Sat, 02 March 2024
Your Visitor Number :-   6881453
SuhisaverSuhisaver Suhisaver

ਕਈ ਲੋਕਾਂ ਨੂੰ ਮਾੜਾ ਲੱਗ ਸਕਦਾ ਹੈ ਬੀ ਬੀ ਸੀ ਦਾ ਬੰਦ ਹੋਣਾ -ਵਿਕਰਮ ਸਿੰਘ ਸੰਗਰੂਰ

Posted on:- 10-10-2012

suhisaver

ਨਵੇਂ ਵਰ੍ਹੇ ਦੀਆਂ ਖ਼ੁਸ਼ੀਆਂ ਨੂੰ ਮਨਾਇਆਂ ਭਾਰਤੀਆਂ ਨੂੰ ਹਾਲੇ ਬਹੁਤਾ ਸਮਾਂ ਨਹੀਂ ਸੀ ਹੋਇਆ ਕਿ ਸਾਲ 2011 ਦਾ ਪਹਿਲਾ ਮਹੀਨਾ ਹੀ ਭਾਰਤੀ ਸ਼ਾਰਟ-ਵੇਵ ਰੇਡੀਓ ਸਰੋਤਿਆਂ ਵਾਸਤੇ ਜਿਵੇਂ ਉਦਾਸੀ ਦੇ ਬੱਦਲ ਲੈ ਕੇ ਆ ਗਿਆ।ਗੱਲ ਇਹ ਸੀ ਕਿ 26 ਜਨਵਰੀ, 2011 ਨੂੰ  ਬੀ ਬੀ ਸੀ, ਯਾਨੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਫ਼ੰਡਾਂ ਵਿੱਚ ਆਈ ਕਮੀ ਕਾਰਨ ਆਪਣੇ ਰੇਡੀਓ ਦੀ ਹਿੰਦੀ ਸ਼ਾਰਟ-ਵੇਵ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਇਹ ਸੇਵਾਵਾਂ ਮਾਰਚ, 2011 ਦੇ ਅਖ਼ੀਰ ਤੱਕ ਬੰਦ ਕੀਤੀਆਂ ਜਾਣੀਆਂ ਸਨ।ਬੀ ਬੀ ਸੀ ਦੇ ਇਸ ਫ਼ੈਸਲੇ ਨੇ ਜਿੱਥੇ ਕਈ ਪੱਤਰਕਾਰਾਂ ਨੂੰ ਬੇਰੁਜ਼ਗਾਰੀ ਦੀ ਭੀੜ ਵਿੱਚ ਸ਼ੁਮਾਰ ਕਰਨਾ ਸੀ, ਉੱਥੇ ਭਾਰਤ ਵਿੱਚ ਵੱਸਦੇ ਆਪਣੇ ਅਜਿਹੇ ਅਣਗਿਣਤ ਸਰੋਤਿਆਂ ਦੇ ਕਲੇਜੇ ਵਿੱਚ ਵੀ ਸੱਟ ਮਾਰੀ, ਜੋ ਕਈ ਪੀੜ੍ਹੀਆਂ ਤੋਂ ਬੀ ਬੀ ਸੀ ਦੀ ਇਸ ਹਿੰਦੀ ਸ਼ਾਰਟ-ਵੇਵ ਰੇਡੀਓ ਸੇਵਾ ਨਾਲ ਜਜ਼ਬਾਤੀ ਤੌਰ ’ਤੇ ਜੁੜੇ ਹੋਏ ਸਨ।ਇਹੋ ਕਾਰਨ ਸੀ ਕਿ ਇਸ ਫ਼ੈਸਲੇ ਨੂੰ ਜਨਤਕ ਕਰਨ ਪਿੱਛੋਂ ਬੀ ਬੀ ਸੀ ਦੇ ਡਾਇਰੈਕਟਰ ਜਨਰਲ ਮਾਰਕ ਥਾਂਪਸਨ ਨੇ ਇਸ ਦਿਨ ਨੂੰ ‘ਦਰਦ ਭਰਿਆ ਦਿਨ’ ਕਿਹਾ ਸੀ।


       
ਬੇਸ਼ੱਕ ਕੁਝ ਦਿਨਾਂ ਪਿੱਛੋਂ ਬੀ ਬੀ ਸੀ ਨੇ ਆਪਣੇ ਇਸ ਫ਼ੈਸਲੇ ਵਿੱਚ ਬਦਲਾਓ ਲਿਆ ਕੇ ਸਿਰਫ਼ ਸ਼ਾਮ ਦੇ ਪ੍ਰੋਗਰਾਮ ਨੂੰ ਸ਼ਾਰਟ-ਵੇਵ ਉੱਤੇ ਥੋੜੇ ਹੋਰ ਸਮੇਂ ਲਈ ਪ੍ਰਸਾਰਿਤ ਕਰਨ ਵਾਸਤੇ ਹਾਮੀ ਭਰ ਦਿੱਤੀ ਸੀ, ਪਰ ਇਹ ‘ਕੁਝ ਦਿਨ’ ਭਾਰਤ ਵਿੱਚ ਬੀ ਬੀ ਸੀ ਹਿੰਦੀ ਸ਼ਾਰਟ-ਵੇਵ ਰੇਡੀਓ ਸੁਣਨ ਵਾਲੇ ਸਰੋਤਿਆਂ ਲਈ ਜਿਵੇਂ ਸਦੀਆਂ ਵਾਂਗ ਗੁਜ਼ਰੇ ਸਨ।ਅਖ਼ਬਾਰਾਂ ਦੀਆਂ ਸੁਰਖ਼ੀਆਂ, ਸੋਸ਼ਲ ਮੀਡੀਆ ਦੇ ਅੱਪਡੇਟਸ ਅਤੇ ਪਿੰਡਾਂ ਵਿੱਚ ਸਵੇਰ ਅਤੇ ਸ਼ਾਮ ਦੀਆਂ ਸੱਥਾਂ ਵਿੱਚ ਸਿਰਫ਼ ਬੀ ਬੀ ਸੀ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਇਸ ਦੇ ਸਰੋਤੇ ਚੇਤੇ ਕਰਨ ਲੱਗ ਪਏ ਸਨ।ਵਿਦਿਆਰਥੀਆਂ ਨੇ ਬੀ ਬੀ ਸੀ ਨੂੰ ਅਜਿਹਾ ਗਿਆਨ ਦਾ ਸਮੁੰਦਰ ਦੱਸਿਆ, ਜਿਸ ਵਿੱਚ ਤਾਰੀ ਲਾ ਕੇ ਉਨ੍ਹਾਂ ਕਈ ਪ੍ਰੀਖਿਆਵਾਂ ਪਾਸ ਕੀਤੀਆਂ ਸਨ।ਫ਼ੌਜੀ ਵੀਰਾਂ ਦਾ ਆਖਣਾ ਸੀ ਕਿ ਉਹ ਘਰੋਂ ਦੂਰ ਰਹਿੰਦੇ ਹਨ, ਪਰ ਬੀ ਬੀ ਸੀ ਸੁਣਨ ਕਰ ਕੇ ਉਨ੍ਹਾਂ ਨੂੰ ਕਦੀ ਵੀ ਆਪਣੇ ਪਰਵਾਰਾਂ ਦੀ ਕਮੀ ਨਹੀਂ ਮਹਿਸੂਸ ਹੋਈ।ਕੁਝ ਹੋਰ ਸਰੋਤਿਆਂ ਨੇ ਬੀ ਬੀ ਸੀ ਦੇ ਇਸ ਫ਼ੈਸਲੇ ਦੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਬੀ ਬੀ ਸੀ ਦੀ ਅਣਹੋਂਦ ਵਿੱਚ ਕਈ ਖ਼ਬਰਾਂ ਮਰ ਜਾਣਗੀਆਂ, ਖ਼ਬਰਾਂ ਦੀ ਜ਼ਿੰਦਗੀ ਲਈ ਬੀ ਬੀ ਸੀ ਦਾ ਅਰੁੱਕ ਚੱਲਦੇ ਰਹਿਣਾ ਲਾਜ਼ਮੀ ਹੈ।
        
ਹੋਰ ਤਾਂ ਹੋਰ, ਕਈ ਸਰੋਤਿਆਂ ਨੇ ਬੀ ਬੀ ਸੀ ਹਿੰਦੀ ਸੇਵਾ ਨੂੰ ਬੰਦ ਕਰਨ ਦੀ ਸੂਰਤ ਵਿੱਚ ਆਤਮ-ਹੱਤਿਆ ਕਰਨ ਤੱਕ ਦੀਆਂ ਵੀ ਧਮਕੀਆਂ ਦੇ ਦਿੱਤੀਆਂ ਸਨ।ਇਸ ਤੋਂ ਬਿਨਾਂ ‘ਬੀਵੀ ਸੇ ਜ਼ਿਆਦਾ ਬੀ ਬੀ ਸੀ ਸੇ ਪਿਆਰ’ ਆਖ ਕੇ ਕਈ ਲਤੀਫ਼ੇ ਵੀ ਐੱਸ.ਐੱਮ.ਐੱਸ ਜ਼ਰੀਏ ਇਸ ਸਮੇਂ ਦੌਰਾਨ ਲੋਕਾਂ ਨੇ ਇੱਕ ਦੂਜੇ ਨਾਲ ਸਾਂਝੇ ਕੀਤੇ ਸਨ।ਇਹ ਸਭ ਬੀ ਬੀ ਸੀ ਦੀ ਸਰੋਤਿਆਂ ਵਿੱਚ ਬਣੀ ਭਰੋਸੇਯੋਗਤਾ ਦੇ ਹੀ ਸਦਕਾ ਸੀ ਕਿ ਲੋਕ ਕਿਧਰੇ ਵੀ ਕਿਸੇ ਖ਼ਬਰ ਨੂੰ ਸੁਣਨ ਜਾਂ ਪੜ੍ਹਨ ਪਿੱਛੋਂ ਇਹ ਆਖਦੇ ਸਨ ਕਿ ‘ਚਲੋ ਹੁਣ ਅਸਲੀ ਖ਼ਬਰ ਸੁਣੀ ਜਾਵੇ, ਚਲੋ ਹੁਣ ਬੀ ਬੀ ਸੀ ਨੂੰ ਸੁਣਿਆ ਜਾਵੇ।’
       
ਅਜੋਕੇ ਸੂਚਨਾ-ਤਕਨਾਲੋਜੀ ਦੇ ਸ਼ਕਤੀਸ਼ਾਲੀ ਦੌਰ ਵਿੱਚ ਜਿੱਥੇ ਸੰਚਾਰ ਦੇ ਖੇਤਰ ਵਿੱਚ ਰੇਡੀਓ ਐੱਫ.ਐੱਮ, ਇੰਟਰਨੈੱਟ ਅਤੇ ਮੋਬਾਈਲ ਆਦਿ ਨੇ ਆਪਣੇ ਪੱਕੇ ਪੈਰ ਜਮਾਏ ਹੋਏ ਹਨ, ਉੱਥੇ  ਅਜਿਹੇ ਹਾਲਾਤ ’ਚ ਅੱਜ ਭਾਰਤ ਸਮੇਤ ਕਈ ਹੋਰਨਾਂ ਵਿਕਾਸਸ਼ੀਲ ਮੁਲਕਾਂ ਵਿੱਚ ਰੇਡੀਓ ਦੀ ਸ਼ਾਰਟ-ਵੇਵ ਸਰਵਿਸ ਵੀ ਕਈ ਲੋਕਾਂ ਦੀ ਜ਼ਿੰਦਗੀ ਦਾ ਸਾਹ ਬਣੀ ਹੋਈ ਹੈ।ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਰਟ-ਵੇਵ ਰੇਡੀਓ ਦੀ ਅਜਿਹੀ ਸਰਵਿਸ ਹੈ, ਜਿਸ ਦੀਆਂ ਤਰੰਗਾਂ ਦੀ ਪਹੁੰਚ ਏਨੀ ਜ਼ਿਆਦਾ ਅਤੇ ਤੇਜ਼ ਹੁੰਦੀ ਹੈ ਕਿ ਉਹ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਨੂੰ ਪਲਾਂ ਵਿੱਚ ਤੈਅ ਕਰ ਕੇ ਅੰਤਰ-ਰਾਸ਼ਟੀ ਸਰਹੱਦਾਂ ਨੂੰ ਟੱਪਣ ਤੱਕ ਦੀ ਵੀ ਸਮਰੱਥਾ ਰੱਖਦੀਆਂ ਹਨ। ਇਹ ਸ਼ਾਰਟ-ਵੇਵ ਤਰੰਗਾਂ ਹੀ ਸਨ, ਜਿਨ੍ਹਾਂ ਦੀ ਮਦਦ ਨਾਲ ਅੱਜ ਤੋਂ ਕਰੀਬ ਅੱਠ ਦਹਾਕੇ ਪਹਿਲਾਂ 20 ਦਸੰਬਰ, 1932 ਨੂੰ ਬੀ ਬੀ ਸੀ ਰੇਡੀਓ ਦੀ ਆਵਾਜ਼ ਲੰਡਨ ਤੋਂ ਲੋਕਾਂ ਦੇ ਘਰਾਂ ਵਿੱਚ ਗੂੰਜਣ ਲੱਗੀ ਸੀ।ਬੀ ਬੀ ਸੀ ਵੱਲੋਂ ਵਿਦੇਸ਼ੀ ਭਾਸ਼ਾ ਵਿੱਚ ਪਹਿਲੀ ਵਾਰ 3 ਜਨਵਰੀ, 1938 ਨੂੰ ਅਰਬੀ ਭਾਸ਼ਾ ਦਾ ਪ੍ਰਸਾਰਨ ਸ਼ੁਰੂ ਕੀਤਾ ਗਿਆ ਸੀ, ਜਦ ਕਿ ਹਿੰਦੀ ਦਾ ਪ੍ਰਸਾਰਨ 11 ਮਈ, 1940 ਨੂੰ ਬੁੱਸ਼ ਹਾਊਸ ਲੰਡਨ ਤੋਂ ‘ਬੀ ਬੀ ਸੀ ਹਿੰਦੁਸਤਾਨੀ ਸਰਵਿਸ’ ਦੇ ਨਾਂਅ ਨਾਲ ਸ਼ੁਰੂ ਕੀਤਾ ਗਿਆ ਸੀ। ਸੰਨ 1947 ਵਿੱਚ ਭਾਰਤ-ਪਾਕਿ ਵੰਡ ਪਿੱਛੋਂ 1 ਜਨਵਰੀ, 1949 ਵਿੱਚ ਇਸ ਦਾ ਨਾਂਅ ਬਦਲ ਕੇ ‘ਬੀ ਬੀ ਸੀ ਹਿੰਦੀ ਸਰਵਿਸ’ ਰੱਖ ਦਿੱਤਾ ਗਿਆ ਸੀ।ਬੀ ਬੀ ਸੀ ਹਿੰਦੀ ਸਰਵਿਸ ਨੂੰ ਸ਼ੁਰੂ ਹੋਇਆਂ ਤਕਰੀਬਨ 72 ਸਾਲ ਹੋ ਗਏ ਹਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬੀ ਬੀ ਸੀ ਹਿੰਦੀ ਨੇ ਆਪਣੀ ਭਰੋਸੇਯੋਗਤਾ ਨੂੰ ਕਦੀ ਵੀ ਖੋਰਾ ਨਹੀਂ ਲੱਗਣ ਦਿੱਤਾ।

ਬੀ ਬੀ ਸੀ ਦੀ ਭਰੋਸੇਯੋਗਤਾ ਦਾ ਸਵਾਲ ਜਦੋਂ ਕਦੀ ਵੀ ਭਾਰਤ ਵਿੱਚ ਉੱਠਦਾ ਹੈ ਜਾਂ ਉੱਠੇਗਾ ਤਾਂ ਇਸ ਦੀ ਸਭ ਤੋਂ ਵੱਡੀ ਮਿਸਾਲ 31 ਅਕਤੂਬਰ, 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਦੀ ਖ਼ਬਰ ਨਾਲ ਦਿੱਤੀ ਜਾਂਦੀ ਹੈ।ਇਸ ਖ਼ਬਰ ਨੂੰ ਸਭ ਤੋਂ ਪਹਿਲਾਂ ਬੀ ਬੀ ਸੀ ਨੇ ਹੀ ਨਸ਼ਰ ਕੀਤਾ ਸੀ, ਜਦ ਕਿ ਆਲ ਇੰਡੀਆ ਰੇਡੀਓ ਨੇ ਭਾਰਤੀਆਂ ਨੂੰ ਇਹ ਖ਼ਬਰ ਬੀ ਬੀ ਸੀ ਤੋਂ ਕਰੀਬ 6 ਘੰਟੇ ਦੇਰੀ ਨਾਲ ਸੁਣਾਈ ਸੀ।ਇੱਥੋਂ ਤੱਕ ਕਿ ਰਾਜੀਵ ਗਾਂਧੀ ਨੂੰ ਵੀ ਇੰਦਰਾ ਗਾਂਧੀ ਦੀ ਹੱਤਿਆ ਦੀ ਖ਼ਬਰ ਦਾ ਪਤਾ ਬੀ ਬੀ ਸੀ ਤੋਂ ਹੀ ਲੱਗਿਆ ਸੀ।ਬਾਈ ਮਈ 1991 ਨੂੰ ਰਾਜੀਵ ਗਾਂਧੀ ਦੀ ਹੱਤਿਆ ਦੀ ਖ਼ਬਰ ਵੀ ਸਭ ਤੋਂ ਪਹਿਲਾਂ ਬੀ ਬੀ ਸੀ ਨੇ ਹੀ ਦਿੱਤੀ ਸੀ, ਜਿਸ ਨੂੰ ਹੋਰਾਂ ਮਾਧਿਅਮਾਂ ਨੇ ਜਨਤਕ ਕਰਨ ਤੋਂ ਪਹਿਲਾਂ ਇਸ ਖ਼ਬਰ ਦੀ ਪੁਸ਼ਟੀ ਬੀ ਬੀ ਸੀ ਦੇ ਦਫ਼ਤਰ ਵਿੱਚੋਂ ਕੀਤੀ ਸੀ।ਸੰਨ 1975 ਵਿੱਚ ਜਦੋਂ ਭਾਰਤੀ ਮੀਡੀਆ (ਖ਼ਾਸ ਕਰ ਕੇ ਪ੍ਰਿੰਟ ਮੀਡੀਆ) ’ਤੇ ਸੈਂਸਰਸ਼ਿੱਪ ਲੱਗੀ ਤਾਂ ਇਸ ਸਮੇਂ ਦੌਰਾਨ ਬੀ ਬੀ ਸੀ ਹਿੰਦੀ ਰੇਡੀਓ ਹੀ ਸੀ, ਜਿਸ ਨੇ ਨਿਰਪੱਖਤਾ ਨਾਲ ਲੋਕਾਂ ਨੂੰ ਜਾਣਕਾਰੀ ਦਿੱਤੀ। ਬੀ ਬੀ ਸੀ ਦੀ ਲੋਕਾਂ ਵਿੱਚ ਬਣੀ ਭਰੋਸੇਯੋਗਤਾ ਦਾ ਨਾਜਾਇਜ਼ ਫਾਇਦਾ ਉਠਾ ਕੇ ਕਈ ਵਾਰ ਕੁਝ ਸ਼ਰਾਰਤੀ ਅਨਸਰਾਂ ਨੇ ਭਾਰਤ ਦੀ ਸਦਭਾਵਨਾ ਨੂੰ ਸੱਟ ਮਾਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ। ਇੰਦਰਾ ਗਾਂਧੀ ਦੀ ਹੱਤਿਆਂ ਤੋਂ ਬਾਅਦ ਕੁਝ ਸ਼ਰਾਰਤੀ ਅਨਸਰਾਂ ਨੇ ਇਹ ਝੂਠੀ ਅਫ਼ਵਾਹ ਫੈਲਾ ਦਿੱਤੀ ਸੀ ਕਿ ਬੀ ਬੀ ਸੀ ਤੋਂ ਖ਼ਬਰ ਆਈ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਸਿੱਖਾਂ ਨੇ ਖ਼ੁਸ਼ੀ ਵਿੱਚ ਆ ਕੇ ਆਪਣੇ ਭਾਈਚਾਰੇ ਵਿੱਚ ਮਿਠਾਈਆਂ ਦੇ ਡੱਬੇ ਵੰਡੇ ਹਨ।ਬੀ ਬੀ ਸੀ ਨੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਿਹਾ ਸੀ, ਪਰ ਬੀ ਬੀ ਸੀ ’ਤੇ ਲੋਕਾਂ ਦਾ ਭਰੋਸਾ ਏਨਾ ਸੀ ਕਿ ਇਹ ਅਫ਼ਵਾਹ ਅੱਗ ਵਾਂਗ ਫੈਲ ਗਈ, ਜਿਸ ਦੇ ਸੇਕ ਨੇ ਕਈ ਬੇਕਸੂਰਾਂ ਦੀਆਂ ਜ਼ਿੰਦਗੀਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ।
        
ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਜਿੱਥੇ ਆਪਣੇ ਪਾਠਕਾਂ/ਦਰਸ਼ਕਾਂ ਨੂੰ ਸਹੀ ਖ਼ਬਰ ਤੋਂ ਜਾਣੂ ਕਰਵਾਉਣ ਦਾ ਫ਼ਰਜ਼ ਨਿਭਾਇਆ ਹੈ, ਉੱਥੇ ਮੀਡੀਆ ਨੂੰ ਇਸ ਨੇ ਪੱਤਰਕਾਰੀ ਦੇ ਗੁਰ ਵੀ ਸਿਖਾਏ ਹਨ।ਆਮ ਜਿਹੀ ਖ਼ਬਰ ਨੂੰ ਵੀ ਅੱਜ ਜਿਹੜਾ ਨਿੱਜੀ ਮਲਕੀਅਤ ਵਾਲਾ ਮੀਡੀਆ ਬ੍ਰੇਕਿੰਗ ਨਿਊਜ਼ ਆਖ ਕੇ ਆਪਣੇ ਦਰਸ਼ਕਾਂ-ਸਰੋਤਿਆਂ ਸਾਹਮਣੇ ਪਰੋਸ ਰਿਹਾ ਹੈ, ਅਸਲ ਵਿੱਚ ਇਹ ‘ਬ੍ਰੇਕਿੰਗ ਨਿਊਜ਼’ ਦੇ ਸੰਕਲਪ ਦੀ ਆਮਦ ਬੀ ਬੀ ਸੀ ਤੋਂ ਹੀ ਆਈ ਮੰਨੀ ਜਾਂਦੀ ਹੈ।ਇਹ ਵਿਸ਼ਾ ਵੱਖਰਾ ਹੈ ਕਿ ਇਸ ਨਿੱਜੀ ਮਲਕੀਅਤ ਵਾਲੇ ਮੀਡੀਆ ਨੇ ਬੀ ਬੀ ਸੀ ਦੀ ਬ੍ਰੇਕਿੰਗ ਨਿਊਜ਼ ਦੇ ਮਾਅਨੇ ਹੀ ਬਦਲ ਕੇ ਰੱਖ ਦਿੱਤੇ ਹਨ।ਆਪਣੀ ਭਰੋਸੇਯੋਗਤਾ ਕਾਰਨ ਹੀ ਅੱਜ ਬੀ ਬੀ ਸੀ ਦਾ ਨਾਂਅ ਦੁਨੀਆਂ ਦੇ ਹਰ ਮੁਲਕ ਵਿੱਚ ਬੜੇ ਅਦਬ ਨਾਲ ਲਿਆ ਜਾਂਦਾ ਹੈ।ਇਸ ਦੀ ਸਭ ਤੋਂ ਉੱਘੜਵੀਂ ਮਿਸਲਾ ਸਾਡੇ ਗੁਆਂਢੀ ਮੁਲਕ ਬੰਗਲਾਦੇਸ਼ ਦਾ ਇੱਕ ਬਾਜ਼ਾਰ ਹੈ, ਜਿਸ ਦਾ ਨਾਂਅ ਹੈ-ਬੀ ਬੀ ਸੀ ਬਾਜ਼ਾਰ।ਇਸ ਬਾਜ਼ਾਰ ਦਾ ਨਾਂਅ 1971 ਦੀ ਜੰਗ ਸਮੇਂ ਉਸ ਵੇਲੇ ਪਿਆ, ਜਦੋਂ ਲੋਕ ਢਾਕਾ ਤੋਂ ਦੂਰ ਪੈਦਲ ਚੱਲ ਕੇ ਇੱਕ ਅਜਿਹੀ ਜਗ੍ਹਾ ’ਤੇ ਜਾਇਆ ਕਰਦੇ ਸਨ, ਜਿੱਥੇ ਟਰਾਂਜਿਸਟਰ ਦੀ ਮਦਦ ਨਾਲ ਬੀ ਬੀ ਸੀ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਸਨ। ਇਸ ਪਿੱਛੋਂ ਇਹ ਜਗ੍ਹਾ ਬੀ ਬੀ ਸੀ ਬਾਜ਼ਾਰ ਦੇ ਨਾਂਅ ਨਾਲ ਹੀ ਮਕਬੂਲ ਹੋ ਗਈ।ਭਾਰਤ ਵਿੱਚ ਜਿਸ ਤਰ੍ਹਾਂ ਦਾ ਰੁਤਬਾ ਆਕਾਸ਼ਵਾਣੀ ਰੇਡੀਓ ਦੇ ਲੋਹਾ ਸਿੰਘ ਪਟਨਾ, ਮਾਸਟਰ ਜੀ ਅਤੇ ਰੌਣਕੀ ਰਾਮ ਜਲੰਧਰ ਅਤੇ ਸ੍ਰੀਨਗਰ ਤੋਂ ਅੱਲ੍ਹਾ ਰੱਖਾ ਅਤੇ ਨਿੱਕੀ ਅਨਾਊਂਸਰਜ਼ ਨੂੰ ਸਰੋਤਿਆਂ ਵੱਲੋਂ ਮਿਲਿਆ ਹੈ, ਉਸੇ ਤਰ੍ਹਾਂ ਹੀ ਬੀਬੀਸੀ ਹਿੰਦੀ ਦੇ ਅਚਲਾ ਸ਼ਰਮਾ, ਓਂਕਾਰਨਾਥ ਸ੍ਰੀਵਾਸਤਵਾ, ਪਰਵੇਜ਼ ਆਲਮ, ਵਿਜੈ ਰਾਣਾ, ਰਾਮਦੱਤ ਤ੍ਰਿਪਾਠੀ ਅਤੇ ਕੁਰਬਾਨ ਅਲੀ ਹੁਰਾਂ ਦੀ ਆਵਾਜ਼ ਦੀ ਉਡੀਕ ਸਰੋਤਿਆਂ ਨੇ ਬੜੀ ਬੇਸਬਰੀ ਨਾਲ ਕੀਤੀ ਹੈ।ਇਨ੍ਹਾਂ ਤੋਂ ਬਿਨਾਂ ਕਈ ਬਾਲੀਵੁੱਡ ਅਦਾਕਾਰ; ਜਿਵੇਂ ਬਲਰਾਜ ਸਾਹਨੀ, ਦੇਵ ਆਨੰਦ ਅਤੇ ਸੁਨੀਲ ਦੱਤ ਵੀ ਬੀ ਬੀ ਸੀ ਨਾਲ ਜੁੜੇ ਰਹੇ ਸਨ।ਪੰਜਾਹਵਿਆਂ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਵੀ ਬੀ ਬੀ ਸੀ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਸਨ।
        

ਹਿੰਦੀ ਸਰਵਿਸ ਵਿੱਚ ਬੀ ਬੀ ਸੀ ਦੀ ਜੋ ਖ਼ਾਸੀਅਤ ਹੈ, ਉਸ ਵਿੱਚ ਸਭ ਤੋਂ ਪਹਿਲਾਂ ਇਸ ਦੀ ਭਰੋਸੇਯੋਗਤਾ ਹੈ। ਹੁਣ ਤੱਕ ਇਹ ਇਸ ਦੀਆਂ ਕਈ ਮਿਸਾਲਾਂ ਕਾਇਮ ਕਰ ਚੁੱਕਿਆ ਹੈ।ਦੂਜਾ, ਇਸ ਦੀ ਖ਼ਬਰਾਂ ਦੀ ਪੇਸ਼ਕਾਰੀ ਦਾ ਢੰਗ ਹੈ, ਜਿਸ ਵਿੱਚ ਖ਼ਬਰ ਨੂੰ ਬਿਨਾਂ ਕੋਈ ਮਸਾਲਾ ਲਗਾਏ, ਨਿਰਪੱਖ ਢੰਗ ਨਾਲ ਖ਼ਬਰ ਨੂੰ ਖ਼ਬਰ ਦੀ ਤਰ੍ਹਾਂ ਹੀ ਪੇਸ਼ ਕੀਤਾ ਜਾਂਦਾ ਹੈ। ਤੀਜਾ, ਇਸ ਦੀ ਪਹੁੰਚ ਹੈ, ਜੋ ਦੁਨੀਆਂ ਦੇ ਹਰ ਕੋਨੇ ਤੱਕ ਹੈ। ਬੀ ਬੀ ਸੀ ਦੇ ਪੱਤਰਕਾਰਾਂ ਦਾ ਜਾਲ ਦੁਨੀਆਂ ਦੇ ਹਰ ਹਿੱਸੇ ਵਿੱਚ ਫੈਲਿਆ ਹੋਇਆ ਹੈ, ਜੋ ਪਲ-ਪਲ ਦੀ ਜਾਣਕਾਰੀ ਦਿੰਦੇ ਹਨ।ਬੀ ਬੀ ਸੀ ਦੀ ਮਕਬੂਲੀਅਤ ਦਾ ਇੱਕ ਹੋਰ ਅਹਿਮ ਕਾਰਨ ਇਸ ਰਾਹੀਂ ਭੱਖਦੇ ਚਲੰਤ ਮੁੱਦਿਆਂ ’ਤੇ ਖ਼ੁੱਲ੍ਹੀ ਬਹਿਸ ਕਰਵਾਉਣਾ ਅਤੇ ਖ਼ਬਰਾਂ ਦਾ ਸੁਚੱਜੇ ਢੰਗ ਨਾਲ ਵਿਸ਼ਲੇਸ਼ਣ ਕਰਨਾ ਵੀ ਹੈ।ਕਦੀ-ਕਦੀ ਬੀ ਬੀ ਸੀ ਹਿੰਦੀ ਵੱਲੋਂ ਵਿਸ਼ਾ ਮਾਹਿਰ ਬੁਲਾ ਕੇ ਸੋਸ਼ਲ ਮੀਡੀਆ ਰਾਹੀਂ ਲਿਖਤੀ ਰੂਪ ਵਿੱਚ ਪਾਠਕਾਂ ਨਾਲ ਸਿੱਧੇ ਸੁਆਲ-ਜੁਆਬ ਵੀ ਕੀਤੇ ਜਾਂਦੇ ਹਨ।ਭਾਸ਼ਾ ਪੱਖੋਂ ਵੀ ਬੀ ਬੀ ਸੀ ਹਿੰਦੀ ਏਨਾ ਸਰਲ ਅਤੇ ਸਪੱਸ਼ਟ ਹੈ ਕਿ ਇਸ ਨੂੰ ਭਾਰਤ ਦਾ ਹਰ ਨਾਗਰਿਕ ਬੜੀ ਆਸਾਨੀ ਨਾਲ ਸਮਝ ਸਕਦਾ ਹੈ।
        
ਰੇਡੀਓ, ਟੀ.ਵੀ, ਮੋਬਾਈਲ ਅਤੇ ਇੰਟਰਨੈੱਟ ਦੇ ਰੂਪ ਵਿੱਚ ਅੱਜ ਬੀ ਬੀ ਸੀ ਨੂੰ ਸਾਰੀ ਦੁਨੀਆਂ ਵਿੱਚ ਦੇਖਿਆ/ਸੁਣਿਆਂ ਜਾ ਰਿਹਾ ਹੈ।ਬੀ ਬੀ ਸੀ ਦੀ ਰੇਡੀਓ ਅਤੇ ਟੀ.ਵੀ ਦੀ ਸਰਵਿਸ ਤਾਂ ਪਿਛਲੇ ਕਈ ਵਰ੍ਹਿਆਂ ਤੋਂ ਚੱਲ ਰਹੀ ਹੈ, ਪਰ ਮੋਬਾਈਲ ਅਤੇ ਇੰਟਰਨੈੱਟ ਦੀ ਸਰਵਿਸ ਨੂੰ ਸ਼ੁਰੂ ਹੋਇਆਂ ਹਾਲੇ ਇੱਕ ਦਹਾਕਾ ਹੀ ਹੋਇਆ ਹੈ।ਇਸ ਸਮੇਂ ਇੰਟਰਨੈੱਟ ਉੱਤੇ ਬੀ ਬੀ ਸੀ ਤਕਰੀਬਨ 27 ਭਾਸ਼ਾਵਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ, ਜਿਸ ਉੱਤੇ ਲੱਖਾਂ ਪਾਠਕ ਨਿੱਤ ਆਪਣੀ ਹਾਜ਼ਰੀ ਲਗਵਾਉਂਦੇ ਹਨ।ਭਾਰਤ ਵਿੱਚ ਬੀ ਬੀ ਸੀ ਹਿੰਦੀ ਮੌਜੂਦਾ ਸਮੇਂ ਸਿਰਫ਼ ਪਾਠਕਾਂ ਦਾ ਹੀ ਖ਼ਬਰ ਪ੍ਰਾਪਤੀ ਦਾ ਜ਼ਰੀਆ ਨਹੀਂ ਰਿਹਾ, ਸਗੋਂ ਕਈ ਅਖ਼ਬਾਰ ਅਤੇ ਆਨਲਾਈਨ ਮੈਗਜ਼ੀਨ ਇਸ ਦਾ ਇਸਤੇਮਾਲ ਨਿਊਜ਼ ਏਜੰਸੀ ਦੇ ਰੂਪ ਵਿੱਚ ਵੀ ਕਰ ਰਹੇ ਹਨ।ਬੀ ਬੀ ਸੀ ਹਿੰਦੀ ਵੈੱਬਸਾਈਟ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ’ਤੇ ਵਿਗਿਆਨ-ਤਕਨਾਲੋਜੀ, ਖੇਡਾਂ, ਮਨੋਰੰਜਨ, ਦੁਰਲੱਭ ਤਸਵੀਰਾਂ, ਪੁਰਾਣੀਆਂ ਇੰਟਰਵਿਊਆਂ ਦੇ ਆਡੀਓ/ਵੀਡੀਓ ਰਿਕਾਰਡ ਦੇ ਜ਼ਖ਼ੀਰੇ ਤੋਂ ਬਗ਼ੈਰ ਘੱਟ, ਪਰ ਤੱਥ ਭਰਪੂਰ ਖ਼ਬਰਾਂ ਦੀ ਨਿਰੰਤਰ ਅੱਪਡੇਟਸ ਹੁੰਦੀ ਰਹਿੰਦੀ ਹੈ।‘ਨਮਸਕਾਰ ਭਾਰਤ’ ਅਤੇ ‘ਦਿਨ ਭਰ’ ਅੱਧੇ-ਅੱਧੇ ਘੰਟੇ ਦੇ ਇਹ ਦੋਹੇਂ ਰੇਡੀਓ ਪ੍ਰੋਗਰਾਮ ਸਵੇਰੇ-ਸ਼ਾਮ ਇਸ ਵੈੱਬਸਾਈਟ ਤੋਂ ਸੁਣੇ ਜਾ ਸਕਦੇ ਹਨ।ਕੰਪਿਊਟਰ ਦੀ ਵੱਡੀ ਸਕਰੀਨ ਤੋਂ ਬਿਨਾਂ ਇਹ ਸਭ ਜਾਣਕਾਰੀ ਬੀਬੀਸੀ ਹਿੰਦੀ ਦੀ ਮੋਬਾਈਲ ਵੈੱਬਸਾਈਸ ’ਤੇ ਵੀ ਵੱਡੀ ਗਿਣਤੀ ਵਿੱਚ ਪੜ੍ਹੀ/ਸੁਣੀ/ਦੇਖੀ ਜਾਂਦੀ ਹੈ।ਬੀ ਬੀ ਸੀ ਜਦੋਂ ਕਦੀ ਵੀ ਆਪਣੀ ਇੰਟਰਨੈੱਟ ਸੇਵਾ ਵਿੱਚ ਬਦਲਾਓ ਲਿਆਉਣ ਦੀ ਸੋਚਦਾ ਹੈ ਤਾਂ ਇਸ ਲਈ ਕਈ ਮਹੀਨੇ ਪਹਿਲਾਂ ਹੀ ਆਪਣੇ ਪਾਠਕਾਂ ਦੀ ਰਾਏ ਲੈਣਾ ਉਹ ਕਦੀ ਵੀ ਨਹੀਂ ਭੁੱਲਦਾ।ਪਾਠਕਾਂ ਦੀ ਭਰੋਸੇਯੋਗਤਾ ਹੀ ਉਸ ਲਈ ਸਭ ਤੋਂ ਵੱਡਾ ਸਰਮਾਇਆ ਹੈ।
       
ਭਵਿੱਖ ਵਿੱਚ ਬੀ ਬੀ ਸੀ ਹਿੰਦੀ ਰੇਡੀਓ ਦੀਆਂ ਸ਼ਾਰਟ-ਵੇਵ ਆਵਾਜ਼ ਦੀਆਂ ਤਰੰਗਾਂ ਦਾ ਬੰਦ ਹੋਣਾ, ਭਰੋਸੇ ਦੀ ਆਵਾਜ਼ ਦੇ ਬੰਦ ਹੋਣ ਦੇ ਬਰਾਬਰ ਹੋਵੇਗਾ।ਬੇਸ਼ੱਕ ਇਹ ਸੇਵਾਵਾਂ ਇੰਟਰਨੈੱਟ ਉੱਤੇ ਚੱਲਦੀਆਂ ਰਹਿਣਗੀਆਂ, ਪਰ ਭਾਰਤ ਵਰਗੇ ਵਿਕਾਸਸ਼ੀਲ ਮੁਲਕ, ਜਿੱਥੇ ਇੰਟਰਨੈੱਟ ਦੀ ਤਕਨੀਕ ਇੱਥੋਂ ਦੀ ਅੱਧ ਤੋਂ ਜ਼ਿਆਦਾ ਵੱਸੋਂ ਦੀ ਪਹੁੰਚ ਤੋਂ ਕੋਹਾਂ ਦੂਰ ਹੈ, ਨੂੰ ਸਿਰਫ਼ ਰੇਡੀਓ ਦੀਆਂ ਤਰੰਗਾਂ ਹੀ ਦੁਨੀਆਂ ਦੇ ਦੂਜੇ ਹਿੱਸਿਆਂ ਨਾਲ ਜੋੜ ਕੇ ਰੱਖਿਆ ਹੋਇਆ ਹੈ।ਦੂਜਾ, ਭਾਰਤ ਵਿੱਚ ਕੁਝ ਇਲਾਕੇ ਹਾਲੇ ਵੀ ਅਜਿਹੇ ਹਨ, ਜੋ ਬਿਜਲੀ ਦੀਆਂ ਤਾਰਾਂ ਦੀ ਪਹੁੰਚ ਤੋਂ ਸੱਖਣੇ ਪਏ ਹਨ।ਇਸ ਸਥਿਤੀ ਵਿੱਚ ਬਿਨਾਂ ਬਿਜਲੀ ਦੀਆਂ ਤਾਰਾਂ ਤੋਂ ਸੈੱਲਾਂ ’ਤੇ ਚੱਲ ਸਕਣ ਵਾਲੇ ਰੇਡੀਓ ਦੀ ਪਹੁੰਚ 98.8 ਫ਼ੀਸਦ ਦੇ ਕਰੀਬ ਹੈ।ਬੀਬੀਸੀ ਤੋਂ ਬਿਨਾਂ ਭਾਰਤ ਵਿੱਚ ਆਲ ਇੰਡੀਆ ਰੇਡੀਓ, ਨਿੱਜੀ ਐੱਫ਼.ਐੱਮ ਚੈਨਲਾਂ ਤੋਂ     ਬਿਨਾਂ ਚੀਨ ਅਤੇ ਰੂਸ ਵੀ ਆਪਣੀ ਵਿਦੇਸ਼ੀ ਰੇਡੀਓ ਸੇਵਾਵਾਂ ਦਿੰਦੇ ਆਏ ਹਨ, ਪਰ ਬੀਬੀਸੀ ਪ੍ਰਤੀ ਜਿੰਨੀ ਨਿਰਪੱਖਤਾ ਅਤੇ ਭਰੋਸੇਯੋਗਤਾ ਦੀ ਭਾਵਨਾ ਭਾਰਤੀਆਂ ਦੇ ਦਿਲ ਓ ਦਿਮਾਗ਼ ਵਿੱਚ ਸਮਾਈ ਹੋਈ ਹੈ, ਓਨੀ ਹਾਲੇ ਤੱਕ ਕੋਈ ਹੋਰ ਦੇਸੀ ਜਾਂ ਵਿਦੇਸ਼ੀ ਮੀਡੀਆ ਨਹੀਂ ਸਮਾ ਸਕਿਆ ਹੈ।
    
ਰਿਸ਼ਤਾ ਕਿਸੇ ਨਾਲ ਵੀ ਹੋਵੇ, ਉਹ ਓਦੋਂ ਤੱਕ ਹੀ ਕਾਇਮ ਰਹਿੰਦਾ ਹੈ, ਜਦੋਂ ਤੱਕ ਇਸ ਹੇਠਲੀਆਂ ਵਿਸ਼ਵਾਸ ਅਤੇ ਭਰੋਸੇ ਦੀਆਂ ਨੀਹਾਂ ਬਚੀਆਂ ਰਹਿਣ। ਭਾਰਤੀ ਮੀਡੀਆ ਖ਼ਾਸ ਕਰ ਨਿੱਜੀ ਮੀਡੀਆ, ਨੂੰ ਇੱਕ ਵਿਦੇਸ਼ੀ ਮੀਡੀਆ ਅਦਾਰਾ, ਭਾਵ ਬੀ ਬੀ ਸੀ ਦੀ ਲੋਕਾਂ ਵਿੱਚ ਬਣੇ ਭਰੋਸੇਯੋਗ ਰਿਸ਼ਤੇ ਤੋਂ ਬਿਨਾ ਝਿਜਕਿਆਂ ਸੇਧ ਲੈਣ ਦੀ ਲੋੜ ਹੈ, ਤਾਂ ਕਿ ਘੱਟੋ-ਘੱਟ ਇਹ ਆਪਣੇ ਲੋਕਾਂ ਲਈ ਤਾਂ ਭਰੋਸੇ ਦਾ ਪਾਤਰ ਬਣ ਸਕੇ।

ਈ-ਮੇਲ : [email protected]

Comments

jaggi

BBC da radio mein pichle 10 sale tu sun rha... bhot chnga lga ji

Pf HS Dimple

Kamaaaal kar ditti Vikram! Sateek ate sapashat jaankari, reliable like that of BBC. Hats off!

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ