Mon, 15 July 2024
Your Visitor Number :-   7187258
SuhisaverSuhisaver Suhisaver

ਸਿੱਖ ਇਤਿਹਾਸ ਦਾ ਮਹਾਂ ਨਾਇਕ 'ਸ਼ਹੀਦ ਬੰਦਾ ਸਿੰਘ ਬਹਾਦਰ'

Posted on:- 31-10-2020

suhisaver

-ਹਰਚਰਨ ਸਿੰਘ ਪਰਹਾਰ
(ਸੰਪਾਦਕ-ਸਿੱਖ ਵਿਰਸਾ)


ਜਿਸਦੀ ਸ਼ਹਾਦਤ ਤੇ ਕੁਰਬਾਨੀ ਨੂੰ ਸਿੱਖ ਇਤਿਹਾਸਕਾਰਾਂ, ਪ੍ਰਚਾਰਕਾਂ, ਵਿਦਵਾਨਾਂ ਤੇ ਲੀਡਰਾਂ ਨੇ ਕੌਡੀਆਂ ਭਾਅ ਰੋਲ਼ਿਆ ਅਤੇ ਉਸਨੂੰ ਗੁਰੂ ਘਰ ਵਿਰੋਧੀ ਸਾਬਿਤ ਕੀਤਾ?


ਸ਼ਹੀਦ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਤੇ ਉਨ੍ਹਾਂ ਤੋਂ ਸਿਰਫ ਚਾਰ ਕੁ ਸਾਲ ਛੋਟਾ ਸੀ, ਜਿਸਦਾ ਜਨਮ 16 ਅਕਤੂਬਰ, 1670 ਨੂੰ ਹੋਇਆ ਦੱਸਿਆ ਜਾਂਦਾ ਹੈ।ਬੇਸ਼ਕ ਸਿੱਖ ਇਤਿਹਾਸ ਵਿੱਚ ਕੋਈ ਅਜਿਹੀ ਸਮਕਾਲੀ ਰਚਨਾ ਨਹੀਂ ਮਿਲਦੀ, ਜਿਸ ਵਿੱਚ ਬੰਦਾ ਸਿੰਘ ਬਹਾਦਰ ਦੇ ਮੁਢਲੇ ਜੀਵਨ ਬਾਰੇ ਕੋਈ ਜਾਣਕਾਰੀ ਮਿਲ ਸਕੇ, ਜ਼ਿਆਦਾਤਰ ਜਾਣਕਾਰੀ ਉਸਦੇ ਗੁਰੂ ਗੋਬੰਦ ਸਿੰਘ ਜੀ ਨੂੰ ਨੰਦੇੜ ਨੇੜੇ ਮਿਲਣ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਬਿਤਾਏ 7-8 ਸਾਲ ਦੇ ਸਮੇਂ ਬਾਰੇ ਹੈ।ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 350ਵੀਂ ਜਨਮ ਸ਼ਤਾਬਦੀ ਮੌਕੇ ਅਸੀਂ ਉਨ੍ਹਾਂ ਦੀ 'ਲਾਸਾਨੀ ਸ਼ਹਾਦਤ' ਤੇ 'ਕੁਰਬਾਨੀ' ਨੂੰ ਲੱਖ-ਲੱਖ ਵਾਰ ਸਿਜਦਾ ਕਰਦੇ ਹਾਂ।

ਉਹ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਵਿੱਚ ਇੱਕ ਅਜਿਹੇ ਇਨਕਲਾਬੀ ਰਹਿਬਰ ਬਣ ਕੇ ਉਭਰੇ, ਜਿਸਨੇ ਨਾ ਸਿਰਫ ਮੁਗਲੀਆਂ ਹਕੂਮਤਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ, ਸਗੋਂ ਕੁਝ ਸਾਲਾਂ ਵਿੱਚ ਹੀ ਆਮ ਲੋਕਾਂ ਦਾ ਪਹਿਲਾ ਖਾਲਸਈ ਰਾਜ ਸਥਾਪਿਤ ਕਰ ਦਿੱਤਾ।ਜਿਸ ਵਿੱਚ ਉਨ੍ਹਾਂ ਜਾਤਾਂ-ਧਰਮਾਂ ਦੀਆਂ ਵੰਡਾਂ ਤੋਂ ਉਪਰ ਉਠ ਕੇ ਲੁਟੇਰੇ ਜਗੀਰਦਦਾਰਾਂ ਤੋਂ ਜਮੀਨਾਂ ਖੋਹ ਕੇ ਹਲ਼ ਵਾਹਕਾਂ (ਆਮ ਲੋਕਾਂ) ਨੂੰ ਜਮੀਨਾਂ ਦੇ ਮਾਲਕ ਬਣਾਇਆ।ਉਨ੍ਹਾਂ ਨੇ ਆਪਣੇ ਰਾਜ ਦਾ ਸਿੱਕਾ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨਾਮ ਤੇ ਜਾਰੀ ਕੀਤਾ।

ਬੇਸ਼ਕ ਉਨ੍ਹਾਂ ਨੂੰ ਰਾਜ ਕਰਨ ਜਾਂ ਜੀਣ ਲਈ ਬਹੁਤਾ ਸਮਾਂ ਨਹੀਂ ਮਿਲਿਆ, ਪਰ ਆਪਣੇ 7-8 ਸਾਲ ਦੇ ਸਮੇਂ ਵਿੱਚ ਹੀ ਉਹ ਇੱਕ ਅਜਿਹਾ ਤੂਫਾਨ ਬਣ ਕੇ ਆਏ ਕਿ ਜ਼ਾਬਰਾਂ-ਜ਼ਰਵਾਣਿਆਂ ਨੂੰ ਆਪਣੀਆਂ ਹਕੂਮਤਾਂ ਹੀ ਨਹੀਂ, ਜਾਨਾਂ ਬਚਾਉਣੀਆਂ ਮੁਸ਼ਕਿਲ ਹੋ ਗਈਆਂ ਸਨ।ਜਿਥੇ ਉਹ ਮੈਦਾਨੇ ਜੰਗ ਵਿੱਚ ਬੜੀ ਸੂਰਮਗਤੀ ਨਾਲ ਲੜਿਆ ਤੇ ਬਿਨਾਂ ਕਿਸੇ ਟਰੇਂਡ ਫੌਜ ਦੇ ਆਮ ਲੋਕਾਂ ਦੀ ਮੱਦਦ ਨਾਲ ਜਿੱਤਾਂ ਹਾਸਿਲ ਕੀਤੀਆਂ, ਉਥੇ ਬੜੀ ਬਹਾਦਰੀ ਨਾਲ ਖਿੜੇ ਮੱਥੇ ਸ਼ਹਾਦਤ ਪ੍ਰਾਪਤ ਕੀਤੀ।ਪੁਰਾਣੀ ਦਿੱਲੀ ਵਿੱਚ ਮਹਿਰੌਲ਼ੀ ਦੇ ਸਥਾਨ ਤੇ ਬੰਦਾ ਸਿੰਘ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਈ ਦਿਨ ਰੋਜ਼ਾਨਾ ਉਸਦੇ 100 ਸਾਥੀਆਂ ਨੂੰ ਕੋਤਵਾਲ਼ੀ ਚੌਂਕ ਵਿੱਚ ਲੋਕਾਂ ਸਾਹਮਣੇ ਸ਼ਹੀਦ ਕੀਤਾ ਜਾਂਦਾ ਸੀ ਤੇ ਲਾਸ਼ਾਂ ਦੇ ਸਿਰ ਕੱਟ ਕੇ ਸੜਕਾਂ ਦੇ ਮੋੜਾਂ ਤੇ ਟੰਗੇ ਜਾਂਦੇ ਸਨ ਤਾਂ ਲੋਕਾਂ ਨੂੰ ਸੁਨੇਹਾ ਜਾਵੇ ਕਿ ਮੁਗਲੀਆ ਹਕੂਮਤ ਵਿਰੁੱਧ ਬਗਾਵਤ ਕਰਨ ਵਾਲਿਆਂ ਦਾ ਹਸ਼ਰ ਕੀ ਹੁੰਦਾ ਹੈ।ਪਰ ਬੰਦਾ ਸਿੰਘ ਨੇ ਫਿਰ ਵੀ ਈਨ ਨਹੀਂ ਮੰਨੀ ਤਾਂ ਮਾਰਚ, 1716 ਨੂੰ ਉਸਦੇ ਸਾਹਮਣੇ ਉਸਦੇ ਛੋਟੇ ਜਿਹੇ ਪੁੱਤਰ ਨੂੰ ਸ਼ਹੀਦ ਕਰਨ ਉਪਰੰਤ ਉਸਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਤੁੰਨਿਆ ਗਿਆ ਤੇ ਅਖੀਰ ਬਾਬਾ ਬੰਦਾ ਸਿੰਘ ਅੰਤਾਂ ਦੇ ਤਸੀਹੇ ਝੱਲਦਾ ਸ਼ਹੀਦ ਹੋ ਗਿਆ।ਪੋਰਸ ਤੋਂ ਬਾਅਦ ਬੰਦਾ ਸਿੰਘ ਇੱਕ ਅਜਿਹਾ ਪਹਿਲਾ ਜਰਨੈਲ ਹੋ ਨਿਬੜਿਆ, ਜਿਸਨੇ ਪੰਜਾਬ ਨੂੰ ਇੱਕ ਸੁਤੰਤਰ ਰਾਜ ਵਿੱਚ ਤਬਦੀਲ ਕੀਤਾ।ਇੱਕ ਅੰਗਰੇਜ਼ ਇਤਿਹਾਸਕਰ ਵਿਲੀਅਮ ਇਰਵਨ ਆਪਣੀ ਕਿਤਾਬ 'ਲੇਟਰ ਮੁਗਲਜ਼' ਲਿਖਦਾ ਹੈ ਕਿ ਬੰਦਾ ਸਿੰਘ ਦੀ ਸੈਨਾ ਵਿੱਚ ਜਿਹੜੇ ਚੂਹੜੇ, ਚਮਿਆਰ, ਕਲਾਲ ਤੇ ਨੀਚ ਜਾਤਾਂ ਦੇ ਲੋਕ ਸ਼ਾਮਿਲ ਹੁੰਦੇ ਸਨ, ਉਹ ਆਪਣੇ ਘਰਾਂ ਨੂੰ ਹਾਕਮ ਬਣ ਕੇ ਮੁੜਦੇ ਸਨ।ਵੱਢੇ ਧਨਾਢ ਲੋਕ ਵੀ ਉਨ੍ਹਾਂ ਦਾ ਸਵਾਗਤ ਕਰਦੇ ਸਨ।ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੀਚਾਂ ਨੂੰ ਪਾਤਸ਼ਾਹੀ ਬਖਸ਼ ਦਿੱਤੀ ਸੀ, ਜਿਸਦਾ ਸੁਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਆ ਸੀ: ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਇਹ ਯਾਦ ਰਖੇਂ ਹਮਰੀ ਗੁਰਿਆਈ'।
ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦੀ ਇੱਕ ਅਜਿਹੀ ਬੁਝਾਰਤ ਹੈ, ਜਿਸ ਬਾਰੇ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਵਲੋਂ ਕੋਈ ਖੋਜ ਕਰਨ ਦੀ ਥਾਂ ਪੁਰਾਣੀਆਂ ਲਿਖਤਾਂ ਨੂੰ ਆਧਾਰ ਬਣਾ ਕੇ ਮੱਖੀ ਤੇ ਮੱਖੀ ਮਾਰ ਕੇ ਵਰਕੇ ਕਾਲ਼ੇ ਕਰਨ ਤੋਂ ਵੱਧ ਕੁਝ ਨਹੀਂ ਕੀਤਾ।ਪਰ ਇਸਦਾ ਮਤਲਬ ਇਹ ਨਹੀਂ ਕਿ ਬੰਦਾ ਸਿੰਘ ਬਹਾਦਰ ਬਾਰੇ ਕਿਸੇ ਨੇ ਕੁਝ ਨਹੀਂ ਲਿਖਿਆ।ਬੰਦਾ ਸਿੰਘ ਬਾਰੇ ਫਾਰਸੀ, ਪੰਜਾਬੀ, ਹਿੰਦੀ, ਅੰਗਰੇਜ਼ੀ ਵਿੱਚ ਅਨੇਕਾਂ ਲਿਖਤਾਂ ਹਨ, ਜਿਨ੍ਹਾਂ ਵਿੱਚੋਂ ਪੰਜਾਬੀ ਦੀਆਂ ਲਿਖਤਾਂ ਉਸਦੇ ਜੀਵਨ ਕਾਲ ਤੋਂ 50-60 ਬਾਅਦ ਲਿਖਣੀਆਂ ਸ਼ੁਰੂ ਹੋਈਆਂ ਸਨ।ਕੇਸਰ ਸਿੰਘ ਛਿੱਬਰ ਦਾ 'ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ' ਪਹਿਲੀ ਪੰਜਾਬੀ ਲਿਖਤ ਹੈ, ਜਿਸ ਵਿੱਚ ਬੰਦਾ ਸਿੰਘ ਬਹਾਦਰ ਬਾਰੇ ਜ਼ਿਕਰ ਮਿਲਦਾ ਹੈ, ਜੋ ਕਿ 1769 ਦੇ ਕਰੀਬ ਲਿਖੀ ਗਈ ਸੀ।ਇਸ ਤੋਂ ਇਲਾਵਾ ਢਾਡੀ ਨੱਥ ਮੱਲ ਦਾ ਫਾਰਸੀ 'ਅਮਰਨਾਮਾ' ਉਨ੍ਹਾਂ ਸਮਿਆਂ ਵਿੱਚ ਲਿਖਿਆ ਮਿਲਦਾ ਹੈ।ਇਹ ਉਹ ਸਮਾਂ ਸੀ, ਜਦੋਂ ਸਿੱਖ ਮਿਸਲਾਂ ਦਾ ਉਭਾਰ ਸ਼ੁਰੂ ਹੋ ਚੁੱਕਾ ਸੀ।ਇਸ ਤੋਂ ਪਹਿਲੀਆਂ ਸਾਰੀਆਂ ਲਿਖਤਾਂ ਫਾਰਸੀ ਵਿੱਚ ਮੁਸਲਮਾਨਾਂ ਵਲੋਂ ਲਿਖੀਆ ਹੀ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੁਸਲਮਾਨ ਹਾਕਮਾਂ ਦੇ ਰੋਜ਼ਨਾਮਚੇ, ਅਖ਼ਬਾਰਾਂ ਆਦਿ ਪ੍ਰਮੁੱਖ ਹਨ।ਇਨ੍ਹਾਂ ਵਿੱਚੋਂ ਕੋਈ ਵੀ ਲਿਖਤ ਬੰਦਾ ਸਿੰਘ ਬਹਾਦਰ ਦੀ ਸਖਸ਼ੀਅਤ ਨੂੰ ਮੁੱਖ ਰੱਖ ਕੇ ਨਹੀਂ ਲਿਖੀ ਮਿਲਦੀ, ਸਗੋਂ ਉਸ ਸਮੇਂ ਦੇ ਹਾਲਾਤਾਂ ਵਿੱਚ ਬੰਦਾ ਸਿੰਘ ਬਾਰੇ ਜ਼ਿਕਰ ਮਿਲਦੇ ਹਨ, ਉਸ ਦੀਆਂ ਜਿੱਤਾਂ, ਹਾਰਾਂ, ਹਮਲਿਆਂ, ਸ਼ਹੀਦੀ ਦਾ ਵਰਨਣ ਹੈ।ਪਰ ਬੱਝਵੇਂ ਰੂਪ ਵਿੱਚ ਬੰਦਾ ਸਿੰਘ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ।ਇੱਕ ਪਾਸੇ ਜਿਥੇ ਮੁਸਲਮਾਨ ਲਿਖਾਰੀਆਂ ਨੇ ਬਹੁਤ ਕੁਝ ਸਮੇਂ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਲਿਖਿਆ ਹੈ, ਉਥੇ ਮਜ਼ਹਬੀ ਫਿਰਕੂ ਜ਼ਹਿਨੀਅਤ ਵੀ ਭਾਰੂ ਸੀ, ਜਿਸ ਕਰਕੇ ਬੰਦਾ ਸਿੰਘ ਦੇ ਹਮਲਿਆਂ ਨੂੰ ਅਧਾਰ ਬਣਾ ਕੇ ਉਸਨੂੰ ਜ਼ਾਬਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸਦੇ ਨਾਲ ਜਾਨਾਂ ਹੂਲ ਕੇ ਲੜਨ ਵਾਲਿਆਂ ਨੂੰ ਚੋਰ, ਕਾਤਲ, ਲੁਟੇਰੇ ਆਦਿ ਸਾਬਿਤ ਕੀਤਾ ਗਿਆ ਹੈ।ਦੂਜੇ ਪਾਸੇ ਸਿੱਖ ਲੇਖਕਾਂ ਨੇ ਮੌਕੇ ਦੀਆਂ ਕਾਬਿਜ਼ ਧਿਰਾਂ (ਤੱਤ ਖਾਲਸਾ) ਨੂੰ ਸਥਾਪਿਤ ਕਰਨ ਤੇ ਖੁਸ਼ ਕਰਨ ਲਈ ਬਹੁਤ ਕੁਝ ਅਜਿਹਾ ਲਿਖਿਆ ਹੈ, ਜਿਸ ਨਾਲ ਬੰਦਾ ਸਿੰਘ ਦੀ ਸਖਸ਼ੀਅਤ ਨੂੰ ਪੂਰੀ ਤਰ੍ਹਾਂ ਦਾਗਦਾਰ ਕੀਤਾ ਜਾਵੇ, ਉਸਨੂੰ ਗੁਰੂ ਦੋਖੀ ਸਾਬਿਤ ਕੀਤਾ ਜਾਵੇ।ਅਨੇਕਾਂ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਬੰਦਾ ਸਿੰਘ ਨਾਲ ਜੋੜ ਕੇ ਉਸਦੀ ਕਿਰਦਾਰਕੁਸ਼ੀ ਕੀਤੀ ਗਈ ਹੈ।ਇਥੋਂ ਤੱਕ ਕਿ ਰਤਨ ਸਿੰਘ ਭੰਗੂ, ਕਵੀ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਕਰਮ ਸਿੰਘ ਹਿਸਟੋਰੀਅਨ ਤੇ ਉਨ੍ਹਾਂ ਦੀ ਨਕਲ ਕਰਕੇ ਕਈ ਹੋਰ ਸਿੱਖ ਲੇਖਕਾਂ ਨੇ ਬੰਦਾ ਸਿੰਘ ਦੀ ਸ਼ਹਾਦਤ ਨੂੰ ਇਸ ਢੰਗ ਨਾਲ ਨਕਾਰਿਆ ਹੈ ਕਿ ਮੁਗਲਾਂ ਨੇ ਤਸੀਹੇ ਦੇ ਕੇ ਸੁੱਟ ਦਿੱਤਾ ਸੀ ਤੇ ਉਹ ਬਚ ਕੇ ਕਸ਼ਮੀਰ ਦੀਆਂ ਪਹਾੜੀਆਂ ਵਿੱਚ ਲੁਕ ਕੇ ਰਹਿੰਦਾ ਰਿਹਾ ਤੇ 70 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋਈ, ਜਿਸ ਦੌਰਾਨ ਉਸਨੇ 2-3 ਹੋਰ ਵਿਆਹ ਵੀ ਕਰਵਾਏ ਸਨ।ਸਿੱਖ ਇਤਿਹਾਸਕਾਰਾਂ ਨੇ ਬੰਦਾ ਸਿੰਘ ਨਾਲ ਬੜਾ ਅਨਰਥ ਕੀਤਾ ਹੈ, ਜਦ ਕਿ ਉਸਦੀ ਸ਼ਹਾਦਤ ਬਾਰੇ ਫਾਰਸੀ ਦੀਆਂ ਸਮਕਾਲੀ ਰਚਨਾਵਾਂ 'ਅਖ਼ਬਾਰ-ਏ-ਦਰਬਾਰ-ਏ-ਮੁਅੱਲਾ', ਮੁਹੰਮਦ ਕਾਸਿਮ ਦਾ 'ਇਬਰਤਨਾਮਾ', ਮਿਰਜ਼ਾ ਮੁਹੰਮਦ ਦਾ 'ਇਬਰਤਨਾਮਾ', ਹਾਜ਼ੀ ਕਾਮਵਰ ਖਾਨ ਦਾ 'ਤਜ਼ਕਿਰਾਤ-ਉਲ-ਸਲਾਤੀਨ ਚੁਗੱਤਾ', ਖਾਫੀ ਖਾਨ ਦੀ ਲਿਖਤ 'ਮੂਮਤਖਾਬ-ਉਲ-ਲੁਬਾਬ' ਵਿੱਚ ਕਾਫੀ ਜ਼ਿਕਰ ਆਉਂਦਾ ਹੈ ਕਿ ਬੰਦਾ ਸਿੰਘ ਬਹਾਦਰ, ਉਸਦੇ ਪੁੱਤਰ ਤੇ 700 ਤੋਂ ਵੱਧ ਸਾਥੀਆਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ।
ਕੇਸਰ ਸਿੰਘ ਛਿੱਬਰ ਦੇ 'ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ' ਦੇ ਸਮਕਾਲੀ ਕੋਇਰ ਸਿੰਘ ਨੇ 'ਗੁਰ ਬਿਲਾਸ ਪਾਤਸ਼ਾਹੀ 10' ਅਤੇ ਸਰੂਪ ਸਿੰਘ ਕੌਸ਼ਿਸ਼ ਨੇ 'ਗੁਰੂ ਕੀਆਂ ਸਾਖੀਆਂ' ਤਕਰੀਬਨ 18ਵੀਂ ਸਦੀ ਦੇ ਅਖੀਰ ਵਿੱਚ ਮਿਸਲਾਂ ਦੇ ਦੌਰ ਵਿੱਚ ਹੀ ਲਿਖੀਆਂ ਸਨ।ਸਿੱਖ ਇਤਿਹਾਸਕਾਰਾਂ ਦੀਆਂ ਬਾਕੀ ਸਾਰੀਆਂ ਕਿਤਾਬਾਂ 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਂ ਉਸਦੀ ਮੌਤ ਤੋਂ ਬਾਅਦ ਤੇ ਅੰਗਰੇਜਾਂ ਦੇ ਪੰਜਾਬ ਤੇ ਕਬਜੇ ਦੌਰਾਨ ਲਿਖੀਆਂ ਮਿਲਦੀਆਂ ਹਨ।ਜਿਨ੍ਹਾਂ ਵਿੱਚੋਂ ਕਵੀ ਸੰਤੋਖ ਸਿੰਘ ਦਾ 'ਸੂਰਜ ਪ੍ਰਕਾਸ਼ ਗ੍ਰੰਥ', ਰਤਨ ਸਿੰਘ ਭੰਗੂ ਦਾ 'ਪ੍ਰਾਚੀਨ ਪੰਥ ਪ੍ਰਕਾਸ਼', ਗਿਆਨੀ ਗਿਆਨ ਸਿੰਘ ਦਾ 'ਸ੍ਰੀ ਗੁਰ ਪੰਥ ਪ੍ਰਕਾਸ਼', ਸਰੂਪ ਦਾਸ ਭੱਲਾ ਦਾ 'ਮਹਿਮਾ ਪ੍ਰਕਾਸ਼' ਦੇ ਨਾਮ ਵਰਤਨਣਯੋਗ ਹਨ।ਬਾਕੀ ਦੇ ਤਕਰੀਬਨ ਸਾਰੇ ਪੰਜਾਬੀ, ਭਾਰਤੀ ਜਾਂ ਅੰਗਰੇਜ਼ ਲਿਖਾਰੀਆਂ ਨੇ ਇਨ੍ਹਾਂ ਦੀਆਂ ਰਚਨਾਵਾਂ ਨੂੰ ਹੀ ਆਪਣੀਆਂ ਪੁਸਤਕਾਂ ਦਾ ਅਧਾਰ ਬਣਾਇਆ ਹੈ।ਰਤਨ ਸਿੰਘ ਭੰਗੂ ਤੇ ਕਰਮ ਸਿੰਘ ਹਿਸਟੋਰੀਅਨ ਨੇ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਵੱਧ ਕਿਰਦਾਰਕੁਸ਼ੀ ਕੀਤੀ ਹੈ।20ਵੀਂ ਸਦੀ ਦੇ ਤਕਰੀਬਨ ਸਾਰੇ ਲੇਖਕਾਂ ਨੇ ਸਥਾਪਤੀ ਨੂੰ ਖੁਸ਼ ਕਰਨ ਲਈ ਜੋ ਪ੍ਰਚਲਤ ਹੋ ਚੁੱਕਾ ਸੀ, ਉਸ ਤੇ ਮੋਹਰ ਹੀ ਲਗਾਈ ਹੈ, ਖੋਜ ਕਰਕੇ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ।ਡਾ. ਗੰਡਾ ਸੰਘ ਨੇ ਬੇਸ਼ਕ ਫਾਰਸੀ ਦੀਆਂ ਰਚਨਾਵਾਂ ਨੂੰ ਅਧਾਰ ਬਣਾ ਕੇ ਕੁਝ ਨਵੇਂ ਪੱਖ ਉਭਾਰੇ ਸਨ, ਪਰ ਵਿਰੋਧੀ ਦਾ ਅਸਲ ਨੁਕਤਾ ਨਾ ਸਮਝਣ ਕਰਕੇ ਬਹੁਤ ਜਗ੍ਹਾ ਟਪਲ਼ੇ ਖਾਧੇ ਹਨ।
ਬੰਦਾ ਸਿੰਘ ਬਹਾਦਰ ਨੂੰ ਨੀਵਾਂ ਦਿਖਾਉਣ, ਉਸਦੀ ਕਿਰਦਾਰਕੁਸ਼ੀ, ਉਸਨੂੰ ਗੁਰੂ ਦੋਖੀ ਦਰਸਾਉਣ ਵਿੱਚ ਮੁਸਲਮਾਨ ਲੇਖਕਾਂ ਦੀ ਸਮਝ ਤਾਂ ਸਭ ਨੂੰ ਨਜ਼ਰ ਆਉਂਦੀ ਰਹੀ ਹੈ ਕਿਉਂਕਿ ਉਸਨੇ ਨਾ ਸਿਰਫ ਜ਼ਾਲਮ ਮੁਗਲਾਂ ਹਾਕਮਾਂ ਨੂੰ ਸਜ਼ਾਵਾਂ ਦਿੱਤੀਆਂ, ਸਗੋਂ ਉਨ੍ਹਾਂ ਦਾ ਰਾਜ ਭਾਗ ਵੀ ਖੋਹ ਲਿਆ ਸੀ।ਪਰ ਤਕਰੀਬਨ ਬਹੁਤੇ ਨਵੇਂ ਸਿੱਖ ਲੇਖਕ ਜਾਂ ਖੋਜੀ, ਇਹ ਨੁਕਤਾ ਨਹੀਂ ਸਮਝ ਸਕੇ ਕਿ 18ਵੀਂ ਤੇ 19ਵੀਂ ਸਦੀ ਦੇ ਸਾਰੇ ਲੇਖਕ ਉਸ ਸਮੇਂ ਦੀਆਂ ਕਾਬਿਜ ਧਿਰਾਂ ਦੀ ਨੁਮਾਇੰਦਗੀ ਕਰਨ ਵਾਲੇ ਅਤੇ ਸਿੱਖੀ ਤੇ ਕਾਬਿਜ ਹੋ ਚੁੱਕੀ ਬ੍ਰਾਹਮਣਾਦੀ ਪੁਜਾਰੀ ਸ਼੍ਰੇਣੀ ਦੇ ਪ੍ਰਭਾਵ ਵਿੱਚ ਸਨ, ਜਿਨ੍ਹਾਂ ਨੇ ਬੰਦਾ ਸਿੰਘ ਬਾਰੇ ਹੀ ਨਹੀਂ, ਗੁਰੂ ਸਾਹਿਬਾਨ ਬਾਰੇ ਵੀ ਬੜਾ ਕੁਫਰ ਤੋਲਿਆ ਹੋਇਆ ਹੈ, ਜਿਸਨੂੰ ਨਵੇਂ ਸਿੱਖ ਵਿਦਵਾਨਾਂ ਨੇ ਇਤਿਹਾਸ ਦੇ ਸੋਮਿਆਂ (ਅਖੌਤੀ) ਨੂੰ ਬਚਾਉਣ ਲਈ ਲੁਕਾ ਲਿਆ ਜਾਂਦਾ ਰਿਹਾ ਹੈ।ਦੂਜਾ ਪੱਖ ਇਹ ਹੈ ਕਿ 18ਵੀਂ ਤੇ 19ਵੀਂ ਸਦੀ ਦੇ ਇਤਿਹਾਸ ਦੀ ਗੁਰਬਾਣੀ ਨਜ਼ਰੀਏ ਤੋਂ ਪਰਖ-ਪੜਚੋਲ ਕਰਕੇ ਖੋਜ ਰਾਹੀਂ ਸੱਚ ਸਾਹਮਣੇ ਲਿਆਉਣ ਦੀ ਥਾਂ 20ਵੀਂ ਤੇ 21ਵੀਂ ਸਦੀ ਦੇ ਵਿਦਵਾਨਾਂ ਨੇ ਮੌਜੂਦਾ ਕਾਬਿਜ਼ ਧਿਰਾਂ ਦੇ ਡਰ ਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਸਿਰਫ ਸੌਖੀ ਪੰਜਾਬੀ (ਪੁਰਾਣੇ ਗ੍ਰੰਥ ਕਵਿਤਾ ਵਿੱਚ ਹਨ) ਜਾਂ ਸੌਖੀ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਮੱਖੀ ਤੇ ਮੱਖੀ ਹੀ ਮਾਰੀ ਹੈ, ਹੋਰ ਕੁਝ ਨਹੀਂ ਕੀਤਾ।

ਜਿਸ ਨਾਲ ਇਤਿਹਾਸ ਦੇ ਹੀਰੋ ਜ਼ੀਰੋ ਹਨ ਅਤੇ ਮੁਗਲਾਂ ਤੇ ਅੰਗਰੇਜ਼ਾਂ ਦੇ ਹੀਰੋ ਸਿੱਖਾਂ ਦੇ ਹੀਰੋ ਬਣਾਏ ਹੋਏ ਹਨ।ਜਦੋਂ ਅਸੀਂ ਬੰਦਾ ਸਿੰਘ ਬਹਾਦਰ ਬਾਰੇ ਪਾਏ ਭੁਲੇਖਿਆਂ ਬਾਰੇ ਵਿਚਾਰ ਕਰਦੇ ਹਾਂ ਤਾਂ ਕੁਝ ਗੱਲਾਂ ਪ੍ਰਮੁੱਖ ਤੌਰ ਤੇ ਸਾਹਮਣੇ ਆਉਂਦੀਆਂ ਹਨ।ਜਿਨ੍ਹਾਂ ਬਾਰੇ ਵਿਚਾਰ ਤੇ ਖੋਜ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ।ਸਿੱਖ ਲੇਖਕਾਂ ਨੇ ਬੰਦਾ ਸਿੰਘ ਬਾਰੇ ਕਿਹਾ ਹੈ ਕਿ ਉਸਦਾ ਰਾਜ ਕੁਝ ਸਾਲਾਂ ਵਿੱਚ ਇਸ ਲਈ ਸਮਾਪਤ ਹੋ ਗਿਆ ਸੀ ਕਿਉਂਕਿ ਉਸਨੇ ਗੁਰੂ ਦੇ ਹੁਕਮ ਤੋਂ ਉਲਟ ਵਿਆਹ ਕਰਵਾ ਲਿਆ ਸੀ, ਜਿਸ ਨਾਲ ਗੁਰੂ ਤੋਂ ਮਿਲੀ ਸ਼ਕਤੀ ਖਤਮ ਹੋ ਗਈ ਸੀ।ਜਿਸ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਬੰਦਾ ਸਿੰਘ ਨੂੰ ਵਿਆਹ ਤੋਂ ਰੋਕਿਆ ਸੀ, ਉਸੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਨ੍ਹਾਂ ਗ੍ਰੰਥਾਂ ਵਿੱਚ ਹੀ ਲਿਖਿਆ ਹੈ ਕਿ ਉਨ੍ਹਾਂ ਤਿੰਨ ਵਿਆਹ ਕਰਾਏ ਸਨ? ਜਿਹੜਾ ਬੰਦਾ ਆਪ ਤਿੰਨ ਵਿਆਹ ਕਰਾ ਸਕਦਾ, ਉਹ ਹੋਰ ਕਿਸੇ ਨੂੰ ਕਿਵੇਂ ਜਾਂ ਕਿਸ ਅਧਾਰ ਤੇ ਰੋਕ ਸਕਦਾ, ਜਦੋ ਸਾਰੇ ਗੁਰੂਆਂ ਨੇ ਵਿਆਹ ਕਰਾਏ ਹੋਏ ਸਨ? ਇਨ੍ਹਾਂ ਇਤਿਹਾਸਕਾਰਾਂ ਅਨੁਸਾਰ ਬੰਦਾ ਸਿੰਘ ਨੇ ਗੁਰੂ ਸਾਹਿਬ ਦੇ ਹੁਕਮ ਤੋਂ ਉਲਟ ਆਪਣੇ ਆਪ ਨੂੰ 'ਗਿਆਰਵਾਂ ਗੁਰੂ' ਕਹਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਇਸਦੇ 'ਸਿੱਖ' ਆਪਣੇ ਆਪ ਨੂੰ 'ਬੰਦਈ ਖਾਲਸਾ' ਕਹਾਉਂਦੇ ਸਨ ਅਤੇ 'ਗੁਰੂ ਫਤਹਿ' ਦੀ ਥਾਂ ਮਿਲਣ ਵੇਲੇ 'ਫਤਹਿ ਦਰਸ਼ਨ' ਕਹਿੰਦੇ ਸਨ? ਪੁਰਾਣੀਆਂ ਲਿਖਤਾਂ ਵਿੱਚ ਕਿਤੇ ਵੀ 'ਫਤਹਿ ਦਰਸ਼ਨ' ਜਾਂ ਮੌਜੂਦਾ ਪ੍ਰਚਲਤ 'ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫਾਤਹਿ॥ ਦਾ ਜ਼ਿਕਰ ਨਹੀਂ ਮਿਲਦਾ, ਇਹ ਬਹੁਤ ਬਾਅਦ ਵਿੱਚ ਮਿਸਲਾਂ ਦੇ ਸਮੇਂ, ਜਦੋਂ ਤੱਤ ਖਾਲਸਾ (ਗੁਰੂ ਘਰ ਵਿਰੋਧੀ ਤਾਕਤਾਂ) ਕਾਬਿਜ਼ ਹੋ ਗਈਆਂ ਸਨ, ਉਨ੍ਹਾਂ ਵਲੋਂ ਬੰਦਾ ਸਿੰਘ ਨੂੰ ਬਦਨਾਮ ਕਰਨ ਲਈ ਕਹਾਣੀਆਂ ਘੜੀਆਂ ਗਈਆਂ, ਜਦਕਿ ਬੰਦਾ ਸਿੰਘ ਵਲੋਂ ਜਾਰੀ ਸਿੱਕਿਆਂ ਉਪਰ ਉਸਨੇ ਆਪਣੇ ਨਾਮ ਦੀ ਥਾਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸ਼ਬਦ ਲਿਖੇ ਸਨ।

ਮੈਂ ਬਾਬਾ ਬੰਦਾ ਸਿੰਘ ਬਾਰੇ ਕਾਫੀ ਕਿਤਾਬਾਂ ਪੜ੍ਹੀਆਂ ਹਨ, ਜੇ ਸਭ ਤੋਂ ਵਧੀਆ ਖੋਜ ਵਾਲੀ ਕਿਤਾਬ ਹੈ ਤਾਂ ਉਹ ਡਾ. ਸੁਖਦਿਆਲ ਸਿੰਘ ਦੀ 'ਬੰਦਾ ਸਿੰਘ ਬਹਾਦਰ: ਇਤਿਹਾਸਕ ਅਧਿਐਨ' ਕਹੀ ਜਾ ਸਕਦੀ, ਬੇਸ਼ਕ ਉਹ ਵੀ ਆਪਣੀ ਖੋਜ ਦੇ ਸਿੱਟੇ ਲਿਖਣ ਵੇਲੇ ਮੌਜੂਦਾ ਪ੍ਰਚਲਤ ਪ੍ਰੰਪਰਾਵਾਂ ਨੂੰ ਧਿਆਨ ਵਿੱਚ ਰੱਖ ਕੇ ਜਾਂ ਮੌਜੂਦਾ ਕਬਿਜ਼ ਧਿਰਾਂ ਵਲੋਂ ਹੋਣ ਵਾਲੇ ਵਿਰੋਧ ਨੂੰ ਮੁੱਖ ਰੱਖ ਕੇ ਬਹੁਤ ਕੁਝ ਲੁਕੋ ਗਿਆ, ਪਰ ਫਿਰ ਵੀ ਤੁਸੀਂ ਉਸਦੀ ਖੋਜ ਦੇ ਅਧਾਰ ਤੇ ਸਪੱਸ਼ਟ ਤੌਰ ਤੇ ਇਸ ਫੈਸਲੇ ਤੇ ਪਹੁੰਚ ਸਕਦੇ ਹੋ ਕਿ ਬੰਦਾ ਸਿੰਘ ਬਹਾਦਰ ਨਾ ਤੇ ਕੋਈ ਬੈਰਾਗੀ ਸੀ, ਨਾ ਹੀ ਕੋਈ ਕਰਾਮਾਤੀ ਸਾਧ ਸੀ, ਉਹ ਗੁਰੂ ਸਾਹਿਬ ਵਲੋਂ ਸ਼ਹਿਜ਼ਾਦਾ ਮੁਅੱਜਮ (ਔਰੰਗਜ਼ੇਬ ਦਾ ਪੁੱਤਰ ਜੋ ਬਾਅਦ ਵਿੱਚ ਬਹਾਦਰ ਸ਼ਾਹ ਦੇ ਨਾਮ ਹੇਠ ਭਾਰਤ ਦਾ ਬਾਦਸ਼ਾਹ ਬਣਿਆ ਸੀ), ਜੋ ਕਿ ਉਸ ਵਕਤ ਕਾਬੁਲ ਤੇ ਲਾਹੌਰ ਦਾ ਗਵਰਨਰ ਸੀ ਤੇ ਗੁਰੂ ਘਰ ਦਾ ਸ਼ਰਧਾਲੂ ਸੀ, ਦੀ ਸਿੱਖ ਫੌਜ ਦੀ ਟੁਕੜੀ ਦਾ ਜਰਨੈਲ ਸੀ, ਜਿਹੜੀ ਫੌਜ ਗੁਰੂ ਸਾਹਿਬ ਦੀ ਸਹਿਮਤੀ ਨਾਲ ਸ਼ਹਿਜ਼ਾਦਾ ਮੁਅੱਜਮ ਨੇ ਬਣਾਈ ਸੀ, ਇਸ ਫੌਜ ਦੀ ਟੁਕੜੀ ਨੂੰ 'ਗੁਰੂ ਕੀ ਫੌਜ' ਤੇ ਉਸਦੇ ਜਰਨੈਲ ਨੂੰ 'ਗੁਰੂ ਕਾ ਬੰਦਾ' ਕਿਹਾ ਜਾਂਦਾ ਸੀ।ਬਾਬਾ ਬੰਦਾ ਸਿੰਘ ਬਹਾਦਰ ਹੀ ਉਸਦਾ ਜਰਨੈਲ ਸੀ।ਇਸ ਸਬੰਧੀ ਟੁੱਟਵੀਆਂ ਗਵਾਹੀਆਂ ਡਾ. ਗੰਡਾ ਸਿੰਘ ਦੀ ਕਿਤਾਬ 'ਹੁਕਮਨਾਮੇ', ਕੇਸਰ ਸਿੰਘ ਛਿੱਬਰ ਦੀ 'ਬੰਸਾਵਲੀਨਾਮਾ', ਸਰੂਪ ਦਾਸ ਭੱਲਾ ਦੀ 'ਮਹਿਮਾ ਪ੍ਰਕਾਸ਼', ਕੋਇਰ ਸਿੰਘ ਦੀ 'ਗੁਰ ਬਿਲਾਸ ਪਾਤਸ਼ਾਹੀ ਦਸਵੀਂ', ਸਮਕਾਲੀ ਫਾਰਸੀ ਅਖ਼ਬਾਰ 'ਅਖ਼ਬਾਰ-ਦਰਬਾਰ-ਏ-ਮੁਲਾਲਾ', ਪਿਆਰਾ ਸਿੰਘ ਪਦਮ ਦੀ 'ਰਹਿਤਨਾਮੇ', ਵਿਲੀਅਮ ਇਰਵਿਨ ਦੀ 'ਲੇਟਰ ਮੁਗਲਜ਼' ਵਿੱਚੋਂ ਵੀ ਮਿਲਦੀਆਂ ਹਨ।

ਅਸਲ ਵਿੱਚ ਔਰੰਗਜੇਬ ਦੀ ਮੌਤ ਤੋਂ ਬਾਅਦ ਗੁਰੂ ਕੀਆਂ ਫੌਜਾਂ ਨੇ ਗੁਰੂ ਸਾਹਿਬ ਦੇ ਹੁਕਮ ਤੇ ਬਹਾਦਰ ਸ਼ਾਹ ਨੂੰ ਬਾਦਸ਼ਾਹ ਬਣਾਉਣ ਵਿੱਚ ਮੱਦਦ ਕੀਤੀ ਸੀ, ਗੁਰੂ ਸਾਹਿਬ ਤੇ ਕੁਝ ਪ੍ਰਮੁੱਖ ਸਿੱਖ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਬਿਨੋਧ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਫਤਹਿ ਸਿੰਘ, ਭਾਈ ਰਾਮ ਸਿੰਘ ਤੇ ਬੰਦਾ ਸਿੰਘ ਬਹਾਦਰ) ਆਗਰੇ ਬਹਾਦਰ ਸ਼ਾਹ ਦੀ ਤਾਜ਼ਪੋਸ਼ੀ ਵਿੱਚ ਵੀ ਸ਼ਾਮਿਲ ਹੋਏ ਸਨ, ਉਥੋਂ ਹੀ ਸਾਰੇ ਫੌਜ ਸਮੇਤ ਬਹਾਦਰ ਸ਼ਾਹ ਦੇ ਨਾਲ ਦੱਖਣ ਨੂੰ ਗਏ ਸਨ, ਜਿਥੇ ਗੁਰੂ ਸਾਹਿਬ ਤੇ ਸਰਹਿੰਦ ਦੇ ਸੂਬੇਦਾਰ ਵਜੀਦ ਖਾਨ ਵਲੋਂ ਭੇਜੇ ਪਠਾਣਾਂ ਵਲੋਂ ਹਮਲਾ ਕਰਨ ਤੇ ਗੁਰੂ ਸਾਹਿਬ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।ਡਾ. ਸੁਖਦਿਆਲ ਸਿੰਘ ਦੀ ਖੋਜ ਅਨੁਸਾਰ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਆਪਣਾ ਉਤਰ ਅਧਿਕਾਰੀ (ਸ਼ਾਇਦ ਡਾ. ਸਾਹਿਬ ਕਿਸੇ ਵਿਵਾਦ ਤੋਂ ਬਚਣ ਲਈ 'ਗੁਰੂ' ਕਹਿਣ ਤੋਂ ਝਕ ਗਏ) ਚੁਣ ਗਏ ਤੇ ਉਸ ਨਾਲ ਪੰਜ ਸਿੰਘ ਸਲਾਹ ਮਸ਼ਵਰੇ ਲਈ ਵੀ ਲਗਾ ਦਿੱਤੇ ਸਨ।ਗੁਰੂ ਸਾਹਿਬ ਦੀਆਂ ਅੰਤਿਮ ਰਸਮਾਂ ਕਰਨ ਤੋਂ ਬਾਅਦ ਹੀ ਸਾਰੇ ਸਿੱਖ ਬੰਦਾ ਸਿੰਘ ਦੀ ਅਗਵਾਈ ਵਿੱਚ ਪੰਜਾਬ ਵੱਲ ਆਏ ਸਨ।ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਅਨੁਸਾਰ ਹੀ ਸਾਰੇ ਸਿੱਖ ਬੰਦਾ ਸਿੰਘ ਬਹਾਦਰ ਨਾਲ ਜੁੜ ਗਏ ਸਨ ਅਤੇ ਉਹ ਆਉਂਦੇ ਹੀ ਲੜਾਈ ਵਿੱਚ ਫਸ ਗਏ।ਦੂਜੇ ਪਾਸੇ ਗੁਰੂ ਪਰਿਵਾਰਾਂ ਨਾਲ ਜੁੜੇ ਹੋਏ ਲੋਕ ਮਾਤਾ ਸੁੰਦਰੀ ਤੇ ਭਾਈ ਮਨੀ ਸਿੰਘ ਦੀ ਅਗਵਾਈ ਵਿੱਚ ਜੁੜ ਗਏ, ਉਹ ਇਹ ਨਹੀਂ ਚਾਹੁੰਦੇ ਸਨ ਕਿ ਗੁਰੂ ਪਰਿਵਾਰ ਤੋਂ ਬਹਾਰੋਂ ਕੋਈ ਵਿਅਕਤੀ ਅਗਲਾ ਗੁਰੂ ਬਣੇ, ਇਸ ਲਈ ਮਾਤਾ ਸੁੰਦਰੀ ਨੇ ਇੱਕ ਨੌਜਵਾਨ ਅਜੀਤ ਸਿੰਘ ਗੋਦ ਲਿਆ, ਜਿਸਨੂੰ ਗੁਰੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ (ਇਸ ਸਬੰਧੀ ਅਨੇਕਾਂ ਗਵਾਹੀਆਂ ਵੱਖ-ਵੱਖ ਕਿਤਾਬਾਂ ਵਿੱਚ ਮਿਲਦੀਆਂ ਹਨ), ਇਹ ਗਵਾਹੀਆਂ ਵੀ ਮਿਲਦੀਆਂ ਹਨ ਕਿ ਬਹਾਦਰ ਸ਼ਾਹ ਤੋਂ ਅਜੀਤ ਸਿੰਘ ਨੂੰ ਗੁਰੂ ਦੀ ਮਾਨਤਾ ਦਿਵਾੳਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।ਬੰਦਾ ਸਿੰਘ ਨੂੰ ਰੋਕਣ ਲਈ ਅਜਿਹੀਆਂ ਅਫਵਾਹਾਂ ਵੀ ਫੈਲਾਈਆਂ ਗਈਆਂ ਕਿ ਗੁਰੂ ਸਾਹਿਬ ਦੀ ਤਾਂ ਮੌਤ ਹੀ ਨਹੀਂ ਹੋਈ ਸੀ, ਉਹ ਅਲੋਪ ਹੋ ਗਏ ਸਨ ਤੇ ਜਲਦੀ ਵਾਪਿਸ ਆਉਣਗੇ ਤੇ ਬੰਦੇ ਦੇ ਖਾਲਸੇ ਝੂਠ ਬੋਲਦੇ ਹਨ ਕਿ ਉਸਨੂੰ ਗੁਰੂ ਬਣਾਇਆ ਸੀ।

ਇਹ ਵੀ ਵਰਨਣਯੋਗ ਹੈ ਕਿ ਮੌਜੂਦਾ ਕੂਕਾ ਫਿਰਕਾ ਇਸ ਅਫਵਾਹ ਦੇ ਆਧਾਰ ਤੇ ਹੀ ਬਣਿਆ ਸੀ ਕਿ ਗੁਰੂ ਸਾਹਿਬ ਬਹੁਤ ਸਾਲ ਕਿਤੇ ਲੁਕ ਕੇ ਅਜੈਪਾਲ ਸਿੰਘ ਦੇ ਰੂਪ ਵਿੱਚ ਰਹੇ ਸਨ ਤੇ ਅਖੀਰ ਵਿੱਚ ਬਾਬਾ ਬਾਲਕ ਸਿੰਘ ਨੂੰ ਗਿਆਰਵਾਂ ਗੁਰੂ ਬਣਾ ਕੇ ਗਏ ਸਨ ਤੇ ਹੁਣ ਤੱਕ ਉਨ੍ਹਾਂ ਦੀ ਇਹ ਗੁਰੂ ਪ੍ਰੰਪਰਾ ਚੱਲ ਰਹੀ ਹੈ ਤੇ ਹੁਣ ਉਨ੍ਹਾਂ ਦਾ ਸੋਲਵਾਂ ਗੁਰੂ ਚੱਲ ਰਿਹਾ ਹੈ।ਜਦੋਂ ਗੁਰੂ ਕਿਆਂ ਦੀਆਂ ਬੰਦਾ ਸਿੰਘ ਨੂੰ ਰੋਕਣ ਦੀਆਂ ਸਾਰੀਆਂ ਚਾਲਾਂ ਅਸਫਲ ਹੋ ਗਈਆਂ ਤਾਂ ਡਾ. ਸੁਖਦਿਆਲ ਸਿੰਘ ਅਤੇ ਰਤਨ ਸਿੰਘ ਭੰਗੂ ਦੇ 'ਪ੍ਰਾਚੀਨ ਪੰਥ ਪ੍ਰਕਾਸ਼' (ਕਈ ਹੋਰ ਲਿਖਤਾਂ ਵੀ ਇਸ ਤਰ੍ਹਾਂ ਦੀਆਂ ਹਨ) ਅਨੁਸਾਰ ਗੁਰੂ ਸਾਹਿਬ ਵਲੋਂ ਭੇਜੇ ਦੋ ਸਿੰਘਾਂ (ਦੋਨੋਂ ਗੁਰੂ ਪਰਿਵਾਰਾਂ ਵਿੱਚੋਂ ਸਨ) ਭਾਈ ਬਿਨੋਧ ਸਿੰਘ ਤੇ ਭਾਈ ਕਾਨ੍ਹ ਸਿੰਘ ਅਤੇ ਉਨ੍ਹਾਂ ਦੇ ਹਜਾਰਾਂ ਸਾਥੀ,  ਬਾਬਾ ਬੰਦਾ ਸਿੰਘ ਨੂੰ ਛੱਡ ਕੇ ਮੁਗਲਾਂ ਨਾਲ ਜਾ ਰਲ਼ੇ ਸਨ (ਕਾਹਨ ਸਿੰਘ ਮੁਗਲਾਂ ਦਾ ਤਨਖਾਹਦਾਰ ਜਰਨੈਲ ਸੀ), ਇਨ੍ਹਾਂ ਵਲੋਂ ਮੁਗਲਾਂ ਦੀ ਵਰਦੀ 'ਨੀਲਾ ਬਾਣਾ' ਪਾ ਲਿਆ ਸੀ, ਅੱਜ ਦੇ ਸਰਕਾਰੀ ਨਿਹੰਗ ਉਨ੍ਹਾਂ ਦੇ ਹੀ ਵਾਰਿਸ ਹਨ।

ਮੌਜੂਦਾ ਨਿਹੰਗ ਬੁੱਢਾ ਦੱਲ ਦਾ ਪਹਿਲਾ ਮੁੱਖੀ ਵੀ 'ਭਾਈ ਬਿਨੋਧ ਸਿੰਘ' ਹੀ ਸੀ ਤੇ ਕਾਹਨ ਸਿੰਘ ਇਸਦਾ ਪੁੱਤਰ ਸੀ।ਸਿੱਖ ਇਤਹਿਾਸ ਵਿੱਚ ਬਹੁਤੀਆਂ ਗੜਬੜਾਂ ਵੀ ਬੁੱਢਾ ਦੱਲ ਨੇ ਹੀ ਕੀਤੀਆਂ ਹਨ।ਬੁੱਢਾ ਦੱਲ ਦਾ ਹੀ ਅੰਮ੍ਰਿਤਸਰ ਤੇ ਲੰਬਾ ਸਮਾਂ ਕਬਜਾ ਰਿਹਾ ਸੀ।ਇਨ੍ਹਾਂ ਨੇ ਹੀ ਨਿਰਮਲਿਆਂ ਨਾਲ ਰਲ਼ ਕੇ ਗ੍ਰੰਥ ਲਿਖੇ ਤੇ ਪੁਜਾਰੀਵਾਦ ਨੂੰ ਸਿੱਖੀ ਵਿੱਚ ਪੱਕਾ ਕੀਤਾ ਸੀ।ਇਨ੍ਹਾਂ ਵਿਚਲਾ ਹੀ ਕੋਈ ਵੱਖਰਾ ਹੋਇਆ ਧੜਾ ਅੱਜ ਦੀ ਦਮਦਮੀ ਟਕਸਾਲ ਹੈ (ਜਿਸ ਬਾਰੇ ਖੋਜ ਦੀ ਲੋੜ ਹੈ?)। ਗੁਰਬਾਣੀ ਵਿੱਚ ਕੁਝ ਫੁਰਮਾਨ ਮਿਲਦੇ ਹਨ ਕਿ 'ਨੀਲਾ ਬਾਣਾ' ਮੁਗਲਾਂ (ਮੁਸਲਮਾਨਾਂ) ਦਾ ਸੀ (ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ-ਆਸਾ ਦੀ ਵਾਰ ਪੰਨਾ 470)।ਸਿੰਘਾਂ ਦਾ ਬਾਣਾ ਬੰਦਾ ਸਿੰਘ ਵਾਲਾ ਸੀ, ਜਿਹੜਾ ਨਾ ਹਿੰਦੂਆਂ ਵਾਲਾ ਕੇਸਰੀ (ਭਗਵਾਂ) ਤੇ ਨਾ ਮੁਗਲਾਂ ਵਾਲਾ ਨੀਲਾ, ਸਗੋਂ ਬਸੰਤੀ ਤੇ ਸੁਰਮਈ ਸੀ।ਸਿੱਖ ਰਹਿਤ ਮਰਿਯਾਦਾ ਵਿੱਚ ਵੀ ਇਸ ਬਾਰੇ ਜ਼ਿਕਰ ਮਿਲਦਾ ਹੈ।ਰਤਨ ਸਿੰਘ ਭੰਗੂ (ਤੇ ਕੁਝ ਹੋਰ ਲਿਖਤਾਂ) ਅਨੁਸਾਰ ਭਾਈ ਨੰਦ ਲਾਲ (ਭਾਈ ਨੰਦ ਲਾਲ ਅਨੰਦਪੁਰ ਛੱਡਣ ਬਾਅਦ ਦੁਬਾਰਾ ਮੁਗਲ ਦਰਬਾਰ ਵਿੱਚ ਚਲਾ ਗਿਆ ਸੀ) ਨੇ ਮੁਗਲ ਬਾਦਸ਼ਾਹ ਫਰਖੁਸੀਅਰ ਦੇ ਹੁਕਮਾਂ ਅਨੁਸਾਰ ਵਿਚੋਲਗੀ ਕਰਕੇ ਮਾਤਾ ਸੁੰਦਰੀ ਤੇ ਭਾਈ ਮਨੀ ਸਿੰਘ ਤੋਂ ਬੰਦਾ ਸਿੰਘ ਖਿਲਾਫ ਹੁਕਮਨਾਮੇ ਜਾਰੀ ਕਰਾਏ ਸਨ ਤਾਂ ਕਿ ਉਹ ਹਥਿਆਰ ਸੁੱਟ ਕੇ ਗੁਰਦਾਸ ਨੰਗਲ ਗੜੀ ਵਿੱਚੋਂ ਬਾਹਰ ਆ ਜਾਏ।ਜਦੋਂ ਬੰਦਾ ਸਿੰਘ ਮਾਤਾ ਸੁੰਦਰੀ ਤੇ ਭਾਈ ਮਨੀ ਸਿੰਘ ਦੀਆਂ ਦੋ ਚਿੱਠੀਆਂ ਤੋਂ ਬਾਅਦ ਵੀ ਬਾਹਰ ਨਾ ਆਇਆ ਤਾਂ ਇਨ੍ਹਾਂ ਲਿਖਤਾਂ ਅਨੁਸਾਰ ਮਾਤਾ ਸੁੰਦਰੀ ਨੇ ਬੰਦਾ ਸਿੰਘ ਨੂੰ ਸਰਾਪ ਦੇ ਕੇ ਗੁਰੂ ਵਲੋਂ ਮਿਲੀ ਸਾਰੀ ਸ਼ਕਤੀ ਖੋਹ ਲਈ ਸੀ, ਜਿਸ ਨਾਲ ਬੰਦਾ ਸਿੰਘ ਕਮਜੋਰ ਹੋ ਗਿਆ ਤੇ ਫੜਿਆ ਗਿਆ।ਇਸ ਤਰ੍ਹਾਂ ਬੜੀ ਸਾਜ਼ਿਸ਼ ਕਰਕੇ ਬੰਦਾ ਸਿੰਘ ਨੂੰ ਠੀਕ ਉਸੇ ਤਰ੍ਹਾਂ ਗੜੀ ਵਿੱਚੋਂ ਬਾਹਰ ਕੱਢਿਆ ਗਿਆ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਦਾ ਕਿਲਾ ਛੱਡਣ ਲਈ ਮਜਬੂਰ ਕੀਤਾ ਗਿਆ ਸੀ।

ਜਿਸ ਤਰ੍ਹਾਂ ਮਗਰੋਂ ਗੁਰੂ ਸਾਹਿਬ ਤੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਹਮਲਾ ਕਰ ਦਿੱਤਾ ਸੀ, ਪਰ ਉਹ ਬਚ ਗਏ ਸਨ ਤੇ ਬਹੁਤ ਸਿੰਘ ਸ਼ਹੀਦ ਹੋ ਗਏ ਸਨ, ਪਰ ਬੰਦਾ ਸਿੰਘ ਤੇ ਉਸਦੇ 700 ਤੋਂ ਵੱਧ ਸਾਥੀ ਗ੍ਰਿਫਤਾਰ ਕਰਕੇ ਬਾਅਦ ਵਿੱਚ ਦਿੱਲੀ ਲਿਜਾ ਕੇ ਸ਼ਹੀਦ ਕੀਤੇ ਗਏ ਸਨ।ਬੰਦਾ ਸਿੰਘ ਨੂੰ ਸ਼ਹੀਦ ਕਰਨ ਤੋਂ ਬਾਅਦ ਭੰਗੂ ਦੀ ਲਿਖਤ ਅਨੁਸਾਰ ਹੀ ਤੱਤ ਖਾਲਸਾ (ਗੁਰੂ ਦੇ ਪਰਿਵਾਰ ਤੇ ਮੁਗਲਾਂ ਨਾਲ ਰਲ਼ੇ ਹੋਏ ਸਿੱਖਾਂ) ਨੇ ਬੰਦਈ ਖਾਲਸਿਆਂ (ਜੋ ਬੰਦਾ ਸਿੰਘ ਨੂੰ ਗੁਰੂ ਮੰਨਦੇ ਸਨ) ਹਰਾ ਕੇ (ਪਰਚੀਆਂ ਵੀ ਪਾਈਆਂ ਗਈਆਂ ਸਨ, ਮੱਲ ਵੀ ਘੁਲਾਏ ਗਏ ਤੇ ਬਾਅਦ ਵਿੱਚ ਬੰਦਈਆਂ ਦੇ ਮੁੱਖੀ ਸਿੰਘ (ਭਾਈ ਲਹੌਰਾ ਸਿੰਘ, ਭਾਈ ਸੰਗਤ ਸਿੰਘ, ਭਾਈ ਨਾਨੂੰ ਸਿੰਘ) ਮਾਰ ਦਿੱਤੇ ਗਏ ਸਨ ਤੇ ਬਹੁਤ ਇਨ੍ਹਾਂ ਨਾਲ ਰਲ਼ ਗਏ ਸਨ: ਭੰਗੂ)। 'ਗੁਰੂ ਮਾਨਿਓ ਗ੍ਰੰਥ' ਵਾਲੀ ਪ੍ਰੰਪਰਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ? ਜੇ ਗੁਰੂ ਸਾਹਿਬ ਨੇ 'ਗ੍ਰੰਥ' ਨੂੰ ਗੁਰਤਾ ਗੱਦੀ ਦੇ ਦਿੱਤੀ ਸੀ ਤਾਂ ਫਿਰ ਮਾਤਾ ਸੁੰਦਰੀ ਕਿਸ ਅਧਾਰ ਤੇ ਇੱਕ ਨੌਜਵਾਨ ਗੋਦ ਲੈ ਕੇ ਉਸਨੂੰ ਗੁਰੂ ਬਣਾ ਰਹੀ ਸੀ? ਜੇ ਗੁਰੂ ਸਾਹਿਬ ਦਾ ਹੁਕਮ ਸਭ ਨੇ ਮੰਨ ਲਿਆ ਸੀ ਤਾਂ 'ਬੰਦਈ ਖਾਲਸਾ' ਤੇ 'ਤੱਤ ਖਾਲਸਾ' ਕਿਥੋਂ ਆਏ? ਫਿਰ 'ਪਰਚੀਆਂ ਪਾਉਣ' ਤੇ 'ਮੱਲ ਘੁਲਾਉਣ' ਦੀ ਲੋੜ ਕਉਂ ਪਈ? ਜਿਹੜੇ ਦੋਹਰੇ ਅਸੀਂ ਅੱਜ ਪੜ੍ਹਦੇ ਹਾਂ, ਇਹ ਸਾਰੇ 18ਵੀਂ ਸਦੀ ਅਖੀਰ ਤੇ 19ਵੀਂ ਸਦੀ ਵਿੱਚ ਲਿਖੇ ਗ੍ਰੰਥਾਂ ਦੇ ਅਧਾਰ ਤੇ ਹਨ? ਗੁਰੂ ਸਾਹਿਬ ਵਲੋਂ ਲਿਖਤੀ ਰੂਪ ਵਿੱਚ ਕੋਈ ਹੁਕਮਨਾਮਾ ਜਾਂ ਰਹਿਤਨਾਮਾ ਕਿਸੇ ਕਿਤਾਬ ਵਿੱਚ ਨਹੀਂ ਮਿਲਦਾ, ਜਿਸ ਤਰ੍ਹਾਂ ਅੱਜ ਪ੍ਰਚਾਰਿਆ ਜਾਂਦਾ ਹੈ? ਅਸੀਂ ਆਪਣੇ ਵਲੋਂ ਕੋਈ ਫੈਸਲਾ ਨਹੀਂ ਦੇ ਰਹੇ ਤੇ ਨਾ ਹੀ ਸਾਡਾ ਕੋਈ ਦਾਅਵਾ ਹੈ ਕਿ ਜੋ ਕਹਿ ਰਹੇ ਹਾਂ, ਉਹ ਹੀ ਅੰਤਿਮ ਸੱਚ ਹੈ? ਇਹ ਸਿਰਫ ਸ਼ੰਕੇ ਹਨ, ਜੋ ਖੋਜ ਰਾਹੀਂ ਦੂਰ ਕਿਤੇ ਬਿਨਾਂ ਅਸੀਂ ਇਤਿਹਾਸ ਦੇ ਬੰਦਾ ਸਿੰਘ ਵਰਗੇ ਮਹਾਂ ਨਾਇਕਾਂ ਨਾਲ ਇਨਸਾਫ ਨਹੀਂ ਕਰ ਸਕਾਂਗੇ? ਤੇ ਨਾ ਹੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਇਨਸਾਫ ਕਰ ਸਕਾਂਗੇ, ਜੋ ਕਿ ਇਨ੍ਹਾਂ ਗ੍ਰੰਥਾਂ ਵਿੱਚ ਲਿਖੀ ਹੋਈ ਸਿੱਖੀ ਦੇ ਬਿਲਕੁਲ ਉਲਟ ਹੈ?

ਪਰ ਸਾਡਾ ਇਥੇ ਇਹ ਸਵਾਲ ਉਠਾਉਣ ਦਾ ਮਕਸਦ ਸਿਰਫ ਇਤਨਾ ਕੁ ਹੀ ਹੈ ਕਿ ਸਿੱਖ ਇਤਿਹਾਸਕਾਰਾਂ ਤੇ ਸਿੱਖ ਸੰਸਥਾਵਾਂ ਨੂੰ ਰਲ਼ ਕੇ 18ਵੀਂ, 19ਵੀਂ, 20ਵੀਂ ਸਦੀ ਵਿੱਚ ਲਿਖੇ ਗਏ ਸਾਰੇ ਗ੍ਰੰਥਾਂ ਨੂੰ ਖੋਜੀ ਨਜ਼ਰੀਏ ਨਾਲ ਗੁਰਬਾਣੀ ਦੀ ਰੌਸ਼ਨੀ ਵਿੱਚ ਵਿਚਾਰ ਕੇ ਸਾਂਝੇ ਨਿਰਨੇ ਕਰਨ ਦੀ ਲੋੜ ਹੈ।ਇਹ ਗ੍ਰੰਥ ਸਿੱਖੀ ਵਿੱਚ ਪੁਜਾਰੀਵਾਰ, ਵਹਿਮ-ਭਰਮ ਤੇ ਕਰਮਕਾਂਡਾਂ ਨੂੰ ਹੀ ਪੱਕੇ ਨਹੀਂ ਕਰ ਰਹੇ, ਸਗੋਂ ਨਾਇਕਾਂ ਨੂੰ ਨਲਾਇਕ ਬਣਾ ਰਹੇ ਹਨ ਅਤੇ ਨਲਾਇਕਾਂ ਤੇ ਗਦਾਰਾਂ ਨੂੰ ਨਾਇਕ ਬਣਾ ਕੇ ਪੇਸ਼ ਕਰ ਰਹੇ ਹਨ।

Tel.: 403-681-8689  Email: [email protected]

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ