Thu, 29 February 2024
Your Visitor Number :-   6875615
SuhisaverSuhisaver Suhisaver

ਗ਼ਦਰ ਲਹਿਰ ਦਾ ਧਰਮ ਨਿਰਪੱਖ ਖ਼ਾਸਾ ਅੱਜ ਵੀ ਪ੍ਰਸੰਗਿਕ -ਰਾਜਪਾਲ ਸਿੰਘ

Posted on:- 25-12-2013

suhisaver

ਕੋਈ ਇਤਿਹਾਸਕ ਲਹਿਰ ਆਪਣੇ ਮਿਥੇ ਨਿਸ਼ਾਨੇ ਨੂੰ ਹਾਸਲ ਕਰਨ ਵਿੱਚ ਕਿੰਨਾ ਕੁ ਸਫ਼ਲ ਹੁੰਦੀ ਹੈ ਇਹ ਉਸ ਦੌਰ ਦੀਆਂ ਬਾਹਰਮੁਖੀ ਹਾਲਤਾਂ, ਲਹਿਰ ਦੇ ਨਿਸ਼ਾਨਿਆਂ ਦੀ ਸਾਰਥਿਕਤਾ, ਲਹਿਰ ਦੇ ਆਗੂਆਂ ਵੱਲੋਂ ਘੜੀ ਗਈ ਯੁੱਧ ਨੀਤੀ ਅਤੇ ਦਾਅ-ਪੇਚ, ਲਹਿਰ ਦਾ ਲੋਕਾਂ ਵਿੱਚ ਆਧਾਰ ਅਤੇ ਹੋਰ ਛੋਟੇ-ਵੱਡੇ ਕਾਰਕਾਂ ਦੇ ਮੇਲ-ਜੋੜ ’ਤੇ ਨਿਰਭਰ ਕਰਦਾ ਹੈ, ਪਰ ਲਹਿਰ ਦੀ ਸਫ਼ਲਤਾ ਜਾਂ ਅਸਫ਼ਲਤਾ ਤੋਂ ਬਿਨਾਂ ਵੀ ਉਸ ਲਹਿਰ ਦਾ ਇਤਿਹਾਸ ਉੱਤੇ ਪੈਂਦਾ ਅਸਰ ਬਹੁਤ ਮਹੱਤਵਪੂਰਨ ਹੁੰਦਾ ਹੈ। ਅਸਲ ਵਿੱਚ ਸਾਰਾ ਇਤਿਹਾਸ ਲੋਕਾਂ ਵਿਚੋਂ ਉਠਦੀਆਂ ਲਹਿਰਾਂ ਅਤੇ ਲੜੇ ਜਾਂਦੇ ਸੰਘਰਸ਼ਾਂ ਦੇ ਕੁੱਲ ਜੋੜ ਵਿਚੋਂ ਹੀ ਬਣਦਾ ਹੈ। ਇਹ ਲਹਿਰਾਂ ਸਮਾਜੀ ਵਿਕਾਸ ਅੱਗੇ ਲੱਗੇ ਬੰਨ੍ਹ ਨਾਲ ਲਗਾਤਾਰ ਟਕਰਾਉਂਦੀਆਂ ਹਨ ਅਤੇ ਲਹਿਰਾਂ ਦੇ ਥਪੇੜਿਆਂ ਨਾਲ ਆਖ਼ਰ ਇਹ ਬੰਨ੍ਹ ਟੁੱਟ ਜਾਂਦਾ ਹੈ। ਹਰ ਨਵੀਂ ਲਹਿਰ ਪਹਿਲੀ ਤੋਂ ਪ੍ਰੇਰਣਾ ਲੈਂਦੀ ਹੈ, ਪਹਿਲੀ ਲਹਿਰ ਦੇ ਆਸ਼ਿਆਂ ਨੂੰ ਨਵੇਂ ਸਮੇਂ ਦੇ ਅਨੁਸਾਰ ਲੈ ਕੇ ਅੱਗੇ ਵਧਦੀ ਹੈ।
    
ਇਸ ਪ੍ਰਸੰਗ ਵਿੱਚ ਭਾਰਤ ਦੀ ਆਜ਼ਾਦੀ ਲਈ ਸੌ ਸਾਲ ਪਹਿਲਾਂ ਉੱਠੀ ਗ਼ਦਰ ਲਹਿਰ ਦਾ ਮਹੱਤਵ ਬਹੁਤ ਜ਼ਿਆਦਾ ਹੈ। ਪੰਜਾਬੀਆਂ ਵਿੱਚ ਆਜ਼ਾਦੀ, ਬਰਾਬਰੀ, ਭਾਈਚਾਰੇ ਦੇ ਵਿਚਾਰਾਂ ਦੀ ਜਾਗ ਲਾਉਣ ਵਿੱਚ ਗ਼ਦਰੀਆਂ ਦਾ ਮੁੱਖ ਰੋਲ ਸੀ। 1914 ਵਿੱਚ ਗ਼ਦਰੀਆਂ ਦੇ ਪੰਜਾਬ ਆ ਕੇ ਅੰਗਰੇਜ਼ਾਂ ਖਿਲਾਫ਼ ਯੁੱਧ ਛੇੜਨ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਤਾਂ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਉੱਠੀ ‘ਪਗੜੀ ਸੰਭਾਲ ਜੱਟਾ’ ਹੀ ਅਜਿਹੀ ਮੁੱਖ ਲਹਿਰ ਸੀ, ਜਿਸਦਾ ਲੋਕਾਈ ਉੱਤੇ ਤਕੜਾ ਪ੍ਰਭਾਵ ਪਿਆ, ਚਾਹੇ ਇਸ ਲਹਿਰ ਦਾ ਪ੍ਰਭਾਵ ਵੀ ਜ਼ਿਆਦਾਤਰ ਲਾਇਲਪੁਰ ਦੇ ਇਲਾਕੇ ਵਿੱਚ ਹੀ ਸੀ। ਨਹੀਂ ਤਾਂ ਉਸ ਤੋਂ ਪਿਛਲੀ ਅੱਧੀ ਸਦੀ ਤੋਂ ਪੰਜਾਬ ਕਿਸੇ ਨਵੀਂ ਸਿਆਸੀ ਚੇਤਨਾ ਤੋਂ ਲਗਭਗ ਕੱਟਿਆ ਹੋਇਆ ਸੀ। ਪੰਜਾਬ ਦੇ ਸਰਦਾਰ ਅੰਗਰੇਜ਼ਾਂ ਦੇ ਵਫ਼ਾਦਾਰ ਸਨ ਅਤੇ ਨੌਜਵਾਨਾਂ ਨੂੰ ਸਰਕਾਰ ਨੇ ਵੱਡੀ ਗਿਣਤੀ ਵਿੱਚ ਫ਼ੌਜ ਵਿੱਚ ਭਰਤੀ ਕਰ ਕੇ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ ਭਾਈ ਮਾਹਰਾਜ ਸਿੰਘ ਦੀ ਅੰਗਰੇਜ਼ਾਂ ਖਿਲਾਫ਼ ਲੜਾਈ ਜਾਂ ਬਾਬਾ ਰਾਮ ਸਿੰਘ ਦੀ ਕੂਕਾ ਲਹਿਰ ਸਿੱਖ ਰਾਜ ਦੀ ਮੁੜ ਬਹਾਲੀ ਅਤੇ ਧਾਰਮਿਕ ਸ਼ੁੱਧਤਾ ਕਾਇਮ ਰੱਖਣ ਦੀਆਂ ਹੀ ਕੋਸ਼ਿਸ਼ਾਂ ਸਨ। ਇਸ ਦੇ ਮੁਕਾਬਲੇ ਗ਼ਦਰ ਲਹਿਰ ਦੇ ਨਿਸ਼ਾਨੇ ਅਤੇ ਚੇਤਨਾ ਦਾ ਪੱਧਰ ਸਿਫ਼ਤੀ ਤੌਰ ’ਤੇ ਵੱਖਰਾ ਸੀ। ਇਹ ਲਹਿਰ ਸਪੱਸ਼ਟ ਤੌਰ ’ਤੇ ਸਾਮਰਾਜ ਵਿਰੋਧੀ, ਧਰਮ-ਨਿਰਪੱਖ ਅਤੇ ਸਮਾਜਵਾਦੀ ਟੀਚਿਆਂ ਨੂੰ ਪ੍ਰਣਾਈ ਹੋਈ ਸੀ।
    
ਅੱਜ ਤੋਂ ਠੀਕ ਸੌ ਸਾਲ ਪਹਿਲਾਂ 1 ਨਵੰਬਰ 1913 ਨੂੰ ਗ਼ਦਰ ਅਖ਼ਬਾਰ ਦਾ ਪਹਿਲਾ ਅੰਕ ਪ੍ਰਕਾਸ਼ਿਤ ਹੋਇਆ ਜੋ ਜਲਦੀ ਹੀ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਰਹਿੰਦੇ ਪੰਜਾਬੀਆਂ ਤੱਕ ਪਹੁੰਚਾਇਆ ਜਾਣ ਲੱਗਾ। ਇਸ ਵਿੱਚ ਛਪਦੀ ਸਮੱਗਰੀ ਤੋਂ ਗ਼ਦਰੀਆਂ ਦੀ ਵਿਚਾਰਧਾਰਕ ਸੂਝ ਅਤੇ ਇਨਕਲਾਬੀ ਭਾਵਨਾਵਾਂ ਨੂੰ ਭਲੀ-ਭਾਂਤ ਦੇਖਿਆ ਜਾ ਸਕਦਾ ਹੈ। ਹੈਰਾਨੀ ਹੁੰਦੀ ਹੈ ਕਿ ਸੌ ਸਾਲ ਪਹਿਲਾਂ ਬਹੁਤ ਥੋੜ੍ਹਾ ਪੜ੍ਹੇ-ਲਿਖੇ ਗ਼ਦਰੀਆਂ ਦੀ ਵਿਚਾਰਧਾਰਕ ਸੋਚ ਐਨੀ ਪਰਪੱਕ ਸੀ ਕਿ ਉਨ੍ਹਾਂ ਤੋਂ ਅੱਜ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਦੀ ਸੋਚ ਦੀਆਂ ਕੁਝ ਝਲਕਾਂ ਅੱਗੇ ਪੇਸ਼ ਕੀਤੀਆਂ ਜਾ ਰਹੀਆਂ ਹਨ :-

ਸਾਨੂੰ ਲੋੜ ਨਾ ਪੰਡਤਾਂ ਕਾਜ਼ੀਆਂ ਦੀ, ਨਹੀਂ ਸ਼ੌਂਕ ਹੈ ਬੇੜਾ ਡੁਬਾਵਣੇ ਦਾ।
ਮੰਦਰ ਮਸਜਿਦਾਂ ਕਿਸੇ ਨਾ ਕੰਮ ਸਾਡੇ, ਛੱਡੋ ਖਿਆਲ ਗੁਰਦੁਆਰੇ ਬਣਾਵਣੇ ਦਾ।
ਕਿਸੇ ਕੰਮ ਨਾ ਪੋਥੀਆਂ ਪਿਛਲੀਆਂ ਜੋ, ਐਵੇਂ ਢੰਗ ਸੀ ਵਖਤ ਲੰਘਾਵਣੇ ਦਾ।
ਜਪ ਜਾਪ ਦਾ ਵਖ਼ਤ ਬਤੀਤ ਹੋਇਆ, ਵੇਲਾ ਆ ਗਿਆ ਤੇਗ ਉਠਾਵਣੇ ਦਾ।
ਗੱਲਾਂ ਫੋਕੀਆਂ ਨਾਲ ਨਾ ਕੰਮ ਹੁੰਦੇ, ਵੇਲਾ ਆ ਗਿਆ ਯੁੱਧ ਮਚਾਵਣੇ ਦਾ।
ਨਾਮ ਉਨਾਂ ਦਾ ਵਿੱਚ ਜਹਾਨ ਰੋਸ਼ਨ, ਜਿਨ੍ਹਾਂ ਸ਼ੌਕ ਸ਼ਹੀਦੀਆਂ ਪਾਵਣੇ ਦਾ।

    
ਇਹ ਕਵਿਤਾ ਗ਼ਦਰ ਅਖ਼ਬਾਰ ਦੇ ਜਨਵਰੀ 1914 ਦੇ ਅੰਕ ਵਿੱਚ ਛਪੀ ਸੀ। ਇਹ ਕੋਈ ਕੱਲੀ-ਕਹਿਰੀ ਕਵਿਤਾ ਨਹੀਂ ਸੀ, ਜੋ ਧਰਮ -ਕਰਮ ਦੀਆਂ ਗੱਲਾਂ ਨੂੰ ਰੱਦ ਕਰ ਕੇ ਆਜ਼ਾਦੀ ਦੀ ਲੜਾਈ ਵਿੱਚ ਕੁੱਦਣ ਦਾ ਹੋਕਾ ਦਿੰਦੀ ਸੀ ਸਗੋਂ ਵੱਖ-ਵੱਖ ਅੰਕਾਂ ਵਿੱਚ ਅਜਿਹੀਆਂ ਸੈਂਕੜੇ ਕਵਿਤਾਵਾਂ ਛਪੀਆਂ, ਜੋ ਧਰਮ ਅਤੇ ਪੂਜਾ-ਪਾਠ ਦੇ ਚੱਕਰਾਂ ਵਿਚੋਂ ਨਿਕਲ ਕੇ ਦੁੱਖਾਂ ਦੇ ਅਸਲ ਕਾਰਨਾਂ ਖਿਲਾਫ਼ ਲੜਨ ਲਈ ਪ੍ਰੇਰਦੀਆਂ ਸਨ।

ਖ਼ਾਤਰ ਦੇਸ਼ ਦੀ ਲੜਨ ਤੋਂ ਖੌਫ਼ ਆਵੇ, ਪਾਲਨ ਪੇਟ ਤਾਈਂ ਪੂਜਾ ਖਾਣ ਵਾਲੇ।
ਹੋਕਾ ਮਜ਼ਹਬ ਪਾਖੰਡ ਦਾ ਪਏ ਦਿੰਦੇ, ਸੌਦਾ ਬੇਚਦੇ ਜਿਵੇਂ ਦੁਕਾਨ ਵਾਲੇ।
ਉਲਟਾ ਅਸਰ ਪੈਂਦਾ ਲੋਕਾਂ ਭੋਲਿਆਂ ’ਤੇ, ਝਗੜੇ ਛੇੜਦੇ ਵੇਦ ਕੁਰਾਨ ਵਾਲੇ।
ਰੌਲਾ ਪਾਵੰਦੇ ਨਰਕ ਸੁਵਰਗ ਵਾਲਾ, ਬਚਨ ਦਸਦੇ ਨਹੀਂ ਗਿਯਾਨ ਵਾਲੇ।
ਅਸੀਂ ਯੁੱਧ ਫਰੰਗੀਆਂ ਨਾਲ ਕਰਨਾ, ਸਿੱਧੇ ਬੋਲ ਹਨ ਸੱਚ ਸੁਨਾਨ ਵਾਲੇ।
ਬਿਨਾਂ ਗ਼ਦਰ ਦੇ ਹੋਰ ਸਭ ਕੰਮ ਝੂਠੇ, ਧੋਖਾ ਦੇਵੰਦੇ ਪੁੱਤ ਸ਼ੈਤਾਨ ਵਾਲੇ।


ਜੂਨ 1914 : ਗ਼ਦਰੀਆਂ ਨੇ ਆਪਣੇ ਸਮੇਂ ਦੇ ਸਾਧਾਂ-ਸੰਤਾਂ ਦੀ ਵੀ ਚੰਗੀ ਖ਼ਬਰ ਲਈ ਹੈ ਕਿ ਕਿਵੇਂ ਦੇਸ਼ ਦੀ ਹਾਲਤ ਤੋਂ ਅੱਖਾਂ ਮੀਟ ਕੇ ਇਹ ਤਰ੍ਹਾਂ-ਤਰ੍ਹਾਂ ਦੇ ਪਾਖੰਡੀ ਆਮ ਲੋਕਾਂ ਨੂੰ ਸਵਰਗ -ਨਰਕ ਦੀਆਂ ਗੱਲਾਂ ਵਿੱਚ ਉਲਝਾਈ ਰੱਖਦੇ ਹਨ

    ਕਿਤਨੇ ਭਗਵੇਂ ਪਹਿਨ ਕੱਪੜੇ ਕਹਿਨ ਬ੍ਰੰਮ ਗਿਆਨੀ ਹੈਂ,
    ਝੁੰਭ ਮਾਰ ਕੇ ਕਾਲਾ ਕੰਬਲ ਆਖਨ ਬੜੇ ਧਿਆਨੀ ਹੈਂ।
ਧਨ ਦੌਲਤ ਅਰ ਦੁਨੀਆਂ ਸਾਰੀ ਰਾਗ ਰੰਗ ਸਭ ਫਾਨੀ ਹੈਂ,
ਰਾਜ ਕਾਜ ਕੇ ਕਰਨੇ ਵਾਲੇ ਬਹੁਤ ਬੜੇ ਅਭਿਮਾਨੀ ਹੈਂ।
ਕੌਮ ਗ਼ਰਕ ਗਈ ਸਾਰੀ ਭਾਵੇਂ ਸੰਤ ਸਵਰਗ ਨੂੰ ਜਾਵਨਗੇ,
ਆਪੇ ਰਲ ਮਿਲ ਬਾਗੀ ਸਾਰੇ ਜਲਦੀ ਗਦਰ ਮਚਾਵਣਗੇ।

(ਭਾਈ ਭਗਵਾਨ ਸਿੰਘ, ਪ੍ਰਧਾਨ ਗਦਰ ਪਾਰਟੀ-ਜੁਲਾਈ 1917)
    
ਗ਼ਦਰੀਆਂ ਦੀ ਸੋਚ ਜਿੱਥੇ ਫਿਰਕਿਆਂ ਅਤੇ ਧਰਮਾਂ ਦੀਆਂ ਹੱਦਾਂ ਤੋਂ ਬਹੁਤ ਉੱਚੀ ਸੀ ਉਥੇ ਉਹ ਕਿਸੇ ਖ਼ਾਸ ਇਲਾਕੇ ਜਾਂ ਦੇਸ਼ਾਂ ਦੀਆਂ ਹੱਦਾਂ ਤੋਂ ਪਾਰ ਦੇਖਣ ਦੇ ਵੀ ਸਮਰੱਥ ਸੀ। ਉਹ ਕੁਰਬਾਨੀਆਂ ਲਈ ਆਪਣੀ ਪ੍ਰੇਰਨਾ, ਜਿੱਥੇ ਪੰਜਾਬ ਦੇ ਵਿਰਸੇ ਵਿਚੋਂ ਲੈਂਦੇ ਸਨ ਉਥੇ ਦੂਜੇ ਦੇਸ਼ਾਂ ਵਿੱਚ ਚੰਗੇਰੇ ਸਮਾਜ ਲਈ ਲੜ ਰਹੇ ਇਨਕਲਾਬੀ ਵੀ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਟੁੰਭਦੇ ਸਨ। ਗ਼ਦਰ ਅਖ਼ਬਾਰ ਵਿੱਚ ਸਮਕਾਲੀ ਇਨਕਲਾਬੀਆਂ ਦੀਆਂ ਕਹਾਣੀਆਂ ਖ਼ਾਸ ਤੌਰ ’ਤੇ ਲਿਖੀਆਂ ਜਾਂਦੀਆਂ ਸਨ ਤਾਂ ਜੋ ਪਾਠਕ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਲੜਾਈ ਵਿੱਚ ਕੁੱਦਣ ਲਈ ਅੱਗੇ ਆਉਣ। ਗ਼ਦਰ ਅਖ਼ਬਾਰ ਦੇ ਪਹਿਲੇ ਚਾਰ ਸਾਲਾਂ ਦੇ ਅੰਕਾਂ ਵਿੱਚ ਸੌ ਦੇ ਲਗਭਗ ਲੇਖ ਵੱਖ-ਵੱਖ ਦੇਸ਼ਾਂ ਦੀਆਂ ਇਨਕਲਾਬੀ ਲਹਿਰਾਂ ਅਤੇ ਉਨ੍ਹਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਬਾਰੇ ਹਨ। ਇਨ੍ਹਾਂ ਵਿਚੋਂ ਇਨਕਲਾਬ ਲਈ ਲੜ ਰਹੀਆਂ ਰੂਸੀ ਔਰਤਾਂ ਦੀਆਂ ਕੁਰਬਾਨੀਆਂ ਦੇ ਵੇਰਵੇ ਤਾਂ ਬਹੁਤ ਹੀ ਦਿਲ ਹਿਲਾਊ ਹਨ। ਇਸ ਤੋਂ ਬਿਨਾਂ ਆਇਰਲੈਂਡ,ਦੱਖਣੀ ਅਮਰੀਕਾ, ਸਪੇਨ, ਚੀਨ ਆਦਿ ਵਿੱਚ ਚੱਲ ਰਹੀਆਂ ਇਨਕਲਾਬੀ ਲਹਿਰਾਂ ਬਾਰੇ ਉਤਸ਼ਾਹ ਭਰੇ ਲੇਖ ਹਨ।
    
ਗ਼ਦਰ ਅਖ਼ਬਾਰ ਵਿੱਚ ਪ੍ਰਕਾਸ਼ਿਤ ਲੇਖਾਂ ਵਿੱਚ ਭਾਰਤ ਦੀ ਲੁੱਟ ਦੇ ਬਕਾਇਦਾ ਅੰਕੜੇ ਦੇ ਕੇ ਆਰਥਿਕਤਾ ਦਾ ਕਿਵੇਂ ਅਧਿਐਨ ਪੇਸ਼ ਕੀਤਾ ਜਾਂਦਾ ਰਿਹਾ ਹੈ, ਕਾਂਗਰਸ ਦੀਆਂ ਨੀਤੀਆਂ ਦਾ ਕਿਵੇਂ ਸਹੀ ਅਤੇ ਸੰਤੁਲਿਤ ਭਾਵਨਾ ਨਾਲ ਵਿਸ਼ਲੇਸ਼ਣ ਪੇਸ਼ ਕੀਤਾ ਜਾਂਦਾ ਰਿਹਾ, ਵੱਖ ਵੱਖ ਦੇਸ਼ਾਂ ਵਿੱਚ ਮਜ਼ਦੂਰਾਂ ਦੇ ਚੱਲ ਰਹੇ ਸੰਘਰਸ਼ਾਂ ਤੋਂ ਵੀ ਪਾਠਕਾਂ ਨੂੰ ਕਿਵੇਂ ਜਾਣੂ ਕਰਵਾਇਆ ਜਾਂਦਾ ਰਿਹਾ, ਭਾਸ਼ਾ ਅਤੇ ਲੋਕ ਬੋਲੀ ਵਰਤਣ ਵਿੱਚ ਗ਼ਦਰ ਅਖ਼ਬਾਰ ਦੀ ਕੀ ਪ੍ਰਾਪਤੀ ਰਹੀ, ਇਨ੍ਹਾਂ ਸਾਰੀਆਂ ਗੱਲਾਂ ਬਾਰੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ।
    
ਗ਼ਦਰੀਆਂ ਨੇ ਧਰਮ ਪ੍ਰਤੀ ਜਿੰਨੀ ਦਰੁਸਤ ਪਹੁੰਚ ਅਪਣਾਈ ਅਤੇ ਫਿਰਕੂ ਵੰਡੀਆਂ ਦੇ ਖਿਲਾਫ਼ ਜਿੰਨੇ ਵਧੀਆ ਢੰਗ ਨਾਲ ਲਿਖਿਆ ਹੈ, ਉਸ ਤੋਂ ਗ਼ਦਰੀਆਂ ਦੀ ਸੌ ਸਾਲ ਪਹਿਲਾਂ ਹਾਸਲ ਕੀਤੀ ਉੱਚੀ-ਸੁੱਚੀ ਸੂਝ ਉੱਤੇ ਹੈਰਾਨੀ ਹੁੰਦੀ ਹੈ ਅਤੇ ਉਸ ਤੋਂ ਵੱਧ ਹੈਰਾਨੀ ਉਨ੍ਹਾਂ ਲੋਕਾਂ ਦੀ ਸੂਝ ਉੱਤੇ ਹੁੰਦੀ ਹੈ, ਜੋ ਸੌ ਸਾਲ ਬਾਅਦ ਗ਼ਦਰੀਆਂ ਨੂੰ ਕਿਸੇ ਇੱਕ ਧਰਮ ਨਾਲ ਬੰਨ੍ਹਣ ਦੀ ਕੋਸ਼ਿਸ਼ ਕਰਦੇ ਹਨ। ਇਸ ਵਰਤਾਰੇ ਨੂੰ ਸਮਝਣ ਲਈ ਇੱਕ ਉਦਾਹਰਣ ਲਈ ਜਾ ਸਕਦੀ ਹੈ ਕਿ ਕਾਲੇ ਪੀਲੀਏ ਦੇ ਵਾਇਰਸ ਮਨੁੱਖੀ ਜਿਗਰ ਵਿੱਚ ਦੜ ਵੱਟ ਕੇ ਬੈਠੇ ਰਹਿੰਦੇ ਹਨ, ਜਦ ਕਿਸੇ ਕਾਰਨ ਸਰੀਰ ਕਮਜ਼ੋਰ ਹੁੰਦਾ ਹੈ ਤਾਂ ਇਹ ਜਿਗਰ ’ਤੇ ਹਮਲਾ ਕਰ ਦਿੰਦੇ ਹਨ ਅਤੇ ਉਸ ਨੂੰ ਢਹਿ-ਢੇਰੀ ਕਰ ਦਿੰਦੇ ਹਨ। ਕੱਟੜ ਧਾਰਮਿਕ ਸੋਚ ਦੇ ਕੀਟਾਣੂ ਵੀ ਕਾਲੇ ਪੀਲੀਏ ਦੇ ਵਾਇਰਸ ਵਾਂਗ ਮਨ ਦੇ ਹਨੇਰੇ ਖੂੰਜਿਆਂ ਵਿੱਚ ਪਏ ਰਹਿੰਦੇ ਹਨ। ਜਦ ਲੋਕ-ਪੱਖੀ ਲਹਿਰਾਂ ਕਮਜ਼ੋਰ ਹੁੰਦੀਆਂ ਹਨ ਤਾਂ ਇਹ ਕੀਟਾਣੂ ਸਾਹਮਣੇ ਆ ਜਾਂਦੇ ਹਨ ਅਤੇ ਲਹਿਰ ’ਤੇ ਹਮਲਾ ਕਰਦੇ ਹਨ। ਜ਼ਿਕਰ ਅਧੀਨ ਆਏ ਉਪਰੋਕਤ ਵਿਅਕਤੀਆਂ ਵਿਚੋਂ ਕਿਸੇ ਸਮੇਂ ਇਨਕਲਾਬੀ ਰਹੇ ਆਗੂਆਂ ਨਾਲ ਵੀ ਅਜਿਹਾ ਵਾਪਰਿਆ ਹੈ। ਇਨ੍ਹਾਂ ਕਥਿਤ ਸਿੱਖ ਬੁੱਧੀਜੀਵੀਆਂ ਲਈ ਸਿੱਖਣ ਵਾਲੀ ਗੱਲ ਤਾਂ ਇਹ ਹੈ ਕਿ ਧਾਰਮਿਕ ਪਿਛੋਕੜ ਵਾਲੇ ਵਾਤਾਵਰਣ ਵਿਚੋਂ ਗਏ ਇਨ੍ਹਾਂ ਸੂਰਮਿਆਂ ਨੇ ਧਰਮਾਂ ਦੀਆਂ ਹੱਦਬੰਦੀਆਂ ਨੂੰ ਰੱਦ ਕਰਕੇ ਆਪਣੀ ਸੋਚ ਦੇ ਦਾਇਰੇ ਨੂੰ ਕਿਵੇਂ ਵਿਸ਼ਾਲ ਕੀਤਾ। ਜਿੱਥੋਂ ਤੱਕ ਪ੍ਰੇਰਨਾ ਲੈਣ ਦਾ ਸਵਾਲ ਹੈ, ਜਿਵੇਂ ਪਹਿਲਾਂ ਲਿਖਿਆ ਜਾ ਚੁੱਕਾ ਹੈ, ਉਨ੍ਹਾਂ ਨੇ ਜਾਬਰ ਨਾਲ ਟੱਕਰ ਲੈਣ ਲਈ ਆਪਣੇ ਵਿਰਸੇ ਤੋਂ ਵੀ ਪ੍ਰੇਰਨਾ ਲਈ ਅਤੇ ਦੂਜੇ ਦੇਸ਼ਾਂ ਵਿੱਚ ਚੱਲ ਰਹੀਆਂ ਸਮਕਾਲੀ ਲਹਿਰਾਂ ਤੋਂ ਵੀ।
    
ਗ਼ਦਰ ਦੇ 16 ਜੂਨ 1916 ਦੇ ਅੰਕ ਵਿੱਚ ਇੱਕ ਲੇਖ ਹੈ ‘ਗ਼ਦਰ ਪਾਰਟੀ ਅਤੇ ਮਜ਼੍ਹਬੀ ਝਗੜੇ’। ਇਸ ਵਿਚੋਂ ਕੁਝ ਅੰਸ਼ ਪੇਸ਼ ਹਨ,-‘‘ਵਾਰ-ਵਾਰ ਅਖ਼ਬਾਰ ਵਿੱਚ ਲਿਖਿਆ ਜਾ ਚੁੱਕਾ ਹੈ ਕਿ ਅਖ਼ਬਾਰ ਗ਼ਦਰ ਮਜ਼੍ਹਬੀ ਬਖੇੜਿਆਂ ਤੋਂ ਰਹਿਤ ਹੋ ਕੇ ਅੰਗਰੇਜ਼ੀ ਗਵਰਨਮੈਂਟ ਦੀਆਂ ਹਿੰਦੁਸਤਾਨ ਵਿਚੋਂ ਜੜ੍ਹਾਂ ਪੁੱਟਣ ਦਾ ਠੇਕੇਦਾਰ ਹੈ। ਇਸ ਅਖ਼ਬਾਰ ਨੂੰ ਹਿੰਦੂ ਸਿੱਖ, ਮੁਸਲਮਾਨਾਂ ਦੀਆਂ ਮਜ਼੍ਹਬੀ ਗੱਲਾਂ ਨਾਲ ਕੋਈ ਲਗਾਉ ਨਹੀਂ ਹੈ। ਚਾਹੇ ਕਿਸੇ ਦਾ ਕੋਈ ਮਜ਼੍ਹਬ ਹੋਵੇ, ਗ਼ਦਰ ਨਾ ਕਿਸੇ ਨੂੰ ਬੁਰਾ ਕਹਿੰਦਾ ਹੈ ਤੇ ਨਾ ਕਿਸੇ ਨੂੰ ਭਲਾ ਕਹਿੰਦਾ ਹੈ ਤੇ ਨਾ ਹੀ ਕਹੇਗਾ। ਹਿੰਦੁਸਤਾਨੀ ਹੁਣ ਭਲੇ-ਬੁਰੇ ਨੂੰ ਪਰਖਣ ਲੱਗ ਪਏ ਹਨ। ਇਹ ਦੇਖ ਕੇ ਕਈ ਪੁਰਾਣੇ ਬਦਮਾਸ਼ ਲੋਕਾਂ ਨੂੰ ਖੌਫ਼ ਹੋਇਆ ਹੈ ਕਿ ਸਾਡੀ ਰੋਜ਼ੀ ਨਾ ਮਾਰੀ ਜਾਵੇ। ਅੱਜ-ਕੱਲ੍ਹ ਉਨ੍ਹਾਂ ਵਿਚੋਂ ਕਈ ਬਦਮਾਸ਼ ਗ਼ਦਰ ਪਾਰਟੀ ਦੇ ਵਿਰੁੱਧ ਮਜ਼੍ਹਬੀ ਅੱਗ ਭੜਕਾਉਂਦੇ ਫਿਰ ਰਹੇ ਹਨ। ਖ਼ਬਰ ਆਈ ਹੈ ਕਿ ਕੁਝ ਰੱਦੀ ਆਦਮੀ ਕੈਲੀਫੋਰਨੀਆਂ ਦੇ ਹਿੰਦੁਸਤਾਨੀ ਲੋਕਾਂ ਵਿੱਚ ਇਹ ਝੂਠੀ ਖ਼ਬਰ ਫੈਲਾ ਰਹੇ ਹਨ ਕਿ ਗ਼ਦਰ ਪਾਰਟੀ ਵਾਲੇ ਸਿੱਖ ਧਰਮ ਨੂੰ ਬੁਰਾ ਸਮਝਦੇ ਹਨ। ਅਸੀਂ ਸਾਫ਼ ਕਹਿੰਦੇ ਹਾਂ ਕਿ ਗ਼ਦਰ ਪਾਰਟੀ ਵਿੱਚ ਹਿੰਦੂ, ਸਿੱਖ, ਮੁਸਲਮਾਨ, ਆਰੀਆ, ਜੈਨੀ, ਆਸਤਕ ਤੇ ਨਾਸਤਕ, ਸਾਰੇ ਮਜ਼੍ਹਬਾਂ ਦੇ ਹਿੰਦੁਸਤਾਨੀ ਸ਼ਾਮਲ ਹਨ। ਗ਼ਦਰ ਪਾਰਟੀ ਨਾ ਕਿਸੇ ਮਜ਼੍ਹਬ ਨੂੰ ਬੁਰਾ ਕਹਿੰਦੀ ਹੈ ਨਾ ਭਲਾ।’’ ਉਪਰੋਕਤ ਉਦਾਹਰਣਾਂ ਭਲੀਭਾਂਤ ਦਰਸਾਉਦੀਆਂ ਹਨ ਕਿ ਗ਼ਦਰ ਲਹਿਰ ਧਰਮ ਦੇ ਖ਼ਾਸੇ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਦੀ ਸੀ ਅਤੇ ਧਰਮ ਪ੍ਰਤੀ ਇਸਦੀ ਪਹੁੰਚ ਕਿੰਨੀ ਸੰਤੁਲਿਤ ਸੀ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ