Fri, 19 April 2024
Your Visitor Number :-   6985478
SuhisaverSuhisaver Suhisaver

"ਦਿੱਲੀ" ਤੋਂ ਪੰਜਾਬ ਕਿੰਨੀ ਨੇੜੇ ਕਿੰਨੀ ਦੂਰ ? - ਹਰਜਿੰਦਰ ਸਿੰਘ ਗੁਲਪੁਰ

Posted on:- 02-03-2015

suhisaver

ਦਿੱਲੀ ਵਿਧਾਨ ਸਭਾਈ ਚੋਣਾਂ ਦੌਰਾਨ ਹੂੰਝਾ ਫੇਰ ਜਿੱਤ ਤੋਂ ਬਾਅਦ ਅੱਜ ਕੱਲ  ਪੰਜਾਬ ਅੰਦਰ ਵਖ ਵਖ ਪਾਰਟੀਆਂ ਦੇ ਸਰਕਰਦਾ ਆਗੂਆਂ ਵਲੋਂ "ਆਪ"ਵਿਚ ਸ਼ਾਮਿਲ ਹੋਣ ਦੇ ਚਰਚਿਆਂ ਦਾ ਬਜ਼ਾਰ ਗਰਮ ਹੈ। ਸ਼ੋਸ਼ਲ ਮੀਡੀਆ ਤੇ ਤਾਂ ਮੁਖ ਚਰਚਾ ਹੀ ਇਸ ਨੁਕਤੇ ਉੱਤੇ ਹੋ ਰਹੀ ਹੈ।ਇਸ ਚਰਚਾ ਵਿਚ ਸ਼ਿਰਕਤ ਕਰਨ ਵਾਲੇ ਬਹੁਤ ਸਾਰੇ ਚਿਹਰੇ ਰਾਜਸੀ ਪਖੋਂ ਕਾਫੀ ਗੰਭੀਰ ਹਨ,ਜਿਹਨਾਂ ਨੂੰ "ਜ਼ਮੀਨੀ ਹਕੀਕਤ"ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਅਸਲ ਵਿਚ ਇਸ ਚਰਚਾ ਨੂੰ ਬਲ ਉਦੋਂ ਮਿਲਿਆ ਜਦੋਂ ਮੀਡੀਆ ਦੇ ਵੱਡੇ ਹਿੱਸੇ ਵਿਚ ਨੌ ਜਵਾਨ ਕਾਂਗਰਸੀ ਆਗੂ ਸੁਖਪਾਲ ਖਹਿਰਾ ਅਤੇ ਪੀ ਪੀ ਪੀ /ਕਾਂਗਰਸ ਆਗੂ ਮਨਪ੍ਰੀਤ ਸਿੰਘ ਬਾਦਲ ਦੇ "ਆਪ"ਵਿਚ ਸ਼ਾਮਿਲ ਹੋਣ ਸਬੰਧੀ ਕਿਆਫਾ ਨੁਮਾ ਖਬਰਾਂ ਸੁਰਖੀਆਂ ਬਣੀਆਂ। ਸੁਖਪਾਲ ਖਹਿਰਾ ਵਾਰੇ ਖਬਰ ਦੀ ਤਾਂ "ਆਪ"ਪੰਜਾਬ ਇਕਾਈ ਦੇ ਕਨਵੀਨਰ ਸੁਚਾ ਸਿੰਘ ਛੋਟੇਪੁਰ ਨੇ ਵੀ ਮੀਡੀਆ ਦੇ ਰੂਬਰੂ ਹੋ ਕੇ ਪੁਸ਼ਟੀ ਕਰ ਦਿੱਤੀ।ਜਦੋਂ ਇਸ ਮਾਮਲੇ ਨੂੰ ਲੈ ਕੇ ਸ਼ੋਸ਼ਲ ਮੀਡੀਆ ਵਿਚ ਤੂਫਾਨ ਉਠ ਖੜਾ ਹੋਇਆ ਤਾਂ ਮਨਪ੍ਰੀਤ ਬਾਦਲ ਅਤੇ ਜਗਮੀਤ ਬਰਾੜ ਵਾਰੇ ਨਾਲ ਨਾਲ ਸ਼ੁਰੂ ਹੋਈ ਚਰਚਾ ਕੁਝ ਮਠੀ ਪੈ ਕੇ ਰਾਜਸੀ ਪਰਦੇ ਪਿਛੇ ਚਲੇ ਗਈ।

ਪੰਜਾਬ ਅੰਦਰ ਨਵੀਂ ਰਾਜਨੀਤਕ ਸਫਬੰਦੀ ਹੋਣ ਦੇ ਵਰਤਾਰੇ ਵਿਚ ਫੇਰ ਤੋਂ ਤੇਜ਼ੀ ਆ ਗਈ ।ਇੱਕ ਗੱਲ ਤਾਂ ਸਾਫ਼ ਹੈ ਕਿ ਜਿਸ ਤਰਾਂ ਕੇਜਰੀਵਾਲ ਦੀ ਅਗਵਾਈ ਹੇਠ "ਆਪ"ਦੀ ਸਮੁਚੀ ਟੀਮ ਵਲੋਂ  ਮੋਦੀ ਬਨਾਮ ਸੰਘ ਪਰਿਵਾਰ ਨੂੰ ਉਸ ਦੇ "ਨੱਕ"ਥੱਲੇ ਧੂੜ ਚਟਾਈ ਉਸ ਨੇ ਵਖ ਵਖ ਰਾਜਨੀਤਕ ਪਾਰਟੀਆਂ ਦੇ ਉਹਨਾਂ ਆਹਲਾ ਆਗੂਆਂ ਨੂੰ "ਆਪ"ਵਿਚ ਸ਼ਾਮਿਲ ਹੋਣ ਵਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ,ਜਿਹਨਾਂ ਨੂੰ ਉਹਨਾਂ ਦੀ ਪਾਰਟੀ ਹਾਈ ਕਮਾਨ ਕੁਝ ਖਾਸ ਕਾਰਨਾਂ ਸਦਕਾ ਨੇੜੇ ਨਹੀਂ ਲਗਣ ਦਿੰਦੀ ਸੀ । ਪੰਜਾਬ ਦੇ ਉਪਰੋਕਤ ਆਗੂਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹੋ ਸਕਦੇ ਹਨ ਜਿਹੜੇ "ਆਪ"ਵਿਚ ਜਾਣ ਲਈ ਖੰਭ ਤੋਲ ਰਹੇ ਹਨ। ਪੰਜਾਬ ਅੰਦਰ ਇੱਕ ਦੋ ਵਾਰ ਨੂੰ ਛੱਡ ਕੇ ਕਾਂਗਰਸ ਅਤੇ ਅਕਾਲੀ ਭਾਜਪਾ "ਉਤਰ ਕਾਟੋ ਮੇਰੀ ਵਾਰੀ"ਦੀ ਕਹਾਵਤ ਅਨੁਸਾਰ ਵਾਰੋ ਵਾਰੀ ਸਤਾ ਦਾ ਅਨੰਦ ਮਾਣਦੀਆਂ ਆ ਰਹੀਆਂ ਹਨ। ਦੋਵੇ ਰਾਜਸੀ ਧਿਰਾਂ ਸਤਾਧਾਰੀ ਹੋਣ ਸਮੇ ਦੌਰਾਨ ਆਮ ਆਦਮੀ ਤੋਂ ਇੱਕ ਪ੍ਰਕਾਰ ਦੀ ਦੂਰੀ ਸਥਾਪਤ ਕਰ ਲੈਂਦੀਆਂ ਰਹੀਆਂ ਹਨ ,ਦਹਾਕਿਆਂ ਬਧੀ ਸਤਾ ਵਿਚ ਰਹਿਣ ਦੇ ਬਾਵਜੂਦ ਉਹਨਾਂ ਕਦੇ ਵੀ ਆਮ ਲੋਕਾਂ ਦੀਆਂ ਦੁਖ ਤਕਲੀਫਾਂ ਨੂੰ ਦੂਰ ਕਰਨ ਵਲ ਕੋਈ ਕਦਮ ਨਹੀਂ ਚੁੱਕਿਆ। ਪੰਜਾਬ ਦੀ ਹਾਲਤ "ਲੁਚਾ ਸਭ ਤੋਂ ਉਚਾ"ਅਤੇ "ਜਿਸ ਦੀ ਲਾਠੀ ਉਸ ਦੀ ਭੈੰਸ"ਵਾਲੀ ਹੋ ਗਈ।

ਲੋਕਰਾਜੀ ਪਰੰਪਰਾਵਾਂ ਦਾ ਹਾਕਮਾਂ ਨੇ ਭੋਗ ਪਾ ਦਿੱਤਾ ਅਤੇ ਹਾਲਤ ਇੱਕ ਪੁਰਖਾ ਰਿਆਸਤੀ ਰਾਜ ਵਰਗੇ ਹੋ ਗਏ । ਜਾਣ ਬੁਝ ਕੇ ਚੰਮ ਦੀਆਂ ਚਲਾਉਂਦਿਆਂ ਪੰਜਾਬ ਦਾ ਬਿਹਾਰੀਕਰਨ ਕਰ ਦਿੱਤਾ ਗਿਆ। ਜਿਹੜੇ ਸਾਈਕਲ ਦੀਆਂ ਟਿਊਬਾਂ ਨੂੰ ਪੈਂਚਰ ਲਾਉਣ ਦੇ ਕਾਬਲ ਨਹੀਂ ਸਨ ਉਹ ਕੌਮੀ ਰਾਜਨੀਤੀ ਦੀ "ਹਵਾ"ਨੂੰ ਕਾਬੂ ਕਰਨ ਲਈ ਰਾਜਨੀਤੀ ਦਾ ਸਹਾਰਾ ਲੈ ਕੇ ਅਪਰਾਧਿਕ ਜੁਗਾੜ ਕਰਨ ਵਿਚ ਰੁਝ ਗਏ।ਅਜਿਹੇ ਮਹੌਲ ਤੋਂ ਪੰਜਾਬ ਦੇ ਆਮ ਲੋਕ ਭਾਵੇਂ ਨਹੁੰ ਨਹੁੰ ਦੁਖੀ ਸਨ ਪ੍ਰੰਤੂ ਉਹਨਾਂ ਸਾਹਮਣੇ ਕੋਈ ਰਾਜਸੀ ਬਦਲ ਨਾ ਹੋਣ ਕਾਰਨ ਉਹ ਵਾਰ ਵਾਰ ਉਪਰੋਕਤ ਧਿਰਾਂ ਦੀ ਝੋਲੀ ਵਿਚ ਡਿਗਣ ਲਈ ਮਜਬੂਰ ਸਨ।ਪੰਜਾਬ ਅੰਦਰ ਹਾਵੀ ਰਾਜਸੀ ਧਿਰਾਂ ਨੂੰ ਵੀ ਮੁਗਾਲਤਾ ਹੋ ਗਿਆ ਕਿ ਆਮ ਲੋਕਾਂ ਦੀ ਹੈਸੀਅਤ ਭੇਡਾਂ ਬੱਕਰੀਆਂ ਨਾਲੋਂ ਵਧ ਨਹੀਂ । ਉਹਨਾਂ ਨੇ ਸਤਾ ਬਲ ਦੇ ਆਸਰੇ ਲੋਕ ਸ਼ਕਤੀ ਨੂੰ ਦਰ ਕਿਨਾਰ ਦਿੱਤਾ।ਉਧਰ ਅਕਾਲੀਆਂ ਉੱਤੇ ਜਿਉਂ ਜਿਉਂ ਹਨੇਰਗਰਦੀ ਮਚਾਉਣ ਦੇ ਦੋਸ਼ਾਂ ਵਿਚ ਵਾਧਾ ਹੁੰਦਾ ਗਿਆ ਆਮ ਲੋਕਾਂ ਅੰਦਰ ਰੋਹ ਉਬਾਲੇ ਖਾਣ ਲੱਗ ਪਿਆ ।ਮਨ ਪ੍ਰੀਤ ਬਾਦਲ ਪਰਿਵਾਰਕ ਕਾਰਨਾਂ ਸਦਕਾ ਇਹ ਸੋਚ ਕੇ ਅੱਗੇ ਆਇਆ ਕਿ ਉਹ ਬਾਦਲ ਸਰਕਾਰ ਖਿਲਾਫ਼ ਉਠ ਰਹੇ ਲੋਕ ਰੋਹ ਨੂੰ ਵੋਟਾਂ ਦੇ ਰੂਪ ਵਿਚ ਕੈਸ਼ ਕਰ ਕੇ ਪੰਜਾਬ ਦੀ ਸਤਾ ਉੱਤੇ ਕਾਬਜ ਹੋ ਜਾਵੇਗਾ ।ਉਸ ਦੀ ਸੋਚ ਕੁਰਸੀ ਤੱਕ ਸੀਮਤ ਹੋਣ ਕਾਰਨ ਉਹ ਪੰਜਾਬ ਦੇ ਆਮ ਆਦਮੀ ਨੂੰ ਲਾਮਬੰਦ ਕਰਨ ਵਿਚ ਬੁਰੀ ਤਰਾਂ ਫੇਲ ਹੋਇਆ ਜਿਸ ਦੇ ਕਈ ਕਾਰਨ ਗਿਣਾਏ ਜਾ ਸਕਦੇ ਹਨ ।ਇਸੇ ਸਮੇ ਦੌਰਾਨ ਦੇਸ਼ ਦੇ ਰਾਜਸੀ ਮੰਚ ਉੱਤੇ ਵਖ ਵਖ ਤਰਾਂ ਦੇ ਘੋਲਾਂ ਨੂੰ ਅਪਣਾਏ ਹੋਏ ਉਚ ਯੋਗਤਾ ਪ੍ਰਾਪਤ ਨੌਜਵਾਨ ਆਗੂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ "ਆਮ ਆਦਮੀ ਪਾਰਟੀ"ਦਾ ਜਨਮ ਹੋਇਆ ਜਿਸ ਦੀਆਂ ਸਰਗਰਮੀਆਂ ਦਾ ਕੇਂਦਰ ਬਿੰਦੂ ਦੇਸ਼ ਦੀ ਰਾਜਧਾਨੀ ਦਿੱਲੀ ਸੀ।

2013 ਦੇ ਅਖੀਰ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਨਿਸ਼ਕਾਮ ਕਾਰਜਕਰਤਾਵਾਂ ਦੇ ਆਸਰੇ ਜਿਸ ਤਰਾਂ ਦਾ ਰਾਜਸੀ ਕਰਿਸ਼ਮਾ "ਆਪ"ਨੇ ਵਿਖਾਇਆ ਉਸ ਨਾਲ ਰਾਜਸੀ ਪੰਡਿਤਾਂ ਦੇ ਵੀ ਦੰਦ ਜੁੜ ਗਏ । ਤੁਰੰਤ ਬਾਅਦ ਪੰਜਾਬ ਅੰਦਰ ਹੋਈਆਂ ਲੋਕ ਸਭਾ ਚੋਣ ਦੌਰਾਨ ਪੰਜਾਬ ਦੇ ਲੋਕਾਂ ਨੇ "ਆਪ"ਦੀ ਦਿੱਲੀ ਵਾਲੀ ਕਾਰਗੁਜਾਰੀ ਨੂੰ ਦੁਹਰਾ ਕੇ ਪੰਜਾਬ ਅੰਦਰ ਰਾਜ ਕਰਦੀਆਂ ਰਹੀਆਂ ਧਿਰਾਂ ਨੂੰ ਝੰਜੋੜ ਕੇ ਰਖ ਦਿੱਤਾ।ਆਪ ਦੇ ਉਮੀਦਵਾਰਾਂ ਨੇ ਖੜੇ ਪੈਰ ਬਣਾਏ  ਆਰਜੀ ਸੰਗਠਨ ਦੇ ਆਸਰੇ ਜਿਥੇ ਤੇਰਾਂ ਵਿਚੋਂ ਚਾਰ ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਥੇ ਹਰ ਇੱਕ ਸੀਟ ਉੱਤੇ ਭਰਵੀਂ ਹਾਜ਼ਰੀ ਲਵਾ ਕੇ ਮੁਖ ਰਾਜਸੀ ਧਿਰਾਂ ਨੂੰ ਸੋਚਾਂ ਵਿਚ ਪਾ ਦਿੱਤਾ । ਆਪ ਪਾਰਟੀ ਦਾ ਯਾਦੂ ਇੱਕ ਸਾਲ ਦੇ ਅੰਦਰ ਦੂਸਰੀ ਵਾਰ ਉਦੋਂ ਸਿਰ ਚੜ ਕੇ ਬੋਲਿਆ ਜਦੋਂ ਮੋਦੀ ਦਾ ਅਸ਼ਵ ਮੇਧ ਘੋੜਾ ਬੇ ਰੋਕ ਹੋ ਕੇ ਪੂਰੇ ਦੇਸ਼ ਅੰਦਰ ਘੁੰਮ ਰਿਹਾ ਸੀ।ਆਪ ਨੇ ਘੋੜਾ ਫੜ ਕੇ ਵਕਤ ਦੇ ਕਿੱਲੇ ਨਾਲ ਬੰਨਿਆ ਹੀ ਨਹੀਂ ਸਗੋਂ ਅਰਧ ਸਟੇਟ ਵਜੋਂ ਜਾਣੀ ਜਾਂਦੀ ਰਾਜਧਾਨੀ ਦਿੱਲੀ ਦੀ ਸਤਾ ਉੱਤੇ ਕਬਜਾ ਕਰ ਲਿਆ। ਦੇਸ਼ ਦੀ ਸਿਆਸਤ ਵਿਚ ਆਏ ਇਸ ਅਣ ਕਿਆਸੇ ਮੋੜ ਨਾਲ ਸੰਘ ਪਰਿਵਾਰ ਦੀ ਸਾਖ ਨੂੰ ਵੱਡਾ ਧੱਕਾ ਲੱਗਾ।ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਜਾਪਦਾ ਹੈ ।ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਫਰਵਰੀ 2017 ਵਿਚ ਹੋ ਰਹੀਆਂ ਹਨ।ਬਦਲੇ ਸਿਆਸੀ ਹਾਲਾਤਾਂ ਕਾਰਨ ਪੰਜਾਬ ਦੇ ਲੋਕ ਇਹਨਾਂ ਆਗਾਮੀ ਚੋਣਾਂ ਦੌਰਾਨ ਪੰਜਾਬ ਦੀ ਵਾਗ ਡੋਰ "ਆਪ"ਨੂੰ ਸੰਭਾਲਣ ਲਈ ਉਤਾਵਲੇ ਦਿਖਾਈ ਦੇ ਰਹੇ ਹਨ ।ਦੂਜੀਆਂ ਪਾਰਟੀਆਂ ਨਾਲ ਸਬੰਧਿਤ ਆਗੂਆਂ ਨੂੰ ਆਪ ਵਿਚ ਸ਼ਾਮਿਲ ਕਰਨ ਜਾਂ ਕਿਸੇ ਹੋਰ ਰਾਜਸੀ ਧਿਰ ਨਾਲ ਸਥਾਈ ਜਾਂ ਅਸਥਾਈ ਸਮਝੌਤਾ ਕਰਨ ਸਬੰਧੀ ਤੂਲ ਪਕੜਨ ਦਾ ਮੂਲ ਕਾਰਨ ਪੰਜਾਬ ਅੰਦਰ ਬਣ ਰਿਹਾ "ਆਪ"ਪਖੀ ਮਹੌਲ ਹੀ ਹੈ।

ਆਓ ਇਹਨੀਂ ਦਿਨੀ ਚਰਚਾ ਵਿਚ ਆਏ ਉਪਰੋਕਤ ਸਵਾਲਾਂ ਦੇ ਜਵਾਬ ਲਭਣ ਦਾ ਯਤਨ ਕਰੀਏ।ਪਹਿਲੀ ਗੱਲ ਤਾਂ ਆਗਾਮੀ ਚੋਣਾਂ ਹੋਣ ਵਿਚ ਦੋ ਸਾਲਾਂ ਦਾ ਸਮਾਂ ਰਹਿੰਦਾ ਹੈ।ਇਸ ਸਮੇਂ ਦੌਰਾਨ ਪੰਜਾਬ ਤੇ ਦੇਸ਼ ਦੀ ਰਾਜਨੀਤੀ ਕੋਈ ਵੀ ਸੁਖਾਵਾਂ ਜਾਂ ਅਣਸੁਖਾਵਾਂ ਮੋੜ ਲੈ ਸਕਦੀ ਹੈ।ਪਿਛਲੇ ਲੰਬੇ ਸਮੇਂ ਤੋਂ ਹਰ ਵਰਗ ਨਾਲ ਸਬੰਧਿਤ ਜਿਹੜੇ ਪੰਜਾਬੀ ਨੌਜਵਾਨ "ਆਪ"ਦੀਆਂ ਸਫਾੰ ਅੰਦਰ ਆਏ ਹਨ ਇਹ ਇੱਕ ਸ਼ੁਭ ਸ਼ਗਨ ਹੈ।ਨੌਜਵਾਨ ਵਰਗ ਦੇ ਇਸ ਅਮਲ ਨਾਲ ਇਸ ਵਰਗ ਵਿਚ ਆਈ ਰਾਜਨੀਤਕ ਖੜੋਤ ਟੁੱਟਣ ਵਿਚ ਮਦਦ ਮਿਲੇਗੀ। ਅਥਾਹ ਊਰਜਾ,ਲਗਨ ਅਤੇ ਇਮਾਨਦਾਰੀ ਦੇ ਬਾਵਯੂਦ ਇਹਨਾਂ ਨੌਜਵਾਨਾਂ ਵਿਚ ਸਿਆਸੀ ਪ੍ਰਪੱਕਤਾ ਦੀ ਘਾਟ ਹੈ।ਕਈ ਵਾਰ ਇਹਨਾਂ ਅੰਦਰਲੇ ਹੋਸ਼ ਵਿਹੂਣੇ ਜੋਸ਼ ਨੂੰ ਦੇਖ ਕੇ ਮਨ ਦੁਖੀ ਹੁੰਦਾ ਹੈ।ਮਸਲਨ ਲੋਕ ਸਭਾ ਚੋਣਾਂ ਵਿਚ ਵਧੀਆ ਕਾਰਗੁਜ਼ਾਰੀ ਤੋਂ ਲੈ ਕੇ ਅਜੇ ਤਕ "ਆਪ"ਆਗੂਆਂ ਦੇ ਸਮਰਥਕ ਮੁਖ ਮੰਤਰੀ ਪਦ ਵਾਸਤੇ ਵੀ ਉਮੀਦਵਾਰਾਂ ਦੇ ਨਾਵਾਂ ਉੱਤੇ ਸ਼ੋਸ਼ਲ ਮੀਡੀਆ ਰਾਹੀਂ  ਰਾਇ ਸ਼ਮਾਰੀ ਕਰਵਾਉਣ ਵਿਚ  ਜੁਟੇ ਹੋਏ ਹਨ।ਉਲਾਰ ਮਾਨਸਿਕਤਾ ਵਾਲੇ ਕਾਰਜ ਕਰਤਾਵਾਂ ਦੀ ਇਹ ਕਾਰਵਾਈ ਅਤਿ ਦਰਜੇ ਦੀ ਹਾਸੋਹੀਣੀ ਅਤੇ ਆਪਹੁਦਰੀ ਮੰਨੀ ਜਾ ਰਹੀ ਹੈ।ਕਿਸੇ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਜਾ ਨਾ ਕਰਨ ਵਾਰੇ ਚਰਚਾ ਅਜਿਹੇ ਸਮਰਥਕ ਹੀ ਕਰ ਰਹੇ ਹਨ।ਇੱਕ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਹਰ ਪਾਰਟੀ ਵਿਚ ਬਹੁਤ ਹੀ ਸੰਜੀਦਾ ਕਿਸਮ ਦੇ ਲੋਕ ਬੈਠੇ ਹਨ ਖਾਸ ਕਰਕੇ ਖੱਬੇ ਪਖੀ ਪਾਰਟੀਆਂ ਵਿਚ।ਕੂਟਨੀਤਕ ਦਾਅ ਪੇਚਾਂ ਅਤੇ ਜੋੜਾਂ ਤੋੜਾਂ ਤੋਂ ਬਿਨਾਂ ਅਜੋਕੀ ਰਾਜਨੀਤੀ ਦਾ ਚਲਣਾ ਨਾ ਮੁਮਕਿਨ ਹੈ, ਜੋ ਹਰ ਕਿਸੇ ਦੇ ਵੱਸ ਦਾ ਰੋਗ ਨਹੀ। ਰਾਜਨੀਤਕ ਪਖੋਂ ਸਫਲ ਹੋਣ ਵਾਰੇ ਕੁਝ ਕੂਟ ਨੀਤਕ ਨਿਯਮ ਸਰਬ ਵਿਆਪਕ ਮੰਨੇ ਜਾਂਦੇ ਹਨ ਜਿਵੇਂ ਰਾਜਨੀਤਕ ਪਖੋਂ  "ਦੁਸ਼ਮਣ ਦੇ ਦੁਸ਼ਮਣ ਨੂੰ ਦੋਸਤ"ਵਜੋਂ ਅਪਣਾਉਣ ਦੀ ਕੋਸਿਸ਼ ਕੀਤੀ ਜਾਂਦੀ ਹੈ ਅਤੇ "ਲੜਾਈ ਵਿਚ ਸਾਰੇ ਹਥਿਆਰ ਜਾਇਜ"ਮੰਨੇ ਜਾਣ ਦੀ ਰਵਾਇਤ ਹੈ। ਦੇਸ਼ ਦੀ ਚਲੰਤ ਰਾਜਸੀ ਵਿਵਸਥਾ ਅੰਦਰ ਚੋਣ ਜਿੱਤਣ ਲਈ ਹਰ ਹੀਲਾ ਵਸੀਲਾ ਵਰਤਿਆ ਜਾਂਦਾ ਹੈ।ਭਾਵੇਂ ਇਸ ਸਮੇਂ "ਆਪ"ਦੇ ਅੰਦਰੋਂ ਅਤੇ ਬਾਹਰੋਂ ਅਣਸੁਖਾਵੀਆਂ ਖਬਰਾਂ ਆ ਰਹੀਆਂ ਹਨ ਪਰ ਫੇਰ ਵੀ "ਆਪ"ਦੀ ਕੇਂਦਰੀ ਕਮੇਟੀ ਪੰਜਾਬ ਅੰਦਰ ਉਹੀ ਰਣਨੀਤੀ ਅਪਣਾਵੇਗੀ ਜਿਹੜੀ ਉਹ ਦਿੱਲੀ ਅੰਦਰ ਸਫਲਤਾ ਪੂਰਬਕ ਆਪਣਾ ਚੁੱਕੀ ਹੈ।ਉਹ ਕੁਝ ਜਥੇਬੰਦਕ ਧਿਰਾਂ  ਨਾਲ ਚਾਹ ਕੇ ਵੀ ਸਮਝੌਤਾ ਨਹੀਂ ਕਰੇਗੀ ਕਿਓਂ ਕਿ ਉਸ ਦੀਆਂ ਕੁਝ ਸਰਬ ਪਖੀ ਸੀਮਾਵਾਂ ਹਨ।ਇਸ ਦੇ ਬਾਵਯੂਦ ਅੰਦਰ ਖਾਤੇ ਪੰਜਾਬ ਦੇ ਹਿਤਾਂ ਨੂੰ ਪਰਣਾਏ ਜਨਤਕ ਆਗੂਆਂ ਦੀਆਂ ਸੇਵਾਵਾਂ ਲੈਣ ਤੋਂ ਆਮ ਆਦਮੀ ਪਾਰਟੀ ਗੁਰੇਜ ਨਹੀਂ ਕਰੇਗੀ ।

"ਆਪ"ਰਾਜਨੀਤੀ ਦੀ ਚੂਲ ਇਸ ਨੁਕਤੇ ਉੱਤੇ ਟਿਕੀ ਹੋਈ ਹੈ ਕਿ ਰਜਨੀਤਕ ਵਿਚਧਾਰਾ ਦੇ ਕੇਂਦਰ ਵਿਚ ਰਹਿ ਕੇ ਖੱਬੀ ਅਤੇ ਸੱਜੀ ਸੋਚ ਨਾਲ ਸਬੰਧਿਤ ਧਿਰਾਂ ਸਮੇਤ ਧਰਮ ਨਿਰਪਖਤਾ ਦੇ ਮੁਦਈਆਂ ਨੂੰ ਸਤਾ ਤੱਕ ਪਹੁੰਚਣ ਦਾ ਵਾਹਣ ਬਣਾਇਆ ਜਾਵੇ। ਹੁਣ ਤੱਕ ਜਾਤਾਂ-ਪਾਤਾਂ,ਗੋਤਾਂ ਅਤੇ ਧਰਮਾਂ ਦੇ ਅਧਾਰ ਤੇ ਜਿਸ ਤਰਾਂ ਦੀ ਗੋਲਬੰਦੀ ਖੱਬੀਆਂ ਧਿਰਾਂ ਨੂੰ ਛੱਡ ਕੇ ਕਾਬਜ ਰਾਜਸੀ ਧਿਰਾਂ ਕਰਦੀਆਂ ਆਈਆਂ ਹਨ ਉਸ ਨੂੰ ਤੋੜਨ ਵਾਸਤੇ ਅੱਜ ਤੱਕ ਕਿਸੇ ਨੇ ਕੋਈ ਯਤਨ ਨਹੀਂ ਕੀਤਾ ।ਦੇਸ ਵਿਆਪੀ ਰਾਜਨੀਤਕ ਖਿਲਾਰੇ ਦੇ ਸੰਧਰਭ ਵਿਚ "ਆਪ"ਇੱਕ ਨਵੀਂ ਤਰਾਂ ਦਾ ਰਾਜਨੀਤਕ ਬਦਲ ਲੈਕੇ ਸਾਹਮਣੇ ਆਈ ਹੈ,ਜਿਸ ਦਾ ਸਾਰਿਆਂ ਨੂੰ ਖੈਰ ਮਕਦਮ ਕਰਨਾ ਚਾਹੀਦਾ ਹੈ।"ਆਪ"ਦੀ ਕੇੰਦਰੀ ਟੀਮ ਨਿਆਣੀ ਨਹੀਂ ਹੈ ਕਿ ਬਿਨਾਂ ਕਿਸੇ ਅੱਪਵਾਦ ਐਰੇ ਗੈਰੇ ਆਗੂ ਨੂੰ ਆਪਣੇ ਪੁਰਾਣੇ ਆਗੂਆਂ ਸਮੇਤ ਮੁਢਲੇ ਸਿਧਾਂਤਾਂ ਉੱਤੇ ਭਾਰੂ ਹੋਣ ਦਾ ਅਵਸਰ ਪਰਦਾਨ ਕਰੇ। ਸੋ ਹਥ ਰੱਸਾ ਸਿਰੇ ਤੇ ਗੰਢ ਦਿੰਦਿਆਂ ਮੈ ਇਹ ਸਪਸ਼ਟ ਕਰਦਾ ਹਾਂ ਕਿ ਜਦੋਂ ਵੀ ਪੰਜਾਬ ਵਿਧਾਨ ਸਭਾ ਵਾਸਤੇ ਚੋਣਾਂ ਹੋਈਆਂ ਤਾਂ ਵੋਟਾਂ ਕੇਜਰੀਵਾਲ ਅਤੇ ਯੋਗੇਂਦਰ ਯਾਦਵ ਵਰਗੇ ਪਰਪੱਕ ਅਤੇ ਇਮਾਨਦਾਰ ਅਕਸ ਵਾਲੇ ਨੇਤਾਵਾਂ ਦੇ ਮੂੰਹ ਨੂੰ ਪੈਣੀਆਂ ਹਨ ਸਾਡੇ, ਤੁਹਾਡੇ ਜਾ ਕਿਸੇ ਜਿਆਦਾ ਤੱਤੇ ਕਾਰਜ ਕਰਤਾ ਦੇ ਕਹਿਣ ਉੱਤੇ ਨਹੀਂ ਪੈਣੀਆਂ ਕਿਓਂ ਕਿ ਜੇਕਰ ਅਜਿਹਾ ਹੁੰਦਾ ਤਾਂ ਹੁਣ ਨੂੰ ਪੰਜਾਬ ਦਾ ਰਾਜਸੀ ਨਕਸ਼ਾ ਹੋਰ ਹੋਣਾ ਸੀ।ਮੇਰੀ ਨਿੱਜੀ ਸਲਾਹ ਹੈ ਕਿ ਜਿਹੜੇ ਲੋਕ ਆਪਣੇ ਆਪ ਤੇ ਭਰੋਸਾ ਕਰਦੇ ਹਨ ਉਹ "ਆਪ"ਤੇ ਵੀ ਕਰਨ।ਚੰਗਾ ਇਹੀ ਹੋਵੇਗਾ ਕਿ ਉਹ ਆਪੋ ਆਪਣੀ ਤਾਕਤ ਆਪਣੀਆਂ ਮੁਠੀਆਂ ਅੰਦਰ ਬੰਦ ਕਰਕੇ ਅਰਵਿੰਦ ਕੇਜਰੀਵਾਲ ਦੀ ਸਮੁਚੀ ਟੀਮ ਨਾਲ ਖੜਨ ਦਾ ਅਹਿਦ ਕਰਨ।

ਸੰਪਰਕ: +91 0061 469976214

Comments

sukhdev bahra

thats a very valuable artile about aap s poliy and about whats going in punjab now.i appericiate harjinder singh gulpur.he put the so many facts&true situations front of peoples of punjab.beware of jhoote politiianswho been betrayed to thepeoples of punjab.so i hope aap will be performed the govt. in next assembly s elections in 2017.its not too far.i would wish for good wishes for aap party in the future. god bless u suhi saver & its all members all over the world.

sukhdev bahra

See on the top cmments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ