਾਈ ਤੋਂ ਬਾਦ ਉਹ ਆਪਣੇ ਜ਼ਿਲ੍ਹੇ ਵਿਚ ਵਾਪਸ ਆ ਗਈਆਂ। ਦੋ ਸਾਲ ਵਿਚ ਹੀ ਉਨ੍ਹਾਂ ਨੇ ਤਿੰਨ ਜ਼ਿਲ੍ਹਿਆਂ ਵਿਚ ਆਪਣੇ ਸੰਪਰਕ ਬਣਾ ਲਏ। ਅਤੇ ਉਹ 500 ਕਬਾਇਲੀ ਕੁੜੀਆਂ ਨੂੰ ਹੋਸਟਲ ਵਿਚ ਭੇਜਣ ਵਿਚ ਕਾਮਯਾਬ ਹੋ ਗਈਆਂ। ਉਨ੍ਹਾਂ ਵਿੱਚੋਂ ਜਿਨ੍ਹਾਂ ਨੇ ਵਾਪਸ ਆਕੇ ਵਿਆਹ ਕਰਵਾ ਲਏ, ਉਹ ਗ੍ਰਹਿਸਥੀ ਜੀਵਨ ਜਿਊਂਦੇ ਹੋਏ ਗ੍ਰਹਿਣੀ ਸੇਵਕਾ ਜਾਂ ਜੁਜ਼ਵਕਤੀ ਵਜੋਂ ਕੰਮ ਕਰ ਰਹੀਆਂ ਹਨ। ਏਕਲ ਵਿਦਿਆਲਿਆ (ਆਰ.ਐੱਸ.ਐੱਸ. ਦੇ ਇਕ ਅਧਿਆਪਕ ਵਾਲੇ ਗ਼ੈਰਰਸਮੀ ਸਕੂਲ ਜਿਥੇ ਸੋਇਮਸੇਵਕ ਵਲੋਂ 40 ਵਿਦਿਆਰਥੀਆਂ ਦੀ ਰੋਜ਼ਾਨਾ ਤਿੰਨ ਘੰਟੇ ਜਮਾਤ ਲਗਾਈ ਜਾਂਦੀ ਹੈ) ਇਨ੍ਹਾਂ ਪ੍ਰਚਾਰਕ ਔਰਤਾਂ ਦੀ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਜਾਲ ਵਿਚ ਫਸਾਉਣ ਦੇ ਮਿਸ਼ਨ ਵਿਚ ਬਹੁਤ ਸਹਾਇਤਾ ਕਰਦਾ ਹੈ।

ਇਸ ਤਰੀਕੇ ਨਾਲ ਆਰ.ਐੱਸ.ਐੱਸ. ਬਹੁਤ ਹੀ ਸੂਖ਼ਮ ਯੁੱਧਨੀਤੀ ਤਹਿਤ ਕਬਾਇਲੀ ਅਤੇ ਹੋਰ ਖੇਤਰਾਂ ਵਿਚ ਡੂੰਘੀ ਘੁਸਪੈਠ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਹਿੰਦੂਤਵੀ ਸੰਸਕ੍ਰਿਤੀ ਨਾਲ ਜੋੜ ਰਿਹਾ ਹੈ। ਇਹ ਮੁਹਿੰਮ ਮਹਿਜ਼ ਕਬਾਇਲੀ ਖੇਤਰਾਂ ਤਕ ਮਹਿਦੂਦ ਨਹੀਂ ਹੈ, ਹਰ ਥਾਂ ਹੀ ਵੱਖ-ਵੱਖ ਨਾਵਾਂ ਹੇਠ ਆਰ.ਐੱਸ.ਐੱਸ. ਦਾ ਤਾਣਾਬਾਣਾ ਬਹੁਤ ਸਰਗਰਮ ਹੈ। ਬੇਸ਼ਕ ਆਊਟਲੁੱਕ ਅਤੇ ਕੋਬਰਾਪੋਸਟ ਦੇ ਸਟਿੰਗ ਓਪਰੇਸ਼ਨ ਬੱਚੀਆਂ ਦੀ ਤਸਕਰੀ ਦੇ ਇਕ ਖ਼ਾਸ ਵਰਤਾਰੇ ਬਾਬਤ ਹਨ ਪਰ ਇਹ ਇਕ ਵੱਡੇ ਖ਼ਤਰੇ ਵੱਲ ਇਸ਼ਾਰਾ ਕਰਦੇ ਹਨ। ਇਸ ਡੂੰਘੀ ਸਾਜ਼ਿਸ਼ ਬਾਰੇ ਬਹੁਤ ਚੁਕੰਨੇ ਹੋਣ ਦੀ ਲੋੜ ਹੈ ਅਤੇ ਇਸ ਦੀ ਘੁਸਪੈਠ ਦੇ ਖ਼ਤਰੇ ਨੂੰ ਹਰਗਿਜ਼ ਘਟਾਕੇ ਨਹੀਂ ਵੇਖਣਾ ਚਾਹੀਦਾ। ਹਰ ਇਲਾਕੇ ਵਿਚ ਇਹ ਨੋਟ ਕਰਨ ਦੀ ਲੋੜ ਹੈ ਉਥੇ ਲੋਕ ਭਲਾਈ ਦੇ ਨਾਂ ਹੇਠ ਜੋ ਸੰਸਥਾਵਾਂ ਕੰਮ ਕਰ ਰਹੀਆਂ ਹਨ ਉਨ੍ਹਾਂ ਦੇ ਕਾਰਕੁੰਨਾਂ ਦਾ ਪਿਛੋਕੜ ਕੀ ਹੈ। ਉਨ੍ਹਾਂ ਦਾ ਅਸਲ ਚਿਹਰਾ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ ਅਤੇ ਅਵਾਮ ਨੂੰ ਉਨ੍ਹਾਂ ਦੇ ਮਨਸੂਬਿਆਂ ਬਾਰੇ ਜਾਗਰੂਕ ਕਰਨ ਲਈ ਗੰਭੀਰਤਾ ਨਾਲ ਯਤਨ ਜੁਟਾਉਣੇ ਚਾਹੀਦੇ ਹਨ।                     

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ