Tue, 28 May 2024
Your Visitor Number :-   7069471
SuhisaverSuhisaver Suhisaver

ਸੁਪਨਿਆਂ ਦਾ ਮਨੋਵਿਗਿਆਨ : ਸਿਨੇਮਾ ਸੰਦਰਭ -ਡਾ ਨਿਸ਼ਾਨ ਸਿੰਘ

Posted on:- 28-06-2020

suhisaver

ਮਨੋਵਿਗਿਆਨ ਵਿਚ ਕਿਹਾ ਜਾਂਦਾ ਹੈ ਕਿ ਕਥਾ-ਕਹਾਣੀਆਂ ਮਨੁੱਖੀ ਮਨ ਦੀਆਂ ਉਹ ਅਧੂਰੀਆਂ ਇੱਛਾਵਾਂ ਹੁੰਦੀਆਂ ਹਨ ਜਿਹੜੀਆਂ ਕਿ ਅਸਲ ਜੀਵਨ 'ਚ ਕਦੇ ਪੂਰੀਆਂ ਨਹੀਂ ਹੋਈਆਂ ਹੁੰਦੀਆਂ। ਸ਼ਾਇਰ/ ਲੇਖਕ/ ਕਲਮਕਾਰ ਇਹਨਾਂ ਅਧੂਰੀਆਂ ਇੱਛਾਵਾਂ ਨੂੰ ਆਪਣੀਆਂ ਲਿਖਤਾਂ/ ਰਚਨਾਵਾਂ ਵਿਚ ਪੂਰਾ ਕਰਦੇ ਹਨ। ਸਮੁੱਚਾ ਸਾਹਿਤ ਜਗਤ ਇਸੇ ਮਨੋਵਿਗਿਆਨਕ ਸਿਧਾਂਤ ਅਧੀਨ ਸਿਰਜਣਾ/ ਰਚਨਾ ਕਰਦਾ ਹੈ। ਹਾਂ, ਇਤਿਹਾਸਕ ਪਾਤਰਾਂ ਵੇਲੇ ਕੁਝ ਛੋਟ ਕਹੀ ਜਾ ਸਕਦੀ ਹੈ ਕਿਉਂਕਿ ਇਤਿਹਾਸਕ ਪਾਤਰਾਂ/ ਹਵਾਲਿਆਂ ਨਾਲ ਛੇੜਛਾੜ ਲਿਖਤ ਨੂੰ ਅਰਥਹੀਣ ਕਰ ਦਿੰਦੀ ਹੈ। ਪਰੰਤੂ ਜਦੋਂ ਅਸੀਂ ਇਸ ਵਿਧਾ ਦਾ ਗਹਿਰਾਈ ਨਾਲ ਅਧਿਐਨ ਕਰਦੇ ਹਾਂ ਤਾਂ ਇਹ ਵਿਧਾ ਵਿਚ ਕੁਝ ਹੱਦ ਤੀਕ ਕਲਪਣਾ ਦੇ ਘੇਰੇ ਵਿਚ ਆ ਜਾਂਦੀ ਹੈ।

ਪ੍ਰਸਿੱਧ ਮਨੋਵਿਗਿਆਨੀ ਸਿਗਮੰਡ ਫ੍ਰਾਇਡ ਨੇ ਸੁਪਨਿਆਂ ਦੇ ਮਨੋਵਿਗਿਆਨ ਅਤੇ ਸਿਧਾਂਤਾਂ ਬਾਰੇ ਬਹੁਤ ਖੁੱਲ ਕੇ ਲਿਖਿਆ ਹੈ। ਉਸਦਾ ਮੰਨਣਾ ਹੈ ਕਿ ਸੁਪਨੇ ਸਾਡੀਆਂ ਗਹਿਰੀਆਂ ਚਿੰਤਾਵਾਂ ਅਤੇ ਇੱਛਾਵਾਂ ਦੀ ਦਿੱਸਦੀ/ ਪ੍ਰਤੱਖ ਪ੍ਰਤੀਕ੍ਰਿਆ ਹੈ; ਜਿਹੜੀ ਬਚਪਨ, ਜਨੂੰਨ ਜਾਂ ਯਾਦਾਂ ਨਾਲ ਸੰਬੰਧ ਰੱਖਦੀ ਹੈ।

ਜਿੱਥੋਂ ਤੱਕ ਪੰਜਾਬੀ ਲੋਕਧਾਰਾ ਦੀ ਗੱਲ ਹੈ ਤਾਂ ਇਸ ਵਿਧਾ ਵਿਚ ਵੀ ਮਨੁੱਖੀ ਮਨ ਦੇ ਮਿਲਾਪ, ਵਿਛੋੜੇ ਨੂੰ ਸੁਪਨੇ ਦੇ ਮਾਧਿਅਮ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਸੁਪਨੇ ਅੰਦਰ ਪ੍ਰੀਤਮ/ ਪਿਆਰਾ ਮਿਲ ਜਾਂਦਾ ਹੈ ਅਤੇ ਅੱਖ ਖੁੱਲਣ ਮਗਰੋਂ ਇਹ ਮਿਲਾਪ ਮੁੱਕ ਜਾਂਦਾ ਹੈ;

'ਸੁਪਨਿਆਂ ਤੂੰ ਸੁਲਤਾਨ ਹੈ ਉੱਤਮ ਤੇਰੀ ਜਾਤ
ਸੌ ਵਰ੍ਹਿਆਂ ਦੇ ਵਿੱਛੜੇ ਆਣ ਮਿਲਾਵੇ ਰਾਤ।' (ਲੋਕ ਤੱਥ)


ਗੁਰਮਤਿ ਕਾਵਿ ਦੀ ਗੱਲ ਕਰਦਿਆਂ ਵੀ ਇਹ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਸੁਪਨਿਆਂ ਅੰਦਰ ਜਿਉਂਦੇ ਮਨੁੱਖ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਅਸਲ ਜੀਵਨ ਵਿਚ ਆਪਣਾ ਜੀਵਨ ਬਤੀਤ ਕਰੇ। ਗੁਰਬਾਣੀ ਅੰਦਰ ਸੁਪਨਿਆਂ ਦੇ ਸੰਸਾਰ ਬਾਰੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਵਿਸ਼ੇਸ਼ ਤੌਰ 'ਤੇ ਵਾਚਿਆ ਜਾ ਸਕਦਾ ਹੈ/ ਪੜ੍ਹਿਆ ਜਾ ਸਕਦਾ ਹੈ;

'ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ।।
ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ।।' (ਗੁਰੂ ਗ੍ਰੰਥ ਸਾਹਿਬ ਜੀ, ਪੰਨਾ-1427)

ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਸਮੁੱਚੇ ਮਨੁੱਖੀ ਜੀਵਨ ਨੂੰ ਹੀ ਸੁਪਨੇ ਦੀ ਨਿਆਈਂ ਪੇਸ਼ ਕੀਤਾ ਗਿਆ ਹੈ। ਮਨੁੱਖ ਦਾ ਸਰੀਰ ਨਾਸ਼ਮਾਨ ਹੈ ਅਤੇ ਇਹ ਜੀਵਨ ਸੁਪਨੇ ਦੇ ਵਾਂਗਰਾਂ ਕੁਝ ਸਮੇਂ ਦਾ ਭੁਲੇਖਾ ਹੈ। ਇਸ ਸੱਚਾਈ ਨੂੰ ਪੇਸ਼ ਕਰਦਿਆਂ ਗੁਰੂ ਸਾਹਿਬ ਨੇ ਮਨੁੱਖ ਨੂੰ ਚੰਗੇ ਕਰਮਾਂ ਲਈ ਪ੍ਰੇਰਿਤ ਕੀਤਾ ਹੈ;

'ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ।।' (ਗੁਰੂ ਗ੍ਰੰਥ ਸਾਹਿਬ ਜੀ, ਪੰਨਾ-219)

ਪੰਜਾਬੀ ਸਾਹਿਤ ਵਿਚ ਸੁਪਨਿਆਂ ਬਾਰੇ ਬਹੁਤ ਸਾਰੀਆਂ ਕਵਿਤਾਵਾਂ/ ਰਚਨਾਵਾਂ ਪੜ੍ਹੀਆਂ ਜਾ ਸਕਦੀਆਂ ਹਨ। ਇਹ ਰਚਨਾਵਾਂ ਮਨੁੱਖੀ ਮਨ ਦੀਆਂ ਇੱਛਾਵਾਂ ਨੂੰ ਬਿਆਨ ਕਰਦੀਆਂ ਹਨ ਜਿਹੜੀਆਂ ਸੁਪਨਿਆਂ ਅੰਦਰ ਪੂਰੀਆਂ ਹੁੰਦੀਆਂ ਹਨ;

'ਸੁਪਨੇ ਵਿਚ ਤੁਸੀਂ ਮਿਲੇ ਅਸਾਂ ਨੂੰ
ਅਸਾਂ ਧਾ ਗਲਵੱਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨਾ ਆਏ
ਸਾਡੀ ਕੰਬਦੀ ਰਹੀ ਕਲਾਈ।' (ਭਾਈ ਵੀਰ ਸਿੰਘ)


ਇਤਿਹਾਸਕ ਪ੍ਰਸੰਗ ਦੀ ਗੱਲ ਕਰਦਿਆਂ ਬਹੁਤ ਸਾਰੇ ਇਤਿਹਾਸਕਾਰ ਕਲਪਣਾ ਦੇ ਆਵੇਸ਼ ਵਿਚ ਆ ਜਾਂਦੇ ਹਨ। ਇਸ ਵਿਧਾ ਵਿਚ ਦੂਜਾ ਪੱਖ ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਇਸ਼ਟ/ ਦੇਵਤਾ ਨੂੰ ਦੂਜਿਆਂ ਧਰਮਾਂ ਦੇ ਇਸ਼ਟਾਂ/ ਦੇਵਤਿਆਂ ਦੇ ਬਰਾਬਰ ਖੜਾ ਕਰਨ ਲਈ ਕਈ ਵਾਰ ਕਲਪਣਾ ਨੂੰ ਸ਼ਬਦੀਜ਼ਾਮਾ ਪਹਿਨਾ ਦਿੱਤਾ ਜਾਂਦਾ ਹੈ। ਇਸੇ ਲਈ ਮਨੁੱਖ ਵੀ ਸੁਪਨਿਆਂ 'ਚ ਵਧੇਰੇ ਖੁਸ਼ ਰਹਿੰਦਾ ਹੈ/ ਆਨੰਦ ਮਹਿਸੂਸ ਕਰਦਾ ਹੈ;

'ਸੁਪਨੇ ਹਰ ਬੱਚਾ, ਬੁੱਢਾ ਤੇ ਜਵਾਨ ਦੇਖਦਾ ਹੈ। ਬੱਚੇ ਜਿਹੜੇ ਦਿਨਾਂ ਜਾਂ ਮਹੀਨਿਆਂ ਦੇ ਹੁੰਦੇ ਹਨ, ਉਹ ਵੀ ਕਈ ਵਾਰ ਸੁੱਤੇ ਪਏ ਮੁਸਕਰਾਉਂਦੇ ਦਿਸਦੇ ਹਨ। ਬੱਚਾ ਕਦੇ ਬੁੱਲ੍ਹ ਗੋਲ ਕਰ ਕੇ ਮਚਾਕੇ ਮਾਰਦਾ ਹੈ ਜਿਵੇਂ ਦੁੱਧ ਚੁੰਘ ਰਿਹਾ ਹੋਵੇ। ਕਦੀ ਅੱਖਾਂ ਕੱਠੀਆਂ ਕਰ ਕੇ ਅਤੇ ਬੁੱਲ੍ਹ ਲਟਕਾ ਕੇ ਰੋਣ ਵਾਲੀ ਸੂਰਤ ਬਣਾਉਂਦਾ ਹੈ। ਲਗਦਾ ਹੈ ਜਿਵੇਂ ਬੱਚਾ ਸੁਪਨੇ ਵਿਚ ਰੋਂਦਾ, ਹੱਸਦਾ ਜਾਂ ਦੁੱਧ ਚੁੰਘਦਾ ਹੋਵੇ।' (ਕਿਰਪਾਲ ਕੌਰ, (ਲੇਖ), ਸੁਪਨਿਆਂ ਦਾ ਸੰਸਾਰ, ਪ੍ਰਕਾਸ਼ਨ ਮਿਤੀ- 25 ਮਈ 2016)

ਅਲ੍ਹਾਦੀਨ ਦਾ ਚਿਰਾਗ਼, ਰੱਬ ਦੇ ਤਿੰਨ ਵਰਦਾਨ, ਦੱਬਿਆ ਖ਼ਜ਼ਾਨਾ ਅਤੇ ਜਾਦੂਈ ਮੁੰਦਰੀ ਆਦਿਕ ਮਨੋਕਲਪਿਤ ਕਹਾਣੀਆਂ; ਇਹਨਾਂ ਸੁਪਨਿਆਂ ਦੇ ਨਤੀਜੇ ਵੱਜੋਂ ਹੋਂਦ ਵਿਚ ਆਈਆਂ ਹਨ। ਸ਼ੇਖਚਿੱਲੀ ਦੀਆਂ ਕਹਾਣੀਆਂ ਨੂੰ ਬਹੁਤ ਸਾਰੇ ਲੋਕ ਅੱਜ ਵੀ ਦਿਲਚਸਪੀ ਨਾਲ ਪੜ੍ਹਦੇ ਵੇਖੇ ਜਾ ਸਕਦੇ ਹਨ ਕਿਉਂਕਿ ਉਹ ਦਿਨ ਵਿਚ ਹੀ ਸੁਪਨੇ ਵੇਖਦਾ ਸੀ/ ਸੁਪਨਿਆਂ ਵਿਚ ਜਿਉਂਦਾ ਸੀ; ਹਾਲਾਂਕਿ ਉਹ ਖ਼ੁਦ ਕਲਪਣਾ ਦੀ ਉਪਜ ਹੈ। ਅਜਿਹਾ ਕੋਈ ਪਾਤਰ ਇਤਿਹਾਸ ਵਿਚ ਨਹੀਂ ਹੋਇਆ। ਪਰ! ਸੁਪਨਿਆਂ ਵਿਚ ਜਿਉਂਦੇ ਲੋਕਾਂ ਨੇ ਆਪਣੇ ਸੁਪਨਿਆਂ ਲਈ ਇੱਕ ਹੋਰ ਸੁਪਨਾ (ਸ਼ੇਖਚਿੱਲੀ) ਘੜ ਲਿਆ।

ਖ਼ੈਰ! ਉਪਰੋਕਤ ਕਹਾਣੀਆਂ/ ਵਿਸ਼ਵਾਸਾਂ ਦਾ ਮੂਲ ਕਾਰਣ ਮਨੁੱਖ ਦਾ ਸੁਪਨਿਆਂ ਵਿਚ ਜਿਉਣਾ ਹੁੰਦਾ ਹੈ। ਮਨੁੱਖ ਦੇ ਮਨ ਨੂੰ ਪੜ੍ਹਣ ਵਾਲੇ ਸਮੁੱਚੇ ਵਿਸ਼ਿਆਂ ਨੂੰ ਮਨੋਵਿਗਿਆਨਕ ਖ਼ੇਤਰ ਦੇ ਅਧੀਨ ਮੰਨਿਆ ਜਾਂਦਾ ਹੈ। ਇਹ ਖ਼ੇਤਰ ਮਨੁੱਖ ਦੇ ਜੀਵਨ ਵਿਚ ਵਿਸ਼ਾਲ ਅਤੇ ਗਹਿਰਾ ਅਸਰ ਰੱਖਦਾ ਹੈ। ਉਂਝ ਇਹ ਲਾਜ਼ਮੀ ਵੀ ਨਹੀਂ ਕਿ ਮਨੋਵਿਗਿਆਨ ਅੰਦਰ ਬਿਲਕੁਲ 100% ਸਟੀਕ ਨਤੀਜੇ ਪ੍ਰਾਪਤ ਕੀਤੇ ਜਾ ਸਕਣ ਪਰੰਤੂ ਫੇਰ ਵੀ ਮਨੁੱਖ ਦੇ ਬਾਹਰੀ ਹਾਵਾਂ-ਭਾਵਾਂ ਤੋਂ ਅੰਦਾਜ਼ੇ ਲਗਾਏ ਜਾਂਦੇ ਹਨ ਜਿਹੜੇ ਕਿ ਅਮੁਮਨ ਸਹੀ ਅਤੇ ਸਟੀਕ ਹੀ ਹੁੰਦੇ ਹਨ। ਬਹੁਤੀ ਵਾਰ ਗੱਲਬਾਤ ਦੇ ਢੰਗ ਨੂੰ ਵੀ ਆਧਾਰ ਬਣਾਇਆ ਜਾਂਦਾ ਹੈ। ਖ਼ੈਰ!

ਸਿਨੇਮਾ ਸੰਦਰਭ:

ਮਨੋਵਿਗਿਆਨ ਵਿਚ ਫ਼ਿਲਮ/ ਨਾਟਕ/ ਗੀਤ-ਸੰਗੀਤ ਨੂੰ 'ਜਾਗਦੀਆਂ ਅੱਖਾਂ ਨਾਲ ਵੇਖੇ ਜਾਂਦੇ ਸੁਪਨੇ' ਕਿਹਾ ਜਾਂਦਾ ਹੈ। ਯਕੀਨਨ, ਇਹ ਗੱਲ ਬਿਲਕੁਲ ਦਰੁੱਸਤ ਹੈ ਕਿ ਮਨੁੱਖ ਜਾਗਦੀਆਂ ਅੱਖਾਂ ਨਾਲ ਸੁਪਨੇ ਵਿਚ ਮਸਤ ਹੋ ਜਾਂਦਾ ਹੈ/ ਖ਼ੁਸ਼ ਹੋ ਜਾਂਦਾ ਹੈ। ਮਨੁੱਖ ਨੂੰ ਕੁਝ ਸਮੇਂ ਲਈ ਆਲੇ-ਦੁਆਲੇ ਦਾ ਅਹਿਸਾਸ ਭੁੱਲ ਜਾਂਦਾ ਹੈ। ਇਸੇ ਲਈ ਬਹੁਤੇ ਭਾਵੁਕ ਲੋਕ ਫ਼ਿਲਮਾਂ ਵਿਚ ਨਾਇਕ ਦੀ ਮੌਤ ਉੱਪਰ ਰੋਂਦੇ ਹੋਏ ਵੇਖੇ ਜਾ ਸਕਦੇ ਹਨ। ਕਈ ਵਾਰ ਬਹੁਤ ਭਾਵੁਕ ਦ੍ਰਿਸ਼ ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਫ਼ਿਲਮਾਏ ਜਾਂਦੇ ਹਨ ਤਾਂ ਕਿ ਲੋਕ ਉਸ ਫ਼ਿਲਮ ਨਾਲ/ ਦ੍ਰਿਸ਼ ਨਾਲ ਭਾਵੁਕਤਾ ਵੱਸ ਜੁੜ ਜਾਣ। ਹਾਲਾਂਕਿ ਫ਼ਿਲਮ ਵੇਖਣ ਵਾਲਾ ਸ਼ਖ਼ਸ ਵੀ ਜਾਣਦਾ ਹੈ ਕਿ ਇਹ ਸਭ ਨਾਟਕ ਹੈ/ ਡਰਾਮਾ ਹੈ/ ਨਕਲੀ ਹੈ ਪਰੰਤੂ ਉਹ ਆਪਣੇ-ਆਪ ਨੂੰ ਇਸ ਸੁਪਨੇ ਨਾਲੋਂ ਅੱਡ ਨਹੀਂ ਕਰ ਪਾਉਂਦਾ।

ਫ਼ਿਲਮ ਨਿਰਮਾਤਾ ਇਹਨਾਂ ਮਨੋਵਿਗਿਆਨਕ ਨੁਕਤਿਆਂ ਨੂੰ ਜਾਣਦੇ ਹਨ/ ਸਮਝਦੇ ਹਨ। ਇਸੇ ਲਈ ਇਸ ਤਰ੍ਹਾਂ ਦੀ ਫ਼ਿਲਮਾਂ ਵੱਧ ਕਾਮਯਾਬ ਹੁੰਦੀਆਂ ਹਨ ਜਿਹੜੀਆਂ ਵੱਧ ਲੋਕਾਂ ਦੇ ਸੁਪਨਿਆਂ ਦੇ ਹਾਣ ਦੀਆਂ ਹੋਣ/ ਮੇਚ ਦੀਆਂ ਹੋਣ। ਫ਼ਿਲਮੀ ਖ਼ੇਤਰ ਦੇ ਲੋਕ ਜਾਣਦੇ ਹਨ ਕਿ ਮਨੁੱਖ ਆਪਣੀ ਅਸਲ ਜ਼ਿੰਦਗੀ ਨਾਲੋਂ ਕੁਝ ਸਮੇਂ ਲਈ ਟੁੱਟਣਾ ਚਾਹੁੰਦਾ ਹੈ/ ਕਲਪਣਾ ਵਿਚ ਜਿਉਣਾ ਚਾਹੁੰਦਾ ਹੈ। ਇਸ ਲਈ ਉਹ ਦਰਸ਼ਕਾਂ ਦੇ ਸੁਪਨਿਆਂ ਦੇ ਹਾਣ ਦੀ ਫ਼ਿਲਮ ਨੂੰ ਬਣਾਉਂਦਾ ਹੈ/ ਪੇਸ਼ ਕਰਦਾ ਹੈ ਤਾਂ ਕਿ ਉਹਨਾਂ ਦੀ ਫ਼ਿਲਮ ਕਾਮਯਾਬ ਹੋ ਸਕੇ।

ਇਹ ਗੱਲ ਸਿਰਫ਼ ਫ਼ਿਲਮਾਂ ਉੱਪਰ ਹੀ ਨਹੀਂ ਢੁੱਕਦੀ ਬਲਕਿ ਗੀਤ-ਸੰਗੀਤ, ਪੁਸਤਕਾਂ, ਖਾਣ-ਪੀਣ ਅਤੇ ਕੱਪੜੇ ਪਹਿਨਣ ਉੱਪਰ ਵੀ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਨੌਜੁਵਾਨ ਵਰਗ ਬੇਰੁਜ਼ਗਾਰੀ ਦੀ ਆਲਮ ਵਿਚ ਘਿਰਿਆ ਬੈਠਾ ਹੈ ਇਸ ਲਈ ਉਹ ਬੇਰੁਜ਼ਗਾਰੀ ਵਾਲੇ ਗੀਤ ਨਹੀਂ ਸੁਣਨਾ ਚਾਹੁੰਦਾ। ਉਹ ਗੁਰਬੱਤ ਨੂੰ ਕੁਝ ਸਮੇਂ ਲਈ ਆਪਣੇ ਜੀਵਨ ਵਿਚੋਂ ਕੱਢਣਾ ਚਾਹੁੰਦਾ ਹੈ। ਇਸੇ ਲਈ ਉਹ ਬੰਦੂਕਾਂ/ ਬੁਲਟਾਂ/ ਗੱਡੀਆਂ ਆਦਿ ਦੇ ਗੀਤ ਸੁਣ ਕੇ ਸੁਪਨਿਆਂ ਅੰਦਰ ਸੁਖ ਮਹਿਸੂਸ ਕਰਦਾ ਹੈ/ ਖੁਸ਼ ਹੁੰਦਾ ਹੈ/ ਆਨੰਦ ਮਾਣਦਾ ਹੈ।

ਸੁਪਨਿਆਂ 'ਚ ਜਿਉਂਦੇ ਮਨੁੱਖ ਦੇ ਇਸ ਮਨੋਵਿਗਿਆਨ ਨੂੰ ਅਜੋਕੇ ਗਾਇਕ/ ਗੀਤਕਾਰ ਬਾਖ਼ੂਬੀ ਜਾਣਦੇ ਹਨ/ ਸਮਝਦੇ ਹਨ। ਇਸੇ ਲਈ ਹੱਥਿਆਰਾਂ ਵਾਲੇ/ ਮਾਰ ਕੁੱਟ ਵਾਲੇ 99% ਗੀਤ ਮਕਬੂਲ ਹੋ ਜਾਂਦੇ ਹਨ ਅਤੇ ਅਸਲ ਜੀਵਨ ਨਾਲ ਬਾਵਸਤਾ ਗੀਤ ਲੋਕ-ਮਨਾਂ ਵਿਚ ਆਪਣੀ ਥਾਂ ਨਹੀਂ ਬਣਾ ਪਾਉਂਦੇ ਕਿਉਂਕਿ ਅਸਲ ਜੀਵਨ ਦੀਆਂ ਤੰਗੀਆਂ- ਤੁਰਸੀਆਂ ਤੋਂ ਮਨੁੱਖ ਪਹਿਲਾਂ ਦੀ ਪ੍ਰੇਸ਼ਾਨ ਹੁੰਦਾ ਹੈ/ ਦੁਖੀ ਹੁੰਦਾ ਹੈ। ਉਹ ਕੁਝ ਚਿਰ ਲਈ ਆਪਣੇ ਅਸਲ ਜੀਵਨ ਤੋਂ ਨਿਜਾਤ ਚਾਹੁੰਦਾ ਹੈ। ਇਸੇ ਲਈ ਉਹ ਮਨ-ਇੱਛਤ ਗੀਤ ਜਾਂ ਫ਼ਿਲਮ ਦੀ ਚੋਣ ਕਰਦਾ ਹੈ ਜਿਸ ਨਾਲ ਉਹ ਖ਼ੁਸ਼ ਹੋ ਸਕੇ/ ਆਪਣੀਆਂ ਚਿੰਤਾਵਾਂ ਤੋਂ ਨਿਜਾਤ ਪਾ ਸਕੇ/ ਸੁਪਨਿਆਂ ਵਿਚ ਜ਼ਿੰਦਗੀ ਬਤੀਤ ਕਰ ਸਕੇ।

ਇੱਥੇ ਧਿਆਨ ਦੇਣ ਵਾਲੀ ਖ਼ਾਸ ਗੱਲ ਇਹ ਹੈ ਕਿ ਉਪਰੋਕਤ ਪ੍ਰਭਾਵ ਕਿਸੇ ਖ਼ਾਸ ਧਰਮ/ ਖਿੱਤੇ ਜਾਂ ਮੁਲਕ ਦੇ ਮਨੁੱਖ ਉੱਪਰ ਪ੍ਰਭਾਵ ਨਹੀਂ ਪਾਉਂਦੇ ਬਲਕਿ ਇਹ ਸਮੁੱਚੇ ਸੰਸਾਰ ਦੇ ਮਨੁੱਖ ਉੱਪਰ ਆਪਣਾ ਅਸਰ ਪਾਉਂਦੇ ਹਨ ਕਿਉਂਕਿ ਸਮੁੱਚੇ ਸੰਸਾਰ ਦਾ ਮਨੁੱਖ ਸੁਪਨਿਆਂ ਵਿਚ ਆਨੰਦ ਮਹਿਸੂਸ ਕਰਦਾ ਹੈ। ਨਵੇਂ ਜੰਮੇ ਬੱਚੇ ਤੋਂ ਲੈ ਕੇ ਮਰਨ ਤੋਂ ਚੰਦ ਵਕਤ ਪਹਿਲਾਂ ਤੱਕ ਮਨੁੱਖ ਸੁਪਨਿਆਂ ਨੂੰ ਜਿਉਂਦਾ ਹੈ/ ਮਾਣਦਾ ਹੈ।

ਆਖ਼ਿਰ ਵਿਚ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਮਨੁੱਖ ਨੂੰ ਸੁਪਨਿਆਂ ਵਿਚ ਖ਼ੁਸ਼ੀ ਤਾਂ ਮਹਿਸੂਸ ਕਰਨੀ ਚਾਹੀਦੀ ਹੈ ਪਰ ਜਿਉਣਾ ਨਹੀਂ ਚਾਹੀਦਾ ਕਿਉਂਕਿ ਇਹ ਕਲਪਣਾ ਦਾ ਸੰਸਾਰ ਬਹੁਤੀ ਦੇਰ ਤੱਕ ਸੁੱਖ ਨਹੀਂ ਪਹੁੰਚਾ ਸਕਦਾ। ਜੀਵਨ ਵਿਚ ਲੰਮੇ ਸਮੇਂ ਤੱਕ ਸੁੱਖ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਜਿਹੜੇ ਲੋਕ ਇਸ ਰਾਹ ਉੱਪਰ ਤੁਰ ਪੈਂਦੇ ਹਨ ਉਹ ਸੁਪਨਿਆਂ ਦੇ ਆਨੰਦ ਨੂੰ ਅਸਲ ਜੀਵਨ ਵਿਚ ਮਹਿਸੂਸ ਕਰਨ ਲੱਗਦੇ ਹਨ।

ਸੰਪਰਕ 75892- 33437

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ