Thu, 18 July 2024
Your Visitor Number :-   7194599
SuhisaverSuhisaver Suhisaver

ਭਾਰਤ-ਪਾਕਿ ਤਣਾਅ ਅਤੇ ਮੀਡੀਆ ਦੀ ਭੂਮਿਕਾ - ਗੁਰਤੇਜ ਸਿੰਘ

Posted on:- 01-10-2016

suhisaver

ਸਰਹੱਦੀ ਖੇਤਰ੍ਹਾਂ ‘ਚ ਵਧਦੇ ਤਣਾਅ ਨੇ ਭਾਰਤੀ ਨਿਜ਼ਾਮ ਦੇ ਨਾਲ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ‘ਚ ਅਥਾਹ ਵਾਧਾ ਕੀਤਾ ਹੈ।ਪਿਛਲੇ ਕੁਝ ਸਮੇਂ ਤੋਂ ਭਾਰਤਪਾਕਿ ਦਰਮਿਆਨ ਕੁਝ ਅਜਿਹਾ ਘਟਨਾਕ੍ਰਮ ਵਾਪਰਿਆ ਜਿਸਨੇ ਸਰਹੱਦ ‘ਤੇ ਦੁਬਾਰਾ ਤਣਾਅ ਉਪਜਾਇਆ ਹੈ।ਅਖੌਤੀ ਮੀਡੀਆ ਦੁਆਰਾ ਇਸ ਵਰਤਾਰੇ ਨੂੰ ਇੰਨੀ ਜ਼ਿਆਦਾ ਹਵਾ ਦਿੱਤੀ ਜਾ ਰਹੀ ਹੈ ਜਿਸਨੇ ਦੋਵਾਂ ਮੁਲਕਾਂ ਵਿਚਕਾਰ ਜੰਗ ਦੇ ਆਸਾਰ ਪੈਦਾ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਹੈ।ਅਫਵਾਹਾਂ ਦਾ ਬਜ਼ਾਰ ਇੰਨਾ ਕੁ ਗਰਮ ਹੋ ਚੁੱਕਿਆ ਹੈ, ਜਿਸ ਨੂੰ ਦੇਖ ਸੁਣ ਕੇ ਮਾਲੂਮ ਹੁੰਦਾ ਹੈ ਜਿਵੇਂ ਹੁਣੇ ਜੰਗ ਲੱਗਣ ਵਾਲੀ ਹੈ।ਸੋਸ਼ਲ ਮੀਡੀਆ ‘ਤੇ ਰੌਲਾ ਪਾਉਣ ਵਾਲੇ ਲੋਕ ਇਸ ਤਰ੍ਹਾਂ ਵਿਵਹਾਰ ਕਰਦੇ ਹਨ ਜਿਵੇਂ ਜੰਗ ਉਨ੍ਹਾਂ ਦੇ ਖਿਆਲੀ ਪੁਲਾਉ ਨਾਲ ਹੀ ਜਿੱਤੀ ਜਾਵੇਗੀ।ਉੱਪਰੋਂ ਇਲੈਕਟ੍ਰੋਨਿਕ ਮੀਡੀਆ ਕਰਮੀਆਂ ਦੀ ਇਸ ਬਾਬਿਤ ਪੇਸ਼ਕਾਰੀ ਬੇਹੱਦ ਨੀਵੀਂ ਹੈ।ਸਰਹੱਦੀ ਲੋਕਾਂ ਦੇ ਦਰਦ ਅਤੇ ਮੀਡੀਆ ਦੀ ਭੂਮਿਕਾ ਬਾਰੇ ਚਰਚਾ ਕਰਨ ਤੋਂ ਪਹਿਲਾਂ ਉਸ ਪੂਰੇ ਘਟਨਾਕ੍ਰਮ ‘ਤੇ ਝਾਤ ਲਾਜ਼ਮੀ ਪਾਉਣੀ ਲਾਜ਼ਮੀ ਹੈ, ਜਿਸਨੇ ਦੇਸ਼ ਨੂੰ ਇਸ ਮੋੜ ‘ਤੇ ਲਿਆ ਖੜਾ ਕੀਤਾ ਹੈ।

ਪਿਛਲੇ ਛੇ ਦਹਾਕਿਆਂ ਤੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਅਸ਼ਾਂਤ ਹੈ, ਇਸਦਾ ਸੰਤਾਪ ਪੰਜਾਬ,ਜੰਮੂ ਕਸ਼ਮੀਰ ਆਦਿ ਸਰਹੱਦੀ ਖੇਤਰ੍ਹਾਂ ਨੇ ਹੰਢਾਇਆ ਹੈ। ਜੰਮੂ ਕਸ਼ਮੀਰ ‘ਚ ਅੱਤਵਾਦੀ ਘਟਨਾਵਾਂ ‘ਚ ਚਿੰਤਾਜਨਕ ਵਾਧਾ ਹੋਇਆ ਜਿਸਨੇ ਉੱਥੇ ਵਸਦੇ ਬਾਸ਼ਿੰਦਿਆਂ ਦੀ ਉਡਾ ਰੱਖੀ ਹੈ।ਲੰਘੀ 8 ਜੁਲਾਈ ਨੂੰ ਇੱਕ ਅੱਤਵਾਦੀ ਬੁਰਾਨੀ ਫੌਜ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ ਉਸਦੀ ਮੌਤ ਨੇ ਘਾਟੀ ‘ਚ ਹਿੰਸਾ ਉਪਜਾਈ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਘਾਟੀ ਦੇ ਅਣਗਿਣਤ ਨੌਜਵਾਨਾਂ ਨੂੰ ਅੱਤਵਾਦੀ ਸੰਗਠਨ ਭਾਰਤ ‘ਚ ਦਹਿਸ਼ਤ ਫੈਲਾਉਣ ਲਈ ਉਕਸਾ ਰਹੇ ਹਨ।ਹਜ਼ਾਰਾਂ ਨੌਜਵਾਨ ਇਨ੍ਹਾਂ ਦਹਿਸਤਗਰਦੀ ਗੁੱਟਾਂ ‘ਚ ਸ਼ਾਮਿਲ ਹੋ ਰਹੇ ਹਨ ਜੋ ਆਉਣ ਵਾਲੇ ਸਮੇਂ ‘ਚ ਦੇਸ਼ ਅੰਦਰ ਕੋਹਰਾਮ ਮਚਾਉਣ ਲਈ ਤਿਆਰ ਹੋ ਰਹੇ ਹਨ।ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਬਲੋਚਿਸਤਾਨ ਦਾ ਰਾਗ ਅਲਾਪਿਆ ਸੀ ਤੇ ਉੱਥੇ ਰਾਇਸ਼ੁਮਾਰੀ ਕਰਾਉਣ ਦਾ ਸੁਝਅ ਦਿੱਤਾ ਸੀ।ਇਸਦੇ ਜਵਾਬ ‘ਚ ਪਾਕਿ ਹੁਕਮਰਾਨਾਂ ਨੇ ਵੀ ਕਸ਼ਮੀਰ ‘ਚ ਰਾਇਸ਼ੁਮਾਰੀ ਕਰਾਉਣ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਹੈ।

18 ਸਤੰਬਰ ਨੂੰ ਜੰਮੂ ਦੇ ਉੜੀ ਖੇਤਰ ਵਿੱਚ ਅੱਤਵਾਦੀਆਂ ਦੁਆਰਾ ਫੌਜ ਦੇ ਕੈਂਪ ‘ਤੇ ਆਤਮਘਾਤੀ ਹਮਲਾ ਕੀਤਾ ਗਿਆ ਸੀ ਜਿਸ ‘ਚ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ।ਇਹ ਹਮਲਾ ਪਹਿਲਾ ਨਹੀਂ ਸੀ ਤੇ ਸ਼ਾਇਦ ਆਖਰੀ ਵੀ ਨਹੀਂ ਹੈ।ਇਸ ਹਮਲੇ ਦਾ ਸਬੰਧ ਅੱਤਵਾਦੀ ਸੰਗਠਨ ਜੈਸ਼ੇ ਮੁਹੰਮਦ ਨਾਲ ਨਿੱਕਲਿਆ ਸੀ ਅਤੇ ਅੱਤਵਾਦੀਆਂ ਕੋਲੋਂ ਪਾਕਿਸਤਾਨ ‘ਚ ਬਣੇ ਹਥਿਆਰਾਂ ਦੀ ਬਰਾਮਦਗੀ ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਅੱਤਵਾਦ ਤੇ ਇਸਦੇ ਸਰਗਨਾ ਪਾਕਿਸਤਾਨੀ ਜ਼ਮੀਨ ‘ਤੇ ਰਹਿ ਕੇ ਅਜਿਹੀ ਘਿਨੌਣੀਆਂ ਕਾਰਵਾਈਆਂ ਨੂੰ ਭਾਰਤ ਦੇ ਖਿਲਾਫ ਅੰਜਾਮ ਦੇ ਰਹੇ ਹਨ।ਇਸ ਮੰਦਭਾਗੀ ਘਟਨਾ ਤੋਂ ਬਾਅਦ ਹਫਤਾ ਭਰ ਦੇਸ਼ ਦੀਆਂ ਖੁਫੀਆ ਏਜੰਸੀਆਂ ਮਕਬੂਜ਼ਾ ਕਸ਼ਮੀਰ ‘ਤੇ ਮੁਸ਼ਤੈਦੀ ਨਾਲ ਨਜ਼ਰ ਰੱਖ ਰਹੀਆਂ ਸਨ ਤੇ ਆਖਿਰ ਉਨ੍ਹਾਂ ਦੀਆਂ ਪੁਖਤਾ ਰਿਪੋਰਟਾਂ ਦੇ ਅਧਾਰ ‘ਤੇ 28 ਸਤੰਬਰ ਦੀ ਰਾਤ ਨੂੰ ਫੌਜ ਦੇ 150 ਸਪੈਸ਼ਲ ਕਮਾਂਡੋ ਨੇ ‘ਸਰਜੀਕਲ ਸਟਰਾਈਕ’ ਆਪਰੇਸ਼ਨ ਦੇ ਤਹਿਤ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਤਿੰਨ ਕਿਲੋਮੀਟਰ ਅੰਦਰ ਜਾਕੇ ਅੱਤਵਾਦੀਆਂ ਦੇ 7 ਕੈਂਪ ਤਬਾਹ ਕਰਕੇ 40 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ।ਇਸ ਖੁਫੀਆ ਆਪਰੇਸ਼ਨ ਦੀ ਸਿੱਧੀ ਕਾਰਵਾਈ ਪ੍ਰਧਾਨ ਮੰਤਰੀ ਮੋਦੀ ਤੱਕ ਵੀ ਪਹੁੰਚ ਰਹੀ ਸੀ।ਪਾਕਿਸਤਾਨ ਨੂੰ ਵੀ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ ਪਰ ਉਹ ‘ਮੈਂ ਨਾ ਮਾਨੂੰ’ ਵਾਲੀ ਅੜੀ ਛੱਡਣ ਲਈ ਅਜੇ ਵੀ ਤਿਆਰ ਨਹੀਂ ਹੈ।

ਇਸ ਤੋਂ ਬਾਅਦ ਦੇਸ਼ ਦੇ ਮੀਡੀਆ ਨੇ ਇਸ ਘਟਨਾ ਨੂੰ ਇੰਝਸ਼ ਨਸ਼ਰ ਕੀਤਾ ਜਿਸ ਤਰ੍ਹਾਂ ਸਾਰੀ ਸਮੱਸਿਆ ਦਾ ਹੱਲ ਹੋ ਗਿਆ ਹੋਵੇ ਤੇ ਮੀਡੀਆ ਨੇ ਆਪਣੀ ਸੌੜੀ ਸੋਚ ਦੀ ਬਦੌਲਤ ਲੋਕਾਂ ਨੂੰ ਜਸ਼ਨ ਮਨਾਉਦੇ ਹੋਏ ਦਿਖਾਇਆ, ਜਿਸ ਨੇ ਅਖੌਤੀ ਰਾਸਟਰ ਪ੍ਰੇਮੀਆਂ ਨੂੰ ਜ਼ਹਿਰ ਉਗਲਣ ‘ਤੇ ਮਜ਼ਬੂਰ ਕਰ ਦਿੱਤਾ।ਫੌਜ ਨੇ ਸੰਜਮ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਸੀ ਅਤੇ ਕੋਈ ਸ਼ੋਰ ਸ਼ਰਾਬਾ ਨਹੀਂ ਕੀਤਾ ਪਰ ਮੀਡੀਆ ਨੇ ਇਸਨੂੰ ਇੰਨਾ ਕੁ ਉਛਾਲ ਦਿੱਤਾ ਜਿਵੇਂ ਗਆਂਢੀ ਮੁਲਕ ਨੂੰ ਚਿੜਾ ਰਹੇ ਹੋਣ ਕਿ ਹੁਣ ਦੱਸੋ ਤੁਸੀ ਕੀ ਕਰੋਗੇ।ਹਾਲਾਂਕਿ ਰੱਖਿਆ ਮਾਹਿਰਾਂ ਅਨੁਸਾਰ ਇਹ ਆਪਰੇਸ਼ਨ ਕੋਈ ਪਹਿਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ ਪਰ ਮੀਡੀਆ ਦੇ ਹੱਥ ਇਹ ਛੁਣਛੁਣਾ ਹੁਣ ਹੱਥ ਲੱਗਿਆ ਹੈ ਜਿਸਨੂੰ ਉਹ ਜ਼ੋਰ-ਸ਼ੋਰ ਨਾਲ ਵਜਾਕੇ ਆਪਣੇ ਸਿਆਸੀ ਲੋਕਾਂ ਦੀ ਦ੍ਰਿੜ ਇੱਛਾ ਸ਼ਕਤੀ ਪ੍ਰਗਟਾ ਰਹੇ ਹਨ।ਭਾਜਪਾ ਲਈ ਪਾਕਿ ਖਿਲਾਫ ਸਖਤ ਰੁਖ ਜ਼ਰੂਰੀ ਵੀ ਸੀ ਕਿਉਂਕਿ ਵਿਰੋਧੀ ਧਿਰ ‘ਚ ਰਹਿੰਦਿਆਂ ਭਾਜਪਾ ਸਖਤ ਰੁਖ ਅਪਣਾਉਣ ਦੇ ਦਮਗਜੇ ਮਾਰਦੀ ਨਹੀਂ ਥੱਕਦੀ ਸੀ।ਦਰਅਸਲ ਪਾਕਿ ਨੂੰ ਆਰਪਾਰ ਦੀ ਜੰਗ ‘ਚ ਹਰਾਉਣ ਨਾਲੋਂ ਕੂਟਨੀਤੀ ਨਾਲ ਹਰਾਉਣ ਦੀ ਲੋੜ ਹੈ।ਅਗਰ ਉਹ ਸਿੱਧੀ ਜੰਗ ‘ਚ ਹਾਰ ਕੇ ਅੱਤਵਾਦ ਦੇ ਜਰੀਏ ਭਾਰਤ ਨੂੰ ਅੰਦਰੋਂ ਅੰਦਰੀ ਖੋਖਲਾ ਕਰਨ ਦੇ ਮਨਸੂਬੇ ਘੜਦਾ ਹੈ ਤਾਂ ਭਾਰਤੀ ਕੂਟਨੀਤਕ ਵੀ ਕੋਈ ਸਾਰਥਿਕ ਨੀਤੀ ਉਲੀਕਣ ਜਿਸਦੇ ਜਰੀਏ ਇਸ ਸਮੱਸਿਆ ਦਾ ਹੱਲ ਹੋ ਸਕੇ।

ਦੂਜੇ ਪਾਸੇ ਪਾਕਿ ਸ਼ਾਸ਼ਕ ਵੀ ਬੁਖਲਾਹਟ ‘ਚ ਹਨ ਅਤੇ ਭੜਕਾਊ ਬਿਆਨਬਾਜੀ ਕਰ ਰਹੇ ਹਨ।ਵਿਦੇਸ਼ੀ ਮੀਡੀਆ ‘ਚ ਇਸਦੀ ਕਾਫੀ ਚਰਚਾ ਹੈ।ਨਵਾਜ਼ ਸ਼ਰੀਫ ਬਾਰੇ ਕਿਆਸਰਾਈਆਂ ਲਗਾਈਆ ਜਾ ਰਹੀਆਂ ਹਨ ਹੁਣ ਵੀ ਪਾਕਿ ਫੌਜ ਉਸਦੀ ਸਰਕਾਰ ਦਾ ਤਖਤਾ ਪਲਟ ਸਕਦੀ ਹੈ ਜਿਸ ਤਰ੍ਹਾਂ ਪਹਿਲਾਂ ਦੋ ਵਾਰ ਹੋ ਚੁੱਕਾ ਹੈ।ਪਹਿਲੀ ਵਾਰ ਜ਼ਿਆ ਉਲ ਹਕ ਨੇ ਦੂਜੀ ਵਾਰ ਉਸ ਦੁਆਰਾ ਥਾਪੇ ਫੌਜ ਮੁਖੀ ਪਰਵੇਜ਼ ਮੁੱਸ਼ਰਫ ਨੇ ਉਸਦਾ ਤਖਤਾ ਉਸਨੂੰ ਅਯੋਗ ਕਹਿਕੇ ਪਲਟਾ ਦਿੱਤਾ ਸੀ।ਪਾਕਿ ਅੰਦਰ ਹਾਲਾਤ ਮਾੜੇ ਬਣਦੇ ਜਾ ਰਹੇ ਹਨ ਜਿਸ ਤਰ੍ਹਾਂ ਲੱਗਦਾ ਕਿਤੇ ਇਤਿਹਾਸ ਆਪਣੇ ਆਪ ਨੂੰ ਨਾ ਦੁਹਰਾਵੇ।

ਸਮੁੱਚਾ ਵਿਸ਼ਵ ਖਾਸ ਕਰਕੇ ਅਮਰੀਕਾ ਅਤੇ ਚੀਨ ਦੋਵਾਂ ਦੇਸ਼ਾਂ ਦੇ ਝਗੜੇ ਤੋਂ ਲਾਹਾ ਲੈਣ ਦੀ ਤਾਕ ‘ਚ ਰਹਿੰਦੇ ਹਨ ਤੇ ਲਾਹਾ ਲੈ ਵੀ ਰਹੇ ਹਨ।ਅਮਰੀਕਾ ਦੋਗਲੀ ਨੀਤੀ ‘ਤੇ ਚੱਲਦਿਆਂ ਇੱਕ ਪਾਸੇ ਤਾਂ ਸਾਨੂੰ ਅੱਤਵਾਦ ਦੇ ਖਿਲਾਫ ਹੱਲਾਸ਼ੇਰੀ ਦੇਕੇ ਆਪਣੇ ਹਥਿਆਰ ਵੇਚਦਾ ਹੈ ਦੂਜੇ ਪਾਸੇ ਉਹ ਪਾਕਿਸਤਾਨ ਦੀ ਵੀ ਮਦਦ ਕਰਦਾ ਹੈ।ਚੀਨ ਤਾਂ ਖੈਰ ਹੈ ਹੀ ਪਾਕਿ ਹਿਤੈਸ਼ੀ ਜੋ ਪਾਕਿ ਜਰੀਏ ਭਾਰਤ ਤੋਂ ਬਦਲਾ ਲੈਣ ਦੀ ਤਾਕ ‘ਚ ਰਹਿੰਦਾ ਹੈ।ਇਸ ਤੋਂ ਬਿਨਾਂ ਸਿੰਧ ਜਲ ਸਮਝੌਤਾ ਜੋ ਪਾਕਿਸਤਾਨ ਤੇ ਭਾਰਤ ਵਿਚਕਾਰ ਹੋਇਆ ਸੀ।ਉਸਨੂੰ ਤੋੜਨ ਦੇ ਬੇਤੁਕੇ ਬਿਆਨ ਆ ਰਹੇ ਹਨ ਜੋ ਸਾਰਥਿਕ ਨਹੀਂ ਹਨ।ਪਾਕਿਸਤਾਨ ਦਾ ਵੱਡਾ ਹਿੱਸਾ ਇਸ ਨਾਲ ਪ੍ਰਭਾਵਿਤ ਜ਼ਰੂਰ ਹੋਵੇਗਾ ਪਰ ਸਾਡੇ ਮੁਲਕ ‘ਚ ਵੀ ਹੜਾਂ ਦੀ ਆਮਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਦੂਜੇ ਪਾਸੇ ਅਗਰ ਚੀਨ ਬ੍ਰਹਮਪੁੱਤਰ ਅਤੇ ਸਤਲੁਜ ਜਲ ‘ਚ ਅੜਿੱਕਾ ਪੈਦਾ ਕਰਦਾ ਹੈ ਤਾਂ ਸਾਡੇ ਦੇਸ਼ ‘ਚ ਵੀ ਜਲ ਸੰਕਟ ਗਹਿਰਾ ਸਕਦਾ ਹੈ।ਇਸ ਮਾਮਲੇ ‘ਤੇ ਵੀ ਮੀਡੀਆ ਦੀ ਭੂਮਿਕਾ ਨਾਕਾਰਤਮਿਕ ਹੀ ਰਹੀ ਹੈ।

ਪਾਕਿ ਨਾਲ ਹੋਈਆਂ ਚਾਰ ਜੰਗਾਂ ਵਿੱਚ ਭਾਰਤ ਸਦਾ ਜੇਤੂ ਰਿਹਾ ਹੈ ਪਰ ਜਿੱਤ ਕੇ ਵੀ ਹਾਰਿਆ ਹੈ ਕਿਉਂਕਿ ਮੂਲ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ।ਸਭ ਤੋਂ ਵੱਡੀ ਗੱਲ ਜੰਗਾਂ ਦੌਰਾਨ ਸਰਹੱਦੀ ਲੋਕਾਂ ਦੇ ਉਜਾੜੇ ਦੀ ਦਾਸਤਾਨ ਹੈ ਜਿਸਨੇ ਪੰਜਾਬ,ਰਾਜਸਥਾਨ,ਗੁਜਰਾਤ ਤੇ ਜੰਮੂ ਕਸ਼ਮੀਰ ਦੇ ਬਾਸ਼ਿੰਦਿਆਂ ਨੂੰ ਹਰ ਪੱਖੋਂ ਢਾਹ ਲਗਾਈ ਹੈ।ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਹੰਢਾਇਆ ਹੈ ਤੇ ਹਰ ਹਮਲੇ ਸਮੇਂ ਇੱਥੇ ਉਜਾੜੇ ਦਾ ਮੰਦਭਾਗਾ ਵਰਤਾਰਾ ਵਾਪਰਿਆ ਹੈ।ਹੁਣ ਵੀ ਪੰਜਾਬ ਦੇ ਸਰਹੱਦੀ ਖੇਤਰ੍ਹਾਂ ਦੇ ਲੋਕਾਂ ਨੂੰ ਅਹਿਤਿਹਾਤ ਖਾਤਿਰ ਅਤੇ ਮਜਬੂਰੀਵੱਸ ਘਰਬਾਰ,ਫਸਲ ਆਦਿ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣਾ ਪੈ ਰਿਹਾ ਹੈ।ਕੈਂਪਾਂ ‘ਚ ਉਹ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ ਅਤੇ ਕਈ ਲੋਕ ਆਪਣੇ ਭਰੇ ਭਕੁੰਨੇ ਘਰ,ਪਸ਼ੂਧਨ ਅਤੇ ਪੱਕੀ ਫਸਲ ਨੂੰ ਛੱਡਣ ਨੂੰ ਤਿਆਰ ਨਹੀਂ ਹਨ।ਬਹੁਤੇ ਕਿਸਾਨ ਅੱਧਪੱਕੀ ਫਸਲ ਕੱਟ ਰਹੇ ਹਨ ਅਤੇ ਖੇਤੀਬਾੜੀ ਮਜ਼ਦੂਰ ਜਿਨ੍ਹਾਂ ਕੋਲ ਸਿਰਫ ਹੱਥਾਂ ਦੇ ਹੱਥ ਹਨ ਉਨ੍ਹਾਂ ਦੀ ਨਿੱਘਰੀ ਆਰਥਿਕਤਾ ਹੋਰ ਵੀ ਨਿੱਘਰ ਜਾਵੇਗੀ।ਹਰ ਜੰਗ ਤੋਂ ਬਾਅਦ ਇਨ੍ਹਾਂ ਦੇ ਮੁੜ ਵਸੇਬੇ ‘ਤੇ ਸਿਰਫ ਰਾਜਨੀਤੀ ਹੁੰਦੀ ਹੈ ਅਤੇ ਮਦਦ ਦੇ ਨਾਂਅ ‘ਤੇ ਮਜਾਕ ਕੀਤਾ ਜਾਦਾ ਹੈ।ਅਗਰ ਦੇਖਿਆ ਜਾਵੇ ਜੰਗ ਤੋਂ ਪਹਿਲਾਂ ਹਰ ਵਾਰ ਹੀ ਸਰਹੱਦੀ ਲੋਕਾਂ ਨੂੰ ਘਰ ਛੱਡਣ ਲਈ ਆਖਿਆ ਜਾਦਾ ਰਿਹਾ ਹੈ ਪਰ ਅਜੋਕੇ ਹਾਲਾਤ ਵੱਖਰੇ ਹਨ ਇਸਦਾ ਬਦਲ ਕੁਝ ਹੋਰ ਵੀ ਸਕਦਾ ਹੈ।

ਪੂਰੇ ਵਰਤਾਰੇ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਤੱਥ ਉੱਭਰ ਕੇ ਸਾਹਮਣੇ ਆ ਰਹੇ ਹਨ ਕਿ ਇਸ ਔਖੀ ਘੜੀ ‘ਚ ਸਾਰਿਆਂ ਨੂੰ ਸੰਜਮ ਵਰਤਣ ਦੀ ਲੋੜ ਹੈ।ਖਾਸ ਕਰਕੇ ਇਸ ਤਣਾਅ ਦੇ ਮੌਕੇ ਮੀਡੀਆ ਨੂੰ ਸੰਜਮ ਰੱਖਣ ਦੀ ਜ਼ਰੂਰਤ ਹੈ ਅਤੇ ਭੜਕਾਊ ਪੇਸ਼ਕਾਰੀ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।ਸਗੋਂ ਜੰਗ ਰੋਕਣ ਲਈ ਪ੍ਰਭਾਵਸ਼ਾਲੀ ਪੇਸ਼ਕਾਰੀ ਦੇ ਨਾਲ ਜੰਗ ਦੀ ਦਹਿਸ਼ਤ ਨਾਲ ਲੋਕਾਈ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਚਿੰਤਨ ਕਰੇ।ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਮੀਡੀਆ ਸੰਗਠਨਾਂ ਖਿਲਾਫ ਸਖਤੀ ਕਰੇ ਅਤੇ ਸੋਸ਼ਲ ਮੀਡੀਆ ‘ਤੇ ਵੀ ਨਜ਼ਰਸਾਨੀ ਲਾਜ਼ਮੀ ਹੈ ਤਾਂ ਜੋ ਲੋਕ ਅਫਵਾਹਾਂ ਦੇ ਮੱਕੜਜਾਲ ‘ਚ ਨਾ ਉਲ਼ਝਣ।ਇਹ ਗੱਲ ਦੋਨਾਂ ਮੁਲਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਜੰਗਾਂ ਯੁੱਧਾਂ ਨੇ ਕਿਸੇ ਦਾ ਭਲਾ ਨਹੀਂ ਕੀਤਾ ਹੈ।ਗੜਬੜੀ ਦੇ ਆਲਮ ‘ਚ ਆਵਾਮ ਦਾ ਜਿਉਣਾ ਬਦਤਰ ਹੋ ਜਾਵੇਗਾ ਅਤੇ ਦੋਵਾਂ ਦੇਸ਼ਾਂ ਦੀ ਆਰਥਿਕਤਾ ਡਗਮਗਾ ਜਾਵੇਗੀ।ਉਜਾੜੇ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਦੋਵਾਂ ਦੇਸ਼ਾਂ ‘ਚ ਵਿਕਰਾਲ ਸਮੱਸਿਆ ਹੋ ਨਿੱਬੜੀ ਹੈ।ਇਸ ਲਈ ਅਜੋਕੇ ਸਮੇਂ ਦੀ ਇਹ ਪੁਰਜ਼ੋਰ ਮੰਗ ਹੈ ਕਿ ਭਾਰਤ-ਪਾਕਿ ਵਿਚਕਾਰ ਜੰਗ ਦੇ ਅਸਾਰ ਨੂੰ ਖ਼ਤਮ ਕੀਤਾ ਜਾਵੇ।ਦੋਵੇਂ ਮੁਲਕਾਂ ਦੇ ਨੇਤਾ ਆਪਣੀ ਫੋਕੀ ਚੌਧਰ ਲਈ ਆਵਾਮ ਦੀ ਬਲੀ ਨਾ ਦੇਣ ਅਤੇ ਭਾਰਤ ਪਾਕਿ ਪ੍ਰਤੀ ਕੂਟਨੀਤੀ ਵਰਤੇ।ਆਰ ਪਾਰ ਦੀਆਂ ਲੜਾਈਆਂ ਅਸੀ ਕਿੰਨੀਆਂ ਕਰ ਚੁੱਕੇ ਹਾਂ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਸੋ ਨੀਤੀਕਾਰ ਇਸ ਮਸਲੇ ਪ੍ਰਤੀ ਠੋਸ ਰਣਨੀਤੀ ਉਲੀਕਣ ਜਿਸ ਨਾਲ ਨਿਰਦੋਸ਼ਾਂ ਦਾ ਖ਼ੂਨ ਅਜਾਈਂ ਨਾ ਵਗੇ।ਉਹ ਹਰ ਹੀਲੇ ਵਰਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ‘ਚ ਕਦੇ ਵੀ ਦੋਵਾਂ ਮੁਲਕਾਂ ਵਿੱਚ ਜੰਗ ਨਾ ਹੋਵੇ।

ਸੰਪਰਕ: +91 94641 72783


Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ