Sat, 13 July 2024
Your Visitor Number :-   7182941
SuhisaverSuhisaver Suhisaver

ਮੱਧ ਪੂਰਬ ਦਾ ਸੰਕਟ: ਅਮਰੀਕੀ ਜ਼ਬਰ ਦਾ ਸਿੱਟਾ - ਮੋਹਨ ਸਿੰਘ

Posted on:- 27-04-2015

ਮੱਧ ਪੂਰਬ ਦੇਸ਼ ਇਸ ਸਮੇਂ ਇੱਕ ਭਿਆਨਕ ਹਿੰਸਾ ਦੀ ਲਪੇਟ ’ਚ ਫਸੇ ਹੋਏ ਹਨ ਅਤੇ ਯਮਨ ਦੀ ਹਾਲਤ ਇਸ ਵੇਲੇ ਸਭ ਤੋਂ ਬੁਰੀ ਹੈ। 2011 ਦੇ ਅਰਬ ਉਭਾਰ ਨੇ ਯਮਨ ਦੇ ਤਾਨਾਸ਼ਾਹ ਅਲੀ ਅਬਦੁੱਲਾ ਸਾਲੇਹ (ਸ਼ੀਆ) ਨੂੰ ਗੱਦੀਓਂ ਲਾਹ ਦਿੱਤਾ ਸੀ ਅਤੇ ਅਮਰੀਕਾ ਨੇ ਅਬਦ-ਰੱਬੂ ਮਨਸੂਰ ਹਾਦੀ (ਸੁੰਨੀ) ਨੂੰ ਯਮਨ ਦਾ ਰਾਸ਼ਟਰਪਤੀ ਬਣਾ ਦਿੱਤਾ ਸੀ। ਯਮਨ ’ਚ ਸੁੰਨੀ ਵਸੋਂ ਬਹੁ-ਸੰਮਤੀ ’ਚ ਹੈ ਅਤੇ ਸ਼ੀਆ ਘੱਟ ਸੰਮਤੀ ’ਚ ਹਨ। ਅਰਬ ਉਭਾਰ ਸਮੇਂ ਹਾਉਦੀ (ਸ਼ੀਆ) ਹਥਿਆਰਬੰਦ ਬਾਗੀਆਂ ਨੇ ਬਗਾਵਤ ’ਚ ਸਰਗਰਮੀ ਨਾਲ ਹਿੱਸਾ ਲਿਆ ਸੀ। ਉਸ ਸਮੇਂ ਸਾਲੇਹ ਨੂੰ ਗੱਦੀਓਂ ਲਾਹ ਦਿੱਤਾ ਗਿਆ ਸੀ ਪਰ ਫ਼ੌਜ ਦਾ ਇੱਕ ਹਿੱਸਾ ਉਸ ਦਾ ਵਫ਼ਾਦਾਰ ਰਿਹਾ ਸੀ। ਇਰਾਨ ਇੱਕ ਸ਼ੀਆ ਮੁਲਕ ਹੋਣ ਕਰਕੇ ਸੱਤਾ ਲਈ ਲੜਾਈ ’ਚ ਇਹ ਲਗਾਤਾਰ ਹਾਊਦੀ ਬਾਗੀਆਂ ਦੀ ਮਦਦ ਕਰ ਰਿਹਾ ਹੈ। ਹਾਊਦੀ ਬਾਗੀਆਂ ਨੇ ਸਤੰਬਰ 2014 ’ਚ ਯਮਨ ਦੀ ਰਾਜਧਾਨੀ ਸਾਨਾ ’ਤੇ ਹਮਲਾ ਕਰ ਦਿੱਤਾ । ਇਸ ਹਮਲੇ ਕਾਰਨ ਰਾਸ਼ਟਰਪਤੀ ਅਬਦ-ਰੱਬੂ ਮਨਸੂਰ ਹਾਦੀ ਨੂੰ ਦੇਸ਼ ਛੱਡਣਾ ਪਿਆ ਅਤੇ ਉਹ ਭੱਜ ਕੇ ਸਾਊਦੀ ਅਰਬ ਚਲਾ ਗਿਆ।

ਸਾਊਦੀ ਅਰਬ ਨੇ ਅਮਰੀਕਾ ਦੀ ਛੱਤਰੀ ਹੇਠ ਨੌ ਅਰਬ ਦੇਸ਼ ਜਿਨ੍ਹਾਂ ’ਚ ਮਿਸਰ, ਸੰਯੁਕਤ ਅਰਬ ਇਮੀਰਾਤ, ਕਤਰ, ਬਹਿਰੀਨ, ਕੁਵੈਤ, ਸੁਡਾਨ, ਮੌਰੱਕੋ, ਜੌਰਡਨ ਸੁੰਨੀ ਦੇਸ਼ ਸ਼ਾਮਿਲ ਹਨ, ਦਾ ਗੱਠਜੋੜ ਬਣਾ ਕੇ ਹਾਊਦੀ ਬਾਗੀਆਂ ’ਤੇ ਹਵਾਈ ਹਮਲੇ ਬੋਲ ਦਿੱਤੇ। ਸਾਊਦੀ ਅਰਬ ਨੇ ਇਸ ਗੱਠਜੋੜ ’ਚ ਪਾਕਿਸਤਾਨ ਨੂੰ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਸੀ ਪਰ ਪਾਕਿਸਤਾਨ ਨੇ ਇਸ ’ਤੇ ਪਾਰਲੀਮੈਂਟ ’ਚ ਵੋਟਾਂ ਪੁਆ ਕੇ ਬਹੁਸੰਮਤੀ ਨਾਲ ਇਸ ਗੱਠਜੋੜ ’ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਜੇ ਸਾਊਦੀ ਅਰਬ ਦੀ ਸੱਤਾ ਨੂੰ ਖ਼ਤਰਾ ਹੋਵੇਗਾ ਤਾਂ ਪਾਕਿਸਤਾਨ ਆਪਣੇ ਦੋਸਤ ਸਾਉਦੀ ਅਰਬ ਨਾਲ ਖੜ੍ਹੇਗਾ। ਪਾਕਿਸਤਾਨ ਨੇ ਯਮਨ ਸੰਕਟ ਨੂੰ ਕੂਟਨੀਤੀ ਰਾਹੀਂ ਹੱਲ ਕਰਨ ਲਈ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਵੀ ਕੀਤੀ।

ਅਮਰੀਕਾ ਹਾਊਦੀ ਬਾਗੀਆਂ ’ਤੇ ਹਮਲਿਆਂ ਦੌਰਾਨ ਸਾਊਦੀ ਅਰਬ ਨੂੰ ਫ਼ੌਜੀ ਸਮੱਗਰੀ ਪਹੁੰਚਾ ਰਿਹਾ ਹੈ ਅਤੇ ਇਰਾਨ ਨੂੰ ਯਮਨ ’ਚ ਦਖ਼ਲ ਦੇਣ ਦੇ ਵਿਰੁੱਧ ਚੇਤਾਵਨੀਆਂ ਵੀ ਦੇ ਰਿਹਾ ਹੈ। ਇਸ ਹਾਲਤ ’ਚ ਇਰਾਨ ਨੇ ਸੁਲਾਹ-ਸਫ਼ਾਈ ਵਾਲੀ ਨੀਤੀ ਅਪਣਾਈ ਹੈ ਅਤੇ ਯਮਨ ਸੰਕਟ ਦੇ ਹੱਲ ਲਈ ਯੁੱਧਬੰਦੀ ਕਰਾਉਣ, ਮਾਨਵੀ ਸਹਾਇਤਾ ਦੇਣ, ਹਾਊਦੀ ਬਾਗੀਆਂ ਅਤੇ ਮਨਸੂਰ ਹਾਦੀ ਦੀ ਮਿਲੀਸ਼ੀਆ ਵਿਚਕਾਰ ਗੱਲਬਾਤ ਕਰਾਉਣ ਅਤੇ ਨਵੀਂ ਯਮਨ ਸਰਕਾਰ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਪਰ ਸਾਊਦੀ ਅਰਬ ਹਾਊਦੀ ਬਾਗੀਆਂ ਨੂੰ ਦੇਸ਼ ਦੇ ਦੂਜੇ ਵੱਡੇ ਸ਼ਹਿਰ ਅਦਨ ’ਤੇ ਕਬਜ਼ਾ ਕਰਨ ਤੋਂ ਪਿੱਛੇ ਧੱਕਣ ਅਤੇ ਮਨਸੂਰ ਹਾਦੀ ਦੀ ਆਪਣੀ ਪਿੱਠੂ ਸੁੰਨੀ ਸਰਕਾਰ ਬਣਾਉਣ ਲਈ ਹਵਾਈ ਹਮਲੇ ਜਾਰੀ ਰੱਖ ਰਿਹਾ ਹੈ। ਇਸ ਤਰ੍ਹਾਂ ਯਮਨ ਇੱਕ ਪਾਸੇ ਅਮਰੀਕੀ ਸ਼ਹਿ ਪ੍ਰਾਪਤ ਸਾਊਦੀ ਅਰਬ ਗਠਜੋੜ ਤੇ ਇਰਾਨ ਦੀ ਖਹਿਭੇੜ ਅਤੇ ਦੂਜੇ ਪਾਸੇ ਸੁੰਨੀ ਤੇ ਸ਼ੀਆ ਮੁਸਲਮਾਨ ਫਿਰਕਿਆਂ ਦੀ ਲੜਾਈ ਦਾ ਅਖਾੜਾ ਬਣ ਗਿਆ ਹੈ। ਇਸ ਖਹਿਭੇੜ ਦੀ ਖੂੰਨੀ ਜੰਗ ’ਚ ਇੱਕ ਹਜ਼ਾਰ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ। ਭਾਰਤ ਯਮਨ ਦੀ ਇਸ ਨਹੱਕੀ ਅਤੇ ਨਰਸੰਘਾਰ ਦੀ ਜੰਗ ’ਚ ਕੋਈ ਹਾਂ-ਪੱਖੀ ਰੋਲ ਨਿਭਾਉਣ ਦੀ ਬਜਾਏ ਅਮਰੀਕਾ ਅਤੇ ਸਾਊਦੀ ਅਰਬ ਦੇ ਨਾਲ ਖੜ੍ਹਕੇ ਲੋਕ ਦੋਖੀ ਰੋਲ ਨਿਭਾਅ ਰਿਹਾ ਹੈ।

ਮੱਧ ਪੂਰਬ ਦਾ ਇੱਕ ਹੋਰ ਪੀੜਤ ਮੁਲਕ ਹੈ, ਫ਼ਲਸਤੀਨ। ਇਸ ਦਾ ਪੀੜਤ ਇਤਿਹਾਸ ਹੀ ਸਾਮਰਾਜੀ ਚਾਲਾਂ ਦਾ ਸਿੱਟਾ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਫ਼ਲਸਤੀਨੀ ਲੋਕਾਂ ਨੂੰ ਉਜਾੜ ਕੇ ਇਸਰਾਈਲ ਵਸਾਇਆ ਗਿਆ ਸੀ। ਸਮਾਜਵਾਦੀ ਕੈਂਪ ਨੇ ਇਸਰਾਈਲ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਸੀ। ਇਸਰਾਈਲ ਨੇ ਪਿਛਲੇ ਸੱਤ ਦਹਾਕਿਆਂ ’ਚ ਲਗਾਤਾਰ ਫ਼ਲਸਤੀਨ ’ਤੇ ਹਮਲੇ ਕਰਕੇ ਜ਼ੁਲਮ ਢਾਇਆ ਹੈ ਅਤੇ ਜ਼ਬਰ ਦੇ ਸਤਾਏ ਫ਼ਲਸਤੀਨੀ ਲੋਕਾਂ ਨੂੰ ਵਿਦੇਸ਼ਾਂ ’ਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਨੂੰ ਵਾਰ ਵਾਰ ਉਜਾੜ ਕੇ ਇੱਕ ਪੱਟੀਨੁਮਾ ਇਲਾਕੇ ’ਚ ਸੁੰਗੇੜ ਕੇ ਰੱਖ ਦਿੱਤਾ ਹੈ। ਅਮਰੀਕਾ ਨੇ ਸੰਯੁਕਤ ਰਾਸ਼ਟਰ ’ਚ ਲਗਾਤਾਰ ਇਸਰਾਈਲ ਦੇ ਪੱਖ ’ਚ ਖੜ੍ਹ ਕੇ ਉਸ ਦੀ ਪਿੱਠ ਥਾਪੜੀ ਹੈ। ਪਿਛਲੀਆਂ ਗਰਮੀਆਂ ’ਚ ਇਸਰਾਈਲ ਨੇ ਫ਼ਲਸਤੀਨ ’ਤੇ ਫੇਰ ਭਿਆਨਕ ਹਮਲਾ ਕੀਤਾ ਸੀ। ਜਿਸ ਨਾਲ ਕਿੰਨੇ ਹੀ ਫ਼ਲਸਤੀਨੀ ਲੋਕ ਮਾਰੇ ਗਏ ਸਨ। ਕਿੰਨੇ ਹੀ ਲੋਕਾਂ ਦੇ ਘਰਾਂ ’ਤੇ ਬੰਬਾਰੀ ਕਰਕੇ ਘਰ ਤਬਾਹ ਕਰ ਦਿੱਤੇ ਗਏ ਸਨ ਅਤੇ ਸਕੂਲਾਂ ਅਤੇ ਮਸਜਦਾਂ ਨੂੰ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ। ਇਥੋਂ ਤੱਕ ਕਿ ਯੂ. ਐਨ. ਓ. ਦੇ ਸਕੂਲ ’ਤੇ ਹਮਲਾ ਕੀਤਾ ਗਿਆ ਸੀ ਜਿਸ ਦੀ ਸਾਰੀ ਦੁਨੀਆ ਨੇ ਫਿਟਕਾਰ ਪਾਈ ਸੀ। ਅਮਰੀਕਾ ਨੂੰ ਇਸ ਇਸਰਾਈਲੀ ਬੁਰਛਾਗਰਦੀ ਅਤੇ ਯੂ. ਐਨ. ਓ. ਦੇ ਸਕੂਲ਼ ’ਤੇ ਹਮਲੇ ਦੀ ਨਿੰਦਾ ਕਰਨ ਲਈ ਮਜਬੂਰ ਹੋਣਾ ਪਿਆ ਸੀ। ਪਰ ਅਮਰੀਕਾ ਇੱਕ ਪਾਸੇ ਫ਼ਲਸਤੀਨ ’ਤੇ ਇਸਰਾਈਲੀ ਹਮਲਿਆਂ ਨੂੰ ਗ਼ਲਤ ਕਰਾਰ ਦੇ ਰਿਹਾ ਸੀ ਪਰ ਦੂਜੇ ਪਾਸੇ ਉਸੇ ਸਮੇਂ ਉਹ ਇਸਰਾਈਲ ਨੂੰ ਫੌਜੀ ਸਾਜੋ ਸਮਾਨ ਮੁਹੱਈਆ ਕਰ ਰਿਹਾ ਸੀ। ਇਨ੍ਹਾਂ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਮੱਧ ਪੂਰਬ ’ਚ ਆਪਣੇ ਪੈਰ ਹੋਰ ਜਮਾਉਣ ਲਈ ਇਸਰਾਈਲ ਅਤੇ ਫ਼ਲਸਤੀਨ ਵਿਚਕਾਰ ਸੁਲਾਹ ਸਫਾਈ ਕਰਾਉਣ ਦੀ ਕਵਾਇਦ ਸ਼ੁਰੂ ਕੀਤੀ ਅਤੇ ਇਸਰਾਈਲ ਵੱਲੋਂ ਲੂਲੇ-ਲੰਗੜੇ ਫਲਸਤੀਨ ਨੂੰ ਮਾਨਤਾ ਦਿਵਾ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੇ ਸਟੇਟ ਸੈਕਟਰੀ ਜੌਹਨ ਕੈਰੀ ਨੇ ਇਸ ਮੰਤਵ ਲਈ ਯੂਰੋਸਲਮ ਦੇ ਵਾਰ-ਵਾਰ ਚੱਕਰ ਲਾਏ ਪਰ ਇਸਰਾਈਲ ਨੇ ਫ਼ਲਸਤੀਨ ਨੂੰ ਦੇਸ਼ ਦਾ ਦਰਜਾ ਦੇਣ ਤੋਂ ਸਾਫ਼ ਨਾਂਹ ਹੀ ਨਹੀਂ ਕੀਤੀ ਸਗੋਂ ਅਮਰੀਕਾ ਅੰਦਰ ਮੌਜੂਦ ਯਹੂਦੀ ਲਾਬੀ ਨੂੰ ਫ਼ਲਸਤੀਨ ਨੂੰ ਮਾਨਤਾ ਦਿਵਾਉਣ ਦੇ ਉਲਟ ਖੜ੍ਹਾ ਕਰਨ ਅਤੇ ਅਮਰੀਕਾ ’ਤੇ ਫ਼ਲਸਤੀਨ ਨੂੰ ਮਾਨਤਾ ਨਾ ਦਿਵਾਉਣ ਲਈ ਜ਼ੋਰ ਪਵਾਉਣਾ ਸ਼ੁਰੂ ਕਰ ਦਿੱਤਾ। ਇਸਰਾਈਲ ਪ੍ਰਧਾਨ ਮੰਤਰੀ ਨੇਤਾਨਯਾਹੂ ਨੇ ਫ਼ਲਸਤੀਨ ਨੂੰ ਅਲੱਗ ਦੇਸ਼ ਦਾ ਰੁਤਬਾ ਨਾ ਦੇਣ ਨੂੰ ਚੋਣਾਂ ’ਚ ਇੱਕ ਵੱਡਾ ਮੁੱਦਾ ਬਣਾ ਕੇ ਸੱਜੇ ਪੱਖੀ ਯਹੂਦੀਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ ਅਤੇ ਚੋਣਾਂ ਜਿੱਤ ਕੇ ਉਸ ਨੇ ਆਪਣੇ ਤੇਵਰ ਹੋਰ ਤਿੱਖੇ ਕਰ ਲਏ। ਯਹੂਦੀ ਲਾਬੀ ਨੂੰ ਵਰਤ ਕੇ ਨੇਤਾਨਯਾਹੂ ਨੇ ਓਬਾਮਾ ਵਿਰੋਧੀ ਰਿਪਬਲੀਕਨ ਪਾਰਟੀ ਰਾਹੀਂ ਅਮਰੀਕਨ ਕਾਂਗਰਸ ਬੁਲਵਾਈ ਅਤੇ ਕਾਂਗਰਸ ਨੂੰ ਸੰਬੋਧਨ ਕਰਕੇ ਫ਼ਲਸਤੀਨ ਨੂੰ ਮਾਨਤਾ ਦੇਣ ਦੇ ਇਸਰਾਈਲ ਨੂੰ ਹੋਣ ਵਾਲੇ ਖ਼ਤਰਿਆਂ ਬਾਰੇ ਚੇਤਾਵਨੀ ਦਿੱਤੀ ਅਤੇ ਇਰਾਨ ਨਾਲ ਓਬਾਮਾ ਵੱਲੋਂ ਕੀਤੇ ਜਾ ਰਹੇ ਪ੍ਰਮਾਣੂ ਸਮਝੌਤੇ ਦੀ ਨਿੰਦਾ ਕੀਤੀ। ਜਦੋਂ ਇਸਰਾਈਲ ਫ਼ਲਸਤੀਨ ਨੂੰ ਮਾਨਤਾ ਦੇਣ ਲਈ ਤਿਆਰ ਨਾ ਹੋਇਆ ਤਾਂ ਫ਼ਲਸਤੀਨ ਨੇ ਇਸਰਾਈਲ ਵੱਲੋਂ ਕੀਤੇ ਜੰਗੀ ਹਮਲਿਆਂ ’ਚ ਕੀਤੇ ਅਪਰਾਧਾਂ ਨੂੰ ਕੌਮਾਂਤਰੀ ਅਪਰਾਧ ਕੋਰਟ ’ਚ ਉਠਾਉਣ ਦੀ ਗੱਲ ਕੀਤੀ ਤਾਂ ਇਸ ਦੇ ਜਵਾਬ ’ਚ ਇਸਰਾਈਲ ਨੇ ਧਮਕੀ ਦਿੱਤੀ ਕਿ ਇਸਰਾਈਲ ਫ਼ਲਸਤੀਨ ’ਚੋਂ ਉਗਰਾਹੇ ਜਾਂਦੇ ਟੈਕਸਾਂ ਦੀ ਫ਼ਲਸਤੀਨ ਨੂੰ ਅਦਾਇਗੀ ’ਤੇ ਰੋਕ ਲਾ ਦੇਵੇਗਾ। ਯਾਦ ਰਹੇ ਕਿ ਫ਼ਲਸਤੀਨ ਦੇ ਇਲਾਕੇ ’ਚੋਂ ਟੈਕਸ ਉਗਰਾਹ ਕੇ ਇਸਰਾਈਲ ਫ਼ਲਸਤੀਨ ਨੂੰ ਦਿੰਦਾ ਹੈ। ਇਥੇ ਹੀ ਬਸ ਨਹੀਂ, ਇਸਰਾਈਲ ਗਾਜਾ ਪੱਟੀ ’ਚ ਯਹੂਦੀਆਂ ਨੂੰ ਵਸਾਉਣ ਲਈ ਬਸਤੀਆਂ ਉਸਾਰ ਕੇ ਫ਼ਲਸਤੀਨੀ ਇਲਾਕਿਆਂ ’ਤੇ ਕਬਜ਼ੇ ਜਮਾ ਰਿਹਾ ਹੈ। ਇਸ ਤਰ੍ਹਾਂ ਫ਼ਲਸਤੀਨੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣ ਦੀ ਬਜਾਏ ਉਨ੍ਹਾਂ ’ਚ ਹੋਰ ਵਾਧਾ ਹੋ ਰਿਹਾ ਹੈ।

ਇਸ ਤੋਂ ਇਲਾਵਾ ਮੱਧ ਪੂਰਬ ਦੀ ਇੱਕ ਹੋਰ ਸਮੱਸਿਆ ਇਰਾਨ ’ਤੇ ਸਾਮਰਾਜੀ ਦੇਸ਼ਾਂ ਵੱਲੋਂ ਲਾਈਆਂ ਬੰਦਸ਼ਾਂ ਦੀ ਹੈ ਜਿਨ੍ਹਾਂ ਦਾ ਖਮਿਆਜਾ ਇਰਾਨ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਦੋਂ 1979 ਇਰਾਨ ’ਚ ਅਮਰੀਕਾ ਵਿਰੁੱਧ ਬਗਾਵਤ ਹੋਈ ਸੀ, ਉਸ ਸਮੇਂ ਤੋਂ ਹੀ ਅਮਰੀਕਾ ਅਤੇ ਇਰਾਨ ’ਚ ਟਕਰਾਅ ਚੱਲ ਰਿਹਾ ਸੀ। ਇਰਾਨ ਲਗਾਤਾਰ ਆਪਣੀ ਫ਼ੌਜੀ ਸ਼ਕਤੀ ਵਧਾ ਰਿਹਾ ਸੀ ਅਤੇ ਪ੍ਰਮਾਣੂ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਰਾਨ ਅਮਰੀਕਾ ਨੂੰ ਵੱਡਾ ਸ਼ੈਤਾਨ ਗਰਦਾਨ ਰਿਹਾ ਸੀ ਅਤੇ ਅਮਰੀਕਾ ਇਰਾਨ ਨੂੰ ਬੁਰਾਈ ਦਾ ਧੁਰਾ ਐਲਾਨ ਰਿਹਾ ਸੀ। ਇਰਾਨ ਦਾਅਵਾ ਕਰਦਾ ਸੀ ਕਿ ਉਸ ਦਾ ਪ੍ਰਮਾਣੂ ਪਰੋਗਰਾਮ ਸ਼ਾਂਤੀ ਪੂਰਨ ਕੰਮਾਂ ਲਈ ਹੈ। ਅਮਰੀਕਾ ਅਤੇ ਸਾਮਰਾਜੀ ਦੇਸ਼ਾਂ ਦੀ ਮਨੌਤ ਸੀ ਕਿ ਇਰਾਨ ਦਾ ਪ੍ਰਮਾਣੂ ਪਰੋਗਰਾਮ ਫ਼ੌਜੀ ਕੰਮਾਂ ਲਈ ਹੈ। ਇਸ ਲਈ ਇਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਣ ਲਈ ਅਮਰੀਕਾ ਦੀ ਅਗਵਾਈ ’ਚ ਸੰਯੁਕਤ ਰਾਸ਼ਟਰ ਵੱਲੋਂ ਦਸ ਪ੍ਰਸਤਾਵ ਪਾਸ ਕੀਤੇ ਗਏ ਜਿਨ੍ਹਾਂ ’ਚ ਬੈਂਕਾਂ, ਵਿੱਤੀ ਸੰਪਤੀਆਂ, ਮਿਜਾਈਲ ਅਤੇ ਪ੍ਰਮਾਣੂ ਪਰੋਗਰਾਮਾਂ ’ਚ ਸਹਿਯੋਗ ਆਦਿ ’ਤੇ ਪਾਬੰਦੀ ਲਾਉਣਾ ਸ਼ਾਮਿਲ ਸੀ। ਇਨ੍ਹਾਂ ਪਾਬੰਦੀਆਂ ਕਾਰਨ ਇਰਾਨ ਦੇ ਤੇਲ ਦੀ ਨਿਰਯਾਤ 2011 ਦੀ 22 ਲੱਖ ਬੈਰਲ ਪ੍ਰਤੀ ਦਿਨ ਤੋਂ ਘੱਟ ਕੇ 7 ਲੱਖ ਬੈਰਲ ਪ੍ਰਤੀ ਦਿਨ ਰਹਿ ਗਈ ਜਿਸ ਦਾ ਇਰਾਨ ਦੀ ਆਰਥਿਕਤਾ ’ਤੇ ਬਹੁਤ ਬੁਰਾ ਪ੍ਰਭਾਵ ਪਿਆ । ਇਰਾਨ ਨੇ ਇਸ ਦੇ ਬਾਵਜੂਦ ਅਮਰੀਕਾ ਦਾ ਵਿਰੋਧ ਜਾਰੀ ਰੱਖਿਆ ਹੈ। ਪਰ ਅਮਰੀਕਾ ਨੂੰ ਖਤਰਾ ਖੜ੍ਹਾ ਹੋ ਗਿਆ ਸੀ ਕਿ ਪਾਬੰਦੀਆਂ ਦੇ ਬਾਵਜੂਦ ਜੇਕਰ ਇਰਾਨ ਨੇ ਪ੍ਰਮਾਣੂ ਬੰਬ ਵਿਕਸਤ ਕਰ ਲਿਆ ਤਾਂ ਫਿਰ ਇਰਾਨ ਨੂੰ ਕਾਬੂ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਉਧਰ ਇਰਾਨ ਵੀ ਇੱਕ ਸਨਮਾਨਜਨਕ ਸਮਝੌਤਾ ਕਰਕੇ ਆਪਣੇ ’ਤੇ ਲੱਗੀਆਂ ਪਾਬੰਦੀਆਂ ਨੂੰ ਉਠਵਾਉਣਾ ਲੋਚਦਾ ਸੀ। ਇਸ ਕਰਕੇ ਪੰਜ ਪ੍ਰਮਾਣੂ ਬੰਬ ਸੰਪੰਨ ਦੇਸ਼ਾਂ ਅਤੇ ਜਰਮਨੀ ਨਾਲ ਇਰਾਨ ਨਾਲ ਸਮਝੋਤੇ ਦਾ ਚੌਖਟਾ ਤਿਆਰ ਹੋ ਗਿਆ ਜਿਸ ਮੁਤਾਬਿਕ ਇਰਾਨ ਆਪਣੇ ਗ਼ੈਰ-ਫ਼ੌਜੀ ਵਰਤੋਂ ਦੇ 3.67 ਪ੍ਰਤੀਸ਼ਤ ਯੂਰੇਨੀਅਮ ਸੋਧਣ ਦੀਆਂ ਆਪਣੀਆਂ ਲੋੜਾਂ ਤੱਕ ਸੀਮਤ ਕਰਨ ਲਈ ਸਹਿਮਤ ਹੋ ਗਿਆ। ਇਰਾਨ ਕੋਲ ਯੂਰੇਨੀਅਮ ਦੀ ਸੋਧ ਲਈ 19000 ਸੈਂਟਰੀਫਿਊਜ਼ ਪਲਾਂਟ ਹਨ ਜਿਨ੍ਹਾਂ ਵਿੱਚੋਂ 1000 ਕਾਰਜਸੀਲ ਹਨ ਅਤੇ ਇਰਾਨ ਆਉਂਦੇ ਦਸ ਸਾਲ ਤੱਕ ਕੇਵਲ 5060 ਦੀ ਹੀ ਵਰਤੋਂ ਕਰ ਸਕੇਗਾ। ਇਸ ਤੋਂ ਇਲਾਵਾ ਫੋਰਡੋਅ ’ਚ ਸਥਾਪਿਤ ਜ਼ਮੀਨਦੋਜ਼ ਪਲਾਂਟ ਅਗਲੇ ਪੰਦਰਾਂ ਸਾਲਾਂ ਤੱਕ ਬੰਦ ਰਹੇਗਾ। ਇਰਾਨ ਨਾਲ ਇਹ ਸਮਝੋਤਾ 30 ਜੂਨ 2015 ਤੱਕ ਸਿਰੇ ਚੜ੍ਹਨਾ ਹੈ ਅਤੇ ਉਸ ਤੋਂ ਪਹਿਲਾਂ ਇਹ ਅਮਰੀਕੀ ਕਾਂਗਰਸ ਨੇ ਪਾਸ ਕਰਨਾ ਹੈ।

ਅਮਰੀਕੀ ਕਾਂਗਰਸ ’ਚ ਓਬਾਮਾ ਦੀ ਵਿਰੋਧੀ ਪਾਰਟੀ ਰੀਪਬਲੀਕਨ ਦੀ ਬਹੁਸੰਮਤੀ ਹੈ ਜੋ ਇਸ ਸਮਝੌਤੇ ਦੀ ਅਲੋਚਨਾ ਕਰ ਰਹੀ ਹੈ। ਇਸਰਾਈਲ ਇਸ ਪ੍ਰਮਾਣੂ ਸਮਝੌਤੇ ਦਾ ਇਹ ਕਹਿਕੇ ਵਿਰੋਧ ਕਰ ਰਿਹਾ ਹੈ ਕਿ ਇਰਾਨ ਇਸਰਾਈਲ ਦਾ ਤੁਖਮ ਮਿਟਾਉਣ ਲਈ ਪਹਿਲਾਂ ਹੀ ਧਮਕੀਆ ਦਿੰਦਾ ਆ ਰਿਹਾ ਹੈ ਅਤੇ ਇਸ ਸਮਝੌਤੇ ਨਾਲ ਇਰਾਨ ਪ੍ਰਮਾਣੂ ਸੰਪੰਨ ਮੁਲਕ ਦੇ ਤੌਰ ’ਤੇ ਹੋਰ ਵੀ ਸ਼ਕਤੀਸ਼ਾਲੀ ਹੋ ਨਿਕਲੇਗਾ। ਮਿਸਰ ਅਤੇ ਸਾਊਦੀ ਅਰਬ ਸੁੰਨੀ ਮੁਲਕ ਹੋਣ ਕਰਕੇ ਇਰਾਨ ਨਾਲ ਕਿਸੇ ਸਮਝੌਤੇ ਦਾ ਵਿਰੋਧ ਕਰ ਰਹੇ ਹਨ। ਇਸ ਕਰਕੇ ਭਾਵੇਂ ਇਰਾਨ ਨਾਲ ਸਮਝੌਤਾ-ਚੌਖਟਾ ਤਿਆਰ ਹੋ ਗਿਆ ਹੈ। ਪਰ ਅਜੇ ਵੀ ਮੱਧ ਪੂਰਬੀ ਦੇਸ਼ਾਂ ਦਾ ਸੰਕਟ ਜਾਰੀ ਹੈ।

ਉਧਰ ਇਰਾਕ ਅੰਦਰ ਇਸਲਾਮਿਕ ਸਟੇਟ ਨਾਮੀ ਕੱਟੜ ਸੰੁਨੀ ਮੁਸਲਿਮ ਜਥੇਬੰਦੀ ਨੇ ਇਰਾਕ ਅਤੇ ਸੀਰੀਆ ਦੇ ਬਹੁਤ ਵੱਡੇ ਇਲਾਕੇ ’ਤੇ ਕੰਟਰੋਲ ਜਮਾ ਲਿਆ ਹੈ। ਇਸ ਜਥੇਬੰਦੀ ’ਚ ਦੁਨੀਆਂ ਭਰ ’ਚੋਂ ਮੁਸਲਮ ਨੌਜਵਾਨ ਭਰਤੀ ਹੋ ਰਹੇ ਹਨ ਅਤੇ ਇਸਲਾਮਕ ਸਟੇਟ ਦੀਆਂ ਇਰਾਕ, ਸੀਰੀਆ ਅਤੇ ਦੁਨੀਆਂ ਦੇ ਹੋਰ ਮੁਲਕਾਂ ’ਚ ਹਿੰਸਕ ਵਾਰਦਾਤਾਂ ਦਾ ਵਾਧਾ ਹੋ ਰਿਹਾ ਹੈ। ਅਫਗ਼ਾਨਿਸਤਾਨ ’ਚ ਤਾਲਿਬਾਨ ਵੱਲੋਂ ਅਮਰੀਕਾ ਦਾ ਦਿਨੋ ਦਿਨ ਵਿਰੋਧ ਵਧ ਰਿਹਾ ਹੈ। ਇਸ ਸਾਰੀ ਹਾਲਤ ਨੂੰ ਪੈਦਾ ਕਰਨ ਵਾਲਾ ਮੁੱਖ ਖਲਨਾਇਕ ਅਮਰੀਕਾ ਹੈ। ਇਹ ਅਮਰੀਕਾ ਹੀ ਹੈ ਜਿਸ ਨੇ ਇਰਾਕ ’ਤੇ ਮਨੁੱਖੀ ਤਬਾਹੀ ਵਾਲੇ ਹਥਿਆਰਾਂ ਦਾ ਬਹਾਨਾ ਬਣਾ ਕੇ ਹਮਲਾ ਕੀਤਾ ਅਤੇ ਸਦਾਮ ਹੁਸੈਨ ਨੂੰ ਫਾਂਸੀ ਲਟਕਾ ਕੇ ਇਰਾਕੀ ਲੋਕਾਂ ’ਤੇ ਜ਼ਬਰ ਅਤੇ ਜ਼ੁਲਮ ਢਾਹਿਆ ਹੈ। ਇਹ ਅਮਰੀਕਾ ਹੀ ਹੈ ਜਿਸ ਨੇ ਇਸਰਾਈਲ ਨੂੰ ਆਰਥਿਕ ਮਦਦ ਦੇ ਕੇ ਅਤੇ ਆਧੁਨਿਕ ਫ਼ੌਜੀ ਹਥਿਆਰਾਂ ਨਾਲ ਲੈਸ ਕਰਕੇ ਫ਼ਲਸਤੀਨੀ ਲੋਕਾਂ ਨੂੰ ਜ਼ਲੀਲ ਕਰਾਇਆ ਹੈ। ਇਹ ਅਮਰੀਕਾ ਹੀ ਹੈ ਜਿਸ ਨੇ ਇਰਾਕ ’ਤੇ ਪਾਬੰਦੀਆਂ ਲਾਈਆਂ ਹਨ ਪਰ ਦੂਜੇ ਪਾਸੇ ਇਸਰਾਈਲ ਕੋਲ 200 ਪ੍ਰਮਾਣੂ ਬੰਬ ਹੋਣ ਦੇ ਬਾਵਜੂਦ ਉਸ ਨੂੰ ਆਂਚ ਨਹੀਂ ਆਉਣ ਦਿੱਤੀ। ਇਹ ਅਮਰੀਕਾ ਹੀ ਹੈ ਜਿਸ ਨੇ ਗੁਆਟੇਨਾਮਾ ਬੇਅ ਤਸੀਹਾ ਕੇਂਦਰਾਂ ’ਚ ਦੁਨੀਆਂ ਭਰ ’ਚੋਂ ਮੁਸਲਮਾਨਾਂ ਨੂੰ ਚੁੱਕ ਕੇ ਦਹਿਸ਼ਤਗਰਦਾਂ ਦੇ ਨਾਂ ਹੇਠ ਤਸੀਹੇ ਦਿੱਤੇ ਹਨ। ਇਹ ਅਮਰੀਕਾ ਹੀ ਹੈ ਜਿਸ ਨੇ ਮੁਸਲਿਮ ਜਗਤ ਦੇ ਸਵੈਮਾਨ ’ਤੇ ਸੱਟ ਮਾਰੀ ਹੈ। ਇਹ ਅਮਰੀਕਾ ਦੇ ਜ਼ਬਰ ਜ਼ੁਲਮ ਦੀ ਪ੍ਰਤੀਕਿਰਿਆ ਦਾ ਸਿੱਟਾ ਹੈ ਜਿਸ ’ਚੋਂ ਇਸਲਾਮਿਕ ਸਟੇਟ, ਅਲਕਾਇਦਾ, ਤਾਲਿਬਾਨ, ਹਾਊਦੀ ਆਦਿ ਮੁਸਲਿਮ ਮੂਲਵਾਦੀ ਜਥੇਬੰਦੀਆਂ ਪੈਦਾ ਹੋ ਰਹੀਆਂ ਹਨ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ