Mon, 20 May 2024
Your Visitor Number :-   7052284
SuhisaverSuhisaver Suhisaver

ਬਾਲ ਸਾਹਿਤ ਦੀ ਵਰਤਮਾਨ ਸਥਿਤੀ - ਪ੍ਰਿੰ: ਹਰੀ ਕ੍ਰਿਸ਼ਨ ਮਾਇਰ

Posted on:- 11-08-2013

suhisaver

ਪਹਿਲੇ ਸਮਿਆਂ ਵਿੱਚ ਬਾਲ ਸਾਹਿਤ ਲਿਖਤੀ ਕਿੱਥੇ ਹੁੰਦਾ ਸੀ, ਬੱਸ ਮੌਖਿਕ ਬਾਲ ਸਾਹਿਤ ਨੂੰ ਹੀ ਦਾਦੀਆਂ ਤੇ ਮਾਵਾਂ ਪਣੇ ਚੇਤਿਆਂ ’ਚ ਸਾਂਭ-ਸੰਭਾਲ਼ ਲੈਂਦੀਆਂ ਸਨ। ਪੀੜ੍ਹੀ-ਦਰ-ਪੀੜ੍ਹੀ ਇਹੋ ਸਿਲਸਿਲਾ ਚੱਲਦਾ ਰਿਹਾ। ਮਾਂ ਜਦੋਂ ਆਪਣਏ ਬੱਚੇ ਨੂੰ ਲੋਰੀ ਸੁਣਾਉਂਦੀ ਤਾਂ ਉਸ ਦੇ ਤਨ-ਮਨ ਵਿੱਚ ਇਹ ਸੁਹਾਵਨੀ ਜਿਹੀ ਤਰੰਗ ਦੌੜ ਜਾਂਦੀ ਅਤੇ ਤਰੰਗਤ ਬਾਲ ਘੂਕ ਸੌਂ ਜਾਂਦਾ। ਬੱਚਾ ਹੋਰ ਵੱਡਾ ਹੁੰਦਾ, ਉਹ ਆਪਣੀ ਦਾਦੀ, ਆਪਣੀ ਮਾਂ ਦੇ ਗੋਡੇ ਮੁੱਢ ਬੈਠ ਕੇ ਬਾਤਾਂ ਸੁਣਨ ਦੀ ਜ਼ਿੱਦ ਕਰਦਾ। ਬਾਤਾਂ ਸੁਣ ਕੇ ਹੀ ਹੱਟਦਾ। ਬਾਤਾਂ ਰਸੀਲੀਆਂ ਹੁੰਦੀਆਂ ਤੇ ਬੱਚਿਆਂ ਦਾ ਮਨੋਰੰਜਨ ਵੀ ਕਰਦੀਆਂ ਸਨ। ਬੱਚੇ ਬਾਤਾਂ ਮੁੜ-ਮੁੜ ਸੁਣਨਾ ਪਸੰਦ ਕਰਦੇ ਸਨ। ਬੱਚਾ ਵੱਡਾ ਹੁੰਦਾ। ਉਸ ਦੀ ਸ਼ਖਸੀਅਤ ਉਸ ਨੂੰ ਸੁਣਾਈਆਂ ਬਾਤਾਂ ਅਤੇ ਲੋਰੀਆਂ ਵਰਗੀ ਹੀ ਹੁੰਦੀ। ਵਕਤ ਆਉਣ ’ਤੇ ਉਸ ਵਿਅਕਤੀਤਵ ਵਿੱਚੋਂ ਸੰਸਕਾਰਾਂ ਦੀਆਂ ਪੱਤੀਆਂ ਫੁੱਟ ਪੈਂਦੀਆਂ।

ਪੁਰਾਣੇ ਸਮੇਂ ਦੀਆਂ ਬਾਤਾਂ ਪਰੀਆਂ, ਸ਼ਹਿਜ਼ਾਦਿਆਂ, ਰਾਜੇ-ਰਾਣੀਆਂ, ਜਾਦੂਗਰਾਂ, ਦੇਵਤਿਆਂ, ਦੈਂਤਾਂ, ਅਲਾਦੀਨ ਦੇ ਚਿਰਾਗ, ਅਲੀ ਬਾਬਾ ਤੇ ਚਾਲ਼ੀ ਚੋਰਾਂ ਵਰਗੇ ਪਾਤਰਾਂ ਨਾਲ਼ ਭਰਪੂਰ ਹੁੰਦੀਆਂ ਸਨ। ਉਹ ਬੱਚੇ ਨੂੰ ਅਚੰਭੇ ਵਿੱਚ ਪਾ ਦਿੰਦੀਆਂ ਸਨ। ਕ੍ਰਿਸ਼ਮਾ ਦਿਖਾੳਂਦੀਆਂ ਸਨ। ਦੀਵੇ ਨੂੰ ਰਗੜ ਕੇ ਪੈਦਾ ਹੋਏ ਜਿੰਨ ਤੋਂ ਭਾਵੇਂ ਅਸੰਭਵ ਕੰਮ ਵੀ ਕਰਾ ਲਓ, ਕਰ ਦੇਂਦਾ ਸੀ। ਅਲੀ ਬਾਬਾ ਦੇ ‘ਖੁੱਲ੍ਹ ਜਾਹ ਸਿੰਮ-ਸਿੰਮ’ ਕਹਿਣ ’ਤੇ ਮੁੱਖ ਦੁਆਰ ਖੁੱਲ੍ਹ ਜਾਂਦਾ ਸੀ, ਭਾਵੇਂ ਉਸ ਸਮੇਂ ਤੀਕ ਆਵਾਜ਼ ਨੂੰ ਕਿਸੇ ਯੰਤਰਿਕ ਊਰਜਾ ਵਿੱਚ ਤਬਦੀਲ ਕਰਨ ਦੀ ਤਕਨੀਕ ਵਿਗਿਆਨ ਨੇ ਨਹੀਂ ਸੀ ਲੱਭੀ। ਹੋਰ ਬੜੀਆਂ ਕਹਾਣੀਆਂ ਹਨ, ਜੋ ਬੱਚਿਆਂ ਦੇ ਸਿਰ ਉਪਰੋਂ ਦੀ ਲੰਘ ਜਾਂਦੀਆਂ ਹਨ।

ਬਾਤਾਂ ਦਾ ਚਿੰਤਨ-ਮੰਥਨ ਕਰਨ ’ਤੇ ਇੱਕੋ ਗੱਲ ਮਨ ਵਿੱਚ ਉੱਭਰਦੀ ਹੈ ਕਿ ਬਿਨ੍ਹਾਂ ਸ਼ੱਕ ਬਾਤਾਂ ਬੱਚਿਆਂ ਵਿੱਚ ਜਾਨਣ-ਸੁਣਨ ਦੀ ਜਗਿਆਸਾ ਪੈਦਾ ਕਰਦੀਆਂ ਸਨ। ਉਸ ਦੀ ਕਲਪਨਾ ਉਡਾਣ ਭਰਦੀ, ਪਰ ਬਾਤਾਂ ਬੱਚਿਆਂ ਨੂੰ ਜ਼ਿੰਦਗੀ ਦੀ ਹਕੀਕਤ ਨਾਲ਼ ਨਹੀਂ ਸਨ ਜੋੜਦੀਆਂ। ਉਨ੍ਹਾਂ ਦੀ ਸੋਚ ਨੂੰ ਤਿੱਖੇ ਕਰਨ ਦੀ ਬਜਾਏ ਖੁੰਢਾ ਕਰਦੀਆਂ ਸਨ। ਉਨ੍ਹਾਂ ਨੂੰ ਬੌਧਿਕ ਖ਼ੁਰਾਕ ਨਹੀਂ ਸਨ ਦੇਂਦੀਆਂ। ਜ਼ਿੰਦਗੀ ਦੀ ਜੱਦੋ ਜਹਿਦ ਲਈ ਪ੍ਰੇਰਦੀਆਂ ਨਹੀਂ ਸਨ। ਬਾਲਾਂ ਦੇ ਮਨਾਂ ਵਿੱਚ ਡਰ, ਵਹਿਮ, ਪਾਖੰਡ, ਬੜਾ ਕੁਝ ਨਾਂਹ-ਪੱਖੀ ਸਿਰਜਦੀਆਂ ਸਨ। ਉਨ੍ਹਾਂ ਦੇ ਸੁਤੰਤਰ ਵਿਕਾਸ ਵਿੱਚ ਭੋਰਾ ਕੁ ਅੜਿੱਕਾ ਜ਼ਰੂਰ ਪਾਉਂਦੀਆਂ ਸਨ।

ਪ੍ਰਸਿੱਧ ਮਨੋਵਿਗਿਆਨੀ ਫਰਾਈਡ ਕਹਿੰਦਾ ਹੈ ਬੱਚੇ ਦੀ ਉਮਰ ਦੇ ਮੁੱਢਲੇ ਪੰਜ ਸਾਲ ਬੜੇ ਹੀ ਮਹੱਤਵਪੂਰਨ ਹੁੰਦੇ ਹਨ। ਇਹ ਪਲਾਸਟਿਕ ਪੀਰੀਅਡ ਹੁੰਦਾ ਹੈ। ਇਸ ਵਕਤ ਜਿਸ ਢਾਂਚੇ ਵਿੱਚ ਬੱਚੇ ਨੂੰ ਢਾਲ਼ੋਗੇ, ਉਸੇ ਤਰ੍ਹਾਂ ਢਲ਼ ਜਾਵੇਗਾ। ਪੂਰੀ ਜ਼ਿੰਦਗੀ ਦੀ ਉਸਾਰੀ ਇਸੇ ਢਾਂਚੇ ’ਤੇ ਹੁੰਦੀ ਹੈ।

ਜਿਸ ਪ੍ਰਕਾਰ ਬੱਚੇ ਦੇ ਸਰੀਰਕ ਵਿਕਾਸ ਲਈ ਆਹਾਰ ਲੜੀਂਦਾ ਹੁੰਦਾ ਹੈ, ਠੀਕ ਉਸੇ ਤਰ੍ਹਾਂ ਬੱਚੇ ਦੀ ਬੌਧਿਕਤਾ ਦੇ ਵਧਣ-ਫੁੱਲਣ ਲਈ ਸਾਹਿਤਿਕ ਖ਼ੁਰਾਕ ਦੀ ਵੀ ਲੋੜ ਹੁੰਦੀ ਹੈ। ਇਹ ਸਾਹਿਤਿਕ ਖ਼ੁਰਾਕ ਬਾਲ ਸਾਹਿਤ ਪ੍ਰਦਾਨ ਕਰਦਾ ਹੈ। ਬਾਲ ਸਾਹਿਤ ਬੱਚੇ ਨੂੰ ਉੱਚੇ-ਸੁੱਚੇ ਮਾਨਵੀ ਆਦਰਸ਼ਾਂ ਨਾਲ਼ ਜੋੜਦਾ ਹੈ। ਬੱਚੇ ਵਿੱਚ ਸਮਾਜਿਕ ਸਰੋਕਾਰ ਅਤੇ ਮਾਨਵੀ ਗੁਣ ਪੈਦਾ ਕਰਦਾ ਹੈ।

ਅਗਲੇ ਦੌਰ ਵਿੱਚ ਪੰਚ ਤੰਤਰ, ਹਿਤੋ ਉਪਦੇਸ਼ ਅਤੇ ਈਸਪ ਦੀਆਂ ਕਹਾਣੀਆਂ ਅੱਜ ਵੀ ਬਾਲ ਮਨਾਂ ’ਚ ਆਦਰਸ਼ ਗੁਣਾਂ ਦਾ ਸੰਚਾਰ ਕਰਦੀਆਂ ਹਨ। ਇਨ੍ਹਾਂ ਦੀ ਮਕਬੂਲੀਅਤ ਕਾਰਨ ਇਨ੍ਹਾਂ ਉੱਤੇ ਵਕਤ ਦੀ ਧੂੜ ਨਹੀਂ ਪਈ। ਫੇਰ ਉਹ ਵੀ ਦੌਰ ਆਇਆ, ਜਦੋਂ ਮੈਕਸਿਮ ਗੋਰਕੀ ਨੇ ਬੱਚਿਆਂ ਨੂੰ ‘ਪਾਇਨੀਅਰ ਸਕਾਇਆ ਪਰਾਵਦਾ’ ਰਾਹੀਂ ਉਨ੍ਹਾਂ ਦੀ ਪਸੰਦ ਪੁੱਛੀ। ਬੱਚਿਆਂ ਦੇ ਢੇਰ ਸਾਰੇ ਖ਼ਤ ਆਏ। ਬੱਚੇ ਸਾਰਿਆਂ ਹੀ ਵਿਸ਼ਿਆਂ ਨੂੰ ਪਸੰਦ ਕਰਦੇ ਸਨ। ਉਹ ਵੱਖ-ਵੱਖ ਵਿਸ਼ਿਆਂ ’ਤੇ ਪੁਸਤਕਾਂ ਮੰਗਦੇ ਸਨ। ਉਹ ਕੁਝ ਨਵਾਂ ਪੜ੍ਹਨਾ, ਸੁਣਨਾ ਤੇ ਸਿੱਖਣਾ ਚਾਹੁੰਦੇ ਸਨ। ਸਿੱਟੇ ਵਜੋਂ ਰੂਸ ਵਿੱਚ ਬੇਸ਼ੁਮਾਰ ਬਾਲ ਸਾਹਿਤ ਪ੍ਰਕਾਸ਼ਿਤ ਹੋਇਆ। ਇਹ ਬਾਲ ਸਾਹਿਤ ਸਾਰੀ ਦੁਨੀਆਂ ਲਈ ਇੱਕ ਮਿਸਾਲ ਬਣ ਗਿਆ। ਉਹ ਹਰ ਸਾਲ ਬੱਚਿਆਂ ਦੇ ਸਾਹਿਤ ਦੇ 600 ਟਾਈਟਲ ਪ੍ਰਕਾਸ਼ਿਤ ਕਰਦੇ ਸਨ। ਵਿਗਿਆਨ ਅਤੇ ਤਕਨੀਕ ਦਾ ਬਾਲ ਸਾਹਿਤ ਉਸ ਵੇਲ਼ੇ ਹੀ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ ਸੀ।

ਬਾਲ ਸਾਹਿਤ ਲੇਖਕ ਤੋਂ ਬੱਚਾ ਕਿਹੋ ਜਿਹਾ ਸਾਹਿਤ ਮੰਗਦਾ ਹੈ? ਬੱਚਾ ਚਾਹੁੰਦਾ ਹੈ ਕਿ ਲੇਖਕ ਦੀ ਕਹਾਣੀ, ਨਾਵਲ, ਉਸ ਨੂੰ ਉਂਗਲ਼ੀ ਲਾ ਕੇ ਆਪਣੇ ਨਾਲ਼ ਤੋਰ ਲਵੇ, ਖੂਬ ਦੌੜਾਵੇ, ਜਾਣਕਾਰੀ ਵੀ ਦੇਵੇ, ਕੁਝ ਸਮਝਾਵੇ ਵੀ, ਮਨੋਰੰਜਨ ਵੀ ਕਰੇ, ਬੱਸ ਜਦੋਂ ਉਹ ਥੱਕ ਜਾਵੇ ਤਾਂ ਕਹਾਣੀ ਮੁੱਕ ਜਾਵੇ।

ਬੱਚਾ ਚਾਹੁੰਦਾ ਹੈ ਕਿ ਲੇਖਕ ਉਸ ਨੂੰ ਨੀਲੇ ਗਗਨ ਵਿੱਚ ਉਡਾ ਕੇ ਲੈ ਜਾਵੇ। ਉਹ ਚੰਦ-ਤਾਰਿਆਂ ਨਾਲ਼ ਗੱਲਾਂ ਕਰੇ, ‘‘ਤਾਰਿਓ, ਤੁਸੀਂ ਕਿਸ ਤਰ੍ਹਾਂ ਚਮਕਦੇ ਹੋ? ਤੁਸੀਂ ਧਰਤੀ ’ਤੇ ਕਿਉਂ ਨਹੀਂ ਆਉਂਦੇ? ਤੁਸੀਂ ਦਿਨ ਵੇਲ਼ੇ ਕਿੱਥੇ ਚਲੇ ਜਾਂਦੇ ਹੋ?’’ ਗ੍ਰਹਿਆਂ-ਉੱਪਗ੍ਰਹਿਆਂ ਤੇ ਹੋਰ ਧਰਤੀਆਂ ਦੇ ਭੇਤ ਪਤਾ ਲੱਗਣ। ਬੱਚਾ ਚਾਹੁੰਦਾ ਹੈ ਕਿ ਲੇਖਕ ਆਪਣੀ ਲਿਖਤ ਰਾਹੀਂ ਉਸ ਨੂੰ ਮਹਾਨ ਦੇਸ਼ਭਗਤਾਂ, ਵਿਗਿਆਨੀਆਂ, ਮਹਾਨ ਸ਼ਖਸੀਅਤਾਂ ਦੇ ਜੀਵਨ ਬਾਰੇ ਦੱਸੇ ਕਿ ਉਨ੍ਹਾਂ ਦਾ ਬਚਪਨ ਕਿਹੋ ਜਿਹਾ ਸੀ। ਪੜ੍ਹਦੇ ਕਿੰਨਾਂ ਕੁ ਸਨ? ਉਨ੍ਹਾਂ ਦੀਆਂ ਰੁਚੀਆਂ ਕਿਹੋ ਜਿਹੀਆਂ ਸਨ? ਉਹ ਸ਼ਰਾਰਤੀ ਸਨ ਜਾਂ ਸਾਧੂ ਸੁਭਾਅ ਵਾਲ਼ੇ? ਉਹ ਏਡੇ ਵੱਡੇ ਮਨੁੱਖ ਕਿਵੇਂ ਬਣ ਗਏ ਸਨ?

ਬੱਚੇ ਇਨਾਂ ਜਾਣਕਾਰੀਆਂ ਨੂੰ ਆਪਣੇ ਮਨ ਦੇ ਖ਼ਾਨਿਆਂ ਵਿੱਚ ਰੱਖਣਾ ਚਾਹੁੰਦੇ ਹਨ। ਉਹ ਮਹਾਨ ਪੁਰਸ਼ਾਂ ’ਚ ਮੌਜੂਦ ਮਾਨਵੀ ਸਰੋਕਾਰਾਂ ਨੂੰ ਆਪਣੀ ਸ਼ਖਸੀਅਤ ਵਿੱਚ ਜੋੜਨਾ ਚਾਹੁੰਦੇ ਹਨ। ਮੈਨੂੰ ਇਸ ਪਲ ਆਪਣੇ ਬਾਲਪਣ ਦੀ ਇੱਕ ਘਟਨਾ ਚੇਤੇ ਆਉਂਦੀ ਹੈ। ਇੱਥੇ ਉਹ ਦੱਸਣੀ ਵਾਜਬ ਹੋਵੇਗੀ।

ਬਸੰਤ ਤੋਂ ਅਗਲਾ ਦਿਨ ਸੀ। ਮੇਰੇ ਇੱਕ ਜਮਾਤੀ ਨੇ ਮੈਨੂੰ ਪੁੱਛਿਆ, ‘‘ਤੂੰ ਪਤੰਗ ਉਡਾਇਆ ਸੀ ਕੱਲ੍ਹ?’’ ‘‘ਹਾਂ’’, ਮੈਂ ਕਿਹਾ। ‘‘ਕਿੰਨਾਂ ਕੁ ਉੱਚਾ ਉੱਡਿਆ ਸੀ?’’ ਉਸ ਨੇ ਪੁੱਛਿਆ : ‘‘ਰੱਬ ਨੂੰ ਜਾ ਲੱਗਿਆ ਸੀ।’’ ਮੈਂ ਦੱਸਿਆ। ‘‘ਜੇ ਰੱਬ ਤੇਰੇ ਪਤੰਗ ਨੂੰ ਫੜ ਲੈਂਦਾ ਤਾਂ?’’ ਉਸ ਨੇ ਮੈਨੂੰ ਡਰਾਇਆ। ‘‘ਰੱਬ ਦੇ ਕਿਹੜਾ ਹੱਥ ਹੁੰਦੇ ਨੇ।’’ ਮੈਂ ਪੂਰੇ ਵਿਸ਼ਵਾਸ ਨਾਲ਼ ਕਿਹਾ।

ਮੈਨੂੰ ਅੱਜ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਰੱਬ ਦੇ ਸੰਦਰਭ ’ਚ ਏਡਾ ਵੱਡਾ ਬਿਆਨ ਕਿਵੇਂ ਦੇ ਦਿੱਤਾ। ਮੇਰੇ ਅੰਦਰ ਉਹੋ ਬੱਚਾ ਅੱਜ ਵੀ ਜਿਊਂਦਾ ਹੈ। ਉਹ ਬੱਚਾ ਮੈਨੂੰ ਬਾਲਾਂ ਲਈ ਲਿਖਣ ਨੂੰ ਪ੍ਰੇਰਦਾ ਹੈ। ਉਸ ਦੀ ਮੁਸਕਣੀ, ਉਸ ਦੀ ਮਾਸੂਮੀਅਤ ਮੇਰੀ ਲਿਖਣ ਕਲਾ ਨੂੰ ਸਾਹ ਦੇਂਦੀ ਹੈ।

ਅੱਜ ਦੇ ਦੌਰ ’ਚ ਮਨੁੱਖ ਦੀਆਂ ਕਦਰਾਂ-ਕੀਮਤਾਂ, ਵਿਹਾਰ, ਸੁਭਾਅ, ਪਸੰਦ-ਨਾਪਸੰਦ ਸਭ ਬਦਲ ਗਏ ਹਨ। ਮਨੋਰੰਜਨ ਚੁਣੌਤੀ ਬਣ ਕੇ ਸਾਡੇ ਸਾਹਮਣੇ ਖਲੋ ਗਿਆ ਹੈ। ਸੱਭਿਆਚਾਰ ਕਦੋਂ ਦਾ ਸਾਡੇ ਕੋਲ਼ੋਂ ਰੁਸ ਕੇ ਕਿਧਰੇ ਤੁਰ ਗਿਆ ਹੈ। ਕਦੀ-ਕਦੀ ਸਕੂਲਾਂ-ਕਾਲਜਾਂ ਦੀਆਂ ਸਟੇਜਾਂ ’ਤੇ ਜ਼ਰੂਰ ਦੇਖਿਆ ਗਿਆ ਹੈ। ਸਮਾਜਕ ਸਰੋਕਾਰ ਬਦਲ ਗਏ ਹਨ। ਰਿਸ਼ਤੇ ਬਦਲ ਗਏ ਹਨ। ਪਦਾਰਥਵਾਦ ਅਤੇ ਬਾਜ਼ਾਰ ਸਾਡੇ ਜ਼ਿਹਨ ਵਿੱਚ ਉੱਤਰ ਆਇਆ ਹੈ। ਬਾਲਾਂ ਦੇ ਮਾਪਿਆਂ ਦੇ ਮੱਥੇ ’ਤੇ ਬੱਸ ਚਿੰਤਾਵਾਂ ਹਨ, ਸੰਸੇ ਹਨ, ਡਰ ਹਨ, ਅਫ਼ਰਾ-ਤਫ਼ਰੀ ਹੈ।

ਬੱਚਿਆਂ ਦੇ ਖੇਡਣ ਲਈ ਖੁੱਲ੍ਹੇ ਖੇਤ ਨਹੀਂ। ਉਨਾਂ ਦੇ ਖੇਡਣ ਲਈ ਖੁੱਲ੍ਹਾ ਆਕਾਸ਼ ਨਹੀਂ। ਉਹ ਇੱਕ ਬੋਝ ਢੋਅ ਰਹੇ ਹਨ ਅਸੂਲਾਂ, ਸੱਭਿਆਚਾਰਾਂ, ਹੱਦ-ਬੰਦੀਆਂ, ਲਕੀਰਾਂ, ਫ਼ਰਮਾਨਾਂ ਦਾ ਬੋਝ। ਬੱਚਾ ਸੁਤੰਤਰ ਨਹੀਂ ਕਿ ਉਹ ਆਪਣੇ ਮਨ ਦੀ ਗੱਲ ਕਹਿ ਸਕੇ। ਅਣਗਿਣਤ ਫ਼ਿਲਮਾਂ, ਸੀਰੀਅਲ, ਗੇਮਾਂ, ਕਾਮਿਕਸ, ਕਾਰਟੂਨ, ਡਿਜੀਟਲ ਖਿਡੌਣੇ ਉਸ ਦੀਆਂ ਭਾਵਨਾਵਾਂ ਨਾਲ਼ ਖੇਡਦੇ ਹਨ। ਕਾਲਪਨਿਕ ਪਾਤਰਾਂ, ਜੋ ਹਕੀਕਤ ’ਚ ਨਹੀਂ ਹੁੰਦੇ, ਨਾਲ਼ ਉਸ ਦਾ ਮੋਹ ਪੈ ਜਾਂਦਾ ਹੈ।

ਬੱਚੇ ਕੋਲ਼ੋਂ ਜਨਮ ਤੋਂ ਹੀ ਉਸ ਦੇ ਘਰ, ਉਸ ਦੇ ਵਿਰਸੇ, ਉਸ ਦੀ ਬੋਲੀ, ਉਸ ਦੀ ਆਜ਼ਾਦੀ ਖੋਹਣ ਦੇ ਮਨਸੂਬੇ ਬਣਾ ਲਏ ਜਾਂਦੇ ਹਨ। ਉਸ ਨੂੰ ਪੱਛਮੀ ਸੱਭਿਆਚਾਰ ਦੇ ਲੜ ਲਾ ਦਿੱਤਾ ਜਾਂਦਾ ਹੈ। ਉਹ ਉਹੋ ਕੁਝ ਸਿੱਖਦਾ, ਉਹੋ ਪੜ੍ਹਦਾ, ਉਹੋ ਗੀਤ ਗਾਉਂਦਾ ਹੈ, ਜੋ ਪਾਠਸ਼ਾਲਾ ’ਚ ਉਸ ਨੂੰ ਸਿਖਾਏ ਜਾਂਦੇ ਹਨ। ਮਾਪਿਆਂ ਕੋਲ਼ ਬੱਚਿਆਂ ਦੀ ਪ੍ਰਤਿਭਾ ਅੰਦਰ ਝਾਤੀ ਮਾਰਨ ਦੀ ਵਿਹਲ ਕਿੱਥੇ ਕਿ ਉਨ੍ਹਾਂ ਦਾ ਬੱਚਾ ਕੀ ਬਣਨਾ ਚਾਹੁੰਦਾ ਹੈ? ਉਸ ਅੰਦਰ ਕਿੰਨੀਂ ਕੁ ਸਮਰੱਥਾ ਲੁਕੀ ਪਈ ਹੈ?

ਸਾਡੇ ਕੋਲ਼ ਕੋਈ ਏਡਾ ਵੱਡਾ ਜੁਗਾੜ ਵੀ ਨਹੀਂ ਹੈ ਕਿ ਅਸੀਂ ਇਨ੍ਹਾਂ ਫ਼ਿਲਮਾਂ, ਕਾਮਿਕਸਾਂ, ਗੇਮਾਂ, ਡਿਜੀਟਲ ਖਿਡੌਣਿਆਂ ਦਾ ਕੋਈ ਬਦਲ ਪੇਸ਼ ਕਰ ਸਕੀਏ। ਆਪਣੇ ਬੱਚਿਆਂ ਦੀ ਮਾਨਸਿਕਤਾ ਨੂੰ ਬਚਾ ਸਕੀਏ। ਇਨ੍ਹਾਂ ਦਾ ਕੋਈ ਬਦਲ ਤਾਂ ਲੱਭਣਾ ਹੀ ਪੈਣਾ ਹੈ। ਗਿਆਨ-ਵਿਗਿਆਨ ਦੀ ਸਮਝ ਤੇਜ਼ ਗਤੀ ਨਾਲ਼ ਚੱਲ ਰਹੀ ਹੈ, ਪਰ ਇਸ ਦੇ ਹਾਣ ਦਾ ਬਾਲ ਸਾਹਿਤ ਅੱਜ ਸਾਡੇ ਕੋਲ਼ ਮੌਜੂਦ ਨਹੀਂ ਹੈ। ਜੇ ਹੈ ਤਾਂ ਉਹ ਵੀ ਨਾਂ-ਮਾਤਰ। ਨਵਾਂ ਪੜ੍ਹਨ, ਸਿੱਖਣ, ਜਾਣਨ ਦੀ ਬੱਚਿਆਂ ਦੀ ਭੁੱਖ ਨੂੰ ਅਜੋਕਾ ਬਾਲ ਸਾਹਿਤ ਅੰਸ਼ਿਕ ਰੂਪ ’ਚ ਹੀ ਸੰਤੁਸ਼ਟ ਕਰਦਾ ਹੈ।

ਅੱਜ ਧੜਾਧੜ ਬਾਲ ਸਾਹਿਤ ਪ੍ਰਕਾਸ਼ਤ ਹੋ ਰਿਹਾ ਹੈ, ਪਰ ਬਾਲ ਪਾਠਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਅੱਜ ਦੇ ਛਪੇ ਬਾਲ ਸਾਹਿਤ ਨੂੰ ਬੱਚੇ ਪੜ੍ਹਨਾ ਹੀ ਨਹੀਂ ਚਾਹੁੰਦੇ। ਬੱਚਾ ਉਬਾਸੀਆਂ ਲੈਣ ਲੱਗਦਾ, ਊਂਘਣ ਲੱਗਦਾ, ਕਿਤਾਬ ਵਗਾਹ ਕੇ ਪਰ੍ਹੇ ਮਾਰਦਾ ਉੱਥੋਂ ਉੱਠ ਕੇ ਭੱਜ ਜਾਂਦਾ ਹੈ। ਅਜਿਹਾ ਕਿਉਂ? ਇਸ ਬਾਰੇ ਵਿਚਾਰ ਤਾਂ ਕਰਨਾ ਪਵੇਗਾ।

ਸਾਡੇ ਕਾਫ਼ੀ ਸਾਰੇ ਬਾਲ ਸਾਹਿਤ ਲੇਖਕ ਆਪਣਈ ਬੌਧਿਕਤਾ ਬੱਚਿਆਂ ਦੀਆਂ ਪੁਸਤਕਾਂ ’ਚ ਪਰੋਸ ਰਹੇ ਹਨ। ਆਪਣੇ ਬਾਲਪਣ ਦੀਆਂ ਘਟਨਾਵਾਂ, ਤਰੀਕ ਲੰਘੀਆਂ ਦਵਾਈਆਂ ਵਾਂਗ, ਬੱਚੇ ਨੂੰ ਦੇ ਕੇ ਆਪ ਲੁਤਫ਼ ਲੈ ਰਹੇ ਹਨ। ਭਲਾ ਮਿਤੀ ਲੰਘੀਆਂ ਦਵਾਈਆਂ ਨਾਲ਼ ਇਲਾਜ ਕਦੇ ਹੋ ਸਕਦਾ ਹੈ? ਇਨ੍ਹਾਂ ਨਾਲ਼ ਤਾਂ ਹੋਰ ਵੀ ਵਿਗਾੜ ਪੈ ਜਾਂਦਾ ਹੈ।

ਬਹੁਤੇ ਬਾਲ ਸਾਹਿਤ ਲੇਖਕ ਬਾਲਾਂ ਬਾਰੇ ਤਾਂ ਲਿਖਦੇ ਹਨ, ਬਾਲਾਂ ਦਾ ਸਾਹਿਤ ਨਹੀਂ ਲਿਖਦੇ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਲ ਸਾਹਿਤ ਰਚਣਾ ਐਨਾ ਵੀ ਸੌਖਾ ਕਾਰਜ ਨਹੀਂ। ਉਮਰ ਦੀਆਂ ਪੌੜੀਆਂ ਤੋਂ ਬੜਾ ਥੱਲੇ ਉਤਰਨਾ ਪੈਂਦਾ ਹੈ। ਆਯੂ ਗੁੱਟ ਅਨੁਸਾਰ ਲਿਖਣਾ ਪੈਂਦਾ ਹੈ। ਸਰਲ ਭਾਸ਼ਾ, ਸ਼ਾਦੀ ਬੋਲੀ ’ਚ ਬਾਲ ਰਚਨਾ ਕੁਝ ਸਮਝਾਉਂਦੀ ਹੋਵੇ, ਉਲ਼ਝਾਉਂਦੀ ਨਾ ਹੋਵੇ। ਧੁੰਦਲੇ ਸੰਕਲਪਾਂ ਦੀ ਛਾਪ ਨਾ ਛੱਡਦੀ ਹੋਵੇ।

ਅੱਜ ਦਾ ਬਹੁਤਾ ਬਾਲ ਸਾਹਿਤ ਬੱਚਿਆਂ ਦੀਆਂ ਭਾਵਨਾਤਮਕ ਲੋੜਾਂ ਨੂੰ ਪੂਰਿਆਂ ਨਹੀਂ ਕਰਦਾ। ਬੱਚਿਆਂ ਦੇ ਸੁਭਾਅ ’ਚ ਆ ਰਹੇ ਵਿਗਾੜਾਂ ਅਤੇ ਸਰੋਕਾਰਾਂ ਦੇ ਸੁਧਾਰ ਵੱਲ ਕੋਈ ਕਦਮ ਨਹੀਂ ਪੁੱਟਦਾ, ਸਗੋਂ ਸਿੱਖਿਆਵਾਂ, ਸਮਝੌਣੀਆਂ, ਬੌਧਿਕ ਅਨੁਭਵ, ਤਜ਼ਰਬਿਆਂ, ਘਸੀਆਂ-ਪਿਟੀਆਂ ਯਾਦਾਂ ਨਾਲ਼ ਨੱਕੋ-ਨੱਕ ਭਰਿਆ ਪਿਆ ਹੈ। ਅੱਜ ਪੁਲਾੜ ਯੁੱਗ ’ਚ ਸਾਡੇ ਬੱਚੇ ਨੂੰ ਵਿਗਿਆਨਕ ਜਾਣਕਾਰੀ ਬੜੀ ਘੱਟ ਹੈ। ਉਹ ਸੱਖਣਾ-ਸੱਖਣਾ, ਊਣਾ-ਊਣਾ ਮਹਿਸੂਸ ਕਰ ਰਿਹਾ ਹੈ। ਹੁਣ ਲੋਰੀਆਂ ਬੱਚੇ ਦੀ ਰੂਹ ਨੂੰ ਤਰੰਨੁਮ ’ਚ ਨਹੀਂ ਲਿਆਉਂਦੀਆਂ। ਅੱਜ ਜਦੋਂ ਚਾਰੇ ਪਾਸੇ ਅਨਿਸ਼ਚਿਤਤਾ ਦਾ ਮਾਹੌਲ ਹੈ, ਆਧੁਨਿਕਤਾ ਦੀ ਬੇਸਮਝ ਦੌੜ ਹੈ, ਇਸ ਸਮੇਂ ਬਾਲ ਸਾਹਿਤ ਬੱਚੇ ਨੂੰ ਸਹੀ ਰਾਹ ’ਚ ਤੁਰਨ ਵਿੱਚ ਉਸ ਦਾ ਮਦਦਗਾਰ ਬਣ ਸਕਦਾ ਹੈ। ਆਪਣੀ ਮਿੱਟੀ, ਆਪਣੇ ਵਿਰਸੇ ਨਾਲ਼ ਜੋੜਨ ਲਈ ਸੂਤਰਧਾਰ ਬਣ ਸਕਦਾ ਹੈ।

ਬਾਲ ਸਾਹਿਤ ਨੂੰ ਗਤੀਸ਼ੀਲ ਕਰਨ ਹਿੱਤ ਜੋ ਉੱਦਮ ਅੱਜ ਹੋ ਰਹੇ ਹਨ, ਮੈਂ ਉਨ੍ਹਾਂ ਦਾ ਵੀ ਇੱਥੇ ਜ਼ਿਕਰ ਕਰਨਾ ਚਾਹਾਂਗਾ। ਭਾਸ਼ਾ ਵਿਭਾਗ ਹਰ ਸਾਲ ਬਾਲ ਸਾਹਿਤ ਲੇਖਕਾਂ ਨੂੰ ਪੁਰਸਕਾਰ ਦੇਂਦਾ ਹੈ। ਉਨ੍ਹਾਂ ਦੇ ਖਰੜੇ ਪ੍ਰਕਾਸ਼ਿਤ ਕਰਨ ਲਈ ਮਾਲੀ ਮਦਦ ਵੀ ਕਰਦਾ ਹੈ। ਬਾਲਾਂ ਵਆ ਸਾਹਿਤਿਕ ਮੁਕਾਬਲੇ ਆਯੋਜਤ ਕਰਦਾ ਹੈ। ਰੋਜ਼ਾਨਾ ਅਖ਼ਬਾਰ ਬਾਲਾਂ ਲਈ ਰੰਗ-ਬਰੰਗੇ ਫੀਚਰ ਛਾਪ ਰਹੇ ਹਨ, ਜੋ ਬੜੇ ਹਰਮਨ-ਪਿਆਰੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਬੱਚਿਆਂ ਲਈ ‘ਪੰਖੜੀਆਂ’ ਅਤੇ ‘ਪ੍ਰਾਇਮਰੀ ਸਿੱਖਿਆ’ ਪ੍ਰਕਾਸ਼ਤ ਕਰਦਾ ਹੈ। ਮਾਹਲਪੁਰ ਤੋਂ ਬਲਜਿੰਦਰ ਮਾਨ ਸਿਰੜ ਨਾਲ਼ ‘ਨਿੱਕੀਆਂ ਕਰੂੰਬਲ਼ਾਂ’ ਰਸਾਲਾ ਬਾਲਾਂ ਲਈ ਕੱਢ ਰਿਹਾ ਹੈ। ਹੁਣੇ-ਹੁਣੇ ਪਟਿਆਲ਼ੇ ਤੋਂ ਇੱਕ ਖ਼ੂਬਸੂਰਤ ਅਤੇ ਮਿਆਰੀ ਬਾਲ ਰਸਾਲਾ ‘ਬਾਲਪਰੀਤ’ ਨਿਕਲਣ ਲੱਗਾ ਹੈ। ਇਸ ਦਾ ਸੰਪਾਦਨ ਡਾ: ਦਰਸ਼ਨ ਸਿੰਘ ਆਸ਼ਟ ਕਰ ਰਹੇ ਹਨ। ਪ੍ਰੀਤ ਲੜੀ ’ਚ ਬੱਚਿਆਂ ਦੇ ਪੰਨੇ ਬੜੇ ਦਿਲ ਲੁਭਾਉਣੇ ਹੁੰਦੇ ਹਨ।

ਨੈਸ਼ਨਲ ਬੁੱਕ ਟਰੱਸਟ ਨੇ ਡਾ. ਬਲਦੇਵ ਸਿੰਘ ਬੱਧਣ ਦੀ ਸੁਯੋਗ ਰਹਿਨੁਮਾਈ ’ਚ ਬਾਲ ਸਾਹਿਤ ਦੇ ਤਕਰੀਬਨ ਸੌ ਟਾਈਟਲ ਪ੍ਰਕਾਸ਼ਤ ਕਰਨ ਦਾ ਮਾਣ ਹਾਸਲ ਕੀਤਾ ਹੈ। ਇਹ ਪੁਸਤਕਾਂ ਹੋਰ ਭਾਰਤੀ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ। ਇਸ ਪ੍ਰਕਾਰ ਹੋਰਨਾਂ ਭਾਸ਼ਾਵਾਂ, ਹੋਰ ਸੱਭਿਆਚਾਰਾਂ ਦੀ ਪੰਜਾਬੀ ਬੱਚਿਆਂ ਨਾਲ਼ ਸਾਂਝ ਪੁਆਈ ਗਈ ਹੈ। ਇਹ ਬੜਾ ਠੋਸ ਅਤੇ ਸਾਰਥਕ ਉੱਦਮ ਹੈ।

2010 ਤੋਂ ਭਾਰਤੀ ਸਾਹਿਤ ਭਾਰਤੀ ਅਕਾਦਮੀ ਨੇ 24 ਭਾਰਤੀ ਭਾਸ਼ਾਵਾਂ ਦੇ ਬਾਲ ਸਾਹਿਤ ਲੇਖਕਾਂ ਨੂੰ ਪੁਰਸਕਾਰ ਦੇਣੇ ਆਰੰਭ ਕੀਤੇ ਹਨ। ਇੰਝ ਬਾਲ ਸਾਹਿਤ ਦਾ ਮਹੱਤਵ ਪਛਾਣਿਆ ਗਿਆ ਹੈ। ਪੰਜਾਬੀ ’ਚ ਸਾਹਿਤ ਅਕਾਦਮੀ ਦਾ ਪਹਿਲਾ ਸਨਮਾਨ ਜਸਬੀਰ ਸਿੰਘ ਭੁੱਲਰ ਨੂੰ ਪੁਸਤਕ ‘ਪਾਤਾਲ ਦੇ ਗਿਠਮੁਠੀਏ’ ਸਈ ਮਿਲ਼ਿਆ। ਫਿਰ ਡਾ. ਦਰਸ਼ਨ ਸਿੰਘ ਆਸ਼ਟ ਨੂੰ ਤੇ ਮਗਰੋਂ ਮਨਮੋਹਨ ਸਿੰਘ ਦਾਊ ਨੂੰ ਸਾਹਿਤ ਅਕਾਦਮੀ ਦਾ ਇਹ ਸਨਮਾਨ ਹਾਸਲ ਹੋਇਆ ਹੈ। ਇਹ ਇੱਕ ਸ਼ੁੱਭ ਸ਼ਗਨ ਹੈ। ਇਸ ਨਾਲ਼ ਸਾਡੇ ਬਾਲ ਸਾਹਿਤ ਲੇਖਕਾਂ ਨੂੰ ਕੁਝ ਨਵਾਂ ਕਰ ਵਿਖਾਉਣ ਦੀ ਪ੍ਰੇਰਣਾ ਮਿਲ਼ੇਗੀ। ਅਜੇ ਬੜਾ ਕੁਝ ਕਰਨਾ ਬਾਕੀ ਹੈ।

ਸਕੂਲਾਂ ’ਚ ਲਾਇਬ੍ਰੇਰੀਆਂ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ, ਜਿੱਥੇ ਬਾਲਾਂ ਲਈ ਸਾਹਿਤ ਉਪਲੱਬਧ ਹੋਵੇ। ਸਕੂਲ ਟਾਈਮ ਟੇਬਲ ’ਚ ਬਾਲ ਸਾਹਿਤ ਪੜ੍ਹਨ ਦੇ ਪੀਰੀਅਡ ਹੋਣ। ਬਾਲਾਂ ਨਾਲ਼ ਬਾਲ ਸਾਹਿਤ ਦੇ ਲੇਖਕਾਂ ਨਾਲ਼ ਰੂ-ਬ-ਰੂ ਕਰਾਇਆ ਜਾਵੇ। ਸਿੱਖਿਆ ਅਤੇ ਬਾਲ ਸਾਹਿਤ ਦਾ ਇੱਕ ਖੂਬਸੂਰਤ ਤਾਲਮੇਲ ਹੋਵੇ। ਅਧਿਆਪਕ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਦੀ ਚੇਟਕ ਲਾਵੇ। ਸਕੂਲਾਂ ਵਿੱਚ ਮੈਗਜ਼ੀਨ ਪ੍ਰਕਾਸ਼ਤ ਕਰਨ ਦਾ ਹੁਕਮ ਇੱਕ ਵਧੀਆ ਉਪਰਾਲਾ ਹੈ।

ਕਿੰਨੇ ਦੁਖ ਦੀ ਗੱਲ ਹੈ ਕਿ ਉੱਚ ਸਨਮਾਨ ਪ੍ਰਾਪਤ ਪੁਸਤਕਾਂ ਦੁਕਾਨਾਂ ’ਤੇ ਨਹੀਂ ਮਿਲ਼ਦੀਆਂ। ਪ੍ਰਕਾਸ਼ਕ ਦੌਲਤ ਦੀ ਅੱਖ ਨਾਲ਼ ਗਿਣਤੀ-ਮਿਣਤੀ ਕਰ ਕੇ ਹੀ ਕਿਤਾਬਾਂ ਛਾਪਦੇ ਹਨ। ਕਈ ਲੇਖਕਾਂ ਦੀ ਤਾਂ ਘਰ ਫੂਕ ਕੇ ਤਮਾਸ਼ਾ ਦੇਖਣ ਵਾਲ਼ੀ ਗੱਲ ਹੋ ਜਾਂਦੀ ਹੈ। ਲੇਖਕਾਂ ਨੂੰ ਮਿਲ਼ ਕੇ ਕੋਈ ਤਰਕੀਬ ਸੋਚਣੀ ਪੈਣੀ ਹੈ ਕਿ ਵਾਜਬ ਕੀਮਤਾਂ, ਵਧੀਆ ਛਪਾਈ, ਰੰਗ-ਬਰੰਗੇ ਚਿੱਤਰਾਂ ਵਾਲ਼ੀਆਂ ਕਿਤਾਬਾਂ ਬੱਚਿਆਂ ਨੂੰ ਕਿੰਝ ਦਿੱਤੀਆਂ ਜਾਣ? ਇਸ ਕਾਰਜ ’ਚ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਏਗਾ।

ਮੈਂ ਮੌਜੂਦਾ ਬਾਲ ਸਾਹਿਤ ਤੋਂ ਕਾਫ਼ੀ ਹੱਦ ਤੱਕ ਸੰਤੁਸ਼ਟ ਵੀ ਹਾਂ। ਮੇਰੀ ਦਿਲੀ ਰੀਝ ਹੈ ਕਿ ਪੰਜਾਬੀ ਬਾਲ ਸਾਹਿਤ ਲੇਖਕ ਮਿਹਨਤ ਕਰਨ, ਤਾਂ ਜੁ ਬਾਲ ਸਾਹਿਤ ਪੂਰੇ ਜਲੌਅ ਨਾਲ਼ ਵਿਸ਼ਵ ਦੀਆਂ ਹੋਰ ਭਾਸ਼ਾਵਾਂ ਦੇ ਬਾਲ ਸਾਹਿਤ ਦੇ ਬਰਾਬਰ ਖਲੋ ਸਕੇ।

#398-ਵਿਕਾਸ ਨਗਰ, ਪੱਖੋਵਾਲ ਰੋਡ, ਲੁਧਿਆਣਾ,
97806-67686


Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ