Tue, 23 April 2024
Your Visitor Number :-   6993568
SuhisaverSuhisaver Suhisaver

ਪੰਜਾਬ 'ਚ ਸੀਵਰੇਜ਼ ਪੈ ਤਾਂ ਰਿਹਾ ਹੈ, ਪਰ ਚੱਲ ਨਹੀਂ ਰਿਹਾ

Posted on:- 02-08-2013

ਸਰਕਾਰੀ ਦਾਅਵਿਆਂ ਮੁਤਾਬਕ ਪੰਜਾਬ 'ਚ ਸ਼ਹਿਰਾਂ ਤੇ ਕਸਬਿਆਂ ਅੰਦਰ 63 ਫੀਸਦੀ ਦੇ ਕਰੀਬ ਸੀਵਰੇਜ ਪਾ ਦਿੱਤਾ ਗਿਆ ਹੈ ਅਤੇ ਬਾਕੀ ਬਹੁਤੀਆਂ ਥਾਵਾਂ 'ਤੇ ਇਸ ਦਾ ਕੰਮ ਚੱਲ ਰਿਹਾ ਹੈ। ਪ੍ਰੰਤੂ ਇੱਥੇ ਸਾਰੀਆਂ ਥਾਵਾਂ 'ਤੇ ਸੀਵਰੇਜ਼ ਸਿਸਟਮ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਤੁਸੀਂ ਕਿਸੇ ਵੀ ਮੌਸਮ 'ਚ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਸ਼ਹਿਰ ਜਾਂ ਕਸਬੇ 'ਚ ਜਾ ਕੇ ਵੇਖ ਲਓ, ਤੁਹਾਨੂੰ ਕੰਨ ਪਾੜ੍ਹਵੀਂ ਅਵਾਜ਼ 'ਚ ਸੀਵਰ ਖੋਲ੍ਹਣ ਵਾਲ਼ੀ ਮਸ਼ੀਨ ਦਿਖਾਈ ਦੇ ਜਾਵੇਗੀ। ਵੈਸੇ ਸੂਬੇ 'ਚ ਇਸ ਸਮੇਂ ਵੱਖ-ਵੱਖ ਸ਼ਹਿਰਾਂ ਤੇ ਵੱਡੇ ਕਸਬਿਆਂ ਲਈ 34 ਟ੍ਰੀਟਮੈਂਟ ਪਲਾਂਟ ਲਗਾਏ ਗਏ ਹਨ, ਪਰ ਇਨ੍ਹਾਂ ਟ੍ਰੀਟਮੈਂਟ ਪਲਾਂਟਾ ਦਾ ਕੰਮ ਇਨ੍ਹਾਂ 'ਚ ਆ ਰਹੀ ਰਹਿੰਦ-ਖੂਹੰਦ ਨੂੰ ਟ੍ਰੀਟ ਕਰਨਾ ਹੈ ਨਾ ਕਿ ਸਿਸਟਮ ਨੂੰ ਦਰੁਸਤ ਰੱਖਣਾ।
ਸਰਕਾਰ ਦਾ ਇਸ ਗੱਲ 'ਤੇ ਜ਼ੋਰ ਹੈ ਕਿ ਵੱਧ ਤੋਂ ਵੱਧ ਥਾਵਾਂ 'ਤੇ ਸੀਵਰੇਜ਼ ਪਾ ਦਿੱਤਾ ਜਾਵੇ, ਪ੍ਰੰਤੂ ਇਹ ਠੀਕ ਕੰਮ ਕਰ ਰਿਹਾ ਹੈ ਜਾਂ ਇਸ ਦੀ ਵਜ੍ਹਾ ਨਾਲ਼ ਲੋਕਾਂ ਨੂੰ ਕਈ ਹੋਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤਾਂ ਨਹੀਂ ਆ ਰਹੀਆਂ, ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਸੂਬੇ 'ਚ ਬਹੁਤੀਆਂ ਥਾਵਾਂ ਅਜਿਹੀਆਂ ਹਨ, ਜਿੱਥੇ ਕਿ ਅਜੇ ਟ੍ਰੀਟਮੈਂਟ ਪਲਾਂਟ ਨਹੀਂ ਲੱਗੇ ਤੇ ਇਸ ਤਰ੍ਹਾਂ ਇਨ੍ਹਾਂ ਥਾਵਾਂ ਤੋਂ ਨਿਕਲਣ ਵਾਲ਼ਾ ਸੀਵਰੇਜ਼ ਦਾ ਗੰਦ ਨੇੜੇ ਹੀ ਕਿਸੇ ਨਦੀ ਜਾਂ ਡਰੇਨ ਆਦਿ 'ਚ ਸੁੱਟ ਦਿੱਤਾ ਜਾਂਦਾ ਹੈ ਜੋ ਕਿ ਜਨਤਾ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਹੇੜਦਾ ਹੈ। ਜੇ ਕਾਨੂੰਨੀ ਪੱਖ ਤੋਂ ਦੇਖਿਆ ਜਾਵੇ ਤਾਂ ਪੰਜਾਬ ਪ੍ਰਦੂਸ਼ਣ ਐਕਟ ਦੇ ਤਹਿਤ ਕਿਸੇ ਵੀ ਤਰ੍ਹਾਂ ਦੀ ਰਹਿੰਦ-ਖੂਹੰਦ ਜਾਂ ਉਦਯੋਗਿਕ ਇਕਾਈ ਆਦਿ ਤੋਂ ਨਿਕਲਣ ਵਾਲ਼ਾ ਗੰਦਾ ਪਾਣੀ ਬਿਨਾਂ ਟ੍ਰੀਟ ਕੀਤੇ ਕਿਸੇ ਵੀ ਨਾਲ਼ੇ ਜਾਂ ਡਰੇਨ ਆਦਿ 'ਚ ਨਹੀਂ ਸੁੱਟਿਆ ਜਾ ਸਕਦਾ। ਪੰਜਾਬ ਵਾਟਰ ਸਪਲਾਈ ਦੇ ਸੀਵਰੇਜ ਬੋਰਡ ਦੇ ਐਮਡੀ ਸਤਪਾਲ ਅੰਗਰੂਲਾ ਦਾ ਕਹਿਣਾ ਹੈ ਕਿ ਸੂਬੇ 'ਚ 34 ਦੇ ਕਰੀਬ ਟ੍ਰੀਟਮੈਂਟ ਪਲਾਂਟ ਪੂਰੀ ਤਰ੍ਹਾਂ ਨਾਲ਼ ਕੰਮ ਕਰ ਰਹੇ ਹਨ ਤੇ 36 ਟ੍ਰੀਟਮੈਂਟ ਪਲਾਂਟਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੇ ਦੱਸਣ ਅਨੁਸਾਰ, ਲੁਧਿਆਣਾ, ਜਲੰਧਰ, ਫਗਵਾੜਾ, ਫਾਜ਼ਿਲਕਾ, ਨੰਗਲ਼ ਤੇ ਬਠਿੰਡਾ ਆਦਿ ਵਿਖੇ ਲਾਏ ਗਏ ਟ੍ਰੀਟਮੈਂਟ ਪਲਾਂਟ ਚੰਗੀ ਤਰ੍ਹਾਂ ਨਾਲ਼ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟ੍ਰੀਟਮੈਂਟ ਪਲਾਂਟਾਂ 'ਚੋਂ ਨਿਕਲਣ ਵਾਲ਼ੇ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਸ ਪਾਣੀ ਨੂੰ ਟੈਸਟਿੰਗ ਕਰਨ ਤੋਂ ਬਾਅਦ ਫਸਲਾਂ ਲਈ ਠੀਕ ਦੱਸਿਆ ਹੈ। ਉਨ੍ਹਾਂ ਨੂੰ ਜਦ ਪੁੱਛਿਆ ਗਿਆ ਕਿ ਕਈ ਥਾਵਾਂ 'ਤੇ ਸੀਵਰੇਜ਼ ਲਾਈਨਾਂ ਅਜੇ ਚਾਲੂ ਹੀ ਨਹੀਂ ਹੋਈਆਂ ਤੇ ਉ¥ਥੋਂ ਨਿਰਲਣ ਵਾਲ਼ੇ ਗੰਦੇ ਪਾਣੀ ਦਾ ਕੋਈ ਨਿਕਾਸੀ ਪ੍ਰਬੰਧ ਵੀ ਨਹੀਂ ਹੋਇਆ ਤੇ ਇਸ ਦੇ ਬਾਵਜੂਦ ਲੋਕਾਂ ਨੂੰ ਸੀਵਰੇਜ ਦੇ ਕੁਨੈਕਸ਼ਨ ਦੇ ਦਿੱਤੇ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਕੁਨੈਕਸ਼ਨ ਦੇਣ ਦਾ ਕੰਮ ਨਗਰ ਕੌਂਸਲ ਜਾਂ ਮਿਉਂਸਪਿਲ ਕਾਰਪੋਰੇਸ਼ਨਾਂ ਦਾ ਹੈ।

ਇਸ ਤੋਂ ਇਲਾਵਾ ਜਿਹੜੀ ਥਾਂ 'ਤੇ ਸੀਵਰੇਜ਼ ਪਾਇਆ ਜਾਂਦਾ ਹੈ, ਉਸ ਥਾਂ 'ਤੇ ਸੀਵਰੇਜ਼ ਪਾਉਣ ਤੋਂ ਬਾਅਦ ਬਣਦੀ ਰਿਪੇਅਰ ਆਦਿ ਵੀ ਕਾਫ਼ੀ ਸਮਾਂ ਨਹੀਂ ਕੀਤੀ ਜਾਂਦੀ ਤੇ ਕਈ ਥਾਵਾਂ 'ਤੇ ਸੀਵਰੇਜ਼ ਦਾ ਕੰਮ ਸ਼ੁਰੂ ਕਰ ਕੇ ਉਸ ਨੂੰ ਲਮਕਾ ਦਿੱਤਾ ਜਾਂਦਾ ਹੈ ਤੇ ਇਸ ਦੌਰਾਨ ਮੀਂਹ ਆਦਿ ਪੈਣ ਨਾਲ਼ ਇਨ੍ਹਾਂ ਥਾਵਾਂ 'ਤੇ ਪਾਣੀ ਆਦਿ ਖੜ੍ਹਨ ਤੇ ਚਿੱਕੜ ਹੋਣ ਨਾਲ਼ ਜਿੱਥੇ ਹਾਦਸਿਆਂ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ, ਉ¥ਥੇ ਲੋਕਾਂ ਨੂੰ ਆਵਾਜਾਈ 'ਚ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਜ੍ਹਾ ਨਾਲ਼ ਸੂਬੇ 'ਚ ਕਈ ਥਾਵਾਂ 'ਤੇ ਹਾਦਸੇ ਵੀ ਵਾਪਰ ਚੁੱਕੇ ਹਨ।

ਦੂਜੇ ਪਾਸੇ ਬਹੁਤ ਹੀ ਭਰੋਸੇ ਵਾਲ਼ੇ ਸੂਤਰਾਂ ਦਾ ਕਹਿਣਾ ਹੈ ਕਿ ਜੋ ਸੀਵਰੇਜ਼ ਨਵਾਂ ਪਾਇਆ ਜਾ ਰਿਹਾ ਹੈ, ਉਸ 'ਚ ਚਾਲੂ ਹੋਣ ਤੋਂ ਬਾਅਦ ਖਾਮੀਆਂ ਦੀ ਗੁੰਜਾਇਸ਼ ਨਾਂਹ ਦੇ ਬਰਾਬਰ ਹੈ, ਕਿਉਂਕਿ ਇਸ 'ਚ ਖੁੱਲ੍ਹੀਆਂ ਪਾਈਪਾਂ ਅਬਾਦੀ ਦੇ ਹਿਸਾਬ ਨਾਲ਼ ਪਾਈਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਪੁਰਾਣਾ ਸੀਵਰੇਜ਼ ਸਿਸਟਮ ਛੋਟੀਆਂ ਪਾਈਪਾਂ ਨਾਲ਼ ਹੋਂਦ 'ਚ ਆਇਆ ਹੋਇਆ ਹੈ ਤੇ ਅਬਾਦੀ ਦੇ ਵਧਣ ਕਾਰਨ ਉਸ 'ਚ ਮੁਸ਼ਕਿਲਾਂ ਆ ਰਹੀਆਂ ਹਨ।

ਸੂਤਰਾਂ ਅਨੁਸਾਰ 2014 ਤੱਕ ਸੂਬੇ ਦੀਆਂ ਸਾਰੀਆਂ ਮਿਉਂਸਪਿਲ ਕੌਂਸਲਾਂ ਨੂੰ ਟ੍ਰੀਟਮੈਂਟ ਪਲਾਂਟ ਲਗਾ ਕੇ ਸੀਵਰੇਜ਼ ਨੂੰ ਉਸ ਨਾਲ਼ ਜੋੜ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਟ੍ਰੀਟ ਹੋਇਆ ਪਾਣੀ ਸਿੰਚਾਈ ਲਈ ਵਰਤੋਂ 'ਚ ਲਿਆਂਦਾ ਜਾਵੇਗੀ। ਸੂਤਰਾਂ ਅਨੁਸਾਰ ਇਸ ਅਰਸੇ ਤੋਂ ਬਾਅਦ ਕਿਸੇ ਵੀ ਨਗਰ ਕੌਂਸਲ ਨੂੰ ਬਿਨਾਂ ਟ੍ਰੀਟ ਕੀਤਾ ਪਾਣੀ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਹੁਣ ਸਮਾਂ ਦੱਸੇਗਾ ਕਿ ਨਵਾਂ ਸੀਵਰੇਜ਼ ਸਿਸਟਮ ਸੂਬੇ ਦੇ ਲੋਕਾਂ ਨੂੰ ਕਿੰਨੀਂ ਕੁ ਰਾਹਤ ਦਿੰਦਾ ਹੈ।
                                                                                                     ਸੂਹੀ ਸਵੇਰ ਬਿਓਰੋ

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ