Mon, 15 July 2024
Your Visitor Number :-   7187205
SuhisaverSuhisaver Suhisaver

ਸੱਤਾ ਦੀ ਦਹਿਸ਼ਤ ਹੇਠ ਪਈ ਪੱਤਰਕਾਰੀ ਦੀ ਲਾਸ਼ -ਅਵਤਾਰ ਸਿੰਘ

Posted on:- 09-07-2015

ਇੱਕ ਖੇਤਰੀ ਨਿਊਜ਼ ਚੈਲਨ ਦੇ ਡੈਸਕ ਤੋਂ ਫੀਲਡ ਵਿਚ ਕੰਮ ਕਰਦੇ ਪੱਤਰਕਾਰ ਨੂੰ ਫੋਨ ਜਾਂਦਾ ਹੈ ਕਿ ਕੋਈ ਚੰਗੀ ਜਿਹੀ ਖ਼ਬਰ ਕੱਢੋ ਕਿਉਂਕਿ ਇੱਕ ਤਾਂ ਟੀ.ਆਰ.ਪੀ. ਦਾ ਮਾਮਲਾ ਹੈ ਦੂਜਾ ਖ਼ਬਰਾਂ ਵਿਚ ਕੁਝ ਨਵਾਂ ਚਾਹੀਦਾ ਹੈ। ਪੱਤਰਕਾਰ ਨਿਰਮਤਾ ਨਾਲ ਠੀਕ ਹੈ ਜੀ ਕਹਿਣ ਤੋਂ ਬਾਅਦ ਅਗਲੀ ਗੱਲ ਸ਼ੁਰੂ ਕਰਦਾ ਹੈ ਕਿ ਖ਼ਬਰ ਤਾਂ ਇੱਕ ਬਹੁਤ ਵੱਧੀਆ ਹੈ ਪਰ ਕੀ ਤੁਸੀਂ ਚਲਾਉਣ ਦੀ ਹਿੰਮਤ ਦਿਖਾਵੋਗੇ ? ਸਾਡੇ ਇਲਾਕੇ ਵਿਚ ਸੱਤਾਧਾਰੀ ਪਾਰਟੀ ਦਾ ਹਾਰਿਆ ਹੋਇਆ ਇੱਕ ਸਾਬਕਾ ਐਮ.ਐਲ.ਏ. ਨਾਜਾਇਜ਼ ਸ਼ਰਾਬ ਵੇਚਦਾ ਹੈ ਅਤੇ ਸਭ ਸ਼ਰੇਆਮ ਹੁੰਦਾ ਹੈ। ਇਹ ਵੀ ਯਕੀਨੀ ਹੈ ਕਿ ਜੇਕਰ ਮੈਂ ਖ਼ਬਰ ਕਰਨ ਜਾਂਵਾਗਾਂ ਤਾਂ ਉਹ ਮੇਰੀਆਂ ਲੱਤਾਂ ਤੋੜਨਗੇ।ਮੈਡਮ ਜੀ, ਕੀ ਤੁਸੀਂ ਮੇਰੇ ਇਲਾਜ ਦੀ ਜ਼ੁੰਮੇਵਾਰੀ ਲੈਂਦੇ ਹੋ? ਮੇਰੇ ਬੱਚਿਆਂ ਨੂੰ ਕੌਣ ਪਾਲੇਗਾ? ਗੱਲ ਸੁਣ ਕੇ ਜ਼ਬਰਦਸਤ ਖ਼ਬਰ ਦੀ ਤਲਾਸ਼ 'ਚ ਲੱਗੀ ਮੈਡਮ ਨੇ ਇਹ ਕਹਿ ਕੇ ਫੋਨ ਰੱਖ ਦਿੱਤਾ ਕਿ ਚੱਲ ਕੋਈ ਹੋਰ ਠੀਕ-ਠਾਕ ਜੀ ਖਬਰ ਕਰ ਲਵੋ।

" ਅਸਲ ਵਿਚ ਇਸ ਨੂੰ ਦਹਿਸ਼ਤ ਕਹਿੰਦੇ ਹਨ।ਸੱਤਾ ਵੱਲੋਂ ਪੱਤਰਕਾਰਾਂ ਵਿਚ ਡਰ ਫੈਲਾਇਆ ਜਾ ਰਿਹਾ ਹੈ ਅਤੇ ਡਰ ਬੇਹੱਦ ਤੇਜ਼ੀ ਨਾਲ ਫੈਲਦਾ ਹੈ।


ਮੌਜੂਦਾ ਸਮੇਂ ਵਿਚ ਪੱਤਰਕਾਰ ਸੱਤਾ ਦੇ ਨਿਸ਼ਾਨੇ 'ਤੇ ਹਨ । ਯੂ.ਪੀ. ਵਿਚ ਸ਼ਰੇਆਮ ਇੱਕ ਅਜ਼ਾਦ ਪੱਤਰਕਾਰ ਜਗੇਂਦਰ ਸਿੰਘ ਨੂੰ ਮੰਤਰੀ ਦੀ ਸ਼ੈਅ ਉਪਰ ਪੁਲਿਸ ਵੱਲੋਂ ਜਲਾ ਕੇ ਮਾਰ ਦਿੱਤਾ ਜਾਂਦਾ ਹੈ। ਇਸ ਪੱਤਰਕਾਰ ਨੇ ਸੂਬੇ ਦੇ ਇੱਕ ਮੰਤਰੀ ਰਾਮ ਮੂਰਤੀ ਸਿੰਘ ਵਰਮਾ ਖਿਲਾਫ ਖੁਦਾਈ ਅਤੇ ਜ਼ਮੀਨ ਹੜੱਪਣ ਦੇ ਤੱਥ ਪੇਸ਼ ਕਰਦੀ ਰਿਪੋਰਟ ਛਾਪੀ ਸੀ, ਜਿਸ ਦੀ ਕੀਮਤ ਉਸ ਨੂੰ ਆਪਣੀ ਜਾਣ ਗੁਆ ਕੇ ਚੁਕਾਉਣੀ ਪਈ।

ਦੂਜਾ ਇੱਕ ਹੋਰ ਤਾਜ਼ਾ ਮਾਮਲੇ ਵਿਚ ਰਾਸ਼ਟਰੀ ਨਿਊਜ਼ ਚੈਨਲ 'ਆਜ ਤੱਕ' ਦੇ ਪੱਤਰਕਾਰ ਅਕਸ਼ੈ ਸਿੰਘ ਦੀ ਅਚਾਨਕ ਸ਼ੱਕੀ ਹਲਾਤ ਵਿਚ ਮੌਤ ਹੋ ਗਈ। ਦਰਅਸਲ ਅਕਸ਼ੈ ਬਹੁਤ ਚਰਚਿਤ 'ਵਿਅਪਮ ਘਪਲੇ' ਦੀ ਸਪੈਸ਼ਲ ਰਿਪਰਟਿੰਗ ਕਰਨ ਗਏ ਸਨ।ਇਸ ਘਪਲੇ ਨਾਲ ਸਬੰਧਤ ਜਾਂਚ ਵਿਚ ਜੁਟੇ ਹੁਣ ਤੱਕ ਕਰੀਬ 45 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਭਾਵੇਂ ਅਕਸ਼ੈ ਦੀ ਮੌਤ ਦਾ ਕਾਰਨ ਫ਼ਿਲਹਾਲ ਅਚਾਨਕ ਬਿਮਾਰ ਹੋਣਾ ਦੱਸਿਆ ਜਾ ਰਿਹਾ ਹੈ ਪਰ ਜਦੋਂ ਕਿਸੇ ਘਪਲੇ ਨਾਲ ਜੁੜੇ ਲੋਕਾਂ ਦੀ ਇੱਕ ਤੋਂ ਬਾਅਦ ਇੱਕ ਕਰਕੇ ਮੌਤ ਹੋ ਰਹੀ ਹੋਵੇ ਤਾਂ ਅਲੋਚਨਾਤਮਕ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਅਕਸ਼ੈ ਸਿੰਘ ਦੀ ਮੌਤ ਨੂੰ ਵੀ ਹਲਕੇ ਵਿਚ ਨਹੀਂ ਲਿਆ ਜਾ ਸਕਦਾ।  


ਸਮਾਂ ਹੀ ਕੁਝ ਅਜਿਹਾ ਚੱਲ ਰਿਹਾ ਹੈ ਕਿ ਮੌਜੂਦਾ ਪੱਤਰਕਾਰੀ ਕਾਰਪੋਰੇਟ ਜਗਤ ਦੇ ਟੁੱਕੜਿਆਂ ਉਪਰ ਚੱਲ ਰਹੀ ਹੈ।ਅਜਿਹੇ ਵਿਚ ਜੇਕਰ ਕੋਈ ਨਿਡਰ ਹੋ ਕੇ ਲਿਖਣਾ-ਬੋਲਣਾ ਚਾਹੁੰਦਾ ਹੈ ਤਾਂ ਉਸ ਦੀ ਅਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ, ਜਿਸ ਦੀ ਉਦਾਹਰਣ ਪਿਛਲੇ ਸਮੇਂ ਵਿਚ ਕੁਝ ਪੱਤਰਕਾਰਾਂ ਨੂੰ ਨੰਗੇ ਚਿੱਟੇ ਰੂਪ ਵਿਚ ਸ਼ਰੇਆਮ ਕਤਲ ਕਰਨਾ ਹੈ। ਦੂਜਾ ਭਾਰਤੀ ਮੀਡੀਆ ਵਿਚ ਜੋ ਕੁਝ ਚੰਗੇ ਪੱਤਰਕਾਰ ਸਨ, ਉਹ ਵੀ ਆਪਣੀ ਉਮਰ ਹੰਢਾ ਕੇ ਅਲਵਿਦਾ ਆਖ ਰਹੇ ਹਨ।ਪਿਛਲੇ ਸਮੇਂ 'ਚ ਵਿਛੋੜਾ ਦੇਣ ਵਾਲਿਆਂ ਵਿਚ ਪ੍ਰਫੁੱਲ ਵਿਦਵਈ ਅਤੇ ਵਿਨੋਦ ਮਹਿਤਾ ਦਾ ਵੱਡਾ ਨਾਮ ਹੈ। ਪ੍ਰਫੁੱਲ ਵਿਦਵਈ ਉਹਨਾਂ ਸਮਿਆਂ ਵਿਚ ਨਿਡਰ ਹੋ ਕੇ ਖੱਬੇਪੱਖੀ ਨਜ਼ਰੀਏ ਤੋਂ ਲਿਖਦੇ ਰਹੇ ਜਦੋਂ ਕੋਈ ਖੱਬੀ ਵਿਚਾਰਧਾਰਾ ਵਾਲੇ ਇਨਸਾਨ ਨੂੰ ਨੌਕਰੀ ਦੇਣਾ ਤਾਂ ਦੂਰ, ਛਾਪਣ ਲਈ ਵੀ ਤਿਆਰ ਨਹੀਂ ਸੀ ਹੁੰਦਾ। ਪ੍ਰਫੁੱਲ ਵਿਦਵਈ ਨੇ ਵੱਖ-ਵੱਖ ਅਖਬਾਰਾਂ, ਮੈਗਜ਼ੀਨਾਂ ਵਿਚ ਰਾਜਨੀਤੀ, ਵਿਦੇਸ਼ ਨੀਤੀ, ਵਾਤਾਵਰਨ ਅਤੇ ਆਰਥਿਕ ਮੁੱਦਿਆ ਉੱਪਰ ਲਗਾਤਾਰ ਅਲੋਚਨਾਤਮਕਾ ਲੇਖ ਲਿਖੇ।

ਆਊਟਲੁਕ ਦੇ ਸਾਬਕਾ ਐਡੀਟਰ ਇਨ ਚੀਫ ਵਿਨੋਦ ਮਹਿਤਾ ਦਾ ਵੀ ਪਿਛਲੇ ਦਿਨਾਂ 'ਚ ਦਿਹਾਂਤ ਹੋ ਗਿਆ।ਉਹ ਵੀ ਆਪਣੀ ਬੇਬਾਕ ਪੱਤਰਕਾਰੀ ਲਈ ਜਾਣੇ ਜਾਂਦੇ ਸਨ।ਵਿਨੋਦ ਮਹਿਤਾ ਨੇ ਪੱਤਰਕਾਰੀ ਦੇ ਅਸੂਲਾਂ ਨੂੰ ਜ਼ਿੰਦਾ ਰੱਖਿਆ ਅਤੇ ਮਤਭੇਦਾਂ ਦੇ ਬਾਵਜੂਦ ਹੋਰਨਾਂ ਵਿਚਾਰਾਂ ਨੂੰ ਆਪਣੇ ਮੈਗਜ਼ੀਨ ਵਿਚ ਸਥਾਨ ਦਿੱਤਾ, ਜਿਸ ਦਾ ਖੁਲਾਸਾ ਉਹ ਆਪਣੀ ਆਖਰੀ ਕਿਤਾਬ "ਐਡੀਟਰ ਅਨਪਲਗਡ: ਮੀਡੀਆ, ਮੈਗਨੇਟਸ, ਨੇਤਾ ਅਤੇ ਮੈਂ" ਵਿਚ ਕਰਦੇ ਹਨ ਕਿ ਕਿਸ ਤਰ੍ਹਾਂ ਅਰੁੰਧਿਤੀ ਰਾਏ ਦਾ ਲੇਖ 'ਵਾਕਿੰਗ ਵਿਦ ਕਾਮਰੇਡ' ਛਾਪਣਾ ਉਹਨਾਂ ਦੀ ਐਡੀਟਰ ਜ਼ਿੰਦਗੀ ਦਾ ਸ਼ਾਨਦਾਰ ਫੈਸਲਾ ਸੀ।

ਹੁਣ ਜਦੋਂ ਭਾਰਤੀ ਪੱਤਰਕਾਰੀ ਆਪਣੇ ਮਾੜੇ ਦੌਰ ਵਿਚੋਂ ਗੁਜ਼ਰ ਰਹੀ ਹੈ ਤਾਂ ਖੇਤਰੀ ਮੀਡੀਆ ਤਾਂ ਬਿਲਕੁਲ ਹੀ ਆਈ.ਸੀ.ਯੂ. ਵਿਚ ਪਿਆ ਹੈ।ਖੇਤਰੀ ਨਿਊਜ਼ ਚੈਨਲਾਂ ਉਪਰ ਰਾਜਨੀਤਿਕ ਲੋਕਾਂ ਦਾ ਕਬਜ਼ਾ ਹੈ।ਸੱਤਾ ਖ਼ਿਲਾਫ ਬੋਲਣ ਵਾਲੇ ਚੈਨਲਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ।ਲਗਭਗ ਹਰ ਸੂਬੇ ਦੀ ਸਰਕਾਰ ਕੋਲ ਆਪਣਾ ਇੱਕ ਨਿੱਜੀ ਚੈਨਲ ਹੈ, ਜੋ ਲੋਕਾਂ ਵਿਚ ਸਰਕਾਰ ਦੀ ਸਾਰਥਕ ਤਸਵੀਰ ਬਣਾਉਣ ਲਈ 24 ਘੰਟੇ ਕੰਮ ਕਰਦਾ ਹੈ।ਸਥਾਨਕ ਭਾਸ਼ਾਵਾਂ ਦੇ ਮੁਕਾਬਲੇ ਅੰਗਰੇਜ਼ੀ ਅਤੇ ਹਿੰਦੀ ਦੇ ਅਖਬਾਰਾਂ ਦੀ ਸਰਕੂਲੇਸ਼ਨ ਵੱਧ ਹੈ। ਖੇਤਰੀ ਅਖਬਾਰਾਂ ਵਿਚ ਇੱਕ ਤਾਂ ਤਨਖਾਹਾਂ ਦਾ ਮੰਦਾ ਹਾਲ ਹੈ, ਉਤੋਂ ਲਿਖਣ ਬੋਲਣ ਦੀ ਅਜ਼ਾਦੀ ਨਾ ਬਰਾਬਰ ਹੈ ਪਰ ਉਲਟਾ ਖੋਜੀ ਪੱਤਰਕਾਰਾਂ ਉਪਰ ਕੇਸਾਂ ਦੀ ਝੜੀ ਜ਼ਰੂਰ ਲੱਗ ਜਾਂਦੀ ਹੈ।ਰੋਟੀ ਦਾ ਸਵਾਲ ਵੱਖਰਾਂ ਮੂੰਹ ਅੱਡੀ ਖੜਾ ਹੁੰਦਾ ਹੈ! ਅਜਿਹੇ ਵਿਚ ਸਾਡੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਮੁਲਕ ਹੋਣ 'ਤੇ ਵੀ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਜੰਗ ਵਿਚ ਆਖਿਰ ਤੱਕ ਖੜੇ ਰਹਿਣਾ ਬਹੁਤ ਕਠਿਨ ਹੁੰਦਾ ਹੈ ਅਤੇ ਬਹੁਤ ਸਾਰੇ ਲੋਕ ਅੱਧਵਾਟੇ ਵੀ ਮੈਦਾਨ ਛੱਡ ਜਾਂਦੇ ਹਨ। ਪਰ ਅੰਤ ਤੱਕ ਖੜਨ ਵਾਲੇ ਲੋਕ ਵੀ ਕਿਸੇ ਦੂਸਰੀ ਦੁਨੀਆਂ ਤੋਂ ਆਏ ਹੋਏ ਨਹੀਂ ਹੁੰਦੇ ਉਹ ਵੀ ਇਸੇ ਧਰਤੀ 'ਤੇ ਛੋਟੀਆਂ-ਵੱਡੀਆਂ ਹਾਰਾਂ ਜਿੱਤਾਂ ਦਾ ਸਾਹਮਣਾ ਕਰਦੇ ਹੋਏ ਅੰਤ ਤੱਕ ਲੜਦੇ ਹਨ।ਪੱਤਰਕਾਰੀ ਵਿਚ ਆਪਣਾ ਫਰਜ਼ ਨਿਭਾਉਣ ਵਾਲਿਆ ਵਿਚ ਜੁਲੀਅਨ ਅਸਾਂਝ (44) ਦਾ ਵੱਡਾ ਨਾਮ ਹੈ। ਜਦੋਂ ਪੂਰੀ ਦੁਨੀਆਂ ਵਿਚ ਅਮਰੀਕਾ ਦੀ ਤੂਤੀ ਬੋਲਦੀ ਹੈ ਤਾਂ ਅਜਿਹੇ ਵਿਚ ਜੁਲੀਅਨ ਅਸਾਂਝ ਨੇ ਅਮਰੀਕਾ ਖਿਲਾਫ ਲਿਖਣ ਦਾ ਜੇਰਾ ਕੀਤਾ।

ਅਸਟਰੇਲੀਆ ਵਿਚ ਜਨਮੇ ਜੁਲੀਅਨ ਅਸਾਂਝ ਨੇ ਆਪਣੀ ਵੈਬਸਾਈਟ ਵਿਕੀਲੀਕਸ ਰਾਹੀਂ ਵੱਡੇ ਖੁਲਾਸੇ ਕੀਤੇ ਅਤੇ ਸ਼ਾਨਦਾਰ ਪੱਤਰਕਾਰੀ ਦੀ ਮਿਸਾਲ ਪੇਸ਼ ਕੀਤੀ।ਉਸ ਦੀ ਸੰਸਥਾ ਵੱਲੋਂ ਤਿੰਨ ਵਡੀਆਂ ਲੀਕਸ 'ਦੀ ਅਫਗਾਨ ਡਾਈਰੀਜ਼', 'ਦੀ ਇਰਾਕ ਵਾਰ ਲੌਗਜ਼ ਅਤੇ ਕੇਬਲਗੇਟ ਛਾਪ ਕੇ ਤਹਿਲਕਾ ਮਚਾ ਦਿੱਤਾ ਗਿਆ, ਜਿਸ ਵਿਚ ਅਮਰੀਕੀ ਮਿਲਟਰੀ ਦੀਆਂ ਕਰੂਰ ਕਾਰਵਾਈਆਂ ਨੂੰ ਸਬੂਤਾਂ ਸਮੇਤ ਪੇਸ਼ ਕੀਤਾ ਗਿਆ ਹੈ।ਜੁਲੀਅਨ ਅਸਾਂਝ ਵਰਗੇ ਪੱਤਰਕਾਰ ਸਰਕਾਰ ਦੀ ਗੁਪਤਤਾ ਹੋਣ ਦੀ ਹਾਮੀ ਤਾਂ ਭਰਦੇ ਹਨ ਪਰ ਲੋਕਾਂ ਦੀ ਨਿੱਜੀ ਜ਼ਿੰਦਗੀ ਨੂੰ ਜ਼ਿਆਦਾ ਮਹੱਤਤਾ ਦਿੰਦੇ ਹਨ ਕਿਉਂਕਿ ਅਕਸਰ ਸੁਰੱਖਿਆ ਦੇ ਨਾਮ 'ਤੇ ਦੇਸ਼ਵਾਸੀਆਂ ਦੀ ਨਿੱਜੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਆਪਣੀ ਇਸੇ ਸ਼ਾਨਦਾਰ ਪੱਤਰਕਾਰੀ ਕਾਰਨ ਉਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਜਿਸ ਕਾਰਨ ਅੱਜ ਉਹ ਲੰਡਨ 'ਚ ਇਕਬਾਡੋਰ ਦੀ ਅੰਬੈਸੀ ਵਿਚ ਰਾਜਨੀਤਿਕ ਸ਼ਰਨਾਰਥੀ ਦੇ ਤੌਰ 'ਤੇ ਜੂਨ 2012 ਤੋਂ ਰਹਿ ਰਿਹਾ ਹੈ।ਬਾਹਰ ਸਵਿਡਨ ਦੀਆਂ ਫੌਜਾਂ ਉਸ ਨੂੰ ਗ੍ਰਿਫਤਾਰ ਕਰਨ ਲਈ ਖੜੀਆ ਹਨ।

ਪੱਤਰਕਾਰੀ ਅਸਲ ਵਿਚ ਜਮਹੂਰੀਅਤ ਦੀ ਲੜਾਈ ਹੈ, ਮਨੁੱਖੀ ਹੱਕਾਂ ਅਤੇ ਰਾਜਨੀਤਿਕ-ਆਰਥਿਕ ਅਧਿਕਾਰਾਂ ਨੂੰ ਬਚਾਏ ਰੱਖ ਦਾ ਇੱਕ ਸਾਧਨ ਹੈ। ਪੱਤਰਕਾਰ ਦਿਨ-ਰਾਤ ਸਮਾਜ ਵਿਚ ਲੋਕਾਂ ਨਾਲ ਹੋ ਰਹੀਆ ਵਧੀਕੀਆਂ ਉਪਰ ਕੜੀ ਨਜ਼ਰ ਬਣਾਏ ਰੱਖਦੇ ਹਨ। ਸਰਕਾਰ ਦੇ ਬਹੁਤ ਨਜ਼ਦੀਕ ਅਤੇ ਸੱਤਾ ਦੀ ਨਜ਼ਰ ਹੇਠ ਵੀ ਇਹੋ ਹੁੰਦੇ ਹਨ।ਜਦੋਂ ਕੋਈ ਪੱਤਰਕਾਰ ਨਿੱਜੀ ਫਾਇਦਿਆਂ ਲਈ ਸੱਤਾ ਨਾਲ ਦੋਸਤੀ ਕਰ ਲੈਂਦਾ ਹੈ ਤਾਂ ਉਹ ਲੋਕਾਂ ਦਾ ਗ਼ਦਾਰ ਬਣ ਜਾਂਦਾ ਹੈ ਪਰ ਜਦੋਂ ਕੋਈ ਲੋਕਾਂ ਦੇ ਹੱਕਾਂ ਲਈ ਸੀਸ ਤਲੀ ਉੱਪਰ ਰੱਖ ਲੈਂਦਾ ਹੈ ਤਾਂ ਉਹ ਜਗੇਂਦਰ ਸਿੰਘ ਜਾਂ ਅਕਸ਼ੈ ਸਿੰਘ ਬਣ ਜਾਂਦਾ ਹੈ।

ਜੋ ਸੱਤਾ ਵਿਚ ਹੈ ਉਹ ਲੋਕਾਂ ਦਾ ਨੁਮਾਇੰਦਾ ਹੈ।ਇਸੇ ਨੁਮਾਇੰਦੇ ਦੇ ਫੈਸਲਿਆਂ ਦੀ ਮੀਡੀਆ ਸਿਫਤ ਵੀ ਕਰੇਗਾ ਅਤੇ ਅਲੋਚਨਾ ਵੀ ਪਰ ਸਵਾਲ ਇਹ ਹੈ ਕਿ ਸੱਤਾਧਾਰੀ ਆਪਣੀ ਅਲੋਚਨਾ ਸੁਨਣ ਨੂੰ ਤਿਆਰ ਹੈ ਜਾਂ ਨਹੀਂ? ਕੀ ਆਪਣੇ ਅਲੋਚਕਾਂ ਨੂੰ ਵੀ ਸੱਤਾ ਸੁਰੱਖਿਆ ਦੇਣ ਲਈ ਰਾਜੀ ਹੈ ਜਾਂ ਉਹਨਾਂ ਨੂੰ ਡਰਾ ਕੇ ਕਾਬੂ ਕਰਨ ਵਿਚ ਲੱਗੀ ਹੋਈ ਹੈ। ਕੀ 'ਅੱਛੇ ਦਿਨਾਂ' ਦੇ ਰਾਜ 'ਚ ਮੀਡੀਆ ਦਾ ਮਾੜਾ ਦੌਰ ਆਪਣੇ ਜੋਬਨ ਉਪਰ ਹੈ ਜਾਂ ਇਸ ਤੋਂ ਵੀ ਬੁਰੇ ਅਤੇ ਡਰਾਉਣੇ ਦਿਨ ਆਉਣੇ ਹਾਲੇ ਬਾਕੀ ਹਨ? ਅਗਰ ਇੱਕ ਲੋਕਤੰਤਰੀ ਦੇਸ਼ ਵਿਚ ਮੀਡੀਆ ਦੇ ਬੁਰੇ ਦਿਨ ਚੱਲ ਰਹੇ ਨੇ ਤਾਂ ਸਮਝੋਂ ਜਮਹੂਰੀਅਤ ਵੀ ਆਪਣੇ ਅੰਤ ਵੱਲ ਵੱਧ ਰਹੀ ਹੈ।ਇਸ ਲਈ ਕਿਸੇ ਮੀਡੀਆ ਕਰਮੀ ਦਾ ਮਰਨਾ ਜਾਂ ਡਰ ਕੇ ਘਰ ਬੈਠ ਜਾਣਾ ਤਾਨਾਸ਼ਾਹੀ ਦੀ ਇਕੱਲੀ ਜਿੱਤ ਹੀ ਨਹੀਂ ਸਗੋਂ ਮਨੁੱਖਤਾ ਦੀ ਹਾਰ ਹੈ। ਭਾਰਤ ਵਰਗੇ ਮੁਲਕ ਵਿਚ ਜਿੱਥੇ ਕੌਮੀਅਤ, ਦਲਿਤ ਅਤੇ ਘੱਟਗਿਣਤੀ ਲਹਿਰਾਂ ਲਗਾਤਾਰ ਘੱਟਦੇ-ਵੱਧਦੇ ਕਰਮ ਵਿਚ ਚੱਲਦੀਆਂ ਰਹਿੰਦੀਆਂ ਹਨ ਉਥੇ ਮੀਡੀਆਂ ਦਾ ਸੱਤਾ ਦੇ ਡਰ ਤੋਂ ਮੁਕਤ ਹੋਣਾ ਬਹੁਤ ਜ਼ਰੂਰੀ ਹੈ।

ਸੰਪਰਕ: +91 78378 59404

Comments

Amarjit Singh Cheema

Kiney Punjabi reporter Handicap kitey gye Punjab Vich In recent times ?

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ