Sun, 18 February 2018
Your Visitor Number :-   1142584
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਮੀਡੀਆ ਦੀ ਸੰਵੇਦਨਹੀਣ ਕਵਰੇਜ? - ਗੋਬਿੰਦਰ ਸਿੰਘ ਢੀਂਡਸਾ

Posted on:- 15-10-2017

suhisaver

ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਅਤੇ ਇਸ ਦੀ ਆਪਣੀ ਜ਼ਿੰਮੇਵਾਰੀ ਪ੍ਰਤੀ ਵੱਚਨਬੱਧਤਾ ਸਿਹਤਮੰਦ ਲੋਕਤੰਤਰ ਲਈ ਜ਼ਰੂਰੀ ਹੈ। ਇਹ ਵਿਡੰਬਨਾ ਹੀ ਹੈ ਕਿ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਦੀ ਇੱਕ ਹੱਦ ਤੋਂ ਵੱਧ ਅਤੇ ਸੰਵੇਦਨਹੀਣ ਮੀਡੀਆ ਕਵਰੇਜ ਹੋਈ, ਜੋ ਕਿ ਇਲੈੱਕਟ੍ਰੋਨਿਕ ਮੀਡੀਆ ਦੀ ਕਵਰੇਜ ਤੇ ਸਵਾਲ ਖੜ੍ਹਾ ਕਰਦੀਆਂ ਹਨ ਕਿ ਕੀ ਮੀਡੀਆ ਆਪਣੀ ਜ਼ਿੰਮੇਵਾਰੀ ਪ੍ਰਤੀ ਸੰਜੀਦਾ ਹੈ? ਸਾਡੇ ਦੇਸ਼ ਵਿੱਚ ਅਜਿਹੀਆਂ ਕਈ ਘਟਨਾਵਾਂ ਹੁੰਦੀਆਂ ਹਨ ਜੋ ਕਿ ਖਬਰ ਬਣ ਸਕਦੀਆਂ ਹਨ ਪਰਤੂੰ ਉਹ ਖਬਰ ਨਹੀਂ ਬਣਦੀਆਂ। ਅਜਿਹੇ ਬਹੁਤ ਮਾਮਲੇ ਦੱਬੇ ਰਹਿ ਜਾਂਦੇ ਹਨ ਜਿਹਨਾਂ ਨੂੰ ਜੇਕਰ ਸੰਜੀਦਗੀ ਨਾਲ ਨਿਊਜ਼ ਕਵਰੇਜ ਮਿਲੇ ਤਾਂ ਉਹ ਸਮਾਜ ਅਤੇ ਦੇਸ ਹਿਤੈਸ਼ੀ ਕਦਮ ਸਾਬਤ ਹੋ ਸਕਦੇ ਹਨ। ਸ਼ੀਨਾ ਬੋਰਾ ਹੱਤਿਆਕਾਂਡ, ਆਰੂਸ਼ੀ-ਹੇਮਰਾਜ ਦੀ ਹੱਤਿਆ ਵਿੱਚ ਮੀਡੀਆ ਦੀ ਕਵਰੇਜ ਤੇ ਸਵਾਲ ਉੱਠਦੇ ਰਹੇ ਹਨ। ਅਯੋਕੇ ਸਮੇਂ ਦਾ ਇਹ ਵੀ ਦੁਖਾਂਤ ਹੈ ਕਿ ਨਿਊਜ਼ ਟੀ.ਵੀ. ਚੈੱਨਲਾਂ ਉਪੱਰ ਚੱਲਦੇ ਕੁਝ ਪ੍ਰੋਗਰਾਮ ਲੋਕਾਂ ਵਿੱਚ ਵਿਗਿਆਨਿਕਤਾ, ਤਰਕ ਪੈਦਾ ਕਰਨ ਦੀ ਬਜਾਏ ਆਸਥਾ ਦੇ ਨਾਂ ਹੇਠ ਅੰਧ ਵਿਸ਼ਵਾਸ਼ ਨੂੰ ਬੜਾਵਾ ਦੇ ਰਹੇ ਹਨ।

ਇਹ ਕਹਿਣਾ ਕੋਈ ਅੱਤਕੱਥਨੀ ਨਹੀਂ ਹੋਵੇਗੀ ਕਿ ਟੀ.ਆਰ.ਪੀ. ਦੇ ਦੌਰ ਵਿੱਚ ਕੁਝ ਵਿਸ਼ੇਸ਼ ਮਾਮਲਿਆ ਵਿੱਚ ਅਯੋਕੀ ਮੀਡੀਆ ਕਵਰੇਜ, ਮੀਡੀਆ ਦੀ ਜ਼ਿੰਮੇਵਾਰੀ ਦੀ ਸੰਵੇਦਨਾ ਨਾਲ ਇਨਸਾਫ਼ ਕਰਦੀ ਨਹੀਂ ਜਾਪਦੀ। ਜਿਵੇਂ ਜਿਵੇਂ ਚੈਨਲ ਵਧੇ ਹਨ ਤਾਂ ਉਹਨਾਂ ਦੀ ਇੱਕ ਦੂਜੇ ਨਾਲ ਪ੍ਰਤੀਯੋਗਤਾ ਸ਼ੁਰੂ ਹੋ ਗਈ ਹੈ ਅਤੇ ਟੀ.ਆਰ.ਪੀ. ਦੇ ਚੱਕਰ ਵਿੱਚ ਖਬਰਾਂ ਜਾਂ ਪ੍ਰੋਗਰਾਮਾਂ ਦੀ ਗੁਣਵੱਤਾ ਅਤੇ ਮਿਆਰੀਕਰਣ ਲਾਂਭੇ ਕਰ ਦਿੱਤਾ ਜਾਂਦਾ ਹੈ। ਇਹ ਤ੍ਰਾਸਦੀ ਹੈ ਕਿ ਮੀਡੀਆ ਦਾ ਸਾਰਾ ਧਿਆਨ ਜਿਆਦਾ ਤੋਂ ਜ਼ਿਆਦਾ ਨੰਬਰ ਇੱਕ ਚੈੱਨਲ ਬਣਨ ਅਤੇ ਵੱਧ ਤੋਂ ਵੱਧ ਆਮਦਨੀ ਦੇ ਕੇਂਦਰਿਤ ਹੋ ਕੇ ਰਹਿ ਗਿਆ ਹੈ, ਆਮਦਨੀ ਦਾ ਸਿੱਧਾ ਸੰਬੰਧ ਟੀ.ਆਰ.ਪੀ. ਨਾਲ ਹੈ ਜੋ ਕਿਸੇ ਤੋਂ ਛੁਪਿਆ ਨਹੀਂ ਹੈ।

ਤਾਜ਼ਾ ਘਟਨਾਕ੍ਰਮ ਵਿੱਚ ਹਨੀਪ੍ਰੀਤ ਇੰਸਾਂ ਨਾਲ ਸੰਬੰਧਤ ਮੀਡੀਆ ਦੀ ਕਵਰੇਜ ਸਵਾਲਾਂ ਹੇਠ ਆਉਂਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਕੋਈ ਅਪਰਾਧ ਕਰਦਾ ਹੈ ਤਾਂ ਉਹ ਸਜ਼ਾ ਦਾ ਭਾਗੀਦਾਰ ਹੈ ਅਤੇ ਸਜ਼ਾ ਮਿਲਣੀ ਵੀ ਚਾਹੀਦੀ ਹੈ। ਪਰੰਤੂ ਇਸ ਮਾਮਲੇ ਵਿੱਚ ਮੀਡੀਆ ਵੱਲੋਂ ਕੀਤੀ ਗਈ ਅਸ਼ਲੀਲ ਸ਼ਬਦਾਵਲੀ ਭਰਪੂਰ ਕਵਰੇਜ ਕਦੇ ਵੀ ਸਹੀ ਨਹੀਂ ਠਹਿਰਾਈ ਜਾ ਸਕਦੀ। ਕੁਝ ਸਾਲ ਪਹਿਲਾਂ ਇੱਕ ਇੰਟਰਵਿਊ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪ੍ਰਸਿੱਧ ਰਾਜਨੀਤੀ ਸ਼ਾਸਤਰੀ ਰਜਨੀ ਕੋਠਾਰੀ ਨੇ ਕਿਹਾ ਸੀ ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਖਰਾਬ ਨਜ਼ਰੀਆ ਔਰਤਾਂ ਪ੍ਰਤੀ ਹੈ ਜੋ ਕਿ ਅਯੋਕੇ ਸਮੇਂ ਵੀ ਸਹੀ ਢੁੱਕਦਾ ਹੈ। ਮੀਡੀਆ ਦੀ ਭੂਮਿਕਾ ਅਜਿਹੀ ਚਾਹੀਦੀ ਹੈ ਕਿ ਉਹ ਔਰਤਾਂ ਪ੍ਰਤੀ ਨਜ਼ਰੀਏ ਨੂੰ ਸੰਜੀਦਗੀ ਨਾਲ ਰੱਖੇ ਪਰੰਤੂ ਇਹ ਦੁਖਾਂਤ ਹੈ ਕਿ ਇਹ ਔਰਤਾਂ ਦੀ ਨਿੱਜੀ ਜਿੰਦਗੀ ਦੇ ਸੱਚੇ ਝੂਠੇ ਪੰਨਿਆਂ ਨੂੰ ਟੀ.ਆਰ.ਪੀ. ਦੀ ਖਾਤਰ ਸੜਕ ਤੇ ਖੜ ਕੇ ਵੇਚਣਾ ਚਾਹੁੰਦੀ ਹੈ ਜੋ ਕਿ ਸ਼ਰਮਨਾਕ ਹੈ। ਸੰਬੰਧਤ ਮਾਮਲੇ ਵਿੱਚ ਵੱਖੋ ਵੱਖਰੇ ਚੈੱਨਲਾਂ ਦੇ ਚੱਲੇ ਪ੍ਰੋਗਰਾਮ ਅਤੇ ਉਹਨਾਂ ਦੇ ਸਿਰਲੇਖ ਮੀਡੀਆ ਦੀ ਜ਼ਿੰਮੇਵਾਰੀ ਤੋਂ ਦੂਰ ਸਿਰਫ ਟੀ.ਆਰ.ਪੀ. ਦੀ ਅੰਨੀ ਲਾਲਸਾ ਨੂੰ ਦਰਸਾ ਰਹੇ ਸੀ ਅਤੇ ਉਹ ਭੁੱਲ ਰਹੇ ਸੀ ਕਿ ਇਹ ਔਰਤ ਹੈ। ਜੇਕਰ ਅਪਰਾਧ ਕੀਤਾ ਹੈ ਤਾਂ ਕੋਰਟ ਉਸ ਨੂੰ ਸਜ਼ਾ ਦੇਵੇਗਾ ਪਰੰਤੂ ਇੱਕ ਔਰਤ ਨੂੰ ਸਮਾਜ ਵਿੱਚ ਬਦਨਾਮ ਕਰਨ ਦਾ ਹੱਕ ਮੀਡੀਆ ਨੂੰ ਕਿਸਨੇ ਦੇ ਦਿੱਤਾ?

ਮੀਡੀਆ ਦਾ ਇਸ ਮਾਮਲੇ ਵਿੱਚ ਅਸ਼ਲੀਲਤਾ ਭਰਪੂਰ ਸ਼ਬਦਾਵਲੀ ਅਤੇ ਪ੍ਰੋਗਰਾਮਾਂ ਨੇ ਜਿਨ੍ਹਾਂ ਔਰਤਾਂ ਜਾਂ ਬੱਚੀਆਂ ਦਾ ਨਾਂ ਹਨੀ ਜਾਂ ਹਨੀਪ੍ਰੀਤ ਹੈ, ਉਹਨਾਂ ਦੇ ਵੀ ਗਹਿਰਾ ਅਸਰ ਪਾਇਆ ਹੈ, ਉਹ ਆਪਣਾ ਨਾਮ ਦੱਸਣ ਤੋਂ ਝਿਝਕਦੀਆਂ ਹਨ। ਕੀ ਅਜੇ ਵੀ ਮੀਡੀਆਂ ਦੀ ਗੈਰ ਜ਼ਿੰਮੇਵਾਰਾਨਾ ਕਵਰੇਜ ਨੂੰ ਸਹੀ ਕਿਹਾ ਜਾ ਸਕਦਾ ਹੈ?

ਮੀਡੀਆ ਦੇ ਨਾਲ ਨਾਲ ਅਸੀਂ ਵੀ ਉਨੇ ਹੀ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਵੀ ਚਟਕਾਰੇ ਲੈ ਲੈ ਖਬਰਾਂ ਸੁਣੀਆਂ ਹਨ, ਕਦੇ ਇਹ ਸੋਚਿਆ ਕਿ ਇਸ ਔਰਤ ਦਾ ਵੀ ਪਰਿਵਾਰ, ਰਿਸ਼ਤੇਦਾਰ ਹੋਣਗੇ, ਜੇਕਰ ਇਸ ਦੀ ਥਾਂ ਸਾਡੇ ਨਾਲ ਸੰਬੰਧਤ ਕੋਈ ਔਰਤ ਹੁੰਦੀ ਤਾਂ ਵੀ ਸਾਡਾ ਵਿਵਹਾਰ ਏਦਾਂ ਹੁੰਦਾ? ਇੱਥੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਕੀ ਦੇਖ ਰਹੇ ਹਾਂ? ਸੀਨੀਅਰ ਪੱਤਰਕਾਰ ਆਸ਼ੂਤੋਸ਼ ਤਿਵਾਰੀ ਦੇ ਸ਼ਬਦਾਂ ਵਿੱਚ "ਸਾਨੂੰ ਖੁਦ ਨੂੰ ਪੁੱਛਣਾ ਚਾਹੀਦਾ ਹੈ ਕਿ ਅਸੀਂ ਮੁਰਦਾ ਦਰਸ਼ਕ ਹਾਂ? ਜਾਂ ਮੀਡੀਆ ਨੇ ਸਾਨੂੰ ਚੱਲਦਾ ਫਿਰਦਾ ਜੌਂਬੀ ਬਣਾ ਦਿੱਤਾ ਹੈ। ਜੇਕਰ ਅਜਿਹਾ ਨਹੀਂ ਤਾਂ ਸਾਡੇ ਅੰਦਰ ਦੇ ਦਰਸ਼ਕ ਨੂੰ ਖਬਰਾਂ ਦੀ ਦੁਨੀਆਂ ਦੀ ਵੀ ਖਬਰ ਲੈਣੀ ਚਾਹੀਦੀ ਹੈ।"

ਸੋ ਨਿਊਜ਼ ਚੈੱਨਲਾਂ ਨੂੰ ਸੰਜੀਦਗੀ ਨਾਲ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਜੋ ਖਬਰ ਦਿਖਾਈ ਜਾ ਰਹੀ ਹੈ ਉਹ ਸੱਚ ਹੋਵੇ ਅਤੇ ਕਿਸੇ ਅਫਵਾਹ ਨੂੰ ਤਵੱਜੋ ਨਹੀਂ ਦੇਣੀ ਚਾਹੀਦੀ। ਆਪਣੇ ਪ੍ਰੋਗਰਾਮ ਦੁਆਰਾ ਕਿਸੇ ਨੂੰ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਅਤੇ ਭਾਸ਼ਾ ਦੀ ਮਰਿਆਦਾ ਬਣਾਏ ਰੱਖਣੀ ਚਾਹੀਦੀ ਹੈ। ਅਜਿਹੇ ਪ੍ਰੋਗਰਾਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਤੋਂ ਦੇਸ਼ ਅਤੇ ਸਮਾਜ ਕੁਝ ਸਿੱਖ, ਨਾ ਕਿ ਖਬਰਾਂ ਦੇ ਨਾਂ ਤੇ ਅਸ਼ਲੀਲਤਾ ਜਾਂ ਅੰਧ ਵਿਸ਼ਵਾਸ ਦਿਖਾਇਆ ਜਾਵੇ।
                                        
ਸੰਪਰਕ: +91 92560 66000

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ