Sun, 03 March 2024
Your Visitor Number :-   6882398
SuhisaverSuhisaver Suhisaver

ਮਹਾਨ ਅਕਤੂਬਰ ਇਨਕਲਾਬ : ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ -ਪਿ੍ਰਥੀਪਾਲ ਸਿੰਘ ਮਾੜੀਮੇਘਾ

Posted on:- 27-10-2014

suhisaver

24 ਅਕਤੂਬਰ 1917 ਦੇ ਮਹਾਨ ‘ਰੂਸੀ ਇਨਕਲਾਬ’ ਨੇ ਕਿਰਤੀਆਂ ਦੇ ਮਨਾਂ ਵਿੱਚ ਭਵਿੱਖ ਦੀਆਂ ਖੁਸ਼ੀਆਂ ਦੇ ਦੀਪ ਜਗਾ ਦਿੱਤੇ ਸਨ। ਪ੍ਰਸਿੱਧ ਇਨਕਲਾਬੀ ਲੈਨਿਨ ਦੀ ਅਗਵਾਈ ਹੇਠ ਬਾਲਸ਼ਵਿਕ ਪਾਰਟੀ ਨੇ ਸਮਾਜਵਾਦੀ ਇਨਕਲਾਬ ਕਾਮਯਾਬ ਕਰਕੇ ਮਾਰਕਸਵਾਦੀ ਸਿਧਾਂਤ ਨੂੰ ਅਮਲੀ ਰੂਪ ਦੇ ਦਿੱਤਾ ਅਤੇ ਦੁਨੀਆ ਦੇ ਸਾਹਮਣੇ ਸਾਬਤ ਕਰ ਦਿੱਤਾ ਕਿ ਪੂੰਜੀਵਾਦੀ ਪ੍ਰਬੰਧ ਦੀ ਥਾਂ ’ਤੇ ਅਗਲੇਰਾ ਯੁੱਗ ਸਮਾਜਵਾਦੀ ਪ੍ਰਬੰਧ ਦਾ ਹੋਵੇਗਾ। ਮਾਰਕਸ ਦੇ ਸਿਧਾਂਤ ਅਨੁਸਾਰ ਸਮਾਜਵਾਦੀ ਪ੍ਰਬੰਧ ਵਿੱਚ ਹੀ ਹਰੇਕ ਮਨੁੱਖ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹੋ ਸਕਦੇ ਹਨ।

‘ਅਕਤੂਬਰ ਇਨਕਲਾਬ’ ਤੋਂ ਪਹਿਲਾਂ ਰੂਸ ਗਰੀਬੀ ਦਾ ਮਾਰਿਆ, ਅਰਧ-ਜੰਗਲੀ ਅਤੇ ਆਧੁਨਿਕ ਸਨਅਤ ਦੇ ਪੱਖੋਂ ਬੇਮਿਸਾਲ ਤੌਰ’ਤੇ ਇੱਕ ਪਛੜਿਆ ਹੋਇਆ ਦੇਸ਼ ਸੀ। ਜਗੀਰਦਾਰ ਕਿਸਾਨਾਂ ਨੂੰ ਬੇਰਹਿਮੀ ਨਾਲ ਲੁੱਟਦੇ ਅਤੇ ਕੁੱਟਦੇ ਸਨ। ਪੂੰਜੀਵਾਦੀ ਕੰਪਨੀਆਂ ਦੇ ਮਾਲਕ ਮੁਨਾਫ਼ੇ ਦੀ ਹਵਸ ਵਿੱਚ ਕਿਰਤੀਆਂ ਕੋਲੋਂ ਰੋਜ਼ਾਨਾ 12 ਤੋਂ 14 ਘੰਟੇ ਕੰਮ ਲੈਂਦੇ ਸਨ। ਕਿਰਤੀਆਂ ਦੇ ਘਰ ਨਰਕ ਸਮਾਨ ਸਨ ਜਿਥੇ ਸਾਹ ਲੈਣਾ ਔਖਾ ਸੀ। ਸਿਹਤ ਸਹੂਲਤਾਂ ਨਾ ਹੋਣ ਕਰਕੇ ਲੋਕ ਘਾਤਕ ਬੀਮਾਰੀਆਂ ਨਾਲ ਮਰ ਜਾਂਦੇ ਸਨ। ਬੱਚਿਆਂ ਨੂੰ ਵਿਦਿਆ ਦੇਣ ਦਾ ਪ੍ਰਬੰਧ ਨਾ-ਮਾਤਰ ਹੀ ਸੀ।

ਬਰਤਾਨੀਆਂ, ਫਰਾਂਸ, ਜਾਪਾਨ ਆਦਿ ਯੂਰਪੀ ਦੇਸ਼ਾਂ ਦੇ ‘ਸਰਮਾਏਦਾਰਾਂ ਦੀ ਜੁੰਡਲੀ ਨੇ ਰੂਸ ਦੇ ਵਿਸ਼ਾਲ ਕੁਦਰਤੀ ਖਣਿਜ ਪਦਾਰਥਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਸੀ। ਜਿਹੜੇ ਵੀ ਲੋਕ ਜਾਰਸ਼ਾਹੀ ਹਕੂਮਤ ਦੇ ਵਿਰੁਧ ਆਵਾਜ਼ ਉਠਾਉਂਦੇ ਸਨ ਉਨ੍ਹਾਂ ਨੂੰ ਕੁਚਲ ਦਿੱਤਾ ਜਾਂਦਾ ਸੀ।

ਕਿਰਤੀ-ਕਿਸਾਨਾਂ ਨੇ ਹਿੰਮਤ ਨਾ ਹਾਰੀ ਤੇ ਬਾਲਸ਼ਵਿਕ ਪਾਰਟੀ ਉਸਾਰ ਕੇ ਕਿਰਤੀਆਂ ਨੂੰ ਲਾਲ ਝੰਡੇ ਹੇਠ ਇਕੱਤਰ ਕਰਕੇ ਕਿਰਤੀ-ਕਿਸਾਨਾਂ ਨੇ ਹੋਰ ਮੰਗਾਂ ਦੇ ਨਾਲ-ਨਾਲ ‘ਕੰਮ ਦਿਹਾੜੀ ਸਮਾਂ 8 ਘੰਟੇ’ ਕਰਨ ਦੀ ਅਹਿਮ ਮੰਗ ਨੂੰ ਲੈ ਕੇ ਜਬਰਦਸਤ ਘੋਲ ਆਰੰਭ ਦਿੱਤਾ। ਕੁਝ ਹੜਤਾਲੀ ਕਿਰਤੀ ਫਿਰੇਬੀ ਆਗੂਆਂ ਤੋਂ ਗੁੰਮਰਾਹ ਹੋ ਕੇ 9 ਜਨਵਰੀ 1905 ਨੂੰ ਔਰਤਾਂ, ਮਰਦਾਂ ਅਤੇ ਬੱਚਿਆਂ ਦਾ ਇੱਕ ਵੱਡਾ ਜਲੂਸ ਲੈ ਕੇ ‘ਜਾਰ’ ਨੂੰ ਮਿਲਣ ਲਈ ਤੁਰ ਪਏ। ਜਾਰ ਦੇ ਹੁਕਮ ਤੇ ਫੌਜਾਂ ਨੇ ਕਿਰਤੀਆਂ ਦੇ ਹਜੂਮ ਤੇ ਗੋਲੀ ਚਲਾ ਦਿੱਤੀ। ਇਸ ਗੋਲੀ ਕਾਂਡ ਵਿੱਚ 1000 ਤੋਂ ਉੱਪਰ ਕਿਰਤੀ ਸ਼ਹੀਦ ਹੋ ਗਏ ਅਤੇ ਇਸ ਤੋਂ ਕਿਤੇ ਵਧੇਰੇ ਜ਼ਖ਼ਮੀ ਹੋਏੇ। ਕਿਰਤੀਆਂ ਨੇ ਇਸ ਦਿਨ ਨੂੰ ਹਮੇਸ਼ਾ ਲਈ ਯਾਦ ਰੱਖਣ ਵਾਸਤੇ ‘ਖ਼ੂਨੀ ਐਤਵਾਰ’ ਦਾ ਨਾਮ ਦਿੱਤਾ।

ਇਸ ਕਤਲੇਆਮ ਦੇ ਵਿਰੋਧ ਵਿੱਚ ਦੇਸ਼ ਭਰ ਦੇ ਕਿਰਤੀ ਅਤੇ ਉਨ੍ਹਾਂ ਦੇ ਸਮਰਥਕ ਹੜਤਾਲ ’ਤੇ ਆ ਗਏ। ਕਿਰਤੀਆਂ ਦਾ ਨਾਅਰਾ ਆਜ਼ਾਦੀ ਜਾਂ ਮੌਤ ਸਾਰੇ ਦੇਸ਼ ਵਿੱਚ ਗੂੰਜ ਉਠਿਆ। ਕਿਰਤੀਆਂ ਦੀ ਉੱਚੀ ਲਹਿਰ ਨੂੰ ਵੇਖ ਕੇ ‘ਜ਼ਾਰ’ ਡਰ ਗਿਆ ਅਤੇ ਉਸ ਨੇ ਕਿਰਤੀਆਂ ਨੂੰ ਭੁਚਲਾਉਣ ਵਾਲੇ ਕਈ ਐਲਾਨ ਕਰ ਦਿੱਤੇ। ਦੂਜੇ ਬੰਨੇ ਜਾਰ ਨੇ ਸਰਕਾਰੀ ਤਾਕਤ ਵਰਤਦਿਆਂ ਬਾਲਸ਼ਣਿਕ ਅਤੇ ਕਿਰਤੀ ਆਗੂਆਂ ਨੂੰ ਕਤਲ ਕਰਾਉਣਾ ਸ਼ੁਰੂ ਕਰ ਦਿੱਤਾ। ਸਰਕਾਰੀ ਕੈਟਾਂ ਨੇ 4000 ਤੋਂ ਵਧੇਰੇ ਲੋਕਾਂ ਨੂੰ ਕਤਲ ਕੀਤਾ ਅਤੇ 1000 ਤੋਂ ਵਧ ਨੂੰ ਫੱਟੜ ਕਰ ਦਿੱਤਾ ਸੀ।

ਇਨ੍ਹਾਂ ਹਾਲਤਾਂ ਵਿੱਚ ਕਿਰਤੀਆਂ ਨੇ ਲੈਨਿਨ ਦੀ ਅਗਵਾਈ ਹੇਠ ਹਥਿਆਰਬੰਦ ਦਸਤੇ ਤਿਆਰ ਕਰਕੇ 7 ਦਸੰਬਰ 1905 ਨੂੰ ਜਬਰਦਸਤ ਹੜਤਾਲ ਕਰ ਦਿੱਤੀ। ਮਾਸਕੋ ਸ਼ਹਿਰ ਵਿੱਚ ਕਿਰਤੀਆਂ ਨੇ ਹਰਕੇ ਟਿਕਾਣੇ ’ਤੇ ਮੋਰਚਾ-ਬੰਦੀ ਕਰ ਲਈ। ਇਸ ਘੋਲ ਵਿੱਚ ਔਰਤਾਂ, ਲਾਲ ਝੰਡੇ ਚੁੱਕ ਕੇ ਸਭ ਤੋਂ ਅੱਗੇ ਸਨ। ਜਾਰਸ਼ਾਹੀ ਫੌਜਾਂ ਨਾਲ ਕਿਰਤੀਆਂ ਦੀ ਹਥਿਆਰਬੰਦ ਟੱਕਰ ਹੋ ਗਈ ਪਰ ਕਿਰਤੀਆਂ ਦੀ ਬਗਾਵਤ ਠੱਲੀ ਨਾ ਜਾ ਸਕੀ। ਅੰਤ ਜ਼ਾਰ ਹਕੂਮਤ ਨੇ ਦੇਸ਼ ਭਰ ਦੀਆਂ ਫ਼ੌਜਾਂ ਨੂੰ ਇਕੱਤਰ ਕਰਕੇ ਮੁੱਖ ਇਨਕਲਾਬੀ ਬਗਾਵਤ ਨੂੰ ਕੁਚਲ ਦਿੱਤਾ। ਉਂਝ ਛੋਟੀਆਂ-ਛੋਟੀਆਂ ਬਗਾਵਤਾਂ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ 1907 ਤੱਕ ਜਾਰੀ ਰਹੀਆਂ ਸਨ। ਇਨ੍ਹਾਂ ਬਗਾਵਤਾਂ ਨੂੰ ਨੱਪਣ ਵਾਸਤੇ ਹਕੂਮਤ ਨੇ 25000 ਤੋਂ ਵਧੇਰੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ।

ਕਿਰਤੀਆਂ ਦੇ ਪਹਿਲੇ ਇਨਕਲਾਬੀ ਸੰਘਰਸ਼ ਨੇ ਦੁਨੀਆ ਭਰ ਦੇ ਕਿਰਤੀਆਂ ਵਿੱਚ ਬੜਾ ਉਭਾਰ ਪੈਦਾ ਕਰ ਦਿੱਤਾ। ਜਗੀਰਦਾਰੀ ਹਕੂਮਤਾਂ ਦੇ ਤਖ਼ਤੇ ਪਲਟਣੇ ਸ਼ੁਰੂ ਹੋ ਗਏ। 1905 ਤੋਂ 1912 ਦੇ ਵਿਚਕਾਰ ਚੀਨ, ਇਰਾਨ ਅਤੇ ਤੁਰਕੀ ਵਿੱਚ ਕੌਮੀ ‘ਬੁਰਜ਼ੂ ਇਨਕਲਾਬ’ ਹੋਏੇ। ਭਾਰਤ, ਅਫਗਾਨਿਸਤਾਨ ਅਤੇ ਇੰਡੋਨੇਸ਼ੀਆ ਵਿੱਚ ‘ਕੌਮੀ ਆਜ਼ਾਦੀ’ ਦੇ ਘੋਲ ਪ੍ਰਚੰਡ ਹੋਏ। ਇਨਕਲਾਬੀ ਲਹਿਰ ਲਾਤੀਨੀ ਅਮਰੀਕੀ ਦੇਸ਼ ਮੈਕਸੀਕੋ, ਅਰਜਨਟਾਈਨਾ, ਚਿੱਲੀ ਅਤੇ ਬਰਾਜੀਲ ਤੱਕ ਫੈਲ ਗਈ। ਅਫਰੀਕੀ ਦੇਸ਼ਾਂ ਵਿੱਚ ਵੀ ਲਹਿਰ ਨੇ ਪੈਰ ਪਸਾਰ ਲਾਏ।

ਕਿਰਤੀਆਂ ਦੀ ਦਿਨੋਂ-ਦਿਨ ਮਜ਼ਬੂਤ ਹੋ ਰਹੀ ਤਾਕਤ ਨੂੰ ਵੇਖ ਕੇ ‘ਜ਼ਾਰ’ ਹਕੂਮਤ ਨੇ ਬਾਲਸ਼ਵਿਕ ਪਾਰਟੀ ਅਤੇ ਕਿਰਤੀ ਆਗੂਆਂ ਤੇ ਜਬਰ-ਜੁਲਮ ਵਧਾ ਦਿੱਤੇ। ਆਗੂਆਂ ਨੂੰ ਵਾਰ-ਵਾਰ ਗਿ੍ਰਫਤਾਰ ਕਰਕੇ ਜੇਲ੍ਹਾਂ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਸੀ। ਇਹੋ ਜਿਹੀਆਂ ਖ਼ਤਰਨਾਕ ਹਾਲਾਤਾਂ ਵਿੱਚ ਬਾਲਸ਼ਵਿਕ (ਕਮਿਊਨਿਸਟ) ਆਗੂ ਗੁਪਤਵਾਸ ਹੋ ਕੇ ਕੰਮ ਕਰਨ ਲੱਗ ਪਏ। ਲੈਨਿਨ ਨੂੰ ਵੀ ਦਾਅ-ਪੇਚਕ ਤੌਰ ’ਤੇ 1907 ਵਿੱਚ ਦੇਸ਼ ਛੱਡ ਕੇ ਵਿਦੇਸ਼ ਜਾਣਾ ਪਿਆ। ਬਾਲਸ਼ਵਿਕਾ ਨੇ ਗੁਪਤਵਾਸ ਦੌਰਾਨ ਕਿਰਤੀ-ਕਿਸਾਨਾਂ ਅਤੇ ਫੌਜਾਂ ਨਾਲ ਗੂੜੇ ਸਬੰਧ ਜੋੜੀ ਰੱਖੇ ਅਤੇ ਉਨ੍ਹਾਂ ਨੂੰ ਕਿਰਤੀ ਇਨਕਲਾਬ ਵਾਸਤੇ ਤਿਆਰ ਕਰਦੇ ਰਹੇ।

ਕਿਰਤੀਆਂ ਨੇ 8 ਘੰਟੇ ਦੀ ਕੰਮ ਦਿਹਾੜੀ ਪ੍ਰਾਪਤ ਕਰਨ, ਉਜਰਤਾਂ ਵਿੱਚ ਵਾਧੇ, ਉਜਰਤਾਂ ਦਾ ਹਰ ਮਹੀਨੇ ਬਾਅਦ ਭੁਗਤਾਨ ਅਤੇ ਆਪਣੇ ਰਿਹਾਇਸ਼ੀ ਪ੍ਰਬੰਧ ਚੰਗੇਰੇ ਬਣਾਉਣ ਵਾਸਤੇ ਦੇਸ਼ ਭਰ ਵਿੱਚ ਘੋਲ ਤਿੱਖਾ ਕਰ ਦਿੱਤਾ। 1912 ਵਿੱਚ ‘ਮਈ ਦਿਵਸ’ ਤੇ 3 ਲੱਖ ਤੋਂ ਉੱਪਰ ਕਿਰਤੀ ਲਾਲ ਝੰਡੇ ਚੁੱਕ ਕੇ ਹੜਤਾਲਾਂ ’ਤੇ ਆ ਗਏ। ਲੈਨਿਨ ਨੇ ਕਿਰਤੀਆਂ ਦੇ ਇਸ ਰੋਹ ਬਾਬਤ ਲਿਖਿਆ ਹੈ ਕਿ, ‘‘ਰੂਸ ਦੇ ਪ੍ਰੋਲਤਾਰੀ ਦੀ ਮਹਾਨ ਮਈ ਦਿਵਸ ਦੀ ਹੜਤਾਲ ਅਤੇ ਉਹਦੇ ਨਾਲ ਹੋਏ ਮੁਜ਼ਾਹਰਿਆਂ, ਇਨਕਲਾਬੀ ਇਸ਼ਤਿਹਾਰਾਂ ਅਤੇ ਕਿਰਤੀਆਂ ਦੇ ਇਕੱਠਾਂ ਸਾਹਮਣੇ ਇਨਕਲਾਬੀ ਤਕਰੀਰਾਂ ਨੇ ਸਾਫ਼ ਤੌਰ ’ਤੇ ਵਿਖਾ ਦਿੱਤਾ ਹੈ ਕਿ ਰੂਸ ਇਨਕਲਾਬੀ ਉਭਾਰ ਕੇ ਯੁੱਗ ਵਿੱਚ ਦਾਖਲ ਹੋ ਗਿਆ ਹੈ।’’ ਕਿਰਤੀਆਂ ਦੇ ਨਾਲ-ਨਾਲ ਕਿਸਾਨਾਂ ਨੇ ਵੀ 1910 ਤੋਂ 1914 ਨੇ ਵਿਚਕਾਰ 13000 ਹਜ਼ਾਰ ਤੋਂ ਵੱਧ ਕਿਸਾਨ ਬਗਾਵਤਾਂ ਕੀਤੀਆਂ ਸਨ। ਫ਼ੌਜਾਂ ਵਿੱਚ ਵੀ ਬਗਾਵਤਾਂ ਤੇਜ਼ ਹੋ ਗਈਆਂ ਸਨ।

ਪਹਿਲੀ ਅਗਸਤ 1914 ਨੂੰ ‘ਸੰਸਾਰ ਸਾਮਰਾਜੀ ਜੰਗ’ ਛਿੜਾਈ। ਇਹ ਜੰਗ ਸਾਮਰਾਜੀ ਤਾਕਤਾਂ ਦੂਹਰੇ ਮੰਤਵ ਲਈ ਲੜ ਰਹੀਆਂ ਸਨ। ਇਕ ਤਾਂ ਸੰਸਾਰ ਭਰ ਦੀਆਂ ਮੰਡੀਆਂ ਦੀ ਮੁੜ ਵੰਡ ਕਰਨ ਅਤੇ ਦੂਜਾ ਕਿਰਤੀ ਲਹਿਰ ਨੂੰ ਦਬਾਉਣ ਦੀ ਨੀਤੀ ਸੀ। ਲੈਨਿਨ ਨੇ ‘ਸਾਮਰਾਜੀ ਯੁੱਧ ਨੂੰ ਖਾਨਾਜੰਗੀ ਵਿੱਚ ਤਬਦੀਲਾਂ ਕਰ ਦਿਊ’ ਦਾ ਜੰਗਜੂ ਨਾਅਰਾ ਦਿੱਤਾ। ਜਿਸ ਦਾ ਭਾਵ ਸੀ ਕਿ ਰੂਸ ਸਮੇਤ ਵੱਖ-ਵੱਖ ਦੇਸ਼ਾਂ ਦੇ ਕਿਰਤੀ-ਕਿਸਾਨ ਸਾਮਰਾਜ ਤੋਂ ਮੁਕਤੀ ਪ੍ਰਾਪਤ ਕਰਨ ਲਈ ਆਪਣੇ-ਆਪਣੇ ਦੇਸ਼ ਵਿੱਚ ਸੰਘਰਸ਼ ਕਰਨ।

ਰੂਸ ਦੇ ਕਿਰਤੀਆਂ ਦੀ ਬਾਲਸ਼ਵਿਕ ਪਾਰਟੀ ਨੇ ਲੈਨਿਨ ਦੀ ਸੋਚ ਤੇ ਅਮਲ ਕਰਨ ਲਈ ਫਰਵਰੀ 1917 ਵਿੱਚ ਇਨਕਲਾਬੀ ਹੜਤਾਲ ਸ਼ੁਰੂ ਕਰ ਦਿੱਤੀ। ਕਿਰਤੀਆਂ ਨੇ ਲਾਲ ਝੰਡੇ ਲੈ ਕੇ ਸੜਕਾਂ ਤੇ ਮੋਰਚੇ ਮੱਲ ਲਏ। ਕਿਰਤੀਆਂ ਦੀ ਮੰਗ ਸੀ ਕਿ, ‘‘ਯੁੱਧ ਖ਼ਤਮ ਕਰੋ! ਜ਼ਾਰ ਮੁਰਦਾਬਾਦ।, ਰੋਟੀ! ਅਮਨ!’’ ਫ਼ੌਜਾਂ ਨੇ ਵੀ ‘ਜ਼ਾਰ’ ਦੇ ਵਿਰੁਧ ਬਗਾਵਤ ਵਿੱਚ ਹਿੱਸਾ ਲਿਆ ਅਤੇ ਜ਼ਾਰ ਦੇ ਵਫਾਦਾਰ ਅਫਸਰਾਂ ਦੇ ਸਿਰਾਂ ਤੇ ਗੋਲੀਆਂ ਚਲਾ ਦਿੱਤੀਆਂ। ਜ਼ਾਰ ਹਕੂਮਤ ਇਨਕਲਾਬ ਨੂੰ ਰੋਕਣ ਵਿੱਚ ਅਸਫਲ ਰਹੀ। ਜ਼ਾਰ ਨੇ ਰਾਜਗੱਦੀ ਛੱਡ ਦਿੱਤੀ। ਰੂਸ ਵਿੱਚ ਇੱਕ ‘ਆਰਜੀ ਹਕੂਮਤ’ ਕਾਇਮ ਹੋ ਗਈ। ਇਸ ਹਕੂਮਤ ਵਿੱਚ ਜਗੀਰਦਾਰ, ਸਰਮਾਏਦਾਰ, ਕਾਰਖਾਨਿਆਂ ਦੇ ਮਾਲਕ ਅਤੇ ਮਜ਼ਦੂਰ ਵੀ ਸ਼ਾਮਲ ਸਨ। ਦਰਅਸਲ ਇਹ ਸਰਕਾਰ ਸਰਮਾਏਦਾਰੀ ਨਿਜ਼ਾਮ ਨੂੰ ਕਾਇਮ ਰੱਖਣ ਦੇ ਨਜ਼ਰੀਏ ਨਾਲ ਬਣੀ ਸੀ।

ਆਰਜੀ ਹਕੂਮਤ ਨੇ ਸੱਤਾ ਸੰਭਾਲਦਿਆਂ ਸਾਰ ਹੀ ਸੰਸਾਰ ਜੰਗ ਦੀ ਭੱਠੀ ਵਿੱਚ ਲੋਕਾਂ ਨੂੰ ਸੱਦਾ ਦੇ ਦਿੱਤਾ ਕਿ ‘ਆਜ਼ਾਦ ਰੂਸ ਲਈ’ ਸੰਸਾਰ ਯੁੱਧ ਜਾਰੀ ਰੱਖਿਆ ਜਾਵੇ। ਬਾਲਸ਼ਵਿਕ ਪਾਰਟੀ ਨੇ ਆਰਜ਼ੀ ਹਕੂਮਤ ਦੇ ਇਸ ਐਲਾਨ ਦਾ ਕਰੜਾ ਵਿਰੋਧ ਕੀਤਾ ਅਤੇ ਇਕ ਜੁਲਾਈ 1917 ਵਿੱਚ ਕਿਰਤੀਆਂ ਅਤੇ ਫੌਜੀਆਂ ਨੇ ਮਿਲ ਕੇ ਪੀਟਰੋਗਰਾਦ ਵਿਖੇ ‘ਯੁੱਧ ਵਿਰੋਧੀ’ ਲਾ-ਮਿਸਾਲ ਮੁਜ਼ਾਹਰਾ ਕੀਤਾ। ਆਰਜ਼ੀ ਹਕੂਮਤ ਦੇ ਪਿਛਲੱਗੂ ਫੌਜੀਆਂ ਨੇ ਮੁਜ਼ਾਹਰਾ ਕਾਰੀਆਂ ਤੇ ਗੋਲੀ ਚਲਾ ਦਿੱਤੀ। ਨਾਲ ਹੀ ਲੈਨਿਨ ਦੀ ਗਿ੍ਰਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ। ਸਰਮਾਏਦਾਰ ਆਰਜੀ ਹਕੂਮਤ ਨੇ ਬਾਲਸ਼ਵਿਕਾ ਅਤੇ ਮਜ਼ਦੂਰਾਂ ’ਤੇ ਘੋਰ ਤਸ਼ੱਦਦ ਸ਼ੁਰੂ ਕਰ ਦਿੱਤਾ। ਬਾਲਸ਼ਵਿਕ ਪਾਰਟੀ ਨੇ ਪੁਰਅਮਨ ਦੰਗ ਨਾਲ ਇਨਕਲਾਬੀ ਕਾਰਜ ਸ਼ੁਰੂ ਕੀਤਾ ਸੀ ਪਰ ਆਰਜੀ ਹਕੂਮਤ ਨੇ ਪੁਰਅਮਨ ਇਨਕਲਾਬ ਦੀ ਸੰਭਾਵਨਾ ਖ਼ਤਮ ਕਰ ਦਿੱਤੀ।

ਇਨ੍ਹਾਂ ਹਾਲਤਾਂ ਵਿੱਚ ਲੈਨਿਨ ਦੀ ਯੋਜਨਾ ਅਨੁਸਾਰ 24 ਅਕਤੂਬਰ 1917 (ਸੋਧੇ ਹੋਏ ਨਵੇਂ ਕੈਲੰਡਰ ਅਨੁਸਾਰ ਨਵੰਬਰ) ਨੂੰ ਬਾਲਸ਼ਵਿਕ ਪਾਰਟੀ ਦੀਆਂ ਲਾਲ ਫੌਜਾਂ ਨੇ ਹਥਿਆਰਬੰਦ ਬਗਾਵਤ ਸ਼ੁਰੂ ਕਰ ਦਿੱਤੀ ਅਤੇ ਪੀਟਰੋਗਰਾਦ ਦੀਆਂ ਸੜਕਾਂ ਮੱਲ ਲਈਆਂ। ਇਨਕਲਾਬੀ ਫ਼ੌਜਾਂ ਨੇ ਇਕਦਮ ਐਕਸ਼ਨ ਕਰਕੇ ਰੇਲਾਂ, ਡਾਕਖਾਨਿਆਂ, ਤਾਰ ਘਰਾਂ, ਟੈਲੀਫੋਨ ਐਕਸਚੇਜ਼ ਅਤੇ ਮੁੱਖ ਦਰਿਆ ਨੇਵਾ ਦੇ ਪੁਲ ਤੇ ਕਬਜ਼ਾ ਕਰ ਲਿਆ। ਮੁਖ ਸਥਾਨ ਸਿਆਲਾ ਮਹਿਲ ਤੇ ਕਬਜ਼ਾ ਕਰਨ ਤੋਂ ਬਾਅਦ ਬਾਲਸ਼ਵਿਕ ਫੌਜੀ ਕਮਾਂਡਰ ਅਨਤੋਨੋਵ-ਓਵਸੇਯੈਨ ਨੇ ਐਲਾਨ ਕਰ ਦਿੱਤਾ ਕਿ, ‘ਆਰਜ਼ੀ ਹਕੂਮਤ ਹਟਾ ਦਿੱਤੀ ਗਈ ਹੈ।’

ਅਗਲੇ ਦਿਨ 25 ਅਕਤੂਬਰ 1917 ਨੂੰ ਸੋਵੀਅਤਾਂ ਦੀ ਦੂਜੀ ‘ਰੂਸੀ ਕਾਂਗਰਸ ਹੋਈ। ਇਸ ਕਾਂਗਰਸ ਤੋਂ ਬਾਅਦ ਲੈਨਿਨ ਨੇ ਦੇਸ਼ਵਾਸੀਆਂ ਲਈ ਮਹੱਤਵਪੂਰਨ ਐਲਾਨ ਕੀਤਾ ਕਿ ਹੁਣ ਕਿਰਤੀਆਂ, ਕਿਸਾਨਾਂ ਅਤੇ ਫੌਜਾਂ ਦੀ ਸਾਂਝੀ ਕੋਸ਼ਿਸ਼ ਨਾਲ ‘ਸਮਾਜਵਾਦੀ ਇਨਕਲਾਬ’ ਕਾਮਯਾਬ ਹੋ ਚੁੱਕਾ ਹੈ ਅਤੇ ‘ਰਾਜ ਸੱਤਾ’ ਕਿਰਤੀਆਂ ਦੇ ਹੱਥ ਹੈ। ਇਨਕਲਾਬੀ ਦੀ ਪਕਾਈ ਲਈ ਹੁਣ ਸਾਨੂੰ ‘ਇਨਕਲਾਬੀ ਅਮਨ’ ਯਕੀਨੀ ਬਣਾਉਣਾ ਚਾਹੀਦਾ ਹੈ। ਲੈਨਿਨ ਨੇ ਸਰਕਾਰ ਦੀ ਤਰਫ਼ੋ ਦੂਜਾ ਐਲਾਨ ਕੀਤਾ ਕਿ ‘ਜਗੀਰਦਾਰਾਂ ਦੀ ਭੌਂ ਮਾਲਕੀ’ ਖ਼ਤਮ ਕੀਤੀ ਜਾਂਦੀ ਹੈ ਅਤੇ ਪਹਿਲੇ ਗੇੜ ਵਿੱਚ 15 ਕਰੋੜ ਹੈਕਟੇਅਰ ਜ਼ਮੀਨ ਕਿਸਾਨਾਂ ਵਿੱਚ ਵੰਡੀ ਜਾਵੇਗੀ।

ਅਕਤੂਬਰ ਇਨਕਲਾਬ ਦੀ ਕਾਮਯਾਬੀ ਤੋਂ ਬਾਅਦ ਕਿਰਤੀਆਂ ਦੀ ਸਰਕਾਰ ਨੇ ਕੰਮ ਦਿਹਾੜੀ ਸਮਾਂ 8 ਘੰਟੇ ਕਰ ਦਿੱਤਾ ਜਿਸ ਨਾਲ ਕਿਰਤੀਆਂ ਵਿੱਚ ਕੰਮ ਕਰਨ ਦੀ ਤੀਬਰ ਇੱਛਾ ਵੀ ਵੱਧ ਗਈ ਤੇ ਲੱਖਾਂ ਬੇਰੋਜ਼ਗਾਰ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਵੀ ਪੈਦਾ ਹੋ ਗਏ। ਕਿਰਤੀਆਂ ਦੀ ਸਰਕਾਰ ਨੇ 20 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਅਨਪੜ੍ਹਤਾ ਬਿਲਕੁਲ ਖ਼ਤਮ ਕਰ ਦਿੱਤੀ ਅਤੇ ਹਰੇਕ ਲਈ ਵਿਦਿਆ ਮੁਫ਼ਤ ਤੇ ਲਾਜ਼ਮੀ ਬਣਾ ਦਿੱਤੀ।

ਰੂਸ ਦੇਸ਼ ਵਿੱਚ ਸਨੀਅਤਕਰਨ, ਖੇਤੀਬਾੜੀ ਵਿਕਾਸ, ਘਰ ਬਣਾਉਣ, ਸਿਹਤ ਸੇਵਾਵਾਂ, ਡਾਕਟਰ ਪੈਦਾ ਕਰਨ, ਵਿਦਿਆ ਅਤੇ ਸਭਿਆਚਾਰ ਦੇ ਖੇਤਰ ਵਿੱਚ ਇਨਕਲਾਬੀ ਤਰੱਕੀ ਹੋਣ ਨਾਲ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਪ੍ਰਾਪਤ ਕਰਨ ਵਾਸਤੇ ਪਦਾਰਥਕ ਆਧਾਰ ਮੁਹੱਈਆ ਹੋ ਗਿਆ। ਮਨੁੱਖ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨ ਵਿੱਚ ਕਿਰਤੀਆਂ ਦੀ ਸਰਕਾਰ ਨੇ ਕੀਤੀ ਕਰਾਂਤੀ ਕਰਕੇ ਹੀ ਜਨਵਰੀ 1931 ਵਿੱਚ ਹੀ ਰੂਸ ਵਿੱਚੋਂ ਬੇਰੋਜ਼ਗਾਰੀ ਖ਼ਤਮ ਹੋ ਚੁੱਕੀ ਸੀ। ਸ਼ੋਸ਼ਲਿਜ਼ਮ ਦੇ ਸਿਧਾਂਤ ਅਨੁਸਾਰ ਹਰ ਇੱਕ ਨੂੰ ਪੂਰਨ ਰੋਜ਼ਗਾਰ ਪ੍ਰਾਪਤ ਹੋ ਗਿਆ ਸੀ।

ਦੁਨੀਆ ਭਰ ਦੀਆਂ ਸਾਮਰਾਜੀ ਸ਼ਕਤੀਆਂ ਨੇ ਸਮਾਜਵਾਦੀ ਪ੍ਰਬੰਧ ਨੂੰ ਢਹਿਢੇਰੀ ਕਰਨ ਵਾਸਤੇ ਸੋਵੀਅਤ ਯੂਨੀਅਨ ਤੇ ‘ਦੂਜੀ ਸੰਸਾਰ ਜੰਗ’ ਮੜ੍ਹ ਦਿੱਤੀ। ਪਰ ਰੂਸ ਦੀ ਇਨਕਲਾਬੀ ਸਰਕਾਰ ਨੇ ਕਰੋੜਾਂ ਲੋਕਾਂ ਦੀਆਂ ਸਹਾਦਤਾਂ ਦੇ ਕੇ ਜੰਗ ਵੀ ਜਿੱਤੀ ਅਤੇ ਜੰਗ ਦੇ ਆਰਥਕ ਬੋਝ ਨੂੰ ਵੀ ਝੱਲਿਆ। ਸੰਸਾਰ ਜੰਗ ਤੋਂ ਬਾਅਦ ਰੂਸ ਅਕਤੂਬਰ ਇਨਕਲਾਬ ਦੀ ਸੇਧ ਵਿੱਚ ਜਲਦੀ ਹੀ ਦੁਨੀਆ ਦੀ ਮਹਾਸ਼ਕਤੀ ਬਣ ਗਿਆ। ਕਿਰਤੀਆਂ ਦੀ ਸਰਕਾਰ 70 ਸਾਲ ਦੇ ਕਰੀਬ ਹਕੂਮਤ ਕਰਦੀ ਰਹੀ। ਰੂਸ ਦਾ ਅਕਤੂਬਰ ਇਨਕਲਾਬ ਜਦੋ-ਜਹਿਦ ਕਰ ਰਹੇ ਕਿਰਤੀ, ਕਿਸਾਨਾਂ ਅਤੇ ਮੁਲਾਜ਼ਮਾਂ ਲਈ ਹਮੇਸ਼ਾਂ ਹੀ ਪ੍ਰੇਰਨਾ ਸਰੋਤ ਰਹੇਗਾ।

ਸੰਪਰਕ: +91 98760 78731

Comments

raj rani

vriaa

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ