Tue, 28 May 2024
Your Visitor Number :-   7069480
SuhisaverSuhisaver Suhisaver

ਹਾਸ਼ਮਪੁਰਾ ਦੇ ਪੀੜਤਾਂ ਨੂੰ ਨਿਆਂ ਨਹੀਂ - ਵਿਭੂਤੀ ਨਰਾਇਣ ਰਾਏ

Posted on:- 20-04-2015

suhisaver

ਅਨੁਵਾਦ : ਮਨਦੀਪ
ਸੰਪਰਕ: +91 98764 42052

ਸੁਰੱਖਿਆ ਕਰਮੀਆਂ ਦੀ ਹਿਰਾਸਤ ‘ਚ ਹੱਤਿਆ ਦੀ ਸਭ ਤੋਂ ਵੱਡੀ ਘਟਨਾ ਦੇ ਰੂਪ ‘ਚ ਹਾਸ਼ਮਪੁਰਾ ਭਾਰਤੀ ਲੋਕਤੰਤਰ ਦੇ ਇਤਿਹਾਸ ‘ਚ ਦਰਜ ਹੋ ਚੁੱਕਾ ਹੈ। 22 ਮਈ 1987 ਨੂੰ ਜਦ 19 ਪੀੲਸੀ (ਫ੍ਰਾਵਿੰਸੀਅਲ ਆਰਮਡ ਕਾਂਸਟੇਬੁਲਰੀ) ਦੇ ਜਵਾਨਾਂ ਨੇ ਮੇਰਠ ਦੇ ਹਾਸ਼ਮਪੁਰਾ ਮੁਹੱਲੇ ਤੋਂ 42 ਮੁਸਲਮਾਨਾਂ ਨੂੰ ਉਠਾ ਕੇ ਗਾਜ਼ਿਆਬਾਦ ਕੋਲ ਨਹਿਰ ਕਿਨਾਰੇ ਖੜਾ ਕਰਕੇ ਗੋਲੀਆਂ ਨਾਲ ਭੁੱੰਨ ਦਿੱਤਾ, ਉਸ ਸਮੇਂ ਗਾਜਿਆਬਾਦ ਦੇ ਪੁਲਿਸ ਮੁੱਖੀ ਦੇ ਰੂਪ ‘ਚ ਵਿਭੂਤੀ ਨਰਾਇਣ ਰਾਏ ਤਾਈਨਾਤ ਸਨ। ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਘਟਨਾ ਦੇ ਢੇਡ ਘੰਟੇ ਬਾਅਦ ਰਾਤ ਦੇ ਤਕਰੀਬਨ 10.30 ਵਜੇ ਮਿਲੀ ਅਤੇ ਉਸ ਸਮੇਂ ਤੋਂ ਹੀ ਇਸ ਮੁੱਦੇ ਉੱਤੇ ਸ਼ੁਰੂ ਹੋਈ ਉਨ੍ਹਾਂ ਦੀ ਦਿਲਚਸਪੀ ਅੱਜ ਤੱਕ ਬਰਕਰਾਰ ਹੈ। ਉਨ੍ਹਾਂ ਨੇ ਪੀਏਸੀ ਦੇ ਉਨ੍ਹਾਂ ਹਤਿਆਰਿਆਂ ਖਿਲਾਫ ਮੁਕੱਦਮਾ ਦਰਜ ਕੀਤਾ, 28 ਸਾਲ ਤੱਕ ਇਹ ਮੁਕਦਮਾ ਚੱਲਿਆ ਪਰ 21 ਮਾਰਚ 2015 ਨੂੰ ਜਦ ਅਦਾਲਤ ਦਾ ਫੈਸਲਾ ਆਇਆ ਤਾਂ ਸਾਰੇ ਲੋਕ ਦੰਗ ਰਹਿ ਗਏ। ਭਾਰਤੀ ਲੋਕਤੰਤਰ ਦੇ ਇਤਿਹਾਸ ਦੇ ਇਸ ਸਭ ਤੋਂ ਬਰਬਰ ਹੱਤਿਆਕਾਂਡ ‘ਚ ਕਿਸੇ ਨੂੰ ਸਜ਼ਾ ਨਹੀਂ ਮਿਲੀ ਅਤੇ ਸਾਰੇ ਦੋਸ਼ੀ ਬਾਇੱਜਤ ਬਰੀ ਕਰ ਦਿੱਤੇ ਗਏ। ਬੀ ਐਨ ਰਾਏ ਦਾ ਮੰਨਣਾ ਹੈ ਕਿ ਇਸ ਘਟਨਾ ਨੇ ਭਾਰਤੀ ਰਾਜ ਦੀ ਸ਼ਾਖ ਨੂੰ ਖਤਰੇ ਵਿਚ ਪਾ ਦਿੱਤਾ ਹੈ। ਹੈਰਾਨੀ ਹੁੰਦੀ ਹੈ ਕਿ ਇਕ ਮਾਮੂਲੀ ਜਿਹੀ ਫੋਰੇਂਸਿਕ ਜਾਂਚ ਤੋਂ ਵੀ ਇਹ ਪਤਾ ਲਗਾਇਆ ਜਾ ਸਕਦਾ ਸੀ ਕਿ ਜੋ ਲੋਕ ਮਾਰੇ ਗਏ ਸੀ ਇਨ੍ਹਾਂ ਨੂੰ ਕਿਸਨੇ ਮਾਰਿਆ ਹੈ।

ਹਾਸ਼ਮਪੁਰਾ ਦੀ ਘਟਨਾ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਉੱਤਰ ਭਾਰਤ ‘ਚ ਚੱਲੇ ਰਾਮ ਜਨਮ ਭੂਮੀ ਅੰਦੋਲਨ ਨੇ ਫਿਰਕੂ ਅਧਾਰ ਤੇ ਸਮਾਜ ਨੂੰ ਹੀ ਨਹੀਂ ਬਲਕਿ ਸੁਰੱਖਿਆ ਏਜੰਸੀਆਂ ਨੂੰ ਵੀ ਵੰਡ ਦਿੱਤਾ ਸੀ। ਬੀ ਐਨ ਰਾਏ ਦਾ ਮੰਨਣਾ ਹੈ ਕਿ ਇਸ ਸੰਘਰਸ਼ ਨੇ ‘ਖਾਸ ਤੌਰ ਤੇ ਹਿੰਦੂ ਮੱਧਵਰਗ ਨੂੰ ਹੈਰਾਨੀਜਨਕ ਹੱਦ ਤੱਕ ਫਿਰਕੂ ਬਣਾ ਦਿੱਤਾ’ ਇਸ ਘਟਨਾ ਨੇ ਭਾਰਤੀ ਰਾਜ ਦੇ ਧਰਮ ਨਿਰਪੱਖ ਚਰਿੱਤਰ ਨੂੰ ਵੀ ਬੇਪਰਦ ਕਰ ਦਿੱਤਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਜਿਸ ਮਾਨਸਿਕਤਾ ਨੇ ਇਸ ਤਰ੍ਹਾਂ ਦੀ ਘਟਨਾ ਨੂੰ ਜਨਮ ਦਿੱਤਾ ਉਸੇ ਮਾਨਸਿਕਤਾ ਨੂੰ ਹੋਰ ਵੀ ਜਿਆਦਾ ਗਹਿਰਾਈ ਨਾਲ ਭਾਰਤੀ ਸਮਾਜ ਵਿਚ ਸਥਾਈ ਰੂਪ ਦੇਣ ਲਈ ਅੱਜ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਸੱਤਾ ਤੇ ਉਹੀ ਲੋਕ ਪੂਰੀ ਤਰ੍ਹਾਂ ਕਾਬਜ਼ ਹੋ ਗਏ ਹਨ ਜੋ ਹਿੰਦੂ ਰਾਸ਼ਟਰ ਦੇ ਹਿਮਾਇਤੀ ਹਨ ਅਤੇ ਜਿਨ੍ਹਾਂ ਦੀ ਨਿਗਾਹ ‘ਚ ਦੇਸ਼ ਦਾ ਘੱਟਗਿਣਤੀ ਵਰਗ ਰਾਸ਼ਟਰ ਵਿਰੋਧੀ ਹੈ। ਹਿੰਦੂਤਵ ਦੀ ਵਿਚਾਰਧਾਰਾ ਨਾਲ ਲੈਸ ਇਨ੍ਹਾਂ ਮਹਾਂਰਥੀਆਂ ਦੇ ਆਦਰਸ਼ ਮੁਸੋਲਿਨੀ ਅਤੇ ਹਿਟਲਰ ਹਨ ਜੋ ਨਸਲੀ ਸ਼ੁੱਧਤਾ ਦੀ ਗੱਲ ਕਰਦੇ ਹਨ।ਹਾਸ਼ਮਪੁਰਾ ਦੀ ਘਟਨਾ ਉਤੇ ਆਏ ਫੈਸਲੇ ਨੇ ਇਕ ਵਾਰ ਫਿਰ ਘੱਟਗਿਣਤੀਆਂ ਦੇ ਅੰਦਰ ਭਾਰਤੀ ਰਾਜ ਪ੍ਰਤੀ ਗੈਰ ਭਰੋਸੇਯੋਗਤਾ ਦੀ ਭਾਵਨਾ ਨੂੰ ਹੋਰ ਵੀ ਜਿਆਦਾ ਮਜ਼ਬੂਤ ਕਰ ਦਿੱਤਾ ਹੈ। ਇਹ ਫੈਸਲਾਂ ਇਕ ਵੱਡੀ ਚੁਣੌਤੀ ਬਣਕੇ ਖੜਾ ਹੈ ਕਿ ਜੋ ਇਹ ਮੰਨਦੇ ਹਨ ਕਿ ਰਾਸ਼ਟਰ ਮਹਿਜ ਇਕ ਭੂਗੋਲਿਕ ਇਕਾਈ ਨਹੀਂ ਹੁੰਦਾ ਬਲਕਿ ਵਿਭਿੰਨ ਵਰਗਾਂ ਅਤੇ ਸਮੂਹਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੁੰਦਾ ਹੈ। 21 ਮਾਰਚ ਦੇ ਫੈਸਲੇ ਦੇ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਗੁੱਸਾ ਹੈ ਅਤੇ ਇਹ ਗੁੱਸਾ ਕੇਵਲ ਘੱਟਗਿਣਤੀਆਂ ਦੇ ਅੰਦਰ ਨਹੀਂ ਹੈ। ਇਹ ਗੁੱਸਾ ਕੇਵਲ ਉਨ੍ਹਾਂ ਪਰਿਵਾਰਾਂ ਦੇ ਅੰਦਰ ਨਹੀਂ ਹੈ ਜਿਨ੍ਹਾਂ ਦੇ ਜਵਾਨ ਪੁੱਤ ਅਤੇ ਪਤੀ 22 ਮਈ 1987 ਦੀ ਰਾਤ ਨੂੰ ਬੇਰਹਿਮੀ ਨਾਲ ਮਾਰ ਦਿੱਤੇ ਗਏ.... ਹਾਸ਼ਮਪੁਰਾ ਦੇ ਇਸ ਦਰਦਨਾਕ ਹਾਦਸੇ ਉਤੇ ਵਿਭੂਤੀ ਨਰਾਇਣ ਰਾਏ ਦੀ ਪੁਸਤਕ ਪੇਂਗਿਵਨ ਇੰਡੀਆ ਦੇ ਕੁੱਝ ਅੰਸ਼ ਪੇਸ਼ ਹਨ:-

ਹਾਸ਼ਮਪੁਰਾ-22 ਮਈ
ਜ਼ਿੰਦਗੀ ਦੇ ਕੁਝ ਅਨੁਭਵ ਅਜਿਹੇ ਹੁੰਦੇ ਹਨ ਜੋ ਜ਼ਿੰਦਗੀ ਭਰ ਤੁਹਾਡਾ ਖਹਿੜਾ ਨਹੀਂ ਛੱਡਦੇ।ਇਕ ਬੁਰੇ ਸਪਨੇ ਵਾਂਗ ਉਹ ਹਮੇਸ਼ਾਂ ਤੁਹਾਡੇ ਨਾਲ ਚੱਲਦੇ ਹਨ ਅਤੇ ਕਈ ਵਾਰ ਤਾਂ ਕਰਜ਼ੇ ਵਾਂਗ ਤੁਹਾਡੇ ਸੀਨੇ ਤੇ ਸਵਾਰ ਰਹਿੰਦੇ ਹਨ।ਹਾਸ਼ਮਪੁਰਾ ਵੀ ਮੇਰੇ ਲਈ ਕੁੱਝ ਅਜਿਹਾ ਹੀ ਅਨੁਭਵ ਹੈ। 22/23 ਮਈ ਸੰਨ 1987 ਦੀ ਅੱਧੀ ਰਾਤ ਦਿੱਲੀ ਗਾਜ਼ੀਆਬਾਦ ਸੀਮਾ ਤੇ ਮਕਨਪੁਰ ਪਿੰਡ ਤੋਂ ਗੁਜ਼ਰਨ ਵਾਲੀ ਨਹਿਰ ਦੀ ਪੱਟੜੀ ਅਤੇ ਕਿਨਾਰਿਆਂ ਤੇ ਉੱਘੇ ਸਰਕੰਡਿਆਂ ਵਿਚਕਾਰ ਬੈਟਰੀ ਦੀ ਕਮਜ਼ੋਰ ਰੌਸ਼ਨੀ ‘ਚ ਖੂੁਨ ਨਾਲ ਲੱਥਪੱਥ ਧਰਤੀ ਤੇ ਮਿ੍ਰਤਕਾ ਵਿਚਕਾਰ ਕਿਸੇ ਜਿੰਦਾ ਨੂੰ ਲੱਭਣਾ ਅਤੇ ਹਰ ਵੱਖਰਾ ਕਦਮ ਉਠਾਉਣ ਤੋਂ ਪਹਿਲਾਂ ਇਹ ਨਿਸ਼ਚਿਤ ਕਰਨਾ ਕਿ ਇਹ ਕਿਸੇ ਜਿੰਦਾ ਜਾਂ ਮੁਰਦਾ ਸਰੀਰ ਤੇ ਨਾ ਰੱਖਿਆ ਜਾਵੇ-ਸਭ ਕੁੱਝ ਮੇਰੀਆਂ ਯਾਦਾਂ ਦੇ ਸਿਰਨਾਵੇਂ ‘ਚ ਕਿਸੇ ਡਰਾਉਣੀ ਫਿਲਮ ਵਾਂਗ ਉਕਰਿਆ ਹੋਇਆ ਹੈ।

ਉਸ ਰਾਤ ਮੈਂ ਦਸ ਸਾਢੇ ਦਸ ਵਜੇ ਹਾਪੁੜ ਤੋਂ ਵਾਪਸ ਪਰਤਿਆ ਸੀ। ਨਾਲ ਜਿਲ੍ਹਾ ਮਜ਼ਿਸਟ੍ਰੇਟ ਨਸੀਮ ਜ਼ੈਦੀ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਬੰਗਲੇ ਤੇ ਉਤਾਰਦਾ ਹੋਇਆ ਮੈਂ ਪੁਲਿਸ ਸਟੇਸ਼ਨ ਪੁੱਜਾ। ਨਿਵਾਸ ਦੇ ਗੇਟ ਤੇ ਜਿਵੇਂ ਹੀ ਹੈੱਡਲਾਇਟਾਂ ਪਈਆਂ ਮੈਨੂੰ ਘਬਰਾਇਆ ਹੋਇਆ ਤੇ ਉੱਡੇ ਰੰਗ ਵਾਲਾ ਚਿਹਰਾ ਲਈ ਸਬ ਇੰਸਪੈਕਟਰ ਬੀ ਬੀ ਸਿੰਘ ਦਿਖਾਈ ਦਿੱਤਾ ਜੋ ਉਸ ਸਮੇਂ ਲਿੰਕ ਰੋੜ ਥਾਨੇ ਦਾ ਇੰਚਾਰਜ ਸੀ। ਮੇਰਾ ਅਨੁਭਵ ਦੱਸ ਰਿਹਾ ਸੀ ਕਿ ਉਸਦੇ ਇਲਾਕੇ ਵਿਚ ਕੋਈ ਗੰਭੀਰ ਘਟਨਾ ਵਾਪਰੀ ਹੈ। ਮੈਂ ਡਰਾਇਵਰ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ ਅਤੇ ਹੇਠਾਂ ਉਤਰ ਗਿਆ।

ਬੀ ਬੀ ਸਿੰਘ ਐਨਾ ਘਬਰਾਇਆ ਹੋਇਆ ਸੀ ਕਿ ਉਸ ਲਈ ਸਹੀ ਤਰੀਕੇ ਨਾਲ ਕੁੱਝ ਵੀ ਦੱਸਣਾ ਸੰਭਵ ਨਹੀਂ ਸੀ ਲੱਗ ਰਿਹਾ। ਹਕਲਾਉਂਦੇ ਹੋਏ ਅਤੇ ਟੁਕੜਿਆਂ ‘ਚ ਉਸਨੇ ਜੋ ਕੁੱਝ ਮੈਂਨੂੰ ਦੱਸਿਆ ਉਹ ਭੈਅਭੀਤ ਕਰ ਦੇਣ ਲਈ ਕਾਫੀ ਸੀ। ਮੇਰੀ ਸਮਝ ਵਿਚ ਆ ਗਿਆ ਕਿ ਉਸਦੇ ਥਾਣਾ ਖੇਤਰ ‘ਚ ਕਿਤੇ ਨਹਿਰ ਦੇ ਕਿਨਾਰੇ ਪੀ ਏ ਸੀ ਨੇ ਕੁੱਝ ਮੁਸਲਮਾਨਾਂ ਨੂੰ ਮਾਰ ਦਿੱਤਾ ਹੈ। ਕਿਉਂ ਮਾਰਿਆ ? ਕਿੰਨੇ ਲੋਕਾਂ ਨੂੰ ਮਾਰਿਆ ? ਕਿੱਥੋਂ ਲਿਆ ਕੇ ਮਾਰਿਆ ? ਸਪੱਸ਼ਟ ਨਹੀਂ ਸੀ। ਕਈ ਵਾਰ ਉਸਨੇ ਆਪਣੇ ਤੱਥਾਂ ਨੂੰ ਦੁਹਰਾਉਣ ਲਈ ਕਹਿ ਕੇ ਮੈਂ ਪੂਰੀ ਘਟਨਾ ਨੂੰ ਟੁਕੜੇ-ਟੁਕੜੇ ਜੋੜਦੇ ਹੋਏ ਇਕ ਨੈਰੇਟਿਵ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਜੋ ਚਿੱਤਰ ਬਣਿਆ ਉਸਦੇ ਅਨੁਸਾਰ ਬੀ ਬੀ ਸਿੰਘ ਥਾਣੇ ‘ਚ ਆਪਣੇ ਦਫਤਰ ‘ਚ ਬੈਠਾ ਹੋਇਆ ਸੀ ਕਿ ਲੱਗਭੱਗ 9 ਵਜੇ ਉਸਨੂੰ ਮਕਨਪੁਰ ਵੱਲੋਂ ਫਾਈਰਿੰਗ ਦਅਿਾਂ ਅਵਾਜ਼ਾਂ ਸੁਣਾਈ ਦਿੱਤੀਆਂ। ਉਸਨੂੰ ਅਤੇ ਥਾਣੇ ‘ਚ ਮੌਜੂਦ ਹੋਰ ਕਰਮਚਾਰੀਆਂ ਨੂੰ ਲੱਗਿਆ ਕਿ ਪਿੰਡ ਵਿਚ ਡਕੈਤੀ ਪੈ ਰਹੀ ਹੈ। ਅੱਜ ਤਾਂ ਮਕਨਪੁਰ ਪਿੰਡ ਦਾ ਨਾਮ ਸਿਰਫ ਰੈਵੇਨਿਊ ਰਿਕਾਰਡ ‘ਚ ਹੈ। ਇਸ ਸਮੇਂ ਦੀਆਂ ਗਗਨਚੁੰਬੀ ਅਵਾਸੀ ਇਮਾਰਤਾਂ, ਮਾਲ ਅਤੇ ਗੌਰਵ ਵਾਲੇ ਮਕਨਪੁਰ ‘ਚ 1987 ‘ਚ ਦੂਰ-ਦੂਰ ਤੱਕ ਬੰਜ਼ਰ ਜ਼ਮੀਨ ਪੱਸਰੀ ਹੋਈ ਸੀ। ਇਸੇ ਬੰਜ਼ਰ ਜ਼ਮੀਨ ਦੇ ਵਿਚਕਾਰ ਦੀ ਇਕ ਚੱਕ ਰੋਡ ਤੇ ਬੀ ਬੀ ਸਿੰਘ ਦਾ ਮੋਟਰਸਾਇਕਲ ਦੌੜਿਆ। ਉਸਦੇ ਪਿੱਛੇ ਥਾਣੇ ਦਾ ਇਕ ਦਰੋਗਾ ਅਤੇ ਇਕ ਹੋਰ ਸਿਪਾਹੀ ਬੈਠਾ ਸੀ। ਉਹ ਚੱਕ ਰੋਡ ਤੇ ਸੌ ਗਜ਼ ਵੀ ਨਹੀਂ ਪਹੁੰਚੇ ਸਨ ਕਿ ਸਾਹਮਣੇ ਤੋਂ ਤੇਜ਼ ਰਫਤਾਰ ਆਉਂਦਾ ਇਕ ਟਰੱਕ ਦਿਖਾਈ ਦਿੱਤਾ।ਜੇਕਰ ਉਨ੍ਹਾਂ ਨੇ ਸਮੇਂ ਸਿਰ ਆਪਣਾ ਮੋਟਰਸਾਈਕਲ ਚੱਕ ਰੋਡ ਤੋਂ ਹੇਠਾਂ ਨਾ ਉਤਾਰਿਆ ਹੁੰਦਾ ਤਾਂ ਉਹ ਟਰੱਕ ਉਨ੍ਹਾਂ ਨੂੰ ਕੁਚਲ ਦਿੰਦਾ। ਆਪਣਾ ਸੰਤੁਲਨ ਸੰਭਾਲਦੇ-ਸੰਭਾਲਦੇ ਜਿੰਨ੍ਹਾਂ ਕੁੱਝ ਉਨ੍ਹਾਂ ਵੇਖਿਆ ਉਸਦੇ ਅਨੁਸਾਰ ਟਰੱਕ ਪੀਲੇ ਰੰਗ ਦਾ ਸੀ ਅਤੇ ਉਸ ਉਪਰ ਪਿੱਛੇ 41 ਲਿਖਿਆ ਹੋਇਆ ਸੀ, ਪਿਛਲੀਆਂ ਸੀਟਾਂ ਉੱਤੇ ਖਾਕੀ ਕੱਫੜੇ ਪਹਿਨੇ ਹੋਏ ਕੁੱਝ ਆਦਮੀ ਬੈਠੇ ਹੋਏ ਦਿਖਾਈ ਦਿੱਤੇ। ਕਿਸੇ ਪੁਲਿਸ ਕਰਮਚਾਰੀ ਲਈ ਇਹ ਸਮਝਣਾ ਮੁਸ਼ਕਿਲ ਨਹੀਂ ਸੀ ਕਿ ਇਹ ਪੀ ਏ ਸੀ ਦੀ 41 ਵੀਂ ਬਟਾਲੀਅਨ ਦਾ ਟਰੱਕ ਕੁੱਝ ਪੀ ਏ ਸੀ ਕਰਮੀਆਂ ਨੂੰ ਲੈ ਕੇ ਉਨ੍ਹਾਂ ਦੇ ਸਾਹਮਣਿਓ ਗੁਜ਼ਰਿਆ ਸੀ। ਪਰ ਇਸ ਨਾਲ ਗੁੱਥੀ ਹੋਰ ਉਲਝ ਗਈ। ਇਸ ਸਮੇਂ ਮਕਨਪੁਰ ਪਿੰਡ ਤੋਂ ਪੀ ਏ ਸੀ ਦਾ ਟਰੱਕ ਕਿਉਂ ਆ ਰਿਹਾ ਸੀ ? ਗੋਲੀਆਂ ਦੀ ਅਵਾਜ਼ ਦੇ ਪਿੱਛੇ ਕੀ ਰਹੱਸ ਹੈ ? ਬੀ ਬੀ ਸਿੰਘ ਨੇ ਮੋਟਰਸਾਇਕਲ ਵਾਪਸ ਚੱਕ ਰੋਡ ਤੇ ਪਾ ਕੇ ਪਿੰਡ ਵੱਲ ਨੂੰ ਚੱਲ ਪਏ। ਮੁਸ਼ਕਿਲ ਨਾਲ ਇਕ ਕਿਲੋਮੀਟਰ ਅੱਗੇ ਜਾ ਕੇ ਜੋ ਨਜ਼ਾਰਾ ਉਸਨੇ ਤੇ ਉਸਦੇ ਸਾਥੀਆਂ ਨੇ ਵੇਖਿਆ ਉਹ ਰੌਂਗਟੇ ਖੜੇ ਕਰ ਦੇਣ ਵਾਲਾ ਸੀ।

ਮਕਨਪੁਰ ਦੀ ਅਬਾਦੀ ਤੋਂ ਪਹਿਲਾਂ ਚੱਕ ਰੋਡ ਇਕ ਨਹਿਰ ਨੂੰ ਕੱਟਦੀ ਸੀ। ਨਹਿਰ ਅੱਗੇ ਜਾ ਕੇ ਦਿੱਲੀ ਦੀ ਸੀਮਾ ‘ਚ ਪ੍ਰਵੇਸ਼ ਕਰ ਜਾਂਦੀ ਸੀ। ਜਿੱਥੇ ਚੱਕ ਰੋਡ ਤੇ ਨਹਿਰ ਇਕ ਦੂਜੇ ਨੂੰ ਕੱਟਦੇ ਸਨ, ਉੱਥੇ ਇਕ ਪੁਲੀ ਸੀ। ਪੁਲੀ ਤੇ ਪਹੁੰਚਦਿਆਂ-ਪਹੁੰਚਦਿਆਂ ਬੀ ਬੀ ਸਿੰਘ ਦੇ ਮੋਟਰਸਾਇਕਲ ਦੀ ਹੈਡਲਾਇਟ ਜਦ ਨਹਿਰ ਦੇ ਕਿਨਾਰੇ ਉੱਘੇ ਸਰਕੰਡਿਆਂ ਦੀ ਝਾੜੀ ਉੱਤੇ ਪਈ ਤਾਂ ਉਨ੍ਹਾਂ ਨੂੰ ਗੋਲੀਆਂ ਦੀ ਅਵਾਜ਼ ਦਾ ਰਹੱਸ ਸਮਝ ‘ਚ ਆਇਆ। ਚਾਰੇ ਪਾਸੇ ਖੁੂਨ ਦੇ ਤਾਜ਼ਾ ਧੱਬੇ ਸਨ। ਹਾਲੇ ਖੂੁਨ ਪੂਰੀ ਤਰ੍ਹਾਂ ਜੰਮਿਆਂ ਨਹੀਂ ਸੀ ਅਤੇ ਜ਼ਮੀਨ ਉੱਤੇ ਉਸਨੂੰ ਵਹਿੰਦੇ ਹੋਏ ਵੇਖਿਆ ਜਾ ਸਕਦਾ ਸੀ। ਨਹਿਰ ਦੀ ਪੱਟੜੀ ਤੇ, ਝਾੜੀਆਂ ਦੇ ਵਿੱਚ ਅਤੇ ਪਾਣੀ ਦੇ ਅੰਦਰ ਰਿਸਦੇ ਹੋਏ ਜ਼ਖਮਾਂ ਵਾਲੀਆਂ ਦੇਹਾਂ ਖਿੰਡੀਆਂ ਪਈਆਂ ਸਨ। ਬੀ ਬੀ ਸਿੰਘ ਅਤੇ ਉਸਦੇ ਸਾਥੀਆਂ ਨੇ ਘਟਨਾ ਸਥਾਨ ਦਾ ਮੁਲਾਹਜ਼ਾ ਕਰਕੇ ਅੰਦਾਜ਼ਾਂ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਕੀ ਹੋਇਆ ਹੋਵੇਗਾ ? ਉਨ੍ਹਾਂ ਦੀ ਸਮਝ ਵਿਚ ਸਿਰਫ ਐਨਾ ਹੀ ਆਇਆ ਕਿ ਉੱਥੇ ਪਈਆਂ ਲਾਸ਼ਾਂ ਅਤੇ ਰਾਹ ਵਿਚ ਦਿਖੇ ਪੀ ਏ ਸੀ ਦੇ ਟਰੱਕ ‘ਚ ਕੋਈ ਸਬੰਧ ਜਰੂੁਰ ਹੈ। ਨਾਲ ਦੇ ਸਿਪਾਹੀਆਂ ਨੂੰ ਘਟਨਾ ਸਥਾਨ ਦੀ ਨਿਗਰਾਨੀ ਲਈ ਛੱਡਕੇ ਬੀ ਬੀ ਸਿੰਘ ਆਪਣੇ ਸਾਥੀ ਦਰੋਗਾ ਨਾਲ ਵਾਪਸ ਮੁੱਖ ਸੜਕ ਵੱਲ ਪਰਤਿਆਂ। ਥਾਣੇ ਤੋਂ ਥੋੜੀ ਦੂਰ ਗਾਜ਼ੀਆਬਾਦ-ਦਿੱਲੀ ਮਾਰਗ ਤੇ ਪੀ ਏ ਸੀ ਦੀ 41ਵੀਂ ਬਟਾਲੀਅਨ ਦਾ ਮੁੱਖ ਦਫਤਰ ਸੀ। ਦੋਵੇਂ ਸਿੱਧੇ ਉੱਥੇ ਪਹੁੰਚੇ। ਬਟਾਲੀਅਨ ਦਾ ਮੁੱਖ ਗੇਟ ਬੰਦ ਸੀ।

ਕਾਫੀ ਦੇਰ ਬਹਿਸ ਕਰਨ ਦੇ ਬਾਵਜੂਦ ਵੀ ਸੰਤਰੀ ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਇਜ਼ਾਜਤ ਨਹੀਂ ਦਿੱਤੀ। ਤਦ ਬੀ ਬੀ ਸਿੰਘ ਨੇ ਜ਼ਿਲ੍ਹਾ ਮੁੱਖ ਦਫਤਰ ਆ ਕੇ ਸਭ ਕੁੱਝ ਮੈਨੂੰ ਦੱਸਣ ਦਾ ਫੈਸਲਾ ਕੀਤਾ। ਜਿੰਨ੍ਹਾ ਕੁੱਝ ਅੱਗੇ ਟੁਕੜਿਆਂ ‘ਚ ਬਿਆਨ ਕੀਤੇ ਬਿਰਤਾਂਤ ਵਿਚੋਂ ਮੈਂ ਸਮਝ ਸਕਿਆ ਉਸਤੋਂ ਸਪੱਸ਼ਟ ਹੋ ਗਿਆ ਕਿ ਜੋ ਘਟਨਾ ਘਟੀ ਹੈ ਉਹ ਬਹੁਤ ਹੀ ਭਿਆਨਕ ਹੈ ਅਤੇ ਦੂਸਰੇ ਦਿਨ ਗਾਜ਼ੀਆਬਾਦ ਜਲ ਸਕਦਾ ਸੀ। ਪਿਛਲੇ ਕਈ ਹਫਤਿਆਂ ਤੋਂ ਗਵਾਂਢੀ ਜ਼ਿਲ੍ਹੇ ਮੇਰਠ ‘ਚ ਫਿਰਕੂ ਦੰਗੇ ਚੱਲ ਰਹੇ ਹਨ ਅਤੇ ਉਸਦੀਆਂ ਲਪਟਾਂ ਗਾਜ਼ੀਆਬਾਦ ਤੱਕ ਪਹੁੰਚ ਰਹੀਆਂ ਸਨ। ਮੈਂ ਸਭ ਤੋਂ ਪਹਿਲਾਂ ਜ਼ਿਲ੍ਹਾਂ ਮਜ਼ਿਸਟ੍ਰੇਟ ਨਸੀਮ ਜੈਦੀ ਨੂੰ ਫੋਨ ਕੀਤਾ। ਉਹ ਸੌਣ ਜਾ ਰਹੇ ਸਨ। ਉਨ੍ਹਾਂ ਨੂੰ ਜਾਗਦੇ ਰਹਿਣ ਲਈ ਕਹਿ ਕੇ ਮੈਂ ਜ਼ਿਲ੍ਹਾ ਮੁੱਖ ਦਫਤਰ ਤੇ ਮੌਜੂਦ ਆਪਣੇ ਐਡੀਸ਼ਨਲ ਐਸ ਪੀ ਕੁੱਝ ਡਿਪਟੀ ਐਸ ਪੀ ਅਤੇ ਮਜਿਸਟ੍ਰੇਟ ਨੂੰ ਫੋਨ ਕਰ-ਕਰ ਕੇ ਜਗਾਇਆ ਅਤੇ ਤਿਆਰ ਹੋਣ ਲਈ ਕਿਹਾ। ਮੈਨੂ ਪਤਾ ਸੀ ਕਿ 41ਵੀਂ ਬਟਾਲੀਅਨ ਦੇ ਕਮਾਂਡਰ ਜੋਧ ਸਿੰਘ ਭੰਡਾਰੀ ਸ਼ਹਿਰ ‘ਚ ਰਹਿੰਦੇ ਸਨ ਕਿਉਂਕਿ ਹਾਲੇ ਬਟਾਲੀਅਨ ਦੇ ਨਿਰਮਾਣ ਕੰਮ ਵਿਚ ਹੀ ਸਨ, ਉਨ੍ਹਾਂ ਨੂੰ ਵੀ ਸੂਚਨਾ ਦੇਣ ਦਾ ਪ੍ਰਬੰਧ ਕੀਤਾ ਗਿਆ ਅਤੇ ਅਗਲੇ ਚਾਲੀ-ਪੰਤਾਲੀ ਮਿੰਟਾਂ ‘ਚ ਸੱਤ-ਅੱਠ ਸਾਧਨਾਂ ‘ਚ ਲੱਦੇ ਅਸੀਂ ਮਕਨਪੁਰ ਪਿੰਡ ਵੱਲ ਚੱਲ ਪਏ। ਉਥੇ ਪਹੁੰਚਣ ‘ਚ ਸਾਨੂੰ ਮੁਸ਼ਕਿਲ ਨਾਲ ਪੰਦਰਾ ਮਿੰਟ ਹੀ ਲੱਗੇ।

ਨਹਿਰ ਦੀ ਪੁਲੀ ਤੋਂ ਥੋੜਾ ਪਹਿਲਾਂ ਸਾਡੀਆਂ ਗੱਡੀਆਂ ਖੜ ਗਈਆਂ। ਨਹਿਰ ਦੇ ਦੂਜੇ ਪਾਸੇ ਥੋੜੀ ਦੂਰ ਤੇ ਮਕਨਪੁਰ ਪਿੰਡ ਦੀ ਅਬਾਦੀ ਸੀ ਪਰ ਕੋਈ ਪਿੰਡ ਵਾਲਾ ਉਥੇ ਨਹੀਂ ਦਿਖ ਰਿਹਾ ਸੀ। ਲਗਦਾ ਸੀ ਕਿ ਦਹਿਸ਼ਤ ਨੇ ਉਨ੍ਹਾਂ ਨੂੰ ਘਰਾਂ ‘ਚ ਦੁਬਕਨ ਲਈ ਮਜ਼ਬੂਰ ਕਰ ਦਿੱਤਾ। ਥਾਨਾ ਲਿੰਕ ਰੋਡ ਦੇ ਕੁੱਝ ਪੁਲਸ ਕਰਮਚਾਰੀ ਜ਼ਰੂਰ ਉੱਥੇ ਪਹੁੰਚ ਗਏ ਸਨ। ਉਨ੍ਹਾਂ ਦੀਆਂ ਬੈਟਰੀਆਂ ਦੀ ਕਮਜ਼ੋਰ ਰੌਸ਼ਨੀ ਦੇ ਪਰਛਾਵੇਂ ਨਹਿਰ ਦੇ ਕਿਨਾਰੇ ਉੱਘੀਆਂ ਝਾੜੀਆਂ ਤੇ ਪੈ ਰਹੇ ਸਨ ਪਰ ਉਸ ਨਾਲ ਸਾਫ ਵੇਖਣਾ ਮੁਸ਼ਕਿਲ ਸੀ। ਮੈਂ ਗੱਡੀਆਂ ਦੇ ਡਰਾਇਵਰਾਂ ਨੂੰ ਨਹਿਰ ਵੱਲ ਰੁਖ ਕਰਕੇ ਆਪਣੀਆਂ ਗੱਡੀਆਂ ਦੀਆਂ ਹੈਡੱਲਾਈਟਾਂ ਆਨ ਕਰਨ ਲਈ ਕਿਹਾ। ਲੱਗਭੱਗ ਸੌ ਗਜ਼ ਚੌੜਾ ਇਲਾਕਾ ਰੌਸ਼ਨੀ ਨਾਲ ਨਹਾ ਉੱਠਿਆ। ਉਸ ਰੌਸ਼ਨੀ ਵਿਚ ਮੈਂ ਜੋ ਕੁੱਝ ਵੇਖਿਆ ਇਹ ਉਹੀ ਬੁਰਾ ਸੁਪਨਾ ਸੀ ਜਿਸਦਾ ਜ਼ਿਕਰ ਮੈਂ ਸ਼ੁਰੂ ਵਿਚ ਕੀਤਾ।

ਗੱਡੀਆਂ ਦੀਆਂ ਹੈੱਡਲਾਈਟਾਂ ਦੀ ਰੌਸ਼ਨੀ ਝਾੜੀਆਂ ਨਾਲ ਟਕਰਾ ਕੇ ਟੁੱਟ-ਟੁੱਟ ਜਾ ਰਹੀਆਂ ਸਨ ਇਸ ਲਈ ਬੈਟਰੀਆਂ ਦੀ ਵਰਤੋਂ ਵੀ ਕਰਨੀ ਪੈ ਰਹੀ ਸੀ। ਝਾੜੀਆਂ ਅਤੇ ਨਹਿਰ ਦੇ ਕਿਨਾਰੇ ਖੂੁਨ ਦੇ ਧੱਬੇ ਹਾਲੇ ਜੰਮੇ ਨਹੀਂ ਸੀ, ਉਨ੍ਹਾਂ ਵਿਚੋਂ ਖੂੁਨ ਰਿਸ ਰਿਹਾ ਸੀ। ਪੱਟੜੀ ਦੇ ਬੇਤਰਤੀਬੀਆਂ ਲਾਸ਼ਾਂ ਪਈਆਂ ਸਨ-ਕੁੱਝ ਪੂਰੇ ਝਾੜੀਆਂ ਵਿਚ ਫਸੇ ਤੇ ਕੁੱਝ ਅੱਧੇ ਪਾਣੀ ਵਿਚ ਡੁੱਬੇ। ਲਾਸ਼ਾਂ ਦੀ ਗਿਣਤੀ ਕਰਨ ਜਾਂ ਕੱਢਣ ਤੋਂ ਜ਼ਿਆਦਾ ਜ਼ਰੂਰੀ ਮੈਨੂੰ ਇਸ ਗੱਲ ਦੀ ਪੜਤਾਲ ਕਰਨੀ ਲੱਗੀ ਕਿ ਉਨ੍ਹਾਂ ਵਿਚੋਂ ਕੋਈ ਜਿਊਂਦਾ ਤਾਂ ਨਹੀਂ। ਉੱਥੇ ਮੌਜੂਦ ਅਸੀਂ ਸਭ ਨੇ ਵੱਖ-ਵੱਖ ਦਿਸ਼ਾਵਾਂ ਵਿਚ ਬੈਟਰੀਆਂ ਦੀ ਰੌਸ਼ਨੀ ਨਾਲ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੋਈ ਜਿੰਦਾ ਹੈ ਜਾਂ ਨਹੀਂ। ਵਿਚ-ਵਿਚ ਅਸੀਂ ਅਵਾਜ਼ ਵੀ ਲਾਉਂਦੇ ਰਹੇ ਤਾਂ ਜੋ ਜੇਕਰ ਕੋਈ ਜਿਊਂਦਾ ਹੋਵੇ ਤਾਂ ਉੱਤਰ ਦੇਵੇ...ਅਸੀਂ ਦੁਸ਼ਮਣ ਨਹੀਂ ਦੋਸਤ ਹਾਂ...ਉਸਨੂੰ ਹਸਪਤਾਲ ਲੈ ਜਾਵਾਂਗੇ। ਪਰ ਕੋਈ ਜਵਾਬ ਨਹੀਂ ਮਿਲਿਆ। ਨਿਰਾਸ਼ ਹੋ ਕੇ ਸਾਡੇ ਵਿਚੋਂ ਕੁੱਝ ਪੁਲੀ ਤੇ ਬੈਠ ਗਏ।

ਮੈਂ ਉੱਤੇ ਜ਼ਿਲ੍ਹਾ ਮਜਿਸਟ੍ਰੇਟ ਨੇ ਤੈਅ ਕੀਤਾ ਕਿ ਸਮਾਂ ਗਵਾਉਣ ਦਾ ਕੋਈ ਲਾਭ ਨਹੀਂ। ਸਾਡੇ ਗਵਾਂਢ ਵਿਚ ਮੇਰਠ ਜਲ ਰਿਹਾ ਸੀ ਅਤੇ 60 ਕਿਲੋਮੀਟਰ ਦੂਰ ਬੈਠੇ ਅਸੀਂ ਉਸਦੇ ਸੇਕ ਨਾਲ ਝੁਲਸ ਰਹੇ ਸੀ। ਅਫਵਾਹਾਂ ਤੇ ਸ਼ਰਾਰਤੀ ਤੱਤਾਂ ਨਾਲ ਜੂਝਦੇ ਹੋਏ ਅਸੀਂ ਨਿਰੰਤਰ ਸ਼ਹਿਰ ਨੂੰ ਇਸ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਸੋਚ ਕੇ ਦਹਿਸ਼ਤ ਹੋ ਰਹੀ ਸੀ ਕਿ ਕੱਲ ਜਦ ਲਾਸ਼ਾਂ ਪੋਸਟਮਾਰਟਮ ਲਈ ਜ਼ਿਲ੍ਹਾ ਮੁੱਖ ਦਫਤਰ ਪਹੁੰਚਣਗੀਆਂ ਤਾਂ ਅਫਵਾਹਾਂ ਦੇ ਖੰਭ ਨਿਕਲ ਆਉਣਗੇ ਅਤੇ ਪੂਰੇ ਸ਼ਹਿਰ ਨੂੰ ਹਿੰਸਾ ਦਾ ਦੈਂਤ ਨਿਗਲ ਸਕਦਾ ਹੈ। ਅਸੀਂ ਦੂਸਰੇ ਦਿਨ ਦੀ ਰਣਨੀਤੀ ਬਣਾਉਣੀ ਸੀ ਇਸ ਲਈ ਜੂਨੀਅਰ ਅਧਿਕਾਰੀਆਂ ਨੂੰ ਲਾਸ਼ਾਂ ਨੂੰ ਕੱਢਣ ਅਤੇ ਜ਼ਰੂਰੀ ਲਿਖਤ-ਪੜਤ ਕਰਨ ਲਈ ਕਹਿ ਕੇ ਅਸੀਂ ਲਿੰਕ ਰੋਡ ਥਾਨੇ ਵੱਲ ਮੁੜੇ ਹੀ ਸੀ ਕਿ ਨਹਿਰ ਵੱਲੋਂ ਖੰਘਣ ਦੀ ਅਵਾਜ਼ ਆਈ। ਸਾਰੇ ਚੌਕੰਨੇ ਹੋ ਕੇ ਰੁਕ ਗਏ। ਮੈਂ ਵਾਪਸ ਨਹਿਰ ਵੱਲ ਪਰਤਿਆ। ਫਿਰ ਚੁੱਪ ਵਰਤ ਗਈ। ਸਪੱਸ਼ਟ ਸੀ ਕਿ ਕੋਈ ਜੀਵਤ ਹੈ ਪਰ ਉਸਨੂੰ ਯਕੀਨ ਨਹੀਂ ਹੈ ਕਿ ਜੋ ਲੋਕ ਉਸਨੂੰ ਲੱਭ ਰਹੇ ਹਨ ਉਹ ਮਿੱਤਰ ਹਨ। ਅਸੀਂ ਫਿਰ ਅਵਾਜ਼ ਦੇਣੀ ਸ਼ੁਰੂ ਕਰ ਦਿੱਤੀ, ਬੈਟਰੀ ਦਾ ਚਾਣਨ ਅੱਡ-ਅੱਡ ਸਰੀਰਾਂ ਤੇ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਅੰਤ ‘ਚ ਹਰਕਤ ਕਰਦੇ ਹੋਏ ਇਕ ਸਰੀਰ ਤੇ ਸਾਡੀ ਨਜ਼ਰ ਪਈ। ਕੋਈ ਹੱਥਾਂ ਨਾਲ ਝਾੜੀਆਂ ਨੂੰ ਫੜੀ ਅੱਧਾ ਸਰੀਰ ਨਹਿਰ ਵਿਚ ਡਬੋਈ ਇਸ ਤਰ੍ਹਾਂ ਪਿਆ ਸੀ ਕਿ ਬਿਨਾਂ ਧਿਆਨ ਦਿੱਤੇ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ ਕਿ ਉਹ ਜਿਉਂਦਾ ਹੈ ਜਾਂ ਮਰਿਆ! ਦਹਿਸ਼ਤ ਨਾਲ ਬੁਰੀ ਤਰ੍ਹਾਂ ਕੰਬ ਰਿਹਾ ਸੀ ਅਤੇ ਕਾਫੀ ਦੇਰ ਤੱਕ ਤਸੱਲੀ ਦੇਣ ਬਾਅਦ ਇਹ ਵਿਸ਼ਵਾਸ਼ ਕਰਨ ਵਾਲਾ ਕਿ ਅਸੀਂ ਉਸਨੂੰ ਮਾਰਨ ਨਹੀਂ ਬਚਾਉਣ ਵਾਲੇ ਹਾਂ, ਜੋ ਵਿਅਕਤੀ ਅਗਲੇ ਕੁੱਝ ਘੰਟਿਆਂ ਤੱਕ ਸਾਨੂੰ ਇਸ ਭਿਆਨਕ ਘਟਨਾ ਦੀ ਜਾਣਕਾਰੀ ਦੇਣ ਵਾਲਾ ਸੀ, ਉਸਦਾ ਨਾਮ ਬਾਬੂਦੀਨ ਸੀ। ਗੋਲੀ ਦੋ ਜਗ੍ਹਾ ਉਸਦਾ ਮਾਸ ਚੀਰਦੇ ਹੋਏ ਨਿਕਲ ਗਈ ਸੀ। ਡਰ ਨਾਲ ਅਡੋਲ ਹੋ ਕੇੇ ਉਹ ਝਾੜੀਆਂ ਵਿਚ ਡਿੱਗਿਆਂ ਤਾਂ ਭੱਜ-ਦੌੜ ‘ਚ ਉਸਦੇ ਹਤਿਆਰਿਆਂ ਨੂੰ ਇਹ ਜਾਂਚਣ ਦਾ ਮੌਕਾ ਨਹੀਂ ਮਿਲਿਆ ਕਿ ਉਹ ਜਿਊਂਦਾ ਹੈ ਜਾਂ ਮਰ ਗਿਆ ਹੈ। ਸਾਹ ਸਾਧ ਕੇ ਉਹ ਅੱਧਾ ਝਾੜੀਆਂ ਤੇ ਅੱਧਾ ਪਾਣੀ ‘ਚ ਪਿਆ ਰਿਹਾ ਅਤੇ ਇਸ ਤਰ੍ਹਾਂ ਮੌਤ ਦੇ ਮੂੰਹ ‘ਚੋਂ ਵਾਪਸ ਆਇਆ। ਉਸਨੂੰ ਕੋਈ ਖਾਸ ਸੱਟਾਂ ਨਹੀਂ ਸੀ ਲੱਗੀਆਂ ਅਤੇ ਨਹਿਰ ‘ਚੋਂ ਸਹਾਰਾ ਦੇ ਕੇ ਬਾਹਰ ਕੱਢੇ ਜਾਣ ਬਾਅਦ ਉਹ ਪੈਦਲ ਚੱਲ ਕੇ ਗੱਡੀਆਂ ਤੱਕ ਆਇਆਂ ਸੀ। ਉਸਨੇ ਵਿਚਕਾਰ ਪੁਲੀ ਤੇ ਬੈਠ ਕੇ ਥੋੜੀ ਦੇਰ ਅਰਾਮ ਵੀ ਕੀਤਾ ਸੀ।

ਲੱਗਭੱਗ 21 ਸਾਲ ਬਾਅਦ ਜਦ ਹਾਸ਼ਮਪੁਰਾ ਤੇ ਕਿਤਾਬ ਲਿਖਣ ਲਈ ਸਮੱਗਰੀ ਇਕੱਠੀ ਕਰਦੇ ਸਮੇਂ ਮੇਰੀ ਉਸ ਨਾਲ ਮੁਲਾਕਾਤ ਹਾਸ਼ਮਪੁਰਾ ‘ਚ ਉਸੇ ਜਗ੍ਹਾਂ ਹੋਈ ਜਿੱਥੋਂ ਪੀ ਏ ਸੀ ਉਸਨੂੰ ਉਠਾ ਕੇ ਲੈ ਗਈ ਸੀ, ਉਹ ਮੇਰਾ ਚਿਹਰਾ ਭੁੱਲ ਚੁਕਿਆ ਸੀ ਪਰ ਮੇਰੇ ਬਾਰੇ ਜਾਣਦੇ ਹੀ ਜੋ ਪਹਿਲੀ ਗੱਲ ਉਸਨੂੰ ਯਾਦ ਆਈ ਉਹ ਇਹ ਸੀ ਕਿ ਪੁਲੀ ਤੇ ਬੈਠੇ ਉਸਨੂੰ ਮੈਂ ਕਿਸੇ ਸਿਪਾਹੀ ਤੋਂ ਮੰਗ ਕੇ ਬੀੜੀ ਦਿੱਤੀ ਸੀ। ਬਾਬੂਦੀਨ ਨੇ ਜੋ ਦੱਸਿਆ ਬਾਬੂਦੀਨ ਨੇ ਜੋ ਦੱਸਿਆ ਉਸ ਅਨੁਸਾਰ ਉਸ ਦਿਨਤਲਾਸ਼ੀਆਂ ਦੌਰਾਨ ਪੀ ਏ ਸੀ ਦੇ ਇਕ ਟਰੱਕ ਤੇ ਬੈਠਾ ਕੇ ਚਾਲੀ-ਪੰਜਾਹ ਲੋਕਾਂ ਨੂੰ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਸਮਝਿਆਂ ਕਿ ਉਨ੍ਹਾਂ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਲਿਜਾਇਆ ਜਾ ਰਿਹਾ ਹੈ।ਉਹ ਲਗਾਤਾਰ ਉਡੀਕ ਕਰਦੇ ਰਹੇ ਕਿ ਜ਼ੇਲ੍ਹ ਆਵੇਗੀ ਤੇ ਉਨ੍ਹਾਂ ਨੂੰ ਉਤਾਰ ਕੇ ਜ਼ੇਲ੍ਹ ਵਿਚ ਬੰਦ ਕਰ ਦਿੱਤਾ ਜਾਵੇਗਾ। ਉਹ ਸਾਰੇ ਵਰ੍ਹਿਆਂ ਤੋਂ ਮੇਰਠ ਵਿਚ ਰਹਿ ਰਹੇ ਸਨ ਅਤੇ ਕੁੱਝ ਤਾਂ ਉਥੋਂ ਦੇ ਮੂਲ ਬਾਸ਼ਿੰਦੇ ਸਨ-ਇਸ ਲਈ ਕਰਫਿਊ ਲੱਗੀਆਂ ਸੁੰਨੀਆਂ ਸੜਕਾਂ ਤੇ ਜੇਲ੍ਹ ਨੂੰ ਜਾਣ ਵਾਲਾ ਵਕਤ ਕੁੱਝ ਜ਼ਿਆਦਾ ਤਾਂ ਲੱਗਿਆ ਪਰ ਬਾਕੀ ਸਭ ਐਨਾ ਸੁਭਾਵਿਕ ਸੀ ਕਿ ਉਨ੍ਹਾਂ ਨੂੰ ਥੋੜੀ ਦੇਰ ਬਾਅਦ ਜੋ ਘਟਣ ਵਾਲਾ ਸੀ ਉਸਦਾ ਭੋਰਾ-ਭਰ ਵੀ ਅੰਦਾਜ਼ਾ ਨਾ ਹੋਇਆ। ਜਦ ਨਹਿਰ ਦੇ ਕਿਨਾਰੇ ਉਤਾਰ ਕੇ ਉਨ੍ਹਾਂ ਨੂੰ ਇਕ ਇਕ ਕਰਕੇ ਮਾਰਿਆ ਜਾਣ ਲੱਗਿਆ ਤਦ ਉਨ੍ਹਾਂ ਨੂੰ ਰਾਹ ਵਿਚਲੇ ਉਨ੍ਹਾਂ ਦੇ ਹਤਿਆਰਿਆਂ ਦੇ ਖਾਮੋਸ਼ ਚਿਹਰੇ ਅਤੇ ਉਨ੍ਹਾਂ ਦਾ ਫੁਸਫੁਸਾ ਕੇ ਇਕ ਦੂਜੇ ਨਾਲ ਗੱਲਾਂ ਕਰਨ ਦਾ ਰਾਜ ਸਮਝ ਵਿਚ ਆਇਆ।

ਇਸਤੋਂ ਬਾਅਦ ਦੀ ਕਹਾਣੀ ਇਕ ਲੰਮੀ ਅਤੇ ਸਜ਼ਾਯੋਗ ਪ੍ਰੀਖਿਆਂ ਦਾ ਬਿਰਤਾਂਤ ਹੈ ਜਿਸ ਵਿਚ ਭਾਰਤੀ ਰਾਜ ਅਤੇ ਘੱਟਗਿਣਤੀਆਂ ਦੇ ਰਿਸ਼ਤੇ, ਪੁਲਿਸ ਦਾ ਗੈਰ ਪੇਸ਼ੇਵਾਰਨਾ ਅਤੇ ਹੌਲੀ-ਹੌਲੀ ਚੱਲਣ ਵਾਲੀ ਉਕਾਊ ਨਿਆਂ ਪ੍ਰਣਾਲੀ ਵਰਗੇ ਮੁੱਦੇ ਜੁੜੇ ਹੋਏ ਹਨ। ਮੈਂ 22 ਮਈ 1987 ਨੂੰ ਜੋ ਮੁੱਕਦਮੇ ਗਾਜ਼ੀਆਬਾਦ ਦੇ ਥਾਣਾ ਲਿੰਕ ਰੋਡ ਅਤੇ ਮੁਰਾਦਨਗਰ ‘ਚ ਦਰਜ ਕਰਵਾਏ ਸਨ ਉਹ ਪਿਛਲੇ 23 ਸਾਲਾਂ ਤੋਂ ਵੱਖ-ਵੱਖ ਰੁਕਾਵਟਾਂ ਕਾਰਨ ਹਾਲੇ ਵੀ ਅਦਾਲਤ ਵਿਚ ਚੱਲ ਰਹੇ ਹਨ ਅਤੇ ਆਪਣੀ ਤਾਰਕਿਕ ਪੁਸ਼ਟੀ ਦੀ ਉਡੀਕ ਕਰ ਰਹੇ ਹਨ।

ਮੈ ਲਗਾਤਾਰ ਸੋਚਦਾ ਰਿਹਾ ਹਾਂ ਕਿ ਕਿਵੇਂ ਅਤੇ ਕਿਉਂ ਹੋਈ ਹੋਵੇਗੀ ਇਹ ਬਹੁਤ ਬਰਬਰ ਘਟਨਾ? ਹੋਸ਼-ਹਵਾਸ਼ ਕਿਵੇਂ ਇਕ ਮਨੁੱਖ ਕਿਸੇ ਦੀ ਜਾਨ ਲੈ ਸਕਦਾ ਹੈ ? ਉਹ ਵੀ ਇਕ ਨਹੀਂ ਪੂਰੇ ਸਮੂਹ ਦੀ ? ਬਿਨਾਂ ਕਿਸੇ ਅਜਿਹੀ ਦੁਸ਼ਮਣੀ ਦੇ ਜਿਸਦੇ ਕਾਰਨ ਤੁਸੀਂ ਕ੍ਰੋਧ ਨਾਲ ਪਾਗਲ ਹੁੰਦੇ ਜਾ ਰਹੇ ਹੋਵੋਂ, ਕਿਵੇਂ ਤੁਸੀਂ ਕਿਸੇ ਨੌਜਵਾਨ ਦੇ ਸੀਨੇ ਤੇ ਟਿਕਾ ਕੇ ਆਪਣੀ ਰਾਇਫਲ ਦਾ ਘੋੜਾ ਦਬਾ ਸਕਦੇ ਹੋ? ਬਹੁਤ ਸਾਰੇ ਸਵਾਲ ਹਨ ਜੋ ਅੱਜ ਵੀ ਮੈਨੂੰ ਸਤਾਉਂਦੇ ਹਨ। ਇਨ੍ਹਾਂ ਪ੍ਰਸ਼ਨਾਂ ਦੇ ਉਤਰ ਲੱਭਣ ਲਈ ਸਾਨੂੰ ਉਸ ਦੌਰ ਨੂੰ ਯਾਦ ਕਰਨਾ ਪਵੇਗਾ ਜਦੋਂ ਇਹ ਘਟਨਾ ਘਟੀ ਸੀ। ਬਹੁਤ ਖਰਾਬ ਸਨ ਉਹ ਦਿਨ। ਲੱਗਭੱਗ ਦਸ ਸਾਲਾਂ ਤੋਂ ਉੱਤਰ ਭਾਰਤ ਵਿਚ ਚੱਲ ਰਹੇ ਰਾਮ ਜਨਮ ਭੂਮੀ ਅੰਦੋਲਨ ਨੇ ਪੂਰੇ ਸਮਾਜ ਨੂੰ ਬੁਰੀ ਤਰ੍ਹਾਂ ਵੰਡ ਲਿਆ ਸੀ। ਲਗਾਤਾਰ ਹਮਲਾਵਰ ਹੁੰਦੇ ਜਾ ਰਹੇ ਇਸ ਅੰਦੋਲਨ ਨੇ ਖਾਸ ਤੌਰ ਤੇ ਹਿੰਦੂ ਮੱਧਵਰਗ ਨੂੰ ਹੈਰਾਨੀਜਨਕ ਪੱਧਰ ਤੱਕ ਫਿਰਕੂ ਬਣਾ ਦਿੱਤਾ ਸੀ। ਦੇਸ਼ ਵੰਡ ਤੋਂ ਬਾਅਦ ਸਭ ਤੋਂ ਵੱਧ ਫਿਰਕੂ ਦੰਗੇ ਇਸੇ ਦੌਰ ਵਿਚ ਹੋਏ। ਸੁਭਾਵਿਕ ਹੈ ਕਿ ਫਿਰਕੂਕਰਨ ਦੀ ਇਸ ਹਨੇਰੀ ਵਿਚ ਪੁਲਿਸ ਅਤੇ ਪੀ ਏ ਸੀ ਦੇ ਜਵਾਨ ਵੀ ਅਛੂਤੇ ਨਹੀਂ ਸੀ ਰਹੇ। ਪੀ ਏ ਸੀ ਉਪਰ ਤਾਂ ਪਹਿਲਾਂ ਤੋਂ ਹੀ ਫਿਰਕੂ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਮੈਂ ਇਸ ਕਿਤਾਬ ਦੇ ਸਿਲਸਿਲੇ ‘ਚ ਬੀ ਕੇ ਬੀ ਨਈਅਰ, ਜੋ ਦੰਗਿਆਂ ਦੇ ਸ਼ੁਰੂਆਤੀ ਦੌਰ ਵਿਚ ਮੇਰਠ ਦੇ ਵੱਡੇ ਪੁਲਸ ਅਧਿਕਾਰੀ ਸਨ, ਤੋਂ ਇਕ ਲੰਮੀ ਇੰਟਰਵਿਊ ਲਈ ਸੀ ਉਤੇ ਜੋ ਘਟਨਾਵਾਂ 23 ਸਾਲ ਬਾਅਦ ਵੀ ਉਨ੍ਹਾਂ ਨੂੰ ਯਾਦ ਸਨ ਉਨ੍ਹਾਂ ਵਿਚੋਂ ਇਕ ਘਟਨਾ ਬੜੀ ਪ੍ਰਭਾਵਸ਼ਾਲੀ ਸੀ। ਦੰਗੇ ਸ਼ੁਰੂ ਹੋਣ ਤੋਂ ਦੂਸਰੇ ਜਾਂ ਤੀਸਰੇ ਦਿਨ ਹੀ ਇਕ ਰਾਤ ਸ਼ੋਰ-ਸ਼ਰਾਬਾ ਸੁਣ ਕੇ ਜਦ ਉਹ ਰਿਹਾਇਸ਼ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੇ ਦਫਤਰ ਵਿਚ ਕੰਮ ਕਰਨ ਵਾਲਾ ਮੁਸਲਮਾਨ ਸਟੈਨੋਗ੍ਰਾਫਰ ਬੰਗਲੇ ਦੇ ਬਾਹਰ ਆਪਣੀ ਪਤਨੀ ਤੇ ਬੱਚਿਆਂ ਨਾਲ ਖੜਾ ਹੈ ਅਤੇ ਬੁਰੀ ਤਰ੍ਹਾਂ ਦਹਿਸ਼ਤਯਦਾ ਉਸਦੇ ਬੱਚੇ ਚੀਕ-ਚਿਲਾ ਰਹੇ ਹਨ। ਪਤਾ ਲੱਗਿਆਂ ਕਿ ਪੁਲਿਸ ਲਾਇਨ ‘ਚ ਰਹਿਣ ਵਾਲੇ ਇਸ ਪਰਿਵਾਰ ਉੱਤੇ ਉੱਥੇ ਕੈਂਪ ਲਾ ਰਹੇ ਪੀ ਏ ਸੀ ਦੇ ਜਵਾਨ ਕਈ ਦਿਨਾਂ ਤੋਂ ਫਿਕਰੇ ਕੱਸ ਰਹੇ ਸਨ ਅਤੇ ਅੱਜ ਜੇਕਰ ਆਪਣੇ ਗਵਾਂਢੀਆਂ ਦੀ ਮਦਦ ਨਾਲ ਉਹ ਭੱਜਦੇ ਨਾ ਤਾਂ ਸੰਭਵ ਸੀ ਕਿ ਉਨ੍ਹਾਂ ਦੇ ਕਵਾਟਰ ਉਪਰ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ। ਪੂਰੇ ਦੰਗਿਆਂ ਦੌਰਾਨ ਉਹ ਪਰਿਵਾਰ ਵੱਡੇ ਪੁਲਿਸ ਅਧਿਕਾਰੀ ਦੀ ਰਹਾਇਸ਼ ਦੀ ਸ਼ਰਣ ਲੈ ਕੇ ਰਿਹਾ। ਇਨੀਂ ਦਿਨੀਂ ਜਦ ਮੇਰਠ ਤੋਂ ਕੁੱਝ ਮੁਸਲਮਾਨ ਕੈਦੀ ਫਤਹਿਗੜ੍ਹ ਜ਼ੇਲ ਲਿਜਾਏ ਗਏ ਤਾਂ ਉਨ੍ਹਾਂ ਵਿਚੋਂ ਕਈਆਂ ਨੂੰ ਉਥੋਂ ਦੇ ਕੈਦੀਆਂ ਤੇ ਵਾਰਡਾਂ ਨੇ ਮਾਰ ਮੁਕਾਇਆ। ਅਜਿਹੇ ਹੀ ਭਿਆਨਕ ਸਨ ਉਹ ਦਿਨ।

ਫਿਰ ਵੀ ਉਹ ਇਸ ਹੱਦ ਤੱਕ ਕਿਵੇਂ ਗਏ ਹੋਣਗੇ-ਮੈਂ ਇਸ ਗੁੱਥੀ ਨੂੰ ਸੁਲਝਾਉਣਾ ਚਾਹੁੰਦਾ ਸੀ। ਮੈਂ ਹਤਿਆਰਿਆਂ ਦੀ ਉਸ ਮਾਨਸਿਕਤਾ ਨੂੰ ਸਮਝਣਾ ਚਾਹੁੰਦਾ ਸੀ ਜਿਸਦੇ ਤਹਿਤ ਬਿਨਾਂ ਕਿਸੇ ਜਾਣ-ਪਹਿਚਾਣ ਜਾਂ ਵਿਅਕਤੀਗਤ ਦੁਸ਼ਮਣੀ ਦੇ ਉਨ੍ਹਾਂ ਨੇ ਨਿਹੱਥੇ ਅਤੇ ਆਪਣੀ ਸੁਰੱਖਿਆ ‘ਚ ਮੋਜੂਦ ਨੌਜਵਾਨ ਮੁੰਡਿਆਂ ਨੂੰ ਇਕ-ਇਕ ਕਰਕੇ ਭੁੰਨ ਸੁਟਿਆ ਅਤੇ ਜ਼ਮੀਨ ਉੱਤੇ ਛਟਪਟਾਉਂਦੇ ਜਖਮੀਆਂ ਉਤੇ ਉਦੋਂ ਤੱਕ ਗੋਲੀਆਂ ਚਲਾਈਆਂ ਜਦ ਤੱਕ ਉਨ੍ਹਾਂ ਨੂੰ ਯਕੀਨ ਨਹੀਂ ਹੋ ਗਿਆ ਕਿ ਉਨ੍ਹਾਂ ਦਾ ਕੰਮ ਤਮਾਮ ਹੋ ਗਿਆ ਹੈ। ਮੈਂ 23 ਸਾਲ ਇਨ੍ਹਾਂ ਸਵਾਲਾਂ ਦੇ ਉਤਰ ਲੱਭਣ ‘ਚ ਲਾਏ ਹਨ ਅਤੇ ਹੁਣ ਜਦ ਕਾਫੀ ਹੱਦ ਤੱਕ ਗੁੱਥੀ ਸੁਲਝ ਗਈ ਹੈ ਮੈਂ ਆਪਣੀ ਕਿਤਾਬ ਉਤੇ ਕੰਮ ਕਰਨ ਬੈਠਾ ਹਾਂ। ਮੈਨੂੰ ਅਫਸੋਸ ਹੈ ਕਿ ਪਲਟੂਨ ਕਮਾਂਡਰ ਸੁਰੇਂਦਰਪਾਲ ਸਿੰਘ, ਜੋ ਇਸ ਪੂਰੀ ਕਹਾਣੀ ਦਾ ਨਾਇਕ ਜਾਂ ਖਲਨਾਇਕ ਹੈ, ਹੁਣ ਮਰ ਚੁਕਿਆ ਹੈ ਅਤੇ ਉਸ ਨਾਲ ਗੁਜ਼ਾਰੇ ਉਹ ਬਹੁਤ ਸਾਰੇ ਘੰਟੇ ਬੇਕਾਰ ਹੋ ਗਏ ਹਨ ਜਿਨ੍ਹਾਂ ਦੌਰਾਨ ਮੈਂ ਉਸ ਮਾਨਸਿਕਤਾ ਨੂੰ ਸਮਝਣ ਦਾ ਯਤਨ ਕੀਤਾ ਸੀ ਜਿਹਨਾਂ ਦੇ ਚੱਲਦੇ ਉਹ ਆਪਣੀ ਅਗਵਾਈ ਵਾਲੀ ਇਕ ਛੋਟੀ ਜਿਹੀ ਟੁੱਕੜੀ ਨਾਲ ਇਕ ਅਜਿਹਾ ਨੀਚ ਕੰਮ ਕਰਵਾ ਸਕਿਆ ਹੋਵੇਗਾ। ਮੇਰੀਆਂ ਯਾਦਾਂ ਅਤੇ ਗੱਲਬਾਤ ਦੇ ਬਾਅਦ ਲਏ ਗਏ ਕੁੱਝ ਕੁ ਨੋਟਿਸਾਂ ‘ਚ ਕਈ ਦਿਲਚਸਪ ਚੀਜਾਂ ਦਰਜ਼ ਹਨ ਪਰ ਮੈਂ ਉਨ੍ਹਾਂ ਦੀ ਵਰਤੋਂ ਬਹੁਤ ਘੱਟ ਅਤੇ ਅਣਸਰਦੇ ਨੂੰ ਹੀ ਕਰਾਂਗਾ ਜਿਸ ਨਾਲ ਕਿਸੇ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਮੈਂ ਉਸ ਵਿਚ ਕੁੱਝ ਆਪਣੇ ਵੱਲੋਂ ਜੋੜਿਆ ਜਾਂ ਘਟਾਇਆ ਹੈ। ਇਸ ਤਰ੍ਹਾਂ ਪੀ ਏ ਸੀ ਦੀ 41ਵੀਂ ਬਟਾਲੀਅਨ ਦੇ ਤੱਤਕਾਲੀਨ ਕਮਾਂਡਰ ਜੋਧ ਸਿੰਘ ਭੰਡਾਰੀ ਵੀ ਹੁਣ ਜਿਊਂਦੇ ਨਹੀਂ ਹਨ, ਅੰਤ ,ਉਨ੍ਹਾਂ ਨਾਲ ਹੋਈ ਆਪਣੀ ਲੰਮੀ ਗੱਲਬਾਤ ਦਾ ਜ਼ਿਕਰ ਵੀ ਮੈਂ ਲੋੜ ਪੈਣ ਤੇ ਹੀ ਕਰਾਂਗਾ।

ਇਹ ਕਹਾਣੀ ਦਰਅਸਲ ਇਕ ਅਜਿਹੇ ਕਰਜ਼ ਨੂੰ ਪੂਰਾ ਕਰਨ ਦਾ ਯਤਨ ਹੈ ਜੋ 22 ਮਈ 1987 ਤੋਂ ਮੇਰੇ ਸੀਨੇ ਉੱਤੇ ਬੋਝ ਦੀ ਤਰ੍ਹਾਂ ਲੱਦੀ ਹੋਈ ਹੈ।

‘ਸਮਕਾਲੀਨ ਤੀਸਰੀ ਦੁਨੀਆਂ’ ’ਚੋਂ ਧੰਨਵਾਦ ਸਹਿਤ

Comments

Gurpreet Kaur

Vibhuti narayan ray haryana to belong krde ne na te police dept to c te ohna d ik book v c shahar mein karfiyu

ਹਰਪ੍ਰੀਤ ਸਿੰਘ ਕੂੰ

eh j tan gal bai 42 loka di.. indra ghandi de katal ton badh hazaara loka nu ktal kita geya ...bharat de loktantar nu aaje tak koi kaatal nahi labhat

owedehons

http://onlinecasinouse.com/# free online slots online slots <a href="http://onlinecasinouse.com/# ">play slots </a> slots free

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ