Sat, 02 March 2024
Your Visitor Number :-   6880166
SuhisaverSuhisaver Suhisaver

ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਦਾ ਸੰਘਰਸ਼ –ਡਾ. ਸੁਰਜੀਤ

Posted on:- 21-09-2018

ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਹੌਸਟਲਾਂ ਵਿਚ ਆਉਣ ਜਾਣ ਦੇ ਸਮੇਂ ਦੀ ਪਾਬੰਦੀ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਹਨ। ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀਆਂ ਅਗਾਂਹਵਧੂ ਜੱਥੇਬੰਦੀਆਂ ਉਨ੍ਹਾਂ ਦੀ ਹਿਮਾਇਤ 'ਤੇ ਹਨ।
ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀਆਂ ਹੋਰ ਮੁਸ਼ਕਿਲਾਂ ਦੇ ਨਾਲ ਨਾਲ ਕੈਂਪਸ ਵਿਚ ਪੜ੍ਹਦੇ 80% ਵਿਦਿਆਰਅਥੀਆਂ (ਕੁੜੀਆਂ) ਦੀ ਹੌਸਟਲਾਂ ਨਾਲ ਜੁੜੀ ਸਮੇਂ ਦੀ ਬੇਲੋੜੀ ਪਾਬੰਦੀ ਦੀ ਸਮੱਸਿਆ ਨੂੰ ਡੀਐਸਓ ਨੇ ਉਠਾਇਆ ਸੀ ਅਤੇ ਹੋਰ ਸਭ ਜੱਥੇਬੰਦੀਆਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੀਆਂ ਹਨ।

ਇਸ ਦੇ ਪ੍ਰਤਿਕਰਮ ਵਿਚ ਕਿੰਨੇ ਹੀ ਲੋਕ ਕੁੜੀਆਂ ਦੇ ਹਮਦਰਦ ਬਣ ਕੇ, ਪੰਜਾਬੀ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਦੇ ਰੱਖਿਅਕ ਬਣ ਕੇ, ਕਿਤਾਬਾਂ-ਪੜ੍ਹਾਈ ਲਿਖਾਈ ਨੂੰ ਸਭ ਤੋਂ ਵਧੇਰੇ ਮਹੱਤਵ ਦੇਣ ਵਾਲੇ ਸਾਊ ਵਿਦਿਆਰਥੀ ਬਣਕੇ, ਯੂਨੀਵਰਸਿਟੀ ਦੇ ਅਤੇ ਹੌਸਟਲ ਦੇ ਨਿਯਮਾਂ ਦੇ ਅਂਨਿੰਨ ਪਾਲਕ ਬਣ ਕੇ ਸਾਹਮਣੇ ਆਏ ਹਨ ਜਾ ਕਹੋ ਕਿ ਰਾਤੋ ਰਾਤ ਖੁੰਭਾਂ ਵਾਂਗੂ ਪ੍ਰਗਟ ਹੋ ਗਏ ਹਨ।

ਇਹ ਹਮਦਰਦ, ਰੱਖਿਅਕ, ਸਾਊ, ਨਿਯਮ ਪਾਲਕ ਪਹਿਲੀ ਵਾਰ ਨਹੀਂ ਆਏ।
ਇਹ ਸਮੇਂ ਸਮੇਂ ਆਉਂਦੇ ਰਹਿੰਦੇ ਹਨ। ਇਨ੍ਹਾਂ ਦਾ ਆਉਣਾ ਜ਼ਰੂਰ ਵੀ ਹੈ ਕਿਉਂਕਿ ਕੁੜੀਆਂ ਦੀਆਂ ਜਿੱਤਾਂ ਦਾ ਆਨੰਦ ਦੂਣਾ ਕਰਨ ਵਿਚ ਇਹ ਆਪਣਾ ਖੁਨ ਸਾੜਦੇ ਹਨ। ਇਨ੍ਹਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ।

ਇਹ ਉਦੋਂ ਵੀ ਆਏ ਸਨ ਜਦੋਂ ਕੁੜੀਆਂ ਨੇ ਘਰ ਦੀ ਚਾਰਦਿਵਾਰੀ ਤੋਂ ਬਾਹਰ ਪੜ੍ਹਨ ਲਈ ਪਹਿਲੇ ਕਦਮ ਪੁੱਟੇ ਸਨ, ਜਦੋਂ ਉਨ੍ਹਾਂ ਨੇ ਸਕੂਲਾਂ, ਹਸਪਤਾਲਾਂ ਤੇ ਦਫ਼ਤਰਾਂ ਵਿਚ ਨੌਕਰੀਆਂ ਕਰਨੀਆਂ ਸ਼ੁਰੂ ਕੀਤੀਆਂ ਸਨ, ਜਦੋਂ ਉਨ੍ਹਾਂ ਨੇ ਘਰਾਂ ਤੋਂ ਦੂਰ ਕਾਲਜਾਂ/ਸਕੂਲਾਂ ਵਿਚ ਬੱਸਾਂ ਰਾਹੀਂ ਪੜ੍ਹਨ ਲਈ ਜਾਣਾ ਆਉਣਾਂ ਸ਼ੁਰੂ ਕੀਤਾ ਸੀ, ਜਦੋਂ ਕੁੜੀਆਂ ਨੂੰ ਪਹਿਲਾਂ ਪਹਿਲ ਹੌਸਟਲਾਂ ਵਿੱਚ ਛੱਡਣ ਦੇ ਮਸਲੇ 'ਤੇ ਗੱਲਬਾਤ ਛਿੜੀ ਸੀ, ਜਦੋਂ ਮਰਦ-ਪੁਲਿਸ ਫ਼ੋਰਸ ਵਿਚ ਪਹਿਲੀਆਂ ਕੁੜੀਆਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ, ਉਦੋਂ ਵੀ ਇਹੋ ਜਿਹੀਆਂ ਸਿਆਣੀਆਂ ਤਰਕਪੂਰਣ ਅਤੇ ਸਾਫ਼ ਸੁਥਰੀਆਂ ਗੱਲਾਂ ਕੀਤੀਆਂ ਗਈਆਂ ਸਨ। ਉਦੋਂ ਵੀ ਪੰਜਾਬੀ ਸਭਿਆਚਾਰ ਅਤੇ ਧੀਆਂ-ਭੈਣਾਂ ਦੀ ਇੱਜ਼ਤ ਆਬਰੂ ਨੂੰ ਖ਼ਤਰੇ ਦੀਆਂ ਘੰਟੀਆਂ ਖੜਕਾਈਆਂ ਗਈਆਂ ਸਨ। ਉਦੋਂ ਵੀ ਇਨ੍ਹਾਂ ਰਾਹਾਂ ਉੱਤੇ ਪਹਿਲੇ ਕਦਮ ਧਰਨ ਵਾਲੀਆਂ ਕੁੜੀਆਂ ਦਾ ਚਰਿੱਤਰਘਾਤ ਕੀਤਾ ਗਿਆ ਸੀ। ਕੁੜੀਆਂ ਨੁੰ ਹਮੇਸ਼ਾਂ ਕੋਈ ਨਵਾਂ ਕਦਮ ਪੁੱਟਣ ਸਮੇਂ ੲੋਹੋ ਜਿਹੇ ਹਮਦਰਦ ਮਿਲਦੇ ਰਹਿੰਦੇ ਹਨ। ਹਰ ਯੁਗ ਵਿਚ ਇਹੋ ਜਿਹੇ ਲੋਕ ਵੱਖ ਵੱਖ ਨਾਵਾਂ, ਜੂਨਾਂ ਅਤੇ ਭੇਸਾਂ ਵਿਚ ਜਨਮ ਲੈਂਦੇ ਹਨ, ਪਰ ਸਮਾਂ ਬੜਾ ਜ਼ੋਰਾਵਰ ਹੈ, ਕੀ ਕਰੀਏ ਇਨ੍ਹਾਂ ਨਾਲ ਹਮਦਰਦੀ ਹੀ ਕਰ ਸਕਦੇ ਹਾਂ!
ਥੋੜ੍ਹਾ ਧੰਨਵਾਦ ਵੀ ਕਰਨਾ ਚਾਹੀਦਾ ਹੈ ਇਨ੍ਹਾਂ ਦਾ ਕਿਉਂਕਿ;

ਕੰਡੇ ਤੁਸਾਂ ਖਿਲਾਰੇ, ਰਸਤੇ ਆਸਾਨ ਹੋਏ
ਮੰਜ਼ਿਲ ਦਾ ਸ਼ੌਕ ਵੀ ਤਾਂ ਜ਼ਖ਼ਮਾਂ 'ਚੋਂ ਜਾਗਦਾ ਹੈ।

(ਇਹ ਕੁੜੀਆਂ ਦੇ ਹਮਦਰਦ ਉਦੋਂ ਪਤਾ ਨਹੀਂ ਕਿੱਥੇ ਚਲੇ ਜਾਂਦੇ ਹਨ ਜਦੋਂ ਪੰਜਾਬ ਦੇ ਸਧਾਰਣ ਪਰੰਪਰਾਵਾਦੀ ਲੋਕ ਆਪਣੀਆਂ ਕੁੜੀਆਂ ਨੂੰ ਵਧੀਆਂ ਮੌਕਿਆਂ ਦੀ ਭਾਲ ਵਿਚ ਵਿਦੇਸ਼ਾਂ ਵਿਚ ਭੇਜਦੇ ਹਨ, ਜਿੱਥੇ ਕਿਸੇ ਕਿਸਮ ਦੀ ਪਾਬੰਦੀ ਦੀ ਪਾਲਣਾ ਦੀ ਕੋਈ ਸ਼ਰਤ ਨਹੀਂ ਰਹਿ ਜਾਂਦੀ)

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ