Mon, 26 February 2024
Your Visitor Number :-   6870066
SuhisaverSuhisaver Suhisaver

ਸੰਸਾਰੀਕਰਨ ਦੇ ਨਾਂ ਹੇਠ ਦੂਜੇ ਸੱਭਿਆਚਾਰਾਂ ਨੂੰ ਨਿਗਲ ਰਿਹਾ ਪੱਛਮੀ ਸਾਮਰਾਜੀ ਸੱਭਿਆਚਾਰ -ਡਾ. ਸਵਰਾਜ ਸਿੰਘ

Posted on:- 29-09-2014

suhisaver

ਅਜੋਕਾ ਸੰਸਾਰੀਕਰਨ ਇੱਕ ਸੱਚਾ ਸੰਸਾਰੀਕਰਨ ਨਹੀਂ ਹੈ, ਸਗੋਂ ਸੰਸਾਰੀਕਰਨ ਦੇ ਨਾਂ ਹੇਠ ਦੂਜੇ ਸਭਿਆਚਾਰਾਂ ’ਤੇ ਪੱਛਮੀ ਸਾਮਰਾਜੀ ਸਭਿਆਚਾਰਕ ਹਮਲਾ ਹੈ। ਇਸ ਸਭਿਆਚਾਰਕ ਹਮਲੇ ਦਾ ਮੰਤਵ ਦੂਜੇ ਸਭਿਆਚਾਰਾਂ ਦੀ ਵਿਲੱਖਣਤਾ ਅਤੇ ਉਸ ਦੀਆਂ ਕਦਰਾਂ ਕੀਮਤਾਂ ਨੂੰ ਖੋਰਨਾ ਹੈ ਅਤੇ ਉਨ੍ਹਾਂ ਨੂੰ ਸਭਿਆਚਾਰਕ ਤੌਰ ’ਤੇ ਗੁਲਾਮ ਬਣਾਉਣਾ ਹੈ। ਸਭਿਆਚਾਰਕ ਗੁਲਾਮੀ, ਜਿਸਮਾਨੀ ਅਤੇ ਆਰਥਿਕ ਗੁਲਾਮੀ ਨਾਲੋਂ ਵੀ ਮਾੜੀ ਹੁੰਦੀ ਹੈ। ਸ਼ਾਇਦ ਇਹ ਕਹਿਣਾ ਅਤਿਕਥਨੀ ਨਾ ਹੋਵੇ ਕਿ ਜਿਸਮਾਨੀ ਗੁਲਾਮੀ ਸਰੀਰ ਦੀ ਗੁਲਾਮੀ ਹੈ, ਆਰਥਿਕ ਗੁਲਾਮੀ ਮਨ ਦੀ ਗੁਲਾਮੀ ਹੈ ਪਰ ਸਭਿਆਚਾਰਕ ਗੁਲਾਮੀ ਰੂਹ ਦੀ ਗੁਲਾਮੀ ਹੈ। ਰੂਹ ਦੀ ਗੁਲਾਮੀ ਤੋਂ ਮੇਰਾ ਭਾਵ ਹੈ ਕਿ ਜਦੋਂ ਨਾ ਸਿਰਫ਼ ਗੁਲਾਮ ਹੋਣ ਵਾਲੇ ਨੂੰ ਇਹ ਅਹਿਸਾਸ ਹੀ ਨਾ ਹੋਵੇ ਕਿ ਉਹ ਗੁਲਾਮ ਹੈ ਸਗੋਂ ਉਹ ਗੁਲਾਮ ਹੋ ਕੇ ਇੱਕ ਤਰ੍ਹਾਂ ਨਾਲ ਮਾਣ ਮਹਿਸੂਸ ਕਰਨ ਲੱਗ ਪਏ।

ਸਮੁੱਚੇ ਤੌਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਬਸਤੀਵਾਦੀ ਗੁਲਾਮੀ ਜਿਸਮਾਨੀ ਗੁਲਾਮੀ ਸੀ, ਸਾਮਰਾਜੀ ਗੁਲਾਮੀ ਆਰਥਿਕ ਗੁਲਾਮੀ ਸੀ ਅਰਥਾਤ ਮਨ ਦੀ ਗੁਲਾਮੀ ਸੀ ਅਤੇ ਸੰਸਾਰੀਕਰਨ ਦੀ ਗੁਲਾਮੀ ਸਭਿਆਚਾਰਕ ਅਰਥਾਤ ਰੂਹ ਦੀ ਗੁਲਾਮੀ ਹੈ, ਰਵਾਇਤੀ ਸਾਮਰਾਜ ਨਾਲੋਂ ਸੰਸਾਰੀਕਰਨ ਦਾ ਇਹ ਹੀ ਵੱਡਾ ਫਰਕ ਹੈ ਕਿ ਜਿੱਥੇ ਰਵਾਇਤਾਂ ਸਾਮਰਾਜੀ ਮੁੱਖ ਤੌਰ ’ਤੇ ਆਰਥਿਕ ਹਮਲਾ ਸੀ ਉਥੇ ਸੰਸਾਰੀਕਰਨ ਦੇ ਨਾਂ ਹੇਠ ਸਾਮਰਾਜੀ ਹਮਲੇ ਵਿੱਚ ਆਰਥਿਕ ਹਮਲੇ ਦੇ ਨਾਲ ਨਾਲ ਸਭਿਆਚਾਰਕ ਅਤੇ ਤਕਨਾਲੋਜੀ ਦੇ ਹਮਲੇ ਵੀ ਸ਼ਾਮਲ ਹੋ ਗਏ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਸੰਸਾਰੀਕਰਨ ਦੇ ਸਾਮਰਾਜੀ ਹਮਲੇ ਦਾ ਮੁੱਖ ਪੱਖ ਸਭਿਆਚਾਰਕ ਹਮਲਾ ਹੈ। ਸਭਿਆਚਾਰਕ ਗੁਲਾਮੀ ਦਾ ਸ਼ਿਕਾਰ ਲੋਕ ਇਹ ਨਹੀਂ ਮਹਿਸੂਸ ਕਰਦੇ ਕਿ ਉਹ ਸਭਿਆਚਾਰਕ ਤੌਰ ’ਤੇ ਗੁਲਾਮ ਹੋ ਗਏ ਹਨ ਸਗੋਂ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹ ਸਭਿਆਚਾਰਕ ਤੌਰ ’ਤੇ ਵਿਕਸਤ ਹੋ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਮਾਡਰਨ ਹੋ ਗਏ ਹਨ ਅਤੇ ਉਨ੍ਹਾਂ ਨੇ ਪੁਰਾਤਨਤਾ ਤੋਂ ਆਧੁਨਿਕਤਾ ਵੱਲ ਵੱਡੀ ਛਾਲ ਮਾਰੀ ਹੈ।

ਅੱਜ ਸਾਡੇ ਭਾਈਚਾਰੇ ਵਿੱਚ ਸਭਿਅਕ ਹੋਣ ਦਾ ਪੈਮਾਨਾ ਹੀ ਪੱਛਮੀਕਰਨ ਦਾ ਪੱਧਰ ਹੈ। ਅੰਗਰੇਜ਼ੀ ਬੋਲੀ, ਪੱਛਮੀ ਪਹਿਰਾਵਾ ਅਤੇ ਪੱਛਮੀ ਰਹਿਣੀ ਬਹਿਣੀ ਜ਼ਿਆਦਾ ਸਭਿਅਕ ਹੋਣ ਦੇ ਪ੍ਰਤੀਕ ਬਣ ਗਏ ਹਨ, ਕੁਝ ਲੋਕ ਇਹ ਵੀ ਕਹਿ ਸਕਦੇ ਹਨ ਕਿ ਅੱਜ ਤਾਂ ਟੀਵੀ ਅਤੇ ਫ਼ਿਲਮਾਂ ਵਿੱਚ ਪੰਜਾਬੀ ਗਾਣੇ ਤੇ ਪੰਜਾਬੀ ਲੋਕਨਾਚ ਭੰਗੜਾ ਅਤੇ ਗਿੱਧਾ ਆਦਿ ਇੰਨੇ ਹਰਮਨ ਪਿਆਰੇ ਹੋ ਚੁੱਕੇ ਹਨ ਸੋ ਅਸੀਂ ਕਿਵੇਂ ਆਪਣਾ ਸਭਿਆਚਾਰ ਗਵਾਇਆ ਹੈ। ਪਰ ਇਹ ਫੈਸਲਾ ਸਿਰਫ਼ ਇਸ ਪ੍ਰਤੱਖ ਸਚਾਈ ਦੇ ਆਧਾਰ ’ਤੇ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਤੱਥ ਨੂੰ ਹੋਰ ਡੂੰਘਾਈ ਨਾਲ ਘੋਖਣ ਦੀ ਲੋੜ ਹੈ। ਇਹ ਲੋਕ ਗੀਤ ਅਤੇ ਲੋਕ ਨਾਚ ਆਪਣਾ ਮੂਲ ਆਧਾਰ ਤੇ ਮੂਲ ਰੂਪ ਜ਼ਿਆਦਾਤਰ ਗੁਆ ਚੁੱਕੇ ਹਨ। ਇਨ੍ਹਾਂ ਦੀ ਮੌਲਿਕਤਾ ਨੂੰ ਡਿਸ਼ਕੋ ਬੀਟ ਨੇ ਖੋਰਾ ਲਾਇਆ ਹੈ। ਜੇ ਕੋਈ ਮਾੜੀ ਮੋਟੀ ਸ਼ੱਕ ਦੀ ਗੁੰਜਾਇਸ਼ ਬਾਕੀ ਹੈ ਤਾਂ ਉਨ੍ਹਾਂ ਲੋਕ ਗੀਤਾਂ ਅਤੇ ਲੋਕ ਨਾਚਾਂ ਨਾਲ ਜੁੜੇ ਹੋਏ ਪ੍ਰਤੀਬਿੰਬ ਤੇ ਅਕਸ ਜੋ ਟੀਵੀ ਅਤੇ ਫਿਲ਼ਮਾਂ ਵਿੱਚ ਉਭਾਰੇ ਜਾਦੇ ਹਨ ਉਨ੍ਹਾਂ ਦਾ ਸਾਡੇ ਸਭਿਆਚਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਉਦਾਹਰਣ ਵਜੋਂ ਲੋਕ ਨਾਚਾਂ ਨੂੰ ਹੀ ਲੈ ਲਓ। ਪੱਛਮੀ ਸਭਿਅਤਾ ਵਿੱਚ ਡਾਂਸ, ਨਾਚ ਦੀ ਸਾਡੀ ਸਭਿਅਤਾ ਨਾਲੋਂ ਵੱਖਰੀ ਮਹੱਤਤਾ ਹੈ ਵੱਖਰਾ ਸਥਾਨ ਹੈ। ਕਿਸੇ ਵੀ ਇਕੱਠ ਵਿੱਚ ਖਾਣਾ ਅਤੇ ਨੱਚਣਾ ਉਨ੍ਹਾਂ ਦੀ ਪ੍ਰੰਪਰਾ ਬਣ ਚੁੱਕੀ ਹੈ। ਇਸ ਲਈ ਕਿਸੇ ਵੀ ਸਮਾਜਿਕ ਜਾਂ ਘਰੇਲੂ ਇਕੱਠ ਵਿੱਚ ਡਿਨਰ ਐਂਡ ਡਾਂਸ ਇਕ ਸੁਭਾਵਿਕ ਗੱਲ ਲੱਗਦੀ ਹੈ। ਪਰ ਸਾਡੇ ਸਭਿਆਚਾਰ ਵਿੱਚ ਅਜਿਹਾ ਨਹੀਂ ਸੀ। ਲੋਕਾਂ ਗੀਤਾਂ ਅਤੇ ਲੋਕ ਨਾਚਾਂ ਦਾ ਇਕ ਆਪਣਾ ਸਥਾਨ ਸੀ ਅਤੇ ਆਪਣੀ ਮਹੱਤਤਾ ਸੀ। ਜੇ ਇਕ ਪਰਿਵਾਰ ਇਕ ਦੋ ਹੋਰ ਪਰਿਵਾਰਾਂ ਨੂੰ ਘਰ ਖਾਣੇ ਤੋਂ ਬੁਲਾਂਦਾ ਸੀ ਤਾਂ ਉਸ ਦਾ ਮੁੱਖ ਮੰਤਵ ਗੱਲਾਂ ਬਾਤਾਂ ਹੀ ਹੁੰਦਾ ਸੀ। ਪਰ ਹੁਣ ਅਜਿਹੇ ਇਕੱਠ ਜ਼ਿਆਦਾਤਰ ਪੱਛਮੀ ਢੰਗ ਦੇ ਡਿਨਰ ਡਾਂਸ ਵਿੱਚ ਤਬਦੀਲ ਹੋ ਚੁੱਕੇ ਹਨ। ਖਾਣੇ ਤੋਂ ਬਾਅਦ ਗੱਲਾਂ ਬਾਤਾਂ ਦੀ ਥਾਂ ਤੇ ਉਚੇ ਮਿਊਜ਼ਿਕ ਅਤੇ ਨੱਚਣ ਨੇ ਲੈ ਲਈ ਹੈ। ਇਹ ਸਮਾਜਿਕ ਤੌਰ ’ਤੇ ਸਵਿਕਿਰਤ ਹੋਈ ਜਾ ਰਿਹਾ ਹੈ। ਜੇ ਕੋਈ ਅਜਿਹੇ ਇਕੱਠਾਂ ਵਿੱਚ ਗੱਲਾਂ ਬਾਤਾਂ ਅਤੇ ਵਿਚਾਰ ਵਟਾਂਦਰੇ ਨੂੰ ਪਹਿਲ ਦੇਣਾ ਚਾਹੁੰਦਾ ਹੈ ਤਾਂ ਕਈ ਵਾਰੀ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਾਡੀਆਂ ਕਦਰਾਂ-ਕੀਮਤਾਂ ਕਿਸ ਹੱਦ ਤੱਕ ਬਦਲ ਚੁੱਕੀਆਂ ਹਨ ਮੈਂ ਉਸ ਦੀਆਂ ਕੁੱਝ ਉਦਾਹਰਣਾਂ ਦੇਣੀਆਂ ਚਾਹੁੰਦਾ ਹਾਂ। ਇਥੇ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਇਸ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਇਹ ਠੀਕ ਹੈ ਜਾਂ ਗਲਤ ਜਾਂ ਦੂਹਰੇ ਮਾਪਦੰਡਾਂ ਦਾ ਸਵਾਲ ਹੈ, ਸਗੋਂ ਮੈਂ ਤਾਂ ਸਿਰਫ਼ ਇਨ੍ਹਾਂ ਨੂੰ ਬਦਲ ਰਹੀਆਂ ਕਦਰਾਂ ਕੀਮਤਾਂ ਦੇ ਪ੍ਰਤੀਕ ਵਜੋਂ ਹੀ ਲੈ ਰਿਹਾ ਹਾਂ। ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਮੇਰਾ ਵਾਹ ਟੈਨਕਵਰ ਇਲਾਕੇ ਦੇ ਜੋ ਕਿ ਮੇਰੇ ਵਿਚਾਰ ਵਿੱਚ ਪ੍ਰਵਾਸੀ ਪੰਜਾਬੀਆਂ ਦਾ ਗੜ੍ਹ ਕਿਹਾ ਜਾ ਸਕਦਾ ਹੈ, ਦੇ ਪੰਜਾਬੀ ਭਾਈਚਾਰੇ ਨਾਲ ਰਿਹਾ ਹੈ। ਇਨ੍ਹਾਂ ਵਿੱਚੋਂ ਵੀ ਸਿਰਕੱਢ ਭਾਈਚਾਰੇ ਅਰਥਾਤ ਜੱਟ ਸਿੱਖ ਭਾਈਚਾਰੇ ਨੂੰ ਬਹੁਤ ਹੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਹੈ। ਇਸ ਭਾਈਚਾਰੇ ਵਿੱਚ ਔਰਤਾਂ ਦਾ ਸ਼ਰਾਬ ਪੀਣਾ, ਕੁੜੀਆਂ ਦੇ ਵਿਆਹ ਤੋਂ ਪਹਿਲਾਂ ਕਾਮੁਕ ਸਬੰਧ ਬਣਾਉਣਾ ਅਤੇ ਗੋਰਿਆਂ ਨਾਲ ਵਿਆਹ ਕਰਵਾਉਣਾ ਸਵਿਕਿਰਤ ਨਹੀਂ ਸਨ, ਪਰ ਨਵੀਂ ਪੀੜ੍ਹੀ ਦੀਆਂ ਕੁੜੀਆਂ ਵਿੱਚ ਇਹ ਗੱਲਾਂ ਆਮ ਜਿਹੀਆਂ ਬਣ ਗਈਆਂ ਹਨ ਅਤੇ ਕਈ ਪਰਿਵਾਰਾਂ ਵਿੱਚ ਸਵਿਕਿਰਤ ਵੀ ਹੋ ਚੁੱਕੀਆਂ ਹਨ।

ਸਾਨੂੰ ਲੋੜ ਹੈ ਆਧੁਨਿਕਤਾ ਦੇ ਨਾਮ ਹੇਠ ਹੋ ਰਹੇ ਸਾਮਰਾਜੀ ਸਭਿਆਚਾਰਕ ਹਮਲੇ ਦੀ ਸਚਾਈ ਨੂੰ ਨੰਗਾ ਕਰਨ ਦੀ। ਸਭਿਆਚਾਰ ਕੋਈ ਬੇਜਾਨ ਜਾਂ ਖੜੋਤ ਵਾਲੀ ਚੀਜ਼ ਨਹੀਂ ਅਤੇ ਇਸ ਦਾ ਨਿਰੰਤਰ ਵਿਕਾਸ ਵੀ ਹੁੰਦਾ ਰਹਿੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਸਭਿਆਚਾਰਾਂ ਵਿੱਚ ਅਦਾਨ-ਪ੍ਰਦਾਨ ਦੇ ਨਰੋਆ ਤੱਤਾਂ ਦੀ ਸੰਭਾਲ ਅਤੇ ਦੂਜੇ ਸਭਿਆਚਾਰਾਂ ਵਿੱਚ ਨਰੋਏ ਤੱਤਾਂ ਨੂੰ ਅਪਣਾਉਣਾ। ਪਰ ਅੱਜ ਇਸ ਦੇ ਬਿਲਕੁਲ ਉਲਟ ਹੋ ਰਿਹਾ ਹੈ, ਸੰਸਾਰੀਕਰਨ ਦੇ ਨਾਂ ਹੇਠ ਸਾਮਰਾਜੀ ਸਭਿਆਚਾਰ ਆਪਣੇ ਗਲੇ ਸੜੇ ਤੱਤ ਸਾਡੇ ’ਤੇ ਠੋਸ ਰਿਹਾ ਹੈ ਅਤੇ ਸਾਡੇ ਸਭਿਆਚਾਰ ਦੇ ਨਾਂਹ ਪੱਖੀ ਤੱਤਾਂ ਨੂੰ ਉਕਸਾ ਰਿਹਾ ਹੈ। ਇਸ ਨੂੰ ਅਸੀਂ ਸਭਿਆਚਾਰਕ ਵਿਕਾਸ ਨਹੀਂ ਸਗੋਂ ਨਿਘਾਰ ਹੀ ਕਹਿ ਸਕਦੇ ਹਾਂ। ਪੱਛਮੀ ਸਰਮਾਏਦਾਰੀ ਸਭਿਆਚਾਰਕ ਹਮਲੇ ਦਾ ਮੰਤਵ ਸੰਸਾਰ ਤੇ ਪੱਛਮੀ ਚੌਧਰ ਕਾਇਮ ਰੱਖਣਾ ਹੀ ਹੈ ਨਾ ਕਿ ਦੂਜੇ ਸਭਿਆਚਾਰਾਂ ਨੂੰ ਵਿਕਸਤ ਹੋਣ ਦਾ ਮੌਕਾ ਦੇਣਾ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ