Mon, 26 February 2024
Your Visitor Number :-   6870185
SuhisaverSuhisaver Suhisaver

ਚੀਨ ਨੇ ਮਾਰਕਸਵਾਦੀ ਨੈਤਿਕਤਾ ਦਾ ਸੰਕਲਪ ਉਭਾਰਿਆ - ਡਾ. ਸਵਰਾਜ ਸਿੰਘ

Posted on:- 15-10-2013

ਚੀਨ ਨੇ ਹੁਣੇ-ਹੁਣੇ ਐਲਾਨ ਕੀਤਾ ਹੈ ਕਿ ਉਹ ਢਾਈ ਲੱਖ ਪੱਤਰਕਾਰਾਂ ਨੂੰ ਮਾਰਕਸਵਾਦੀ ਨੈਤਿਕਤਾ ਦੀ ਸਿੱਖਿਆ ਦੇਵੇਗਾ। ਇਹ ਤਿੰਨ ਮਹੀਨੇ ਦੀ ਸਿਖਲਾਈ ਮਾਰਕਸਵਾਦ, ਸਮਾਜਵਾਦ ਅਤੇ ਨੈਤਿਕਤਾ ਬਾਰੇ ਹੋਵੇਗੀ। ਇਹ ਪੱਤਰਕਾਰ ਅਖ਼ਬਾਰਾਂ, ਨਿਊਜ਼ ਏਜੰਸੀਆਂ, ਟੀਵੀ ਸਟੇਸ਼ਨਾਂ ਅਤੇ ਪ੍ਰੈਸ ਨਾਲ ਸਬੰਧਤ ਹੋਰ ਅਦਾਰਿਆਂ ਨਾਲ ਜੁੜੇ ਹੋਣਗੇ। ਇਹ ਸਿਖਲਾਈ ਛੇ ਵਿਸ਼ਿਆਂ ’ਤੇ ਹੋਵੇਗੀ, ਜਿਨ੍ਹਾਂ ਵਿਚ ਸਮਾਜਵਾਦ ਦੇ ਸਿਧਾਂਤ, ਜੋ ਕਿ ਚੀਨ ਦੀਆਂ ਵਿਸ਼ੇਸ਼ਤਾਈਆਂ ’ਤੇ ਆਧਾਰਤ ਹਨ ਮਾਰਕਸਵਾਦ ਦਾ ਪੱਤਰਕਾਰੀ ਬਾਰੇ ਦਿ੍ਰਸ਼ਟੀਕੋਣ, ਪੱਤਰਕਾਰੀ ਤੇ ਨੈਤਿਕਤਾ, ਕਾਨੂੰਨ ਅਤੇ ਨੇਮ (ਰੈਗੂਲੇਸ਼ਨ), ਖ਼ਬਰਾਂ ਇਕੱਠੀਆਂ ਕਰਨ ਲਈ ਮਾਪਦੰਡ ਬਣਾਉਣਾ ਅਤੇ ਝੂਠੀ ਜਾਣਕਾਰੀ ਦੇਣ ਤੋਂ ਬਚਾਅ ਸ਼ਾਮਲ ਹਨ। ਪੱਤਰਕਾਰਾਂ ਨੂੰ ਇਨ੍ਹਾਂ ਵਿਸ਼ਿਆਂ ’ਤੇ ਸਾਲ 2014 ਵਿਚ ਇਮਤਿਹਾਨ ਦੇਣਾ ਪਵੇਗਾ ਅਤੇ ਉਨ੍ਹਾਂ ਨੂੰ ਪ੍ਰੈੱਸ ਕਾਰਡ ਜਾਰੀ ਕੀਤੇ ਜਾਣਗੇ।

ਭਾਵੇਂ ਕਿ ਪੱਛਮੀ ਦੇਸ਼ ਨੈਤਿਕਤਾ ਬਾਰੇ ਫੋਕੇ ਦਾਅਵੇ ਕਰਦੇ ਆਏ ਹਨ। ਪਰ ਸੰਸਾਰ ਵਿਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਪ੍ਰੈੱਸ ਅਤੇ ਨੈਤਿਕਤਾ ਨੂੰ ਨੇਮਬੰਦ ਤਰੀਕੇ ਨਾਲ ਜੋੜਿਆ ਹੈ। ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਪੱਛਮੀ ਦੇਸ਼ਾਂ ਅਤੇ ਪੱਛਮੀ ਦੇਸ਼ਾਂ ਦੀ ਰੀਸ ਕਰਨ ਵਾਲੇ ਦੇਸ਼ਾਂ ਜਿਵੇਂ ਭਾਰਤ ਵਿਚ ਪ੍ਰੈੱਸ ਅਤੇ ਪੱਤਰਕਾਰੀ ਨੈਤਿਕਤਾ ਤੋਂ ਕੋਹਾਂ ਦੂਰ ਹੁੰਦੀ ਜਾ ਰਹੀ ਹੈ।

ਪੱਛਮੀ ਦੇਸ਼ਾਂ ਵਿਚ ਪੱਤਰਕਾਰੀ ਬਹੁਤ ਹੀ ਤਿੱਖੇ ਮੁਕਾਬਲੇ ਵਿਚੋਂ ਲੰਘ ਰਹੀ ਹੈ ਅਤੇ ਅਖ਼ਬਾਰਾਂ ਅਤੇ ਟੀਵੀ ਆਦਿ ਆਪਣੀ ਹੋਂਦ ਕਾਇਮ ਰੱਖਣ ਲਈ ਅਕਸਰ ਸਨਸਨੀ ਫੈਲਾਉਣ ਵਾਲੀਆਂ ਖ਼ਬਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਸ ਨੂੰ ਅੰਗਰੇਜ਼ੀ ਵਿਚ ਸੈਨਨੈਸ਼ਨਲਿਜ਼ਮ ਕਹਿੰਦੇ ਹਨ, ਇਹ ਵੀ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਭਾਰਤ ਵਰਗੇ ਦੇਸ਼ਾਂ ਵਿਚ ਪੈਸੇ ਲੈ ਕੇ ਖ਼ਬਰਾਂ ਲਗਵਾਉਣ ਦਾ ਰਿਵਾਜ ਕਾਫੀ ਵੱਧ ਰਿਹਾ ਹੈ।

ਭਾਵੇਂ ਕਿ ਇਸ ਵੇਲੇ ਗੱਲ ਪੱਤਰਕਾਰੀ ਵਿਚ ਨੈਤਿਕਤਾ ਦੀ ਹੋ ਰਹੀ ਹੈ। ਪਰ ਚੀਨ ਦੀ ਬੁਨਿਆਦੀ ਸੋਚ ਇਸ ਸਿਧਾਂਤ ’ਤੇ ਖੜੀ ਹੈ ਕਿ ਮਾਰਕਸਵਾਦ ਨੂੰ ਚੀਨ ਦੀਆਂ ਵਿਸ਼ੇਸ਼ ਪ੍ਰਸਥਿਤੀਆਂ ਅਨੁਸਾਰ ਢਾਲਿਆ ਜਾਵੇ ਤੇ ਅਪਣਾਇਆ ਜਾਵੇ। ਇੱਥੇ ਸਾਨੂੰ ਦੋ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ। ਪਹਿਲੀ ਕਿ ਮਾਰਕਸਵਾਦ ਵਿਚ ਨੈਤਿਕਤਾ ਹੈ, ਕਿਉਂਕਿ ਮਾਰਕਸਵਾਦ ਇਕ ਫਲਸਫ਼ਾ ਹੈ ਅਤੇ ਨੈਤਿਕਤਾ ਤੋਂ ਬਿਨਾਂ ਕੋਈ ਫਲਸਫ਼ਾ ਹੋ ਨਹੀਂ ਸਕਦਾ। ਅਰਥਾਤ ਨੈਤਿਕਤਾ ਕਿਸੇ ਵੀ ਫਲਸਫੇ ਦਾ ਜ਼ਰੂਰੀ ਅੰਗ ਹੈ। ਦੂਜਾ ਕਿ ਚੀਨ ਨੇ ਹਮੇਸ਼ਾ ਆਪਣੇ ਆਪ ਨੂੰ ਪੂਰਬ ਦਾ ਹਿੱਸਾ ਸਮਝਿਆ ਹੈ। ਮਾਓ ਜੇ ਤੁੰਗ ਨੇ ਆਪਣੀਆਂ ਲਿਖਤਾਂ ਵਿਚ ਕਈ ਵਾਰੀ ਪੂਰਬ ਦੀ ਗੱਲ ਕੀਤੀ ਹੈ।

ਪੂਰਬੀ ਵਿਚਾਰਧਾਰਾ ਦਾ ਇਹ ਬੁਨਿਆਦੀ ਸੰਕਲਪ ਰਿਹਾ ਹੈ ਕਿ ਨੈਤਿਕਤਾ ਆਰਥਿਕਤਾ ਤੋਂ ਉੱਪਰ ਹੁੰਦੀ ਹੈ। ਬੁੱਧ ਨੇ ਜੀਵਨ ਵਿਚ ਧਰਮ ਅਰਥਾਤ ਨੈਤਿਕਤਾ ਦੀ ਮਹੱਤਤਾ ਨੂੰ ਸਪੱਸ਼ਟ ਕੀਤਾ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਜੋ ਕਿ ਮੇਰੀ ਸੀਮਤ ਸੋਚ ਅਨੁਸਾਰ ਪੂਰਬੀ ਵਿਚਾਰਧਾਰਾ ਅਤੇ ਅਧਿਆਤਮਿਕਤਾ ਦੀ ਸਿੱਖਰ ਹੈ, ਵਿਚ ਵੀ ਨਿਰਮਲ ਕਰਮਾਂ ਅਰਥਾਤ ਨੈਤਿਕਤਾ ਨੂੰ ਹੀ ਸਭ ਤੋਂ ਸ਼ੇ੍ਰਸ਼ਠ ਧਰਮ ਕਿਹਾ ਗਿਆ ਹੈ। ਭਾਵੇਂ ਕਿ ਧਰਮ ਦਾ ਪੂਰਬੀ ਸੰਕਲਪ ਬਹੁਤ ਵਿਸ਼ਾਲ ਹੈ ਅਤੇ ਇਸ ਵਿਚ ਫਰਜ਼ (ਡਿਊਟੀ) ਸਹੀ ਅਤੇ ਗ਼ਲਤ ਦੀ ਪਛਾਣ (ਰਾਈਟੀਅਸਨੈਸ) ਨਿਯਮ ਅਤੇ ਇਖ਼ਲਾਕ (ਮੋਰੈਲਿਟੀ) ਆਦਿ ਪੱਖ ਸ਼ਾਮਲ ਹਨ, ਪਰ ਨੈਤਿਕਤਾ ਧਰਮ ਦਾ ਮੁੱਖ ਪੱਖ ਹੈ, ਜੇ ਅਸੀਂ ਨੈਤਿਕਤਾ ਨੂੰ ਧਰਮ ਦਾ ਮੁੱਖ ਪੱਖ ਮੰਨ ਲਈਏ ਤਾਂ ਮਾਰਕਸਵਾਦ ਦਾ ਧਰਮ ਨਾਲ ਕੋਈ ਵਿਰੋਧ ਨਹੀਂ ਹੈ।

ਜੋ ਇਹ ਦਲੀਲ ਦਿੰਦੇ ਹਨ ਕਿ ਮਾਰਕਸ ਨੇ ਤਾਂ ਧਰਮ ਨੂੰ ਲੋਕਾਂ ਲਈ ਅਫੀਮ ਕਿਹਾ ਹੈ, ਨੂੰ ਦੋ ਗੱਲਾਂ ਸਮਝਣੀਆਂ ਚਾਹੀਦੀਆਂ ਹਨ। ਪਹਿਲੀ ਕਿ ਮਾਰਕਸ ਦਾ ਕਹਿਣਾ ਕਿ ‘ਰਿਲੀਜਨ ਇਜ਼ ਦੀ ਅੋਪੀਅਨ ਆਫ ਪੀਪਲ’ ਦਾ ਅਨੁਵਾਦ ਧਰਮ ਲੋਕਾਂ ਦੀ ਅਫੀਮ ਹੈ, ਸਹੀ ਨਹੀਂ ਹੈ, ਕਿਉਂਕਿ ਰਿਲੀਜ਼ਨ ਅਤੇ ਧਰਮ ਇਕੋ ਚੀਜ਼ ਨਹੀਂ ਹਨ। ਸਚਾਈ ਤਾਂ ਇਹ ਹੈ ਕਿ ਪੱਛਮ ਕੋਲ ਧਰਮ ਦਾ ਸੰਕਲਪ ਹੈ ਹੀ ਨਹੀਂ ਅਤੇ ਧਰਮ ਇੱਕ ਪੂਰਬੀ ਸੰਕਲਪ ਹੈ। ਇਸ ਲਈ ਕਿਸੇ ਵੀ ਪੱਛਮੀ ਬੋਲੀ ਵਿਚ ਧਰਮ ਦਾ ਅਨੁਵਾਦ ਹੋ ਹੀ ਨਹੀਂ ਸਕਦਾ। ਰਿਲੀਜਨ ਨੂੰ ਅਸੀਂ ਮਜ਼ਹਬ ਜਾਂ ਪੰਥ ਕਹਿ ਸਕਦੇ ਹਾਂ, ਰਿਲੀਜ਼ਨ ਜਾਂ ਪੰਥ ਦਾ ਅਰਥ ਇਕ ਰਾਹ ਹੈ, ਪਰ ਧਰਮ ਵਿਆਪਕ (ਯੂਨੀਵਰਸਲ) ਹੈ। ਦੂਜੀ ਗੱਲ ਇਹ ਹੈ ਕਿ ਮਾਰਕਸ ਦਾ ਇਹ ਹਵਾਲਾ ਗੈਰ-ਪ੍ਰਸੰਗਕ (ਆਊਟ ਆਫ ਕਨਟੈਕਸਟ) ਦਿੱਤਾ ਜਾ ਰਿਹਾ ਹੈ। ਮਾਰਕਸ ਸ਼ਾਇਦ ਇਹ ਕਹਿਣਾ ਚਾਹੁੰਦਾ ਸੀ ਕਿ ਸਰਮਾਏਦਾਰੀ ਤੋਂ ਦੁਖੀ ਲੋਕ ਰਿਲੀਜਨ ਨੂੰ ਅਫੀਮ ਦੀ ਤਰ੍ਹਾਂ ਵਰਤ ਰਹੇ ਹਨ। ਉਸ ਦੇ ਇਸ ਕਥਨ ਦਾ ਮੰਤਵ ਰਿਲੀਜਨ ਦੀ ਵਿਰੋਧਤਾ ਨਹੀਂ, ਸਗੋਂ ਸਰਮਾਏਦਾਰੀ ਹੇਠ ਲੋਕਾਂ ਦੀ ਤ੍ਰਾਸਦੀ ਦਿਖਾਉਣਾ ਸੀ।

ਭਾਰਤੀ ਮਾਰਕਸਵਾਦੀਆਂ ਨੂੰ ਚੀਨ ਦੇ ਵਾਰ-ਵਾਰ ਕੀਤੇ ਇਸ ਦਾਅਵੇ ਤੋਂ ਕੁਝ ਸਿੱਖਣਾ ਚਾਹੀਦਾ ਹੈ ਕਿ ਉਹ ਮਾਰਕਸਵਾਦ ਨੂੰ ਚੀਨ ਦੀਆਂ ਵਿਸ਼ੇਸ਼ ਪ੍ਰਸਥਿਤੀਆਂ ਅਨੁਸਾਰ ਢਾਲਣਾ ਤੇ ਅਪਣਾਉਣਾ ਚਾਹੁੰਦਾ ਹੈ। ਸਾਨੂੰ ਵੀ ਮਾਰਕਸਵਾਦ ਦਾ ਭਾਰਤੀਕਰਨ ਅਤੇ ਮਾਰਕਸਵਾਦ ਨੂੰ ਭਾਰਤੀ ਵਿਸ਼ੇਸ਼ ਪ੍ਰਸਥਿਤੀਆਂ ਅਨੁਸਾਰ ਢਾਲਣਾ ਅਤੇ ਅਪਣਾਉਣਾ ਚਾਹੀਦਾ ਹੈ। ਧਰਮ ਦੀ ਵਿਰੋਧਤਾ ਦੀ ਥਾਂ ’ਤੇ ਧਰਮ ਦੇ ਸਹੀ ਅਰਥ ਸਮਝਣੇ ਅਤੇ ਸਮਝਾਉਣੇ ਚਾਹੀਦੇ ਹਨ।

ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਨੈਤਿਕਤਾ ਹੀ ਧਰਮ ਦਾ ਮੁੱਖ ਪੱਖ ਹੈ ਅਤੇ ਮਾਰਕਸਵਾਦ ਨੈਤਿਕਤਾ ਦਾ ਵਿਰੋਧ ਨਹੀਂ ਕਰਦਾ, ਸਗੋਂ ਨੈਤਿਕਤਾ ਮਾਰਕਸਵਾਦ ਦਾ ਜ਼ਰੂਰੀ ਅਤੇ ਮਹੱਤਵਪੂਰਨ ਅੰਗ ਹੈ, ਕਿੰਨੀ ਵਿਅੰਗਮਈ ਗੱਲ ਹੈ ਕਿ ਭਾਰਤ ਉਹ ਦੇਸ਼ ਹੈ, ਜਿਸ ਨੇ ਸੰਸਾਰ ਨੂੰ ਧਰਮ ਦਾ ਸੰਕਲਪ ਦਿੱਤਾ। ਪਰ ਅੱਜ ਭਾਰਤ ਪੱਛਮ ਦੇ ਪਿੱਛੇ ਲੱਗ ਕੇ ਧਰਮ ਤੋਂ ਦੂਰ ਹੋਈ ਜਾ ਰਿਹਾ ਹੈ ਅਤੇ ਚੀਨ ਜਿਸ ਨੇ ਬੁੱਧ ਧਰਮ ਦੇ ਰੂਪ ਵਿਚ ਇਹ ਭਾਰਤੀ ਸੰਕਲਪ ਅਪਣਾਇਆ। ਅੱਜ ਸੰਸਾਰ ਵਿਚ ਧਰਮ ਦੇ ਅਸਲੀ ਅਰਥ ਅਰਥਾਤ ‘ਨੈਤਿਕਤਾ ਨੂੰ ਮਜ਼ਬੂਤ ਕਰਨਾ’ ਨੂੰ ਉਜਾਗਰ ਕਰ ਰਿਹਾ ਹੈ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ