Fri, 24 May 2024
Your Visitor Number :-   7058025
SuhisaverSuhisaver Suhisaver

ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਤੇ ਉਸਦਾ ਸੰਗਰਾਮੀ ਪੈਗ਼ਾਮ -ਰਣਜੀਤ ਲਹਿਰਾ

Posted on:- 12-04-2019

suhisaver

100 ਸਾਲ ਪਹਿਲਾਂ 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਦੀ ਧਰਤੀ ’ਤੇ ਹੋਇਆ ਖੂਨੀ ਸਾਕਾ ਨਾ ਭੁੱਲਣਯੋਗ ਹੈ ਅਤੇ ਨਾ ਹੀ ਕਾਬਿਲੇ ਮੁਆਫ ਗੁਨਾਹ ਹੈ । ਇਹ ਖੂਨੀ ਸਾਕਾ ਨਾ ਜਨਰਲ ਡਾਇਰ ਦੀ ਹੂੜ-ਮੱਤ ਤੇ ਪਾਗਲਪਣ ਦਾ ਸਿੱਟਾ ਸੀ ਅਤੇ ਨਾ ਹੀ ਤਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਉਡਵਾਇਰ ਦੀ ਮਾਅਰਕੇਬਾਜ਼ੀ ਦਾ ਸਿੱਟਾ ਸੀ। ਇਹ ਖੂਨੀ ਸਾਕਾ ਤਾਂ ਬਰਤਾਨਵੀ ਸਾਮਰਾਜਵਾਦ ਦੀ ਉਸ ਜ਼ੁਲਮੀ ਨੀਤੀ ਦੀ ਇੰਤਹਾ ਦਾ ਸਿੱਟਾ ਸੀ ਜਿਹੜੀ ਏਸ਼ੀਆ ਤੋਂ ਲੈ ਕੇ ਅਫਰੀਕਾ ਤੱਕ ਬਸਤੀਆਂ ਬਣਾਏ ਗਏ ਮੁਲਕਾਂ ਦੇ ਲੋਕਾਂ ਨੂੰ ਸਦਾ-ਸਦਾ ਲਈ ਗੁਲਾਮ ਬਣਾਈ ਰੱਖਣ ਲਈ ਅਤੇ ਲੋਕਾਂ ਦੀਆਂ ਬਗਾਵਤਾਂ ਨੂੰ ਕੁਚਲਣ ਲਈ ਤੇ ਆਜ਼ਾਦੀ ਦੀ ਰੀਝ ਨੂੰ ਮਸਲ ਦੇਣ ਲਈ ਅਖਤਿਆਰ ਕੀਤੀ ਗਈ ਸੀ ।
      
ਪਹਿਲੀ ਸੰਸਾਰ ਜੰਗ (1914-18) ਦੌਰਾਨ ਬਰਤਾਨਵੀ ਫੌਜ ਵਿੱਚ ਰੋਜ਼ੀ-ਰੋਟੀ ਲਈ ਭਰਤੀ ਹੋਏ ਲੱਖਾਂ ਭਾਰਤੀ ਫੌਜੀਆਂ, ਖਾਸ ਕਰ ਪੰਜਾਬੀ ਫੌਜੀਆਂ, ਵਿੱਚੋਂ ਹਜ਼ਾਰਾਂ ਫੌਜੀਆਂ ਦੇ ਬਰਤਾਨਵੀ ਸਾਮਰਾਜ ਦੇ ਹਿੱਤਾਂ ਲਈ ਲੜਦਿਆਂ ਜੰਗ ਦਾ ਚਾਰਾ ਬਣਨ ਅਤੇ ਮਹਾਤਮਾ ਗਾਂਧੀ ਹੋਰਾਂ ਵੱਲੋਂ ਇਸ ਜੰਗ ਵਿੱਚ ਬਰਤਾਨਵੀ ਹਕੂਮਤ ਦੀ ਮੱਦਦ ਕਰਨ ਦਾ ਕੋਈ ਅਹਿਸਾਨ ਮੰਨਦਿਆਂ ਭਾਰਤ ਨੂੰ ਡੁਮੀਨੀਅਨ ਸਟੇਟਸ ਦੇਣ (ਜਿਵੇਂ ਮਹਾਤਮਾ ਗਾਂਧੀ ਹੋਰਾਂ ਨੂੰ ਉਮੀਦ ਸੀ) ਜਾਂ ਕੋਈ ਨਰਮ ਨੀਤੀ ਅਪਨਾਉਣ ਦੀ ਥਾਂ ਭਾਰਤੀਆਂ ’ਤੇ ਸ਼ਿਕੰਜਾ ਕਸਣ ਲਈ ਗੋਰੇ ਹਾਕਮਾਂ ਨੇ,ਜੰਗ ਤੋਂ ਵਿਹਲੇ ਹੁੰਦਿਆਂ ਹੀ, ਦਸੰਬਰ, 1917 ਵਿੱਚ ਜਸਟਿਸ ਸਿਡਨੀ ਰੌਲਟ ਦੀ ਅਗਵਾਈ ’ਚ ਇੱਕ ਕਮੇਟੀ ਕਾਇਮ ਕਰ ਦਿੱਤੀ। ਇਸ ਕਮੇਟੀ ਨੇ ਬੀਤੇ ਦੀਆਂ ਇਨਕਲਾਬੀ ਲਹਿਰਾਂ ਦਾ ਅਧਿਐਨ ਕਰਕ ਇਨ੍ਹਾਂ ਨਾਲ ਨਿਪਟਣ ਲਈ ਅੰਗਰੇਜ਼ੀ ਸਰਕਾਰ ਨੂੰ ਗੁਰ ਦੱਸਣੇ ਸਨ । ਇਸ ਕਮੇਟੀ ਨੇ ਫਰਵਰੀ, 1919 ਵਿੱਚ ਇੰਮਪੀਰੀਅਲ ਲੈਜਿਸਲੇਟਿਵ ਕੌਂਸਲ ਅੱਗੇ ਦੋ ਕਾਨੂੰਨ ਪੇਸ਼ ਕਰ ਦਿੱਤੇ।

ਭਾਰੀ ਮੁਖ਼ਾਲਫਿਤ ਕਾਰਨ ਇੱਕ ਕਾਨੂੰਨ ਨੂੰ ਛੱਡ ਦਿੱਤਾ ਗਿਆ ਪਰ ਰੌਲਟ ਐਕਟ ਦੇ ਨਾਂ ਨਾਲ ਪ੍ਰਸਿੱਧ ਇੱਕ ਕਾਨੂੰਨ Anarchial and Revolutionary Crimes Act, 1919, 10 ਮਾਰਚ, 1919 ਨੂੰ ਪਾਸ ਕਰ ਦਿੱਤਾ। 21 ਮਾਰਚ ਨੂੰ ਵਾਇਸਰਾਏ ਲਾਰਡ ਚੈਮਸਫੋਰਡ ਨੇ ਬਿਲ ਨੂੰ ਮਨਜੂਰੀ ਦੇ ਕੇ ਲਾਗੂ ਕਰਨ ਦਾ ਰਾਹ ਸਾਫ਼ ਕਰ ਦਿੱਤਾ। ਇਹ ਕਾਨੂੰਨ ਡਿਫੈਂਸ ਆਫ ਇੰਡੀਆ ਐਕਟ, 1915 ਦਾ ਵਧਵਾਂ ਰੂਪ ਸੀ । ਇਸ ਜਾਬਰ ਕਾਨੂੰਨ ਤਹਿਤ ਗੋਰੀ ਸਰਕਾਰ ਨੂੰ ਕਿਸੇ ਵੀ ਵਿਅਕਤੀ ਨੂੰ ਫੜ ਕੇ ਬਿਨਾਂ ਮੁਕੱਦਮਾ ਚਲਾਏ ਜੇਲ੍ਹ ’ਚ ਸੁੱਟਣ, ਹਾਈਕੋਰਟ ਦੇ ਜੱਜਾਂ ’ਤੇ ਆਧਾਰਿਤ ਵਿਸ਼ੇਸ਼ ਟ੍ਰਿਬਿਉਨਲ ਕਾਇਮ ਕਰਨ ਤੇ ਇਸ ਦੇ ਫੈਸਲੇ ਖਿਲਾਫ਼ ਕਿਤੇ ਵੀ ਅਪੀਲ ਨਾ ਕਰ ਸਕਣ ਅਤੇ ਇਸ ਟ੍ਰਿਬਿਊਨਲ ਨੂੰ ਉਨ੍ਹਾਂ ਬੋਗਸ ਸਬੂਤਾਂ ਵੀ ਮੰਨਣ ਦੇ ਅਖਤਿਆਰ ਦਿੱਤੇ ਗਏ ਜਿਨ੍ਹਾਂ ਸਬੂਤਾਂ ਨੂੰ ਇੰਡੀਅਨ ਐਵੀਡੈਂਸ ਐਕਟ ਤਹਿਤ ਮਨਜ਼ੂਰ ਨਹੀਂ ਸੀ ਕੀਤਾ ਜਾ ਸਕਦਾ ।

ਅੰਗਰੇਜ਼ੀ ਹਕੂਮਤ ਵੱਲੋਂ ਰੌਲਟ ਐਕਟ ਲਾਗੂ ਕਰਨ ਖਿਲਾਫ਼ ਦੇਸ਼ ਭਰ ਵਿੱਚ ਰੋਹ ਪੈਦਾ ਹੋਣਾ ਸੁਭਾਵਿਕ ਹੀ ਸੀ। ਕਿੱਥੇ ਤਾਂ ਮਹਾਤਮਾ ਗਾਂਧੀ ਹੋਰਾਂ ਨੇ ਅੰਗਰੇਜ਼ਾਂ ਵੱਲੋਂ ਸੰਸਾਰ ਜੰਗ ਜਿੱਤ ਲੈਣ ਤੋਂ ਬਾਅਦ ਭਾਰਤ ਨੂੰ ਡੁਮੀਨੀਅਨ ਸਟੇਟਸ ਦਾ ਦਰਜਾ ਦੇ ਕੇ ਰਿਆਇਤਾਂ ਤੇ ਰਿਆਇਤਦਿਲੀ ਦੀਆਂ ਆਸਾਂ ਖੁਦ ਲਾਈਆਂ ਹੋਈਆਂ ਸਨ ਅਤੇ ਕਿੱਥੇ ਉਲਟਾ ਅੰਗਰੇਜਾਂ ਨੇ ਜੰਗ ਤੋਂ ਵਿਹਲਾ ਹੁੰਦਿਆਂ ਹੀ ਭਾਰਤ ’ਤੇ ਆਪਣਾ ਬਸਤੀਵਾਦੀ ਸ਼ਿਕੰਜਾ ਹੋਰ ਕਸਣ ਲਈ ਰੌਲਟ ਐਕਟ ਲਾਗੂ ਕਰ ਦਿੱਤਾ। ਮਹਾਤਮਾ ਗਾਂਧੀ ਹੋਰਾਂ ਦੀਆਂ ਵੀ ਅੱਖਾਂ ਅੱਡੀਆਂ ਰਹਿ ਗਈਆਂ। ਵਕਤ ਦੀ ਨਜ਼ਾਕਤ ਨੂੰ ਦੇਖਦਿਆਂ ਮਹਾਤਮਾ ਗਾਂਧੀ ਨੇ ਰੌਲਟ ਐਕਟ ਖਿਲਾਫ਼ ਸ਼ਾਂਤਮਈ ਸੱਤਿਆਗ੍ਰਹਿ ਦਾ ਸੱਦਾ ਦੇ ਦਿੱਤਾ । ਹੋਮ ਰੂਲ ਲੀਗ, ਮੁਸਲਿਮ ਲੀਗ ਤੇ ਸੱਤਿਆਗ੍ਰਹਿ ਸਭਾ ਨੇ ਵੀ ਇਸ ਅੰਦੋਲਨ ਦੀ ਹਮਾਇਤ ਦਾ ਐਲਾਨ ਕਰ ਦਿੱਤਾ । 30 ਮਾਰਚ ਨੂੰ ਦੇਸ਼ ਭਰ ਵਿੱਚ ਪਬਲਿਕ ਮੀਟਿੰਗਾਂ ਕੀਤੀਆਂ ਜਾਣੀਆਂ ਸਨ ਅਤੇ 6 ਅਪ੍ਰੈਲ ਨੂੰ ਕੰਮਕਾਜ਼ ਬੰਦ ਕਰਕੇ ਸੱਤਿਆਗ੍ਰਹਿ ਦਿਵਸ ਮਨਾਇਆ ਜਾਣਾ ਸੀ । ਦੇਸ਼ ਭਰ ਵਿੱਚ ਇਨ੍ਹਾਂ ਐਕਸ਼ਨਾਂ ਨੂੰ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ । ਛਿੱਟ-ਪੁੱਟ ਹਿੰਸਾ ਤੋਂ ਬਿਨਾਂ ਸਾਰੇ ਦੇਸ਼ ਵਿੱਚ ਇਹ ਸੱਤਿਆਗ੍ਰਹਿ ਅਮਨ-ਅਮਨ ਨਾਲ ਲੰਘ ਗਿਆ ਪਰ ਪੰਜਾਬ ਵਿੱਚ ਇਹ ਵੱਖਰਾ ਹੀ ਰੂਪ ਅਖਤਿਆਰ ਕਰ ਗਿਆ ।

ਪੰਜਾਬ ਦਾ ਲੈਫਟੀਨੈਂਟ ਗਵਰਨਰ ਮਾਈਕਲ ਓੱਡਵਾਇਰ ‘ਅੰਗਰੇਜ ਹਿੰਦੋਸਤਾਨ ’ਤੇ ਫੌਜੀ ਤਾਕਤ ਨਾਲ ਰਾਜ ਕਰਨਗੇ’ ਦੀ ਨੀਤੀ ਦਾ ਖੁੱਲ੍ਹਮ-ਖੁੱਲ਼੍ਹਾ ਝੰਡਾਬਰਦਾਰ ਸੀ। ਉਸਦੀ ਕਿਸੇ ਨੂੰ ਚੂੰ ਵੀ ਨਾ ਕਰਨ ਦੇਣ ਦੀ ਬਦਨੀਤੀ ਨੇ ਪੰਜਾਬ ਵਿੱਚ ਬਗ਼ਾਵਤ ਦੇ ਸ਼ੋਅਲੇ ਭੜਕਾ ਦਿੱਤੇ। ਅੰਮ੍ਰਿਤਸਰ ਵਿੱਚ ਰੌਲਟ ਅੈਕਟ ਵਿਰੋਧੀ ਰੋਸ ਮੁਜ਼ਾਹਰੇ ਫਰਵਰੀ ਵਿੱਚ ਹੀ ਸ਼ੁਰੂ ਹੋ ਗਏ ਸਨ। ਦੇਸ਼ ਵਿਆਪੀ ਸੱਦੇ 'ਤੇ 30 ਮਾਰਚ ਨੂੰ ਅੰਮ੍ਰਿਤਸਰ ਵਿੱਚ ਤੀਹ-ਪੈਂਤੀ ਹਜ਼ਾਰ ਲੋਕ ਪਬਲਿਕ ਮੀਟਿੰਗ ਵਿੱਚ ਸ਼ਾਮਲ ਹੋਏ। ਲੋਕਾਂ ਦੀ ਇਸ ਇਕਜੁੱਟਤਾ ਤੋਂ ਭੈਅਭੀਤ ਹੋਏ ਓਡਵਾਇਰ ਨੇ 29 ਮਾਰਚ ਨੂੰ ਸੱਤਿਆਪਾਲ, ਜਿਹੜੇ ਇਸ ਮੂਵਮੈਂਟ ਦੇ ਮੁੱਖ ਆਗੂ ਸਨ, ਸਮੇਤ ਹੋਰ ਵੀ ਕਈ ਆਗੂਆਂ ’ਤੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਨ ’ਤੇ ਪਾਬੰਦੀ ਆਇਦ ਕਰ ਦਿੱਤੀ। 4 ਅਪ੍ਰੈਲ ਨੂੰ ਡਾ. ਕਿਚਲੂ 'ਤੇ ਵੀ ਉਕਤ ਪਾਬੰਦੀ ਲਾ ਦਿੱਤੀ। ਤੇ ਨਾਲ ਹੀ ਅੰਮ੍ਰਿਤਸਰ ਵਿੱਚ ਘਟਨਾਵਾਂ ਤੂਫ਼ਾਨੀ ਵੇਗ ਅਖਤਿਆਰ ਕਰ ਗਈਆਂ। 6 ਅਪ੍ਰੈਲ ਨੂੰ ਸੱਤਿਆਗ੍ਰਹਿ ਵਾਲੇ ਦਿਨ ਪੰਜਾਬ ਦੇ 50 ਸ਼ਹਿਰਾਂ ਵਿੱਚ ਹੜਤਾਲਾਂ ਹੋਈਆਂ। ਅੰਮ੍ਰਿਤਸਰ ਵਿੱਚ ਹਜ਼ਾਰਾਂ ਲੋਕ ਇੱਕਤਰ ਹੋਏ। 9 ਅਪ੍ਰੈਲ ਨੂੰ ਰਾਮਨੌਮੀ ਦਾ ਦਿਹਾੜਾ ਪਹਿਲੀ ਵਾਰ ਹਿੰਦੂ-ਮੁਸਲਿਮ ਤੇ ਸਿੱਖਾਂ ਨੇ ਸਾਂਝੇ ਤੌਰ ’ਤੇ ਮਨਾਇਆ । ਪਹਿਲੀ ਵਾਰ ਇੱਕੋ ਭਾਂਡੇ ’ਚ ਪਾਣੀ ਪੀਤਾ। ਸਾਂਝੇ ਤੌਰ ’ਤੇ ਰਾਮਨੌਮੀ ਦਾ ਜਲੂਸ ਕੱਢਿਆ । 10 ਅਪ੍ਰੈਲ ਨੂੰ ਲੋਕਾਂ ਦੀ ਅਗਵਾਈ ਕਰਨ ਵਾਲੇ ਡਾ. ਕਿਚਲੂ ਤੇ ਸੱਤਿਆਪਾਲ ਨੂੰ ਜਬਰੀ ਫੜ ਕੇ ਧਰਮਸ਼ਾਲਾ (ਕਾਂਗੜਾ) ਭੇਜ ਦਿੱਤਾ ਗਿਆ। ਮਹਾਤਮਾ ਗਾਂਧੀ 10 ਅਪ੍ਰੈਲ ਨੂੰ ਪੰਜਾਬ ਅਾ ਰਹੇ ਸਨ ਪਰ ਉਨ੍ਹਾਂ ਨੂੰ ਰਸਤੇ ਵਿੱਚੋਂ ਹੀ ਵਾਪਸ ਮੋੜ ਦਿੱਤਾ। ਇਸ ਨਾਲ ਲੋਕਾਂ ’ਚ ਰੋਹ ਫੈਲ ਗਿਆ ਤੇ ਉਹ ਸੜਕਾਂ ’ਤੇ ਨਿਕਲ ਆਏ। ਫੌਜ ਨੇ ਮੁਜ਼ਾਹਰਾਕਾਰੀਆਂ ’ਤੇ ਗੋਲੀ ਚਲਾ ਦਿੱਤੀ । ਲੋਕ ਗੋਲੀਆਂ ਨਾਲ ਫੱਟੜ ਤੇ ਮੋਏ ਆਪਣੇ ਸਾਥੀਆਂ ਨੂੰ ਮੋਢਿਆਂ ’ਤੇ ਚੱਕ ਕੇ ਚੌੜਾ ਬਾਜ਼ਾਰ ਵੱਲ ਚੱਲ ਪਏ। 22 ਲੋਕ ਸ਼ਹੀਦ ਹੋ ਚੁੱਕੇ ਸਨ।ਅੱਗੇ ਫੌਜ ਤਾਇਨਾਤ ਖੜ੍ਹੀ ਦੇਖ ਕੇ ਲੋਕ ਰੋਹ ਹੋਰ ਪ੍ਰਚੰਡ ਹੋ ਗਿਆ । ਰੋਹ ’ਚ ਆਏ ਲੋਕਾਂ ਨੇ ਤਾਰਘਰ ਦੀ ਇਮਾਰਤ ’ਤੇ ਹੱਲਾ ਬੋਲ ਦਿੱਤਾ । ਫੌਜ ਨੇ ਗੋਲੀ ਚਲਾ ਦਿੱਤੀ । ਲੋਕਾਂ ਨੇ ਪਿੱਛੇ ਹਟਣ ਦੀ ਥਾਂ ਰੇਲਵੇ ਸਟੇਸ਼ਨ ’ਤੇ ਹੱਲਾ ਬੋਲ ਕੇ ਅੰਗਰੇਜ਼ ਅਫਸਰ ਰੌਬਿਨਸਨ ਨੂੰ ਕਤਲ ਕਰ ਦਿੱਤਾ । ਫਿਰ ਨੈਸ਼ਨਲ ਬੈਂਕ ਤੇ ਅਲਾਇੰਸ ਬੈਂਕਾਂ ਨੂੰ ਅਗਨ ਭੇਟ ਕਰ ਦਿੱਤਾ । ਬੈਂਕ ਦੇ ਦੋ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ । ਸਾਰਾ ਦਿਨ ਸਾੜ-ਫੂਕ ਤੇ ਹਿੰਸਾ ਜਾਰੀ ਰਹੀ । ਅੰਗਰੇਜ਼ ਅਫਸਰਾਂ ਦੇ ਪਰਿਵਾਰਾਂ ਨੂੰ ਗੋਬਿੰਦਗੜ੍ਹ ਕਿਲੇ ਵਿੱਚ ਲੈ ਜਾ ਕੇ ਸੁਰੱਖਿਅਤ ਕੀਤਾ ਗਿਆ । ਅਗਲੇ ਦਿਨ 11 ਅਪ੍ਰੈਲ ਨੂੰ ਅੰਮ੍ਰਿਤਸਰ ਸ਼ਹਿਰ ਫੌਜ ਹਵਾਲੇ ਕਰ ਦਿੱਤਾ ਗਿਆ । ਹਿੰਸਾ ਤੇ ਬਗ਼ਾਵਤ ਇੱਕਲੀ ਅੰਮ੍ਰਿਤਸਰ ਸ਼ਹਿਰ ਤੱਕ ਮਹਿਦੂਦ ਨਹੀਂ ਸੀ ਰਹੀ ਇਹ ਲਾਹੌਰ ਸਮੇਤ ਹੋਰਨਾਂ ਸ਼ਹਿਰਾਂ ਵੱਲ ਵੀ ਵਧਣ ਲੱਗ ਪਈ ਸੀ। 11 ਅਪ੍ਰੈਲ ਦੀ ਰਾਤ ਨੂੰ ਬ੍ਰੀਗੇਡੀਅਰ ਡਾਇਰ ਨੇ ਅੰਮ੍ਰਿਤਸਰ ਦੀ ਕਮਾਂਡ ਸੰਭਾਲ ਲਈ ਸੀ। ਅਗਲੀ ਸਵੇਰ ੳੁਸ ਨੇ ਪਹਿਲਾਂ ਹਵਾਈ ਜਹਾਜ਼ ਰਾਹੀਂ ਤੇ ਫਿਰ ਢਾਈ-ਤਿੰਨ ਸੌ ਫੌਜੀਆਂ ਨਾਲ ਸ਼ਹਿਰ ਦਾ ਗੇੜਾ ਲਾੲਿਆ। ਹਰ ਕਿਸਮ ਦੇ ਜਲੂਸਾਂ ਤੇ ਇੱਕਠਾਂ 'ਤੇ ਮੁਕੰਮਲ ਪਾਬੰਦੀ ਆਇਦ ਕੀਤੀ ਜਾ ਚੁੱਕੀ ਸੀ। 13 ਅਪ੍ਰੈਲ ਦੀ ਸਵੇਰ ਨੇੰ ਵੀ ਡਾਇਰ ਨੇ ਤਾਕਤ ਦਾ ਪ੍ਰਦਰਸ਼ਨ ਕੀਤਾ ਤੇ ਥਾਂ-ਥਾਂ 'ਤ ਖੁਦੇ ਜਾ ਕੇ ਮੁਨਾਦੀਆਂ ਕਰਵਾੲੀਆਂ। ਇੱਕ ਪਾਸੇ ਡਾਇਰ ਮੁਨਾਦੀਆਂ ਕਰਵਾ ਰਿਹਾ ਸੀ ਤੇ ਦੂਜੇ ਪਾਸੇ ਕੁਝ ਨੌਜਵਾਨ ਲੋਕਾਂ ਨੂੰ ਜੱਲ੍ਹਿਆਂਵਾਲਾ ਬਾਗ਼ ਪਹੁੰਚਣ ਦਾ ਸੱਦਾ ਦੇਈ ਜਾ ਰਹੇ ਸਨ।
                
13 ਅਪ੍ਰੈਲ (ਐਤਵਾਰ) ਨੂੰ ਵਿਸਾਖੀ ਦੇ ਦਿਹਾੜੇ ’ਤੇ ਹਜ਼ਾਰਾਂ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਤੇ ਇਸ਼ਨਾਨ ਕਰਨ ਦੇ ਨਾਲੋ-ਨਾਲ ਜੱਲ੍ਹਿਆਂਵਾਲਾ ਬਾਗ਼ ਵਿੱਚ ਇਕੱਤਰ ਹੋਏ। ਚਾਰ ਵਜੇ ਦੇ ਕਰੀਬ ਪਬਲਿਕ ਮੀਟਿੰਗ ਸ਼ੁਰੂ ਹੋਈ। ਉਹ ਸ਼ਾਂਤਮਈ ਢੰਗ ਨਾਲ ਹਕੂਮਤ ਖਿਲਾਫ਼ ਆਪਣਾ ਰੋਸ ਪ੍ਰਗਟਾਉਣ ਲਈ ਇੱਕਤਰ ਹੋਏ ਸਨ। ਪਰ ਗਵਰਨਰ ਓਡਵਾਇਰ ਤੇ ਜਨਰਲ ਡਾਇਰ ਤਾਂ ਚਿੜੀ ਵੀ ਨਾ ਫਟਕਣ ਦੇਣ ਦੀ ਠਾਣੀ ਬੈਠੇ ਸਨ। ਬਾਗ਼ ਨੂੰ ਇੱਕੋ ਹੀ ਭੀੜਾ ਰਸਤਾ ਸੀ। 5 ਵਜੇ ਤੋਂ ਬਾਅਦ ਡਾਇਰ ਨੇ ਫੌਜ ਦੀ ਟੁੱਕੜੀ ਲੈ ਕੇ ਉਸੇ ਰਸਤੇ ਨੂੰ ਰੋਕ ਲਿਆ ਤੇ ਫਾਇਰ ਦਾ ਹੁਕਮ ਦੇ ਦਿੱਤਾ । ਬਿਨਾਂ ਭੜਕਾਹਟ ਦੇ, ਬਿਨਾਂ ਚਿਤਾਵਨੀ ਦਿੱਤਿਆਂ, ਅੰਨ੍ਹਵਾਹ ਹੋਈ ਫਾਇਰਿੰਗ ਨਾਲ ਭਗਦੜ ਮੱਚ ਗਈ, ਕਾਵਾਂ ਰੌਲੀ ਪੈ ਗਈ । ਜਿਸ ਦਾ ਜਿੱਧਰ ਮੂੰਹ ਹੋਇਆ ਉੱਧਰ ਹੀ ਭੱਜਿਆ, ਪਰ ਭੱਜਣ ਲਈ ਕੋਈ ਰਾਹ ਹੀ ਨਹੀਂ ਸੀ । ਲੋਕ ਗੋਲੀਆਂ ਵੱਜ-ਵੱਜ ਡਿੱਗਦੇ ਗਏ, ਕਈਆਂ ਨੇ ਬਾਗ਼ ਵਿਚਲੇ ਖੂਹ ਵਿੱਚ ਛਾਲਾਂ ਮਾਰੀਆਂ । ਖੂਹ ਦਾ ਪਾਣੀ ਤੇ ਧਰਤੀ ਲਹੂ ਨਾਲ ਲਾਲੋ-ਲਾਲ ਹੋ ਗਈ। ਫੌਜ ਗੋਲੀ ਚਲਾਉਣੋ ਉਦੋਂ ਹਟੀ ਜਦੋਂ ਗੋਲੀ-ਸਿੱਕਾ ਮੁੱਕ ਗਿਆ । ਫੌਜ ਨੇ 1650 ਗੋਲੀਆਂ ਚਲਾਈਆਂ । ਸਰਕਾਰੀ ਅੰਕੜਿਆਂ ਮੁਤਾਬਕ 380 ਵਿਅਕਤੀ ਮਾਰੇ ਗਏ, ਜਿਨ੍ਹਾਂ ਵਿੱਚ 41 ਬੱਚੇ ਵੀ ਸਨ, ਅਤੇ 1200 ਜਖ਼ਮੀ ਹੋਏ । ਪਰ ਇਹ ਬਹੁਤ ਘਟਾ ਕੇ ਪੇਸ਼ ਕੀਤੇ ਗਏ ਅੰਕੜੇ ਸਨ । ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ’ਚ ਕੁੱਲ ਕਿੰਨੇ ਲੋਕ ਮਾਰੇ ਗਏ ਇਸ ਦੀ ਸਹੀ ਤਸਵੀਰ ਕਦੇ ਵੀ ਸਾਫ਼ ਨਾ ਹੋਣ ਵਾਲੀ ਸੀ ।
                
ਅੰਗਰਜ਼ੀ ਹਕੂਮਤ ਦੇ ਸਿਪਾਹ-ਸਲਾਰਾਂ ਨੇ ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਆਜ਼ਾਦੀ ਦੀ ਰੀਝ ਨੂੰ ਮਸਲ ਦੇਣ ਲਈ, ਬਗ਼ਾਵਤ ਦੇ ਧੁਖਦੇ ਸ਼ੋਆਲਿਆਂ ਨੂੰ ਠੰਢੀ ਯਥ ਰਾਖ ਵਿੱਚ ਬਦਲਣ ਲਈ ਰਚਿਆ ਸੀ, ਪਰ ਇਸ ਖੂਨੀ ਸਾਕੇ ਨੇ ਬਗ਼ਾਵਤ ਦੇ ਸ਼ੋਅਲਿਆਂ ਨੂੰ ਹੋਰ ਭੜਕਾ ਦਿੱਤਾ । ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਖਿਲਾਫ਼ ਜਿੱਥੇ ਦੇਸ਼ ਭਰ ਵਿੱਚ ਰੋਸ ਦੀ ਲਹਿਰ ਪੈਦਾ ਹੋਈ, ਉੱਥੇ ਬਗ਼ਾਵਤ ਦੇ ਸ਼ੋਅਲੇ ਪੰਜਾਬ ਭਰ ਵਿੱਚ ਭੜਕ ਉੱਠੇ । ਪੰਜਾਬ ਦੇ 30 ਜ਼ਿਲ੍ਹਿਆਂ ਵਿੱਚ ਗੜਬੜ ਹੋਈ । ਅੰਮ੍ਰਿਤਸਰ, ਲਾਹੌਰ, ਗੁੱਜਰਾਵਾਲਾ, ਗੁਜਰਾਤ ਤੇ ਲਾਇਲਪੁਰ ਜ਼ਿਲ੍ਹਿਆਂ ਵਿੱਚ ਮਾਰਸ਼ਲ ਲਾਅ ਲਾਗੂ ਕੀਤਾ ਗਿਆ ।  ਪੁਲਾਂ ਨੂੰ ਅੱਗਾਂ ਲਾ ਦਿੱਤੀਆਂ, ਸਰਕਾਰੀ ਇਮਾਰਤਾਂ ’ਤੇ ਧਾਵੇ ਬੋਲੇ ਗਏ। ਟੈਲੀਗ੍ਰਾਮ ਦੀਆਂ ਤਾਰਾਂ, ਟੈਲੀਫੋਨ ਦੀਆਂ ਤਾਰਾਂ ਤੇ ਰੇਲਵੇ ਸੰਚਾਰ ਠੱਪ ਕਰ ਦਿੱਤੇ ਗਏ। ਅਨੇਕਾਂ ਸ਼ਹਿਰਾਂ ਤੇ ਪਿੰਡਾਂ ਵਿੱਚ ਗੋਲੀ ਕਾਂਡ ਰਚੇ ਗਏ, ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਸੈਂਕੜੇ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਗੁੱਜਰਾਂਵਾਲਾ ’ਤੇ ਹਵਾਈ ਜਹਾਜ਼ਾਂ ਰਾਹੀਂ ਬੰਬ ਸੁੱਟੇ ਗਏ। ਬਗ਼ਾਵਤ ਅੱਗੇ ਤੋਂ ਅੱਗੇ ਹੋਰ ਜ਼ਿਲ੍ਹਿਆਂ ਵਿੱਚ ਫੈਲਦੀ ਗਈ । ਬਗ਼ਾਵਤ ਦੀ ਕੋਈ ਬੱਝਵੀਂ ਲੀਡਰਸ਼ਿਪ ਤੇ ਪਲਾਨ ਨਾ ਹੋਣ ਕਾਰਨ ਭਾਵੇਂ ਬਹੁਤ ਅੱਗੇ ਨਾ ਵਧ ਸਕੀ ਤੇ ਕੁਚਲ ਦਿੱਤੀ ਗਈ । ਪਰ ਇਸ ਨੇ ਇੱਕ ਵਾਰ ਤਾਂ ਅੰਗਰੇਜ਼ ਹਕੂਮਤ ਨੂੰ ਪੰਜੀ ਦਾ ਭੌਣ ਦਿਖਾ ਦਿੱਤਾ ।
               
ਅੰਗਰੇਜ਼ ਹਕੂਮਤ ਨੇ ਇਸ ਬਗ਼ਾਵਤ ਨੂੰ ਕੁਚਲਣ ਲਈ ਇਸ ਬਗ਼ਾਵਤ ਵਿੱਚ ਹਿੱਸਾ ਲੈਣ ਵਾਲਿਆਂ ਸਮੇਤ ਆਮ ਲੋਕਾਂ ਨੂੰ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਸਜ਼ਾਵਾਂ ਦਿੱਤੀਆਂ ਤੇ 500 ਦੇ ਕਰੀਬ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ । ਓਡਵਾਇਰ ਦੇ ਆਪਣੇ ਬਿਆਨਾਂ ਅਨੁਸਾਰ 1800 ਲੋਕਾਂ ਨੂੰ ਬਗ਼ਾਵਤ ਕਰਨ ਜਾਂ ਬਗ਼ਾਵਤ ਦਾ ਸਾਥ ਦੇਣ ਦੇ ਦੋਸ਼ੀ ਠਹਿਰਾਇਆ । 581 ਲੋਕਾਂ ਨੂੰ ਲਾਹੌਰ ਵਿੱਚ ਇੱਕਠਿਆਂ ਕਰਕੇ ਚਲਾਏ ਮੁੱਕਦਮੇ ਵਿੱਚ 108 ਨੂੰ ਮੌਤ ਦੀ ਸਜ਼ਾ (ਬਾਅਦ ਵਿੱਚ ਪੰਜਾਬ ਸਰਕਾਰ ਵੱਲੋਂ 24 ਨੂੰ ਫਾਂਸੀ ਲਾਇਆ ਤੇ ਬਾਕੀਆਂ ਨੂੰ ਉਮਰ ਕੈਦ ’ਚ ਬਦਲਿਆ ਗਿਆ ), 265 ਨੂੰ ਉਮਰ ਕੈਦ ਤੇ ਕਾਲੇਪਾਣੀ ਦੀ ਸਜ਼ਾ, 2 ਨੂੰ ਹੋਰ ਕਾਲ਼ੇਪਾਣੀ ਦੀ ਸਜ਼ਾ, 85 ਨੂੰ ਸੱਤ ਸਾਲ ਕੈਦ ਤੇ 104 ਨੂੰ ਥੋੜ੍ਹੇ ਸਮੇਂ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਇਸ ਤੋਂ ਛੁੱਟ ਲੋਕਾਂ ਨੂੰ ਗਲੀਆਂ ਵਿੱਚੋਂ ਘਿਸਰ ਕੇ ਲੰਘਣ ਲਈ ਮਜ਼ਬੂਰ ਕੀਤਾਂ ਜਾਂਦਾ, ਕਿਸੇ ਵੀ ਗੋਰੇ ਨੂੰ ਦੇਖ ਕੇ ਮੱਥੇ ’ਤੇ ਹੱਥ ਲਾ ਕੇ ਸਲਾਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ, ਲੋਕਾਂ ਨੂੰ ਟਿਕਟਿਕੀ ਨਾਲ ਬੰਨ੍ਹ ਕੇ ਸ਼ਰੇ ਬਾਜ਼ਾਰ ਬੈਂਤਾਂ ਮਾਰੀਆਂ ਜਾਂਦੀਆਂ । ਲਾਹੌਰ ਵਿੱਚ ਚਾਰ ਕਾਲਜਾਂ ਦੇ ਵਿਦਿਆਰਥੀਆਂ ਨੂੰ ਹਰ ਰੋਜ਼ ਚਾਰ ਵਾਰ ਪੁਲਸ ਕੋਲ ਹਾਜ਼ਰੀ ਲਵਾਉਣ ਲਈ ਮਜ਼ਬੂਰ ਕੀਤਾ ਗਿਆ । ਬਗ਼ਾਵਤ ਦੀ ਕੋਈ ਬੱਝਵੀਂ ਲੀਡਰਸ਼ਿਪ ਤੇ ਵਿਉਂਤਬੰਦੀ ਨਾ ਹੋਣ ਕਾਰਨ ਭਲੇ ਹੀ ਇਹ ਬਹੁਤਾ ਅੱਗੇ ਨਾ ਵਧ ਸਕੀ ਤੇ ਜਬਰੋ-ਜ਼ੁਲਮ ਨਾਲ ਕੁਚਲ ਦਿੱਤੀ ਗਈ ਪਰ ਇਸ ਨੇ ਇੱਕ ਵਾਰ ਤਾਂ ਅੰਗਰੇਜ ਹਕੂਮਤ ਨੂੰ ਪੰਜੀ ਦਾ ਭੌਣ ਦਿਖਾ ਦਿੱਤਾ। ਓਡਵਾਇਰ ਦੇ ਆਪਣੇ ਸ਼ਬਦਾਂ ਵਿੱਚ ਪੰਜਾਬ ਦੇ ਹਾਲਾਤ 1857 ਦੇ ਗ਼ਦਰ ਵਰਗੇ ਬਣ ਗਏ ਸਨ।
           
ਰੌਲਟ ਐਕਟ ਅਤੇ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਖਿਲਾਫ਼ ਰੋਸ ਦੀ ਲਹਿਰ ਤਾਂ ਭਾਵੇਂ ਸਾਰੇ ਮੁਲਕ ਵਿੱਚ ਹੀ ਪੈਦਾ ਹੋ ਗਈ ਪਰ ਇਸ ਨੇ ਪੰਜਾਬ ਵਿੱਚ ਬਗ਼ਾਵਤ ਦਾ ਰੂਪ ਕਿਉਂ ਧਾਰ ਲਿਆ? ਇਸ ਬਗ਼ਾਵਤ ਦੇ ਪਿੱਛੇ ਦਾ ਪ੍ਰੇਰਨਾ ਸਰੋਤ ਕਿਹੜਾ ਸੀ? ਇਸ ਸੁਆਲ ਦਾ ਜਵਾਬ ਸਾਨੂੰ ਉਸ ਬਗ਼ਾਵਤ ਵਿੱਚ ਸ਼ਾਮਲ ਰਹੇ ਤੇ ਕਾਲ਼ੇਪਾਣੀ ਦੀ ਜੇਲ੍ਹ ’ਚ ਬੰਦ ਰਹੇ ਦੇਸ਼ ਭਗਤ ਕਰਤਾਰ ਸਿੰਘ ਝੱਬਰ ਦੀ ਡਾਇਰੀ ਦੇ ਇੱਕ ਪੰਨੇ ’ਤੇ ਦਰਜ ਸ਼ਬਦਾਂ ਤੋਂ ਮਿਲਦਾ ਹੈ “ ਆਜ਼ਾਦ ਭਾਰਤੀ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਸ ਵੇਲੇ (1914-15) ਗ਼ਦਰੀਆਂ ਦੀਆਂ ਅਖ਼ਬਾਰਾਂ ਵਿੱਚ ਖ਼ਬਰਾਂ ਤਾਂ ਕੀ ਘਰਾਂ ਅੰਦਰ ਬੈਠ ਕੇ ਗੱਲ ਕਰਨੀ ਵੀ ਗੁਨਾਹ ਸੀ । ਚਾਰ ਚੁਫੇਰੇ ਖੌਫ਼ ਭਾਰੀ ਸੀ । ਹਰ ਸੰਸਥਾ ਵਿੱਚ ਤਨਖਾਹਦਾਰ ਗੌਰਮਿੰਟੀ ਏਜੰਟ ਘੁਸ ਆਏ ਸਨ। ਫਿਰ ਵੀ ਦੇਸ਼ ਹਿੱਤ ਕੀਤੀਆਂ ਕੁਰਬਾਨੀਆਂ ਕਦੀ ਵਿਅਰਥ ਨਹੀਂ ਜਾਂਦੀਆਂ । ਆਜ਼ਾਦੀ ਦੀ ਵੇਦੀ ’ਤੇ ਦਿੱਤੀ ਗਈ ਬਲੀ ਓੜਕ ਨੂੰ ਗ਼ਦਰੀ ਬਹਾਦਰਾਂ ਦਾ ਖੂਨ ਇਤਨਾ ਗਰਮ ਤੇ ਭੜਕਾਊ ਨਿਕਲਿਆ  ਕਿ ਭਾਵੇਂ ਗੌਰਮਿੰਟ ਵੱਲੋਂ ਇਸ ਨੂੰ ਯਖ ਕਰਨ ਦੇ ਬੇਓੜਕ ਯਤਨ ਕੀਤੇ ਗਏ ਪਰ ਇਹ ਪਿਘਲ ਕੇ ਦੇਸ਼ ਵਾਸੀਆਂ ਦੀ ਰਗ-ਰਗ ਵਿੱਚ ਧਸ ਗਿਆ । 1919 ਅਪ੍ਰੈਲ ਦੀ ਬਗ਼ਾਵਤ ਨੇ ਦੱਸ ਦਿੱਤਾ ਕਿ ਪੰਜਾਬੀ ਆਜ਼ਾਦੀ ਦੀ ਕਿਤਨੀ ਕੁ ਕੀਮਤ ਤਾਰ ਸਕਦੇ ਹਨ । ... ”
               
ਜੇ ਗ਼ਦਰੀ ਬਾਬਿਆਂ ਦੇ ਡੁੱਲ੍ਹੇ ਖੂਨ ਨੇ 1919 ਦੀ ਬਗ਼ਾਵਤ ਲਈ ਭੋਇਂ ਤਿਆਰ ਕੀਤੀ ਤਾਂ ਕਹਿ ਸਕਦੇ ਹਾਂ 1919 ਦੀ ਖੂਨੀ ਵਿਸਾਖੀ ਤੇ ਬਗ਼ਾਵਤ ਨੇ ੳੁਧਮ ਸਿੰਘ ਤੇ ਭਗਤ ਸਿੰਘ ਜਿਹੇ ਸੂਰਮੇ-ਜੁਝਾਰਾਂ ਨੂੰ ਜਨਮ ਦੇ ਕੇ ਇਤਿਹਾਸ ਨੂੰ ਅੱਗੇ ਤੋਰਿਆ। ਇਤਿਹਾਸ ਇਹ ਵੀ ਦੱਸਦਾ ਹੈ ਕਿ ਜਦੋਂ ਪੰਜਾਬ ਤੇ ਦੇਸ਼ ਲੋਕ ਰੌਲਟ ਅੈਕਟ ਅਤੇ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਖਿਲਾਫ਼ ਜੂਝ ਰਹੇ ਸਨ ਉਦੋਂ ਪੰਜਾਬ ਦੇ  ਰਾਜੇ-ਰਜਵਾੜਿਆਂ, ਜਗੀਰਦਾਰਾਂ, ਸ਼ਾਹੂਕਾਰਾਂ, ਰਾੲੇ ਬਹਾਦਰਾਂ, ਖਾਨ ਬਹਾਦਰਾਂ, ਸਰਦਾਰ ਬਹਾਦਰਾਂ ਤੇ ਪਰੋਹਿਤਾਂ ਦੀ ਇੱਕ ਪੂਰੀ ਜਮਾਤ ਜਨਰਲ ਡਾਇਰ ਤੇ ਗਵਰਨਰ ਓਡਵਾਇਰ ਸਮੇਤ ਅੰਗਰੇਜ਼ ਹਕੂਮਤ ਦੀ ਹੱਥਠੋਕਾ ਬਣੀ ਹੋਈ ਸੀ।
          
ਇਸੇ ਲਈ ਜ਼ਲ੍ਹਿਆਂਵਾਲਾ ਬਾਗ਼ ਦੇ ਸਾਕੇ ਦੀ 100ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕਰਨ ਦੇ ਖੇਖਣ ਤਾਂ ਉਹ ਲੋਕ ਵੀ ਕਰਨਗੇ ਜਿਨ੍ਹਾਂ ਪੂਰਵਜ਼ ਅੰਗਰੇਜ਼ੀ ਰਾਜ ਦੌਰਾਨ ਟੋਡੀ ਬੱਚੇ ਬਣ ਕੇ ਅੰਗਰੇਜ਼ੀ ਰਾਜ ਦੀ ਸੇਵਾ ਕਰਦੇ ਰਹੇ ਸਨ ਤੇ ਉਹ ਲੋਕ ਵੀ ਕਰਨਗੇ ਜਿਹੜੇ ਉਸ ਵਕਤ ਵੀ ਹਿੰਦੂ-ਮੁਸਲਿਮ ਏਕਤਾ ਨੂੰ ਤਾਰ-ਤਾਰ ਕਰਨ ਵਿੱਚ ਜੁਟੇ ਰਹੇ ਸਨ ਤੇ ਅੱਜ ਵੀ ਹਿੰਦੂ ਫ਼ਾਸ਼ੀਵਾਦ ਦੇ ਝੰਡਾਬਰਦਾਰ ਬਣ ਕੇ ਦੇਸ਼ ਦੇ ਘੱਟ-ਗਿਣਤੀ ਭਾਈਚਾਰਿਆਂ, ਦਲਿਤਾਂ ਤੇ ਜਮਹੂਰੀ ਅਤੇ ਖੱਬੇ ਪੱਖੀ ਲੋਕਾਂ ’ਤੇ ਹਮਲੇ ਕਰ ਰਹੇ ਹਨ ਅਤੇ ਹਰ ਕਿਸੇ ਦੀ ਜ਼ੁਬਾਨਬੰਦੀ ਕਰ ਰਹੇ ਹਨ । ਪਰ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ  ਉਨ੍ਹਾਂ ਦੇ ਸਾਮਰਾਜਵਾਦ ਵਿਰੋਧ ਦੇ ਜਜ਼ਬੇ, ਅੰਗਰੇਜ ਹਕੂਮਤ ਕਾਲ਼ੇ ਕਾਨੂੰਨਾਂ ਤੇ ਜਾਬਰ ਕਦਮਾਂ ਵਿਰੁੱਧ ਹਿੱਕਾਂ ਡਾਹ ਕੇ ਖੜ੍ਹਨ, ਆਜ਼ਾਦੀ ਦੀ ਰੀਝ, ਹਿੰਦੂ-ਮੁਸਲਿਮ-ਸਿੱਖਾਂ ਦੀ ਇੱਕਜੁੱਟਤਾ ਅਤੇ ਆਜ਼ਾਦੀ-ਬਰਾਬਰੀ ਤੇ ਭਾਈਚਾਰਕ ਸਾਂਝਾਂ 'ਤੇ ਆਧਾਰਿਤ ਨਵਾਂ ਨਰੋਆ ਸਮਜ ਸਿਰਜਣ ਦੇ ਸੰਗਰਾਮੀ ਝੰਡੇ ਨੂੰ ਬੁਲੰਦ ਕਰਨਾ ਹੈ।

ਸੰਪਰਕ: +91 94175 88616

Comments

FcqBP

Meds information for patients. What side effects? <a href="https://prednisone4u.top">how to get prednisone prices</a> in Canada. Best what you want to know about medicine. Read information now. <a href=http://audit.tsu.ac.th/page_comment_webboard.php?cat_id=23&id=953>Some news about medicament.</a> <a href=https://almohaimeed.net/m/ar/57>Some trends of drugs.</a> <a href=https://gilsongoncalves.com.br/forum/topico/esocial-cartilha-de-procedimentos-escritorio-contabil-x-empresa-cliente/?part=49#postid-194295>All information about medicines.</a> 1da82_c

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ