Sat, 15 June 2024
Your Visitor Number :-   7111190
SuhisaverSuhisaver Suhisaver

ਧਰਮ ਨਿਰਪੱਖ ਭਾਰਤ ਦੀ ਚਮਕ -ਨੀਲ

Posted on:- 01-10-2014

suhisaver

ਅੰਗਰੇਜ਼ਾਂ 'ਤੋਂ ਆਜ਼ਾਦੀ ਪਾਉਣ ਮਗਰੋਂ ਭਾਰਤ ਨੂੰ ਧਰਮਾਂ ਦੇ ਨਾਂ 'ਤੇ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਅੰਗਰੇਜ਼ ਜਿੰਨੀ ਦੇਰ ਭਾਰਤ ਵਿਚ ਰਹੇ ਫੁੱਟਾਂ ਪਵਾ ਕੇ ਰਾਜ ਕਰਦੇ ਰਹੇ ਅਤੇ ਜਾਂਦੇ-ਜਾਂਦੇ ਵੀ ਇਸ ਫੁੱਟ ਦੀ ਛਾਪ ਭਾਰਤ ਦੇ ਨਕਸ਼ੇ ਉਪਰ ਛੱਡ ਗਏ। ਸਿਆਸਤਾਂ ਨੇਂ ਬੜਾ ਜ਼ੋਰ ਲਾਇਆ ਕਿ ਇਕ ਖ਼ਾਸ ਧਰਮ ਦੇ ਲੋਕ ਵੰਡੇ ਗਏ ਇਕ ਹਿੱਸੇ ਵਿਚ ਹੀ ਰਹਿਣ ਅਤੇ ਬਾਕੀ ਧਰਮਾਂ ਦੇ ਲੋਕ ਵੰਡੇ ਗਏ ਦੂਸਰੇ ਹਿੱਸੇ ਵਿਚ। ਬਹੁਤੀ ਹੱਦ ਤੀਕ ਵੰਡ ਪਵਾਊ ਨੀਤੀਆਂ ਆਪਣਾ ਜ਼ੋਰ ਵਿਖਾ ਗਈਆਂ ਪਰ ਫਿਰ ਵੀ ਕਈ ਅਮਨ ਪਸੰਦ ਅਤੇ ਆਪਣੀ ਧਰਤੀ ਨਾਲ ਮੋਹ ਰੱਖਣ ਵਾਲੇ ਸ਼ਾਂਤ-ਸੁਭਾਈ ਲੋਕ ਜੋ ਆਪਣੇ ਧਰਮ ਦੇ ਨਾਲ ਦੂਜਿਆਂ ਧਰਮਾਂ ਨੂੰ ਵੀ ਸਤਿਕਾਰ ਦਿੰਦੇ ਸਨ, ਉਸੇ ਜਗ੍ਹਾਂ ਵੱਸਦੇ ਰਹੇ ਜਿੱਥੇ ਉਹ ਵੰਡ ਤੋਂ ਪਹਿਲਾਂ ਵੱਸਦੇ ਸਨ। ਸ਼ਾਇਦ ਉਹਿਓ ਲੋਕ ਅਤੇ ਪਰਿਵਾਰ ਹਨ, ਜਿਨ੍ਹਾਂ ਸਦਕਾ ਵੰਡ ਉਪਰੰਤ ਬਣੇ ਦੋਹਾਂ ਮੁਲਕਾਂ ਦੇ ਲੋਕਾਂ ਵਿਚ ਹਾਲੇ ਤੀਕ ਵੀ ਬੇ-ਸ਼ੁਮਾਰ ਹਿਰਸ ਅਤੇ ਖਿੱਚ ਬਾਕੀ ਹੈ ਅਤੇ ਆਣ-ਜਾਣ ਬਣਿਆ ਹੋਇਆ ਹੈ। ਇਨ੍ਹਾਂ ਜੀਆਂ ਕਰਕੇ ਹੀ ਵਿਰਸਿਆਂ ਦੀ ਸਾਂਝ ਬਾਕੀ ਹੈ ਅਤੇ ਖੇਡਾਂ ਅਤੇ ਸੱਭਿਆਚਾਰਕ ਸਮਾਗ਼ਮਾਂ ਰਾਹੀਂ ਸਨਮਾਨ-ਚਿਨ੍ਹਾਂ ਦਾ ਆਦਾਨ ਪ੍ਰਦਾਨ ਜਾਰੀ ਹੈ।ਮੈਂ ਆਪਣੀ ਜ਼ਿੰਦਗ਼ੀ ਦੇ ਕਈ ਮਹੀਨੇ ਸ਼ਿਵਾਲਿਕ ਪਹਾੜੀਆਂ ਦੀਆਂ ਨਿਚਲੀਆਂ ਅਤੇ ਉਪਜਾਊ ਢਲਾਨਾਂ ਵਿਚ ਵੱਸੇ ਜਿਲ਼੍ਹਾ ਸਹਾਰਨਪੁਰ ਵਿਚ ਬਿਤਾਏ ਹਨ, ਜੋ ਕਿ ਉੱਤਰ-ਪ੍ਰਦੇਸ਼ ਰਾਜ ਦਾ ਇਕ ਵਿਸ਼ਾਲ ਜ਼ਿਲ੍ਹਾ ਹੈ ਅਤੇ ਉੱਤਰਾਖੰਡ ਅਤੇ ਹਰਿਆਣਾ ਰਾਜਾਂ ਦੀਆ ਰਾਜਸੀ ਹੱਦਾਂ ਦੇ ਬਹੁਤ ਨੇੜੇ ਸਥਿਤ ਹੈ। ਸਹਾਰਨਪੁਰ ਵਿਚ ਅਨੇਕ ਧਰਮਾਂ ਅਤੇ ਜਾਤਾਂ ਦੇ ਲੋਕ ਵੱਸਦੇ ਹਨ, ਪਰ ਇਕ ਧਰਮ ਵਿਸੇਸ਼ ਦੇ ਲੋਕ ਇੱਥੇ ਬਹੁਤੀ ਗਿਣਤੀ ਵਿਚ ਵੱਸਦੇ ਹਨ। ਸਹਾਰਨਪੁਰ ਜ਼ਿਲ੍ਹੇ ਦੀ ਜ਼ਮੀਨ ਉਪਜਾਊ ਹੈ ਅਤੇ ਇਹ ਬਹੁਤਾ ਕਰਕੇ ਪਿੰਡਾਂ ਵਿਚ ਹੀ ਵੱਸਦਾ ਹੈ।

ਮੈਂ ਸਹਾਰਨਪੁਰ ਸ਼ਹਿਰ ਅਤੇ ਇਸ ਦੇ ਨੇੜੇ ਦੇ ਕੁਝ ਪਿੰਡਾਂ ਦੇ ਲੋਕਾਂ ਜਿਵੇਂ ਕਿ ਦੁਕਾਨਦਾਰਾਂ, ਮਜ਼ਦੂਰਾਂ, ਅਧਿਆਪਕਾਂ, ਨੌਕਰੀਪੇਸ਼ਾ, ਕਿਸਾਨਾਂ ਆਦਿ ਨੂੰ ਮਿਲਿਆ ਜੋ ਕਿ ਵੱਖ-ਵੱਖ ਧਰਮਾ ਨਾਲ ਸਬੰਧ ਰੱਖਦੇ ਸਨ। ਧਰਮ ਨਿਰਪੱਖਤਾ ਸਬੰਧੀ ਉਨ੍ਹਾਂ ਦੇ ਵਿਚਾਰ ਬਹੁਤ ਸੁਲਝੇ ਹੋਏ ਮਿਲੇ। ਹਰ ਕੋਈ ਕਿਸੇ ਦੂਜੇ ਧਰਮ ਨਾਲ ਸਬੰਧ ਰੱਖਣ ਵਾਲੇ ਲੋਕਾਂ ਦਾ ਦਿਲ ਦੁਖਾਏ ਬਗ਼ੈਰ ਜੀਣ ਦਾ ਚਾਹਵਾਨ ਸੀ, ਅਮਨ ਚਾਹੁੰਦਾ ਸੀ ਅਤੇ ਆਪਣੇ ਧਰਮ ਦੇ ਨਾਲ ਨਾਲ ਦੂਜਿਆਂ ਦੇ ਧਰਮਾਂ ਦਾ ਵੀ ਸਨਮਾਨ ਚਾਹੁੰਦਾ ਸੀ।

ਉਸ ਇਲਾਕੇ ਦੇ ਇਕ ਘੱਟ ਗਿਣਤੀ ਧਰਮ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਨੇਂ ਕਿਹਾ "ਇਕ ਧਰਮ ਵਿਸੇਸ਼ ਦੇ ਪੁਰਾਣੇ ਰਾਜਿਆਂ ਦੀਆਂ ਬੁਰਾਈਆਂ ਨੂੰ ਛੱਡ ਕੇ ਅਸੀਂ ਉਸੇ ਧਰਮ ਦੇ ਉਨ੍ਹਾਂ ਦੋ ਵਿਅਕਤੀਆਂ ਦਾ ਯੋਗਦਾਨ ਚੇਤੇ ਕਰਦੇ ਹਾਂ ਜਿਨ੍ਹਾ ਨੇਂ ਸਾਡੇ ਧਰਮ ਗੁਰੂ ਜੀ ਦਾ ਓਕੜ ਵੇਲੇ ਸਾਥ ਨਿਭਾਇਆ ਸੀ। ਸਾਡੇ ਘਰ ਦੇ ਮੁਹੱਲੇ ਵਿਚ ਵੱਸਦੇ ਗੁਆਂਢੀ ਵੀ ਉਸੇ ਧਰਮ ਵਿਚੋਂ ਹਨ। ਉਨ੍ਹਾਂ ਦੇ ਘਰੀਂ ਕੋਈ ਵਿਆਹ ਸ਼ਾਦੀ ਹੋਵੇ ਤਾਂ ਉਹ ਸਾਡੇ ਕਰਕੇ ਵੱਖਰਾ ਚੁੱਲ੍ਹਾ ਵੀ ਬਲਵਾਉੰਦੇ ਹਨ ਤਾਂ ਜੋ ਅਸੀਂ ਵੀ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋ ਸਕੀਏ। ਅਸੀਂ ਉਨ੍ਹਾਂ ਦੇ ਸ਼ੁੱਭ ਧਰਮ-ਦਿਵਸਾਂ 'ਤੇ ਉਨ੍ਹਾਂ ਨੂੰ ਭਰਪੂਰ ਵਧਾਈਆਂ ਦਿੰਦੇ ਹਾਂ ਜਿਨ੍ਹਾ ਨੂੰ ਹਾਸਿਲ ਕਰਕੇ ਉਹ ਮਾਣ ਮਹਿਸੂਸ ਕਰਦੇ ਹਨ। ਧਰਮ ਨਿਰਪੱਖ ਦੇਸ਼ ਵਿਚ ਇਹ ਮੇਲ-ਜੋਲ ਬਰਕਰਾਰ ਰਹਿਣਾ ਹੀ ਚਾਹੀਦਾ ਹੈ।"

ਉੱਥੋਂ ਦੇ ਵੱਧ ਗਿਣਤੀ ਧਰਮ ਦੇ ਅਨੇਕ ਲੋਕਾਂ ਨੇਂ ਵੀ ਕਿਹਾ "ਸਾਨੂੰ ਦੂਸਰੇ ਧਰਮ ਦੇ ਲੋਕਾਂ ਤੋਂ ਭਰਵਾਂ ਪਿਆਰ ਅਤੇ ਸਤਿਕਾਰ ਮਿਲਦਾ ਹੈ ਅਤੇ ਉਹ ਸਾਡੇ ਧਰਮ ਵਿਸੇਸ਼ ਨੂੰ ਦੂਸਰੇ ਧਰਮਾਂ ਦੇ ਲੋਕਾਂ ਦੇ ਆਪਸੀ ਪਿਆਰ ਅਤੇ ਭਾਈਚਾਰੇ ਵਿਚ ਕੋਈ ਅੜਚਨ ਨਹੀਂ ਮੰਨਦੇ। ਅਸੀਂ ਦੂਸਰੇ ਧਰਮਾਂ ਦੇ ਲੋਕਾਂ ਦੇ ਹੱਥੋਂ ਬਣੀਆਂ ਚੀਜ਼ਾਂ ਖਾਣੋ ਬਹੁਤਾ ਗ਼ੁਰੇਜ਼ ਨਹੀਂ ਕਰਦੇ। ਉਨ੍ਹਾਂ ਦੇ ਧਾਰਮਿਕ ਸਮਾਗ਼ਮਾਂ ਵਿਚ ਸਾਡੇ ਧਰਮ ਦੇ ਜੀਆਂ ਨੂੰ ਵੀ ਸੱਦਿਆ ਜਾਂਦਾ ਹੈ ਅਤੇ ਅਸੀਂ ਵੀ ਉਨ੍ਹਾਂ ਸਮਾਗ਼ਮਾਂ ਵਿਚ ਭਰਪੂਰ ਸ਼ਿਰਕਤ ਕਰਦੇ ਹਾਂ ਜੋ ਸਾਡੀ ਆਪਸੀ ਧਾਰਮਿਕ ਭਾਈਵਾਲਤਾ ਨੂੰ ਦਰਸਾਉੁਂਦਾ ਹੈ।"

ਸਿੱਟਾ ਇਹ ਕਿ ਹਰ ਭਾਰਤਵਾਸੀ, ਭਾਵੇਂ ਉਹ ਕਿਸੇ ਵੀ ਧਰਮ ਵਿਸੇਸ਼ ਨਾਲ ਸਬੰਧ ਰੱਖਦਾ ਹੈ, ਧਰਮ ਨਿਰਪੱਖਤਾ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ ਅਤੇ ਨਿੱਜੀ ਤੌਰ 'ਤੇ ਕਿਸੇ ਦੇ ਵੀ ਦਿਲ ਵਿਚ ਕਿਸੇ ਦੂਰਸੇ ਧਰਮ ਪ੍ਰਤੀ ਕੋਈ ਕੁੜੱਤਣ ਨਹੀਂ ਭਰੀ ਹੋਈ ਹੈ। ਇਸੇ ਧਰਮਨਿਰਪੱਖਤਾ ਕਾਰਣ ਹੀ ਭਾਰਤ ਦੇਸ਼ ਨੇ ਦੁਨੀਆਂ ਭਰ ਵਿਚ ਆਪਣੀ ਵਿਲੱਖਣ ਪਛਾਣ ਬਰਕਰਾਰ ਰੱਖੀ ਹੋਈ ਹੈ। ਅਨੇਕ ਬਾਹਰੀ ਸ਼ਰਾਰਤੀ ਤੱਤ ਕਈ ਵਾਰ ਧਰਮਾਂ ਦੇ ਨਾਂ 'ਤੇ ਫੁੱਟ ਪਵਾਉਣ ਲਈ ਕੌਝੀਆਂ ਸ਼ਰਾਰਤਾਂ ਕਰਦੇ ਰਹਿੰਦੇ ਹਨ ਪਰ ਅਮਨ ਪਸੰਦ ਲੋਕ ਹੁਣ ਸੱਭ ਚਾਲਾਂ ਨੂੰ ਸਮਝਦੇ ਹਨ ਅਤੇ ਕਿਸੇ ਦੇ ਬਹਿਕਾਵੇ ਵਿਚ ਨਹੀਂ ਆਉਂਦੇ। ਸ਼ਾਇਦ ਇਹੋ ਕਾਰਣ ਹੈ ਕਿ ਭਾਰਤ ਦੇ ਵੱਖ-ਵੱਖ ਧਰਮਾਂ ਦੇ ਜੀਅ ਜੋ ਭਾਰਤ ਦੀ ਜਨਤਾ ਰਾਹੀਂ ਭਾਰਤ ਦੀ ਨੁਮਾਇੰਦਗ਼ੀ ਲਈ ਚੁਣੇ ਗਏ, ਉਨ੍ਹਾਂ ਦੀਆਂ ਸੁਲਝੀਆਂ ਹੋਈਆਂ ਵਿਚਾਰਧਾਰਾਵਾਂ ਕਾਰਣ ਵਿਦੇਸ਼ਾਂ ਵਿਚ ਵੀ ਭਾਰਤ ਦੀ ਪਛਾਣ ਇਕ ਵਿਸ਼ਾਲ ਧਰਮਨਿਰਪੱਖ ਦੇਸ਼ ਵਜੋਂ ਸਾਹਵੇਂ ਆਈ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਸਾਬਕਾ ਰਾਸ਼ਟਰਪ੍ਰਤੀ ਮਾਣਯੋਗ ਸ਼੍ਰੀ ਅਬਦੁਲ ਕਲਾਮ ਸਾਹਿਬ ਦੇ ਮਹਾਨ ਵਿਚਾਰਾਂ ਅਤੇ ਦ੍ਰਿਸ਼ਟਾਂਤਾਂ ਨੇਂ ਵੀ ਇਸ ਚੰਗੇ ਕੰਮ ਲਈ ਦੇਸ਼ ਅਤੇ ਵਿਦੇਸ਼ਾਂ ਵਿਚ ਅਨੇਕਾਂ ਤਸਦੀਕਾਂ ਛੱਡੀਆਂ ਹਨ ਅਤੇ ਹੁਣ ਇਸ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸਾਹਿਬ ਵੀ ਇਹੋ ਕਰ ਰਹੇ ਹਨ। ਅੱਲ਼ਾ ਕਰੇ, ਧਰਮਨਿਰਪੱਖ ਭਾਰਤ ਦੀ ਚਮਕ ਸਦਾ ਇੰਝ ਹੀ ਬਣੀ ਰਹੇ। ਆਮੀਨ।

ਸੰਪਰਕ: +91 94184 70707

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ