Mon, 15 July 2024
Your Visitor Number :-   7187236
SuhisaverSuhisaver Suhisaver

ਵੇ ਮੈਂ ਤੇਰੇ ਘੜੇ ਦੀ ਮੱਛੀ ਹਾਂ -ਜੋਗਿੰਦਰ ਬਾਠ ਹੌਲੈਂਡ

Posted on:- 29-12-2012

suhisaver

ਵੇ ਗੁੱਜਰਾ ਵੇ, ਵੇ ਗੁੱਜਰਾ ਵੇ
ਤੇਰੇ ਬਿਨਾਂ ਦੁਨੀਆਂ, ਉਜਾੜ ਲੱਗਦੀ
ਕੱਲੀ ਹੋਵਾਂ, ਅੱਖ ਨਹੀਂਓਂ ਯਾਰ ਲੱਗਦੀ
ਦਿੱਲ ਮੇਰਾ ਤੇਰੇ ਵੱਲ ਉੱਡਦਾ ਵੇ,  ਵੇ ਗੁਜਰਾ…


ਇਸ ਗਾਣੇ ਦੀ ਧੁਨ ’ਤੇ ਪਾਕਿਸਤਾਨ ਦੇ ਪੰਜਬੀ ਡਰਾਮੇ ਦੀਆਂ ਨਾਚੀਆਂ ,ਦੀਦਾਰ,  ਨਰਗਿਸ, ਅੰਜੁਮਨ ਬੇਗਮ, ਸਾਇਮਾ ਖ਼ਾਨ,  ਖੁਸ਼ਬੂ, ਨਾਜ਼ੀਆ ਅਲੀ, ਰੀਮਾ,  ਨਿੰਦਾ ਚੌਧਰੀ,  ਜਿਸ ਤਰ੍ਹਾਂ ਸੜਕ-ਛਾਪ ਦਿਲ ਸੁੱਟਣ ਵਾਲੇ ਆਸ਼ਕਾਂ ਅਤੇ ਸ਼ਾਇਰਾਂ ਦੀ ਭਾਸ਼ਾ ਵਿੱਚ ਕਤਲ ਕਰੂ ਅੰਦਾਜ਼ ਵਿੱਚ ਨੱਚਦੀਆਂ ਹਨ, ਵੇਖਣ ਵਾਲੇ ਦੀਆਂ ਅੱਖਾਂ ਸ਼ਿਕਾਰ ਕਰਨ ਵਾਲੇ ਬਿੱਲੇ ਵਾਂਗ ਲਾਲ ‘ਤੇ ਸਰੀਰ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਗੀਤ ਅਤੇ ਨਾਚ ਸ਼ੁਰੂ ਹੁੰਦਾ ਹੈ।

ਸੋਹਣਿਆ,  ਦੁੱਧ ਪੀਤੇ ਨੇ ਕੱਚੇ
ਆ ਜਾ, ਵਾਹਦੇ ਕਰੀਏ ਵੇ ਸੱਚੇ
ਦੇਵਾਂਗੀ ਦੁਵਾਵਾਂ,  ਗੁਜਰੀ ਬਨਾ ਲੈ ਮੈਨੂੰ                                
 ਕੁਝਨ ਨਹੀਂ ਓਂ ਹੋਰ ਮੰਗਦੀ।
ਤੇਰੀ ਮੈਂ ਦੀਵਾਨੀ ਹੋਈ, ਕਮਲੀ ਜਵਾਨੀ ਹੋਈ
ਕੱਲਿਆਂ ਨਾ ਰਾਤ ਲੰਘਦੀ।
ਵਿੱਚੋਂ ਬਾਹਰੋਂ ਹਰ ਵੇਲੇ ਰਵਾਂ ਟੁੱਟਦੀ
ਹਰ ਵੇਲੇ ਪਿੰਡੇ ਉੱਤੇ ਪਾਣੀ ਸੁੱਟਦੀ
ਇਸ਼ਕੇ ਦੀ ਲੰਬ ਹੁਣ ਨਹੀਂਓਂ ਬੁਝਦੀ, ਵੇ ਗੁਜਰਾ…।


ਅੱਲ੍ਹਾ ਦੇ ਬੰਦੇ ਇਹ ਦਿਦਾਰੇ-ਜਿਸਮ,  ਖੁੱਲ੍ਹੇ ਮੂੰਹ ਅਤੇ ਟੱਡੀਆਂ ਅੱਖਾਂ ਨਾਲ ਨਿਹਾਰਦੇ ਤੇ ਸਾਂ ਸਾਂ ਕਰਦੇ ਸਿਰਾਂ ਨਾਲ ਸੋਚਣ ਲਈ ਮਜਬੂਰ ਹਨ ਕਿ ਇਹ ਵੀ ਪਾਕਿਸਤਾਨ ਵਿੱਚ ਹੀ ਹੋ ਰਿਹਾ ਹੈ? ਜਿੱਥੇ ਸ਼ਹਿਰਾਂ ਤੋਂ ਛੁੱਟ ਪੇਂਡੂ ਰੁਰਲ ਅਤੇ ਕਰੂਅਲ ਪਾਕਿਸਤਾਨ ਵਿੱਚ ਪੰਚਾਨਵੇ ਫ਼ੀਸਦ ਔਰਤਾਂ ਦੀ ਅਬਾਦੀ ਨੂੰ ਆਪਣੀ ਚੀਚੀ ਵੀ ਨੰਗੀ ਕਰਨੀ ਸ਼ਰੀਅਤ ਦੇ ਖਿਲਾਫ਼ ਇੱਕ ਨਾ ਮਾਫ਼ੀ ਯੋਗ ਗੁਨਾਹ ਹੈ, ਪਰ ਛੜੇ ਛੜਾਂਗ ‘ਜਣੇ’  ਇਹ ਅਲੌਕਾਰ ਅਤੇ ਪਲੰਗ ਤੋੜ ਨਾਚ ਅਦਾਕਾਰੀਆਂ ਵੇਖ ਕੇ ਆਖਦੇ ਹਨ,  ਯਾਰ ਇਹ ਖਾਤੂਨਾਂ ਤਾਂ ਚੰਗਾਂ ਕੰਮ ਵਿਖਾਉਂਦੀਆਂ ਨੇ। ਕੰਮ ਅੱਗੇ ਤੁਰਦਾ ਹੈ।

ਤੱਕ ਵੇ, ਆਈਆਂ ਮੁੱਖ ’ਤੇ ਮਲਾਈਆਂ
ਢੋਲਣਾ, ਦੂਰ ਕਰਦੇ ਜੁਦਾਈਆਂ।
ਆਸ ਬੜੀ ਰੱਖੀ ਵੇ, ਪਾ ਲੈ ਇੱਕ ਜੱਫੀ ਵੇ
ਲੱਥ ਜੇ ਥਕੇਵਾਂ ਸੱਜਣਾ।
ਮੇਰੇ ਸੋਹਣੇ ਯਾਰ ਵੇ,  ਬੁੱਲ੍ਹੀਆ ਦਾ ਪਿਆਰ ਵੇ
ਦੇਵਾਂ ਫਟਾਫਟ ਸੱਜਣਾ।
ਤੇਰੇ ਪਿੱਛੇ ਹਰ ਵੇਲੇ ਨੱਸਦੀ
ਦਿੱਲ ਤੇ ਜੋ ਬੀਤੇ ਉਹ, ਨਹੀਂਉਂ ਦੱਸਦੀ
ਸਹੁੰ ਤੇਰੀ ਕੁਝ ਨਹੀਂੳ ਸੁੱਝਦਾ ਵੇ, ਵੇ ਗੁਜਰਾ ਵੇ……।

ਡਰਾਮਾ ਹਾਲ ਵਿੱਚ ਹਾਲ ਦੁਹਾਈ ਹੈ। ਚੀਕਾਂ ਅਤੇ ਬੱਕਰੇ ਬੁਲਾਏ ਜਾਂਦੇ ਹਨ ਅਤੇ ਦਰਸ਼ਕਾਂ ਵੱਲੋਂ ਆਪਣੇ ਆਪ ਨੂੰ ਜੇਬਾਂ ਸਮੇਤ ਇਨ੍ਹਾਂ ਨਾਚੀਆਂ ਦੇ ਲਈ ਪੇਸ਼ ਕਰਨ ਦੀਆਂ ਦਾਅਵਤਾਂ ਆ ਰਹੀਆਂ ਹਨ। ਜਿਸ ਤਰ੍ਹਾਂ ਚੜ੍ਹਦੇ ਪੰਜਾਬ ਵਿੱਚ ਵਿਆਹਾਂ ਉੱਪਰ ਕਹਿਣ ਨੂੰ ਅਖੌਤੀ ਸੱਭਿਆਚਾਰਕ ਪਰੋਗਰਾਮਾਂ ਦੀਆਂ ਨਾਚੀਆਂ ਦੇ ਖੂਬਸੂਰਤ ਚਿਹਰਿਆਂ ਕੋਲ,ਬਰਾਤੀ ਬੁੱਢੇ ਠੇਰੇ ਬੱਕਰੇ ਦੇ ਗੋਸ਼ਤ ਦੀ ਤਰੀ ਨਾਲ ਲਿੱਬੜੀ ਦਾੜ੍ਹੀ ਸਣੇ, ਪੰਜਾਹ ਰੁਪੈ ਦਾ ਸ਼ਗਨ ਪਾ ਕੇ ਪੀਤੀ ਵਿਸਕੀ ਦੇ ਨਸ਼ੇ ਵਿੱਚ ਜਵਾਨ ਕੁੜੀਆਂ ਦੇ ਨਾਲ, ਹੱਥਾਂ ਦੀਆਂ ਵਿੰਗੀਆਂ ਉਂਗਲਾਂ ਵਿੱਚ ਸਿਰਵਾਰਨੇ ਲਈ ਦੱਸਾਂ ਦਾਂ ਨੋਟ ਫੜੀ,  ਡਡਿਆਡ ਮਾਰਦਾ ਮੂੰਹ ਕਰ ਕਰ ਨੱਚਦੇ ਹਨ। ਤੇ ਅੱਗੋ ਡੀ ਜੇ ਵਾਲਾ ਇਹ ਗੌਣ ਲਾ ਦਿੰਦਾ ਹੈ। “ਬੁੱਢੇ ਵਾਰੇ ਵੀ ਇਸ਼ਕ ਪਿਆ ਕਰਨਾ ਏ, ਪਾਂਦਾ ਹੋਵੇਗਾ ਜਵਾਨੀ ’ਚ ਹਨੇਰ ਜਾਲਮਾਂ। ਸੀਨੇ ਲੱਗ ਮੇਰੀ ਜਾਨ,ਕਰ ਦੇਵਾਗੀ ਜਵਾਂਨ, ਮੁੰਡਾਂ ਜਿਵੇਂ ਪੰਝੀ ਸਾਲ ਦਾ।” ਤੇ ਬੁੱਢੇ ਭੂਤਰ ਕੇ ਹੋਰ ਵੀ ਅਜੀਬੋ ਗਰੀਬ ਤਰੀਕੇ ਨਾਲ ਬੁੜ੍ਹਕਦੇ ਹਨ ਤੇ ਨਾ ਚਾਹੁੰਦੇ ਹੋਏ ਵੀ ਆਪਣੀ ਜੇਬ ਦਾ ਕੂੰਡਾ ਕਰਵਾਈ ਜਾਂਦੇ ਹਨ। ਘਾਣੀ ਗੇੜ ਤੇ ਸਿਲਸਲਾ ਅੱਗੇ ਤੁਰਦਾ ਹੈ। ਦ੍ਰਿਸ਼ ਕਿਸੇ ਹੋਰ ਸ਼ਹਿਰ ਦੀ ਸਟੇਜ਼ ਦਾ ਹੈ।
ਵੇ ਕਿਤੇ ਹੱਸ ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ।

ਇਹ ਗੀਤ ਸਿਆਲਕੋਟ ਦੇ ਕਿਸੇ ਪੰਜਾਬੀ ਡਰਾਮੇ ਦੀ ਸਟੇਜ ਉੱਪਰ, ਪੰਮੀ ਬਾਈ ਨਾਲ  ਦੋ ਕੁ ਗਾਣੇ ਗਾ ਕੇ ਉਸ ਨੂੰ ਲਹਿੰਦੇ ਪੰਜਾਬ ਵਿੱਚ ਵੀ ਮਸ਼ਹੂਰ ਕਰਨ ਵਾਲੀ ਨਸ਼ੀਬੋ ਲਾਲ ਗਾਂਉਦੀ ਹੈ, ਤੇ ਤਰਾਹ ਕੱਢ ਨਾਚੀਆਂ, ਆਪਣਾ ਸਰੀਰ ਗੀਤ ਦੇ ਬੋਲਾਂ ਨਾਲ ਹਿਲਾਉਦੀਆਂ, ਮਟਕਾਉਦੀਆਂ,  ਦਰਸ਼ਕ ਝਟਕਾਉਦੀਆਂ,  ਡਰਾਮੇ ਵਾਲੇ ਮੰਚ ’ਤੇ ਅੱਡੀਆਂ ਨਾਲ ਖੁੱਤੀਆਂ ਪਾਉਂਦੀਆਂ ਅਤੇ ਸਾਥੀ ਕਲਾਕਾਰਾਂ ਨੂੰ ਸਟੇਜ ਦੀ ਇੱਕ ਨੁੱਕਰੇ ਲਾਉਂਦੀਆਂ, ਦੀਵਾਲੀ ਵਿੱਚ ਚਲਾਏ ਰੀਠੇ ਵਾਂਗ ਚਿੰਗਿਆੜੇ ਛੱਡਦੀਆਂ ਬੁੱੜਕਦੀਆਂ ਹਨ। ਸਮਾਂ ਸਾਹ ਰੋਕ ਕੇ ਖੜ੍ਹਾ ਹੈ ਤੇ ਪਿੱਛੋਂ ਧੱਕਾ ਪੈਂਦਾ ਹੈ। ਸਮੇਂ ਦੇ ਪੈਰ ਉੱਖੜ ਜਾਂਦੇ ਹਨ ਤੇ ਉਹ ਅਗਾਂਹ ਸਰਕਣ ਲਈ ਮਜਬੂਰ ਹੈ।


ਮੇਰੀ ਫੁੱਲਾਂ ਵਾਲੀ ਕੁੜਤੀ,ਹੋਈ ਵੱਖੀਆਂ ਤੋਂ ਤੰਗ ਵੇ।
ਗੋਰੇ ਪਿੰਡੇ ਨਾਲ ਕਰੇ, ਹਰ ਵੇਲੇ ਜੰਗ ਵੇ।
ਅਤੇ ਅਗਲਾ ਗੀਤ
ਪੋਹ ਦੇ ਮਹੀਨੇ ਵਿੱਚ, ਅੱਗ ਲੱਗੀ ਕੁੜਤੀ ‘ਚ।
ਜਾਂ
ਦੁੱਧ ਪਿਆਰ ਵਾਲਾ ਪੀਲਾ ਵੇ,  ਮੈਨੂੰ ਲਗਨਾ ਏ ਕਮਜ਼ੋਰ ਵੇ ਅੜਿਆ
ਹੁਸਨ ਦਾ ਭਾਂਡਾ ਨੱਕੋ ਨੱਕ ਭਰਿਆ, ਪੀ ਜਾ ਲਾ ਕੇ ਇੱਕੋ ਡੀਕ ਅੜਿਆ
ਆਖਰ ਇੱਕ ਦਿਨ ਪੈਣਾਂ, ਤੇਰਾ ਮੇਰਾ ਜੋੜ ਵੇ ਅੜਿਆ……।

ਨਾਚੀ ਨੱਚਦੀ ਹੈ। ਇਹ ਤਾਂਡਵੀ ਨਾਚ ਪੂਰੇ ਜੋਸ਼ ਵਿੱਚ ਹੈ। ਨਾਚੀ ਸਾਰੀ ਸਟੇਜ਼ ਉੱਪਰ ਪੱਟਾਂ ’ਤੇ ਥਾਪੀਆਂ ਮਾਰਦੀ ਕੌਡੀ ਪਾਉਣ ਵਾਲੇ ਖਿਡਾਰੀਆਂ ਵਾਂਗ ਸਾਥੀ ਕਲਾਕਾਰਾਂ ਨੂੰ ਦਾਅ ਪਾਉਣ ਵਾਂਗ ਐਕਸ਼ਨ ਕਰਦੀ ਹੈ ਅਤੇ ਸਾਰੀ ਸਟੇਜ਼ ਉੱਪਰ ਚਾਬੀ ਦੇ ਕੇ ਛੱਡੇ ਖਿਡਾਉਣੇ ਵਾਂਗ ਬੁੱੜਕਦੀ ਫਿਰਦੀ ਹੈ। ਕਦੀ ਕਦੀ ਉਹ ਨੱਚਦੀ ਨੱਚਦੀ ਆਪਣੇ ਖੁੱਲ੍ਹੇ ਗਲੇ ਦੀ ਕੁੜਤੀ ਵਿੱਚੋਂ ਆਪਣੇ ਵਲਾਇਤੀ ਗਾਂ ਵਰਗੇ ਭਾਰੇ ਸੀਨੇ ਦੇ ਦਰਸ਼ਨ ਵੀ ਅਦਾ ਨਾਲ ਆਪਣੇ ਦਰਸ਼ਕਾਂ ਨੂੰ ਕਰਵਾ ਜਾਂਦੀ ਹੈ। ਹਾਲਾਤ ਇਹ ਹਨ ਕਿ ਹੁਣ ਵੀ, ਹੁਣ ਵੀ, ਕੁੜਤੀ ਦੀਆਂ ਸੀਣਾਂ ਉੱਧੜੀਆਂ। ਨਾਚ ਦਾ ਚਰਮ ਐਸਾ ਹੈ ਕਿ ਵੇਖਣ ਵਾਲਿਆ ਦਰਸ਼ਕਾਂ ਦੇ ਕੰਨਾਂ ਵਿੱਚੋਂ ਸੇਕ ਨਿਕਲਣ ਲੱਗ ਪਿਆ ਹੈ। ਬਾਬਾ ਆਦਮ ਪੂਰਾ ਬਾਗੋ ਬਾਗ ਹੈ ਕਿਉਂਕਿ ਖੁਦਾ ਨੇ ‘ਵਰਜਤ ਸੇਬ’ ਦਾ ਰੁੱਖ ਮੰਚ ਉੱਪਰ ਗਮਲੇ ਵਿੱਚ ਬੀਜ ਦਿੱਤਾ ਹੈ। ਖਾਦ ਅਤੇ ਪਾਣੀ ਵੀ ਪਾ ਦਿੱਤਾ ਹੈ। ਘੜੀ ਨੇ ਫਿਰ ਟਿਕ ਕੀਤੀ ਹੈ।

ਗੁੜ੍ਹੀ ਨੀਂਦੇ ਸੁੱਤੀ ਸਾਂ ਮੈ, ਅੱਧੀ ਰਾਤੀ ਚੋਰ ਪਿਆ।
ਲਾਹੌਰ ਸ਼ਹਿਰ ਵਿੱਚ ਜੱਫੀ ਪਈ, ਤੇ ਗੁਜਰਾਂਵਾਲੇ ਸ਼ੋਰ ਪਿਆ।
ਅਤੇ ਨਾਲ ਹੀ:
ਰਾਤ ਨੂੰ ਜੇ ਤੂੰ ਮਿਲਣਾ ਹੋਵੇ, ਹੌਲੀ ਜਿਹੀ ਕੂੰਡੀ ਖੜਕਾ,
ਸਵੇਰ ਤੱਕ, ਜੱਫੀਆਂ ਹੀ ਜੱਫੀਆਂ ਪਾ।

ਹੁਣ ਨਾਚੀ ਦੇ ਨਾਲ ਚਾਰ ਕੁ ਪਤਲੇ ਪਤਲੇ ਗੱਭਰੂ ਵੀ ਹਿੰਦੀ ਫਿਲਮਾਂ ਦੇ ਐਕਸਟਰਾ ਕਲਾਕਾਰਾਂ ਵਾਂਗ ਸਾਂਗ ਲਾ ਰਹੇ ਹਨ। ਇੰਦਰ ਦੇ ਅਖਾੜੇ ਦੀਆਂ ਅਪਸਰਾਵਾਂ, ਜਿਸ ਤਰ੍ਹਾਂ ਅਪਣੀਆ ਅਦਾਵਾਂ ਨਾਲ ਰਿਸ਼ੀਆਂ ਮੂਨੀਆਂ ਦੀਆਂ ਸਮਾਧੀਆਂ ਭੰਗ ਕਰਦੀਆਂ ਹੋਣ। ਨਾਚੀ ਹਵਾ ਵਿੱਚ ਜੱਫੀਆਂ ਪਾਉਣ ਦੇ ਸਾਂਗ ਕਰਦੀ ਹੈ ਅਤੇ ਲਾਹੌਰ ਸ਼ਹਿਰ ਦੇ ਕਿਸੇ ਕੁਸ਼ਤੀ ਦੇ ਤਕੜੇ ਭਲਵਾਨ ਦੇ ਦਾਅ ਪਾਉਣ ਵਾਂਗ ਮੰਚ ਉੱਪਰ ਸਾਥੀ ਕਲਾਕਾਰਾਂ ਨੂੰ ਅੱਗੇ ਲਾਈ ਫਿਰਦੀ ਹੈ। ਵਕਤ ਦਾ ਪਹੀਆਂ ਅਗੇ ਰਿੜ੍ਹਦਾ ਹੈ।

ਇੱਕ ਵਾਰੀ ਤਾਂ, ਸੀਨੇ ਲੱਗ ਸੱਜਣਾਂ,  ਤੈਨੂੰ ਨਸ਼ਾ ਰਹੇਗਾ, ਕਈ ਸਾਲ ਸੱਜਣਾਂ।
ਤੇ ਅਗਲਾ:
ਵੇ ਮੈਂ ਜਦੋਂ ਦਾ ਤੱਕਿਆ ਤੈਨੂੰ,  ਨੈਣ ਕਦੀ ਨਾ ਸੁੱਤੇ।
ਅੱਧੀ ਰਾਤੀ ਲੰਮੇ ਪੈ ਕੇ, ਵਾਣ ਦੀ ਮੰਜੀ ਉੱਤੇ।
ਵੇ ਮੈਂ ਤੱੜਫਦੀ ਰਹੀ ਸੱਜਣਾ,  ਤੇ ਕੰਡ ਛਿੱਲੀ ਗਈ ਸੱਜਣਾ, ਤੇ…।
ਨਾਚੀ ਦਾ ਵਿਖਾਇਆ ਕੰਮ ਹੋਰ ਅਗੇ ਵੱਧਦਾ ਹੈ।
ਨਾ ਅੰਦਰੋਂ ਨਾ ਬਾਹਰੋਂ, ਮੈਂ ਤਾਂ ਲੁਟੀ ਗਈ ਵਿਚਕਾਰੋਂ।
ਥੋੜਾ ਜਿੰਨਾਂ ਮੱਥੇ ਤੋਂ ਪਸੀਨਾਂ ’ਚੋ ਗਿਆ,  ਮੇਰਾ ਕੀ ਗਿਆ ,ਤੇ            ਮਾਹੀ ਰਾਜ਼ੀ ਹੋ ਗਿਆ।                                                       

ਨਾਚੀ ਪੱਬਾਂ ਭਾਰ ਬਹਿ ਕੇ ਜੰਝਾਂ ਵਿੱਚ ਪੈਸੇ ਲੁੱਟਣ ਵਾਲੇ ਪੇਸ਼ਾਵਰਾਂ, ਵਾਂਗ ਗੋਡਿਆ ਨੂੰ ਅੰਦਰ ਵੱਲ ਇੱਕ ਐਸੇ ਅੰਦਾਜ਼ ਨਾਲ ਝਟਕਾ ਮਾਰਦੀ ਹੈ ਤਾਂ ਹਾਲ ਵਿੱਚ ਬੈਠੇ ਦਰਸ਼ਕਾਂ ਵਿੱਚੋਂ ਚੀਕਾਂ, ਤੇ ਲੁੱਟੇ ਪੁੱਟੇ ਜਾਣ ਦੇ ਨਾਹਰੇ ਵੱਜਣ ਲੱਗ ਪੈਦੇ ਹਨ । (ਪੇਸ਼ੇਵਰ ਜੰਝਾਂ ਵਿੱਚ ਪੈਸੇ ਲੁੱਟਣ ਵਾਲੇ ਲੋਕ ਜੋ ਸੋਟੀਆਂ ਨਾਲ ਬੰਨੇ ਚਾਦਰਿਆਂ ਦਾ ਝੁੰਬ ਜਿਹਾ ਬਣਾ ਲੈਂਦੇ ਸਨ, ਜਦੋਂ ਵਿਆਂਦੜ ਦਾ ਪਿਉ ਪੈਸਿਆ ਦੀ ਮੁੱਠ ਸੁੱਟਦਾ ਸੀ ਤਾਂ ਉਹ ਗ਼ਰੀਬ ਬੱਚਿਆ ਤੱਕ ਪੈਸੇ ਪਹੁਚੰਣ ਤੋਂ ਪਹਿਲਾਂ ਹੀ ਉਸ ਚਾਦਰ ਦੇ ਝੁੰਬ ਨਾਲ ਬੁੱਚ ਲੈਂਦੇ ਸਨ) ਨਾਚ ਹੌਲੀ ਹੌਲੀ ਖੰਬਾ ਨਾਚ (ਪਾਲ ਡਾਂਸ-ਸਟ੍ਰਿਪਟੀਜ਼) ਦੀ ਸ਼ਕਲ ਧਾਰਦਾ ਜਾਂਦਾ ਹੈ।


“ਜੀ ੳਏ ਸ਼ਹਿਜਾਦੀਏ, ਮਾਸ਼ਾ ਅੱਲ੍ਹਾ ਕਿਆ ਨਾਚ ਹੈ ਕਿਆ ਅਦਾਵਾਂ ਨੇ। ਡਰਾਮਾ ਵੇਖਣ ਵਾਲੇ ਦਰਸ਼ਕਾਂ ਵੱਲੋ ਨਾਚ ਦੀ ਤਾਰੀਫ਼ ਤੇ ਹੋਰ ਹਲਾਸ਼ੇਰੀ ਤੇ ਦਾਦ ਦੇਣ ਵਰਗੇ ਹੋਕਰੇ ਵੱਜ ਰਹੇ ਹਨ। ‘ਤੇ ਹੁਣ ਕਹਾਣੀ ਸਿਰੇ ’ਤੇ ਪਹੁੰਚ ਗਈ ਹੈ। ਸਮਾਂ ਸਾਹ ਰੋਕ ਇੱਕ ਵਾਰ ਫਿਰ ਪੈਰ ਅੜਾ ਕੇ ਖਲੋ ਗਿਆ ਹੈ।

ਕੰਮ ਪੈ ਗਿਆ ਏ,  ਤੇਰੇ ਨਾਲ, ਥੋੜੀ ਦੇਰ ਦਾ।
ਵੇ ਮੈ ਜਿੱਥੋਂ ਜਿੱਥੋਂ ਕਹਿੰਨੀ ਆ, ਤੂੰ ਕਿਉਂ ਨੀ ਛੇੜਦਾ।
ਕੁੜਤੀ ਬਰੀਕ ਵਿੱਚ ਝਾਤੀ ਇੱਕ ਮਾਰ ਵੇ।
ਖੁੱਲ੍ਹੀ ਛੁੱਟੀ ਦਿੱਤੀ ਤੈਨੂੰ,  ਅੱਜ ਮੇਰੇ ਯਾਰ ਵੇ।
ਅੱਜ ਚੱਖ ਲੈ ਸਵਾਦ, ਕੱਚੇ ਪੱਕੇ ਬੇਰ ਦਾ। ਵੇ ਜਿੱਥੋਂ ਜਿੱਥੋਂ...
ਨਾਚੀ ਸਾਇਮਾ ਖ਼ਾਨ ਦਾ ਨਾਚ ਪੂਰੀ ਚਰਮ ਸੀਮਾ ਉੱਪਰ ਪਹੁੰਚ ਗਿਆ ਹੈ। ਉਹ ਆਪਣੇ ਰਬੜ ਦੀ ਗੁਡੀ ਵਰਗੇ ਸਰੀਰ ਨੂੰ ਗੀਤ ਦੇ ਬੋਲਾਂ ਨਾਲ ਤਰੋੜਦੀ ਮਰੋੜਦੀ ਇਸ ਤਰ੍ਹਾਂ ਸਾਰੇ ਮੰਚ ਉੱਪਰ ਬੁੱੜਕਦੀ ਨੱਚਦੀ ਫਿਰਦੀ ਹੈ, ਜਿਸ ਨੂੰ ਨਾਚ ਤਾਂ ਨਹੀਂ ਕਿਹਾ ਜਾ ਸਕਦਾ,। ਜਿਸ ਤਰ੍ਹਾਂ ਉਸ ਦੇ ਸਰੀਰ ਵਿੱਚ ਕਿਸੇ ਓਪਰੀ ਸ਼ੈਅ ਨੇ ਪ੍ਰਵੇਸ ਕਰ ਲਿਆ ਹੋਵੇ? ਨਾਲ ਦੇ ਸਾਥੀ ਕਲਾਕਾਰ ਸਟੇਜ ਦੀ ਨੁੱਕਰੀਂ ਲੱਗੇ ਖੜੇ ਹਨ। ਇਹ ‘ਮੁਜ਼ਰਾ’ ‘ ਬੇਬਸ ਕਲੀਆਂ’  ਡਰਾਮੇ ਦੇ ਅੱਧ ਵਿਚਕਾਰ ਚੱਲ ਰਿਹਾ ਹੈ। ਹੈਂਅ, ਇਹ ਕੀ ? ਨਾਚੀ ਨੇ ਨਾਚ ਦੇ ਲੋਰ ਵਿੱਚ ਆਪਣੀ ਕੁੜਤੀ ਹੀ ਉਤਾਰ ਕੇ ਦਰਸ਼ਕਾਂ ਵਿੱਚ ਸੁੱਟ ਦਿੱਤੀ ਹੈ। ਇੱਕ ਦੱਮ ਸਾਰੇ ਹਾਲ ਵਿੱਚ ਸ਼ਨਾਟਾ ਛਾ ਗਿਆ ਹੈ।

ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਇਸ ਨਾਚੀ ਉੱਪਰ ਕਿਸੇ ਨੇ ਏ ਕੇ ਸੰਤਾਲੀ ਰਾਈਫਲਾਂ ਨਾਲ ਹਮਲਾ ਕਰ ਦਿੱਤਾ ਸੀ ਤੇ ਨਾਚੀ ਦੇ ਸੱਤ ਗੋਲੀਆਂ ਲੱਗੀਆਂ ਸਨ। ਕਿਸਮਤ ਦੀ ਧਨੀ ਉਹ ਬਚ ਗਈ। ਸਿਹਤਯਾਬ ਹੋ ਕੇ ਉਸ ਨੇ ਫਿਰ ਇੱਕ ਡਰਾਮੇ ਵਿੱਚ ਦੁਬਾਰਾ ਨੱਚਣ ਦੀ ਕੋਸਿਸ ਕੀਤੀ,  ਤਾਂ ਫਿਰ ਪੂਰੇ ਉਸ ਡਰਾਮਾਂ ਹਾਲ ਉੱਪਰ ਹੀ ਹਮਲਾ ਹੋ ਗਿਆ। ਪਰ ਕਲਾਕਾਰਾਂ ਕੋਲ ਵੀ ਪਾਕਿਸਤਾਨ ਦੇ ਬਾਕੀ ਅਵਾਮ ਵਾਂਗ ਬਰਾਬਰ ਦੇ ਹਥਿਆਰ ਸਨ। ਵੇਲੇ ਸਿਰ ਪੁਲਸ ਵੀ ਪਹੁੰਚ ਗਈ ਤੇ ਜਾਨੀ ਨੁਕਸਾਨ ਹੋਣੋ ਬਚ ਗਿਆ। ਇਸ ਮੁਕਾਬਲੇ ਵਿੱਚ ਸਾਈਮਾਂ ਖ਼ਾਨ ਨੇ ਨਜ਼ਰਾਂ ਦੇ ਤੀਰਾਂ ਦੀ ਬਜਾਏ ਅਸਲੀ ਹਥਿਆਰਾਂ ਦੇ ਜੌਹਰ ਵਿਖਾਏ, ਕਿਉਂਕਿ ਪੁਲਸ ਦੀ ਨੌਕਰੀ ਕਰਦਿਆਂ ਉਸ ਨੇ ਹਰ ਕਿਸਮ ਦੇ ਹਥਿਆਰ ਚਲਾਉਣੇ ਸਿੱਖ ਲਏ ਸਨ।


ਅੱਜ ਕੱਲ੍ਹ ਪਾਕਿਸਤਾਨ ਦੇ ਅਵਾਮ ਨੇ ਇਸ ਖੂਬਸੁਰਤ ਨਾਚੀ ਨੂੰ ‘ਗੁੰਡੀ ਰੰਨ’ ਦਾ ਖਿਤਾਬ ਦਿੱਤਾ ਹੋਇਆ ਹੈ। ਅਜੇ ਵੀ ਇਸ ਨਾਚੀ ਸਾਈਮਾ ਖ਼ਾਨ ਨੂੰ ਰੁਟੀਨ ਵਿੱਚ ਧਮਕੀ ਭਰੇ ਦਹਿਸ਼ਤੀ ਫੋਨ ਆਉਂਦੇ ਹਨ, ਪਰ ਉਹ ਕਿਸੇ ਲੰਡੇ ਲਾਟ ਦੀ ਪਰਵਾਹ ਨਹੀਂ ਕਰਦੀ। ਕਰੋੜਾਂ ਰੁਪੈ ਦੇ ਘਰ ਤੇ ਵਧੀਆਂ ਵਿਦੇਸ਼ੀ ਗੱਡੀ ਦੀ ਉਹ ਮਾਲਕਣ ਹੈ ਅਤੇ ਜੀ ੳ ਟੀ ਵੀ ਦੇ ਰਿਪੋਰਟਰ ਨੂੰ ਉਸ ਨੇ ਬੜੇ ਮਾਨ ਨਾਲ ਦੱਸਿਆ ਹੈ ਕਿ ਇਹ ਸਭ ਜਾਇਦਾਤ ਉਸ ਨੇ ਰਕਸ (ਨਾਚ) ਦੀ ਕਮਾਈ ’ਚੋਂ ਬਣਾਈ ਹੈ। ਸਾਇਮਾ ਖ਼ਾਨ ਉੱਪਰ ਵੱਖ ਵੱਖ ਅਦਾਲਤਾਂ ਵਿੱਚ ਫਾਹਸੀ ਰਕਸ (ਅਸ਼ਲੀਲ ਨਾਚ) ਦੇ ਸੱਤ ਮੁਕੱਦਮੇ ਦਰਜਜ ਹਨ  ਤੇ ਉਹ ਇਸਲਾਮੀ ਸ਼ਰਾਂ ਦੀ ਲਾਜ ਪਾਲਦਿਆਂ ਜੀਨ ਅਤੇ ਟੀ ਸ਼ਰਟ ਉੱਪਰ ਕਾਲਾ ਬੁਰਕਾ ਪਾ ਕੇ ਮੁਕੱਦਮੇ ਭੁਗਤਨ ਜਾਂਦੀ ਹੈ। ਸਾਇਮਾ ਖ਼ਾਨ ਨਾਚੀ ਬਨਣ ਤੋਂ ਪਹਿਲਾਂ ਸਿਆਲਕੋਟ ਵਿੱਚ ਐੱਸ ਪੀ ਦੇ ਦਫਤਰ ਵਿੱਚ ਪੁਲਸ ਦੀ ਨੌਕਰੀ ਕਰਦੀ ਸੀ। ਅੱਬਾ ਦੇ ਫ਼ੌਤ ਹੋ ਜਾਣ ਬਾਦ ਇਹ ਖਾਤੂਨ ਪੁਲਸ ਦੀ ਨੌਕਰੀ ਛੱਡ ਲਾਹੌਰ ਆਪਣੇ ਫੂਫਾ ਦੇ ਘਰ ਆ ਗਈ ਸੀ। ਨੱਚਣ ਗਾਉਣ ਦਾ ਇਸ ਕੁੜੀ ਨੂੰ ਬੇਹੱਦ ਸੌ਼ਕ ਸੀ, ਜੋ ਇਸ ਨੂੰ ਲਾਹੌਰ ਵਿੱਚ ਹੁੰਦੇ ਪੰਜਾਬੀ ਡਰਾਮਿਆਂ ਦੀ ਸਟੇਜਜ ’ਤੇ ਲੈ ਆਇਆ। ਇਹੋ ਜਿਹੇ ਹੀ ਹਾਲਾਤ ਦੂਸਰੀਆਂ ਡਾਂਸਰਾਂ ਨਰਗਿਸ, ਦੀਦਾਰ,  ਖੁਸ਼ਬੂ, ਆਦਿ ਦੇ ਵੀ ਹਨ। ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ’ ਦੀ ਕਹਾਵਤ ਵਾਂਗ ਇਨ੍ਹਾਂ ਨਾਚੀਆਂ ਵਿੱਚੋਂ ਕਈ ਮੱਕੇ ਜਾ ਕੇ ਹੱਜ ਵੀ ਕਰ ਆਈਆਂ ਹਨ ਤੇ ਕੁਝ ਤਾਂ ਪੰਜੇ ਵਕਤ ਦੀਆਂ ਨਮਾਜ਼ੀ ਵੀ ਹਨ। ਹੱਜ ਅਤੇ ਰਕਸ ਦੇ ਸੁਮੇਲ ਬਾਰੇ ਪੁੱਛੇ ਸਵਾਲ ਬਾਰੇ ਨਾਚੀ ਨਰਗਿਸ ਦਾ ਇਹ ਜਵਾਬ ਹੈ। ਹੱਜ ਆਪਣੀ ਜਗਾਹ ਹੈ ਅਤੇ ਕੰਮ ਆਪਣੀ ਜਗਾਹ।

ਪੰਜਾਬੀ ਹਾਸ-ਰਸ ਸਟੇਜ ਡਰਾਮਾ 1990 ਤੋਂ ਬਾਅਦ ਚਰਚਾ ਵਿੱਚ ਆਇਆ ਸੀ। ਜਦੋਂ ਅਜੇ ਨਵੀਆਂ ਨਵੀਆਂ ਸੀ-ਡੀਜ਼ ਵੱਡੀ ਪੱਧਰ ’ਤੇ ਬਣਨ ਲੱਗੀਆ ਸਨ। ਪਾਕਿਸਤਾਨ ਦੇ ਮਨੋਰੰਜਨ ਪੱਖੋਂ ਊਣੇ ਅਤੇ ਗਲ ਘੋਟੂ ਇਸਲਾਮੀ ਮਾਹੌਲ ਵਿੱਚ ਇਹਨਾਂ ਡਰਾਮਿਆਂ ਦੀਆਂ ਸੀ ਡੀਜ਼ ਦੇ ਆਉਣ ਨਾਲ,  ਇਉਂ ਮਹਿਸੂਸ ਹੋਇਆ ਜਿਵੇਂ ਮਾਰੂਥਲ ਵਿੱਚ ਸਦੀਆਂ ਬਾਅਦ ਨਿੱਕੀ ਕਣੀ ਦੀ ਲੰਬੀ ਝੜੀ ਵਾਂਗ ਮਨਪ੍ਰਚਾਵੇ ਦਾ ਸੌਣ ਵਰਣ ਲੱਗਾ ਹੋਵੇ। ਇਸ ਤੋਂ ਪਹਿਲਾਂ ਕਰਾਚੀ ਤੋਂ ੳਮਰ ਸ਼ਰੀਫ਼, ਮੋਈਨ ਅਖਤਰ, ਤੇ ਸੁਹੇਲ ਦੇ ਉਰਦੂ ਡਰਾਮੇ ਸਾਰੇ ਪਾਕਿਸਤਾਨ ਜਾ ਜਿੱਥੇ ਜਿੱਥੇ ਵੀ ਦੂਸਰੇ ਮੁਲਕਾਂ ਵਿੱਚ ਪਾਕਿਸਤਾਨੀ ਮੂਲ ਦੇ ਲੋਕ ਵੱਸਦੇ ਸਨ, ਬਹੁਤ ਹੀ ਚਾਅ ਨਾਲ ਵੇਖੇ ਜਾਂਦੇ ਸਨ। ਇਹ ਉਰਦੂ ਡਰਾਮੇ ਇੱਕ ਤਰਫ਼ਾ ਮਜ਼ਾਹੀਆ ਹੋਣ ਦੇ ਨਾਲ ਨਾਲ ਕਸ਼ਮੀਰ ਦੀ ਆਜ਼ਾਦੀ ਦੇ ਹੱਕ ਵਿੱਚ ਅਤੇ ਹਿੰਦੁਸਤਾਨ ਦੇ ਖ਼ਿਲਾਫ ਜ਼ੋਰ ਸ਼ੋਰ ਨਾਲ ਆਪਣੇ ਅਵਾਮ ਵਿੱਚ ਪ੍ਰਚਾਰ ਕਰਦੇ ਸਨ ‘ਤੇ ਨਾਲੋ ਨਾਲ ਇਨ੍ਹਾਂ ਵਿੱਚ ਬੰਗਾਲੀਆਂ ਅਤੇ ਹਿੰਦੁਸਤਾਨ ਤੋਂ ਆਪਣੇ ਘਰ ਘਾਟ ਲੁਟਾ ਕੇ ਗਏ ਮੁਹਾਜ਼ਰਾਂ (ਰਫਿਉਜ਼ੀਆਂ) ਦੇ ਖ਼ਿਲਾਫ ਵੀ ਕਾਫੀ ਭੱਦੇ ਅਤੇ ਸ਼ੋਸਨ ਦੀ ਹੱਦ ਤੱਕ ਨੀਵੇਂ ਪੱਧਰ ਦੇ ਮਜਾਕ ਹੁੰਦੇ ਸਨ। ‘ਬੁੱਢਾ ਘਰ ਪੇ ਹੈ’  ਜਾਂ ‘ਬੱਕਰਾ ਕਿਸ਼ਤੋ ਪਰ’  ਵਰਗੇ ਡਰਾਮੇ ਇਸ ਦੀਆਂ ਮਿਸਾਲਾਂ ਹਨ।

ਇਹ ਡਰਾਮੇਂ ਪੂਰੇ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਵੀਡੀੳ ਅਤੇ ਸੀ-ਡੀਜ਼ ਦੀ ਵਜਾਹ ਨਾਲ ਬਹੁਤ ਮਕਬੂਲ ਹੋਏ।                                               ਅਲਬੱਤਾ 1990 ਤੋਂ ਬਾਅਦ ਹੌਲੀ ਹੌਲੀ ਫੈਸਲਾਬਾਦ, (ਲਾਇਲਪੁਰ) ਗੁਜਰਾਂਵਾਲਾ, ਸਿਆਲਕੋਟ ਅਤੇ ਲਾਹੌਰ ਦੇ ਪੰਜਾਬੀ ਡਰਾਮਿਆਂ ਨੇ ਇਨ੍ਹਾਂ ਦੀ ਚੜ੍ਹਤ ਮੱਠੀ ਕਰ ਦਿੱਤੀ ਸੀ। ਹੁਣ ਇਹ ਪੰਜਾਬੀ ਡਰਮੇਂ ਪੂਰੀ ਦੁਨੀਆਂ ਵਿੱਚ ਹੀ ਹੋਣ ਲੱਗ ਪਏ ਹਨ। ਇਨ੍ਹਾਂ ਦੇ ਸ਼ੋਅ ਲੰਡਨ ਵਿੱਚ ਵੀ ਹੋ ਰਹੇ ਹਨ ਅਤੇ ਯੋਰਪ ਦੇ ਹੋਰ ਦੇਸ਼ਾਂ ਵਿੱਚ ਵੀ। ਕਵਾਲੀ ਕਿੰਗ ਨੁਸਰਤ ਅਲੀ ਫਤਿਹ ਖ਼ਾਨ ਅਤੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀਆਂ ਵਾਂਗ ਹੁਣ ਇਨ੍ਹਾਂ ਡਰਾਮਿਆਂ ਦੇ  ਕਲਾਕਾਰਾਂ,  ਇਫਤਕਾਰ ਠਾਕੁਰ, ਨਸ਼ੀਮ ਚਿਨਾਉਨੀ, ਤਾਰਕ ਟੈਡੀ,ਨਸੀਮ ਵਿਕੀ,ਜ਼ਾਫਰੀ ਖ਼ਾਨ, ਸਖਾਵੰਤ ਨਾਜ਼ ਅਤੇ ਰਾਂਝੇ ਮਸਤਾਨੇ ਨੂੰ ਵੀ ਲੋਕ ਆਮ ਪਹਿਚਾਨਣ ਲੱਗ ਪਏ ਹਨ।

ਬੇਸ਼ੱਕ ਇਨ੍ਹਾਂ ਡਰਾਮਿਆਂ ਦੀਆਂ ਸਕ੍ਰਿਪਟਾਂ ਵੀ ਲਿਖੀਆਂ ਜਾਂਦੀਆਂ ਹਨ ਪਰ ਫਿਰ ਵੀ ਕਲਾਕਾਰਾਂ ਨੂੰ ਇੱਕ ਖਾਸ ਹਦੂਦ ਵਿੱਚ ਰਹਿੰਦਿਆ ਹਰ ਕੁਝ ਕਰਨ ਅਤੇ ਬੋਲਣ ਦੀ ਆਜ਼ਾਦੀ ਹੁੰਦੀ ਹੈ। ਜਿਵੇਂ ਚੜ੍ਹਦੇ ਪੰਜਾਬ ਵਿੱਚ ਵਿਆਹਾਂ ਉੱਪਰ ਦੋ ਗਾਣੇ ਗਾਉਣ ਵਾਲੀਆਂ ਡਿਉਟ ਜੋੜੀਆਂ ਨੂੰ ਹੁੰਦੀ ਸੀ। ਇਹ ਡਰਾਮੇਂ ਅਸਲ ਵਿੱਚ ਮਰਾਸੀਆਂ ਦੀਆਂ ਨਕਲਾਂ ਦੇ ਪੱਧਰ ਦੇ ਹੀ ਹਨ। ਇਨ੍ਹਾਂ ਵਿੱਚ ਕੋਈ ਸਮਾਜ ਸੁਧਾਰਕ ਅਤੇ ਇਖ਼ਲਾਕੀ ਸੁਨੇਹਾਂ ਨਹੀਂ ਹੁੰਦਾ ਤੇ ਨਾ ਹੀ ਇਹ ਕਿਸੇ ਸਿਆਸੀ ਬਦਲਾੳ ਦੀ ਇਹ ਗੱਲ ਕਰਦੇ ਹਨ। ਇਨ੍ਹਾਂ ਵਿੱਚ ਬੇਹੱਦ ਘਟੀਆ ਪੱਧਰ ਦੇ ਮੇਹਰ ਮਿੱਤਲ ਮਾਰਕਾ ਦੋ ਅਰਥੀ ਸੰਵਾਦ ਹੁੰਦੇ ਹਨ। ਯਾਨਿ ਕੇ ਕਲਾਕਾਰ ਸਟੇਜ ਉੱਪਰ ਕਚਿਆਣ ਆਉਣ ਦੀ ਹੱਦ ਤੱਕ ਇੱਕ ਦੂਸਰੇ ਦੀ ਮਾਂ ਭੈਣ ਇੱਕ ਕਰ ਦਿੰਦੇ ਹਨ। ਇਹ ਤਾਂ ਸਿਰਫ ਤੇ ਸਿਰਫ ਨਿਰੋਲ ਮਰਦਾਂ ਦੇ ਮੰਨੋਰੰਜਨ ਨੂੰ ਮੁੱਖ ਰੱਖ ਕੇ ਦਿੱਲੀ ਦੇ ਸਪਰੂ ਹਾਊਸ ਦੇ ਡਰਾਮਿਆਂ ਵਰਗੇ ਹੀ ਹੁੰਦੇ ਹਨ।( ਮੈਨੂੰ ਨਹੀਂ ਪਤਾ ਕਿ ਅੱਜ ਕੱਲ੍ਹ ਵੀ ਸਪਰੂ ਹਾਉਸ ਵਿੱਚ ਡਰਾਮੇਂ ਖੇਡੇ ਜਾਂਦੇ ਹਨ ਜਾਂ ਨਹੀਂ 1983 ਵਿੱਚ ਅਸੀਂ ਟਿਕਟ ਖਰਚ ਕਰਕੇ ਇਨ੍ਹਾਂ ਨੁੰ ਵੇਖਣ ਜਾਂਦੇ ਸਾਂ) ਬਹੁਤੀ ਵਾਰ ਤਾਂ ਇਉਂ ਹੀ ਲੱਗਦਾ ਹੈ ਜਿਵੇਂ ਦਰਸ਼ਕ ਅਤੇ ਕਲਾਕਾਰ ਰਲ੍ਹ ਕੇ ਹੀ ਥੀਏਟਰ ਕਰ ਰਹੇ ਹੋਣ। ਪਰਤੁੰ,  ਹੁਣ ਫੈਸਲਾਬਾਦ ਦੇ ਕਲਾਕਾਰਾਂ ਦੀ ਇਸ ਖੇਤਰ ਵਿੱਚ ਝੰਡੀ ਹੈ। ਜਿਸ ਵਿੱਚ ਉਨ੍ਹਾਂ ਨੇ ਖਵਾਤੀਨਾਂ (ਔਰਤਾਂ) ਕਲਾਕਾਰਾਂ ਨੂੰ ਵੀ ਅਦਾਕਾਰੀ ਅਤੇ ਨਾਚੀਆਂ ਦੇ ਰੂਪ ਵਿੱਚ ਮੰਚ ’ਤੇ ਲਿਆਂਦਾ ਹੈ। ਇਹ ਆਮ ਘਰਾਂ ਦੀਆਂ ਪੜ੍ਹੀਆਂ ਲਿਖੀਆਂ ਮੱਧਵਰਗੀ ਪਰਿਵਾਰਾਂ ਦੀਆਂ ਖੂਬਸੂਰਤ ਅਤੇ ਨਾਚ ਨਾਲ ਕਮਾਏ ਸੰਗਮਰਮਰੀ ਜਿਸਮਾਂ ਵਾਲੀਆਂ ਔਰਤਾਂ ਹਨ,  ਜੋ ਆਪਣੀ ਮਰਜ਼ੀ ਨਾਲ ਪੈਸੇ ਕਮਾਉਣ ਲਈ ਇਸ ਧੰਦੇ ਵੱਲ ਖਿੱਚੀਆਂ ਆ ਰਹੀਆਂ ਹਨ ‘ਤੇ ਇੱਕ ਇੱਕ ਡਰਾਮੇ ਦਾ ਦੱਸ ਤੋਂ ਪੰਦਰਾਂ ਲੱਖ ਰੁਪੈ ਤੱਕ ਵਸੂਲ ਕਰਦੀਆਂ ਹਨ। ਇਸ ਤੋਂ ਪਹਿਲਾਂ ਪਾਕਿਸਤਾਨੀ ਲੌਲੀਵੁਡ (ਲਾਹੌਰੀ) ਫਿਲਮਾਂ ਅਤੇ ਡਰਾਮਿਆਂ ਵਿੱਚ ਹੀਰਾ ਮੰਡੀ ਦੀਆ ਵੇਸ਼ਵਾਵਾ ਹੀ ਕੰਮ ਕਰਦੀਆਂ ਸਨ। ਮਸ਼ਹੂਰ ਗਇਕਾਂ ਨੂਰਜਹਾਂ ਵੀ ਇੱਕ ਵੇਸ਼ਵਾ ਦੀ ਧੀ ਸੀ। ਇਸਲਾਮੀ ਕਲਚਰ ਹੋਣ ਕਰ ਕੇ ਇਸ ਦੇਸ਼ ਵਿੱਚ ਹਰ ਨੱਚਣ ਗਾਉਣ ਵਾਲੀ ਫ਼ਨਕਾਰ ਨੂੰ ਸਿਰਫ਼ ਰੰਡੀ ਦਾ ਦਰਜ਼ਾ ਹੀ ਦਿੱਤਾ ਜਾਂਦਾ ਸੀ ਤੇ ਹੈ। ਦੀਦਾਰ, ਨਰਗਿਸ, ਅੰਜੂਮਨ ਬੇਗਮ(ਸ਼ਹਿਜਾਦੀ) ਸਾਇਮਾ ਖ਼ਾਨ,  ਖੁਸ਼ਬੂ, ਨਾਜ਼ੀਆ ਅਲੀ ਅਤੇ ਨਿੰਦਾ ਚੌਧਰੀ ਅੱਜ ਇਸ ਖੇਤਰ ਵਿੱਚ ਕਰੀਨਾ ਕਪੂਰ,  ਕੈਟਰੀਨਾ ਕੈਫ ਅਤੇ ਖੁੱਲ੍ਹੇ ਜਿਸਮ ਵਾਲੀ ਬਿਪਾਸ਼ਾ ਬਾਸੂ ਵਾਂਗ ਆਪਸ ਵਿੱਚ ਖਹਿੰਦੇ ਚਰਚਤ ਨਾਂ ਹਨ। ਆਪਸ ਵਿੱਚ ਜੈਲਸਾਂ ਸਾੜੇ ਇੱਥੇ ਵੀ ਸ਼ੁਰੂ ਹੋ ਗਏ ਹਨ। ਨੰਬਰ ਵੰਨ ਦੀ ਦੌੜ ਵਿੱਚੋਂ ਹੀ ‘ਬੇਬਸ ਕਲੀਆਂ’ ਵਾਲੀ ਸਾਇਮਾ ਖ਼ਾਨ ਨੇ ਆਪਣੀ ਕੁੜਤੀ ਉਤਾਰ ਕੇ ਦਰਸ਼ਕਾਂ ਵਿੱਚ ਸੁੱਟ ਦਿੱਤੀ ਸੀ। ਇਸ ਘਟਨਾ ਨੇ ਪਾਕਿਸਤਾਨ ਦੇ ਮੀਡੀਏ ਦਾ ਧਿਆਨ ਇੱਕ ਦਮ ਇਨ੍ਹਾਂ ਡਰਾਮੇਂ ਕਰਨ ਵਾਲਿਆ ਵੱਲ ਖਿੱਚਿਆ, ਅਗਲੇ ਦਿਨ ਵੱਡੇ ਵੇਲੇ (ਸਵੇਰ) ਦੀਆਂ ਅਖਬਾਰਾਂ, ਖੁੱਲ੍ਹੇ ਆਮ ਆਏ ਇਸ ਖਵਾਤੀਨੀ ਇਨਕਲਾਬ ਦੀਆਂ ਸੁਰਖੀਆਂ ਨਾਲ ਭਰੀਆਂ ਪਈਆਂ ਸਨ।

ਆਤਮਘਾਤੀ ਬੰਬ ਧਮਾਕਿਆ ਦੀਆਂ ਖਬਰਾਂ ਨਾਲੋਂ ਵੀ ਭੈੜੀ ਇਸ ਖਬਰ ਨੇ ਸ਼ਰਾਂ ਦਾ ਬੁਰਕਾ, ਵਿੱਚ ਚੌਰਾਹੇ ਦੇ ਲੀਰੋ ਲੀਰ ਕਰ ਦਿੱਤਾ ਸੀ। ਪਾਕਿਸਤਾਨੀ ਅਵਾਮ ਨੂੰ ਇਸ ਨਵੇਂ ਖਾਤੂਨੀਂ ਇਨਕਲਾਬ ਨੇ ਝੰਜੋੜ ਕੇ ਰੱਖ ਦਿੱਤਾ ਸੀ। ਸ਼ਰਾ ਦੇ ਠੇਕੇਦਾਰਾਂ ਮੁੱਲਾਂ ਮੁਲਾਣਿਆਂ ਦਾ ਸਿੰਘਾਸਣ ਡੋਲ ਗਿਆ ਸੀ ਤੇ ਰਾਤੋ ਰਾਤ ਇਨ੍ਹਾਂ ਡਰਾਮਿਆਂ ਨਾਚਾਂ ਨੂੰ ਫਾਹਸ (ਵਲਗਰ) ਆਖ ਕੇ ਸਰਕਾਰ ਨੇ ਇਸ ਉੱਪਰ ਪਾਬੰਦੀ ਠੋਕ ਦਿੱਤੀ ਸੀ। ਪਰ ਕੁਝ ਹੀ ਅਰਸੇ ਵਿੱਚ ਇਹ ਪਾਬੰਦੀ ਚੁੱਕ ਵੀ ਦਿੱਤੀ ਗਈ ਸੀ। ਪਾਕਿਸਤਾਨੀ ਅਵਾਮ ਦਾ ਇਹ ਸੋਚਣਾ ਹੈ ਕਿ ਇਨ੍ਹਾਂ ਨਾਚੀਆਂ ਦੀ ਪਹੁੰਚ ਸਿਆਸਤਦਾਨਾਂ ਤੱਕ ਵੀ ਹੈ ਕਿਉਂਕਿ ਫਿਲਮ ਐਕਟਰਸ ਅਤੇ ਡਰਾਮਾਂ ਡਾਂਸਰ ਮੀਰਾ ਦਾ ਨਾਂ ਆਸਿਫ਼ ਅਲੀ ਜ਼ਰਦਾਰੀ ਨਾਲ ਵੀ ਜੁੜਦਾ ਹੈ। ਪਿਛਲੀਆਂ ਚੋਣਾਂ ਵਿੱਚ ਉਸ ਨੇ ਖੁੱਲ੍ਹ ਕੇ ਪੀਪਲ ਪਾਰਟੀ ਅਤੇ ਜ਼ਰਦਾਰੀ ਦੇ ਹੱਕ ਵਿੱਚ ਮੁਹਿੰਮ ਚਲਾਈ ਸੀ।


ਰਾਜਿਆਂ,  ਮਹਾਂਰਾਜਿਆਂ,  ਸਿਆਸਤਦਾਨਾਂ ਅਤੇ ਨੱਚਣ ਗਾਉਣ ਵਾਲਿਆਂ, ਅੱਜ ਦੀ ਨਵੀਂ ਭਾਸ਼ਾ ਵਿੱਚ,  ਫਿਲਮ ਐਕਟਰਾਂ ਦਾ ਸੰਬੰਧ ਹਮੇਸਾਂ ਹੀ ਆਪਸ ਵਿੱਚ ਜੁੜਦਾ ਰਿਹਾ ਹੈ। ਮਾਝੇ ਵਿੱਚ ਮਹਾਂਰਾਜਾ ਰਣਜੀਤ ਸਿੰਘ ਵੱਲੋਂ ਆਪਣੀ ਕੰਜਰੀ ਰਖੇਲ ਲਈ ਬਣਾਇਆ ‘ਪੁਲ-ਕੰਜਰੀ’ ਅੱਜ ਵੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਅਮਰੀਕੀ ਰਾਸ਼ਟਰਪਤੀ ਜੋਹਨ ਔਫ ਕਨੈਡੀ ਦਾ ਨਾਂ ਆਤਮ ਹੱਤਿਆ ਕਰ ਗਈ ਮੈਰਲਿਨ ਮੁਨਰੋ ਨਾਲ ਜੁੜਦਾ ਸੀ। ਇਟਲੀ ਦੀ ਪੋਰਨ ਸਟਾਰ ਚਿਚੋਲੀਨਾ ਨੂੰ ਵੀ ਉਸ ਦੇ ਦਰਸ਼ਕਾਂ ਨੇ ਵੋਟਾਂ ਪਾ ਕੇ ਇਟਲੀ ਦੀ ਪਾਰਲੀਮੈਂਟ ਵਿੱਚ ਭੇਜ ਦਿੱਤਾ ਸੀ ਤੇ ਸਾਡੇ ਮੁਲਕ ਵਿੱਚ ਵੀ ਬੀਬੀ ਸੰਨੀ ਲਿਉਨ ਬੋਲੀਵੁੱਡ ਵਿੱਚ ਪਹੁੰਚ ਗਈ ਹੈ। ਸਾਡੇ ਮੁਲਕ ਹਿੰਦੁਸਤਾਨ ਵਿੱਚ ਨਰਗਿਸ, ਸੁਨੀਲ ਦੱਤ, ਅਮਿਤਾਭ ਬੱਚਨ, ਰਾਜ ਬੱਬਰ,ਅਤੇ ਹੋਰ ਦਰਜ਼ਨਾਂ ਅਦਾਕਾਰ ਅਤੇ ਅਦਾਕਾਰਾਂ ਹਨ ਜੋ ਸਿਆਸਤ ਅਤੇ ਕਲਾਕਾਰੀ ਨਾਲੋਂ ਨਾਲ ਚਲਾ ਰਹੇ ਹਨ। ਪਾਕਿਸਤਾਨੀ ਡਿਕਟੇਟਰ ਜਨਰਲ ਯਾਹੀਆ ਖ਼ਾਨ ਅਦਾਕਾਰਾ ਤਰਾਨਾ ਦਾ ਆਸ਼ਕ ਸੀ। ਜਿਸ ਨੂੰ ਮਜਾਕ ਨਾਲ ਲੋਕ ਕੌਮੀ ਤਰਾਨਾਂ ਵੀ ਆਖਦੇ ਸਨ। ਜਦ ਉਹ ਅਸੈਂਬਲੀ ਹਾਲ ਵਿੱਚ ਆਉਂਦੀ ਸੀ ਤਾਂ ਸਾਰੀ ਅਸੈਂਬਲੀ ਉਸ ਦੇ ਅਦਬ ਵਿੱਚ ਖੜੀ ਹੋ ਜਾਂਦੀ ਸੀ। ਜਨਰਲ ਜ਼ੀਆ ਉਲ ਹੱਕ ਸਮੇਂ ਵੀ ਇਨ੍ਹਾਂ ਨਾਚੀਆਂ ਦੇ ਰਕਸ ਪ੍ਰਾਈਵੇਟ ਪਾਰਟੀਆਂ ਵਿੱਚ ਹੁੰਦੇ ਰਹਿੰਦੇ ਸਨ। ਜਨਰਲ ਪ੍ਰਵੇਜ਼ ਮੁਸ਼ੱਰਫ ਨੇ ਵੀ ਗੌਣ ਵਜਾਉਣ ਵਾਲੇ ਪੁਰਾਣੇ ਰਾਜੇ ਮਹਾਰਾਜਿਆਂ ਵਾਂਗ ਨੌ ਰਤਨ ਰੱਖੇ ਹੋਏ ਸਨ। ਰਕਸ ਦੀਆਂ ਪਾਰਟੀਆਂ ਦੇ ਉਹ ਵੀ ਸ਼ੌਕੀਂ ਸਨ।

ਜੀਉ ਟੀ ਵੀ ਨੇ ਪਹੁੰਚ ਕਰ ਕੇ ਇਨ੍ਹਾਂ ਨੱਚਣ ਵਾਲੀਆਂ ਦੀਆਂ ਮੁਲਾਕਾਤਾਂ ਟੀ ਵੀ ਉੱਪਰ ਪੇਸ਼ ਕੀਤੀਆ ਹਨ। ਜਿਨ੍ਹਾਂ ਵਿੱਚ ਇਨ੍ਹਾਂ ਨਾਚੀਆਂ ਨੇ ਬੇਬਾਕ ਹੋ ਕੇ ਨਾਚ ਬਾਰੇ ਆਪਣੇ ਖਿਆਲ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਨਾਚ ਸਦੀਆਂ ਪੁਰਾਣੀ ਮਨੁੱਖੀ ਖੂਬੀ ਹੈ। ਨਾਚ ਬੁਰਾ ਨਹੀਂ ਹੁੰਦਾ, ਸ਼ਾਇਰੀ ਮਾੜੀ ਹੋ ਸਕਦੀ ਹੈ। ਨਚਾਰਾਂ ਨੇ ਤਾਂ ਆਪਣੇ ਨਾਚ ਰਾਹੀਂ ਸ਼ਇਰੀ ਦੇ ਬੋਲਾਂ ਨੂੰ ਹੀ ਦਰਸ਼ਕਾਂ ਸਾਹਮਣੇ ਜੀਵੰਤ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਉੱਪਰਲੀ ਹਾਈ ਕਲਾਸ ਦੀਆਂ ਲੜਕੀਆਂ ਵਿਆਹ ਸ਼ਾਦੀਆਂ ਦੀ ਮਹਿੰਦੀ ਦੀ ਰਸਮ ਉੱਪਰ ਨਾਚ ਕਰਨ ਲਈ ਬਕਾਇਦਾ ਉਨ੍ਹਾਂ ਕੋਲ ਟਰੇਨਿੰਗ ਲੈਣ ਆਉਂਦੀਆਂ ਹਨ। ਟੀ ਵੀ ਦੀ ਬਹਿਸ ਉੱਪਰ ਬਹੁਤ ਸਾਰੇ ਲੋਕਾਂ ਨੇ ਇਸ ਦੇ ਵਿਰੋਧ ਅਤੇ ਹੱਕ ਵਿੱਚ ਆਪੋ ਆਪਣੇ ਆਪਣੇ ਖਿਆਲ ਪਰਗਟ ਕੀਤੇ ਤੇ ਸਿੱਟਾ ਇਹ ਨਿਕਲਿਆ ਜੇ ਵੱਡੇ ਲੋਕਾਂ ਨੂੰ ਮਾਂਹ ਸਵਾਦੀ ਹਨ ਤਾਂ ਆਮ ਜਨ-ਸਧਾਰਣ ਨੂੰ ਕਿਉਂ ਬਾਦੀ ਹਨ ? ਪਾਕਿਸਤਾਨ ਦੇ ਪੈਸੇ ਵਾਲੇ ਸਿਆਸੀ ਲੋਕਾਂ ਅਤੇ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਢੇਰ ਫਰਕ ਹੈ। ਇੰਟਰਨੈੱਟ ਉੱਪਰ ਮਰਹੂਮ ਬੇਨਜ਼ੀਰ ਭੁੱਟੋ ਅਤੇ ਆਸਿਫ਼ ਅਲੀ ਜ਼ਰਦਾਰੀ ਦੇ ਲੜਕੇ ਬਿਲਾਲ ਭੁੱਟੋ ਦੀਆਂ ਨਾਈਟ ਕਲੱਬਾਂ ਵਿੱਚ ਚਾਰ ਚਾਰ ਪੰਜ ਪੰਜ ਲੜਕੀਆਂ ਨਾਲ ਨਸ਼ੇ ਵਿੱਚ ਧੁੱਤ ਹੋਏ ਦੀਆ ਤਸਵੀਰਾਂ ਹਰ ਕੋਈ ਵੇਖ ਸਕਦਾ ਹੈ ਤੇ ਪਿਛਲੇ ਦਿਨੀਂ ਵਿਦੇਸ਼ ਮੰਤਰੀ ਹਿਨਾ ਖ਼ਾਰ ਤੇ ਬਿਲਾਲ ਭੁੱਟੋ ਦੀਆਂ ਅਖਬਾਰਾ ਵਿੱਚ ਛੱਪੀਆਂ ਇਤਰਾਜ਼ਯੋਗ ਤਸਵੀਰਾਂ ਨੇ ਤਾਂ ਪਾਕਿਸਤਾਨ ਵਿੱਚ ਭੜਥੂ ਹੀ ਪਾ ਦਿੱਤਾ ਸੀ ।

ਪਾਕਿਸਤਾਨ ਦੀ ਸਾਬਕਾ ਸੂਚਨਾ ਮੰਤਰੈਣ ਸ਼ੈਰੀ ਰਹਿਮਾਨ ਨੂੰ ਹਰ ਕੋਈ ‘ਹਰੇ ਰਾਮਾ ਹਰੇ ਕ੍ਰਿਸ਼ਨਾਂ’ਦੀ ਜ਼ੀਨਤ ਅਮਾਨ ਵਾਂਗ ਖਿੱਚ ਕੇ ਸਿਗਰਿਟਾਂ ਦੇ ਸੂਟੇ ਲਾਉਂਦੀ ਨੂੰ ਨੈੱਟ ਉਪਰ ਵੇਖਿਆ ਜਾ ਸਕਦਾ ਹੈ।


ਮਰਹੂਮ ਬੇਨਜ਼ੀਰ ਭੂੱਟੋ ਵੀ ਸਿਰ ਉੱਪਰ ਦੁਪੱਟਾ ਸਿਰਫ ਪਾਕਿਸਤਾਨ ਪਹੁੰਚ ਕੇ ਹੀ ਲੈਂਦੀ ਸੀ।   ਇੱਕ ਹੋਰ ਨਵੀਂ ਗੱਲ ਇਨ੍ਹਾਂ ਉੱਪਰ ਦਿੱਤੇ ਗੀਤਾਂ ਅਤੇ ਨਾਚ ਵਿੱਚ ਵਿਲੱਖਣ ਹੈ। ਪਹਿਲਾਂ ਪੁਰਾਣੇ ਗੀਤਾਂ ਵਿੱਚ ਪੰਜਾਬੀ ਮਰਦ ਹੀ ਔਰਤ ਨੂੰ ਰਾਂਝੇ ਵਾਂਗ ਮਿਹਣੇ ਦੇ ਕੇ ਅਪਣੇ ਨਾਲ ਉੱਧਲ ਜਾਣ ਲਈ ਉਕਸਾਉਂਦਾ ਹੁੰਦਾ ਸੀ। ਪ੍ਰੇਮਕਾ ਵੱਲੋਂ ਦੱਬੂ ਭੂਮਿਕਾ ਨਿਭਾਉਣਾ ਜਾਂ ਲੋਕ ਲਾਜ ਦੀ ਪਾਲਣਾਂ ਵਜੋਂ ਉੱਧਲ ਜਾਣ ਮਗਰੋਂ ਹੋਣ ਵਾਲੀਆਂ ਆਪਣੀਆਂ ਅਤੇ ਆਪਣੇ ਮਾਪਿਆਂ ਦੀਆਂ ਦੁਸ਼ਵਾਰੀਆਂ ਗਿਨਾਉਣ ’ਤੇ ਉਸ ਨੂੰ ਉਸ ਵੱਲੋਂ ਖਾਧੇ ਲੱਡੂਆ ਦਾ ਮਿਹਣਾ ਮਾਰਦਾ ਸੀ, ਜਿਵੇਂ, ਲੱਡੂ ਖਾ ਕੇ ਤੁਰਦੀ ਬਣੀ ਹੋਰ ਕਿਹੜਿਆਂ ਕੰਮਾਂ ਨੂੰ ਜੱਟ ਮਰਦਾ। ਪਰ ਹੁਣ ਪਾਸਾ ਪਲਟਿਆ ਲੱਗਦਾ ਹੈ। ਪੈਸੇ ਦੀ ਫਿਲੋਸ਼ਫੀ ਨੇ ਹਰ ਚੰਗੀਆਂ ਕਦਰਾਂ ਕੀਮਤਾਂ ਦੀਆਂ ਹੀ ਧੱਜੀਆਂ ਉੱਡਾ ਕੇ ਰੱਖ ਦਿੱਤੀਆਂ ਹਨ। ਗ਼ਰੀਬ ਦੀ ਧੀ ਦੇ ਜੇ ਮਜਬੂਰੀ ਵੱਸ ਨਾ ਜੁੜਨ ਖੁਣੋ ਪਾਟੇ ਕੱਪੜੇ ਪਾਏੇ ਹਨ ਤਾਂ ਸ਼ਰਮ ਦੀ ਗੱਲ ਹੈ ਜੇ ਉਹੀ ਫਟੇ ਪੁਰਾਣੇ ਕਪੜੇ ਅਮੀਰ ਦੀ ਧੀ ਪਾ ਲਵੇ ਤਾਂ ਅਧੁਨਿਕ ਫੈਸ਼ਨ ਬਣ ਜਾਂਦਾ ਹੈ।


ਸਰਮਾਏਦਾਰੀ ਸਿਸਟਿਮ ਦਾ ਇਹ ਪੱਕਾ ਯਕੀਨ ਹੈ ਕਿ ਦੁਨੀਆਂ ਦੀ ਹਰ ਸ਼ੈਅ ਇਨਸ਼ਾਨ ਸਮੇਤ ਵਿਕਾਉ ਹੈ, ਸਿਰਫ ਯੋਗ ਕੀਮਤ ਦੇਣ ਅਤੇ ਲੈਣ ਦੀ ਜ਼ਰੂਰਤ ਹੈ। ਇਸ ਨੂੰ ਸ਼ਹਿਰੀ ਤਜ਼ਾਰਤੀ ਸਿੱਖਾਂ ਦੀ ਭਾਸ਼ਾ ਵਿੱਚ ਆਤਮਾ ਅਤੇ ਪਰਮਾਤਮਾ ਦਾ ਸੁਮੇਲ ਕਿਹਾ ਜਾਂਦਾ ਹੈ।  ਯੂਰਪ ਦੀ ਇੱਕ ਕਹਾਵਤ ਹੈ ‘ਗਰੀਬੀ ਵਿੱਚ ਭੁੱਖੇ ਮਰਨ ਨਾਲੋਂ,ਅਮੀਰੀ ਵਿੱਚ ਦਿਲ ਫੇਲ ਹੋ ਕੇ ਮਰਨਾ ਸੌ ਦਰਜੇ ਬਿਹਤਰ ਹੈ’।

ਲੱਗਦਾ ਹੈ ਸਾਡੇ ਹਮਸਾਏ ਮੁਲਕ ਦੀਆਂ ਅਦਾਕਾਰਾਂ ਨੇ ਯੂਰਪ ਦੀ ਇਹ ਕਹਾਵਤ ਊਰਦੁ ‘ਚ ਤਰਜਮਾਂ ਕਰਵਾ, ਕਿਸੇ ਦਰਗਾਹ ਦੇ ਪੀਰ ਤੋਂ ਟੂਣਾ ਫੁੱਕਵਾ, ਤਵੀਤ ਵਿੱਚ ਮੜ੍ਹਾ ਕੇ ਗਲੇ ਵਿੱਚ ਮਿੱਤਰਾਂ ਦੀ ਦਿੱਤੀ ਕਾਲੀ ਗਾਨੀ ਵਾਂਗ ਪਾ ਲਈ ਹੈ। ਤਦੇ ਤਾਂ ਹੁਣ ਉਹ ਨਿਸ਼ੰਗ ਹੋ ਕੇ ਲਾਹੌਰ, ਫੈਸਲਾਬਾਦ ਅਤੇ ਗੁਜਰਾਂਵਾਲਾ ਦੀਆਂ ਸਟੇਜਾਂ ਉੱਪਰ ਇਹ ਗਾਉਂਦੀਆਂ ਸੁਣੀਦੀਆਂ ਹਨ।

ਸ਼ੀਸ਼ੇ ਸਾ ਬਦਨ, ਲਹਿਰਾਏ ਸਜਨ
ਮੁਝੇ ਨੋਟ ਦਿਖਾਉ,ਬੇਦਰਦ ਨਾ ਬਨ
ਵੇ ਮੈ ਤੇਰੇ ਘੜੇ ਦੀ ਮੱਛੀ ਹਾਂ
ਹੱਥ ਪਾ ਕੇ ਤਾਂ ਮੈਨੂੰ ਫੜ ਸੱਜਣਾਂ

Comments

davinder

bot wdiya topic te bot wdiya likhiyaa sir

ਇਕਬਾਲ

ਤੁਹਾਡੀ ਸ਼ੈਲੀ ਪਸੰਦ ਹੈ ਪਰ ਇਹ ਲੇਖ ਮੁੱਦੇ ਨੂੰ ਸਪਸ਼ਟ ਕਰਨ ਤੋਂ ਅਸਮਰਥ ਹੈ ਬੇਸ਼ਕ ਇਸ ਵਿਚਲੇ ਕੋਨੇ ਕਾਫੀ ਕੁਝ ਆਖਦੇ ਹਨ ਪਰ ਇਹ ਕਲਾਸਿਕ ਹੋ ਗਿਆ ਇਹ ਵਿਸ਼ਾ ਗੰਭੀਰ ਸੀ ਆਸ ਇਸ ਤੋਂ ਜਿਆਦਾ ਦੀ ਸੀ

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ