Sat, 13 April 2024
Your Visitor Number :-   6969990
SuhisaverSuhisaver Suhisaver

ਭਾਰਤ ਤੇ ਪਾਕਿਸਤਾਨ ਵਿਚ ਪੜ੍ਹਾਇਆ ਜਾ ਰਿਹਾ ਹੈ ਗ਼ਲਤ ਇਤਿਹਾਸ - ਡਾ. ਤਾਹਿਰ ਮਹਿਮੂਦ

Posted on:- 28-06-2014

suhisaver

ਧਰਮ ਦੇ ਆਧਾਰ 'ਤੇ ਹਿੰਦੁਸਤਾਨ ਵੰਡ ਦਿੱਤਾ ਗਿਆ। ਹਿੰਦੁਸਤਾਨ ਦੇ ਮੁਸਲਿਮ ਹਿੰਦੁਸਤਾਨੀਆਂ ਨੂੰ ਮੁਸਲਮਾਨਾਂ ਦੇ ਹੀ ਇਕ ਖ਼ਾਸ ਤਬਕੇ ਤੇ ਉਸ ਦੀ ਲੀਡਰਸ਼ਿਪ ਨੇ ਇਹ ਅਹਿਸਾਸ ਦਿਵਾਉਣ ਲਈ ਰਾਤ-ਦਿਨ ਇਕ ਕਰ ਦਿੱਤਾ ਕਿ ਮੁਸਲਿਮ ਤੇ ਗ਼ੈਰ-ਮੁਸਲਿਮ ਇਕੱਠੇ ਨਹੀਂ ਰਹਿ ਸਕਦੇ। ਇਸ ਦਲੀਲ ਨੂੰ ਦੋ ਕੌਮੀ ਨਜ਼ਰੀਏ ਦਾ ਨਾਂਅ ਦਿੱਤਾ ਗਿਆ। ਦੋ ਕੌਮੀ ਨਜ਼ਰੀਏ ਦਾ ਅਰਥ ਇਹ ਹੈ ਕਿ ਹਿੰਦੁਸਤਾਨ ਦੇ ਮੁਸਲਿਮ ਤੇ ਗ਼ੈਰ-ਮੁਸਲਿਮ ਦੋ ਅਲੱਗ ਕੌਮਾਂ ਹਨ। ਹਿੰਦੁਸਤਾਨ 'ਚ ਵਸਣ ਵਾਲੇ ਸਾਰੇ ਹਿੰਦੁਸਤਾਨੀ ਇਕ ਕੌਮ ਨਹੀਂ ਹਨ, ਕਿਉਂਕਿ ਹਿੰਦੁਸਤਾਨ ਦੇ ਮੁਸਲਿਮ ਤੇ ਗ਼ੈਰ-ਮੁਸਲਿਮ ਆਪਣੀ-ਆਪਣੀ ਅਲੱਗ ਧਾਰਮਿਕ ਤੇ ਸੱਭਿਆਚਾਰਕ ਸ਼ਨਾਖ਼ਤ ਰੱਖਦੇ ਹਨ।

ਦਰਅਸਲ ਧਰਮ ਦੀ ਬੁਨਿਆਦ 'ਤੇ ਅਲੱਗ ਸ਼ਨਾਖ਼ਤ ਨੂੰ ਇਕ ਵੱਖਰੀ ਕੌਮੀਅਤ ਦੇ ਤੌਰ 'ਤੇ ਪੇਸ਼ ਕੀਤਾ ਗਿਆ। ਇਹੋ ਹੀ ਦੋ ਕੌਮੀ ਨਜ਼ਰੀਆ ਹੈ। ਕੌਮੀ ਨਜ਼ਰੀਏ ਦੀ ਤਲਵਾਰ ਅੱਗੇ ਅਖੰਡ ਭਾਰਤ ਦੇ ਹਾਮੀ ਨਾ ਠਹਿਰ ਸਕੇ ਤੇ ਇੰਜ ਧਰਮ ਦੀ ਬੁਨਿਆਦ 'ਤੇ ਹਿੰਦੁਸਤਾਨ ਨੂੰ ਤਕਸੀਮ ਕਰ ਦਿੱਤਾ ਗਿਆ। ਪਾਕਿਸਤਾਨ ਬਣ ਗਿਆ। ਪਰ ਦੋ ਕੌਮੀ ਨਜ਼ਰੀਏ ਦੀ ਤਲਵਾਰ ਜਿਸ ਸ਼ਿੱਦਤ (ਜ਼ੋਰ) ਨਾਲ ਪੰਜਾਬ ਤੇ ਪੰਜਾਬੀਆਂ ਉੱਤੇ ਚੱਲੀ, ਉਸ ਦੇ ਗੰਭੀਰ ਜ਼ਖ਼ਮਾਂ ਤੋਂ ਪੰਜਾਬ, ਪੰਜਾਬੀ ਤੇ ਪੰਜਾਬ ਦੇ ਪੰਜ ਦਰਿਆ ਅੱਜ ਤੱਕ ਨਾ ਸੰਭਲ ਸਕੇ। ਪੰਜਾਬ 'ਚ ਸਦਾ ਤੋਂ ਇਕੱਠੇ ਰਹਿਣ ਵਾਲੇ ਪੰਜਾਬੀ ਹੀ ਇਕ-ਦੂਜੇ ਦੇ ਦੁਸ਼ਮਣ ਬਣ ਗਏ।

ਭਿਆਨਕ ਦੁਰਘਟਨਾਵਾਂ ਦੀਆਂ ਖ਼ਬਰਾਂ ਬਿਨਾਂ ਇਨ੍ਹਾਂ ਦੀ ਤਸਦੀਕ ਕੀਤਿਆਂ ਅੱਗ ਵਾਂਗੂ ਫੈਲ ਗਈਆਂ। ਇਹ ਸੱਚੀਆਂ-ਝੂਠੀਆਂ ਅਫ਼ਵਾਹਾਂ ਖ਼ੂਨੀ ਹਨੇਰੀਆਂ ਬਣ-ਬਣ ਹਨੇਰ ਮਚਾਉਂਦੀਆਂ ਰਹੀਆਂ। ਪੰਜਾਬ ਦੇ ਪੰਜ ਦਰਿਆਵਾਂ ਦੇ ਪਾਣੀ ਇਨਸਾਨੀ ਖ਼ੂਨ ਦੀਆਂ ਵਗਦੀਆਂ ਲਹਿਰਾਂ 'ਚ ਬਦਲ ਗਏ। ਆਮ ਸਾਦੇ ਤੇ ਅਨਪੜ੍ਹ ਪੰਜਾਬੀਆਂ ਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਸਾਨੂੰ ਕਿਸ ਜੁਰਮ ਦੀ ਸਜ਼ਾ ਦੇ ਕੇ ਦੇਸ਼ੋਂ ਪ੍ਰਦੇਸ਼ ਜਾਣ 'ਤੇ ਮਜਬੂਰ ਕੀਤਾ ਜਾ ਰਿਹਾ ਹੈ। ਕੀ ਪੰਜਾਬ ਦੀ ਵੰਡ ਕਰਕੇ ਇਸ ਦੀ ਬਰਬਾਦੀ ਬਹੁਤ ਜ਼ਰੂਰੀ ਸੀ? 65 ਸਾਲ ਗੁਜ਼ਰਨ ਦੇ ਬਾਵਜੂਦ ਪੰਜਾਬੀਆਂ ਨੂੰ ਇਸ ਸਵਾਲ ਦਾ ਤਸੱਲੀਬਖਸ਼ ਜਵਾਬ ਨਹੀਂ ਮਿਲ ਸਕਿਆ। ਅੱਜ ਤੱਕ ਪੰਜਾਬ ਦੀ ਇਸ ਵੰਡ ਤੋਂ ਪੰਜਾਬੀ ਸੰਤੁਸ਼ਟ ਨਹੀਂ ਹੋ ਸਕੇ।

ਹਿੰਦੁਸਤਾਨ ਦੀ ਆਜ਼ਾਦੀ ਤੇ ਇਕ ਨਵਾਂ ਮੁਲਕ ਪਾਕਿਸਤਾਨ ਬਣਨ ਤੋਂ ਬਾਅਦ ਦੋਵਾਂ ਮੁਲਕਾਂ ਦੇ ਤਾਲੀਮੀ ਅਦਾਰਿਆਂ 'ਚ ਇਸ ਖਿੱਤੇ ਦੀ ਵੰਡ ਤੇ ਆਜ਼ਾਦੀ ਦੇ ਇਤਿਹਾਸ ਨੂੰ ਬਹੁਤ ਸਾਰੀਆਂ ਹਕੀਕਤਾਂ ਨੂੰ ਨਜ਼ਰਅੰਦਾਜ਼ ਕਰਕੇ ਅਧੂਰਾ ਪੜ੍ਹਾਇਆ ਜਾ ਰਿਹਾ ਹੈ। ਇਸ ਪੜ੍ਹਾਏ ਜਾਣ ਵਾਲੇ ਇਤਿਹਾਸ ਦੀ ਬੁਨਿਆਦ ਹੀ ਧਾਰਮਿਕ ਨਫ਼ਰਤ 'ਤੇ ਰੱਖੀ ਗਈ ਹੈ। ਦੋਵਾਂ ਮੁਲਕਾਂ ਦੀ ਜਨਤਾ ਵਿਚ ਨਫ਼ਰਤ ਨੂੰ ਵਧਾਉਣਾ ਤੇ ਇਸ ਨੂੰ ਕਾਇਮ ਰੱਖਣਾ ਇਸ ਖਿੱਤੇ ਦੇ ਅਮਨ ਦੇ ਦੁਸ਼ਮਣਾਂ ਤੇ ਸਾਮਰਾਜੀ ਤਾਕਤਾਂ ਦੀ ਇਕ ਬਹੁਤ ਵੱਡੀ ਜ਼ਰੂਰਤ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਦੀ ਸੇਵਾ ਨਿਭਾਉਣ ਲਈ ਦੋਵਾਂ ਮੁਲਕਾਂ ਵਿਚ ਹੀ ਇਨ੍ਹਾਂ ਦੇ ਖ਼ਾਸ ਏਜੰਟ ਪੜ੍ਹੇ-ਲਿਖੇ ਲੋਕਾਂ, ਸਿਆਸੀ ਤੇ ਮਜ਼ਹਬੀ ਲੀਡਰਾਂ ਤੇ ਨੀਤੀ-ਘਾੜਿਆਂ ਦੀ ਸ਼ਕਲ 'ਚ ਮੌਜੂਦ ਹਨ। ਦਰਅਸਲ ਦੋਵਾਂ ਮੁਲਕਾਂ ਦਾ ਤਾਲੀਮੀ ਨਿਜ਼ਾਮ ਸਾਮਰਾਜੀ ਤਾਕਤਾਂ ਦੀ ਮੁਕੰਮਲ ਗ੍ਰਿਫ਼ਤ 'ਚ ਹੈ।
ਨਫ਼ਰਤ ਨਾਲ ਭਰਿਆ ਅਜਿਹਾ ਇਤਿਹਾਸ ਹਿੰਦੁਸਤਾਨੀ-ਪਾਕਿਸਤਾਨੀ ਕੌਮ ਦੀ ਨੇੜਤਾ, ਇਕ-ਦੂਜੇ ਨੂੰ ਸਮਝਣ ਤੇ ਕਬੂਲ ਕਰਨ 'ਚ ਸਭ ਤੋਂ ਵੱਡੀ ਰੁਕਾਵਟ ਹੈ। ਆਪਸੀ ਦੂਰੀਆਂ ਵਧਾਉਣ ਵਾਲੇ ਇਸ 'ਇਤਿਹਾਸ' ਨੂੰ ਪੜ੍ਹਨ-ਪੜ੍ਹਾਉਣ 'ਚ ਇਕ ਅਹਿਮ ਕਿਰਦਾਰ ਇਸ ਖਿੱਤੇ ਦੀ ਸਿਵਲ ਤੇ ਮਿਲਟਰੀ ਅਫ਼ਸਰਸ਼ਾਹੀ ਦਾ ਵੀ ਹੈ।
ਪਾਕਿਸਤਾਨ ਦੇ ਤਾਲੀਮੀ ਅਦਾਰਿਆਂ 'ਚ ਜੋ ਇਤਿਹਾਸ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ, ਇਸ ਵਿਚ ਮੁਹੰਮਦ ਬਿਨ (ਪੁੱਤਰ) ਕਾਸਮ, ਜਿਸ ਨੇ ਸਮੁੰਦਰ ਦੇ ਰਸਤੇ ਹਿੰਦੁਸਤਾਨ ਦੇ ਇਲਾਕੇ ਸਿੰਧ 'ਤੇ ਹਮਲਾ ਕੀਤਾ ਸੀ, ਉਹ ਹੀਰੋ ਤੇ ਰਾਜਾ ਦਾਹਿਰ ਖਲਨਾਇਕ ਹੈ।

ਮਹਿਮੂਦ ਗਜ਼ਨਵੀ ਹਿੰਦੁਸਤਾਨ ਦੀ ਦੌਲਤ ਤੇ ਪੱਤ ਲੁੱਟਣ ਲਈ ਹਿੰਦੁਸਤਾਨ 'ਤੇ ਵਾਰ-ਵਾਰ ਹਮਲੇ ਕਰਦਾ ਰਿਹਾ। ਪਾਕਿਸਤਾਨੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ ਕਿ ਮਹਿਮੂਦ ਗਜ਼ਨਵੀ ਸਾਡਾ ਹੀਰੋ ਹੈ। ਹਿੰਦੁਸਤਾਨ ਦੀ ਦੌਲਤ ਲੁੱਟਣ ਵਾਲਾ, ਪਵਿੱਤਰ ਧਾਰਮਿਕ ਅਸਥਾਨਾਂ ਨੂੰ ਬਰਬਾਦ ਕਰਨ ਵਾਲਾ, ਪਰਤ ਕੇ ਜਾਂਦਾ ਹੋਇਆ ਸੈਂਕੜੇ ਹਿੰਦੁਸਤਾਨੀ ਜਵਾਨ ਕੁੜੀਆਂ ਤੇ ਔਰਤਾਂ ਨੂੰ ਆਪਣੇ ਨਾਲ ਲੈ ਜਾਣ ਵਾਲੇ ਨੂੰ ਪੜ੍ਹੀਆਂ ਤੇ ਪੜ੍ਹ ਰਹੀਆਂ ਪੀੜ੍ਹੀਆਂ ਦਾ ਹੀਰੋ ਬਣਾ ਦਿੱਤਾ ਗਿਆ ਹੈ। ਮੈਂ ਵੀ ਸਕੂਲ, ਕਾਲਜ ਤੇ ਯੂਨੀਵਰਸਿਟੀ 'ਚ ਅਜਿਹਾ ਕੁਝ ਹੀ ਪੜ੍ਹਿਆ ਹੈ। ਪਰ ਪੜ੍ਹਾਏ ਜਾਣ ਵਾਲੇ ਇਸ ਇਤਿਹਾਸ 'ਚ ਸੈਂਕੜੇ ਸਾਲਾਂ ਤੋਂ ਹਿੰਦੁਸਤਾਨ 'ਤੇ ਹਮਲਾ ਕਰਨ ਵਾਲਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੇ ਗ਼ੈਰ-ਮੁਸਲਿਮ ਬਹਾਦਰ ਯੋਧਿਆਂ ਦਾ ਕੋਈ ਜ਼ਿਕਰ ਲਿਖਤੀ ਰੂਪ 'ਚ ਨਹੀਂ ਹੈ।

ਪਾਕਿਸਤਾਨ ਦੇ ਤਾਲੀਮੀ ਅਦਾਰਿਆਂ 'ਚ ਪੜ੍ਹਾਏ ਜਾਣ ਵਾਲੇ ਇਤਿਹਾਸ ਅੰਦਰ ਗੁਰੂ ਸਾਹਿਬਾਨ ਨਾਲ ਹੋਣ ਵਾਲੇ ਜ਼ੁਲਮ-ਜ਼ਿਆਦਤੀਆਂ, ਸ੍ਰੀ ਗੁਰੂ ਤੇਗ ਬਹਾਦਰ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਸ਼ਹਾਦਤਾਂ, ਸਾਹਿਬਜ਼ਾਦਿਆਂ ਦਾ ਜ਼ਿੰਦਾ ਦੀਵਾਰਾਂ 'ਚ ਚੁਣਵਾਇਆ ਜਾਣਾ, ਸਿੱਖ ਧਾਰਮਿਕ ਮਹਾਨ ਹਸਤੀਆਂ 'ਤੇ ਹੋਣ ਵਾਲੇ ਜ਼ੁਲਮ ਦੇ ਕਹਿਰ, ਇਨ੍ਹਾਂ ਖ਼ੂਨੀ ਦੁਰਘਟਨਾਵਾਂ ਬਾਰੇ ਇਕ ਸ਼ਬਦ ਵੀ ਨਹੀਂ ਲਿਖਿਆ ਗਿਆ। ਹਾਂ, ਇਹ ਲਿਖਿਆ ਗਿਆ ਹੈ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਇਕ ਦਰਵੇਸ਼ ਬਾਦਸ਼ਾਹ ਸੀ, ਜੋ ਟੋਪੀਆਂ ਬਣਾ-ਬਣਾ ਆਪਣੇ ਘਰ ਦਾ ਖ਼ਰਚ ਚਲਾਉਂਦਾ ਸੀ। 'ਝੂਠ' ਉਹ ਵੀ ਬੇਸ਼ਰਮੀ ਤੇ ਬੇਗ਼ੈਰਤੀ ਦੀ ਹੱਦ ਤੱਕ ਲਿਖਿਆ ਜਾਣ ਵਾਲਾ ਝੂਠ, ਉਸ ਦੀ ਕੋਈ ਤਾਂ ਹੱਦ ਹੋਣੀ ਚਾਹੀਦੀ ਹੈ। ਪੰਜਾਬ ਦੀ ਵੰਡ ਸਮੇਂ ਲਹਿੰਦੇ ਪੰਜਾਬ 'ਚ ਸਿੱਖ-ਹਿੰਦੂ ਪਰਿਵਾਰਾਂ ਦੇ ਖ਼ੂਨ ਨਾਲ ਖੇਡੀ ਗਈ ਹੋਲੀ ਬਾਰੇ ਕੋਈ ਇਕ ਗੱਲ ਵੀ ਪਾਕਿਸਤਾਨ 'ਚ ਪੜ੍ਹਾਏ ਜਾਣ ਵਾਲੇ ਇਤਿਹਾਸ ਦੇ ਕਿਸੇ ਪੰਨੇ 'ਤੇ ਨਹੀਂ ਲਿਖੀ ਗਈ। ਇੰਜ ਹੀ ਮੈਨੂੰ ਯਕੀਨ ਹੈ ਕਿ ਵੰਡ ਸਮੇਂ ਚੜ੍ਹਦੇ ਪੰਜਾਬ ਵਿਚੋਂ ਆਉਣ ਵਾਲੇ ਮੁਸਲਮਾਨ ਪਰਿਵਾਰਾਂ ਦੀ ਜਿਸ ਭਿਆਨਕ ਢੰਗ ਨਾਲ ਵੱਢ-ਟੁੱਕ ਕੀਤੀ ਗਈ, ਜਵਾਨ ਕੁੜੀਆਂ ਫੜ-ਫੜ ਉਨ੍ਹਾਂ ਦੀਆਂ ਵੰਡੀਆਂ ਪਾ-ਪਾ ਆਪਣੇ ਘਰਾਂ ਨੂੰ ਲੋਕ ਲੈ ਗਏ। ਮੈਨੂੰ ਯਕੀਨ ਹੈ ਕਿ ਹਿੰਦੁਸਤਾਨ ਦੇ ਤਾਲੀਮੀ ਅਦਾਰਿਆਂ 'ਚ ਪੜ੍ਹਾਏ ਜਾਣ ਵਾਲੇ ਇਤਿਹਾਸ 'ਚ ਇਨ੍ਹਾਂ ਦਰਦ ਭਰੀਆਂ ਸੱਚੀਆਂ ਕਹਾਣੀਆਂ ਬਾਰੇ ਇਕ ਸ਼ਬਦ ਵੀ ਨਹੀਂ ਲਿਖਿਆ ਗਿਆ ਹੋਵੇਗਾ।

ਆਜ਼ਾਦੀ ਸਮੇਂ ਪਾਕਿਸਤਾਨ ਵਿਚੋਂ ਹਿੰਦੁਸਤਾਨ ਜਾਣ ਵਾਲੇ ਹਿੰਦੂ-ਸਿੱਖ ਭਾਈਚਾਰੇ ਨਾਲ ਜ਼ੁਲਮ, ਜਬਰ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਖ਼ੂਨ ਨਾਲ ਇਸ਼ਨਾਨ ਕਰਵਾਉਣ ਦੀ ਇਨਤਹਾ ਕਰ ਦਿੱਤੀ ਗਈ। ਹਿੰਦੁਸਤਾਨ ਤੋਂ ਪਾਕਿਸਤਾਨ ਆਉਣ ਵਾਲਿਆਂ ਨਾਲ ਵੀ ਬਿਲਕੁਲ ਇੰਜ ਹੀ ਸਾਰਾ ਕੁਝ ਦੁਹਰਾਇਆ ਗਿਆ। ਨਾ ਘੱਟ ਜ਼ੁਲਮ ਹਿੰਦੂ-ਸਿੱਖਾਂ ਨੇ ਮੁਸਲਮਾਨਾਂ ਨਾਲ ਕੀਤੇ ਤੇ ਨਾ ਹੀ ਘੱਟ ਜ਼ੁਲਮ ਤੇ ਕਹਿਰ ਮੁਸਲਮਾਨਾਂ ਨੇ ਹਿੰਦੂ-ਸਿੱਖਾਂ 'ਤੇ ਤੋੜੇ। ਪਰ ਇਸ ਬਾਰੇ ਇਤਿਹਾਸ ਦੋਵਾਂ ਮੁਲਕਾਂ ਵਿਚ ਹੀ ਅੱਖਾਂ ਬੰਦ ਕਰਕੇ ਚੁੱਪ ਤੇ ਦੜ ਵੱਟੀ ਬੈਠਾ ਹੈ। ਜੇ ਦੋਵਾਂ ਮੁਲਕਾਂ ਦੇ ਇਤਿਹਾਸ 'ਚ ਇਹ ਖ਼ੂਨੀ ਤੇ ਸ਼ਰਮਨਾਕ ਸਚਾਈਆਂ ਲਿਖੀਆਂ ਜਾਣ ਤਾਂ ਮੈਨੂੰ ਯਕੀਨ ਹੈ ਕਿ ਪਾਕਿਸਤਾਨੀ ਤੇ ਹਿੰਦੁਸਤਾਨੀ, ਖ਼ਾਸ ਤੌਰ 'ਤੇ ਪੰਜਾਬ ਦੇ ਪੰਜਾਬੀ ਮੁਸਲਿਮ ਤੇ ਗ਼ੈਰ-ਮੁਸਲਿਮ ਭਾਈਚਾਰੇ ਨੂੰ ਆਪਣੇ-ਆਪਣੇ ਬਜ਼ੁਰਗਾਂ ਵੱਲੋਂ ਕੀਤੇ ਗਏ ਜ਼ੁਲਮਾਂ ਤੇ ਗ਼ਲਤੀਆਂ ਦਾ ਅਹਿਸਾਸ ਜ਼ਰੂਰ ਹੋਏਗਾ।

ਦੁਸ਼ਮਣਾਂ ਦੇ ਕੀਤੇ ਗਏ ਜ਼ੁਲਮ ਤੇ ਕਤਲੋ-ਗਾਰਤਗੀਰੀ ਦੇ ਨਾਲ-ਨਾਲ ਜੇ ਆਪਣੇ ਵੱਲੋਂ ਇੰਜ ਦੇ ਹੀ ਕੀਤੇ ਭਿਆਨਕ ਜੁਰਮਾਂ ਨੂੰ ਤਸਲੀਮ ਕਰ ਲਿਆ ਜਾਵੇ ਤਾਂ ਆਪਸੀ ਮੇਲ-ਜੋਲ ਤੇ ਦੋਸਤੀ ਦੀ ਨਵੇਂ ਸਿਰੇ ਤੋਂ ਉਸਾਰੀ ਆਸਾਨ ਹੋ ਜਾਏਗੀ। ਆਪਣੇ-ਆਪਣੇ ਜੁਰਮ ਤਸਲੀਮ ਕਰਕੇ ਇਕ-ਦੂਜੇ ਨੂੰ ਮੁਆਫ਼ ਕਰਨਾ ਵੀ ਆਸਾਨ ਹੋ ਜਾਂਦਾ ਹੈ ਤੇ ਜੇ ਮੁਆਫ਼ ਕਰ ਦੇਈਏ ਤਾਂ ਲੜਾਈ ਬੰਦ ਤੇ ਅਮਨ ਕਾਇਮ ਹੋ ਜਾਂਦਾ ਹੈ। ਟੁੱਟਾ ਹੋਇਆ ਮਿਲਵਰਤਣ ਫਿਰ ਜੁੜ ਜਾਂਦਾ ਹੈ।

ਪਾਕਿਸਤਾਨ ਅੰਦਰ ਪੜ੍ਹਾਏ ਜਾਣ ਵਾਲੇ ਇਤਿਹਾਸ 'ਚ ਸ੍ਰੀ ਮਹਾਤਮਾ ਗਾਂਧੀ, ਸ੍ਰੀ ਨਹਿਰੂ, ਸਰਦਾਰ ਪਟੇਲ, ਮਾਸਟਰ ਤਾਰਾ ਸਿੰਘ ਤੇ ਇਨ੍ਹਾਂ ਦੇ ਸਾਥੀ ਲੀਡਰਾਂ ਦਾ ਕੋਈ ਖ਼ਾਸ ਜ਼ਿਕਰ ਲਿਖਤੀ ਰੂਪ 'ਚ ਨਹੀਂ ਹੈ। ਜੇ ਕੁਝ ਲਿਖਿਆ ਵੀ ਹੈ ਤਾਂ ਉਹ ਇਨ੍ਹਾਂ ਮਹਾਨ ਲੀਡਰਾਂ ਦੀ ਤਾਰੀਫ਼ ਵਿਚ ਨਹੀਂ ਬਲਕਿ ਵਿਰੋਧਤਾ 'ਚ ਹੀ ਲਿਖਿਆ ਗਿਆ ਹੈ। ਮੇਰਾ ਵਿਚਾਰ ਹੈ ਕਿ ਇੰਜ ਹੀ ਹਿੰਦੁਸਤਾਨ 'ਚ ਲਿਖੇ ਗਏ ਇਤਿਹਾਸ 'ਚ ਪਾਕਿਸਤਾਨ ਦੀ ਕੌਮ ਦੇ ਲੀਡਰਾਂ ਮੁਹੰਮਦ ਅਲੀ ਜਿਨਾਹ, ਲਿਆਕਤ ਅਲੀ, ਸਰਦਾਰ ਅਬਦੁੱਲ ਰਬ ਨਸ਼ਤਰ ਤੇ ਉਨ੍ਹਾਂ ਦੇ ਸਾਥੀਆਂ ਬਾਰੇ ਕੋਈ ਖ਼ਾਸ ਨਹੀਂ ਲਿਖਿਆ ਗਿਆ ਹੋਵੇਗਾ। ਜੇ ਲਿਖਿਆ ਵੀ ਗਿਆ ਹੋਵੇਗਾ ਤਾਂ ਉਨ੍ਹਾਂ ਦੀਆਂ ਨੀਤੀਆਂ ਤੇ ਹਿੰਦੁਸਤਾਨ ਦੀ ਆਜ਼ਾਦੀ 'ਚ ਉਨ੍ਹਾਂ ਦੇ ਕਿਰਦਾਰ ਦੀ ਵਿਰੋਧਤਾ ਹੀ ਕੀਤੀ ਗਈ ਹੋਵੇਗੀ। ਦਰਅਸਲ ਪਾਕਿਸਤਾਨ-ਹਿੰਦੁਸਤਾਨ 'ਚ ਪੜ੍ਹਨ-ਪੜ੍ਹਾਉਣ ਲਈ ਲਿਖਿਆ ਗਿਆ ਇਤਿਹਾਸ ਦੋਵਾਂ ਮੁਲਕਾਂ ਦੇ ਭਾਈਚਾਰੇ ਨੂੰ ਜੋੜਨ ਵਾਲਾ ਨਹੀਂ, ਬਲਕਿ ਤੋੜਨ ਵਾਲਾ ਹੈ। ਇਹ ਮੁਹੱਬਤਾਂ ਕਰਵਾਉਣ ਵਾਲਾ ਨਹੀਂ, ਬਲਕਿ ਨਫ਼ਰਤਾਂ ਵਧਾਉਣ ਵਾਲਾ ਇਤਿਹਾਸ ਹੈ।

ਹਿੰਦੁਸਤਾਨ ਦੀ ਆਜ਼ਾਦੀ ਤੇ ਇਸ ਦੇ ਕੱਲ੍ਹ ਲਈ ਜਿਨ੍ਹਾਂ ਮਹਾਨ ਗ਼ੈਰ-ਮੁਸਲਿਮ ਹਸਤੀਆਂ ਨੇ ਆਪਣਾ ਅੱਜ ਕੁਰਬਾਨ ਕੀਤਾ, ਫਾਂਸੀਆਂ ਦੇ ਫੰਦਿਆਂ ਨੂੰ ਚੁੰਮ-ਚੁੰਮ ਆਪਣੇ ਗਲ ਵਿਚ ਪਾਇਆ। ਪਾਕਿਸਤਾਨ 'ਚ ਪੜ੍ਹਾਏ ਜਾਣ ਵਾਲੇ ਇਤਿਹਾਸ ਅੰਦਰ ਇਨ੍ਹਾਂ ਗ਼ੈਰ-ਮੁਸਲਿਮ ਮਹਾਨ ਹਸਤੀਆਂ ਲਈ ਕੋਈ ਜਗ੍ਹਾ ਨਹੀਂ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਜੇ ਤੁਸੀਂ ਅੱਠਵੀਂ-ਨੌਵੀਂ ਜਮਾਤ ਤੋਂ ਲੈ ਕੇ 14ਵੀਂ ਜਮਾਤ 'ਚ ਪੜ੍ਹ ਰਹੇ ਕਿਸੇ ਵੀ ਵਿਦਿਆਰਥੀ ਨੂੰ ਉਸ ਦੀ ਕਲਾਸ ਵਿਚ ਜਾ ਕੇ ਪੁੱਛੋ ਤਾਂ ਇਨ੍ਹਾਂ ਮਹਾਨ ਹਸਤੀਆਂ ਬਾਰੇ ਉਸ ਨੂੰ ਕੁਝ ਪਤਾ ਨਹੀਂ, ਬਲਕਿ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਪੁੱਛੋ ਤਾਂ ਉਹ ਬੇਵਕੂਫਾਂ ਦੀ ਤਰ੍ਹਾਂ ਤੁਹਾਡਾ ਮੂੰਹ ਤੱਕਦੇ ਰਹਿਣਗੇ। ਕੌਣ ਸ਼ਹੀਦ, ਕਦੋਂ ਸ਼ਹੀਦ ਤੇ ਕਿੱਥੇ ਦਾ ਸ਼ਹੀਦ, ਇਨ੍ਹਾਂ ਨੂੰ ਕੁਝ ਪਤਾ ਨਹੀਂ।

ਸਾਡੇ ਵੱਲ ਸਕੂਲਾਂ, ਕਾਲਜਾਂ ਵਿਚ ਇਹ ਵੀ ਦੱਸਿਆ ਤੇ ਪੜ੍ਹਾਇਆ ਜਾਂਦਾ ਹੈ ਕਿ ਹਿੰਦੂ ਜਨਮ ਤੋਂ ਹੀ ਮੱਕਾਰ ਤੇ ਸਾਡਾ ਦੁਸ਼ਮਣ ਹੈ। ਸਿੱਖ ਕੌਮ ਬੜੀ ਜ਼ਾਲਮ ਤੇ ਜਰਾਇਮ ਪੇਸ਼ਾ ਹੈ। ਸਾਡੇ ਨਾਲ ਵੰਡ ਵੇਲੇ ਬਹੁਤਾ ਜ਼ੁਲਮ ਕਰਨ ਵਾਲੇ ਇਹੋ ਹੀ ਹਨ। ਹਿੰਦੁਸਤਾਨੀ ਪਾਕਿਸਤਾਨ ਦੇ ਦੁਸ਼ਮਣ ਹਨ ਤੇ ਇਸ ਮੁਲਕ ਵਿਚ ਰਹਿਣ ਵਾਲਿਆਂ ਦੀ ਬਰਬਾਦੀ ਚਾਹੁੰਦੇ ਹਨ। ਨਾ ਇਨ੍ਹਾਂ ਪਾਕਿਸਤਾਨ ਨੂੰ ਤਸਲੀਮ ਕੀਤਾ ਹੈ, ਨਾ ਇਹ ਪਾਕਿਸਤਾਨ ਨਾਲ ਦੋਸਤੀ ਚਾਹੁੰਦੇ ਹਨ।

ਜਦ ਤੱਕ ਗ਼ੈਰ-ਮੁਸਲਿਮ ਖ਼ਾਸ ਤੌਰ 'ਤੇ ਹਿੰਦੁਸਤਾਨੀ ਗ਼ੈਰ-ਮੁਸਲਿਮ ਨਾਲ ਨਫ਼ਤਰ ਦੇ ਰੰਗ ਵਿਚ ਰੰਗਿਆ ਤਾਲੀਮੀ ਨਿਜ਼ਾਰਾ ਪਾਕਿਸਤਾਨ ਅੰਦਰ ਚੱਲਦਾ ਰਹੇਗਾ, ਨਾ ਹਿੰਦੁਸਤਾਨ ਨਾਲ ਦੋਸਤੀ ਹੋ ਸਕਦੀ ਹੈ ਤੇ ਨਾ ਹੀ ਪਾਕਿਸਤਾਨ ਅੰਦਰ ਗ਼ੈਰ-ਮੁਸਲਿਮ ਪਕਿਸਤਾਨੀ ਮਹਿਫੂਜ਼ ਹੋ ਸਕਦੇ ਹਨ। ਦਰਅਸਲ ਪਾਕਿਸਤਾਨ ਦਾ ਤਾਲੀਮੀ ਨਿਜ਼ਾਮ ਖ਼ਾਸ ਤੌਰ 'ਤੇ ਮਦਰੱਸਿਆਂ ਅੰਦਰ ਲਾਗੂ ਕੀਤਾ ਗਿਆ ਤਾਲੀਮੀ ਨਿਜ਼ਾਮ ਪਾਕਿਸਤਾਨ ਹੀ ਨਹੀਂ, ਬਲਕਿ ਇਸ ਖਿੱਤੇ ਦੀ ਸਲਾਮਤੀ ਤੇ ਅਮਨ ਦਾ ਵੀ ਸਭ ਤੋਂ ਵੱਡਾ ਦੁਸ਼ਮਣ ਹੈ। ਫ਼ੈਸਲਾਬਾਦ ਦੇ ਇਕ ਬਹੁਤ ਵੱਡੇ ਤਾਲੀਮੀ ਅਦਾਰੇ ਅੰਦਰ ਪਾਕਿਸਤਾਨ 'ਚ ਪੜ੍ਹਾਏ ਜਾਣ ਵਾਲੇ ਇਤਿਹਾਸ ਬਾਰੇ ਇਕ ਸੈਮੀਨਾਰ ਹੋਇਆ ਸੀ, ਜਿਸ ਵਿਚ ਉੱਚ ਪੱਧਰ ਦੀ ਤਾਲੀਮ ਦੇਣ ਵਾਲਿਆਂ ਨੇ ਬੜੀਆਂ ਖ਼ੂਬਸੂਰਤ ਤੇ ਦਿਲ ਮੋਹ ਲੈਣ ਵਾਲੀਆਂ ਗੱਲਾਂ ਕੀਤੀਆਂ ਸਨ ਤੇ ਇਸ ਬਾਰੇ ਜਾਣਕਾਰੀ ਭਰਪੂਰ ਖੋਜ ਪੱਤਰ ਪੜ੍ਹੇ ਗਏ। ਪੜ੍ਹੇ ਗਏ ਪਰਚਿਆਂ ਵਿਚ ਸਭ ਤੋਂ ਅਹਿਮ ਗੱਲਾਂ ਇਹ ਕੀਤੀਆਂ ਗਈਆਂ ਸਨ ਕਿ ਕੇਵਲ ਹਿੰਦੂ ਹੀ ਮੱਕਾਰ ਤੇ ਇਤਬਾਰ ਨਾ ਕਰਨ ਦੇ ਕਾਬਲ ਨਹੀਂ ਹਨ, ਨਾ ਹੀ ਸਾਰੇ ਹਿੰਦੂ ਪਾਕਿਸਤਾਨ ਦੇ ਦੁਸ਼ਮਣ ਹਨ?

ਮੱਕਾਰ, ਧੋਖੇਬਾਜ਼ ਤੇ ਭਰੋਸਾ ਨਾ ਕਰਨ ਦੇ ਕਾਬਲ ਤਾਂ ਕਈ ਮੁਸਲਮਾਨ ਵੀ ਹਨ। ਹਿੰਦੂ ਪਾਕਿਸਤਾਨ ਦਾ ਦੁਸ਼ਮਣ ਹੈ ਜਾਂ ਨਹੀਂ ਪਰ ਹਜ਼ਾਰਾਂ ਕੱਟੜਪੰਥੀ ਜੇਹਾਦੀ ਤੇ ਅੱਤਵਾਦੀ ਜ਼ਰੂਰ ਪਾਕਿਸਤਾਨ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਅਜਿਹੇ ਅੱਤਵਾਦੀ ਪਾਕਿਸਤਾਨੀਆਂ ਦੇ ਹੁੰਦਿਆਂ ਭਲਾ ਹਿੰਦੁਸਤਾਨੀ ਦੁਸ਼ਮਣਾਂ ਦੀ ਕੀ ਲੋੜ ਹੈ?

ਕੀ ਕੇਵਲ ਸਿੱਖ ਕੌਮ 'ਤੇ ਹੀ ਜ਼ਾਲਮ ਤੇ ਜਰਾਇਮ ਪੇਸ਼ਾ ਹੋਣ ਦਾ ਦੋਸ਼ ਹੈ?

ਬਹੁਤ ਵੱਡੇ-ਵੱਡੇ ਜ਼ਾਲਮ, ਵਹਿਸ਼ੀ, ਕਾਤਲ ਤੇ ਡਕੈਤ ਮੁਸਲਮਾਨ ਵੀ ਹਨ।

ਹਿੰਦੂ ਤੇ ਸਿੱਖ ਕੌਮ ਦੇ ਬਹੁਗਿਣਤੀ ਲੋਕ ਅਮਨ ਪਸੰਦ, ਭਰੋਸੇ ਦੇ ਕਾਬਲ ਤੇ ਯਾਰਾਂ ਦੇ ਯਾਰ ਵੀ ਹਨ। ਦੋਵਾਂ ਮੁਲਕਾਂ ਵਿਚਕਾਰ ਅਮਨ ਤੇ ਦੋਸਤੀ ਦੇ ਬੜੀ ਸ਼ਿੱਦਤ ਨਾਲ ਚਾਹਵਾਨ ਵੀ ਹਨ।

ਇੰਜ ਹੀ ਬਹੁਗਿਣਤੀ ਮੁਸਲਮਾਨ ਗ਼ੈਰ-ਮੁਸਲਮਾਨਾਂ ਨੂੰ ਪਿਆਰ ਕਰਨ ਵਾਲੇ ਤੇ ਦੋਵਾਂ ਮੁਲਕਾਂ 'ਚ ਦੋਸਤੀ ਤੇ ਆਪਸੀ ਮਿਲਵਰਤਣ ਦੇ ਦਿਲੀ ਖਾਹਿਸ਼ਮੰਦ ਹਨ।

ਮੁਸਲਮਾਨ ਹੋਣ, ਹਿੰਦੂ-ਸਿੱਖ ਜਾਂ ਇਸਾਈ, ਕਿਸੇ ਵੀ ਬੰਦੇ ਦੇ ਜ਼ਾਤੀ ਚੰਗੇ-ਮਾੜੇ ਕਿਰਦਾਰ ਨੂੰ ਉਸ ਦੇ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ। ਹਰ ਧਰਮ ਇਨਸਾਨੀਅਤ ਨਾਲ ਪਿਆਰ, ਮਜ਼ਲੂਮਾਂ ਤੇ ਗ਼ਰੀਬਾਂ ਦੀ ਮਦਦ ਕਰਨ ਬਲਕਿ ਕਰ ਸਭ ਦਾ ਭਲਾ ਦਾ ਪਾਠ ਪੜ੍ਹਾਉਂਦਾ ਹੈ। 'ਪੁਨ ਜਾਂ ਪਾਪ' ਹਰ ਰਾਹ ਦਾ ਨਫ਼ਾ ਤੇ ਨੁਕਸਾਨ ਸਮਝਾਉਂਦਾ ਹੈ। ਅੱਗੇ ਤਾਂ ਚੱਲਣ ਵਾਲੇ ਬੰਦੇ ਦੀ ਮਰਜ਼ੀ ਹੈ ਕਿ ਉਹ ਕਿਸ ਰਾਹ ਦਾ ਮੁਸਾਫ਼ਿਰ ਬਣਨਾ ਚਾਹੁੰਦਾ ਹੈ, ਪੁਨ ਦਾ ਜਾਂ ਪਾਪ ਦਾ।

'ਤਹਿਰੀਕ-ਏ-ਪਾਕਿਸਤਾਨ' ਹਿੰਦੁਸਤਾਨ ਦੇ ਉਨ੍ਹਾਂ ਇਲਾਕਿਆਂ ਵਿਚ ਚਲਾਈ ਗਈ ਜੋ ਪਾਕਿਸਤਾਨ ਦਾ ਹਿੱਸਾ ਨਹੀਂ ਬਣ ਸਕਦੇ ਸਨ। ਇੰਜ ਹੀ ਹਿੰਦੁਸਤਾਨ ਦੀ ਵੰਡ ਅਤੇ ਇਕ ਨਵਾਂ ਮੁਲਕ ਪਾਕਿਸਤਾਨ ਬਣਨ ਦਾ ਇਤਿਹਾਸ ਵੀ ਪਾਕਿਸਤਾਨ ਦੀਆਂ ਬਣਨ ਵਾਲੀਆਂ ਸਰਹੱਦਾਂ ਤੋਂ ਬਾਹਰ ਹੀ ਲਿਖਿਆ ਗਿਆ।

ਇਸ ਵਾਸਤੇ ਹੀ ਪਾਕਿਸਤਾਨ ਅੰਦਰ ਵਸਣ ਵਾਲੇ ਸਿੰਧੀ, ਬਲੋਚੀ, ਪਠਾਨ, ਪੰਜਾਬੀ ਮਿਲ ਕੇ ਅੱਜ ਤੱਕ ਇਕ ਕੌਮ ਨਾ ਬਣ ਸਕੇ। ਕਿਉਂਕਿ ਸਿੰਧੀ, ਬਲੋਚੀ ਤੇ ਪਠਾਨ ਮੁਸਲਿਮ ਲੋਕਾਂ ਨੂੰ ਇਹ ਅਹਿਸਾਸ ਪੂਰੀ ਤਰ੍ਹਾਂ ਅੱਜ ਤੱਕ ਨਹੀਂ ਹੋ ਸਕਿਆ ਕਿ ਵਤਨ ਦੀ ਆਜ਼ਾਦੀ ਦੀ ਤਹਿਰੀਕ ਚਲਾਉਣ ਵਾਲਿਆਂ 'ਤੇ ਕੀ ਬੀਤੀ? ਉਜੜਨ ਵਾਲਿਆਂ ਦੇ ਮਾਲ ਤੇ ਜਾਇਦਾਦਾਂ ਦੀ ਬਰਬਾਦੀ ਕਿਸ ਭਿਆਨਕ ਢੰਗ ਨਾਲ ਹੋਈ? ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਦਿਲ ਦੇ ਜਾਨੀ ਛੱਡ ਕੇ ਆਰ ਤੋਂ ਪਾਰ ਤੇ ਪਾਰ ਤੋਂ ਆਰ ਆਉਣ ਵਾਲੇ ਮੁਹਾਜਰਾਂ ਦੇ ਸਰੀਰਾਂ ਦੇ ਨਾਲ-ਨਾਲ ਰੂਹਾਂ 'ਤੇ ਲੱਗੇ ਗੰਭੀਰ ਜ਼ਖ਼ਮਾਂ ਨੂੰ ਉਨ੍ਹਾਂ ਇਲਾਕਿਆਂ ਦੇ ਲੋਕ ਨਾ ਸਮਝ ਸਕੇ, ਨਾ ਪੂਰਾ ਅਹਿਸਾਸ ਕਰ ਸਕੇ, ਜੋ ਇਲਾਕੇ ਤਕਸੀਮੇ-ਹਿੰਦ ਦੀ ਤਲਵਾਰ ਦੀ ਮਾਰ ਹੇਠਾਂ ਨਹੀਂ ਆਏ ਸਨ। ਵੰਡ ਕਾਰਨ ਵਾਪਰਨ ਵਾਲੀਆਂ ਖ਼ੂਨੀ ਦੁਰਘਟਨਾਵਾਂ ਤੇ ਗੁਜ਼ਰੀ ਇਸ ਕਿਆਮਤ ਨੂੰ ਬਲੋਚੀ, ਸਿੰਧੀ ਤੇ ਆਮ ਪਠਾਨਾਂ ਦੀ ਰੂਹ ਝੰਜੋੜ ਨਾ ਸਕੀ ਤੇ ਨਾ ਹੀ ਇਨ੍ਹਾਂ ਦੀ ਜ਼ਿਹਨੀ ਸੋਚ ਨੂੰ ਇਕ ਕੌਮੀਅਤ ਦੇ ਰੰਗ ਵਿਚ ਰੰਗ ਸਕੀ।

ਇਹੋ ਕਾਰਨ ਹੈ ਕਿ ਪਾਕਿਸਤਾਨ ਅੰਦਰ ਇਕ ਹੋਰ ਪਾਕਿਸਤਾਨ ਬਣਾਉਣ ਦੀ ਸੋਚ ਨੂੰ ਖ਼ਤਮ ਨਹੀਂ ਕੀਤਾ ਜਾ ਸਕਿਆ, ਬਲਕਿ ਇਹ ਸੋਚ ਗੁਜ਼ਰਦੇ ਸਮੇਂ ਨਾਲ ਪਾਕਿਸਤਾਨ ਦੀ ਸਲਾਮਤੀ ਲਈ ਇਕ ਬਹੁਤ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਦੋ ਕੌਮੀ ਨਜ਼ਰੀਆ ਕਿਤੇ ਗ਼ੈਰ-ਜ਼ਰੂਰੀ ਤਾਂ ਨਹੀਂ ਸੀ? ਸ਼ੱਕ ਭਰਪੂਰ ਇਹ ਸੋਚ ਬਹੁਗਿਣਤੀ ਪਾਕਿਸਤਾਨ ਦੇ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੂੰ ਪਾਕਿਸਤਾਨੀ ਕੌਮ ਬਣਨ ਦੇ ਰਾਹ 'ਚ ਸਭ ਤੋਂ ਵੱਡੀ ਜ਼ਿਹਨੀ ਰੁਕਾਵਟ ਹੈ।

ਜੇ ਦੋ ਕੌਮੀ ਨਜ਼ਰੀਏ ਦੇ ਆਧਾਰ 'ਤੇ ਹਿੰਦੁਸਤਾਨ ਦੀ ਤਕਸੀਮ ਕੀਤੀ ਗਈ ਹੈ ਤਾਂ ਫਿਰ ਪਾਕਿਸਤਾਨ ਨਾਲੋਂ ਵੀ ਵੱਧ ਹਿੰਦੁਸਤਾਨ 'ਚ ਵਸਣ ਵਾਲੇ ਮੁਸਲਮਾਨਾਂ ਦੀ ਕੀ ਹੈਸੀਅਤ ਹੈ? ਉਨ੍ਹਾਂ ਦਾ ਹਿੰਦੁਸਤਾਨ ਦੀ ਸਿਵਲ ਸੁਸਾਇਟੀ 'ਚ ਕੀ ਸਟੇਟਸ ਹੈ? ਇਹ ਉਹ ਸਵਾਲ ਹੈ, ਜੋ ਪਾਕਿਸਤਾਨ ਦੀ ਸਿਵਲ ਸੁਸਾਇਟੀ, ਇਸ ਖਿੱਤੇ ਦੇ ਇਤਿਹਾਸਕਾਰਾਂ ਕੋਲੋਂ ਪੁੱਛਦੀ ਹੈ। ਇਹੋ ਹੀ ਸਵਾਲ ਕਾਲਜਾਂ, ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ ਵਿਦਿਅਰਾਥੀਆਂ ਦੇ ਜ਼ਿਹਨਾਂ 'ਚ ਵੀ ਗੂੰਜ ਰਿਹਾ ਹੈ। ਦਰਅਸਲ ਹਰ ਮੁਲਕ 'ਚ ਉਹੀ ਇਤਿਹਾਸ ਪੜ੍ਹਾਇਆ ਜਾਂਦਾ ਹੈ ਜੋ ਉਸ ਮੁਲਕ ਦੇ ਹਾਕਮ ਵਰਗ ਦੇ ਮੁਫ਼ਾਦ ਦੇ ਮੁਤਾਬਿਕ ਹੈ। ਇੰਜ ਦਾ ਹੀ ਇਤਿਹਾਸ ਪਾਕਿਸਤਾਨ ਤੇ ਹਿੰਦੁਸਤਾਨ ਵਿਚ ਪੜ੍ਹਾਇਆ ਜਾਂਦਾ ਹੈ।

ਦੋ ਗੁਆਂਢੀ ਮੁਲਕਾਂ 'ਚ ਰਹਿਣ ਵਾਲੇ ਇਕੋ ਨਸਲ, ਇਕੋ ਮਾਂ-ਬੋਲੀ ਤੇ ਸਾਂਝਾ ਸੱਭਿਆਚਾਰ ਰੱਖਣ ਵਾਲੇ ਇਕ-ਦੂਜੇ ਦੀ ਚਾਹਤ ਤੇ ਮਿਲਣ ਦੀ ਸ਼ਿੱਦਤ-ਖ਼ਾਹਿਸ਼ ਰੱਖਣ ਵਾਲੇ ਲੋਕਾਂ ਦੀਆਂ ਸੋਚਾਂ ਤੇ ਮੁਹੱਬਤਾਂ ਭਰੇ ਜਜ਼ਬਾਤ ਨਾਲ ਅਜਿਹੇ ਇਤਿਹਾਸ ਨੂੰ ਕੋਈ ਦਿਲਚਸਪੀ ਨਹੀਂ ਹੁੰਦੀ। ਜਦ ਕਦੀ ਹਿੰਦੁਸਤਾਨੀ ਮੁਸਲਮਾਨ ਪਾਕਿਸਤਾਨ ਆਉਂਦੇ ਹਨ ਤਾਂ ਪਾਕਿਸਤਾਨੀ ਮੁਸਲਿਮ ਸੁਸਾਇਟੀ ਇਨ੍ਹਾਂ ਨਾਲ ਘੁਲਣ-ਮਿਲਣ ਲਈ ਜ਼ਿਹਨੀ ਤੌਰ 'ਤੇ ਤਿਆਰ ਹੀ ਨਹੀਂ ਹੁੰਦੀ। ਇਸ ਦੇ ਮੁਕਾਬਲੇ ਜਦ ਸਿੱਖ ਪੰਜਾਬੀ ਪਾਕਿਸਤਾਨ ਆਉਂਦੇ ਹਨ ਤਾਂ ਇਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਂਦਾ ਹੈ ਤੇ ਬੜੇ ਚਾਵਾਂ ਨਾਲ ਸਰਦਾਰਾਂ ਨੂੰ ਆਪਣੇ ਘਰ ਲਿਜਾਇਆ ਜਾਂਦਾ ਹੈ। ਆਉਣ ਵਾਲੇ ਹਿੰਦੂ ਸੱਜਣਾਂ ਨਾਲ ਵੀ ਅਜਿਹਾ ਹੀ ਵਰਤਾਰਾ ਕੀਤਾ ਜਾਂਦਾ ਹੈ। ਹਿੰਦੁਸਤਾਨ ਵਿਚੋਂ ਕੋਈ ਵੀ ਸਿੱਖ ਜਾਂ ਹਿੰਦੂ ਆ ਜਾਏ ਤਾਂ ਹਰ ਬੰਦੇ ਦੀ ਖਾਹਿਸ਼ ਹੁੰਦੀ ਹੈ ਕਿ ਉਹ ਆਉਣ ਵਾਲੇ ਪ੍ਰਾਹੁਣਿਆਂ ਨੂੰ ਆਪਣੇ ਘਰ ਦੀ ਰੌਣਕ ਬਣਾਏ ਤੇ ਮਿਠਾਈ ਚਾਹ ਨਾਲ ਪ੍ਰਾਹੁਣੇ ਦੀ ਪ੍ਰਾਹੁਣਾਚਾਰੀ ਵੀ ਕਰੇ।

ਮੈਂ ਜਿੰਨੀ ਵਾਰੀ ਵੀ ਚੜ੍ਹਦੇ ਪੰਜਾਬ ਗਿਆ ਹਾਂ, ਮੈਨੂੰ ਸਿੱਖ ਪਿਆਰਿਆਂ ਤੇ ਹਿੰਦੂ ਭਾਈਚਾਰੇ ਨੇ ਸਿਰ ਮੱਥੇ 'ਤੇ ਬਿਠਾਇਆ ਪਰ ਮਾਲੇਰਕੋਟਲੇ ਦੇ ਮੁਸਲਮਾਨਾਂ, ਜਿਨ੍ਹਾਂ ਨਾਲ ਮੇਰਾ ਧਰਮ ਦਾ ਰਿਸ਼ਤਾ ਹੈ, ਉਨ੍ਹਾਂ ਮੇਰੀ ਕਦੀ ਜ਼ਰਾ ਜਿੰਨੀ ਵੀ ਪ੍ਰਵਾਹ ਨਹੀਂ ਕੀਤੀ। ਨਾ ਕਦੀ ਸੱਦਿਆ ਨਾ ਬੁਲਾਇਆ ਤਾਂ ਫਿਰ ਦੋ ਕੌਮੀ ਨਜ਼ਰੀਆ ਕਿਹੜੇ ਖੂਹ 'ਚ ਪੈ ਗਿਆ? ਸਿੱਖਾਂ ਦਾ ਮੈਂ ਬਣਦਾ ਹਾਂ ਪ੍ਰਾਹੁਣਾ ਤੇ ਮੁਸਲਮਾਨਾਂ ਲਈ ਦਾਦੇਮਘੌਣਾ (ਜਾਵੇ ਪਰੇ)। ਹਿੰਦੁਸਤਾਨ 'ਤੇ ਕਈ ਹਮਲੇ ਕਰਕੇ ਤਬਾਹੀ-ਓ-ਬਰਬਾਦੀ ਫੈਲਾਉਣ ਵਾਲੇ ਮਹਿਮੂਦ ਗ਼ਜ਼ਨਵੀ, ਸਖ਼ਤਗੀਰ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਗ਼ੈਰ-ਮੁਸਲਿਮ ਭਾਈਚਾਰੇ ਬਾਰੇ ਖ਼ੂਨੀ ਤੇ ਕਾਤਲਾਨਾ ਜ਼ਿਹਨੀ ਸੋਚ ਦੇ ਪ੍ਰਛਾਵੇਂ ਹੇਠੋਂ ਪਾਕਿਸਤਾਨ ਦੇ ਕੱਟੜਪੰਥੀ ਧਾਰਮਿਕ ਲੀਡਰ ਨਿਕਲਣ ਲਈ ਤਿਆਰ ਹੀ ਨਹੀਂ ਹਨ। ਹਿੰਦੁਸਤਾਨ 'ਤੇ ਹਮਲਾ ਕਰਨ ਵਾਲੇ ਮੁਸਲਿਮ ਜਰਨੈਲਾਂ, ਹਿੰਦੁਸਤਾਨ ਦੇ ਗ਼ੈਰ-ਮੁਸਲਿਮ ਲੋਕਾਂ, ਧਾਰਮਿਕ ਆਗੂਆਂ 'ਤੇ ਜ਼ੁਲਮ ਢਾਉਣ ਵਾਲੇ ਹਿੰਦੁਸਤਾਨ ਦੇ ਮੁਸਲਿਮ ਬਾਦਸ਼ਾਹਾਂ ਦਾ ਫਲਸਫ਼ਾ-ਏ-ਹੁਕਮਰਾਨੀ ਤੇ ਨਜ਼ਰੀਏ ਉਸ ਦੀ ਇਤਿਹਾਸ 'ਚ ਝਲਕ ਸਾਫ਼ ਨਜ਼ਰ ਆਉਂਦੀ ਹੈ ਜੋ ਕਿ ਪਾਕਿਸਤਾਨ ਦੇ ਤਾਲੀਮੀ ਅਦਾਰਿਆਂ 'ਚ ਪੜ੍ਹਾਇਆ ਜਾਂਦਾ ਹੈ।

ਮੁਲਕੀ ਸਲਾਮਤੀ ਤੇ ਗੁਆਂਢੀ ਮੁਲਕਾਂ ਨਾਲ ਅਮਨ ਦੋਸਤੀ ਦੇ ਰਿਸ਼ਤਿਆਂ ਦੀ ਉਸਾਰੀ ਲਈ ਪਾਕਿਸਤਾਨ ਦੇ ਤਾਲੀਮੀ ਅਦਾਰਿਆਂ 'ਚ ਪੜ੍ਹਾਏ ਜਾਣ ਵਾਲੇ ਇਤਿਹਾਸ ਨੂੰ ਸੱਚੀਆਂ ਹਕੀਕਤਾਂ ਤੇ ਖਰੇ ਸੱਚ ਦੀ ਬੁਨਿਆਦ 'ਤੇ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਹੀ ਲੀਹਾਂ 'ਤੇ ਹਿੰਦੁਸਤਾਨ ਦਿਆਂ ਸਕੂਲਾਂ, ਕਾਲਜਾਂ 'ਚ ਪੜ੍ਹਾਇਆ ਜਾਣ ਵਾਲਾ ਇਤਿਹਾਸ ਵੀ ਧਰਮ ਦੀ ਐਨਕ ਲਾਹ ਕੇ ਜਾਤਾਂ-ਪਾਤਾਂ ਤੋਂ ਮੂੰਹ ਮੋੜ ਕੇ ਤੇ ਸੱਚ ਦੀ ਸਿਆਹੀ 'ਚ ਕਲਮ ਡੁਬੋ ਕੇ ਲਿਖਣਾ ਪਏਗਾ। ਇਸ ਖਿੱਤੇ ਦੀ ਡੇਢ ਅਰਬ ਆਬਾਦੀ ਦੇ ਮਨਾਂ ਵਿਚੋਂ ਆਪਸੀ ਨਫ਼ਰਤ ਦੀ ਮੈਲ ਧੋਣ ਦਾ ਇਹੋ ਹੀ ਇਕ ਕਾਰਗਰ ਨੁਸਖ਼ਾ ਹੈ। ਦਰਅਸਲ ਹਿੰਦੁਸਤਾਨ ਪਾਕਿਸਤਾਨ ਦੇ ਇਤਿਹਾਸ ਨੂੰ ਸਚਾਈ ਤੇ ਆਪਸੀ ਅਹਿਸਾਸ ਦੇ ਗੂੜ੍ਹੇ ਰੰਗਾਂ ਨਾਲ ਰੰਗਣ ਦੀ ਲੋੜ ਹੈ। ਅਜਿਹੇ ਗੂੜ੍ਹੇ ਰੰਗ ਜੋ ਸਾਡੇ ਜ਼ਿਹਨਾਂ ਤੇ ਮਨਾਂ 'ਤੇ ਚੜ੍ਹੇ ਹੋਏ ਨਫ਼ਰਤ ਦੀ ਸੋਚ ਦੇ ਕਾਲੇ ਰੰਗਾਂ ਨੂੰ ਮਿਟਾ ਦੇਣ। ਆਪਸੀ ਤਨਾਜ਼ਾ ਬਣੇ ਮਸਲਿਆਂ ਦਾ ਮੁਨਸਫ਼ਾਨਾ ਹੱਲ ਕੱਢਣ ਵਿਚ ਵੀ ਅਸੀਂ ਸਫ਼ਲ ਹੋ ਸਕਦੇ ਹਾਂ। ਇਹ ਖਿੱਤਾ ਖੁਸ਼ਹਾਲੀ ਭਰਿਆ ਸਵਰਗ ਵੀ ਬਣ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਇਸ ਖਿੱਤੇ ਦੇ ਲਿਖੇ ਹੋਏ ਇਤਿਹਾਸ ਵਿਚੋਂ ਅਸੀਂ ਝੂਠ ਤੇ ਨਫ਼ਰਤ ਨੂੰ ਕੱਢ ਦੇਈਏ। ਮੇਰੀ ਇਹ ਰਾਇ ਹੈ ਕਿ ਹਿੰਦੁਸਤਾਨ ਦੀ ਆਜ਼ਾਦੀ ਤੇ ਹਿੰਦੁਸਤਾਨ ਦੀ ਤਕਸੀਮ ਦਾ ਇਤਿਹਾਸ ਲਿਖਣ ਵਾਲੇ ਮੁਸਲਿਮ, ਗ਼ੈਰ-ਮੁਸਲਿਮ ਦੋਵਾਂ ਮੁਲਕਾਂ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਇਹ ਇਤਿਹਾਸ ਪੜ੍ਹਾਉਣ ਵਾਲਿਆਂ ਨੂੰ ਮਿਲ ਬਹਿਣ ਦਾ ਮੌਕਾ ਦੇਣਾ ਚਾਹੀਦਾ ਹੈ। ਇਸ ਸਿਲਸਿਲੇ 'ਚ ਦੋਵਾਂ ਮੁਲਕਾਂ ਵਿਚ ਸੈਮੀਨਾਰ ਕਰਵਾਏ ਜਾਣ ਤੇ ਆਪਸੀ ਸਹਿਮਤੀ ਨਾਲ ਇਸ ਖਿੱਤੇ ਦਾ ਅਜਿਹਾ ਮਤਵਾਜ਼ਨ ਇਤਿਹਾਸ ਲਿਖਿਆ ਜਾਵੇ, ਜੋ ਦੋਵਾਂ ਮੁਲਕਾਂ ਦੇ ਮੁਸਲਿਮ ਤੇ ਗ਼ੈਰ-ਮੁਸਲਿਮ ਭਾਈਚਾਰੇ ਲਈ ਕਾਬਲ-ਏ-ਕਬੂਲ ਹੋਵੇ।

ਅਜਿਹਾ ਇਤਿਹਾਸ ਪੜ੍ਹ ਕੇ ਦੋਵਾਂ ਮੁਲਕਾਂ ਦੇ ਤਾਲੀਮੀ ਅਦਾਰਿਆਂ ਵਿਚੋਂ ਆਪਣੀ ਤਾਲੀਮ ਮੁਕੰਮਲ ਕਰਕੇ ਨਿਕਲਣ ਵਾਲੇ ਵਿਦਿਆਰਥੀ ਦੋਵਾਂ ਮੁਲਕਾਂ ਦੀ ਸਿਵਲ ਤੇ ਮਿਲਟਰੀ ਅਫ਼ਸਰਸ਼ਾਹੀ, ਸਿਆਸੀ ਲੀਡਰਸ਼ਿਪ ਤੇ ਮੀਡੀਆ ਦਾ ਹਿੱਸਾ ਬਣਨਗੇ। ਦੋਵਾਂ ਮੁਲਕਾਂ ਦੀ ਅਗਵਾਈ ਕਰਨ ਵਾਲੇ ਇਹ ਪੜ੍ਹੇ-ਲਿਖੇ, ਜਿਨ੍ਹਾਂ ਦੀਆਂ ਰਗਾਂ 'ਚ ਨਵਾਂ ਖ਼ੂਨ ਦੌੜ ਰਿਹਾ ਹੋਵੇਗਾ, ਦੋਵਾਂ ਮੁਲਕਾਂ 'ਚ ਦੋਸਤੀ, ਅਮਨ, ਤਿਜ਼ਾਰਤ, ਆਮ ਜਨਤਕ ਖੁੱਲ੍ਹਾ ਮੇਲ-ਮਿਲਾਪ ਤੇ ਆਪਸੀ ਮਸਲਿਆਂ ਦਾ ਆਪਸ 'ਚ ਮਿਲ-ਬਹਿ ਕੇ ਹੱਲ ਕੱਢਣ ਦਾ ਤਰੀਕਾ-ਏ-ਅੰਦਾਜ਼ ਵੱਖਰਾ ਤੇ ਕਾਬਲੇ-ਅਮਲ ਹੋਵੇਗਾ। ਸਾਂਝਾ ਇਤਿਹਾਸ ਤੇ ਦੋਵਾਂ ਮੁਲਕਾਂ ਵਿਚ ਪੜ੍ਹੀ ਜਾਣ ਵਾਲੀ ਲਿੱਪੀ ਨੂੰ ਅਪਣਾਅ ਕੇ ਅਮਨ, ਦੋਸਤੀ ਦਾ ਅਸਫ਼ਲ ਕੰਮ ਸਫ਼ਲ ਹੋਣ ਦੀ ਗਾਰੰਟੀ ਬਣ ਸਕਦੀ ਹੈ। ਅਜਿਹੀਆਂ ਲੰਮੇ ਸਮੇਂ ਦੀਆਂ ਯੋਜਨਾਵਾਂ ਬਣਾ ਕੇ ਹੀ ਅਸੀਂ 'ਜੀਓ ਔਰ ਜੀਨੇ ਦੋ' ਦੇ ਹੱਕ ਨੂੰ ਇਕ-ਦੂਜੇ ਕੋਲੋਂ ਤਸਲੀਮ ਕਰਵਾ ਸਕਦੇ ਹਾਂ।

ਵਾਹਗਾ ਸਰਹੱਦ 'ਤੇ ਇਕ ਸਾਂਝਾ ਸੱਭਿਆਚਾਰਕ ਕੇਂਦਰ ਤੇ ਮਿਲਣ ਸੈਂਟਰ ਦੀ ਸਥਾਪਤੀ ਬਹੁਤ ਜ਼ਰੂਰੀ ਹੈ, ਜਿੱਥੇ ਦੋਵਾਂ ਮੁਲਕਾਂ ਦਾ ਪੜ੍ਹਿਆ-ਲਿਖਿਆ ਤਬਕਾ ਮਿਲ-ਬਹਿ ਕੇ ਅਜਿਹੀਆਂ ਤਜਵੀਜ਼ਾਂ ਨੂੰ ਕਾਬਲੇ-ਅਮਲ ਬਣਾਉਣ ਦਾ ਫਾਰਮੂਲਾ ਆਸਾਨੀ ਨਾਲ ਲੱਭਣ 'ਚ ਸਫ਼ਲ ਹੋ ਜਾਏਗਾ।

ਮੇਰਾ ਇਹ ਮਜ਼ਮੂਨ ਇਨ੍ਹਾਂ ਕਰੋੜਾਂ ਅਮਨਪਸੰਦ ਤੇ ਦੋਸਤੀ ਦੇ ਚਾਹਵਾਨ ਸੱਜਣਾਂ ਦੇ ਨਾਂਅ ਹੈ, ਜੋ ਬਿਨਾਂ ਆਪਸ ਵਿਚ ਮਿਲੇ, ਬਿਨਾਂ ਇਕ-ਦੂਜੇ ਨੂੰ ਦੇਖੇ ਆਪਣੇ ਮਨਾਂ ਅੰਦਰ ਮੁਹੱਬਤਾਂ ਤੇ ਉਡੀਕਾਂ ਦੀਆਂ ਬੱਤੀਆਂ ਬਾਲ ਕੇ ਇਕ-ਦੂਜੇ ਦਾ ਰਾਹ ਤੱਕਦੇ ਹਨ। ਕੋਈ ਆਸ ਨਹੀਂ ਚਮਕਦੀ। ਨਾ ਹੀ ਉਮੀਦਾਂ 'ਤੇ ਬਹਾਰ ਆਉਂਦੀ ਹੈ, ਨਾ ਕੋਈ ਵੱਸ ਚੱਲ ਰਿਹਾ ਹੈ ਪਰ ਦਿਲ ਹੈ ਕਿ ਮੰਨਦਾ ਹੀ ਨਹੀਂ, ਨਾ ਹੌਸਲਾ ਹਾਰਨ ਨੂੰ, ਨਾ ਆਸਾਂ ਤੇ ਉਮੀਦਾਂ ਦਾ ਪੱਲੜਾ ਛੱਡਣ ਨੂੰ। ਰਾਤ ਢਲ ਰਹੀ ਹੈ। ਮੈਂ ਆਪਣੇ ਘਰ ਦੀ ਛੱਤ 'ਤੇ ਬੈਠਾ ਇਹ ਮਜ਼ਮੂਨ ਚੰਨ ਦੀ ਰਾਨਣੀ ਤੇ ਤਾਰਿਆਂ ਦੀ ਝਿਲ-ਮਿਲ ਕਰਦੀ ਰੌਸ਼ਨੀ ਹੇਠ ਬੈਠਾ ਲਿਖ ਰਿਹਾ ਹਾਂ। ਇਹ ਚੰਨ-ਤਾਰੇ ਵੀ ਕਿੰਨੇ ਮੁਕੱਦਰਾਂ ਵਾਲੇ ਹਨ। ਇਹ ਤੁਹਾਨੂੰ ਵੀ ਦੇਖ ਰਹੇ ਹਨ ਤੇ ਸਾਨੂੰ ਵੀ ਦੇਖ ਰਹੇ ਹਨ। ਪਰ ਅਸੀਂ ਤੁਹਾਨੂੰ ਤੇ ਤੁਸੀਂ ਸਾਨੂੰ ਨਹੀਂ ਵੇਖ ਸਕਦੇ। ਸਾਡੇ ਆਪਸੀ ਮਿਲਣ ਤੇ ਦੇਖਣ 'ਤੇ ਪਹਿਰੇ ਹਨ। ਕੇਵਲ ਇਹ ਪਹਿਰੇ ਸਾਡੇ ਦੁਆਲੇ ਹੀ ਨਹੀਂ, ਬਲਕਿ ਧਰਮ ਅਸਥਾਨਾਂ ਦੇ ਦੁਆਲੇ ਵੀ ਲਾ ਦਿੱਤੇ ਗਏ ਹਨ। ਆਓ ਤੁਹਾਨੂੰ ਤੇ ਸਾਨੂੰ ਦੇਖਣ ਵਾਲੇ ਚੰਨ ਨੂੰ ਨਾਲ ਲੈ ਕੇ ਅਸੀਂ ਅਮਨ ਦੇ ਰਾਹ 'ਤੇ ਤੁਰਦੇ ਰਹੀਏ ਤੇ ਮੁਹੱਬਤਾਂ ਦੇ ਗੀਤ ਗਾਉਂਦੇ ਰਹੀਏ। ਇਹ ਚੰਨ ਤੇ ਤਾਰੇ ਇਹ ਵਾਅਦਾ ਕਰਕੇ ਮੇਰਾ ਹੌਸਲਾ ਵਧਾ ਰਹੇ ਹਨ ਕਿ ਅਸੀਂ ਅਮਨ ਦੇ ਰਾਹ ਨੂੰ ਹਨੇਰਿਆਂ 'ਚ ਗੁਆਚਣ ਨਹੀਂ ਦਿਆਂਗੇ। ਸਾਡੇ ਖ਼ਾਬ ਤੇ ਖ਼ਿਆਲ ਇਨ੍ਹਾਂ ਚੰਨ ਤੇ ਤਾਰਿਆਂ ਦੀ ਝਿਲਮਿਲ ਨਾਲ ਹੀ ਚਮਕ-ਦਮਕ ਰਹੇ ਹਨ।

ਤੇਰੇ ਖ਼ਾਬ ਤੇ ਖ਼ਿਆਲ ਰਹਿੰਦੇ ਮੇਰੇ ਨਾਲ-ਨਾਲ

ਪਾਇਆ ਨਈਉਂ ਫੇਰਾ ਕਦੀ ਪੁੱਛਿਆ ਨਈਂ ਮੇਰਾ ਹਾਲ।

ਤੇਰੇ ਨਾਲ ਸੋਹਣਿਆਂ ਜਹਾਨ ਸਾਰਾ ਸਜਦਾ ਏ,

ਚੰਨ ਮੇਰੇ ਨਾਲ ਤੈਨੂੰ ਸਾਰੀ ਰਾਤ ਲੱਭਦਾ ਏ।

ਰੱਖਦਾ ਏ ਤਾਰਿਆਂ ਦੇ ਦੀਵੇ ਬਾਲ-ਬਾਲ ਕੇ।


ਰੱਬ ਰਾਖਾ!

‘ਅਜੀਤ’ ਵਿੱਚੋਂ ਧੰਨਵਾਦ ਸਹਿਤ
ਸੰਪਰਕ: 092 3007607983Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ