Wed, 22 May 2024
Your Visitor Number :-   7054420
SuhisaverSuhisaver Suhisaver

ਕਿਰਨਜੀਤ ਕੌਰ ਮਹਿਲ ਕਲਾਂ ਦੀ ਸ਼ਹਾਦਤ ਜਬਰ ਖਿਲਾਫ ਟੱਕਰ ਦੀ ਪ੍ਰਤੀਕ - ਮਨਦੀਪ

Posted on:- 12-08-2018

suhisaver

ਕਿਰਨਜੀਤ ਕੌਰ ਮਹਿਲ ਕਲਾਂ ਦੀ ਸ਼ਹਾਦਤ ਨੂੰ ਉਨ੍ਹੀ ਵਰ੍ਹੇ ਬੀਤ ਚੱਲੇ ਹਨ। ਅੱਜ ਤੋਂ ਉਨ੍ਹੀ ਵਰ੍ਹੇ ਪਹਿਲਾਂ 29 ਜੁਲਾਈ 1997 ਨੂੰ ਇਸ ਵਿਦਿਆਰਥਣ ਨਾਲ ਕਾਲਜ ਤੋਂ ਵਾਪਸ ਪਰਤਦਿਆਂ ਦਿਨ ਦਿਹਾੜੇ ਸਮੂਹਿਕ ਜਬਰ-ਜਿਨਾਹ ਕਰਨ ਉਪਰੰਤ ਉਸ ਨੂੰ ਕਤਲ ਕਰ ਕੇ ਲਾਸ਼ ਨੂੰ ਖੇਤਾਂ ਵਿੱਚ ਦੱਬ ਦਿੱਤਾ ਗਿਆ ਸੀ। ਇਸ ਵਹਿਸ਼ੀ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਅਪਰਾਧੀ ਮਹਿਲਕਲਾਂ ਇਲਾਕੇ ਦੇ ਸਿਆਸੀ ਅਸਰ ਰਸੂਖ ਰੱਖਣ ਵਾਲੇ ਘਰਾਣੇ ਦੇ 'ਗੁੰਡੇ' ਸਨ ਜਿਨ੍ਹਾਂ ਨੂੰ ਹਾਕਮ ਜਮਾਤਾਂ ਦੇ ਵੱਡੇ ਸਿਆਸੀ ਆਗੂਆਂ ਅਤੇ ਪੁਲਿਸ ਦੀ ਸਰਪ੍ਰਸਤੀ ਹਾਸਿਲ ਸੀ। ਅਜਿਹੇ ਕੇਸ ਵਿੱਚ ਕਿਸੇ ਨੂੰ ਵੀ ਇਨਸਾਫ ਦੀ ਆਸ ਨਹੀਂ ਸੀ। ਭਾਵੇਂ ਕਿ ਪਰਿਵਾਰ ਨੇ ਭਰ ਜੁਆਨ ਧੀ ਦਾ ਥਹੁ ਪਤਾ ਜਾਣਨ ਹਰ ਹੀਲਾ ਵਰਤਿਆ ਪਰ ਹਰ ਪਾਸੇ ਤੋਂ ਨਿਰਾਸ਼ਤਾ ਹੀ ਪੱਲੇ ਪਈ।

ਇਸ ਹਾਲਤ ਵਿੱਚ ਪਰਿਵਾਰ ਨੇ ਇਹ ਕੇਸ ਇਲਾਕਾ ਮਹਿਲਕਲਾਂ ਵਿੱਚ ਸਰਗਰਮ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਕੋਲ ਰੱਖਿਆ ਜਿਨ੍ਹਾਂ ਨੇ ਗੰਭੀਰਤਾ ਨਾਲ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ। ਹਾਸਲ ਹੋਏ ਤੱਥਾਂ ਤੋਂ ਇਹ ਗੱਲ ਸਾਫ਼ ਹੋ ਗਈ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਕੌਣ ਹਨ? ਕਿਰਨਜੀਤ ਕੌਰ ਦੀਆ ਕਿਤਾਬਾਂ, ਸਾਈਕਲ, ਅੰਦਰੂਨੀ ਬਸਤਰ ਤੱਕ ਵੱਡੇ ਘਰਾਣਿਆਂ ਦੇ ਕਾਕਿਆਂ ਦੇ ਖੇਤ ਵਿੱਚੋਂ ਮਿਲ ਚੁੱਕੇ ਸਨ। ਲੋਕਪੱਖੀ ਇਨਕਲਾਬੀ ਤਾਕਤਾਂ ਦੀ ਸੁਚੱਜੀ ਅਗਵਾਈ 'ਚ ਬਣੀ ਐਕਸ਼ਨ ਕਮੇਟੀ ਨੇ ਇਸ ਵੱਡੇ ਚੈਲਿੰਜ ਨੂੰ ਸਵੀਕਾਰ ਕਰਦਿਆਂ ਲੋਕਾਂ ਨੂੰ ਅੱਗੇ ਆਉਣ ਲਈ ਸੱਦਾ ਦਿੱਤਾ। ਸ਼ੁਰੂਆਤੀ ਦਾਬੇ ਤੋ ਬਾਅਦ ਜਿਉਂ ਜਿਉਂ ਲੋਕ ਸੰਘਰਸ਼ ਦਾ ਦਬਾਅ ਵਧਦਾ ਗਿਆ ਗੁੰਡਾ ਢਾਣੀ ਉੱਪਰ ਪੁਲਿਸ ਅਤੇ ਸਿਆਸਤਦਾਨਾਂ ਦੀ ਛੱਤਰੀ ਦਾ ਦਬਾਅ ਉੱਡਦਾ ਗਿਆ।

ਅਖੀਰ 11 ਅਗਸਤ ਨੂੰ ਕਿਰਨਜੀਤ ਕੌਰ ਦੀ ਨਗਨ ਹਾਲਤ ਵਿੱਚ ਲਾਸ਼ ਵੱਡੇ ਘਰਾਣੇ ਦੇ "ਕਾਕਿਆਂ" ਤੋਂ ਉਨ੍ਹਾਂ ਦੇ ਹੀ ਖੇਤ ਵਿੱਚੋਂ ਬਰਾਮਦ ਕਰਵਾਈ। 12 ਅਗਸਤ ਨੂੰ ਹਜਾਰਾਂ ਲੋਕਾਂ ਨੇ ਰੋਹਲੇ ਨਾਹਰਿਆਂ ਨਾਲ ਕਿਰਨਜੀਤ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ। ਮਹਿਲਕਲਾਂ ਦੀ ਧਰਤੀ ਪੰਜਾਹ ਦਿਨ ਸੰਘਰਸ਼ ਦਾ ਅਖਾੜਾ ਬਣੀ ਰਹੀ। ਇਸ ਸ਼ਾਨਾ ਮੱਤੇ ਸੰਘਰਸ਼ ਕਰਕੇ ਜਿੱਥੇ ਕਿਰਨਜੀਤ ਕੌਰ ਦੇ ਬਲਾਤਕਾਰੀ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਕੇ ਉਮਰ ਕੈਦ ਵਰਗੀਆਂ ਮਿਸਾਲੀ ਸਜ਼ਾਵਾਂ ਦਿਵਾਈਆਂ ਗਈਆਂ ਉੱਥੇ ਪੰਜਾਬ ਅੰਦਰ ਜਬਰ ਜੁਲਮ ਖਿਲਾਫ ਲੜ੍ਹਨ ਦੀ ਸ਼ਾਨਦਾਰ ਪਿਰਤ ਨੂੰ ਵੀ ਹੋਰ ਵੱਧ ਬੁਲੰਦ ਕੀਤਾ ਗਿਆ।

ਨਿਰੰਤਰ ਉਨ੍ਹੀ ਵਰ੍ਹੇ ਤੋਂ ਪੰਜਾਬ ਭਰ ਦੇ ਲੋਕ ਕਿਰਨਜੀਤ ਕੌਰ ਦੀ ਯਾਦ 'ਚ ਅੱਜ ਵੀ ਮਹਿਲਕਲਾਂ ਦੀ ਧਰਤੀ ਤੇ ਇਕੱਠੇ ਹੁੰਦੇ ਹਨ। ਉਹ ਵਰਤਮਾਨ ਸਮੇਂ 'ਚ ਸਮਾਜ ਦੇ ਸਭ ਤੋਂ ਵੱਧ ਪੀੜਤ ਔਰਤ ਵਰਗ ਦੀ ਦੁਰਦਸ਼ਾ ਅਤੇ ਔਰਤ ਮੁਕਤੀ ਦੇ ਗੰਭੀਰ ਸਵਾਲ ਉੱਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਚਾਰ-ਚਰਚਾ ਕਰਨ ਆਉਂਦੇ ਹਨ।
ਮਹਿਲਕਲਾਂ ਦੀ ਧਰਤੀ ਨੇ ਇਕ ਮਾਸੂਮ ਬੱਚੀ ਦੇ ਸਮੂਹਿਕ ਬਲਾਤਕਾਰ ਤੇ ਕਤਲ ਖਿਲਾਫ਼ ਅਗਸਤ 1997 ਤੋਂ ਲੈ ਕੇ ਹੁਣ ਤੱਕ ਇਕ ਇਤਿਹਾਸ ਸਿਰਜਿਆ ਹੈ। ਕਾਤਲਾਂ, ਬਲਾਤਕਾਰੀਆਂ ਨੂੰ ਸਜ਼ਾਵਾਂ ਦਿਵਾਉਣ, ਭ੍ਰਿਸ਼ਟ ਅਫ਼ਸਰਾਂ ਨੂੰ ਘਰ ਦਾ ਰਾਹ ਵਿਖਾਉਣ, ਗੁੰਡਾ, ਪੁਲਿਸ, ਸਿਆਸੀ ਤੇ ਅਦਾਲਤੀ ਗਠਜੋੜ ਦਾ ਚਿਹਰਾ ਲੀਰੋਲੀਰ ਕਰਨ, ਸਮੇਂ ਦੇ ਹਾਕਮਾਂ ਦਾ ਇਸ ਗੱਠਜੋੜ ਪੱਖੀ ਰਵੱਈਆ ਨੰਗਾ ਕਰਨ 'ਚ ਵਿਦਿਆਰਥਣ ਕਿਰਨਜੀਤ ਕੌਰ ਦੇ ਬਲਾਤਕਾਰ/ਅਗਵਾ/ਕਤਲ ਕਾਂਡ ਵਿਰੋਧੀ ਘੋਲ ਨੇ ਲੋਕ ਸੰਘਰਸ਼ਾਂ ਦਾ ਇਕ ਨਵਾਂ ਮੀਲ ਪੱਥਰ ਗੱਡਿਆ ਹੈ। ਇਸ ਦਰਦਨਾਕ ਘਟਨਾ ਖਿਲਾਫ਼ ਐਕਸ਼ਨ ਕਮੇਟੀ ਵੱਲੋਂ ਕੇਸ ਦੀ ਨਿਰੰਤਰ ਜਨਤਕ ਅਤੇ ਕਾਨੂੰਨੀ ਪੈਰਵਾਈ ਨੇ ਮਹਿਲ ਕਲਾਂ ਬਰਨਾਲਾ ਇਲਾਕੇ ਦੇ ਲੋਕਾਂ 'ਚ ਇਸ ਸੁਚੱਜੀ ਦਲੇਰ ਅਗਵਾਈ ਨੇ ਆਪਣੀਆਂ ਅਮਿੱਟ ਪੈੜਾਂ ਛੱਡੀਆਂ ਹਨ। ਇਹੀ ਕਾਰਨ ਕਿ ਇਸ ਐਕਸ਼ਨ ਕਮੇਟੀ ਦੇ ਤਿੰਨ ਲੋਕ ਆਗੂਆਂ (ਨਰਾਇਣ ਦੱਤ, ਮਨਜੀਤ ਧਨੇਰ, ਪ੍ਰੇਮ ਕੁਮਾਰ) ਨੂੰ ਬਲਾਤਕਾਰੀ ਅਤੇ ਕਾਤਲ ਧਿਰ ਵੱਲੋਂ ਪੁਲਿਸ ਨਾਲ ਮਿਲਕੇ ਇਕ ਡੂੰਘੀ ਸਾਜਿਸ਼ ਤਹਿਤ ਝੂਠੇ ਕਤਲ ਕੇਸ 'ਚ ਫਸਾਉਣ ਤੇ 28/30 ਮਾਰਚ 2005 ਨੂੰ ਝੂਠੀਆਂ ਗਵਾਹੀਆਂ ਦੇ ਅਧਾਰ 'ਤੇ ਬਰਨਾਲਾ ਸ਼ੈਸ਼ਨ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਤਹਿਤ ਬਠਿੰਡਾ ਜੇਲ੍ਹ 'ਚ ਡੱਕ ਦੇਣ ਦੇ ਬਾਵਜੂਦ, ਮਹਿਲ ਕਲਾਂ ਦੀ ਧਰਤੀ ਝੁਕੀ ਨਹੀਂ। ਪੰਜਾਬ ਦੇ ਲੋਕਾਂ ਖ਼ੌਫ ਨਹੀਂ ਖਾਧਾ, ਲੋਕਾਂ ਈਨ ਨਹੀਂ ਮੰਨੀ ਸਗੋਂ ਪਹਿਲਾਂ ਨਾਲੋਂ ਵੀ ਵੱਧ ਦਲੇਰੀ ਤੇ ਜੋਸ਼ ਨਾਲ ਤਿੰਨ ਲੋਕ ਆਗੂਆਂ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਦੀਆਂ 19 ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਬਣਾ ਕੇ ਪੰਜਾਬ ਦੇ ਹਾਕਮਾਂ ਨੂੰ ਵਖ਼ਤ ਪਾਈ ਰੱਖਿਆ।

ਇਨ੍ਹਾਂ ਸੰਘਰਸ਼ਸੀਲ ਜੱਥੇਬੰਦੀਆਂ ਅਤੇ ਲੋਕਾਂ ਲਈ ਕਿਰਨਜੀਤ ਕੌਰ ਦੀ ਬਰਸੀ ਮਨਾਉਣਾ ਮਹਿਜ ਇਕ ਰਸਮ ਪੂਰਤੀ ਨਹੀਂ ਬਲਕਿ ਦੇਸ਼-ਦੁਨੀਆ 'ਚ ਔਰਤ ਉੱੱਤੇ ਹੁੰਦੇ ਜਬਰ-ਜ਼ੁਲਮ ਖ਼ਿਲਾਫ਼ ਜੱਥੇਬੰਦਕ ਲੋਕ ਰੋਹ ਦੀ ਅਵਾਜ਼ ਖੜੀ ਕਰਨ ਦਾ ਬਲ ਤੇ ਪ੍ਰੇਰਨਾ ਪੈਦਾ ਕਰਨ ਦਾ ਪ੍ਰਤੀਕ ਹੈ। ਦੂਜੇ ਪਾਸੇ ਹਾਕਮ ਜਮਾਤਾਂ ਵੱਲੋਂ ਲੋਕ ਲਹਿਰਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ 'ਸਬਕ' ਸਿਖਾਉਣ ਤੇ ਲੋਕ ਲਹਿਰ ਨੂੰ ਆਗੂ ਰਹਿਤ ਕਰਨ ਲਈ ਖੜੇ ਕੀਤੇ ਚੈਲੰਜ ਨੂੰ ਵੰਗਾਰਨ ਲਈ ਕਿਰਨਜੀਤ ਦੀ ਯਾਦ ਮਨਾਉਣਾ ਜਰੂਰੀ ਹੈ। ਅਜਿਹਾ ਕਰਨਾ ਲੋਕ ਲਹਿਰ ਦੀ ਤਾਕਤ ਦੇ ਸ਼ਾਨਦਾਰ ਝਲਕਾਰਿਆਂ ਦਾ ਮਾਡਲ ਉਸਾਰਨ ਲਈ ਵੀ ਲਾਜ਼ਮੀ ਹੈ ਤੇ ਜਬਰ ਖ਼ਿਲਾਫ਼ ਟੱਕਰ ਦੀ ਅਮੀਰ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਲਿਜਾਣ ਲਈ ਵੀ ਲਾਜ਼ਮੀ ਹੈ ।

 ਦੇਸ਼ ਤੇ ਦੁਨੀਆਂ ਭਰ 'ਚ ਔਰਤਾਂ ਉਪਰ ਹੋ ਰਹੇ ਅੱਤਿਆਚਾਰਾਂ ਖਿਲਾਫ ਅਜਿਹੀ ਲੋਕ ਲਹਿਰ ਖੜੀ ਕਰਨਾ ਇਸ ਲਈ ਵੀ ਜਰੂਰੀ ਹੈ ਕਿਉਂਕਿ ਅੱਜ ਵੀ ਦੇਸ਼-ਦੁਨੀਆ ਪੱਧਰ 'ਤੇ ਔਰਤ ਅੱਤਿਆਚਾਰ, ਛੇੜਛਾੜ, ਬਲਾਤਕਾਰ, ਘਰੇਲੂ ਹਿੰਸਾ, ਯੌਨ ਹਿੰਸਾ, ਕੁੱਟਮਾਰ, ਗਾਲੀ-ਗਲੋਚ, ਕਤਲ, ਬਾਲ ਵਿਆਹ, ਕੁਪੋਸ਼ਣ, ਅਗਵਾ, ਲਿੰਗਕ ਵਖਰੇਵੇਂ, ਨਸਲੀ ਭੇਦਭਾਵ, ਜਾਤੀ-ਪਾਤੀ ਵਿਤਕਰਾ, ਭਰੂਣ ਹੱਤਿਆ, ਦਾਜ, ਤੇਜ਼ਾਬੀ ਹਮਲਿਆਂ, ਵੇਸ਼ਵਾਗਮਨੀ, 'ਅਣਖ' ਲਈ ਕਤਲ, ਪ੍ਰੇਮ ਵਿਆਹ ਦੀ ਮਨਾਹੀ, ਭੋਗ-ਵਿਲਾਸ ਦੀ ਵਸਤੂ ਸਮਝਣ ਆਦਿ ਦੇ ਅੱਤ ਦੇ ਦਾਬੂ ਮਹੌਲ ਹੇਠ ਸਹਿਕ ਰਹੀ ਹੈ। ਪਿਤਾਪੁਰਖੀ ਦਾਬਾ ਤੇ ਮਰਦ ਪ੍ਰਧਾਨਤਾ ਵਰਗੇ ਮੱਧਯੁੱਗੀ 'ਪ੍ਰੇਤ' ਅੱਜ ਵੀ ਉਸਦੇ ਪਿੱਛੇ ਪਏ ਹੋਏ ਹਨ। ਅੱਜ ਵੀ ਔਰਤ ਨੂੰ ਸਮਾਜਿਕ ਪੈਦਾਵਾਰੀ ਸਾਧਨਾਂ ਤੋਂ ਵਿਹੂਣੇ ਕਰਕੇ ਘਰੇਲੂ ਚਾਕਰੀ, ਬੱਚੇ ਪੈਦਾ ਕਰਨ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਵਰਗੇ ਦਾਬੂ ਤੇ ਬੇਇਜਤੀ ਭਰੇ ਮਾਹੌਲ ਨਾਲ ਬੰਨ ਕੇ ਰੱਖਿਆ ਜਾ ਰਿਹਾ ਹੈ। ਸਮਾਜ ਵਿਚ ਪਰਿਵਾਰ ਤੇ ਵਿਆਹ ਵਰਗੀਆਂ ਸੰਸਥਾਵਾਂ ਅੰਦਰ ਰੂੜ੍ਹੀਵਾਦੀ ਪਰੰਪਰਾਵਾਂ ਵੀ ਉਨ੍ਹਾਂ ਦੀ ਗੁਲਾਮੀ ਦਾ ਕਾਰਨ ਬਣ ਰਹੀਆਂ ਹਨ। ਸਦੀਆਂ ਤੋਂ ਪ੍ਰਚਲਿਤ ਲੋਕਦੋਖੀ ਲੋਟੂ ਪ੍ਰਣਾਲੀਆਂ ਨੇ ਧਰਮ, ਜਾਤ, ਮੀਡੀਆ, ਸਾਹਿਤ, ਕਲਾ, ਸਿੱਖਿਆ ਤੇ ਸੱਭਿਆਚਾਰ ਨੂੰ ਵੀ ਉਨ੍ਹਾਂ ਦੀ ਅਜ਼ਾਦੀ ਉੱਪਰ ਬੰਦਸ਼ਾਂ ਲਾਉਣ ਲਈ ਵਰਤਿਆ ਹੈ।ਇਹ ਪੁਰਾਤਨ ਪ੍ਰਣਾਲੀਆਂ ਔਰਤ ਦੀ ਗੁਲਾਮੀ ਦੇ ਨਵੇਂ-ਨਵੇਂ ਰੂਪ ਘੜਣ ਤੇ ਉਸਨੂੰ ਸਲਾਮਤ ਰੱਖਣ 'ਚ ਮੌਜੂਦਾ ਰਾਜ ਪ੍ਰਬੰਧ ਦੀਆਂ ਸਹਾਇਕ ਬਣੀਆਂ ਹੋਈਆਂ ਹਨ। ਮੌਜੂਦਾ ਸਾਮਰਾਜੀ-ਸਰਮਾਏਦਾਰਾ ਵਰਗ ਵੱਲੋਂ ਆਧੁਨਿਕਤਾ ਤੇ ਔਰਤ ਦੀ ਅਜ਼ਾਦੀ ਦੇ ਨਾਂ ਹੇਠ ਫੈਸ਼ਨਪ੍ਰਸਤੀ, ਸੁੰਦਰਤਾ ਮੁਕਾਬਲੇ, ਸੈਕਸ ਟੂਰਿਸਟ ਕੇਂਦਰ, ਚੰਦ ਕੁ ਅਮੀਰ ਔਰਤਾਂ ਦੀ ਤਰੱਕੀ, ਫਿਲਮਾਂ, ਗੀਤਾਂ ਤੇ ਮਸ਼ਹੂਰੀਆਂ ਰਾਹੀਂ ਨੰਗੇਜ਼ਵਾਦ ਪਰੋਸਿਆ ਜਾ ਰਿਹਾ ਹੈ। ਔਰਤਾਂ ਦੀ ਸਸਤੀ ਸਰੀਰਕ ਤੇ ਮਾਨਸਿਕ ਕਿਰਤ ਸ਼ਕਤੀ ਇਕ ਜਿਣਸ ਵਾਂਗ ਲੁੱਟਣ ਲਈ ਉਨ੍ਹਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਖਿੱਚਿਆ ਜਾ ਰਿਹਾ ਹੈ। ਮੰਡੀ 'ਚ ਮਾਲ ਵੇਚਣ ਲਈ ਉਸਨੂੰ ਲਗਾਤਾਰ ਇਕ ਨੁਮਾਇਸ਼ ਦੀ ਵਸਤੂ ਬਣਾਇਆ ਜਾ ਰਿਹਾ ਹੈ। ਅਜਿਹੀ ਹਾਲਤ 'ਚ ਔਰਤ ਦੀ ਸੁਰੱਖਿਆ ਦੇ ਕਾਨੂੰਨ ਤੇ ਹੋਰ ਐਲਾਨ ਮਹਿਜ ਡਰਾਮੇਬਾਜ਼ੀ ਸਾਬਤ ਹੋ ਰਹੇ ਹਨ।

ਮਹਿਲ ਕਲਾਂ ਦੇ ਇਸ ਸ਼ਾਨਾਮੱਤੇ ਸੰਘਰਸ਼ ਦੀ ਦਾਸਤਾਨ ਨੂੰ ਫ਼ਿਲਮਸਾਜ਼ ਦਲਜੀਤ ਅਮੀ ਨੇ ਆਪਣੀ ਜਾਨਦਾਰ ਕਲਾ ਤੇ ਵਿਲੱਖਣ ਅੱਖ ਨਾਲ ਸਮੁੱਚੀਆਂ ਘਟਨਾਵਾਂ ਨੂੰ ਕੈਮਰੇ 'ਚ ਬੰਦ ਕਰਦਿਆਂ 'ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ' ਨਾਂ ਦੀ ਦਸਤਾਵੇਜ਼ੀ ਫ਼ਿਲਮ ਬਣਾਈ। ਕਿਰਨਜੀਤ ਕੌਰ ਜਿਸ ਦਲੇਰੀ ਤੇ ਸੂਰਮਗਤੀ ਨਾਲ ਇਕੱਲੀ ਗੁੰਡਿਆਂ ਨਾਲ ਭਿੜਦੀ ਕੁਰਬਾਨ ਹੋ ਗਈ, ਔਰਤ ਪ੍ਰਤੀ, ਰਾਜਨੀਤਿਕ ਸਮਾਜਕ ਰਵੱਈਏ ਦੇ ਜਿਸ ਤਰ੍ਹਾਂ ਉਸ ਦੀ ਕੁਰਬਾਨੀ ਨੇ ਪਰਖਚੇ ਉਡਾਏ, ਜਿਵੇਂ ਕਿਰਨਜੀਤ ਔਰਤ ਮੁਕਤੀ ਲਈ ਲੋਕ ਸੰਘਰਸ਼ ਦੀ ਪ੍ਰਤੀਕ ਬਣ ਗਈ, ਇਨ੍ਹਾਂ ਸਾਰੇ ਪੱਖਾਂ ਨੂੰ ਫਿਲਮਸਾਜ ਨੇ ਬਾਖੂਬੀ ਉਘਾੜਿਆ। ਸਾਰੀਆਂ ਹੀ ਜਥੇਬੰਦੀਆਂ/ਧਿਰਾਂ ਵੱਲੋਂ ਲੋਕ ਲਹਿਰ 'ਤੇ ਹੋਏ ਇਸ ਹਮਲੇ ਦਾ ਜਿਵੇਂ ਟਾਕਰਾ ਕੀਤਾ ਜਾ ਰਿਹਾ ਹੈ ਇਹ ਪੰਜਾਬ 'ਚ  ਭੱਵਿਖ ਦੇ ਸੰਘਰਸ਼ਾਂ ਲਈ ਮਾਰਗ ਦਰਸ਼ਕ ਬਣੇਗਾ।

ਡੇਢ ਦਹਾਕਾ ਬੀਤ ਜਾਣ 'ਤੇ ਵੀ ਇਹ ਸੰਘਰਸ਼ ਬਾਦਸਤੂਰ ਜਾਰੀ ਹੈ। ਇਹ ਜਬਰ ਤੇ ਇਨਸਾਫ਼ ਵਿਚਕਾਰ ਲਕੀਰ ਖਿੱਚਵੀਂ ਲੜਾਈ ਹੈ। ਜਿਥੇ ਇਸ ਸੰਘਰਸ਼ ਨੇ ਕਈ ਅਹਿਮ ਸਬਕ ਦਿੱਤੇ ਹਨ ਉਥੇ ਇਸ ਨੂੰ ਹਾਲੇ ਵੀ ਚੁਣੌਤੀਆਂ ਦਰਪੇਸ਼ ਹਨ। ਇਸ ਦੇ ਜਰੂਰੀ ਸਬਕਾਂ ਵਿਚੋਂ ਸਿਰਕੱਢ ਇਹ ਕਿ ਜਿੱਥੇ ਜਬਰ ਹੈ ਉੱਥੇ ਟੱਕਰ ਵੀ ਹੈ। ਜਬਰ ਖ਼ਿਲਾਫ ਵਿਸ਼ਾਲ ਲੋਕ ਲਾਮਬੰਦੀ, ਸਾਰੀਆਂ ਲੋਕ ਪੱਖੀ ਜਥੇਬੰਦੀਆਂ/ਧਿਰਾਂ ਦੀ ਸਾਂਝੀ ਸਰਗਰਮੀ, ਅਠਾਰਾਂ ਵਰ੍ਹਿਆਂ ਦੀ ਲਗਾਤਾਰ ਲੋਕ ਜੱਦੋਜਹਿਦ ਆਦਿ ਇਸ ਘੋਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਹਨ। ਕਿਰਨਜੀਤ ਸਵੈਮਾਨੀ ਔਰਤਾਂ ਲਈ ਲੁੱਟ ਜਬਰ ਖਿਲਾਫ਼ 'ਸੰਘਰਸ਼ ਦਾ ਪ੍ਰਤੀਕ' ਬਣ ਜਿਉਂ ਰਹੀ ਹੈ। ਅੱਜ ਵੀ ਅਣਖ-ਆਬਰੂ ਤੇ ਸਵੈਮਾਣ ਦੇ ਰਖਵਾਲੇ ਹਜ਼ਾਰਾਂ ਮੇਹਨਤਕਸ਼ ਲੋਕ ਪੰਜਾਬ ਭਰ 'ਚੋਂ ਕਾਫ਼ਲੇ ਬੰਨ੍ਹਕੇ, ਲੁੱਟ-ਜਬਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਹਰ ਸਾਲ 12 ਅਗਸਤ ਨੂੰ ਮਹਿਲਕਲਾਂ ਦੀ ਧਰਤ ਨੂੰ ਸਲਾਮ ਕਰਨ ਆਉਂਦੇ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਇਹ ਸੁਲੱਖਣੀ ਧਰਤੀ ਕਿਰਤੀ ਲੋਕਾਂ ਤੇ ਉਨ੍ਹਾਂ ਦੀਆਂ ਔਰਤਾਂ ਉੱਤੋਂ ਹਰ ਤਰ੍ਹਾਂ ਦੇ ਲੁੱਟ ਜਬਰ ਨੂੰ ਵਗਾਹ ਮਾਰਨ ਲਈ, ਉਨ੍ਹਾਂ ਦੀ ਗੈਰਤ ਨੂੰ ਵੰਗਾਰਦੀ ਹੈ।

ਸੰਘਰਸ਼ ਦੀਆਂ ਇਨ੍ਹਾਂ ਅਹਿਮ ਪ੍ਰਾਪਤੀਆਂ ਦੇ ਬਾਵਜੂਦ ਵੀ ਚੁਣੌਤੀਆਂ ਵੱਡੀਆਂ ਵਿਕਰਾਲ ਹਨ। ਲੜਾਈ ਲੰਬੀ ਹੈ ਜੋ ਮੌਜੂਦਾ ਲੋਕ ਦੋਖੀ ਢਾਂਚੇ ਨੂੰ ਮੁੱਢੋਂ ਤਬਦੀਲ ਕਰਨ ਨਾਲ ਜੁੜੀ ਹੋਈ ਹੈ। ਕਿਰਨਜੀਤ ਕਤਲ ਕਾਂਡ ਨਾ ਤਾਂ ਪਹਿਲਾ ਕਤਲ ਕਾਂਡ ਹੈ ਤੇ ਨਾ ਹੀ ਆਖਰੀ। ਪਰੰਤੂ ਸਾਡੇ ਲਈ ਜਾਨਣ ਤੇ ਮਾਣ ਕਰਨ ਵਾਲੀ ਗੱਲ ਇਹ ਹੈ ਕਿ ਕਿਰਨਜੀਤ ਕੌਰ ਵਾਲੀ ਘਟਨਾ ਵਾਪਰਨ ਤੋਂ ਪਹਿਲਾਂ ਆਮ ਲੋਕਾਈ ਅੰਦਰ ਬਹੁਤ ਕਿਸਮ ਦੀਆਂ ਗਲਤ ਪਿਛਾਂਹਖਿੱਚੂ ਧਾਰਨਾਵਾਂ ਸਨ ਜਿਨ੍ਹਾਂ ਨੂੰ ਇਸ ਲੋਕ ਸੰਘਰਸ਼ ਨੇ ਸਿਰੇ ਤੋਂ ਨਾਂ ਸਿਰਫ ਖਾਰਜ ਹੀ ਕੀਤਾ ਸਗੋਂ ਹੁਣ ਤਾਂ ਇਸ ਸੰਘਰਸ਼ ਨੇ ਦਰੁੱਸਤ ਬੁਨਿਆਦ ਰੱਖ ਦਿੱਤੀ ਹੈ। ਇਸ ਤੋਂ ਬਾਅਦ ਬਰੇਟਾ ਦਾ ਪਿੰਕੀ ਕਾਂਡ, ਫਰੀਦਕੋਟ ਦਾ ਸ਼ਰੂਤੀ ਕਾਂਡ, ਦਿੱਲੀ ਦਾ ਦਾਮਨੀ ਕਾਂਡ, ਗੰਧੜ ਬਲਾਤਕਾਰ ਕਾਂਡ ਅਤੇ ਹੁਣ ਮੋਗਾ ਅੋਰਬਿਟ ਕਾਂਡ ਵਿੱਚ ਲੋਕ ਘਰਾਂ ਦੀਆਂ ਤੰਗ ਵਲਗਣਾਂ ਵਿੱਚੋਂ ਬਾਹਰ ਨਿੱਕਲ ਕੇ ਸਾਂਝੇ ਸੰਘਰਸ਼ਾਂ ਦੇ  ਮੈਦਾਨ 'ਚ ਨਿੱਤਰੇ ਹਨ। ਇਸੇ ਤਰ੍ਹਾਂ ਲੋਕ ਦੋਖੀ ਕਾਰਿਆਂ ਤੇ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਉਪਰ ਜਬਰ ਤਸ਼ੱਦਦ ਵੀ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ। ਔਰਬਿਟ ਬੱਸ ਕਾਂਡ ਦੀ ਅਗਵਾਈ ਕਰਨ ਵਾਲੇ ਨੌਜਵਾਨ-ਵਿਦਿਆਰਥੀ ਦੋ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜੇਲ੍ਹ ਦੀਆ ਸੀਖਾਂ ਪਿੱਛੇ ਬੰਦ ਰਹੇ। ਕਿਰਨਜੀਤ ਕਤਲ ਕਾਂਡ ਦੀ ਅਗਵਾਈ ਕਰ ਰਹੇ ਤਿੰਨ ਲੋਕ ਆਗੂਆਂ ਨੂੰ ਝੂਠੇ ਕੇਸਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਦੇ ਖ਼ਿਲਾਫ਼ ਚੱਲੇ ਲੰਬੇ ਸੰਘਰਸ਼ ਤੋਂ ਬਾਅਦ ਹਾਈਕੋਰਟ ਨੇ ਦੋ ਆਗੂਆਂ ਨਰਾਇਣ ਦੱਤ ਤੇ ਪ੍ਰੇਮ ਕੁਮਾਰ ਦੀ ਸਜ਼ਾ ਰੱਦ ਕਰ ਦਿੱਤੀ ਪਰ ਤੀਸਰੇ ਆਗੂ ਮਨਜੀਤ ਧਨੇਰ ਦੀ ਸਜ਼ਾ ਹਾਲੇ ਬਰਕਰਾਰ ਹੈ। ਇਹ ਅਗਾਂਹਵਧੂ, ਲੋਕ ਪੱਖੀ ਤੇ ਜਮਹੂਰੀ ਹਲਕਿਆਂ ਲਈ ਹਾਕਮ ਜਮਾਤਾਂ ਵੱਲੋਂ 'ਸਬਕ' ਸਿਖਾਉਣ ਦੇ ਮਨਸ਼ੇ ਨਾਲ ਖੜਾ ਕੀਤਾ ਗਿਆ ਇਕ ਚੈਲੰਜ। ਹਾਕਮਾਂ ਦੇ ਇਸ ਚੈਲੰਜ ਨੂੰ ਭਾਂਜ ਦੇਣੀ ਹੱਕ-ਸੱਚ ਤੇ ਇਨਸਾਫ ਦੀ ਅਵਾਜ਼ ਨੂੰ ਹੋਰ ਉੱਚਾ ਚੁੱਕਣ ਬਰਾਬਰ ਹੈ।

ਈ-ਮੇਲ: [email protected]

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ