Tue, 27 February 2024
Your Visitor Number :-   6872686
SuhisaverSuhisaver Suhisaver

ਰਸੂਖ ਵਾਲੇ ਬਲਾਤਕਾਰੀ ਨਹੀਂ ਹੁੰਦੇ...

Posted on:- 19-05-2013

(ਸੂਰੇਆਨੇਲੀ ਵਿੱਚ ਲਗਾਤਾਰ ਚਾਲੀ ਦਿਨਾਂ ਤੱਕ ਬਿਆਲੀ ਵਹਿਸ਼ੀ ਧੋਖੇਬਾਜ਼ ਮਰਦਾਂ ਨੇ ਬਰਬਰਤਾ ਦੀਆਂ ਸਭੇ ਹੱਦਾਂ ਪਾਰ ਕਰਦੇ ਹੋਏ ਸੂਰੇਆਨੇਲੀ ਦੀ ਉਸ ਸੋਲਾਂ ਸਾਲਾ ਬੱਚੀ ਨੂੰ ਜਿਵੇਂ ਚਾਹਿਆ ਮਧੋਲਿਆ ਅਤੇ ਕਰੀਬ ਮਰ-ਮੁੱਕ ਜਾਣ ਤੋਂ ਬਾਅਦ ਉਸ ਦੇ ਘਰ ਦੇ ਨੇੜੇ ਸੁੱਟ ਦਿੱਤਾ। ਕਿਸੇ ਤਰ੍ਹਾਂ ਉਹ ਬਚ ਗਈ ਅਤੇ ਅੱਜ ਤੇਤੀ ਸਾਲ ਦੀ ਉਮਰ ਵਿੱਚ ਵੀ ਉਹ ਆਪਣੇ ਇਰਧ-ਗਿਰਧ ਪੱਸਰੇ ਹਨੇਰਿਆਂ ਦਾ ਮੁਕਾਬਲਾ ਕਰਦੀ ਹੋਈ ਆਪਣੀ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਪਣੇ ਹੀ ਬਲਬੂਤੇ ਖੜ੍ਹੀ ਹੈ। ਅਰੰਧਤੀ ਰਾਏ ਨੇ ਨਾ ਵੀ ਕਿਹਾ ਹੁੰਦਾ ਤਾਂ ਵੀ ਮੈਂ ਠੀਕ ਉਹੋ ਕਹਿੰਦਾ-ਹਾਂ, ਉਹ ਮੇਰੀ ਹੀਰੋਇਨ ਹੈ, ਉਹ ਸਭਨਾਂ ਦੀ ਨਾਇਕਾ ਹੈ।)

ਫਿਲਹਾਲ ਹਕੀਕਤ ਇਹ ਹੈ ਕਿ ਦੂਰ-ਦਰਾਜ ਦੇ ਇਲਾਕਿਆਂ 'ਚ ਹੋਣ ਵਾਲੀਆਂ ਅਜਿਹੀਆਂ ਤਮਾਮ ਘਟਨਾਵਾਂ ਸਾਡੀ ਸੰਵੇਦਨਾ ਨੂੰ ਝੰਜੋੜ ਨਹੀਂ ਪਾਉਂਦੀਆਂ ਸਵਾਲ ਕਰਨ ਵਾਲੇ ਪੁੱਛ ਰਹੇ ਹਨ ਕਿ ਕੀ ਅਸੀਂ ਸਿਰਫ਼ ਉਸ ਵਕਤ ਹੀ ਪਰੇਸ਼ਾਨ ਹੁੰਦੇ ਹਾਂ ਜਦੋਂ ਕੋਈ ਘਟਨਾ ਦੇਸ਼ ਦੀ ਰਾਜਧਾਨੀ ਵਿੱਚ ਵਾਪਰੇ, ਸਾਡੇ ਆਪਣੇ ਵਰਗ (ਭਾਈਚਾਰੇ) ਨਾਲ ਵਾਪਰੇ? ਨਹੀਂ ਤਾਂ ਦਿੱਲੀ ਵਿੱਚ ਹੋਈ ਸਮੂਹਿਕ ਬਲਾਤਕਾਰ ਦੀ ਘਟਨਾ ਤੋਂ ਬਾਅਦ ਇੰਡੀਆ ਗੇਟ ਦੇ ਵਿਆਪਕ ਸੰਘਰਸ਼ ਵਿੱਚੋਂ ਉੱਭਰੇ ਸੰਦੇਸ਼ ਦੇ ਉਸੇ ਦੌਰ ਵਿੱਚ ਬਿਹਾਰ ਦੇ ਸਹਿਸਰਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਿਸੇ ਦੱਲਿਤ ਅਤੇ ਮਜ਼ਦੂਰ ਪਰਿਵਾਰ ਦੀ ਅੱਠਾਂ ਸਾਲਾਂ ਦੀ ਬੱਚੀ ਨੂੰ ਸਮੂਹਿਕ ਬਲਾਤਕਾਰ ਤੋਂ ਬਾਅਦ ਬਰਬਰਤਾ ਦੀਆਂ ਸਾਰੀਆਂ ਹੱਦਾਂ ਤੋੜ ਕੇ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਂਦਾ ਹੈ। ਮਹਾਂਰਾਸ਼ਟਰ ਦੇ ਭੰਡਾਰਾਂ ਵਿੱਚ ਤਿੰਨ ਨਾਬਾਲਗ ਬੱਚੀਆਂ ਨਾਲ ਬਲਾਤਕਾਰ ਤੋਂ ਬਾਅਦ ਉਹਨਾਂ ਨੂੰ ਕਤਲ ਰਕੇ ਖੂਹ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੀਆਂ ਬੇਸ਼ੁਮਾਰ ਘਟਨਾਵਾਂ ਦੁਖਾਂਤ ਦੇ ਰੂਪ ਵਿੱਚ ਵਾਪਰਦੀਆਂ ਹੀ ਜਾਂਦੀਆਂ ਹਨ। ਪਰ ਸਾਡੇ ਅੰਦਰ ਕਦੇ ਵੀ ਗੁੱਸਾ ਪੈਦਾ ਨਹੀਂ ਹੁੰਦਾ। ਕਿਸੇ ਵੀ ਟੀ.ਵੀ. ਵਾਲੇ ਨੂੰ ਇਹਾਂ ਘਟਨਾਵਾਂ ਖ਼ਿਲਾਫ਼ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰਨ ਦੀ ਲੋੜ ਮਹਿਸੂਸ ਨਹੀਂ ਹੁੰਦੀ। ਇੰਡੀਆ ਗੇਟ 'ਤੇ ਕਦੇ ਸ਼ੋਕ ਦੀਆਂ ਮੋਮਬੱਤੀਆਂ ਨਹੀਂ ਜਲਾਈਆਂ ਜਾਂਦੀਆਂ।

ਕੇਰਲਾ ਵਿੱਚ ਸੂਰੇਆਨੇਲੀ ਦੀ ਇਹ ਲੜਕੀ ਕਿਸੇ ਤਰ੍ਹਾਂ ਜ਼ਿੰਦਾ ਬਚੀ ਰਹੀ ਸੀ। ਜੇਕਰ ਦੇਸ਼ ਦੀ ਸਰਵ-ਉੱਚ ਅਦਾਲਤ ਨੇ ਹਾਲ ਹੀ ਵਿੱਚ ਦਫ਼ਨ ਕਰ ਦਿੱਤੇ ਗਏ ਮੁਕੱਦਮੇ 'ਤੇ ਸਵਾਲ ਨਾ ਉੱਠਾਇਆ ਹੁੰਦਾ ਤਾਂ ਇਸ ਮਾਮਲੇ ਵਿੱਚ ਵੀ ਅਦਾਲਤਾਂ ਨੇ ਚੁੱਪਚਾਪ ਸਾਰੇ ਅਪਰਾਧੀਆਂ ਨੂੰ ‘ਪਵਿੱਤਰ ਬ੍ਰਹਮਚਾਰੀ' ਐਲਾਨ ਹੀ ਦਿੱਤਾ ਸੀ। ਇਸ ਦੇ ਬਾਵਜੂਦ ਇਸ ਦੇਸ਼ ਦੀ ਮਹਾਨ ਪਾਰਟੀ ਕਾਂਗਰਸ ਦੇ ਇੱਕ ਹੋਰ ‘ਪਵਿੱਤਰ' ਸਾਂਸਦ ਪੀ ਜੇ ਕੁਰੀਅਨ ਇਹ ਕਹਿ ਹੀ ਰਹੇ ਹਨ ਕਿ ਉਸ ਦੇ ਖ਼ਿਲਾਫ਼ ਸੀ ਪੀ ਐੱਮ ਕੂੜ ਪ੍ਰਚਾਰ ਕਰ ਰਹੀ ਹੈ। ਅਗਾਂਹ ਕੀ ਹੋਵੇਗਾ, ਸੱਭੇ ਅਪਰਾਧੀ ਇੱਕ ਵਾਰ ਫਿਰ ਤੋਂ ਪਵਿੱਤਰੀਕਰਨ ਦੀ ਪ੍ਰਕਿਰਿਆ 'ਚੋਂ ਗ਼ੁਜ਼ਰਨਗੇ ਜਾਂ ਫਿਰ ਸੂਰੇਆਨੇਲੀ ਦੀ ਲੜਕੀ 'ਤੇ ਢਾਹੇ ਜ਼ੁਲਮ ਦੀ ਸਜ਼ਾ ਪਾਉਣਗੇ, ਇਹ ਸਾਡੇ ਨਿਜ਼ਾਮ, ਅਦਾਲਤਾਂ, ਸਿਆਸੀ ਦਲਾਂ ਦੇ ਰੁਖ 'ਤੇ ਮੁਨੱਸਰ ਰਹੇਗਾ, ਪਰ ਇਹਦੇ ਨਾਲ ਹੀ ਰਾਜਧਾਨੀ ਦਿੱਲੀ ਅਤੇ ਤਾਕਤਵਰ ਮੱਧ-ਵਰਗੀ ਸੰਵੇਦਨਾਵਾਂ ਦੀਆਂ ਅਣਗੌਲੀਆਂ ਇਹ ਅਣਗਿਣਤ ਘਟਨਾਵਾਂ ਇੱਕ ਵਾਰ ਫਿਰ ਸੱਚਮੁੱਚ ਹੀ ਸਮਾਜੀ ਅਤੇ ਇਨਸਾਨੀ ਸੰਵੇਦਨਸ਼ੀਲਤਾ ਦੀ ਪਰਖ ਦੀ ਕਸਵੱਟੀ ਵਿੱਚੋਂ ਦੀ ਗੁਜ਼ਰਨਗੀਆਂ ਨਿੱਤ ਰੋਜ਼ ਦੇ ਅਣਗਿਣਤ ਅਜਿਹੇ ਮਾਮਲਿਆਂ ਵਾਂਗ।

ਟਾਇਮਜ਼ ਆਫ਼ ਇੰਡੀਆ ਵਿੱਚ ਸੂਰੇਆਨੇਲੀ ਦੀ ਲੜਕੀ ਦੀ ਇਹ ਪੀੜਾ ਉਸ ਦੇ ਆਪਣੇ ਸ਼ਬਦਾਂ ਵਿੱਚ ਪ੍ਰਕਾਸ਼ਿਤ ਹੋਈ ਸੀ। ਅਨੁਵਾਦ ਕਰਨ ਦੀ ਕੋਸ਼ਿਸ਼ ਮੈਂ ਹੀ ਕੀਤੀ ਹੈ। ਅੰਗਰੇਜ਼ੀ ਬਹੁਤੀ ਚੰਗੀ ਨਹੀਂ।

ਮੈਂ ਸੱਚੀਓ ਹੀ ਆਪਣੇ ਪਹਿਲੇ ਪਿਆਰ ਨੂੰ ਕਤਲ ਕਰ ਦੇਣਾ ਚਾਹੁੰਦੀ ਸੀ।

ਸੂਰੇਆਨੇਲੀ ਦੀ ਲੜਕੀ
ਤੁਸੀਂ ਸ਼ਾਇਦ ਕਦੇ ਮੇਰਾ ਨਾਂ ਨਹੀਂ ਸੁਣਿਆ ਹੋਣਾ। ਮੈਨੂੰ ਉਸ ਪਹਿਚਾਣ ਨਾਲ ਨਰੜ ਦਿੱਤਾ ਗਿਆ ਹੈ, ਜਿਸ ਤੋਂ ਮੈਂ ਛੁਟਕਾਰਾ ਨਹੀਂ ਪਾ ਸਕਦੀ, ਮੈਂ ਸੂਰੇਆਨੇਲੀ ਦੀ ਲੜਕੀ ਹਾਂ। ਪਿਛਲੇ ਸਤਾਰਾਂਸਾਲਾਂ ਤੋਂ ਮੈਂ ਇਨਸਾਫ਼ ਪ੍ਰਾਪਤ ਕਰਨ ਦੀ ਲੜਾਈ ਲੜ ਰਹੀ ਹਾਂ। ਕੁਝ ਲੋਕ ਮੈਨੂੰ ਬਾਲ-ਵੇਸਵਾ ਕਹਿੰਦੇ ਹਨ ਤੇ ਕੁਝ ਹੋਰ ਲੋਕ ਜ਼ੁਲਮ ਦੀ ਸ਼ਿਕਾਰ! %ਪਰ ਕਿਸੇ ਨੇ ਵੀ ਮੈਨੂੰ ਦਾਮਿਨੀ, ਨਿਰਭਯਾ ਜਾਂ ਅਮਾਨਤ ਜਿਹਾ ਕੋਈ ਨਾਂਅ ਨਹੀਂ ਦਿੱਤਾ। ਮੈਂ ਕਦੇ ਵੀ ਇਸ ਮੁਲਕ ਲਈ ਗੌਰਵ ਨਹੀਂ ਬਣ ਸਕਦੀ ਜਾਂ ਉਸ ਔਰਤ ਦਾ ਚਿਹਰਾ ਵੀ ਨਹੀਂ, ਜਿਸ ਨਾਲ ਬਹੁਤ ਬੁਰਾ ਵਾਪਰਿਆ ਹੋਵੇ।

ਮੈਂ ਤਾਂ ਸਕੂਲ ਵਿੱਚ ਪੜ੍ਹਨ ਵਾਲੀ ਸੋਲਾਂ ਸਾਲਾਂ ਦੀ ਮਾਸੂਮ ਲੜਕੀ ਵੀ ਨਾ ਰਹਿ ਸਕੀ, ਜਿਹਨੂੰ ਪਹਿਲੀ ਵਾਰ ਕਿਸੇ ਨਾਲ ਪਿਆਰ ਹੋ ਗਿਆ ਸੀ, ਪਰ ਉਸੇ ਤੋਂ ਬਾਅਦ ਉਹਨੇ ਆਪਣੀ ਜ਼ਿੰਦਗੀ ਹੀ ਗਵਾ ਦਿੱਤੀ। ਹੁਣ ਤੇਤੀਆਂ ਸਾਲਾਂ ਦੀ ਉਮਰ ਵਿੱਚ ਮੈਂ ਰੋਜ਼ਾਨਾ ਡਰਾਉਣੇ ਸੁਪਨਿਆਂ ਨਾਲ ਜੰਗ ਲੜ ਰਹੀ ਹਾਂ। ਮੇਰੀ ਦੁਨੀਆਂ ਹੁਣ ਮਹਿਜ਼ ਉਸ ਕਾਲੀ ਵਲੇਂਵੇਦਾਰ ਸੜਕ ਤੱਕ ਸਿਮਟ ਕੇ ਰਹਿ ਈ ਹੈ ਜੋ ਮੇਰੇ ਘਰ ਤੋਂ ਚਰਚ ਅਤੇ ਮੇਰੇ ਦਫ਼ਤਰ ਤੱਕ ਜਾਂਦੀ ਹੈ।
ਲੋਕ ਆਪਣੀ ੍ਰਵਿਰਤੀ ਦੇ ਅਨੁਸਾਰ ਮੇਰੇ 'ਤੇ ਵਿਅੰਗ ਕੱਸਦੇ ਹਨ, ਜਦੋਂ ਮੈਂ ਉਹ੍ਵਾਂ ਚਾਲੀ ਦਿਨਾਂ ਨੂੰ ਯਾਦ ਕਰਦੀ ਹਾਂ, ਜਦੋਂ ਮੈਂ ਸਿਰਫ਼ ਇੱਕ ਔਰਤ ਦੇਹੀ ਬਣ ਕੇ ਰਹਿ ਗਈ ਸੀ ਅਤੇ ਜਿਸ ਨੂੰ ਉਹ ਜਿੱਦਾਂ ਵੀ ਚਾਹੁੰਦੇ ਸਨ, ਲਿਤਾੜ ਸਕਦੇ ਤੇ ਵਰਤ ਸਕਦੇ ਸਨ। ਮੈਨੂੰ ਜਾਨਵਰਾਂ ਵਾਂਗ ਵੇਚਿਆ ਗਿਆ, ਕੇਰਲਾ ਦੇ ਅਨੇਕਾਂ ਖੇਤਰਾਂ 'ਚ ਲਿਜਾਇਆ ਗਿਆ, ਹਰ ਥਾਂ ਕਿਸੇ ਹਨੇਰੇ ਕਮਰੇ ਵਿੱਚ ਧੱਕਾ ਦਿੱਤਾ ਗਿਆ, ਮੈਨੂੰ ਹੋਸ਼ ਰਹਿੰਦੇ ਤੱਕ ਲੱਤਾਂ-ਘਸੁੰਨਾਂ ਨਾਲ ਕੁੱਟਿਆ ਗਿਆ।

ਉਹ ਮੈਨੂੰ ਕਹਿੰਦੇ ਹਨ ਕਿ ਮੈਂ ਕਿਵੇਂ ਸਭ ਕੁਝ ਯਾਦ ਰੱਖ ਸਕਦੀ ਹਾਂ ਅਤੇ ਮੈਂ ਹੈਰਾਨ ਹੁੰਦੀ ਹਾਂ ਕਿ ਮੈਂ ਉਹ ਸਭ ਕੁੱਝ ਕਿਵੇਂ ਭੁਲਾ ਸਕਦੀ ਹਾਂ? ਹਰ ਰਾਤ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਨੱਚਦੇ ਉਹਨਾਂ ਖੌਫ਼ਨਾਕ ਦਿਨਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਥੁੜ-ਚਿਰੀ ਨੀਂਦ ਸੌਂ ਲੈਂਦੀ ਹਾਂ। ਤੇ ਮੈਂ ਇੱਕ ਅਥਾਹ ਹਨੇਰੀ ਡੂੰਘੇਰੀ ਇਕੱਲ ਵਿੱਚ ਵਾਰ-ਵਾਰ ਜਾਗ ਪੈਂਦੀ ਹਾਂ, ਜਿੱਥੇ ਘਿਨੌਣੇ ਮਰਦ ਅਤੇ ਦੁਸ਼ਟ ਔਰਤਾਂ ਭਰੀਆਂ ਪਈਆਂ ਹਨ।

ਮੈਂ ਉਨ੍ਹਾਂ ਤਮਾਮ ਚਿਹਰਿਆਂ ਨੂੰ ਸਾਫ-ਸਾਫ ਯਾਦ ਕਰ ਸਕਦੀ ਹਾਂ। ਸਭ ਤੋਂ ਪਹਿਲਾਂ ਰਾਜੂ ਆਇਆ ਸੀ। ਉਹ ਉਹੋ ਸ਼ਖ਼ਸ਼ ਸੀ, ਜਿਸ ਨੂੰ ਮੈਂ ਪਿਆਰ ਕੀਤਾ ਸੀ ਤੇ ਜਿਸ 'ਤੇ ਯਕੀਨ ਕੀਤਾ ਸੀ ਅਤੇ ਉਸ ਨੇ ਮੇਰੀ ਇਸ ਪਿਆਰ ਹਾਣੀ ਨੂੰ ਮੋੜਾ ਦੇ ਕੇ ਮੈਨੂੰ ਕੇਰਲਾ ਦੇ ਪਹਿਲੇ ਸੈਕਸ ਰੈਕਟ ਦੀ ਅੱਗ ਵਿੱਚ ਝੋਕ ਦਿੱਤਾ। ਰੋਜ਼ਾਨਾ ਸਕੂਲ ਦੀ ਰਾਹ 'ਤੇ ਜਿਸ ਮਰਦ ਦਾ ਚਿਹਰਾ ਮੇਰੀਆਂ ਅੱਖਾਂ ਢੂੰਡਦੀਆਂ ਰਹਿੰਦੀਆਂ ਸਨ, ਉਹੋ ਉਨ੍ਹਾਂ ਵਿੱਚੋਂ ਇੱਕ ਸੀ, ਜਿਸ ਨੂੰ ਮੈਂ ਸ਼ਨਾਖ਼ਤੀ ਪਰੇਡ ਵਿੱਚ ਪਹਿਚਾਣਿਆ ਸੀ ਅਤੇ ਅਦਾਲਤ ਦੇ ਕਟਿਹਰੇ ਵਿੱਚ ਮੇਰਾ ਉਸ ਨਾਲ ਸਾਹਮਣਾ ਹੋਇਆ। ਉਨ੍ਹੀਂ ਦਿਨੀਂ ਮੈਂ ਸੱਚੀਓਂ ਹੀ ਉਸ ਨੂੰ ਕਤਲ ਕਰ ਦੇਣਾ ਚਾਹੁੰਦੀ ਸੀ। ਹਾਂ...ਆਪਣ ਉਸ ਪਹਿਲੇ ਆਸ਼ਕ ਦਾ।

ਕਰੀਬ-ਕਰੀਬ ਮਰੀ ਹੋਈ ਹਾਲਤ ਵਿੱਚ ਉਹਨਾਂ ਨੇ ਮੈਨੂੰ ਮੇਰੇ ਘਰ ਦੇ ਨੇੜੇ ਸੁੱਟ ਦਿੱਤਾ। ਪਰ ਮੇਰੇ ਦੁੱਖਾਂ ਦਾ ਅੰਤ ਉੱਥੇ ਹੀ ਨਹੀਂ ਹੋਇਆ। ਮੇਰਾ ਪਰਵਾਰ ਮੇਰੇ ਨਾਲ ਖਲੋਤਾ ਸੀ। ਮੈਂ ਇਹ ਸੋਚ ਕਿ ਕੇਸ ਦਾਇਰ ਕਰ ਦਿੱਤਾ ਕਿ ਮੈਂ ਬਿਲਕੁਲ ਠੀਕ ਕਰ ਰਹੀ ਹਾਂ। ਪਰ ਇਸ ਨੇ ਮੇਰੇ ਪੂਰੇ ਭਰੋਸੇ ਨੂੰ ਤਾਰ-ਤਾਰ ਕਰ ਦਿੱਤਾ। ਮੇਰੇ ਕੇਸ ਦੀ ਜਾਂਚ ਲਈ ਜਿਹੜੀ ਟੀਮ ਸੀ, ਉਹ ਮੈਨੂੰ ਸੂਬੇ ਭਰ ਵਿੱਚ ਕਈ ਥਾਈ ਲੈ ਕੇ ਗਈ। ਉਹਨੇ ਮੈਨੂੰ ਅਣਗਿਣਤ ਵਾਰ ਉਸ ਸਭ ਕੁਝ ਦਾ ਬਿਓਰਾ ਦੇਣ ਲਈ ਕਿਹਾ, ਜੋ ਸਭ ਨੇ ਮੇਰੇ ਨਾਲ ਕੀਤਾ ਸੀ। ਉਹਨਾਂ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਇੱਕ ਔਰਤ ਹੋਣਾ ਸੌਖਾ ਨਹੀਂ, ਉਹ ਪੀੜਤ ਹੋਵੇ ਜਾਂ ਕਿਸੇ ਤਰ੍ਹਾਂ ਬਚ ਗਈ ਹੋਵੇ।

ਮੇਰੇ ਲਈ ਇਹ ਰਾਹਤ ਭਰੀ ਗੱਲ ਹੈ ਕਿ ਦਿੱਲੀ ਦੀ ਉਸ ਲੜਕੀ ਦੀ ਮੌਤ ਹੋ ਗਈ ਹੈ, ਨਹੀਂ ਤਾਂ ਉਸ ਨੂੰ ਵੀ ਸਭ ਥਾਈਂ ਠੀਕ ਉਹੋ ਜਿਹੇ ਹੀ ਅਸ਼ਲੀਲ ਸਵਾਲਾਂ ਦੇ ਰੂਬਰੂ ਹੋਣਾ ਪੈਂਦਾ। ਇਸ ਦੀ ਵਜ੍ਹਾ ਦੱਸਣ ਲਈ ਉਸ ਨੂੰ ਵਾਰ-ਵਾਰ ਮਜਬੂਰ ਕੀਤਾ ਜਾਂਦਾ ਅਤੇ ਇਕੱਲਿਆਂ ਬਿਨਾਂ ਕਿਸੇ ਦੋਸਤ ਦੇ ਉਹ ਆਪਣ ਹੀ ਪਰਛਾਵੇਂ ਤੋਂ ਡਰਦੀ ਹੋਈ ਜ਼ਿੰਦਗੀ ਦਾ ਬਾਕੀ ਹਿੱਸਾ ਕਿਸੇ ਨਾ ਕਿਸੇ ਤਰ੍ਹਾਂ ਕੱਟਦੀ।

ਮੇਰਾ ਕੋਈ ਦੋਸਤ ਨਹੀਂ। ਮੇਰੇ ਦਫ਼ਤਰ 'ਚ ਕੋਈ ਵੀ ਮੇਰੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ। ਮੇਰੇ ਮਾਤਾ-ਪਿਤਾ ਅਤੇ ਕਰਨਾਟਕ 'ਚ ਨੌਕਰੀ ਕਰਨ ਵਾਲੀ ਮੇਰੀ ਭੈਣ ਹੀ ਬੱਸ ਉਹ ਲੋਕ ਹਨ ਜੋ ਮੇਰੀ ਆਵਾਜ਼ ਸੁਣ ਪਾਉਂਦੇ ਹਨ। ਹਾਂ, ਕੁਝ ਵਕੀਲ, ਪੱਤਰਕਾਰ ਤੇ ਸ਼ੋਸ਼ਲ ਵਰਕਰ ਵੀ ਹੈਨ।
ਮੈਂ ਇਹਨਾਂ ਦਿਨਾਂ ਚ ਖੂਬ ਪੜ੍ਹੀ ਹਾਂ। ਫਿਲਹਾਲ ਕੇ ਆਰ ਮੀਰਾ ਦੀ ਇੱਕ ਕਿਤਾਬ ‘ਆਰਾਚਾਰ' (ਦ ਹੈਂਗਮੈਨ) ਪੜ੍ਹ ਰਹੀ ਹਾਂ।

ਮੇਰੇ ਪਰਵਾਰ ਤੋ ਛੁਟ ੋਈ ਵੀ ਨਹੀਂ ਜਾਣਦਾ ਕਿ ਮੈਂ ਆਪਣੀ ਡਿੱਗਦੀ ਜਾਂਦੀ ਸਿਹਤ ਨੂੰ ਲੈ ਕੇ ਡਰੀ ਹੋਈ ਹਾਂ। ਲਗਾਤਾਰ ਸਿਰਦਰਦ, ਜਿਹੜਾ ਉਨ੍ਹਾਂ ਚਾਲੀ ਦਿਨਾਂ ਦੀ ਤਰਾਸਦੀ ਦਾ ਇੱਕ ਹਿੱਸਾ ਹੈ ਜਦੋਂ ਉਹਨਾਂ ਨੇ ਮੇਰੇ ਸਿਰ 'ਤੇ ਲੱਤਾਂ ਮਾਰੀਆਂ ਸਨ। ਮੇਰੇ ਡਾਕਟਰ ਕਹਿੰਦੇ ਹਨ ਕਿ ਮੈਨੂੰ ਜ਼ਿਆਾ ਤਣਾਅ 'ਚ ਨਹੀਂ ਰਹਿਣਾ ਚਾਹੀਦਾ ਤੇ ਮੈਂ ਸੋਚਦੀ ਹਾਂ ਕਿ ਸੱਚਮੁੱਚ ਇੰਞ ਕਰ ਪਾਉਣਾ ਦਿਲਚਸਪ ਹੈ।

ਮੇਰਾ ਭਾਰ ਨੱਬੇ ਕਿਲੋ ਹੋ ਚੁੱਕਾ ਹੈ। ਜਦੋਂ ਮੈਂ ਆਪਣੀ ਨੌਕਰੀ ਤੋਂ ਮੁਅੱਤਲ ਕਰ ਦਿੱਤੀ ਗਈ ਸੀ, ਉਸ ਦੌਰਾਨ ਮੇਰਾ ਜ਼ਿਆਦਾਤਰ ਸਮਾਂ ਬਿਸਤਰੇ 'ਤੇ ਹੀ ਲੰਘਦਾ ਸੀ ਤੇ ਇਸੇ ਕਾਰਨ ਹੀ ਮੇਰਾ ਭਾਰ ਵੱਧਦਾ ਗਿਆ। ਹੁਣ ਮੈਂ ਕੁਝ ਕਸਰਤ ਕਰਦੀ ਹਾਂ। ਪੂਰਨ ਰੂਪ 'ਚ ਤੰਦਰੁਸਤ ਹੋ ਪਾਉਣਾ ਮਾਤਰ ਇੱਕ ਸੁਪਨਾ ਹੈ। ਪਰ ਕੁਝ ਦੁਆਵਾਂ ਮੈਨੂੰ ਜ਼ਿੰਦਾ ਰੱਖ ਰਹੀਆਂ ਹਨ।

ਭਵਿੱਖ 'ਤੇ ਮੇਰਾ ਯਕੀਨ ਹਾਲੇ ਵੀ ਜ਼ਿੰਦਾ ਹੈ ਕਿ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ। ਮੈਂ ਹਰ ਸਵੇਰ ਤੇ ਹਰ ਰਾਤ ਪ੍ਰਾਰਥਨਾ ਕਰਦੀ ਹਾਂ। ਮੈਂ ਨਹੀਂ ਪੁੱਛਦੀ ਕਿ ਫਿਰ ਮੈਨੂੰ ਹੀ ਕਿਉ...। ਮੈਂ ਉਹਨੀਂ ਦਿਨੀਂ ਵੀ ਉਸ 'ਤੇ ਯਕੀਨ ਕਰਦੀ ਰਹੀ, ਜਦੋਂ ਮੈਂ ਬਾ-ਮੁਸ਼ਕਲ ਅੱਖਾਂ ਹੀ ਖੋਹਲ ਾਉਂਦੀ ਸੀ ਜਾਂ ਫਿਰ ਕਿਸੇ ਤਰ੍ਹਾਂ ਜ਼ਿੰਦਾ ਸੀ। ਮੈਂ ਪ੍ਰਾਰਥਨਾ ਕੀਤੀ। ਮੈਂ ਲੈਟਿਨ ਚਰਚ 'ਚੋਂ ਹਾਂ ਜਿਹੜਾ ਕੈਥੋਲਿਕ ਚਰਚ ਵਿੱਚ ਸਭ ਤੋਂ ਵੱਡਾ ਚਰਚ ਹੈ। ਪਰ ਪਿਛਲੇ ਸਤਾਰਾਂ ਸਾਲਾਂ ਵਿੱਚ ਕਿਤੇ ਵੀ ਅਤੇ ਕਿਸੇ ਵੀ ਚਰਚ ਵਿੱਚ ਮੇਰੇ ਲਈ ਕੋਈ ਪ੍ਰਾਰਥਨਾ ਨਹੀਂ ਕੀਤੀ ਗਈ। ਪਵਿੱਤਰ ਮਰੀਅਮ ਨੂੰ ਗੁਲਾਬ ਦੀ ਕੋਈ ਮਾਲਾ ਅਰਪਿਤ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਫਰਿਸ਼ਤਾ ਆਪਣੇ ਦਿਆਲੂ ਸ਼ਬਦ ਲੈ ਕੇ ਮੇਰੇ ਦਰਾਂ 'ਤੇ ਆਇਆ ਹੈ।

ਪਰ ਮੇਰਾ ਯਕੀਨ ਟੁੱਟਿਆ ਨਹੀਂ ਹੈ। ਇਹਨੇ ਮੈਨੂੰ ਹਫ਼ਤੇ ਦੇ ਸੱਤੇ ਦਿਨ ਤੇ ਚੌਵੀ ਘੰਟੇ ਚੱਲਣ ਵਾਲੇ ਟੀ.ਵੀ. ਚੈਨਲ ਦੇਖਣ ਦੀ ਤਾਕਤ ਬਖ਼ਸ਼ੀ ਹੈ। ਜਿੱਥੇ ਕਾਨੂੰਨ ਦੇ ਰੱਖਵਾਲੇ ਮੈਨੂੰ ਬਾਲ-ਵੇਸਵਾ ਦੱਸ ਰਹੇ ਹਨ ਅਤੇ ਸਭ ਕੁਝ ਪ੍ਰਸਿੱਧ ਹਸਤੀਆਂ ਇਸ ਗੱਲ 'ਤੇ ਚਰਚਾ ਕਰ ਰਹੀਆਂ ਹਨ ਕਿ ਮੇਰਾ ਮੁਕੱਦਮਾ ਟਿਕ ਨਹੀਂ ਸਕੇਗਾ। ਇੱਥੋਂ ਤੱਕ ਕਿ ਜਦੋਂ ਮੈਂ ਦਫ਼ਤਰ ਵਿੱਚ ਵਿੱਤੀ ਧੋਖਾਧੜੀ ਦੇ ਮਾਮਲੇ ਵਿੱਚ ਫਸਾਈ ਗਈ ਹਾਂ ਅਤੇ ਮੇਰੇ ਮਾਤਾ-ਪਿਤਾ ਬਿਮਾਰ ਚੱਲ ਰਹੇ ਹਨ, ਉਸ ਵਕਤ ਵੀ ਮੈਂ ਖ਼ੁਦ ਨੂੰ ਸਮਝਾਉਂਦੀ ਹਾਂ ਕਿ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ..ਇੱਕ ਦਿਨ...।

(ਨਾਗਰਿਕ ਵਿੱਚੋਂ ਧੰਨਵਾਦ ਸਹਿਤ)

ਪੇਸ਼ਕਸ਼- ਰਣਜੀਤ ਲਹਿਰਾ


Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ