Fri, 24 May 2024
Your Visitor Number :-   7058064
SuhisaverSuhisaver Suhisaver

ਪੰਜਾਬ ਜਿਹੜਾ ਕਦੇ ਰੰਗੀਂ ਵਸਦਾ ਸੀ... -ਅਮਰਜੀਤ ਟਾਂਡਾ

Posted on:- 09-01-2015

suhisaver

ਪੰਜਾਬ ਜਿਹੜਾ ਕਦੇ ਰੰਗੀਂ ਵਸਦਾ ਸੀ, ਆਪਣੇ ਵਿਹੜਿਆਂ ਚ ਨੱਚਦਾ ਖੇਡਦਾ ਸੀ, ਅੱਜ ਉਸ ਦੇ ਖਿੜ੍ਹੇ ਫੁੱਲਾਂ ਨੂੰ ਚਿੱਟੀ ਵਗਦੀ ਹਵਾ ਨੇ ਝਾੜ ਕੇ ਰੱਖ ਦਿੱਤਾ ਹੈ। ਕੋਈ ਵਿਰਲਾ ਹੀ ਬੂਹਾ ਹੋਵੇਗਾ, ਜਿਸ ਦਾ ਸੁੱਖ-ਚੈਨ ਇਸ ਨਸ਼ੇ ਨੇ ਨਾ ਖੋਹਿਆ ਹੋਵੇ। ਹੈਰੋਇਨ ਦੇ ਮੂੰਹ 'ਚ ਨੇ ਅਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਸਕੂਲ ਵਿਦਿਆਰਥੀ। ਬਜ਼ੁਰਗ ਅਤੇ ਕੁੜੀਆਂ ਵੀ ਇਸ ਰਾਹ ਟੁਰ ਪਈਆਂ ਹਨ। ਹਜ਼ਾਰਾਂ ਭੈਣਾਂ ਦੇ ਲਾਡਲੇ ਵੀਰ,ਮਾਵਾਂ ਦੇ ਚੌੜੀ ਛਾਤੀ ਵਾਲੇ ਪੁੱਤ ਨਸ਼ੇ ਦੀਆਂ ਪੈੜਾਂ ਤੇ ਟੁਰਦੇ ਕਬਰਾਂ ਨੂੰ ਚਲੇ ਗਏ ਹਨ। ਸਿੰਧੂਰ ਮਹਿੰਦੀਆਂ ਖੁਰ ਗਈਆਂ ਹਨ ਦਰ੍ਹਾਂ ਤੇ ਹੀ।

ਹੈਰੋਇਨ ਨੇ ਸਾਰੇ ਪੰਜਾਬ ਦੇ ਸੀਨਿਆਂ ਨੂੰ ਰਾਖ਼ ਤੇ ਦਰਿਆਵਾਂ ਦੇ ਪਾਣੀਆਂ ਨੂੰ ਇੱਕ ਸਦੀਆਂ ਭਰ ਲਈ ਤੁਹੱਮਤ ਲਾ ਦਿਤੀ ਹੈ। ਹਕੂਮਤ ਤਖਤ ਦੇ ਗਰੂਰ ਤੇ ਸਰੂਰ 'ਚ ਦੂਰ ਬੈਠੀ ਦੇਖ ਰਹੀ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪੰਜਾਬ ਦੇ ਬਹੁਤ ਸਾਰੇ ਘਰ ਹੈਰੋਇਨ ਦੇ ਸਿਰ ਜੀਅ ਰਹੇ ਹਨ। ਘਰਾਂ ਵਿਹੜਿਆਂ ਵਿਚ ਜਿੱਥੇ ਗਿੱਧੇ ਭੰਗੜੇ ਪੈੰਦੇ ਸਨ, ਹੁਣ ਨਸ਼ੇੜੀਆਂ ਦੇ ਮੰਜੇ ਡੱਠੇ ਪਏ ਨੇ। ਪੰਜਾਂ ਪਾਣੀਆਂ ਦੀਆਂ ਨੀਂਦਾਂ ਗੁਆਚ ਗਈਆਂ ਹਨ। ਇਹਦੀਆਂ ਲਹਿਰਾਂ ਚ ਹੁਣ ਹੈਰੋਇਨ ਘੁਲ ਗਈ ਹੈ, ਹਰੇਕ ਚੁਰਾਹੇ ਤੇ ਇਹ ਵਿਕ ਰਹੀ ਹੈ।

ਆੜ੍ਹਤੀਆਂ ਦੇ ਕਰਜ਼ਿਆਂ, ਖਾਦ ਪਦਾਰਥਾਂ ਅਤੇ ਡੀਜ਼ਲ ਪੈਟਰੋਲ ਆਦਿ ਦੀਆਂ ਵਧ ਰਹੀਆਂ ਕੀਮਤਾਂ ਨਾਲ ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਦਮ ਤੋੜ ਰਹੀ ਹੈ, ਨਸ਼ਿਆਂ ਦੇ ਹੜ੍ਹ ਨੇ ਪੰਜਾਬ ਅਤੇ ਇਸਦੇ ਬਾਸ਼ਿੰਦਿਆਂ ਦੀ ਹਾਲਤ ਬਦ ਤੋਂ ਬਦਤਰ ਬਣਾਉਣ ਵਿੱਚ ਬਹੁਤ ਹੀ ਵਿਨਾਸ਼ਕਾਰੀ ਭੂਮਿਕਾ ਨਿਭਾਈ ਹੈ। ਫ਼ਸਲਾਂ ਦੇ ਘੱਟ ਰੇਟ ਮਿਲਣ ਕਾਰਨ ਕਿਸਾਨੀ ਕਰਜ਼ਿਆਂ ਦੇ ਬੋਝ ਥੱਲੇ ਦਬਦੀ ਜਾ ਰਹੀ ਹੈ, ਨਸ਼ਿਆਂ ਦੀ ਮਾਰ ਨੇ ਇਸਦੇ ਬੋਝ ਨੂੰ ਵਧਾਉਣ ਵਿੱਚ ਮਾਰੂ ਕੰਮ ਕੀਤਾ ਹੈ। ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਹੀ ਨਹੀਂ ਰਹੀ, ਹੁਣ ਇੱਥੇ ਛੇਵਾਂ ਦਰਿਆ ਵੀ ਵਗ ਰਿਹਾ ਹੈ। ਇਹ ਦਰਿਆ ਬਹੁਤ ਤੇਜ਼ ਵੇਗ ਨਾਲ ਵਗ ਰਿਹਾ ਹੈ। ਸਿੱਖ ਨੌਜੁਆਨੀ ਜੋ ਕਿ ਅਟਕ ਵਰਗੇ ਦਰਿਆ ਨੂੰ ਵੀ ਅਟਕਾ ਕੇ ਅੱਗੇ ਲੰਘ ਜਾਂਦੀ ਸੀ ਅੱਜ ਨਸ਼ਿਆਂ ਦੇ ਵਹਿਣ ਵਿੱਚ ਹੀ ਵਹਿ ਰਹੀ ਹੈ। ਜ਼ਿਆਦਾ ਵਸੋਂ ਹੁਣ ਇਸੇ ਦਰਿਆ ਦੀ ਮਾਰ ਹੇਠ ਹੈ- ਦਰਿਆ ਹੈ ਇਹ ਨਸ਼ਿਆਂ ਦਾ ਜਿਸਨੇ ਨੌਜੁਆਨੀ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ ਵਿੱਚ ਲੈ ਲਿਆ ਹੈ। ਇਹ ਇੱਕ ਐਸਾ ਦਰਿਆ ਹੈ ਜਿਸ ਵਿੱਚ ਵਹਿਣ ਵਾਲੇ ਨੂੰ ਕਾਫੀ ਦੂਰ ਤੱਕ ਰੁੜ੍ਹ ਜਾਣ ਤੋਂ ਬਾਅਦ ਪਤਾ ਲਗਦਾ ਹੈ ਕਿ ਉਹ ਖੁਸ਼ਹਾਲ ਅਤੇ ਹਸਦੀ-ਵਸਦੀ ਜ਼ਿੰਦਗੀ ਤੋਂ ਬਹੁਤ ਡੂੰਘੇ ਪੱਤਣ ਵਿੱਚ ਧੱਸ ਗਿਆ ਹੈ। ਇਸ ਵਹਿਣ ਵਾਲੇ ਸਿਰਫ਼ ਆਪ ਹੀ ਨਹੀਂ ਵਹਿ ਤੁਰਦੇ ਸਗੋਂ ਪਰਿਵਾਰ ਦੀਆਂ ਖੁਸ਼ੀਆਂ ਅਤੇ ਖੁਸ਼ਹਾਲੀ ਨੂੰ ਵੀ ਵਹਾ ਕੇ ਲੈ ਜਾਂਦੇ ਹਨ।

ਸ਼ਰਾਬ, ਨਸ਼ੇ ਦੀਆਂ ਗੋਲੀਆਂ, ਡੋਡੇ, ਭੁੱਕੀ, ਤਮਾਕੂ, ਚਰਸ, ਗਾਂਜਾ, ਹੈਰੋਇਨ, ਸਮੈਕ, ਨਸ਼ੇ ਦੇ ਟੀਕੇ ਅਤੇ ਪਤਾ ਨਹੀਂ ਕਿੰਨੇ ਹੀ ਹੋਰ ਅਜਿਹੇ ਨਸ਼ੀਲੇ ਪਦਾਰਥਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਮਾਰ ਹੇਠ ਲਿਆ ਹੋਇਆ ਹੈ। ਅੱਜ ਪੰਜਾਬ ਦੇ ਬੁੱਲ੍ਹਾਂ ਵਿੱਚ ਜ਼ਰਦੇ, ਨਾੜਾਂ ਵਿੱਚ ਟੀਕੇ ਹਨ। ਜਿਥੇ ਸਰਕਾਰਾਂ ਹੀ ਨਸ਼ੇ ਨਾਲ ਪਈਆਂ ਵੋਟਾਂ ਸਹਾਰੇ ਬਣਦੀਆਂ ਹਨ, ਉਹ ਦੇਸ਼ ਨਸ਼ਾ-ਮੁਕਤ ਕਿਵੇਂ ਹੋ ਸਕਦਾ ਹੈ? ਮਜ਼ਦੂਰ ਕਲੋਨੀ ਨੇੜੇ ਹਸਪਤਾਲ ਭਾਵੇਂ ਨਹੀਂ ਸ਼ਰਾਬ ਦਾ ਠੇਕਾ ਜ਼ਰੂਰ ਹੈ।

ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ? ਨਸ਼ੇ ਦੀ ਵਿਕਰੀ ਰੋਕਣ ਲਈ ਨਸ਼ੀਲੇ ਪਦਾਰਥਾਂ ਦੀ ਕੀਮਤ ਨੂੰ ਵਧਾ ਦੇਣਾ ਚਾਹੀਦਾ ਹੈ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀ ਕੀਮਤ ਘੱਟ ਕਰਨੀ ਚਾਹੀਦੀ ਹੈ। ਪੈਟਰੋਲ-ਡੀਜ਼ਲ, ਗੈਸ ਆਦਿ ਦੀ ਜਗ੍ਹਾ ਸ਼ਰਾਬ ਵਰਗੇ ਨਸ਼ੀਲੇ ਪਦਾਰਥਾਂ ਦੀ ਕੀਮਤ ਵਧਾ ਕੇ ਨਸ਼ੇ ਦੀ ਵਿਕਰੀ ਨੂੰ ਘਟਾਇਆ ਅਤੇ ਆਮ ਆਦਮੀ ਨੂੰ ਰਾਹਤ ਪਹੁੰਚਾਈ ਜਾ ਸਕਦੀ ਹੈ। ਚੋਣਾਂ ਸਮੇਂ ਉਮੀਦਵਾਰਾਂ ਅਤੇ ਪਾਰਟੀਆਂ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਨਸ਼ੇ ਵੰਡਣ 'ਤੇ ਸਖਤ ਕਾਨੂੰਨ ਬਣਾ ਕੇ ਰੋਕ ਲਗਾਉਣੀ ਚਾਹੀਦੀ ਹੈ। ਮੈਡੀਕਲ ਸਟੋਰ ਨਸ਼ੀਲੇ ਪਦਾਰਥ ਵੇਚਣ ਦਾ ਅੱਡਾ ਬਣ ਚੁੱਕੇ ਹਨ ਇਸ ਲਈ ਨਸ਼ੇ ਵੇਚਣ ਵਾਲੇ ਦਵਾਈ ਵਿਕਰੇਤਾਵਾਂ ਅਤੇ ਮੈਡੀਕਲ ਸਟੋਰਾਂ 'ਤੇ ਸਮੇਂ-ਸਮੇਂ ਛਾਪੇ ਮਾਰੇ ਜਾਣੇ ਚਾਹੀਦੇ ਹਨ ਤਾਂ ਜੋ ਨਸ਼ੀਲੇ ਪਦਾਰਥਾਂ ਦੀ ਵਿਕਰੀ ਨੂੰ ਠੱਲ ਪਾਈ ਜਾ ਸਕੇ।

ਘਰ-ਘਰ 'ਚਿੱਟੀ' ਅੱਗ ਬਲ ਰਹੀ ਹੈ, ਜਿਸ ਦੇ ਧੂੰਏਂ ਵਿਚ ਨਾ ਸਿਰਫ਼ ਖੂਨ-ਪਸੀਨਿਆਂ ਦੀ ਕਮਾਈ ਫੁਕ ਰਹੀ ਹੈ, ਸਗੋਂ ਮਾਵਾਂ, ਪਤਨੀਆਂ, ਭੈਣਾਂ-ਭਰਾਵਾਂ ਅਤੇ ਪਿਤਾਵਾਂ ਦੀਆਂ ਖੁਸ਼ੀਆਂ ਵੀ ਕਤਲ ਹੋ ਰਹੀਆਂ ਹਨ। ਕੁਝ ਸਾਲ ਪਹਿਲਾਂ, ਲੋਮੋਟਿਲ ਦੀਆਂ ਗੋਲੀਆਂ, ਫੈਸੀਡਿਲ ਦੀਆਂ ਸ਼ੀਸ਼ੀਆਂ ਅਤੇ ਪ੍ਰੋਕਸੀਵਨ ਦੇ ਕੈਪਸੂਲ ਵਰਤਦੇ ਸਨ- ਅੱਜ ਉਨ੍ਹਾਂ ਦੀ ਜਗ੍ਹਾ 'ਚਿੱਟੇ' ਨੇ ਲੈ ਲਈ ਹੈ। ਜੋ ਲੋਕ ਪੀਂਦੇ ਹਨ ਉਨ੍ਹਾਂ ਵਿਚੋਂ 80-90 ਫ਼ੀਸਦੀ ਵੇਚਣ ਵੀ ਲੱਗ ਪੈਂਦੇ ਹਨ, ਕਿਉਂਕਿ ਹੈਰੋਇਨ ਮਹਿੰਗੀ ਹੋਂਣ ਕਰਕੇ ਜੇਬ 'ਚੋਂ ਪੀਣੀ ਉਨ੍ਹਾਂ ਦੇ ਵੱਸੋਂ ਬਾਹਰ ਹੈ। ਹੈਰੋਇਨ ਦਾ ਭਾਅ 2000 ਰੂਪੈ ਪ੍ਰਤੀ ਗ੍ਰਾਮ ਹੈ। ਨਸ਼ੇੜੀ ਹੈਰੋਇਨ ਇਕੱਠੀ ਲੈ ਕੇ ਅੱਗੇ ਪੁੜੀਆਂ ਬਣਾ-ਬਣਾ ਕੇ ਵੇਚ ਦੇਂਦੇ ਹਨ, ਜੋ ਸੌ ਰੁਪਏ ਤੋਂ ਲੈ ਪੰਜ ਸੌ ਤੱਕ ਦੀਆਂ ਹੁੰਦੀਆਂ ਹਨ, ਇਹੀ ਕਾਰਨ ਹੈ ਕਿ ਅੱਜ ਰਿਕਸ਼ੇ ਵਾਲਾ ਤੇ ਆਮ ਮਜ਼ਦੂਰ ਵੀ ਚਿੱਟਾ ਤੇ ਹੀ ਟੁਰਦਾ ਹੈ। ਕੁਝ ਨਸ਼ੇੜੀ ਤਾਂ ਹੈਰੋਇਨ ਸਨੱਫ਼ (ਸੁੰਘ) ਕਰ ਕੇ ਲੈਂਦੇ ਹਨ ਤੇ ਕੁਝ ਪੰਨੀ (ਫੌਇਲ ਪੇਪਰ) 'ਤੇ ਜਲਾ ਕੇ ਧੂੰਏਂ ਰਾਹੀਂ ਖਿੱਚਦੇ ਹਨ। ਜੋ ਜ਼ਿਆਦਾ ਪੁਰਾਣੇ ਨਸ਼ੇੜੀ ਹਨ, ਉਹ ਟੀਕੇ ਦੇ ਰੂਪ 'ਚ ਲੈਂਦੇ ਹਨ, ਜੋ ਬਹੁਤ ਘਾਤਕ ਤਰੀਕਾ ਹੈ, ਕਿਉਂਕਿ ਨਸ਼ੇੜੀ ਗਰੁੱਪ ਬਣਾ ਕੇ ਕਈ ਵਾਰ ਇਕ ਸਰਿੰਜ ਨਾਲ ਇਕ-ਦੂਜੇ ਨੂੰ ਟੀਕੇ ਲਾਉਂਦੇ ਹਨ, ਜੋ ਏਡਜ਼ ਅਤੇ ਹੈਪਾਟਾਈਟਸ-ਸੀ ਜਿਹੀਆਂ ਬਿਮਾਰੀਆਂ ਦਾ ਕਾਰਕ ਬਣਦਾ ਹੈ।
ਲੋਕ ਸ਼ਰ੍ਹੇਆਮ ਕਹਿੰਦੇ ਹਨ ਕਿ ਨਸ਼ੇ ਦੇ ਬੜਾਵੇ 'ਚ ਸਿਆਸਤ ਦੀ ਵੱਡੀ ਭੂਮਿਕਾ ਹੈ, ਕਿਉਂਕਿ ਵੱਡੇ ਤੱਸਕਰ ਸਿਆਸੀ ਨੇੜਤਾ ਵਾਲੇ ਹਨ, ਜਿਨ੍ਹਾਂ ਨੂੰ ਈਮਾਨਦਾਰ ਪੁਲਸ ਅਫ਼ਸਰ ਚਾਹ ਕੇ ਵੀ ਫੜ੍ਹ ਨਹੀਂ ਸਕਦੇ। ਤੱਸਕਰਾਂ ਦੇ ਮੁੱਢ-ਕਦੀਮੋਂ ਸਫ਼ਾਏ ਤੋਂ ਇਲਾਵਾ ਪਿੰਡ ਪੱਧਰ 'ਤੇ ਰੀ-ਹੈਬਲੀਟੇਸ਼ਨ ਸੈਂਟਰ ਖੋਲ੍ਹੇ ਜਾਣ, ਜਿੱਥੇ ਜਿੰਦਗੀ ਤੋਂ ਬੇਮੁੱਖ ਹੋਏ ਲੋਕਾਂ 'ਚ ਜੀਂਣ ਦਾ ਜਜ਼ਬਾ ਪੈਦਾ ਕੀਤਾ ਜਾਵੇ।

ਪੰਜਾਬ ਵਿਚ ਕਿਸੇ ਵੀ ਨਸ਼ੇ ਦਾ ਉਤਪਾਦਨ ਨਹੀ ਹੁੰਦਾ ਅਤੇ ਪੰਜਾਬ ਵਿਚ ਸਮੈਕ, ਹੈਰੋਇਨ, ਭੁੱਕੀ, ਅਫੀਮ, ਗਾਂਜਾ ਸਮੇਤ ਹੋਰ ਨਸ਼ਿਆਂ ਦੀ ਆਮਦ ਅੰਤਰਰਾਸ਼ਟਰੀ ਸਰਹੱਦ ਰਾਹੀ ਜਾਂ ਫਿਰ ਗੁਆਂਢੀ ਰਾਜਾਂ ਤੋਂ ਹੁੰਦੀ ਹੈ ਤਾਂ ਰੋਕ ਫਿਰ। ਕੌਮਾਤਰੀ ਸਰਹੱਦ ਤੋਂ ਹੁੰਦੀ ਨਸ਼ਿਆਂ ਦੀ ਤੱਸਕਰੀ ਰੋਕਣ ਦੀ ਜਿੰਮੇਵਾਰੀ ਕੇਂਦਰੀ ਏਜੰਸੀਆਂ ਦੀ ਹੈ -ਕਹੋ ਉਹਨਾਂ ਨੂੰ ਰੋਕਣ ਲਈ । ਤਸੱਕਰਾਂ ਵੱਲੋਂ ਸਰਹੱਦ ਪਾਰੋਂ ਆਏ ਨਸ਼ੇ ਅੱਗੇ ਪੂਰੇ ਦੇਸ਼ ਤੇ ਕੋਂਮਾਤਰੀ ਮੰਡੀ ਵਿਚ ਭੇਜੇ ਜਾਂਦੇ ਹਨ। ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਆਦਿ ਵੱਲੋਂ ਕਾਨੂੰਨੀ ਤੌਰ 'ਤੇ ਅਫ਼ੀਮ, ਭੁੱਕੀ, ਗਾਂਜਾ ਆਦਿ ਦਾ ਉਤਪਾਦਨ ਕਰਕੇ ਮਾਲੀਆ ਇਕੱਠਾ ਕਰਨ ਦੇ ਵਰਤਾਰੇ ਨੂੰ ਤੁਰੰਤ ਰੋਕਿਆ ਜਾਵੇ। ਵੱਡੀ ਗਿਣਤੀ ਵਿਚ ਨਸ਼ਾ ਪੰਜਾਬ ਵਿਚ ਹੀ ਪੈਦਾ ਹੋ ਰਿਹਾ ਹੈ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ। ਸਿਆਸੀ ਤੌਰ 'ਤੇ ਨਸ਼ਿਆਂ ਦੀ ਸਰਪ੍ਰਸਤੀ ਬੰਦ ਹੋ ਗਈ ਤਾਂ ਅਫਸਰਸ਼ਾਹੀ ਖੁਦ ਹੀ ਨਸ਼ਿਆਂ ਵਿਰੁੱਧ ਸਖਤ ਹੋ ਜਾਵੇਗੀ। ਇਸ ਨਾਲ ਸੂਬੇ ਦੇ ਲੋਕ ਆਪਣੇ ਆਪ ਨਸ਼ਿਆਂ ਤੋਂ ਮੁਕਤ ਹੋਣਾ ਸ਼ੁਰੂ ਹੋ ਜਾਣਗੇ।

ਨਸ਼ਾ ਵਿਰੋਧੀ ਜਾਗਰੂਕ ਪ੍ਰੋਗਰਾਮ ਸਮੇਂ ਪਰਸੋਂ ਸਥਿਤੀ ਉਸ ਵੇਲੇ ਹਾਸੋਹੀਣੀ ਹੋ ਗਈ, ਜਦੋਂ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਵਿੱਚ ਭਾਗ ਲੈਣ ਆਏ ਕੁਝ ਅਕਾਲੀ ਕਾਰਕੁਨਾਂ ਨੇ ਰੈਲੀ ਵਿੱਚ ਜਾਣ ਦੀ ਥਾਂ 'ਤੇ ਬੱਸਾਂ ਵਿੱਚ ਹੀ ਸ਼ਰਾਬ ਦੇ ਦੌਰ ਚਲਾ ਦਿੱਤੇ। ਰੈਲੀ ਵਾਲੀ ਥਾਂ 'ਤੇ ਲਾਏ ਪਕੌੜਿਆਂ ਦੇ ਲੰਗਰ ਤੋਂ ਪਕੌੜੇ ਲਿਆਕੇ ਸ਼ਰਾਬ ਨਾਲ ਖਾਂਦੇ ਰਹੇ ਅਤੇ ਬੱਸਾਂ 'ਚ ਨਸ਼ਾ ਵਿਰੋਧੀ ਜਾਗਰੂਕਤਾ ਫੈਲਾਉਂਦੇ ਰਹੇ।

ਸ਼ਸ਼ੀ ਕਾਂਤ ਵਰਗੇ ਸਾਬਕਾ ਪੁਲਿਸ ਅਫ਼ਸਰਾਂ ਨੇ ਵੀ ਵਾਰ-ਵਾਰ ਪੰਜਾਬ ਦੀਆਂ ਜੇਲ੍ਹਾਂ 'ਚ ਵਰਤਾਏ ਜਾਂਦੇ ਨਸ਼ਿਆਂ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਕਈ ਵਾਰ ਇਹ ਬਿਆਨ ਵੀ ਦਿੱਤਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਇਸ ਕੰਮ 'ਚ ਭਾਗੀ ਕੁਝ ਸਿਆਸਤਦਾਨਾਂ ਦੇ ਨਾਂਅ ਵੀ ਲਿਖਤੀ ਰੂਪ 'ਚ ਦਿੱਤੇ ਸਨ। ਸਿਆਸੀ ਆਗੂਆਂ ਨੂੰ ਇਹ ਚਾਹੀਦਾ ਸੀ ਕਿ ਲੰਮਾ ਸਮਾਂ ਪਹਿਲਾਂ ਉਹ ਨਸ਼ਿਆਂ ਵਿਰੁੱਧ ਸਭ ਨੂੰ ਨਾਲ ਲੈ ਕੇ ਇਕ ਵੱਡੀ ਮੁਹਿੰਮ ਸ਼ੁਰੂ ਕਰਕੇ ਇਨ੍ਹਾਂ ਦਾ ਖ਼ਾਤਮਾ ਕਰ ਦਿੰਦੇ। ਜੇਕਰ ਇਹ ਨਸ਼ੇ ਬਾਹਰੋਂ ਹੀ ਆਉਂਦੇ ਸਨ ਤਾਂ ਕੇਂਦਰ ਸਰਕਾਰ ਨਾਲ ਇਸ ਸਬੰਧੀ ਵਿਸਥਾਰਤ ਤੇ ਠੋਸ ਗੱਲ ਕੀਤੀ ਜਾ ਸਕਦੀ ਸੀ ਅਤੇ ਇਨ੍ਹਾਂ ਦੇ ਨਤੀਜਿਆਂ ਤੋਂ ਉਸ ਨੂੰ ਸੁਚੇਤ ਕੀਤਾ ਜਾ ਸਕਦਾ ਸੀ। ਇਸ ਸਮੇਂ ਰਾਜ 'ਚ ਭਾਰੂ ਹੋਏ ਨਸ਼ਿਆਂ ਦੇ ਮੁੱਦੇ ਨੂੰ ਉਭਾਰ ਕੇ ਜਿਥੇ ਉਹ ਇਕ ਵੱਡੀ ਮੁਹਿੰਮ ਚਲਾਉਣ ਦੀ ਯੋਜਨਾ ਬਣਾ ਰਹੀ ਹੈ, ਉਥੇ ਅਜਿਹਾ ਕਰਕੇ ਉਹ ਆਪਣੀ ਭਾਈਵਾਲ ਪਾਰਟੀ ਤੋਂ ਸਪੱਸ਼ਟ ਨਿਖੇੜਾ ਕਰਨ ਦਾ ਸੰਦੇਸ਼ ਵੀ ਦੇ ਰਹੀ ਜਾਪਦੀ ਹੈ। ਨਹੀਂ ਤਾਂ ਨਸ਼ਿਆਂ ਸਬੰਧੀ ਉਹ ਕਿਸੇ ਵੀ ਪੱਧਰ 'ਤੇ ਕਾਫੀ ਸਾਲ ਪਹਿਲਾਂ ਵੀ ਅਜਿਹੀ ਤਤਪਰਤਾ ਦਿਖਾ ਸਕਦੀ ਸੀ। ਸਰਹੱਦਾਂ 'ਤੇ ਧਰਨੇ ਲਗਾਏ ਗਏ ਹਨ।

ਪੰਜਾਬ ਦੇ ਲੋਕਾਂ 'ਤੇ ਅਜਿਹੇ ਧਰਨਿਆਂ ਦਾ ਕੀ ਅਤੇ ਕਿੰਨਾ ਕੁ ਅਸਰ ਹੋਵੇਗਾ, ਇਸ ਬਾਰੇ ਅੰਦਾਜ਼ਾ ਲਗਾਉਣਾ ਤਾਂ ਮੁਸ਼ਕਿਲ ਹੈ ਪਰ ਪਹਿਲਾਂ ਹੀ ਅਨੇਕਾਂ ਤਰ੍ਹਾਂ ਦੀਆਂ ਕੁੜਿੱਕੀਆਂ 'ਚ ਫਸੇ ਲੋਕ ਅਜਿਹੇ ਧਰਨੇ, ਰੈਲੀਆਂ ਅਤੇ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਨੂੰ ਵੱਖ-ਵੱਖ ਪਾਰਟੀਆਂ ਵੱਲੋਂ ਖੇਡੀ ਜਾ ਰਹੀ ਸਿਆਸੀ ਖੇਡ ਹੀ ਸਮਝ ਰਹੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ, ਕੀ ਕੀਤੀਆਂ ਜਾ ਰਹੀਆਂ ਅਜਿਹੀਆਂ ਸਰਗਰਮੀਆਂ ਪੰਜਾਬ ਦਾ ਕੁਝ ਸੰਵਾਰਨ ਦੇ ਸਮਰੱਥ ਹੋ ਸਕਦੀਆਂ ਹਨ? ਬਿਨਾਂ ਸ਼ੱਕ ਪਹਿਲਾਂ ਹੀ ਖੇਡੀਆਂ ਗਈਆਂ ਅਨੇਕਾਂ ਅਜਿਹੀਆਂ ਖੇਡਾਂ ਕਰਕੇ ਪੰਜਾਬ ਹਰ ਖੇਤਰ 'ਚ ਲਗਾਤਾਰ ਪਛੜਿਆ ਦਿਖਾਈ ਦੇ ਰਿਹਾ ਹੈ।

ਨਸ਼ਾ ਵਿਰੋਧੀ ਧਰਨੇ ਲੋਕ ਹਿੱਤ ਵਿੱਚ ਘੱਟ ਪਰ ਸਿਆਸਤ ਤੋਂ ਜ਼ਿਆਦਾ ਪ੍ਰੇਰਿਤ ਹਨ। ਪੰਜਾਬ ਦੀ ਆਰਥਿਕਤਾ ਦਿਨੋ-ਦਿਨ ਕਮਜ਼ੋਰ ਹੋ ਰਹੀ ਹੈ। ਪੰਜਾਬ ਵਿੱਚ ਭਾਜਪਾ ਆਪਣੇ ਬਲਬੂਤੇ ਚੋਣਾਂ ਵਿੱਚ ਮਜ਼ਬੂਤ ਹੋਣਾ ਚਾਹੁੰਦੀ ਹੈ, ਇੰਜ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਆਧਾਰ ਨੂੰ ਮਜ਼ਬੂਤ ਹੋਣ ਤੋਂ ਰੋਕਣ ਲਈ ਜਨਤਾ ਨੂੰ ਨਸ਼ਿਆਂ ਦੇ ਨਾਂ 'ਤੇ ਮੋਰਚਿਆਂ ਲਈ ਲਾਮਬੰਦ ਕਰਕੇ ਪੁਰਾਣੇ ਮੁੱਦਿਆਂ ਲਈ ਮੁੜ ਤੋਂ ਪੰਥ ਦੇ ਨਾਂ 'ਤੇ ਕੁਰਬਾਨੀਆਂ ਦੇਣ ਲਈ ਤਿਆਰ ਕਰਨ ਲਈ ਯਤਨਸੀਲ ਹੈ।

ਅੱਜ ਲੋੜ ਹੈ, ਨਸ਼ਾ ਤੱਸਕਰੀ 'ਤੇ ਸਖ਼ਤਾਈ ਕਰਨ ਦੇ ਨਾਲ-ਨਾਲ ਉਨ੍ਹਾਂ ਬਾਰੇ ਵੀ ਸੋਚਣ ਦੀ ਜੋ ਇਸ ਦਲਦਲ 'ਚ ਨੱਕ ਤੱਕ ਫਸ ਚੁੱਕੇ ਹਨ। ਤੱਸਕਰਾਂ ਦੇ ਮੁੱਢ-ਕਦੀਮੋਂ ਸਫ਼ਾਏ ਤੋਂ ਇਲਾਵਾ ਪਿੰਡ ਪੱਧਰ 'ਤੇ ਰੀ-ਹੈਬਲੀਟੇਸ਼ਨ ਸੈਂਟਰ ਖੋਲ੍ਹੇ ਜਾਣ, ਜਿੱਥੇ ਜ਼ਿੰਦਗੀ ਤੋਂ ਬੇਮੁੱਖ ਹੋਏ ਲੋਕਾਂ 'ਚ ਜੀਂਣ ਦਾ ਜਜ਼ਬਾ ਪੈਦਾ ਕੀਤਾ ਜਾਵੇ। ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਰੈਲੀਆਂ 'ਚ ਸ਼ਬਦੀ ਨਾਹਰੇ ਛੱਡਣ ਦੀ ਥਾਂ ਨਸ਼ੇ ਵਿਰੁੱਧ ਪਾਕ ਨੀਅਤ ਨਾਲ ਸੰਘਰਸ਼ ਕਰਨ- ਪੰਜਾਬ ਵਿਚ ਸਥਿਤੀ ਇਹ ਹੈ ਕਿ ਜੇਕਰ ਕਾਰਗਰ ਕਦਮ ਨਾ ਉਠਾਏ ਗਏ ਤਾਂ ਘਰਾਂ ਦੇ ਵਿਹੜਿਆਂ 'ਚੋਂ ਜਵਾਨੀਆਂ ਅਤੇ ਖੁਸ਼ੀਆਂ ਪੂਰੀ ਤਰ੍ਹਾਂ ਗੁਆਚ ਜਾਣਗੀਆਂ।

ਤੇ ਹਾਂ ਜੇ ਕੁਝ ਨਾ ਕੀਤਾ ਤਾਂ ਭੈਣਾਂ ਭਰਾਵਾਂ ਨੂੰ ਤਰਸਣਗੀਆਂ।ਮਾਵਾਂ ਪੁੱਤਾਂ ਨੂੰ ਲੱਭਣਗੀਆਂ ਤੇ ਬਾਪੂ ਲਾਡਲਿਆਂ ਨੂੰ ਉਡੀਕਣਗੇ।


Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ