Sun, 03 March 2024
Your Visitor Number :-   6882383
SuhisaverSuhisaver Suhisaver

ਸਿਆਸਤਦਾਨ ਤੇ ਧਾਰਮਿਕ ਆਗੂ ਸੰਜਮ ਵਰਤਣ -ਬੀ ਐੱਸ ਭੁੱਲਰ

Posted on:- 24-07-2013

ਪੰਜਾਬ ਵਾਸੀਓ ਪੰਜਾਬ ਦੇ ਕਾਲ਼ੇ ਦੌਰ ਨੂੰ ਯਾਦ ਕਰੋ, ਉਸ ਸਮੇਂ ਬਾਰੇ ਉਨ੍ਹਾਂ ਲੋਕਾਂ ਨੂੰ ਪੁੱਛੋ, ਜਿਨ੍ਹਾਂ ਉਹ ਸਮਾਂ ਆਪਣੇ ਪਿੰਡੇ ’ਤੇ ਹੰਢਾਇਆ ਹੈ, ਜਿਸ ਨੂੰ ਕੋਈ ਅੱਤਵਾਦੀਆਂ ਦਾ ਸਮਾਂ ਕਹਿੰਦਾ ਸੀ ਤੇ ਕੋਈ ਖਾੜਕੂਆਂ ਦਾ। ਸਿਆਸੀ ਲਾਹਾ ਲੈਣ ਲਈ ਰਾਜ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਾਖ਼ਲ ਹੋਣ ਤਹਿਤ ਸ਼ੁਰੂ ਕੀਤੀ ਛੋਟੀ ਜਿਹੀ ਕਾਰਵਾਈ ਨਾਲ਼ ਪੈਦਾ ਹੋਏ ਹਾਲਾਤ ਇਸ ਕਦਰ ਵਿਗੜ ਗਏ ਕਿ ਸਿੱਖਾਂ ਦਾ ਸਭ ਤੋਂ ਮਹੱਤਵਪੂਰਨ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਹਥਿਆਰਾਂ ਦਾ ਗੜ੍ਹ ਹੀ ਨਹੀਂ ਬਣ ਗਿਆ ਸੀ, ਬਲਕਿ ਉਸ ’ਤੇ ਫ਼ੌਜੀ ਹਮਲਾ ਕਰਨਾ ਪਿਆ ਅਤੇ ਹਜ਼ਾਰਾਂ ਲੋਕ ਮੌਤ ਦੇ ਮੂੰਹ ਜਾ ਪਏ।

ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਵਿੱਚ ਹਥਿਆਰ ਦੀ ਆਮਦ ਸਮੇਂ ਹੀ ਪੰਜਾਬ ’ਚ ਕਤਲੋਗਾਰਤ ਸ਼ੁਰੂ ਹੋ ਗਈ, ਕਾਨੂੰਨ ਇੱਕ ਤਰ੍ਹਾਂ ਨਾਲ਼ ਬੇਮਾਅਣੇ ਹੋ ਗਿਆ, ਪੁਲਿਸ ਦਾ ਵੱਡਾ ਹਿੱਸਾ ਪਸਤ ਹਿੰਮਤ ਹੋ ਗਿਆ। ਰਾਜ ਭਰ ਵਿੱਚ ਅੱਤਵਾਦੀ ਜੱਥੇਬੰਦੀਆਂ ਦੇ ਹੁਕਮ ਤੁਰੰਤ ਤਾਮੀਲ ਹੋਣ ਲੱਗੇ, ਸ਼ਾਮ ਨੂੰ ਹੁਕਮ ਹੋਇਆ ਸਵੇਰੇ ਸਕੂਲੀ ਵਿਦਿਆਰਥਣਾਂ ਦੀਆਂ ਚੁੰਨੀਆਂ ਕੇਸਰੀ ਹੋ ਗਈਆਂ, ਸਵੇਰ ਨੂੰ ਹੁਕਮ ਜਾਰੀ ਹੋਇਆ ਸ਼ਾਮ ਨੂੰ ਰੇਡੀਓ, ਟੀ.ਵੀ. ਤੋਂ ਜੈ ਹਿੰਦ, ਹੁਕਮ ਜਾਰੀ ਹੋਇਆ ਗਲ਼ੀਆਂ ਦੀਆਂ ਲਾਈਟਾਂ ਬੰਦ। ਸ਼ਹਿਰ ਬੰਦ ਦਾ ਹੁਕਮ ਹੋਇਆ ਹਾਲਾਤ ਕਰਫ਼ਿੳੂ ਵਰਗੇ, ਪ੍ਰਸ਼ਾਸਨ ਬੇਵੱਸ ਹੋ ਗਿਆ, ਦਿਨ ਛਿਪਦੇ ਸਾਰ ਹੀ ਰਾਜ ਭਰ ’ਚ ਸੰਨਾਟਾ ਜਿਹਾ ਛਾ ਜਾਂਦਾ, ਇੰਝ ਲੱਗਦਾ ਜਿਵੇਂ ਪਰਿੰਦਿਆਂ ਨੇ ਵੀ ਸਾਹ ਰੋਕ ਲਏ ਹੋਣ। ਨਤੀਜੇ ਵੱਜੋਂ ਅੱਤਵਾਦੀਆਂ ਦੇ ਹੌਂਸਲੇ ਵਧਦੇ ਗਏ, ਘਰਾਂ ’ਚੋਂ ਕੱਢ ਕੇ ਕਤਲ, ਬੱਸਾਂ ’ਚੋਂ ਉਤਾਰ ਕੇ ਇੱਕ ਫਿਰਕੇ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨਾ, ਪੁਲਿਸ ਅਫ਼ਸਰਾਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੇ ਕਤਲਾਂ ਤੋਂ ਅੱਗੇ ਸਥਿਤੀ ਇਸ ਹਾਲਤ ਵਿੱਚ ਪਹੁੰਚ ਗਈ ਕਿ ਰਾਤ ਸਮੇਂ ਗੁਪਤਵਾਸ ਅਣਪਛਾਤੇ ਵਿਅਕਤੀਆਂ ਨੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਲੰਗਰ-ਪਾਣੀ ਛਕਣਾ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਬੇਪੱਤੀ ਕਰਨੀ, ਜੇ ਪੁਲਿਸ ਨੂੰ ਪਤਾ ਲੱਗ ਜਾਂਦਾ ਤਾਂ ਪੀੜਤ ਪਰਿਵਾਰ ’ਤੇ ਹੀ ਸਖ਼ਤੀ ਹੋ ਜਾਣੀ ਕਿ ਉਨ੍ਹਾਂ ਰੋਟੀ ਕਿਉਂ ਖੁਆਈ।

ਇੱਕ ਫਿਰਕੇ ਦੇ ਲੋਕਾਂ ਨੂੰ ਅੱਤਵਾਦੀ ਨਿਸ਼ਾਨਾ ਬਣਾਉਣ ਲੱਗੇ, ਦੂਜੇ ਪਾਸੇ ਸਿੱਖ ਨੌਜਵਾਨਾਂ ਨੂੰ ਪੁਲਿਸ ਨਿਸ਼ਾਨਾ ਬਣਾਉਣ ਲੱਗ ਪਈ। ਸਵੇਰੇ ਘਰੋਂ ਨਿਕਲਣ ਲੱਗਿਆਂ ਹਰ ਵਿਅਕਤੀ ਸੋਚਦਾ ਕਿ ਕਿ ਸ਼ਾਮ ਨੂੰ ਪਤਾ ਨਹੀਂ ਘਰ ਮੁੜਾਂਗੇ ਜਾਂ ਨਹੀਂ। ਹਰ ਵਧਦੀ ਤਾਕਤ ਦਾ ਇੱਕ ਅੰਤ ਵੀ ਹੁੰਦਾ ਹੈ। ਆਖ਼ਰ ਇਹ ਸਭ ਕੁਝ ਰੋਕਣ ਲਈ ਪੁਲਿਸ ਪ੍ਰਸ਼ਾਸਨ ’ਚ ਫੇਰ ਬਦਲ ਕੀਤਾ ਗਿਆ, ਖੁਝ ਧੜੱਲੇਦਾਰ ਤੇ ਬੇਰਹਿਮ ਕਿਸਮ ਦੇ ਅਫ਼ਸਰਾਂ ਨੂੰ ਕਮਾਂਡ ਸੰਭਾਲ਼ੀ ਗਈ, ਜਿਨ੍ਹਾਂ ਦੇ ਹੁਕਮ ’ਤੇ ਪੁਲਿਸ ਸਰਗਰਮ ਤਾਂ ਹੋਈ, ਪਰ ਉਸ ਸਮੇਂ ਤੱਕ ਤਾਂ ਸਮਾਂ ਬੀਤ ਚੁੱਕਾ ਸੀ। ਹਾਲਾਤ ਨੂੰ ਦੇਖਦਿਆਂ ਰਵਾਇਤੀ ਅਕਾਲੀ ਦਲ ਦੇ ਨੇਤਾਵਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਦਿੱਤਾ, ਅਕਾਲੀ ਤੇ ਕਾਂਗਰਸੀ ਆਗੂ ‘ਦੜ ਵੱਟ ਜ਼ਮਾਨਾ ਕੱਟ’ ਦੀ ਨੀਤੀ ਨਾਲ਼ ਸਮਾਂ ਬਤੀਤ ਕਰਨ ਲੱਗ ਪਏ। ਜੇਕਰ ਕਤਲੋਗਾਰਤ ਵਿਰੁੱਧ ਆਵਾਜ਼ ਬੁਲੰਦ ਕੀਤੀ ਤਾਂ ਉਹ ਕੇਵਲ ਕਮਿੳੂਨਿਸਟ ਆਗੂਆਂ ਨੇ ਹੀ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਮੁੱਲ ਤਾਰਨਾ ਪਿਆ, ਖੱਬੀਆਂ ਪਾਰਟੀਆਂ ਦੇ ਸੈਂਕੜੇ ਆਗੂਆਂ ਤੇ ਵਰਕਰਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀ ਜਾਨ ਦੀ ਆਹੂਤੀ ਦਿੱਤੀ।

ਆਖ਼ਰ ਜਦ ਸਾਰੇ ਹੀਲੇ-ਵਸੀਲੇ ਖ਼ਤਮ ਹੋ ਗਏ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਾਲ਼ ਰਾਬਤਾ ਕਾਇਮ ਕਰਕੇ ਉਨ੍ਹਾਂ ਦੀ ਸਹਿਮਤੀ ਨਾਲ਼ ਸ੍ਰੀ ਦਰਬਾਰ ਸਾਹਿਬ ’ਤੇ ‘ਅਪਰੇਸ਼ਨ ਬਲਿੳੂ ਸਟਾਰ’ ਕਰ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਾਰਨ ਇਸ ਦਿਨ ਭਾਰੀ ਗਿਣਤੀ ਵਿਚ ਸੰਗਤਾਂ ਪੁੱਜੀਆਂ ਹੋਣ ਕਰਕੇ ਇਸ ਅਪਰੇਸ਼ਨ ’ਚ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਾ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਤੇ ਉਨ੍ਹਾਂ ਦੇ ਸੈਂਕੜੇ ਸਾਥੀ ਮਾਰੇ ਗਏ ਉੱਥੇ ਸ਼ਰਧਾ ਨਾਲ਼ ਅਕੀਦਤ ਭੇਂਟ ਕਰਨ ਪਹੁੰਚੇ ਹਜ਼ਾਰਾਂ ਸ਼ਰਧਾਲੂ ਵੀ ਮੌਤ ਦੇ ਮੂੰਹ ਜਾ ਪਏ। ਜੋ ਜਿਊਦੇ ਬਚੇ ਉਨ੍ਹਾਂ ਨੂੰ ਸਾਲਾਂ ਬੱਧੀ ਜੇਲ੍ਹਾਂ ਵਿੱਚ ਰੁਲਣਾ ਪਿਆ। ਇਸ ਅਤੀ ਦੁਖਦਾਈ ਘਟਨਾ ਦੇ ਬਦਲੇ ਵਿੱਚ ਸਿੱਖ ਸੁਰੱਖਿਆ ਜਵਾਨਾਂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ, ਕਤਲ ਉਪਰੰਤ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਮਰਦ-ਔਰਤਾਂ ਤੇ ਬੱਚੇ ਜਿੳੂਂਦੇ ਸਾੜੇ ਗਏ, ਉਨ੍ਹਾਂ ਦੇ ਘਰ ਉਜਾੜ ਦਿੱਤੇ, ਧੀਆਂ-ਭੈਣਾਂ ਦੀਆਂ ਬੇਪਤੀਆਂ ਕੀਤੀਆਂ। ਉਨ੍ਹਾਂ ਨਾਲ਼ ਇਸ ਤਰ੍ਹਾਂ ਵਿਵਹਾਰ ਕੀਤਾ, ਜਿਵੇਂ ਉਹ ਭਾਰਤ ਦੇ ਵਸਨੀਕ ਨਾ ਹੋ ਕੇ ਕਿਸੇ ਦੁਸ਼ਮਣ ਦੇਸ਼ ਦੇ ਵਾਸੀ ਹੋਣ।

ਇਹ ਘਟਨਾਵਾਂ ਨਾ ਭੁੱਲ ਸਕਣ ਵਾਲ਼ੀਆਂ ਹਨ ਤੇ ਨਾ ਹੀ ਭੁਲਾਈਆਂ ਜਾ ਸਕਦੀਆਂ ਹਨ। ਦਹਾਕਿਆਂ ਦਾ ਸਮਾਂ ਲੰਘਣ ਨਾਲ਼ ਪੀੜ੍ਹਤ ਲੋਕ ਅੱਜ ਵੀ ਇਨਸਾਫ਼ ਲਈ ਦੁਹਾਈਆਂ ਦੇ ਰਹੇ ਹਨ, ਜੋ ਨਹੀਂ ਮਿਲ਼ ਰਿਹਾ। ਉਹ ਗ਼ਮ ਤੇ ਪੀੜਾਂ ਨੂੰ ਆਪਣੇ ਹਿਰਦਿਆਂ ਵਿੱਚ ਦੱਬ ਕੇ ਸਬਰ-ਸੰਤੋਖ ਨਾਲ਼ ਦਿਨ ਕਟੀ ਕਰ ਰਹੇ ਹਨ। ਪੰਜਾਬ ਵਿੱਚ ਇਹ ਸਭ ਕੁਝ ਹੋਣ ਦੇ ਬਾਵਜੂਦ ਸ਼ਾਂਤੀ ਵਾਲ਼ਾ ਮਾਹੌਲ ਬਣਿਆ ਹੋਇਆ ਹੈ, ਪ੍ਰੰਤੂ ਲੱਗਦਾ ਹੈ ਕਿ ਕੁਝ ਲੋਕਾਂ ਨੂੰ ਇਹ ਮਾਹੌਲ ਚੰਗਾ ਨਹੀਂ ਲੱਗ ਰਿਹਾ।

ਚਹੁੰ ਵਰਨਾ ਕੋ ਸਾਂਝੇ, ਦੁਨੀਆਂ ਨੂੰ ਸੱਚ, ਸਬਰ ਤੇ ਸੰਤੋਖ ਦਾ ਸੰਦੇਸ਼ ਦੇਣ ਵਾਲ਼ੇ, ਸਰਬੱਤ ਦੇ ਭਲੇ ਲਈ ਅਰਦਾਸ ਕਰਨ ਵਾਲ਼ੇ, ਮਹਾਨ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਐਨ ਵਿੱਚ ‘ਅਪ੍ਰੇਸ਼ਨ ਬਲਿਊ ਸਟਾਰ, ’ਚ ਮਾਰੇ ਗਏ ਸੰਤ ਭਿੰਡਰਾਂਵਾਲ਼ੇ ਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਯਾਦਗਾਰ ਸਥਾਪਿਤ ਕਰਨ ਤੋਂ ਬਾਅਦ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਸ੍ਰੀ ਮਤੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਮਾਰੇ ਗਏ ਸਿੱਖਾਂ ਦੀ ਯਾਦਗਾਰ ਸਥਾਪਤ ਕਰਨ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਜਿਸ ਦਾ ਅਸਲ ਮਕਸਦ ਤਾਂ ਭਾਵੇਂ ਲੋੜ ਪੈਣ ’ਤੇ ਯਾਦਗਾਰਾਂ ਨੂੰ ਸਿਆਸੀ ਲਾਹਾ ਲੈਣ ਦਾ ਹੀ ਹੈ, ਪਰ ਮੁੱਦਾ ਅਜਿਹਾ ਬਣ ਗਿਆ ਕਿ ਜੇਕਰ ਕੋਈ ਵਿਅਕਤੀ ਇਸ ਦਾ ਵਿਰੋਧ ਕਰਨ ਦੀ ਜੁਰਅੱਤ ਕਰਦਾ ਤਾਂ ਦੰਗਿਆਂ ਤੋਂ ਪੀੜ੍ਹਤ ਪਰਿਵਾਰਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਤੇ ਉਹ ਇਉਂ ਮਹਿਸੂਸ ਕਰਦੇ, ਜਿਵੇਂ ਉਨ੍ਹਾਂ ਦੇ ਜ਼ਖ਼ਮ ਦੁਬਾਰਾ ਹਰੇ ਕੀਤੇ ਜਾ ਰਹੇ ਹੋਣ। ਦੂਜੇ ਪਾਸੇ ਗਰਮ ਸੁਰ ਵਾਲ਼ੇ ਆਗੂ ਤੇ ਵਰਕਰ, ਜੋ ਅੰਦਰੂਨੀ ਅੱਗ ਨੂੰ ਸੁਲਘਦੀ ਰੱਖਣ ਦੇ ਇੱਛੁਕ ਹਨ, ਵੀ ਵਿਰੋਧ ਕਰਨ ਵਾਲ਼ਿਆਂ ਦੇ ਸਾਹਮਣੇ ਡਟ ਕੇ ਖੜ੍ਹੇ ਹੋ ਗਏ।

ਇਨ੍ਹਾਂ ਯਾਦਗਾਰਾਂ ਦੀ ਹੋਈ ਕਾਰਵਾਈ ਨੂੰ ਦੇਖਦਿਆਂ ਹੁਣ ਭਾਰਤੀ ਜਨਤਾ ਪਾਰਟੀ, ਜਿਸ ਦੇ ਉੱਚ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ਼’ ਵਿੱਚ ਸਪੱਸ਼ਟ ਲਿਖਿਆ ਕਿ ਉਨ੍ਹਾਂ ਦੀ ਪਾਰਟੀ ਨੇ ਉਸ ਵੇਲ਼ੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਲਈ ਦਬਾਅ ਪਾਇਆ ਸੀ, ਨੇ ਹੁਣ ਇਹ ਮੰਗ ਖੜ੍ਹੀ ਕਰ ਦਿੱਤੀ ਹੈ ਕਿ ਪੰਜਾਬ ਦੇ ਅੱਤਵਾਦੀ ਦੌਰ ਸਮੇਂ ਮਾਰੇ ਗਏ ਹੋਰ ਹਜ਼ਾਰਾਂ ਲੋਕਾਂ ਦੀ ਵੀ ਯਾਦਗਾਰ ਸਥਾਪਿਤ ਕੀਤੀ ਜਾਵੇ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੰਗ ਕੀਤੀ ਹੈ ਕਿ ਰਾਜ ਵਿੱਚ ਮਾਰੇ ਹਜ਼ਾਰਾਂ ਬੇਗੁਨਾਹ ਲੋਕਾਂ ਦੀ ਯਾਦ ਵਿੱਚ ਵੀ ‘ਅਮਨ ਯਾਦਗਾਰ’ ਸਥਾਪਿਤ ਕੀਤੀ ਜਾਵੇ ਤਾਂ ਜੋ ਆਉਣ ਵਾਲ਼ੀਆਂ ਪੀੜ੍ਹੀਆਂ ਉਨ੍ਹਾਂ ਨੂੰ ਭੁਲਾ ਨਾ ਸਕਣ।

ਇਨ੍ਹਾਂ ਯਾਦਗਾਰਾਂ ਦੀ ਸਥਾਪਤੀ ਤੇ ਮੰਗਾਂ ਉਭਰਨ ਨਾਲ਼ ਰਾਜ ਵਿੱਚ ਮੁੜ ਹਾਲਾਤ ਗਰਮ ਹੁੰਦੇ ਦਿਖਾਈ ਦੇ ਰਹੇ ਹਨ। ਅੱਤਵਾਦ ਦੌਰ ਦੇ ਮਾਰੇ ਗਏ ਖਾੜਕੂਆਂ ਦੇ ਭੋਗਾਂ ’ਤੇ ਮੁੜ ਇਕੱਠ ਜੁੜਨੇ ਸ਼ੁਰੂ ਹੋ ਗਏ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ, ਖੁੱਲ੍ਹੇਆਮ ਇਸ਼ਤਿਹਾਰਬਾਜ਼ੀ ਸ਼ੁਰੂ ਹੋ ਚੁੱਕੀ ਹੈ। ਅੱਜ ਜਦ ਰਾਜ ਭਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ, ਪੁਲਿਸ ਪ੍ਰਸ਼ਾਸਨ ਕਾਫ਼ੀ ਕਮਜ਼ੋਰ ਨਜ਼ਰ ਆ ਰਿਹਾ ਹੈ, ਮਾਰਧਾੜ ਲੁੱਟਾਂ-ਖਹਾਂ, ਕਤਲ, ਬਲਾਤਕਾਰ ਆਦਿ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਅਜਿਹੇ ਸਮੇਂ ਰਾਜ ਦੇ ਵੱਖ-ਵੱਖ ਫ਼ਿਰਕਿਆਂ, ਧੜਿਆਂ, ਪਾਰਟੀਆਂ ਵਿੱਚ ਪੈਦਾ ਹੋਈ ਗਰਮਾਈ ਕਾਰਨ ਖ਼ਦਸ਼ਾ ਪ੍ਰਗਟ ਹੋ ਰਿਹਾ ਹੈ ਕਿ ਰਾਜ ਮੁੜ ਕਾਲ਼ੇ ਦੌਰ ਵਰਗੇ ਹਾਲਾਤਾਂ ’ਚ ਨਾ ਧਸ ਜਾਵੇ।

ਕਾਲ਼ੇ ਦੌਰ ਦੀਆਂ ਘਟਨਾਵਾਂ ਜਿਨ੍ਹਾਂ ਲੋਕਾਂ ਨੇ ਹੰਢਾਈਆਂ, ਦੇਖੀਆਂ ਤੇ ਸੁਣੀਆਂ ਹਨ, ਉਨ੍ਹਾਂ ਨੂੰ ਅੱਜ ਵੀ ਯਾਦ ਆਉਣ ’ਤੇ ਧੁੜਧੜੀ ਜਿਹੀ ਆ ਜਾਂਦੀ ਹੈ ਅਤੇ ਮਨ ਚਿੰਤਾ ਵਿੱਚ ਡੁੱਬ ਜਾਂਦਾ ਹੈ। ਸੋ ਸਿਆਸਤਦਾਨੋਂ ਤੇ ਧਾਰਮਿਕ ਆਗੂਓ! ਲੋਕਾਂ ’ਤੇ ਰਹਿਮ ਕਰੋ ਤੇ ਆਪਣੇ ਫ਼ਰਜ਼ ਪਛਾਣੋ। ਰਾਜ ਨੂੰ ਮੁੜ ਕਾਲ਼ੇ ਦੌਰ ਵਿੱਚ ਧੱਕਣ ਦੀ ਬਜਾਏ ਏਕਤਾ, ਅਖੰਡਤਾ ਤੇ ਆਪਸੀ ਪ੍ਰੇਮ-ਪਿਆਰ ਲਈ ਯਤਨ ਹੀ ਮਾਨਵਤਾ ਦੀ ਵੱਡੀ ਸੇਵਾ ਹੈ।

ਸੰਪਰਕ: 98882-75913

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ