Sat, 02 March 2024
Your Visitor Number :-   6880297
SuhisaverSuhisaver Suhisaver

ਮਾਸੂਮ ਲੜਕੀਆਂ ਦੀ ਮਾਸੂਮੀਅਤ ਨਾਲ ਅਣਮਨੁੱਖੀ ਖਿਲਵਾੜ -ਉਜਾਗਰ ਸਿੰਘ

Posted on:- 06-06-2013

ਸਮਾਜ ਦਾ ਮਹੱਤਵਪੂਰਨ ਹਿੱਸਾ ਕਹਾਉਣ ਵਾਲੀ ਪੁਲਿਸ, ਪ੍ਰਸ਼ਾਸਨ, ਪਤਵੰਤੇ ਲੋਕ ਅਤੇ ਸਿਆਸਤਦਾਨ ਮਾਸੂਮ ਲੜਕੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਇਹ ਲੋਕ ਜਦੋਂ ਮਾਸੂਮ ਲੜਕੀਆਂ ਤੋਂ ਜਾਣੇ-ਅਣਜਾਣੇ ਅੱਲ੍ਹੜ ਉਮਰ ਵਿੱਚ ਕੋਈ ਗ਼ਲਤੀ ਹੋ ਜਾਂਦੀ ਹੈ ਤਾਂ ਇਹ ਆਪਣੀਆਂ ਆਪਹੁਦਰੀਆਂ ਕਰਕੇ ਆਪਣੇ ਖੋਖਲੇਪਣ ਦਾ ਸਬੂਤ ਦਿੰਦੇ ਹਨ ਅਤੇ ਉਨ੍ਹਾਂ ਦੀ ਮਾਸੂਮੀਅਤ ਦਾ ਨਾਜਾਇਜ਼ ਲਾਭ ਉਠਾਉਂਦੇ ਹਨ। ਆਮ ਤੌਰ 'ਤੇ ਨਾਬਾਲਗ ਲੜਕੀਆਂ ਅਜਿਹੀ ਅੱਲ੍ਹੜ ਉਮਰ ਵਿੱਚ ਈ ਗ਼ਲਤ ਕੰਮ ਕਰ ਬੈਠਦੀਆਂ ਹਨ, ਕਿਉਂਕਿ ਉਨ੍ਹਾਂ ਦੀ ਕੱਚੀ ਉਮਰ ਹੋਣ ਕਰਕੇ ਠੀਕ ਜਾਂ ਗਲਤ ਦੇ ਫ਼ਰਕ ਦਾ ਪਤਾ ਨਹੀਂ ਹੁੰਦਾ ਜਾਂ ਇਉਂ ਕਹਿ ਲਵੋ ਕਿ ਉਨ੍ਹਾਂ ਨੂੰ ਸਮਝਣ ਵਿੱਚ ਭੁਲੇਖਾ ਲੱਗ ਜਾਂਦਾ ਹੈ।

ਇਨ੍ਹਾਂ ਮਾਸੂਮ ਬੱਚੀਆਂ ਦੀ ਨਾ-ਸਮਝੀ ਅਤੇ ਮਾਸੂਮੀਅਤ ਨੂੰ ਚੁਸਤ ਤੇ ਚਾਲਾਕ ਖ਼ੁਦਗਰਜ਼ ਕਿਸਮ ਦੇ ਲੜਕੇ ਵਰਗਲਾਕੇ ਗੁੰਮਰਾਹ ਕਰ ਲੈਂਦੇ ਹਨ। ਅਜਿਹੇ ਤਿੰਨ ਕੇਸ ਬਹੁਤ ਹੀ ਚਰਚਿਤ ਹੋਏ ਹਨ, ਜਿਨ੍ਹਾਂ ਵਿੱਚ ਇਨ੍ਹਾਂ ਵਰਗਾਂ ਦੇ ਲੋਕਾਂ ਨੇ ਮਾਸੂਮਾਂ ਦੀ ਮਾਸੂਮੀਅਤ ਨੂੰ ਵੀ ਨਹੀਂ ਬਖ਼ਸ਼ਿਆ। ਇਨ੍ਹਾਂ ਵਿੱਚੋਂ ਇੱਕ ਕੇਸ ਦਿੱਲੀ ਦੇ ਦੰਦਾਂ ਦੇ ਮਾਹਿਰ ਡਾਕਟਰ ਤਲਵਾੜ ਪਰਿਵਾਰ ਦੀ ਨਾਬਾਲਗ ਅਤੇ ਮਾਸੂਮ ਲੜਕੀ ਆਰੂਸ਼ੀ ਦੇ ਕਤਲ ਦਾ ਹੈ, ਜੋ ਕਿ ਅੱਜ ਤੱਕ ਭੰਬਲਭੂਸੇ ਵਿੱਚ ਪਿਆ ਹੋਇਆ ਹੈ। ਮਾਸੂਮ ਆਰੂਸ਼ੀ ਅਤੇ ਉਨ੍ਹਾਂ ਦੇ ਨੌਕਰ ਹੇਮ ਰਾਜ ਦਾ ਕਤਲ ਆਰੂਸ਼ੀ ਦੇ ਆਪਣੇ ਘਰ ਵਿੱਚ ਹੀ ਹੋਇਆ ਸੀ। ਇਸ ਕੇਸ ਨੂੰ ਵੀ ਕਈ ਤਰ੍ਹਾਂ ਦੀ ਰੰਗਤ ਦਿੱਤੀ ਗਈ। ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਬਣਾ ਕੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਾਈਆਂ ਗਈਆਂ। ਇੱਥੋਂ ਤੱਕ ਕਿ ਇਸ ਨਾਬਾਲਗ ਅਤੇ ਮਾਸੂਮ ਬੱਚੀ ਦੇ ਚਰਿੱਤਰ 'ਤੇ ਵੀ ਚਿੱਕੜ ਸੁੱਟਿਆ ਗਿ। ਉਸ ਤੋਂ ਤਿਗੁਣੀ ਉਮਰ ਦੇ ਤਲਵਾੜ ਪਰਿਵਾਰ ਦੇ ਨੌਕਰ ਹੇਮ ਰਾਜ ਨਾਲ ਉਸਦਾ ਨਾਮ ਜੋੜਿਆ ਗਿਆ।

ਹੈਰਾਨੀ ਤੇ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਐਨੀ ਛੋਟੀ ਉਮਰ ਦੀ ਬੱਚੀ ਬਾਰੇ ਅਜਿਹੇ ਦੂਸ਼ਣ ਲਗਾਉਣ ਤੇ ਮੀਡੀਆ ਦੀਆਂ ਸੁਰਖੀਆਂ ਬਣਾਕੇ ਕੇਸ ਨੂੰ ਅਜੀਬ ਰੰਗਤ ਦੇਣੀ ਕਿੰਨੇ ਘਿਨਾਉਣੇ ਕਾਰਜ ਹਨ। ਦੂਜਾ ਬਹੁ-ਚਰਚਿਤ ਕੇਸ ਫਰੀਦਕੋਟ ਸ਼ਹਿਰ ਦੀ ਲੜਕੀ ਸ਼ਰੁਤੀ ਸਚਦੇਵਾ ਦਾ ਹੈ, ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਸੂਮ ਅਤੇ ਅਲ੍ਹੜ ਉਮਰ ਦੀ ਲੜਕੀ ਨੂੰ ਵਰਗਲਾਕੇ ਲਿਜਾਕੇ ਇੱਕ ਮਹੀਨਾ ਰੱਖਿਆ ਗਿਆ। ਜਦੋਂ ਉਹ ਮਾਸੂਮ ਉਸ ਨੌਜਵਾਨ ਦੇ ਚੁੰਗਲ ਵਿੱਚੋਂ ਕਿਸੇ ਤਰੀਕੇ ਭੱਜ ਕੇ ਆਪਣੇ ਘਰ ਵਾਪਸ ਆ ਗਈ ਤਾਂ ਪੁਲਸ ਨੇ ਲੋਕਾਂ ਦੇ ਬਹੁਤ ਜ਼ੋਰ ਪਾਉਣ 'ਤੇ ਲੜਕੀ ਨੂੰ ਅਗਵਾ ਕਰਨ ਦੀ ਐਫ. ਆਈ. ਆਰ. ਤਾਂ ਦਰਜ ਕਰ ਲਈ, ਪ੍ਰੰਤੂ ਦੋਸ਼ੀ ਨੂੰ ਸੰਗੀਨ ਦੋਸ਼ਾਂ ਦੇ ਬਾਵਜੂਦ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਦੋਸ਼ੀ ਸ਼ਰ੍ਹੇਆਮ ਰਾਜ ਚਲਾ ਰਹੀ ਪਾਰਟੀ ਦੇ ਕਾਰਕੁੰਨਾਂ ਨਾਲ ਬੇਖੌਫ਼ ਫਰੀਦਕੋਟ ਸ਼ਹਿਰ ਵਿੱਚ ਹੀ ਘੁੰਮਦਾ ਰਿਹਾ। ਅਖ਼ੀਰ ਫਿਰ ਦੋ ਮਹੀਨੇ ਬਾਅਦ ਉਹ ਦੋਸ਼ੀ ਲੜਕੀ ਨੂੰ ਸ਼ਰ੍ਹੇਆਮ ਮਾਪਿਆਂ ਦੀ ਕੁੱਟਮਾਰ ਕਰਕੇ ਅਗਵਾ ਕਰਕੇ ਦੁਬਾਰਾ ਲੈ ਗਿਆ। ਇੱਕ ਮਹੀਨਾ ਪੁਲਿਸ ਨੇ ਕੋਈ ਐਫ.ਆਈ.ਆਰ ਹੀ ਦਰਜ ਨਾ ਕੀਤੀ।

ਜਦੋਂ ਸਮੁੱਚੇ ਸ਼ਹਿਰ ਦੇ ਪਤਵੰਤੇ ਸ਼ਹਿਰੀਆਂ ਦੀ ਆਕਸ਼ਨ ਕਮੇਟੀ ਨੇ ਹੜਤਾਲਾਂ ਤੇ ਧਰਨੇ ਦਿੱਤੇ ਤੇ ਲੋਕ ਲਹਿਰ ਬਣਾ ਲਈ ਤਾਂ ਕਿਤੇ ਜਾਕੇ ਅਗਵਾ ਦਾ ਕੇਸ ਦਰਜ ਹੋਇਆ। ਇਸ ਸਮੇਂ ਦੌਰਾਨ ਸਿਆਸੀ ਪਾਰਟੀਆਂ ਨੇ ਵੀ ਆਪਣਆਂ ਸਿਆਸੀ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ। ਲੜਕੀ ਦੇ ਮਾਪੇ ਲੋਕਾਂ ਤੇ ਸਿਆਸੀ ਪਾਰਟੀਆਂ ਤੋਂ ਮਦਦ ਲੈਣ ਲਈ ਮਜਬੂਰ ਸਨ ਪ੍ਰੰਤੂ ਸਰਕਾਰ, ਪੁਲਿਸ, ਪ੍ਰਸ਼ਾਸਨ, ਸਿਆਸਤਦਾਨਾਂ ਅਤੇ ਐਕਸ਼ਨ ਕਮੇਟੀ ਨੇ ਵੀ ਉਸ ਮਾਸੂਮ ਸ਼ਰੁਤੀ ਦੀ ਮਾਸੂਮੀਅਤ ਨੂੰ ਸਮਝਣ ਦੀ ਕੋਸ਼ਿਸ਼ ਨਹ ਕੀਤੀ। ਨਾਬਾਲਗ ਬੱਚੀ ਜਿਸਨੂੰ ਅਜੇ ਵਿਆਹ ਦੀ ਸਮਝ ਹੀ ਨਹੀਂ ਅਤੇ ਨਾ ਹੀ ਉਹ ਵਿਆਹੁਣ ਦੇ ਯੋਗ ਹੈ, ਬਾਰੇ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਉਸਦੇ ਵਿਆਹ ਦੀਆਂ ਫੋਟੋਆਂ ਅਖ਼ਬਾਰਾਂ ਨੂੰ ਪ੍ਰਕਾਸ਼ਿਤ ਕਰਨ ਲਈ ਦਿੱਤੀਆਂ, ਜੋ ਕਿ ਕਾਨੂੰਨ ਅਤੇ ਨੈਤਿਕਤਾ ਦੇ ਵਿਰੁੱਧ ਸੀ। ਉਹ ਪੁਲਿਸ, ਜਿ ਨੇ ਨਾਬਾਲਗ ਨਾਲ ਵਿਆਹ ਕਰਨ ਤੇ ਕਰਾਉਣ ਵਾਲਿਆਂ ਦੇ ਖ਼ਿਲਾਫ਼ ਐਕਸ਼ਨ ਲੈਣਾ ਸੀ, ਉਹੀ ਪੁਲਿਸ ਉਸ ਵਿਆਹ ਨੂੰ ਜਾਇਜ਼ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦਾ ਮਤਲਬ ਹੈ ਕਿ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀ ਉਲੰਘਣਾ ਕਰ ਰਹੇ ਸਨ ਅਤੇ ਮਾਸੂਮ ਬੱਚੀ ਦੀ ਮਾਸੂਮੀਅਤ ਨਾਲ ਖਿਲਵਾੜ ਕਰ ਰਹੇ ਸਨ। ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਉਸ ਮਾਸੂਮ ਦੇ ਮਨ ਤੇ ਇਹਨਾਂ ਕਾਰਵਾਈਆਂ ਦਾ ਕੀ ਅਸਰ ਹੋਵੇਗਾ।

ਤੀਜਾ ਮਹੱਤਵਪੂਰਨ ਕੇਸ ਦਿੱਲੀ ਵਿੱਚ ਦਸੰਬਰ 2012 ਵਿੱਚ ਹੋਏ ਬੱਸ ਵਿੱਚ ਲੜਕੀ ਦੇ ਬਲਾਤਕਾਰ ਦਾ ਸੀ, ਜਿਸ ਨੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਅਜਿਹੀ ਘਿਨਾਉਣੀ ਹਰਕਤ ਤੇ ਵੀ ਸਿਆਸੀ ਪਾਰਟੀਆਂ ਨੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ, ਭਾਵੇਂ ਇਹਨਾਂ ਘਟਨਾਵਾਂ ਵਿੱਚ ਸਰਕਾਰਾਂ ਦਾ ਕੋਈ ਹੱਥ ਨਹੀਂ ਹੁੰਦਾ, ਪ੍ਰੰਤੂ ਘਟਨਾ ਵਾਪਰ ਜਾਣ ਤੋਂ ਬਾਅਦ ਤਾਂ ਸਰਕਾਰਾਂ ਦਾ ਰੋਲ ਉਸਾਰੂ ਹੋਣਾ ਚਾਹੀਦਾ ਹੈ। ਅਖ਼ਬਾਰਾਂ ਦੀ ਵੀ ਕੋਈ ਮਰਿਆਦਾ ਹੁੰਦੀ ਹੈ, ਉਨ੍ਹਾਂ ਨੇ ਵੀ ਸਾਰੇ ਹੱਦ-ਬੰਨ੍ਹੇ ਪਾਰ ਕਰਕੇ ਲੜਕੀਆਂ ਦੀਆਂ ਫੋਟੋਆਂ ਅਤੇ ਨਾਂ ਪ੍ਰਕਾਸ਼ਤ ਕਰਨੇ ਸ਼ੁਰੂ ਕਰ ਦਿੱਤੇ। ਕੇਂਦਰ ਸਰਕਾਰ ਦਾ ਦਿੱਲੀ ਦੀ ਘਟਨਾ ਬਾਰੇ ਰੋਲ ਭਾਵੇਂ ਚੰਗਾ ਰਿਹਾ, ਪ੍ਰੰਤੂ ਜ਼ਖ਼ਮਾਂ 'ਤੇ ਮੱਲ੍ਹਮ ਲਗਾਉਣ ਤੋਂ ਸਿਵਾਏ ਸਰਕਾਰ ਵੀ ਕੁਝ ਨਹ ਕਰ ਸਕੀ।

ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਮਾਜ ਅਹਿਮ ਰੋਲ ਅਦਾ ਕਰ ਸਕਦਾ ਹੈ। ਪੁਲਿਸ, ਸਮਾ ਅਤੇ ਸਵੈਇੱਛਤ ਸੰਸਥਾਵਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਲੜਕੀਆਂ ਦੇ ਕੇਸਾਂ ਨੂੰ ਹਮਦਰਦੀ ਅਤੇ ਸੰਜੀਦਗੀ ਨਾਲ ਹੱਲ ਕਰਨਾ ਚਾਹੀਦਾ ਹੈ। ਅਖ਼ਬਾਰਾਂ ਅਤੇ ਪੁਲਿਸ ਦਾ ਰੋਲ ਇਨ੍ਹਾਂ ਕੇਸਾਂ ਵਿੱਚ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ। ਇਹਨਾਂ ਕੇਸਾਂ ਵਿੱਚ ਸਰਕਾਰਾਂ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ। ਪੁਲਿਸ ਨੂੰ ਨਿਰਪੱਖ ਹੇ ਕੇ ਪੜਤਾਲ ਕਰਨੀ ਚਾਹੀਦੀ ਹੈ। ਅਸਲ ਵਿੱਚ ਸਿਆਸੀ ਦਖ਼ਲਅੰਦਾਜ਼ੀ ਹਰ ਹਾਲਤ ਵਿੱਚ ਖ਼ਤਮ ਹੋਣੀ ਚਾਹੀਦੀ ਹੈ ਕਿਉਂਕਿ ਅਜਿਹੀ ਘਟਨਾ ਹਰ ਇੱਕ ਨਾਲ ਵਾਪਰ ਸਕਦੀ ਹੈ।

ਸੰਪਰਕ:  94178-13072

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ