Sat, 09 December 2023
Your Visitor Number :-   6733259
SuhisaverSuhisaver Suhisaver

ਜੰਗ ਅਜੇ ਜਾਰੀ ਹੈ ... - ਪਰਮ ਪੜਤੇਵਾਲਾ

Posted on:- 23-03-2019

suhisaver

ਦਫਨ ਨਹੀਂ ਹੁੰਦੇ ਆਜ਼ਾਦੀ 'ਤੇ ਮਰਨ ਵਾਲੇ,
ਪੈਦਾ ਕਰਦੇ ਨੇ ਮੁਕਤੀ ਬੀਜ, ਫਿਰ ਹੋਰ ਬੀਜ ਪੈਦਾ ਕਰਨ ਨੂੰ ।
ਜਿਸਨੂੰ ਲੈ ਜਾਂਦੀ ਦੂਰ ਹਵਾ ਅਤੇ ਫਿਰ ਬੀਜਦੀ ਹੈ,
ਜਿਸਨੂੰ ਪਾਲਣ ਪੋਸ਼ਣ ਕਰਦੇ ਹਨ ਵਰਖਾ ਜਲ ਅਤੇ ਠੰਡਕ ।

ਵਾਲਟਰ ਹਿੱਟਮੈਨ 

                                                                                                        
੨੩ ਮਾਰਚ, ਸ਼ਾਮ ੭:੩੦ ਮਿੰਟ 'ਤੇ ਕਿਰਤੀਆਂ ਦੀ ਵਿਸ਼ਵ ਪੱਧਰੀ ਲਹਿਰ ਦਾ ਨੌਜਵਾਨ ਆਗੂ, ਮਹਾਨ ਚਿੰਤਕ ਸਮਾਜਵਾਦੀ ਕਮਿਊਨਿਸਟ ਨੂੰ ਵਿਸ਼ਵ ਸਾਮਰਾਜ ਦੀ ਦੁਕਾਨ ਚਲਾਉਣ ਵਾਲੇ ਬਰਤਾਨੀਆ ਨੇ ਆਪਣੀ ਕਠਪੁਤਲੀ ਭਾਰਤੀ ਬਰਤਾਨਵੀ ਸਰਕਾਰ ਕੋਲੋਂ, ਉਸਦੇ ਦੋ ਹੋਰ ਇਨਕਲਾਬੀ ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ ਫਾਂਸੀ ਦੇ ਫੰਦੇ 'ਤੇ ਲਾਹੌਰ ਜੇਲ੍ਹ ਵਿੱਚ ਲਟਕਾਅ ਦਿੱਤਾ। ਭਗਤ ਸਿੰਘ ਦੇ ਜੀਵਨ ਦਾ ਅੰਤ ੨੩ ਸਾਲ ਛੇ ਮਹੀਨੇ ਤੇ ਕੁਝ ਕੁ ਦਿਨਾਂ ਦੀ ਉਮਰ 'ਚ ਹੋ ਗਿਆ। ਇਨ੍ਹਾਂ ੨੩ ਸਾਲਾਂ ਦੇ ਜੀਵਨ ਵਿੱਚੋਂ ਅਖੀਰਲੇ ੬ ਕੁ ਸਾਲਾਂ ਨੇ ਇਨਕਲਾਬ ਦੀ ਨਵੀਂ ਪਰਿਭਾਸ਼ਾ ਨੂੰ ਭਾਰਤੀ ਲੋਕਾਂ ਅੱਗੇ ਪੇਸ਼ ਕੀਤਾ। ਸਾਮਰਾਜ ਦਾ ਡਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਿਰੁੱਧ ਕੀਤੀਆਂ ਕਾਨੂੰਨੀ ਸਾਜ਼ਿਸ਼ਾਂ 'ਚ ਸ਼ਪਸ਼ਟ ਹੋ ਜਾਂਦਾ ਹੈ ਤੇ ਅਖੀਰ ਇੰਨ੍ਹਾਂ ਸਾਜ਼ਿਸ਼ਾਂ ਨੇ ਹੋਣੀ ਦਾ ਰੂਪ ਧਾਰਿਆ। ਵਿਸ਼ਵ ਸਾਮਰਾਜ (ਸਰਮਾਏਦਾਰੀ) ਆਪਣੇ ਯਤਨ 'ਚ ਸਫਲ ਹੋ ਗਈ। ਤਿੰਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਦੁਨੀਆਂ ਦੀ ਤਮਾਮ ਕਿਰਤੀ ਸ੍ਰੇਣੀ ਅੱਜ ਤੱਕ ਇਸ ਮੌਤ ਕਾਰਣ ਸਰਮਾਏਦਾਰੀ ਦਾ ਸੰਤਾਪ ਹੰਡਾ ਰਹੀ ਹੈ।
                
ਇਤਿਹਾਸ ਦੀਆਂ ਪੈੜਾਂ ਵਰਤਮਾਨ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਦੀਆਂ ਹਨ। ਬੀਤੇ ਵੇਲੇ 'ਚ ਘਟੀਆਂ ਘਟਨਾਵਾਂ ਦਾ ਹਰ ਸਮੇਂ ਸਾਡੇ ਵਰਤਮਾਨ ਉੱਤੇ ਅਸਰ ਰਹਿੰਦਾ ਹੈ। ੨੩ ਮਾਰਚ ਦਾ ਦਿਨ ਇੱਕ ਇਤਿਹਾਸਿਕ ਵਰਤਾਰਾ ਸੀ, ਜਿਸਨੇ ਅੱਜ ਤੱਕ ਆਪਣਾ ਅਸਰ ਇਤਿਹਾਸ ਉੱਤੇ ਬਰਕਰਾਰ ਰੱਖਿਆ। ਜਿਨ੍ਹਾਂ ਮਨੁੱਖਾਂ ਨੂੰ ਇਸ ਇਤਿਹਾਸਿਕ ਜੁਲਮ ਦਾ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦੀਆਂ ਲਿਖਤਾਂ ਅੱਜ ਵੀ ਸਾਡੇ ਕੋਲੋਂ ਇਨਸ਼ਾਫ ਮੰਗਦੀਆਂ ਹਨ। ਇਨਸਾਫ ਜਿਸ ਨੇ ਸਮੁੱਚੀ ਦੁਨੀਆਂ ਦੀ ਰਾਜਨੀਤਿਕ-ਆਰਥਿਕ ਸਥਿਤੀ 'ਚ ਹੋਣੀ ਦਾ ਰੂਪ ਧਾਰਨਾ ਹੈ। ਜਿਸ ਨੇ ਲੋਕਾਂ ਨੂੰ ਲਾਮਬੰਦ ਕਰਨ ਤੋਂ ਲੈ ਕੇ ਸੌਖੇ ਕਰਨ ਤੱਕ ਦੇ ਰਾਹ 'ਤੇ ਲੈ ਕੇ ਤੁਰਨਾ ਹੈ।

ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਸਾਡਾ ਇਤਿਹਾਸ ਸਮਾਜਵਾਦ ਨਾਲ ਕੜੀਆਂ 'ਚ ਜੁੜੀਆ ਹੋਇਆ ਇਤਿਹਾਸ ਹੈ ਬਸ਼ਰਤੇ ਕਿ ਇਸ ਨੂੰ ਸਹੀ ਤਰਤੀਬ ਨਾਲ ਪੇਸ਼ ਕੀਤਾ ਜਾਵੇ। ਜਿਨ੍ਹਾਂ ਸਮਾਜਿਕ ਹਾਲਾਤਾਂ ਦੀ ਵਿਆਖਿਆ ਬਾਬਾ ਫਰੀਦ, ਭਗਤ ਕਬੀਰ, ਨਾਮਦੇਵ ਨੇ ਕੀਤੀ ਸੀ, ਭਗਤ ਸਿੰਘ ਦੇ ਸਮੇਂ ਵੀ ਉਹ ਮੁਸੀਬਤਾਂ ਉਸ ਤਰ੍ਹਾਂ ਹੀ ਮੌਜੂਦ ਸਨ ਤੇ ਅੱਜ ਵੀ ਹਨ। ਜਿਸ ਬਰਾਬਰਤਾ ਦੇ, ਮਨੁੱਖਤਾ ਦੇ ਭਲੇ ਲਈ ਬਾਬਾ ਨਾਨਕ ਸੁਪਨੇ ਦੇਖਦਾ ਹੈ, ਭਗਤ ਸਿੰਘ ਦੇ ਜੀਵਨ ਦੀਆਂ ਘਟਨਾਵਾਂ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਰਾਹ ਦੇ ਉਦਮ ਹੀ ਸਨ। ਜਿਸ ਜੁਲਮ ਵਿਰੁੱਧ ਗੁਰੂ ਗੋਬਿੰਦ ਸਿੰਘ, ਬੰਦਾ ਬਹਾਦਰ, ਜਾਂ ਉਹ ਤਮਾਮ ਲੋਕ ਲੜੇ ਤਾਂ ਜੋ ਨਿਆਸਰਿਆਂ ਨੂੰ ਮਨੁੱਖਤਾ ਦਾ ਆਸਰਾ ਮਿਲ ਸਕੇ, ਭਗਤ ਸਿੰਘ ਵੀ ਉਸ ਜੰਗ ਵਿਚਲਾ ਹੀ ਸਿਪਾਹੀ ਸੀ ਜਾਂ ਕਹਿ ਲਵੋ ਜਿਸ ਮਾਰਕਸ ਨੇ ਵਸਤੂ ਮੁੱਲ, ਵਿਟਾਂਦਰਾ ਮੁੱਲ, ਧਨ ਦੀ ਸ਼ਤਰੰਜ ਖੇਲ ਦੇ ਨਿਯਮਾਂ ਦੀ ਗੁੱਥੀ ਸੁਲਝਾਉਣ ਦੀ ਤਰਤੀਬ ਦੁਨੀਆਂ ਨੂੰ ਦਿੱਤੀ, ਉਸ ਸ਼ਤਰੰਜ ਦਾ ਭਗਤ ਸਿੰਘ ਮੁਹਾਰਤੀ ਖਿਡਾਰੀ ਬਣ ਗਿਆ ਸੀ।
                   
ਭਗਤ ਸਿੰਘ ਇਤਿਹਾਸ ਦਾ ਸੁਨਹਿਰੀ ਹਿੱਸਾ ਹੈ ਜਿਸ ਨੂੰ ਸਮਾਜਵਾਦ ਦੇ ਪਿਤਾਮਾ ਮਾਰਕਸ-ਏਂਗਲਜ ਤੇ ਅਰਜੁਣ ਲੈਨਿਨ ਦੇ ਨਾਲ ਜੋੜ ਕੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਗੱਲ੍ਹ ਸ਼ੁਰੂ ਕਰਦੇ ਹਾਂ ਕਾਰਲ ਮਾਰਕਸ ਤੋਂ, ਜਿਸਨੇ ਸਮਾਜਵਾਦ ਦਾ ਮੁੱਢ ਰੱਖਿਆ, ਉਸ ਦਾ ਜਨਮ ੫ ਮਈ ੧੮੧੮ ਨੂੰ ਹੋਇਆ। ਉਸਦੇ ਸਾਥੀ ਫਰੈਡਰਿਕ ਏਂਗਲਜ ਉਸਤੋਂ ਦੋ ਸਾਲ ਬਾਅਦ ੨੮ ਨਵੰਬਰ ੧੮੨੦ ਨੂੰ ਜਨਮ ਲੈਂਦਾ ਹੈ। ਇਨ੍ਹਾਂ ਦੋਹਾਂ ਦੀ ਦੋਸਤੀ ਤੇ ਦੁਨੀਆਂ ਨੂੰ ਬਦਲਣ ਦੇ ਵਿਚਾਰਾਂ ਨੇ ਸਮਾਜਵਾਦ ਰਾਜਨੀਤੀ ਨੂੰ ਜਨਮ ਦਿੱਤਾ। ਸਮਾਜਵਾਦ ਜਿਸ ਨੂੰ ਮੋਟੇ ਤੌਰ 'ਤੇ ਸਾਂਝੀ ਮਾਲਕੀ ਕਿਹਾ ਜਾ ਸਕਦਾ ਹੈ। ਜਿਸ 'ਚ ਦੁਨੀਆਂ ਦੀ ਸਾਰੀ ਜਨਸੰਖਿਆ ਦੇ ਹਿੱਤਾਂ ਲਈ ਸਾਰੇ ਸਾਧਨਾਂ ਨੂੰ ਸਰਬਤ ਦੇ ਭਲੇ ਲਈ ਸਾਂਝੇ ਤੌਰ 'ਤੇ ਪੇਸ਼ ਕੀਤਾ ਜਾਂਦਾ ਤੇ ਵਰਤਿਆ ਜਾਂਦਾ ਹੈ। ਸਮਾਜਵਾਦ ਜਿਸ ਦਾ ਉਦੇਸ਼ ਲਿਤਾੜੇ ਜਾ ਰਹੇ ਲੋਕਾਂ ਦਾ ਰਾਜ ਸੱਤਾ ਉੱਤੇ ਕਬਜਾ ਹੈ। ਸੱਤਾ ਦਾ ਉਪਯੋਗ ਮਨੁੱਖਤਾ ਦੇ ਪੱਖ 'ਚ ਕਰਨਾ। ਸਮਾਜਵਾਦ ਰਾਜਨੀਤਿਕ ਪ੍ਰਬੰਧ ਦੀ ਉਹ ਵਿਵਸਥਾ ਹੈ ਜਿੱਥੇ ਸ਼ੋਸ਼ਣ ਤੋਂ ਰਹਿਤ ਕਿਰਤ ਦਾ ਰਾਜ ਹੁੰਦਾ ਹੈ। ਸਮਾਜਵਾਦ ਜਿੱਥੇ ਹਰ ਪੱਖ ਕਿਰਤੀਆਂ ਦੇ ਹੱਕ 'ਚ ਪੁਗਤਦਾ ਹੈ। ਜਿਥੇ ਹਰ ਇੱਕ ਸਾਧਨ ਦੀ ਵੰਡ ਸਰਕਾਰ ਦੇ ਹੱਥ ਹੋਵੇਗੀ। ਉਹ ਵਿਵਸਥਾ ਜਿੱਥੇ ਉਤਪਾਦਨ ਦੇ ਸਾਰੇ ਸਾਧਨਾਂ ਦੀ ਨਿੱਜੀ ਮਾਲਕੀ ਖਤਮ ਹੋ ਜਾਂਦੀ ਹੈ ਅਤੇ ਸਰਕਾਰ ਦਾ ਕੰਮ ਇੱਕ ਇੱਕ ਬੰਦੇ ਨੂੰ ਬਰਾਬਰਤਾ ਦੇ ਸਿਧਾਂਤ ਨਾਲ ਕੰਮ ਵੰਡ ਕਰਕੇ ਨਵੇਂ ਸਮਾਜਿਕ ਨਿਯਮਾਂ ਦੀ ਸਥਾਪਨਾ ਕਰਨਾ ਹੁੰਦਾ ਹੈ। ਕਿਰਤ ਦਾ ਰਾਜ ਸਥਾਪਿਤ ਕਰਦਾ ਇਹ ਪ੍ਰਬੰਧ ਦੁਨੀਆਂ ਦੀ ਬਿਹਤਰੀ ਦਾ ਨਮੂਨਾ ਹੈ। ਕਾਰਲ ਮਾਰਕਸ ਦੀ ਮੌਤ ੧੪ ਮਾਰਚ ੧੮੮੩ ਨੂੰ ਹੋ ਜਾਂਦੀ ਹੈ। ਸਮਾਜਵਾਦ ਵਿਗਿਆਨ ਹੈ ਤੇ ਇਸਦੇ ਸਮਝ ਬਣਾਉਣ ਲਈ ਫਰੈਡਰਿਕ ਏਂਗਲਜ ਨੇ ਉਨ੍ਹਾਂ ਸਾਰੇ ਸਿਧਾਂਤਾਂ ਨੂੰ ਕਲਮਬੱਧ ਕੀਤਾ, ਜੋ ਮਾਰਕਸ ਅਧੂਰਾ ਛੱਡ ਗਿਆ ਸੀ। ਇਸ ਸਮੇਂ ਹੀ ਰੂਸ ਦੀ ਜਾਰਸ਼ਾਹੀ ਦਾ ਤਖਤਾ ਪਲਟਣ ਦੀ ਤਿਆਰੀ 'ਚ ਲੱਗਾ ਨੌਜਵਾਨ ਸੂਰਮਾ ਵਲਾਦੀਮੀਰ ਲੈਨਿਨ ਅਧਿਐਨ 'ਚ ਰੁੱਝਾ ਹੋਇਆ ਸੀ। ਮਾਰਕਸ ਤੇ ਏਂਗਲਜ ਵੱਲੋਂ ਕਰਵਾਈਆਂ ਜਾਂਦੀਆਂ ਅੰਤਰਾਸ਼ਟਰੀ ਕੌਮਨਿਸਟ ਕਾਂਨਫਰੰਸਾਂ ਨੇ ਲੈਨਿਨ ਨੂੰ ਆਪਣੇ ਨਾਲ ਜੋੜਿਆ।
              
ਫਿਰ ਏਂਗਲਜ ਦੀ ਮੌਤ ੫ ਅਗਸਤ ੧੮੯੫ ਨੂੰ ਹੋ ਜਾਂਦੀ ਹੈ। ਏਂਗਲਜ ਤੇ ਮਾਰਕਸ ਨੇ ਆਪਣੀ ਮੌਤ ਤੱਕ ਸਿਧਾਂਤ ਨੂੰ ਪੱਕੇ ਪੈਰੀਂ ਕੀਤਾ। ਜਿਵੇਂ ਸਾਨੂੰ ਪਤਾ ਹੈ ਕਿ ਮਾਰਕਸਵਾਦ ਇੱਕ ਵਿਗਿਆਨ ਹੈ ਤੇ ਇਹ ਹਰ ਸਮੇਂ ਚੱਲ੍ਹ ਰਹੇ ਹਾਲਾਤਾਂ ਉੱਤੇ ਲਾਗੂ ਹੁੰਦਾ ਰਹਿੰਦਾ ਹੈ। ਲੈਨਿਨ ਨੇ ਇਸ ਵਿਗਿਆਨ ਨੂੰ ਰੂਸ ਦੀਆਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਹਾਲਾਤਾਂ ਦੇ ਹਿਸਾਬ ਨਾਲ ਪੇਸ਼ ਕੀਤਾ ਤੇ ਅਸਲ 'ਚ ਇਸ ਵਿਗਿਆਨ ਨੂੰ ਵਿਸ਼ਵ ਰਾਜਨੀਤੀ ਦੇ ਬਦਲ ਵਜੋਂ ਰੂਸ 'ਚ ਸਮਾਜਵਾਦੀ ਇਲਕਲਾਬ ਕਰਕੇ ਹੱਲ ਦਾ ਵਿਕਲਪ ਦਿੱਤਾ। ਆਪਣੇ ਬੇਅੰਤ ਸਾਥੀਆਂ ਦੀ ਸਿਧਾਂਤਕ ਸਮਝ ਦੇ ਨਾਲ ਅਤੇ ਲੈਨਿਨ ਦੀ ਯੋਗ ਅਗਵਾਈ 'ਚ ਰੂਸ ਦੀ ਧਰਤੀ ਉੱਤੇ ਸਮਾਜਵਾਦੀ ਇਨਕਲਾਬ ਹੋਇਆ। ਇਸ ਇਨਕਲਾਬ ਨੇ ਦੁਨੀਆਂ ਖਾਸ ਕਰਕੇ ਭਾਰਤ 'ਚ ਜੋਬਨ ਦੇ ਸਿਖਰ 'ਤੇ ਪੁੱਜੀ ਰਾਜਨੀਤਿਕ ਲੜਾਈ ਦੇ ਸਿਪਾਹੀਆਂ 'ਤੇ ਡੂੰਘਾ ਅਸਰ ਪਾਇਆ। ਇਸ ਇਨਕਲਾਬ ਨੇ ਹੀ ਭਗਤ ਸਿੰਘ ਨੂੰ ਵਿਸ਼ਵ ਚਿੰਤਕ ਬਣਨ ਲਈ ਪ੍ਰੇਰਿਆ ਜੋ ੨੮ ਸਤੰਬਰ ੧੯੦੭ ਨੂੰ ਅੰਗਰੇਜਾਂ ਦੀ ਗੁਲਾਮ ਬਸਤੀ ਭਾਰਤ 'ਚ ਜਨਮ ਲੈ ਚੁੱਕਾ ਸੀ।
                  
ਇਤਿਹਾਸ ਗਵਾਹ ਹੈ ਕਿ ਜਦੋਂ ਵੀ ਵਿਗਿਆਨ ਨੇ ਖੋਜ ਕੀਤੀ ਤਾਂ ਹਰ ਉਸ ਰੂੜੀਵਾਦੀ ਨੀਤੀ ਦੇ ਢਿੱਡੀ ਪੀੜ ਹੋਇਆ ਜਿਸ ਨੇ ਵੀ ਸਮਾਜ ਨੂੰ ਤਰਕ ਰਹਿਤ ਵਿਸ਼ਵਾਸ਼ਾਂ ਦੇ ਬੰਧਨਾਂ 'ਚ ਬੰਨਿਆ ਹੋਇਆ ਸੀ। ਰੂਸ 'ਚ ਮਾਰਕਸਵਾਦੀ ਨੀਤੀਆਂ ਨਾਲ ਸਮਾਜਵਾਦੀ ਇਨਕਲਾਬ ਹੋਇਆ ਤਾਂ ਇਸ ਨੇ ਸਾਰੇ ਵਿਸ਼ਵ ਨੂੰ ਆਪਣੇ ਵੱਲ ਖਿੱਚਿਆ। ਜਿੰਨਾਂ ਘਰਾਂ 'ਚ ਰੋਟੀਆਂ ਨਹੀਂ ਸੀ ਪੱਕਦੀਆਂ, ਉਨ੍ਹਾਂ ਘਰਾਂ 'ਚ ਵਸਦੇ ਲੋਕ ਰੱਜ ਕੇ ਸੌਂਣ ਲੱਗ ਪਏ। ਲੋਕਾਂ ਨੂੰ ਕੰਮ ਮਿਲਿਆ। ਹਾਲਾਤ ਸੌਖੇ ਹੋਏ। ਹਰ ਇੱਕ ਵਿਅਕਤੀ ਨੇ ਰੂਸ ਦੀ ਰਾਸ਼ਟਰੀ ਆਮਦਨ 'ਚ ਯੋਗਦਾਨ ਦਿੱਤਾ। ਲੈਨਿਨ ਦੀ ਮੌਤ ੨੧ ਜਨਵਰੀ ੧੯੨੪ ਨੂੰ ਹੁੰਦੀ ਹੈ ਤੇ ਭਗਤ ਸਿੰਘ ਪਹਿਲੀ ਵਾਰ ਰੋਮਾਂਟਿਕ ਇਨਕਲਾਬੀ ਦੇ ਰੂਪ 'ਚ ਹੀ ਭਾਰਤ ਨੂੰ ਆਜ਼ਾਦ ਕਰਵਾਉਣ ਲਈ ੧੯੨੪ ਨੂੰ  ਆਪਣੇ ਘਰੋਂ, ਘਰ ਛੱਡ ਨਿਕਲ ਪੈਂਦਾ ਹੈ। ਭਗਤ ਸਿੰਘ ਲਿਖਦਾ ਹੈ, " ਉਸ ਅਰਸੇ ਤੱਕ ਮੈਂ ਰੋਮਾਂਟਿਕ ਵਿਚਾਰਵਾਦੀ ਇਨਕਲਾਬੀ ਸੀ। ਉਦੋਂ ਤੱਕ ਤਾਂ ਸਿਰਫ ਅਨੁਯਾਈ ਹੀ ਸਾਂ।" ਲੈਨਿਨ ਦੀ ਵਿਦਾਇਗੀ ਤੇ ਭਗਤ ਸਿੰਘ ਦਾ ਪ੍ਰਵੇਸ਼ ਇਤਿਹਾਸਿਕ ਬਿੰਦੂ ਹਨ। ਭਗਤ ਸਿੰਘ ਦੀ ਜਿੰਦਗੀ 'ਚ ਘਟਨਾਵਾਂ ਬੜੀ ਤੇਜੀ ਨਾਲ ਵਾਪਰਦੀਆਂ ਹਨ। ਉਸ ਦੀ ਸੋਚ ਅਤੇ ਵਿਚਾਰਧਾਰਾ ਸਦਾ ਨਿਖਾਰ ਵੱਲ ਵੱਧਦੀ ਗਈ। ਉਸ ਦਾ ਦ੍ਰਿਸ਼ਟੀਕੋਣ ਰੋਮਾਂਟਿਕ ਵਿਚਾਰਵਾਦੀ ਇਨਕਲਾਬੀ ਤੋਂ ਪਦਾਰਥਵਾਦੀ ਵਿਰੋਧਵਿਕਾਸੀ ਬਣਦਾ ਗਿਆ। ਪਦਾਰਥਵਾਦ ਉਹ ਸਿਧਾਂਤ ਹੈ ਜੋ ਕਹਿੰਦਾ ਹੈ ਕਿ ਦੁਨੀਆਂ ਦੀ ਉਤਪਤੀ ਨਿਰੰਤਰ ਵਿਕਾਸ 'ਚੋਂ ਹੋਈ ਹੈ। ਇਹ ਕੋਈ ਰੱਬੀ ਕਰਾਮਾਤ ਦਾ ਫਲ ਨਹੀਂ, ਸਗੋਂ ਲੱਖਾਂ ਸਾਲਾਂ 'ਚ ਜੀਵਾਂ ਦਾ, ਪੌਦਿਆਂ ਦਾ, ਰਸਾਇਣਾਂ ਦਾ ਪ੍ਰਕਿਰਤੀ ਦੇ ਨਾਲ ਘੋਲ ਹੈ। ਫਿਰ ਚਾਹੇ ਅੱਜ ਸਾਡੇ ਸਾਹਮਣੇ ਕੁਦਰਤੀ ਨਜ਼ਾਰੇ ਹੋਣ ਜਾਂ ਫਿਰ ਅਸੀਂ ਮਨੁੱਖ ਖੁੱਦ ਹੀ, ਜੋ ਬਾਂਦਰ ਤੋਂ ਵਿਕਾਸ ਕਰਕੇ ਬਣੇ ਹਾਂ, ਸਭ ਪਦਾਰਥਵਾਦ ਸਿਧਾਂਤ ਦੀ ਪੈਰਵੀ ਕਰਦੇ ਹਨ। ਇਸ ਤੋਂ ਇੱਕ ਪੌੜੀ ਉੱਪਰ ਵੱਧ ਕੇ ਪਦਾਰਥਵਾਦੀ ਵਿਰੋਧਵਿਕਾਸੀ, ਜਿਸ ਸਿਧਾਂਤ ਦੀ ਖੋਜ ਮਾਕਰਸ ਏਂਗਲਜ ਨੇ ਕੀਤੀ ਸੀ। ਜੋ ਇਹ ਮੰਨਦਾ ਹੈ ਕਿ ਜ਼ਿੰਦਗੀ, ਜੀਵਨ ਤੇ ਹਰ ਵਰਤਾਰੇ ਦਾ ਅਗਲਾ ਪੜਾਅ ਪਹਿਲਾਂ ਵਾਲੇ ਪੜਾਅ ਦਾ ਵਿਕਸਿਤ ਰੂਪ ਹੈ ਜਿਸ ਦੀ ਦਿਖ ਪਦਾਰਥਵਾਦੀ ਹੈ। ਚਲ ਰਹੇ ਪ੍ਰਬੰਧ ਦਾ ਬਦਲ ਇਸ ਤੋਂ ਬਿਹਤਰ ਪ੍ਰਬੰਧ ਦੇ ਰੂਪ 'ਚ ਲਗਾਤਾਰ ਸੰਘਰਸ਼ 'ਚ ਹੈ ਤੇ ਜਿਸਦੀ ਜਿੱਤ ਸਿਫਤੀ ਤਬਦੀਲੀ ਦੇ ਤੌਰ ਉੱਤੇ ਇਨਕਲਾਬ ਦੀ ਛਾਲ ਦੇ ਤੌਰ 'ਤੇ ਹੋਣੀ ਲਾਜ਼ਮੀ ਹੈ।  ਇਸ ਅਨੁਸਾਰ ਜੀਵਨ ਦੇ ਪੜਾਅ ਇੱਕ ਥਾਂ ਤੋਂ ਸ਼ੁਰੂ ਹੋ ਕੇ ਅਗਾਂਹਵਧੂ ਹਨ।
              
ਭਗਤ ਸਿੰਘ ਨੇ ਜਦ ੧੯੨੫ 'ਚ ਜਥੇਬੰਦਕ ਭਾਰ ਨੂੰ ਆਪਣੇ ਮੋਢਿਆਂ 'ਤੇ ਲਿਆ ਉਸ ਸਮੇਂ ਤੋਂ ਹੀ ਉਸ 'ਚ ਗੁਣਾਤਮਕ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ।ਤੇ ਲੈ ਲਿਆ। ਇੱਕਲੇ ਭਾਰਤ ਦਾ ਹੀ ਨਹੀਂ ਬਲਕਿ ਸਾਰੀ ਦੁਨੀਆਂ ਦੀ ਸਰਮਾਏਦਾਰੀ ਨੂੰ ਜੜੋਂ ਪੁੱਟਣ ਲਈ ਭਗਤ ਸਿੰਘ ਅਧਿਐਨ ਕਰਨ ਲੱਗਾ। ਉਹ 'ਮੈਂ ਨਾਸਤਿਕ ਕਿਊਂ ਹਾਂ' ਵਿੱਚ ਭਾਰਤ ਤੇ ਵਿਸ਼ਵ ਦੇ ਸਾਰੇ ਨੌਜਵਾਨਾਂ ਨੂੰ ਸੁਨੇਹਾ ਦਿੰਦਾ ਹੋਇਆ ਲਿਖਦਾ ਹੈ, "ਮੇਰੇ ਲਈ ਇਨਕਲਾਬੀ ਜੀਵਨ 'ਚ ਵੱਡਾ ਮੋੜ ਆਇਆ ਸੀ। 'ਅਧਿਐਨ ਕਰਨ' ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ 'ਚ ਉਭਰਦੀਆਂ ਰਹੀਆਂ। ਅਧਿਐਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਿਮਾਇਤ 'ਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ! ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਤੇ ਵਿਸ਼ਵਾਸ਼ਾਂ 'ਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿੱਚ ਸਿਰਫ ਤਸ਼ੱਦਦ ਦੇ ਤੌਰ ਤਰੀਕਿਆਂ ਦਾ ਰੋਮਾਂਸ ਭਾਰੂ ਸੀ, ਹੁਣ ਉਸ ਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ।" ਇਸ ਸਿੱਧੀ ਕੜੀ ਨੇ ਭਗਤ ਸਿੰਘ ਨੂੰ ਫ਼ਲਸਫੇ ਨਾਲ ਜੋੜਿਆ ਜਿਸ ਦਾ ਸਮਾਜਵਾਦੀ ਵਿਗਿਆਨ 'ਚ ਜਰੂਰੀ ਥਾਂ ਹੈ। ਉਹ ਫ਼ਲਸਫੇ ਨੂੰ ਜਾਨਣ ਲੱਗਾ। ਆਪਣੀ ਲਿਖਤ 'ਚ ਉਹ ਕਹਿੰਦਾ ਹੈ, "ਜਿਥੇ ਸਿੱਧੇ ਸਬੂਤ ਨਹੀਂ ਮਿਲਦੇ, ਉਥੇ ਫ਼ਲਸਫੇ ਦਾ ਅਹਿਮ ਸਥਾਨ ਹੁੰਦਾ ਹੈ। ਫ਼ਲਸਫਾ ਰਾਹ ਦਰਸਾਉਂਦਾ ਹੈ।"
                     
ਹੁਣ ਭਗਤ ਸਿੰਘ ਜਥੇਬੰਦਕ ਸ਼ਬਦ ਦੀ ਮਹੱਤਤਾ ਨੂੰ ਚੰਗੀ ਤਰਾਂ ਸਮਝਣ ਲੱਗਾ। ਇਸ ਕਾਰਨ ਹੀ ੧੯੨੬ 'ਚ ਭਗਵਤੀ ਚਰਨ ਵੋਹਰਾ ਨਾਲ ਮਿਲ ਕੇ ਲਾਹੌਰ 'ਚ 'ਨੌਜਵਾਨ ਭਾਰਤ ਸਭਾ' ਦਾ ਗਠਨ ਕੀਤਾ ਜਿਥੇ ਪਹਿਲੀ ਵਾਰ ਦੇਸ਼ 'ਚ ਸੰਪੂਰਨ ਅਜ਼ਾਦੀ ਦੀ ਮੰਗ ਰੱਖੀ। ਅਜਿਹੀ ਮੰਗ ਇਸ ਤੋਂ ਪਹਿਲਾਂ ਨਾਂ ਤਾਂ ਕਦੇ ਕਿਸੇ ਭਾਰਤੀ ਲੀਡਰ ਨੇ ਰੱਖੀ ਸੀ ਨਾ ਹੀ ਕਿਸੇ ਪਾਰਟੀ ਨੇ। ਅੰਗਰੇਜਾਂ ਦੇ ਅਮੀਰ ਭਾਰਤੀ ਰਾਜਨੀਤਿਕ ਦਲਾਲ ਤਾਂ ਸਿਰਫ ਗੋਰਿਆਂ ਦੇ ਕਹਿ 'ਤੇ ਹੀ ਕੰਮ ਕਰਦੇ ਸਨ।  
                       
ਭਗਤ ਸਿੰਘ ਆਪਣੇ ਜੀਵਨ ਦੇ ਅਨੇਕਾਂ ਮੋੜਾਂ 'ਤੇ ਮਜਬੂਤ ਸਮਾਜਵਾਦੀ ਇਨਕਲਾਬੀ ਵਿਗਿਆਨੀ ਵਜੋਂ ਵਿਚਰਨ ਲੱਗਾ। ਉਹ ਲੈਨਿਨ ਵਾਂਗ ਮੈਦਾਨ 'ਚ ਨਿਤਰਿਆ। ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੇ ਲੋਕਾਂ 'ਚ ਆਜਾਦੀ ਦੀ ਤੜਪ ਵਧਾਉਣ ਲਈ ੮ ਅਪ੍ਰੈਲ ੧੯੨੯ ਨੂੰ  ੧੨:੩੦ ਮਿੰਟ 'ਤੇ ਅਸੈਂਬਲੀ 'ਚ ਦੋ ਬੰਬ ਸੁੱਟੇ ਤੇ ਇਸ ਦੇ ਮਕਸਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਦਾਲਤਾਂ ਨੂੰ ਮੰਚ ਦੇ ਤੌਰ 'ਤੇ ਵਰਤਿਆ। ਕੇਸ ਚੱਲੇ। ਹਰ ਥਾਂ ਭਗਤ ਸਿੰਘ ਵੱਲੋਂ ਫੈਲਾਇਆ ਇਨਕਲਾਬ ਦਾ ਨਾਅਰਾ ਗੂੰਜਣ ਲੱਗਾ। ਭਗਤ ਸਿੰਘ ਇਨਕਲਾਬ ਦੇ ਨਾਅਰੇ ਬਾਰੇ ਲਿਖਦਾ ਹੈ, "ਤੁਸੀਂ 'ਇਨਕਲਾਬ-ਜ਼ਿੰਦਾਬਾਦ' ਦੇ ਨਾਅਰੇ ਲਗਾਉਂਦੇ ਹੋ। ਮੈਂ ਇਹ ਮੰਨ ਕੇ ਤੁਰਦਾਂ ਹਾਂ ਕਿ ਤੁਸੀਂ ਇਸ ਦੇ ਮਤਲਬ ਸਮਝਦੇ ਹੋ। ਅਸੈਂਬਲੀ ਬੰਬ ਕੇਸ ਵਿੱਚ ਦਿੱਤੀ ਗਈ ਸਾਡੀ ਪਰਿਭਾਸ਼ਾ ਮੁਤਾਬਿਕ, ਇਨਕਲਾਬ ਦਾ ਭਾਵ ਮੌਜੂਦਾ ਸਮਾਜਕ ਢਾਂਚੇ ਦੀ ਤਬਦੀਲੀ ਅਤੇ ਸਮਾਜਵਾਦ ਦੀ ਸਥਾਪਤੀ ਹੈ। ਇਸ ਮੰਤਵ ਲਈ ਸਾਡਾ ਫੌਰੀ ਆਸ਼ਾ, ਤਾਕਤ ਹਾਸਲ ਕਰਨਾ ਹੈ। ਅਸਲ ਵਿੱਚ 'ਰਿਆਸਤ' ਯਾਨੀ ਸਰਕਾਰੀ ਮਸ਼ੀਨਰੀ ਰਾਜ ਕਰਦੀ ਜਮਾਤ ਦੇ ਹੱਥਾਂ ਵਿੱਚ, ਆਪਣੇ ਹਿੱਤਾਂ ਦੀ ਰਾਖੀ ਕਰਨ ਅਤੇ ਹੋਰ ਅੱਗੇ ਵਧਾਉਣ ਦਾ ਸੰਦ ਹੀ ਹੈ। ਅਸੀਂ ਇਸ ਸੰਦ ਨੂੰ ਖੋਹ ਕੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਵਰਤਣਾ ਚਾਹੁੰਦੇ ਹਾਂ। ਸਾਡੇ ਆਦਰਸ਼ ਹਨ ਸਮਾਜਿਕ ਸਿਰਜਣਾ ਨਵੇਂ ਢੰਗ ਨਾਲ, ਯਾਨੀ ਕਿ 'ਮਾਰਕਸੀ ਢੰਗ' ਤਰੀਕੇ ਉੱਤੇ। ਇਸੇ ਮੰਤਵ ਲਈ ਅਸੀਂ ਸਰਕਾਰੀ ਮਸ਼ੀਨਰੀ ਨੂੰ ਵਰਤਣਾ ਚਾਹੁੰਦੇ ਹਾਂ। ਲਗਾਤਾਰ ਜਨਤਾ ਨੂੰ ਸਿੱਖਿਆ ਦਿੰਦੇ ਰਹਿਣਾ ਹੈ ਤਾਂ ਕਿ ਆਪਣੇ ਸਮਾਜਿਕ ਪ੍ਰੋਗਰਾਮ ਦੀ ਪੂਰਤੀ ਲਈ ਇੱਕ ਸੁਖਾਵਾਂ ਅਤੇ ਅਨੁਕੂਲ ਵਾਤਾਵਰਨ ਬਣਾਇਆ ਜਾ ਸਕੇ। ਅਸੀਂ ਉਨ੍ਹਾਂ ਨੂੰ ਘੋਲਾਂ ਦੇ ਦੌਰਾਨ ਹੀ ਵਧੀਆ ਟ੍ਰੇਨਿੰਗ ਅਤੇ ਵਿੱਦਿਆ ਦੇ ਸਕਦੇ ਹਾਂ।"
          
ਮੁਕੱਦਮਾ ਚਲਦਾ ਗਿਆ। ਭਗਤ ਸਿੰਘ ਜਿਸ ਤਰੀਕੇ ਨਾਲ ਅਦਾਲਤਾਂ ਨੂੰ ਵਰਤਦਾ ਸੀ ਉਸ ਨੇ ਵਿਸ਼ਵ ਸਰਮਾਏਦਾਰੀ ਨੂੰ ਆਪਣੇ ਅੰਤ ਦੀ ਦਸਤਕ ਸਹਿਸੂਸ ਕਰਵਾਈ। ਰੂਸ ਤੋਂ ਲੱਗੀ ਸਮਾਜਵਾਦ ਦੀ ਅੱਗ ਹੁਣ ਲਗਦਾ ਸੀ ਭਗਤ ਸਿੰਘ ਦੇ ਬੋਲਾਂ ਤੇ ਨੀਤਿਆਂ ਨਾਲ ਸਾਰੇ ਵਿਸ਼ਵ ਦੇ ਥੁੜਾਂ ਮਾਰੇ ਕਿਰਤੀਆਂ ਦੇ ਘਰਾਂ 'ਚ ਬਲਣ ਲੱਗੀ। ਚਾਨਣ ਦਾ ਅਹਿਸਾਸ ਸਰਮਾਏਦਾਰੀ ਨੀਤਿਆਂ ਨੂੰ ਰਾਖ ਕਰ ਰਿਹਾ ਸੀ ਤੇ ਫਿਰ ਇੱਕ ਵਿਗਿਆਨੀ ਇੱਕ ਆਗੂ ਦੇ ਤੌਰ 'ਤੇ ਭਗਤ ਸਿੰਘ ਉਸ ਸਿਧਾਂਤ ਤੋਂ ਜਾਣੂ ਹੁੰਦਾ ਹੈ, ਜਿਸ ਦਾ ਜਿਕਰ ਮਾਰਕਸ ਨੇ ਆਪਣੀਆਂ ਲੱਭਤਾਂ 'ਚ ਕੀਤਾ ਸੀ। ਜਿਸ ਨੂੰ ਲੈਨਿਨ ਨੇ ਧਰਤੀ 'ਤੇ ਉਤਾਰਿਆ। 'ਕੰਮ ਦੇ ਘੰਟਿਆਂ ਨੂੰ ਲੋੜ ਅਨੁਸਾਰ ਛੋਟਾ ਕਰਨਾ'। ਇਸ ਦਾ ਜਿਕਰ ਭਗਤ ਸਿੰਘ ਇਨਕਲਾਬੀ ਪ੍ਰੋਗਰਾਮ ਦੇ ਖਰੜੇ 'ਚ ਕਰਦਾ ਹੈ। ਇਸ ਨੇ ਹੀ ਸਰਮਾਏਦਾਰਾਂ ਦਾ ਲੱਕ ਤੋੜਨਾ ਸੀ। ਸਰਮਾਏਦਾਰੀ ਨੀਤੀਆਂ ਦੀ ਰੂਹ ਮੁਨਾਫਾ ਹੈ ਤੇ ਭਗਤ ਸਿੰਘ ਇਸ ਗੱਲ੍ਹ ਨੂੰ ਸਮਝ ਗਿਆ ਸੀ ਕਿ ਆਉਣ ਵਾਲੇ ਸਮੇਂ 'ਚ ਸਰਮਾਏਦਾਰੀ ਵੱਲੋਂ ਲਗਾਤਾਰ ਬੇਰੁਜਗਾਰੀ ਦੀ ਫੌਜ ਪੈਦਾ ਕੀਤੀ ਜਾਵੇਗੀ। ਕੰਮ ਦੇ ਘੰਟੇ ਛੋਟੇ ਕਰਨ ਦੇ ਨਾਲ ਹੀ ਬੇਰੁਜਗਾਰਾਂ ਨੂੰ ਕੰਮ ਦਿੱਤਾ ਜਾ ਕਰਦਾ ਹੈ। ਇਸੇ ਲਈ ਇਸ ਗੱਲ੍ਹ ਨੂੰ ਲੋਕਾਂ 'ਚ ਜਾਣ ਤੋਂ ਰੋਕਣ ਲਈ ਸਾਮਰਾਜ ਦੇ ਸਿਖਰ 'ਤੇ ਬੈਠੇ ਬਰਤਾਨੀਆ ਨੇ ਭਗਤ ਸਿੰਘ ਨੂੰ ਖਤਮ ਕਰਨ ਲਈ ਕਾਨੂੰਨੀ ਗਤੀਵਿਧੀਆਂ ਤੇਜ਼ ਕੀਤੀਆਂ। ੧ ਮਈ ੧੯੩੦ ਲਾਹੌਰ ਸਾਜ਼ਸ਼ ਕੇਸ ਲਈ ਵਿਸ਼ੇਸ਼ ਟ੍ਰਿਬੂਨਲ ਬਣਾਇਆ ਗਿਆ। ਇਸ ਨੇ ਆਪਣੇ ੬੮ ਪੰਨਿਆਂ 'ਚ ਭਗਤ ਸਿੰਘ, ਰਾਜਗੁਗੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ। ਅਸੈਂਬਲੀ ਬੰਬ 'ਚ ਪਹਿਲਾਂ ਹੀ ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੂੰ ਉਮਰ ਕੈਦ ਸੁਣਾਈ ਜਾ ਚੁੱਕੀ ਸੀ।
                    
ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀਂ ਦੇ ਇਤਿਹਾਸਿਕ ਜੁਲਮ ਨੇ ਅੱਜ ਤੱਕ ਮਜ਼ਦੂਰ, ਕਿਸਾਨੀ, ਛੋਟੇ ਵਪਾਰੀਆਂ ਨੂੰ ਅੱਜ ਤੱਕ ਥੁੜਾਂ ਮਾਰਿਆ ਰੱਖਿਆ ਹੈ। ਭਗਤ ਸਿੰਘ ੨੩ ਮਾਰਚ ਦੀ ਸ਼ਾਮ ਨੂੰ ਸਾਡੇ ਕੋਲੋਂ ਹਮੇਸ਼ਾ ਲਈ ਦੂਰ ਹੋ ਗਿਆ। ਹਰ ਵਾਰ ਅਸੀਂ ਭਾਵਨਾਤਕ ਤੌਰ 'ਤੇ ਜਾਂ ਸਿਧਾਂਤਕ ਤੌਰ 'ਤੇ ਉਸ ਪਰਮਗੁਣੀ ਨੂੰ ਯਾਦ ਕਰਦੇ ਹਾਂ। ਪਰ ਸਾਨੂੰ ਜ਼ਰੂਰ ਆਪਣੇ ਆਪ ਨਾਲ ਸਵਾਲ ਕਰਨਾ ਚਾਹੀਦਾ ਹੈ ਕਿ ਕੀ ਅਸੀਂ ਭਗਤ ਸਿੰਘ ਦੇ ਇਨਕਲਾਬੀ ਪ੍ਰੋਗਰਾਮ ਦੇ ਨਿਸ਼ਾਨੇ ਦੇ ਨੇੜੇ-ਤੇੜੇ ਵੀ ਹਾਂ ਜਾਂ ਅਸੀਂ ਹਰ ਵਾਰ ਗੱਲ੍ਹ ਨੂੰ ਆਰਥਿਕ ਮਸਲਿਆਂ ਨੂੰ ਸੁਲਝਾਉਣ ਤੱਕ ਹੀ ਸੀਮਤ ਕੀਤਾ ਹੋਇਆ ਹੈ। ਭਗਤ ਸਿੰਘ ਹੋਣ ਦੇ ਅਰਥ ਉਸਦੀਆਂ ਲਿਖਤਾਂ 'ਚ ਝਲਕਦੇ ਹਨ। ਅੱਜ ਸਾਨੂੰ ਭਗਤ ਸਿੰਘ ਦੇ ਸਿਧਾਂਤਕ ਪੱਖ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਇਨਕਲਾਬ ਦੇ ਨਾਅਰਿਆਂ ਨੂੰ ਅਮਲ 'ਚ ਲਿਆਉਣ ਦੀ ਲੋੜ ਹੈ। ਭਗਤ ਸਿੰਘ ਕਹਿੰਦਾ ਹੈ, "ਇਨਕਲਾਬ, ਹੁਣ ਭਵਿਖਬਾਣੀ ਜਾਂ ਸੰਭਾਵਨਾ ਨਹੀਂ, ਸਗੋਂ ਅਮਲੀ ਰਾਜਨੀਤੀ ਹੈ, ਜਿਸ ਨੂੰ ਸੋਚੀ ਸਮਝੀ ਯੋਜਨਾ ਅਤੇ ਬਿਹਤਰ ਅਮਲ ਰਾਹੀਂ ਕਾਮਯਾਬ ਕੀਤਾ ਜਾ ਸਕਦਾ ਹੈ। ਇਸਦੇ ਪਹਿਲੂਆਂ ਅਤੇ ਤਤਪਰਤਾ ਬਾਰੇ, ਇਸਦੇ ਤਰੀਕੇ ਅਤੇ ਉਦੇਸ਼ਾਂ ਬਾਰੇ ਕੋਈ ਵਿਚਾਰਧਾਰਕ ਉਲਝਣ ਨਹੀਂ ਹੋਣੀ ਚਾਹੀਦੀ।"  ਮੈਂ ਜਿਸ ਇਤਿਹਾਸਿਕ ਜੁਲਮ ਦਾ ਜਿਕਰ ਕੀਤਾ ਹੈ, ਉਸ ਥਾਂ ਨੂੰ ਭਰਨ ਲਈ ਭਗਤ ਸਿੰਘ ਦੀਆਂ ਲਿਖਤਾਂ ਖਾਸ ਤੌਰ ਉੱਤੇ ਇਨਕਲਾਬੀ ਪ੍ਰੋਗਰਾਮ ਦੇ ਖਰੜੇ ਵਿੱਚ ਦੀ ਹੋ ਕੇ ਲੰਘਣਾ ਪਵੇਗਾ। ੧੯੩੧ 'ਚ ਲਿਖੀ ਇਸ ਲਿਖਤ ਸਾਡੀ ਅੱਜ ਦੀ ਸਥਿਤੀ 'ਤੇ ਹੂ-ਬ-ਹੂ ਲਾਗੂ ਹੁੰਦੀ ਹੈ। ਭਗਤ ਸਿੰਘ ਕੰਮ ਦੇ ਘੰਟਿਆਂ ਨੂੰ ਲੋੜ ਮੁਤਾਬਿਕ ਛੋਟਾ ਕਰਨ ਦੀ ਗੱਲ੍ਹ ਕਰਦਾ ਹੈ ਤਾਂ ਜੋ ਹਰ ਇੱਕ ਨੂੰ ਰੁਜ਼ਗਾਰ ਦਿੱਤਾ ਜਾ ਸਕੇ। ੧ ਜਨਵਰੀ ੧੯੫੯ ਨੂੰ ਕਿਊਬਾ 'ਚ ਸਮਾਜਵਾਦੀ ਆਗੂ ਫਿਦੇਲ ਕਾਰਸਤੋ ਨੇ ਇਨਕਲਾਬ ਕੀਤਾ। ਉਹ ਵੀ ਇਸ ਗੱਲ੍ਹ ਦੀ ਗਵਾਹੀ ਦਿੰਦਾ ਹੈ, "ਪਰ ਮੈਂ ਕਹਿੰਦਾ ਹਾਂ ਕਿ ਇਸਤਰੀ ਪੁਰਸ਼ਾਂ ਲਈ ਅੱਠ ਘੰਟੇ ਹੀ ਕੰਮ ਕਰਨਾ ਕਿਊਂ ਜ਼ਰੂਰੀ ਹੈ? ਜੇ ਸਾਡੇ ਕੋਲ ਤਕਨੀਕ ਹੈ ਜੋ ਸਾਡੀ ਪੈਦਾਵਾਰ ਵਧਾ ਸਕਦੀ ਹੈ ਤਾਂ ਲੋਕ ਅੱਠ ਘੰਟੇ ਦੀ ਬਜਾਏ ਚਾਰ ਘੰਟੇ ਕੰਮ ਕਿਊਂ ਨਾ ਕਰਨ? ਇਸ ਨਾਲ ਬੇਰੁਜ਼ਗਾਰੀ ਵੀ ਦੂਰ ਹੋਵੇਗੀ ਅਤੇ ਲੋਕਾਂ ਕੋਲ ਫੁਰਸਤ ਵੀ ਜ਼ਿਆਦਾ ਹੋਵੇਗੀ।"
            
ਜਦ ਮਰਜ ਦੀ ਦਵਾ ਹੈ ਤਾਂ ਫਿਰ ਅਸੀਂ ਉਸ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਕਿਊਂ ਨਹੀਂ ਚਲਦੇ। ਸਾਡੀ ਅੱਜ ਦੀ ਸਾਰੀ ਸ਼ਕਤੀ ਨੌਜਵਾਨਾਂ ਦੇ ਉੱਤੇ ਨਿਰਭਰ ਹੈ। ਦੇਸ਼ ਅਤੇ ਦੁਨੀਆਂ 'ਚ ਸਿਰਫ ਨੌਜਵਾਨ ਵਰਗ ਹੀ ਹੈ ਜੋ ਸਭ ਤੋਂ ਵੱਧ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ। ਨੌਜਵਾਨਾਂ ਦੀ ਸਮੱਸਿਆ ਆਰਥਿਕਤਾ ਦੇ ਨਾਲ ਜੁੜੀ ਹੈ ਜਿਸ ਦਾ ਸੰਬੰਧ ਅੱਗੇ ਸਿੱਧਾ-ਸਿੱਧਾ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਦੇ ਨਾਲ ਹੈ ਤੇ ਇਸ ਸਾਰੇ ਦਾ ਸੰਬੰਧ ਰਾਜਨੀਤੀ ਦੇ ਨਾਲ ਹੈ। ਗਾਂਧੀ ੧੯੨੦ 'ਚ ਅਹਿਮਦਾਬਾਦ ਦੇ ਮਜਦੂਰਾਂ ਨਾਲ ਮਿਲ ਕੇ ਕੰਮ ਕਰਨ ਦੇ ਪਹਿਲੇ ਤਜਰਬੇ ਬਾਅਦ ਕਿਹਾ ਸੀ, "ਸਾਨੂੰ ਮਜਦੂਰਾਂ ਨਾਲ ਗਾਂਢਾ-ਸਾਂਢਾ ਨਹੀਂ ਕਰਨਾ ਚਾਹੀਦਾ। ਫੈਕਟਰੀ ਪ੍ਰੋਲੇਤਾਰੀ ਦਾ ਰਾਜਨੀਤਿਕ ਇਸਤੇਮਾਲ ਬਹੁਤ ਖਤਰਨਾਕ ਹੈ (ਮਈ ੧੯੨੧ ਦੀ ਟਾਈਮਜ਼)।"  ਇਹ ਗੱਲ੍ਹ ਇਸ ਕਰਕੇ ਕਹੀ ਗਈ ਕਿਉਂਕਿ ਉਹ ਮਜ਼ਦੂਰਾਂ ਦੀ ਸ਼ਕਤੀ ਤੋਂ ਡਰਦੇ ਸਨ। ਅੱਜ ਦੇ ਮੰਤਰੀ ਵੀ ਨੌਜਵਾਨਾਂ ਨੂੰ ਰਾਜਨੀਤੀ ਕਰਨ ਤੋਂ ਰੋਕਦੇ ਹਨ। ਜਿਸ ਸਮੇਂ ਗਾਂਧੀ ਨੇ ਇਹ ਬਿਆਨ ਦਿੱਤਾ, ਉਸ ਸਮੇਂ ਪ੍ਰੋਲੇਤਾਰੀ ਜੋਬਨ 'ਤੇ ਸੀ। ਪਰ ਅੱਜ ਸਮਾਂ ਬਦਲ ਗਿਆ ਹੈ ਤੇ ਅੱਜ ਜਿਸ ਤਰੀਕੇ ਨਾਲ ਬੇਰੁਜ਼ਗਾਰ ਨੌਜਵਾਨਾਂ ਦੀਆਂ ਕਤਾਰਾਂ ਲੰਬੀਆਂ ਹੋ ਰਹੀਆਂ ਹਨ, ਅੱਜ ਸਮਾਜ ਉਨ੍ਹਾਂ ਦੀ ਅਗਵਾਈ ਦੀ ਮੰਗ ਕਰਦਾ ਹੈ। ਜਿਸ ਨੌਜਵਾਨਾਂ ਨੂੰ ਭਗਤ ਸਿੰਘ ਸੁਨੇਹੇ ਦਿੰਦਾ ਹੈ, ਅੱਜ ਅਸਲ 'ਚ ਉਸ ਆਧੁਨਿਕ ਪ੍ਰੋਲੇਤਾਰੀ ਦੀ ਆਵਾਜ ਬੁਲੰਦ ਕਰਨ ਦੀ ਜਿੰਮੇਵਾਰੀ ਸਾਡੇ ਮੋਢਿਆਂ 'ਤੇ ਹੈ। ਨੌਜਵਾਨ ਰੁਜਗਾਰ ਲਈ ਜਿਸ ਤਰੀਕੇ ਨਾਲ ਜੂਝ ਰਿਹਾ ਹੈ ਤੇ ਜਿਸ ਤਰੀਕੇ ਨਾਲ ਕੰਮ 'ਤੇ ਲੱਗਿਆਂ ਨੂੰ ਕੰਮ ਤੋਂ ਬਾਹਰ ਕੱਢਣ ਦਾ ਰੁਝਾਨ ਤੇਜ ਹੈ, ਇਹ ਸਾਨੂੰ ਮੁੜ ਕੇ ਇਨਕਲਾਬੀ ਗਤੀਵਿਧੀਆਂ ਦੀ ਯੋਜਨਾਬੰਦੀ ਭਗਤ ਸਿੰਘ ਦੇ ਕਹੇ ਸ਼ਬਦਾਂ 'ਕੰਮ ਦੇ ਘੰਟਿਆਂ ਨੂੰ ਲੋੜ ਮੁਤਾਬਿਕ ਛੋਟਾ ਕਰਨ' ਨੂੰ ਕੇਂਦਰ 'ਚ ਰੱਖ ਕੇ ਹੀ ਕਰਨਾ ਪਵੇਗਾ। ਨੌਜਵਾਨ ਬੇਰੁਜ਼ਗਾਰ ਹੈ, ਮਜ਼ਦੂਰਾਂ ਦਾ ਸ਼ੋਸ਼ਣ ਸਿਖਰ 'ਤੇ ਹੈ, ਕੰਮ 'ਤੇ ਲੱਗਿਆਂ ਦੀ ਜੂਨ ਬੁਰੀ ਹੈ ਤੇ ਵਿਹਲਿਆਂ ਨੂੰ ਮੁਸੀਬਤਾਂ ਨੇ ਘੇਰਿਆ ਹੋਇਆ ਹੈ ਤੇ ਖੁਦਕੁਸ਼ੀਆਂ ਹਰ ਰੋਜ਼ ਵਾਧੇ ਵੱਲ ਹਨ।   
     
ਦੁਨੀਆਂ ਨੂੰ ਜੇਕਰ ਕੰਮ ਦੇਣਾ ਹੈ ਤਾਂ ਰਾਜਨੀਤੀ ਦੇ ਮੈਦਾਨ ਮੱਲਣੇ ਪੈਣਗੇ। ਭਗਤ ਸਿੰਘ ਨਾਲ ਸੰਬੰਧਿਤ ਜਿਸ ਹਿੱਸੇ ਨੂੰ  ਲੋਕਾਂ ਕੋਲ ਜਾਣ ਤੋਂ ਰੋਕਿਆ ਹੈ, ਸਾਨੂੰ ਉਸ 'ਤੇ ਕੰਮ ਕਰਨਾ ਪੈਣਾ ਹੈ। ਅਸੀਂ ਪਸ਼ੂ ਨਹੀਂ ਹਾਂ, ਜੋ ਪਰਿਵਾਰ ਨੂੰ, ਸਮਾਜ ਨੂੰ, ਆਤਮਿਕ ਸੁੱਖ ਨੂੰ ਭੁੱਲ ਭਲਾ ਕੇ ੮, ੧੦, ੧੨ ਘੰਟਿਆਂ ਤੱਕ ਕੰਮ ਕਰਦੇ ਰਹੀਏ। ਉਨ੍ਹਾਂ ਕੜੀਆਂ ਦੀ ਤਰਤੀਬ ਨੂੰ ਜੋੜਨ ਦੀ ਲੋੜ ਹੈ, ਜੋ ਸਾਡੀ ਸਮਝ 'ਚੋਂ ਹੀ ਬਾਹਰ ਹੋ ਚੁੱਕੀਆਂ ਹਨ। ਸਰਮਾਏਦਾਰੀ ਅਤਿ ਵਿਕਸਿਤ 'ਵਿੱਤੀ ਸਰਮਾਏ' ਦੇ ਰੂਪ 'ਚ ਹਰ ਵਰਗ ਨੂੰ ਡੰਗ ਮਾਰ ਰਹੀ ਹੈ। ਦੁਨੀਆਂ 'ਚ ਕਰਜ ਦੇਣ ਦਾ ਭਿਅੰਕਰ ਖੇਡ ਖੇਡਿਆ ਜਾ ਰਿਹਾ ਹੈ। ਘਰਾਂ ਦੇ ਘਰ ਕਰਜ 'ਚ ਗ੍ਰਸਤ ਹਨ। ਲੋਕਾਂ ਦੀ ਆਮਦਨੀ ਨਾਂਹ ਦੇ ਬਰਾਬਰ ਹੈ।
             
ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਨ 'ਤੇ ਸਾਨੂੰ ਇਹ ਸਮਝਣਾ ਪਵੇਗਾ ਕਿ ਅਸਲ 'ਚ ਅੱਜ ਦਾ ਵਰਤਾਰਾ ਸਾਰੀ ਦੁਨੀਆਂ 'ਚ ਕੀ ਹੈ? ਸਾਰੀ ਦੁਨੀਆਂ 'ਚ ਅਮੀਰ ਗਰੀਬ ਦਾ ਪਾੜਾ ਭਿਅੰਕਰ ਸਿਖਰ ਦੇ ਰੂਪ 'ਚ ਹੈ।  ਪਿਛਲੇ ਮਹੀਨੇ ਆਕਸਫੌਮ ਦੀ ਰਿਪੋਰਟ ਪ੍ਰਕਾਸ਼ਿਤ ਹੋਈ। ਇਸ 'ਚ ਦੱਸਿਆ ਗਿਆ ਹੈ ਕਿ ਸੰਸਾਰ ਦੇ ਉਪਰਲੇ ੮ ਕਿਰਤ ਦਾ ਲਹੂ ਪੀਣ ਵਾਲੇ ਬੰਦਿਆਂ ਕੋਲ ਉਨ੍ਹਾਂ ਤੋਂ ਹੇਠਲੀ ਅੱਧੀ ਅਬਾਦੀ ਜਿੰਨੀ ਦੌਲਤ ਹੈ। ਅੱਧੀ ਆਬਾਦੀ 'ਚ ੩੬੦ ਕਰੋੜ ਲੋਕ ਆਉਂਦੇ ਹਨ। ਇਹ ਰਿਪੋਰਟ ਹਰ ਸਾਲ ਛਪਦੀ ਹੈ। ੨੦੧੦ 'ਚ ਇਨ੍ਹਾਂ ਕਿਰਤ ਦੇ ਲਹੂ ਪੀਣਿਆਂ ਦੀ ਗਿਣਤੀ ੩੮੮ ਸੀ, ੨੦੧੪ 'ਚ ੮੫, ੨੦੧੫ 'ਚ ੮੦ ਤੇ ੨੦੧੬ 'ਚ ੬੨ ਵਿਅਕਤੀ ਸੀ। ਹੇਠਲੀ ਆਬਾਦੀ ਦੀ ਇਸ ਰੁਝਾਨ ਕਾਰਨ ੨੦੧੦ ਤੋਂ ੨੦੧੫ ਤੱਕ ੩੮% ਜਾਇਦਾਦ ਘਟੀ, ਜੋ ਕਿ ੧੦ ਖਰਬ ਡਾਲਰ ਬਣਦੀ ਹੈ ਤੇ ਇਨ੍ਹਾਂ ਸਾਲਾਂ 'ਚ ਹੀ ਸਿਰਫ ੬੨ ਬੰਦਿਆਂ ਕੋਲ ੧੨.੫ ਖਰਬ ਜਾਇਦਾਦ ਵੱਧ ਗਈ। ਇਸ ਨੂੰ ਥੋੜਾ ਹੋਰ ਸੌਖਾ ਸਮਝਣ ਦਾ ਯਤਨ ਕਰਦੇ ਹਾਂ ਜੋ ਹੋਰ ਵੀ ਭਿਅੰਕਰ ਹੈ। ਉਪਰਲੇ ੧% ਲੋਕਾਂ ਕੋਲ ਕੁੱਲ ੪੮% ਜਾਇਦਾਦ ਹੈ। ਅਗਲੇ ੧੯% ਕੋਲ ੪੬%। ਮਤਲਬ ਕੁੱਲ ਦੁਨੀਆਂ ਦੀ ਉਪਰਲੀ ੨੦% ਆਬਾਦੀ ਕੋਲ ੯੪% ਤੋਂ ਵੱਧ ਦੀ ਦੌਲਤ ਹੈ ਅਤੇ ਹੇਠਲੀ ੮੦% ਆਵਾਮ ਕੋਲ ਸਿਰਫ ੬% ਤੋਂ ਘੱਟ ਦੌਲਤ ਹੈ। ਇਸ ਦੇ ਦੂਜੇ ਪਾਸੇ ਦੁਨੀਆਂ 'ਚ ਬੇਰੁਜਗਾਰਾਂ ਦਾ ਹੜ ਹੈ। ਲੋੜ ਸਿਰਫ ਇਸ ਹੜ ਨੂੰ ਯੋਜਨਾਬੰਧ ਕਰਨ ਦੀ ਹੈ। ਇਹ ਆਧੁਨਿਕ ਪ੍ਰੋਲੇਤਾਰੀ ਸਮਾਜ 'ਚ ਸੰਘਰਸ਼ਾਂ ਦਾ ਪਿੜ੍ਹ ਮੱਲ ਰਹੀ ਹੈ। ਜਦੋਂ ਇਹ ਪਿੜ ਮਲਦੀ ਹੈ ਤਾਂ ਇਸ ਦੀ ਸਿਧਾਂਤਕ ਸਮਝ ਸਾਰੀ ਯੋਜਨਾਂਬੰਦੀ ਨੂੰ ਭਗਤ ਸਿੰਘ ਦੀ ਕਹੀ ਗੱਲ਼੍ਹ 'ਕੰਮ ਦੇ ਘੰਟਿਆਂ ਨੂੰ ਲੋੜ ਮੁਤਾਬਿਕ ਛੋਟਾ ਕਰਨ' ਵੱਲ ਮੋੜ ਕੱਟਦੀ ਹੈ। ਅੱਜ ਕਿਸਾਨ, ਮਜ਼ਦੂਰ, ਵਪਾਰੀ, ਦੁਕਾਨਦਾਰ, ਦਿਹਾੜੀਦਾਰ ਹਰ ਕੋਈ ਆਪਣੀ ਔਲਾਦ ਦੇ ਨੌਕਰੀ ਨਾ ਲੱਗਣ ਤੋਂ ਪ੍ਰੇਸ਼ਾਨ ਹੈ। ਆਰਥਿਕ ਹਾਲਾਤ ਢਹਿੰਦੀਆਂ ਕਲਾਂ 'ਚ ਹਨ ਤਾਂ ਸਾਨੂੰ ਇਹ ਗੱਲ੍ਹ ਪੱਕੀ ਮੰਨਣੀ ਪੈਣੀ ਹੈ ਕਿ ਜਦ ਤੱਕ ਕੋਈ ਰੁਜ਼ਗਾਰ ਦੀ ਗਾਰੰਟੀ ਨਹੀਂ ਹੋਵੇਗੀ, ਹਾਲਾਤ ਸੁਧਰਨਗੇ ਨਹੀਂ। ਰੁਜ਼ਗਾਰ ਦੀ ਗਾਰੰਟੀ ਦਾ ਬਿੱਲ ਪਾਰਲੀਮੈਂਟ ਜਾਂ ਵਿਧਾਨਸਭਾਵਾਂ 'ਚੋਂ ਪਾਸ ਹੋਣਾ ਹੈ। ਜਦੋਂ ਰੁਜ਼ਗਾਰ ਦੀ ਗਾਰੰਟੀ ਮਿਲੇਗੀ ਤਾਂ ਉਸ ਦੇ ਨਾਲ ਹੀ ਕੰਮ ਦੇ ਘੰਟੇ ਵੀ ਯਕੀਨਨ ਛੋਟੇ ਹੋਣਗੇ। ਅੱਠਾਂ ਤੋਂ ਜਦ ਅਸੀਂ ਛੇ ਘੰਟਿਆਂ ਵੱਲ ਨੂੰ ਆਉਂਦੇ ਹਾਂ ਤਾਂ ਅੱਜ ਜੋ ੩ ਸ਼ਿਫਟਾਂ 'ਚ ਕੰਮ ਹੋ ਰਿਹਾ ਹੈ, ਉਸ ਨੂੰ ਕਰਨ ਲਈ ਫਿਰ ੪ ਸ਼ਿਫਟਾਂ ਬਣਨਗੀਆਂ। ਜਿਸ਼ 'ਚ ਤਨਖਾਹ ਦੇ ਵਾਧੇ ਨਾਲ ਨਵੇਂ ਬੰਦਿਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਮਿਲੇਗਾ। ਹਰ ਇੱਕ ਘਰ 'ਚ ਜਦੋਂ ਧੀ-ਪੁੱਤ ਨੂੰ ਨੌਕਰੀ ਮਿਲੇਗੀ ਤਾਂ ਉਨ੍ਹਾਂ ਦੀ ਆਮਦਨ 'ਚ ਵਾਧਾ ਹੋਵੇਗਾ। ਧੀਆਂ ਨੂੰ ਕੁੱਖਾਂ 'ਚ ਨਹੀਂ ਮਾਰਿਆ ਜਾਵੇਗਾ ਤੇ ਪੁੱਤਾਂ ਨੂੰ ਵੇਹਲੜ, ਮੰਡੀਰ ਦੀਆਂ ਅਲਾਹਮਤਾਂ ਤੋਂ ਛੁਟਕਾਰਾ ਮਿਲੇਗਾ। ਨੌਕਰੀ ਦਾ ਸਿੱਧਾ ਸੰਬੰਧ ਕੰਮ ਦਿਹਾੜੀ ਸਮੇਂ ਤੇ ਉਤਪਾਦਕਤਾ ਨਾਲ ਅਨੁਪਾਤੀ ਹੈ। ਤਕਨੀਕੀ ਤੌਰ 'ਤੇ ਮੋਟਾ ਮੋਟਾ ਸਮਝਣ ਲਈ ਇਸ ਗੱਲ੍ਹ ਵੱਲ ਨਿਗ੍ਹਾ ਮਾਰਦੇ ਹਾਂ। ਮੰਨ ਲਵੋ, ਜੋ ਹੈ ਵੀ ਕੰਮ ਦਿਹਾੜੀ ਸਮਾਂ ਅੱਠ ਘੰਟੇ(ਕਾਨੂੰਨ ਅਨੁਸਾਰ) ਹੈ ਅਤੇ ਸਮਾਜ ਕੋਲ ਕੁ 800 ਘੰਟੇ (ਭਾਵੇਂ ਨਾਲ ਕਰੋਡ਼ ਲਖਿ ਲਓ)ਕੰਮ ਹੈ । ਤਾਂ ਸਾਨੂੰ 100ਕਾਮਾ (ਨੌਕਰੀ)ਚਾਹੁੰਦੇ ਹਨ । ਹੁਣ ਜੇ ਤਕਨੀਕ ਦੇ ਵਾਧੇ ਨਾਲ ਉਤਪਾਦਕਤਾ ਵਧਣੀ ਹੈ ਤਾਂ ਨੌਕਰੀਆਂ ਘਟਣਗੀਆਂ ਹੀ ਜੋ ਕਿ ਅੱਜ ਕੱਲ੍ਹ ਹੋ ਰਿਹਾ ਹੈ ਅਤੇ ਘਟ ਕਾਮਆਿਂ ਨਾਲ ਜ਼ਿਆਦਾ ਮੁਨਾਫਾ ਕਮਾਂ ਹੋ ਰਿਹਾ ਹੈ ਤੇ  ਉਹੀ ਪੈਦਾਵਾਰ ਭਾਵ ਕਾਮੇ ਤੇ ਭਾਰ ਪੈ ਰਿਹਾ ਹੈ, ਉਸ ਦਾ ਸ਼ੌਸ਼ਣ ਹੋ ਰਿਹਾ ਹੈ।  ਜੇ ਲੁੱਟ ਘਟਾਉਣੀ(ਜਾਂ ਖਤਮ ਕਰਨ ਵਲ ਜਾਣਾ)ਹੈ ਤਾਂ ਭਗਤ ਸਿੰਘ ਜਿਵੇਂ ਕਹਿੰਦਾ ਹੈ ਕਿ ਕੰਮ ਦੇ ਘੰਟੇ ਲੋੜ ਮੁਤਾਬਿਕ ਛੋਟੇ ਕਰਨ ਦੀ ਵਿਧੀ ਅਪਨਾਉਣੀ ਪੈਣੀ ਹੈ। ਨੌਕਰੀਆਂ ਪੈਦਾ ਕਰਨੀਆਂ ਹੋਣਗੀਆਂ ਅਤੇ ਕੰਮ ਦਹਾਡ਼ੀ ਸਮੇਂ ਦੀ ਕਾਨੂੰਨੀ ਸੀਮਾਂ ਘਟ ਕਰਨੀ ਹੋਵੇਗੀ। ਇਹ ਹੀ ਸੱਚੀ ਸ਼ਰਧਾਂਜਲੀ ਹੋਵੇਗੀ।

ਜਿਵੇਂ :
8ਘੰਟੇ ÷8੦੦ਘੰਟੇ =1੦੦ ਨੌਕਰੀਆਂ
7ਘੰਟੇ ÷800ਘੰਟੇ =114+ਨੌਕਰੀਆਂ
6ਘੰਟੇ÷800ਘੰਟੇ =133+ ਨੌਕਰੀਆਂ
5ਘੰਟੇ ÷800ਘੰਟੇ =160 ਨੌਕਰੀਆਂ
4ਘੰਟੇ ÷800ਘੰਟੇ =200ਨੌਕਰੀਆਂ
                
ਸੰਪਰਕ: +91 75080 53857

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ