Sun, 25 February 2024
Your Visitor Number :-   6868515
SuhisaverSuhisaver Suhisaver

ਭਾਜਪਾ ਲੋਕਾਂ ਨੂੰ ਫ਼ਿਰਕੂ ਪ੍ਰਚਾਰ ਨਾਲ ਭਰਮਾ ਨਹੀਂ ਸਕੇਗੀ -ਪ੍ਰੋ. ਰਾਕੇਸ਼ ਰਮਨ

Posted on:- 18-09-2014

ਫ਼ਿਰਕੂ ਵੰਨ-ਸੁਵੰਨਤਾ ਰੱਖਣ ਵਾਲੇ ਸਮਾਜ ਵਿੱਚ ਫ਼ਿਰਕਿਆਂ ਦਰਮਿਆਨ ਵੰਡੀਆਂ ਪਾਉਣ ਅਤੇ ਆਪਸੀ ਨਫ਼ਰਤ ਪੈਂਦਾ ਕਰਨ ਵਾਲਾ ਪ੍ਰਚਾਰ ਹਮੇਸ਼ਾ ਘਾਤਕ ਸਾਬਤ ਹੁੰਦਾ ਹੈ। ਪਰ ਫੁੱਟ ਪਾਊ ਫ਼ਿਰਕੂ ਤਾਕਤਾਂ ਫਿਰ ਵੀ ਆਪਣੇ ਕੋਝੇ ਮਨਸੂਬਿਆਂ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਬਾਜ ਨਹੀਂ ਆਉਂਦੀਆਂ, ਜਿਸ ਦੇ ਫਲਸਰੂਪ ਜ਼ਹਿਰੀਲਾ ਫਿਰਕੂ ਪ੍ਰਚਾਰ ਇਨ੍ਹਾਂ ਤਾਕਤਾਂ ਦੁਆਰਾ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰੱਖਿਆ ਜਾਂਦਾ ਹੈ। ਇਹ ਪ੍ਰਚਾਰ ਰਾਜਸੀ ਮਨੋਰਥਾਂ ਤੋਂ ਪ੍ਰੇਰਿਤ ਹੁੰਦਾ ਹੈ ਅਤੇ ਨੈਤਿਕਤਾ ਦੀਆਂ ਧੱਜੀਆਂ ਉਡਾ ਕੇ ਕੀਤਾ ਜਾਂਦਾ ਹੈ, ਫਿਰ ਵੀ ਜ਼ਹਿਰੀਲਾ ਪ੍ਰਚਾਰ ਕਰਨ ਵਾਲੇ ਆਪਣੇ ਉਦੇਸ਼ਾਂ ਦੀ ਪੂਰਤੀ ਕਰਨ ਵਿੱਚ ਅਕਸਰ ਸਫ਼ਲ ਹੋ ਜਾਂਦੇ ਹਨ।

ਉਨ੍ਹਾਂ ਦੀ ਇਹ ਸਫ਼ਲਤਾ ਉਨ੍ਹਾਂ ਦੇ ਹੌਸਲੇ ਅਸਾਧਾਰਣ ਰੂਪ ਵਿੱਚ ਵਧਾ ਦਿੰਦੀ ਹੈ ਤੇ ਉਹ ਆਪਣਾ ਅਣਮਨੁੱਖੀ ਫੁੱਟ ਪਾਊ ਪ੍ਰਚਾਰ ਹੋਰ ਵੀ ਜ਼ੋਰ-ਸ਼ੋਰ ਨਾਲ ਕਰਨਾ ਸ਼ੁਰੂ ਕਰ ਦਿੰਦੇ ਹਨ। ਸਾਡੇ ਦੇਸ਼ ਵਿੱਚ ਬਿਲਕੁਲ ਇਸੇ ਤਰ੍ਹਾਂ ਹੀ ਵਾਪਰ ਰਿਹਾ ਹੈ। ਫ਼ਿਰਕੂ ਧਰੁਵੀਕਰਨ ਦਾ ਕੁਝ ਵਕਤੀ ਲਾਭ ਉਠਾ ਕੇ ਭਾਜਪਾ ਕੇਂਦਰ ਵਿੱਚ ਭਾਰੀ ਬਹੁਮਤ ਨਾਲ ਸੱਤਾ ’ਚ ਆ ਗਈ ਹੈ। ਇਸ ਸਫ਼ਲਤਾ ਨੇ ਸੰਘ ਪਰਿਵਾਰ ਦੀਆਂ ਸਮੂਹ ਜਥੇਬੰਦੀਆਂ ਦਾ ਹੌਸਲਾ ਇਸ ਕਦਰ ਵਧਾ ਦਿੱਤਾ ਹੈ ਕਿ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਨੇ ਸੱਤਾ ਸੰਭਾਲੀ ਹੈ, ਦੇਸ਼ ਦੇ ਫ਼ਿਰਕੂ ਸਦਭਾਵਨਾ ਵਾਲੇ ਮਾਹੌਲ ਨੂੰ ਸੱਟ ਵੱਜੀ ਹੈ।

ਸਮਾਜ ਵਿੱਚ ਅਜਿਹੇ ਮਾਮਲੇ ਗ਼ਲਤ ਰੰਗਤ ਦੇ ਕੇ ਉਭਾਰੇ ਜਾ ਰਹੇ ਹਨ, ਜਿਨ੍ਹਾਂ ਕਾਰਨ ਦੇਸ਼ ਦੇ ਪ੍ਰਮੁੱਖ ਭਾਈਚਾਰਿਆਂ ਵਿੱਚ ਗ਼ਲਤ ਫਹਿਮੀਆਂ ਪੈਦਾ ਹੋ ਰਹੀਆਂ ਹਨ। ਦੇਸ਼ ਦੇ ਕਈ ਹਿੱਸਿਆਂ ਨੂੰ ਤਾਂ ਇਸ ਜ਼ਹਿਰੀਲੇ ਪ੍ਰਚਾਰ ਦੇ ਸਿੱਟੇ ਵਜੋਂ ਦੰਗਿਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਜਿਹੜੇ ਲੋਕਾਂ ਨੂੰ ਫ਼ਿਰਕੂ ਪ੍ਰਚਾਰ ਰਾਸ ਆ ਰਿਹਾ ਹੈ ਉਹ ਤਾਂ ਕਿਸੇ ਨਾ ਕਿਸੇ ਬਹਾਨੇ ਇਸ ਨੂੰ ਜਾਰੀ ਵੀ ਰੱਖਣਗੇ ਅਤੇ ਆਪਣੇ ਪ੍ਰਚਾਰ ਨੂੰ ਸਹੀ ਕਰਨ ਲਈ ਇਸ ਉੱਪਰ ਕਿਸੇ ਨਾ ਕਿਸੇ ਤਰ੍ਹਾਂ ਦਾ ਪਰਦਾ ਵੀ ਪਾਉਣਗੇ, ਪਰ ਸਰਬਤ ਦਾ ਭਲਾ ਚਾਹੁਣ ਵਾਲੇ, ਧਰਮ-ਨਿਰਪੱਖ ਸੋਚ ਦੇ ਧਾਰਨੀ ਲੋਕਾਂ ਲਈ ਇਹ ਪ੍ਰਚਾਰ ਸਹਿਣ ਕਰਨਾ ਹਮੇਸ਼ਾ ਔਖਾ ਹੁੰਦਾ ਹੈ। ਚੋਣਾਂ ਵਿੱਚ ਭਾਜਪਾ ਦੀ ਮੌਜੂਦਗੀ ਵਾਲੀਆਂ ਥਾਵਾਂ ’ਤੇ ਅਤੇ ਖਾਸ ਕਰਕੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਖੇਤਰਾਂ ਵਿੱਚ ਇਹ ਪ੍ਰਚਾਰ ਆਪਣੇ ਸਿੱਖਰ ’ਤੇ ਪਹੁੰਚ ਜਾਂਦਾ ਹੈ।

ਉੱਤਰ ਪ੍ਰਦੇਸ਼ ਵਿੱਚ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਹੋ ਰਿਹਾ ਇਹ ਪ੍ਰਚਾਰ ਵੀ ਚੋਣ ਪ੍ਰਚਾਰ ਦਾ ਸਮਾਂ ਖ਼ਤਮ ਹੋਣ ’ਤੇ ਆਪਣੀ ਚਰਨ ਸੀਮਾ ’ਤੇ ਪਹੁੰਚਕੇ ਖ਼ਤਮ ਹੋਇਆ ਹੈ। ਇਸ ਪ੍ਰਚਾਰ ਨੇ ਤਾਂ ਲੋਕਾਂ ਵਿੱਚ ਨਫ਼ਰਤ ਫੈਲਾਉਣ ਲਈ ਕੀਤੇ ਜਾਂਦੇ ਯਤਨਾਂ ਦੇ ਸਭ ਹੱਦ-ਬੰਨ੍ਹੇ ਹੀ ਤੋੜ ਦਿੱਤੇ ਹਨ। ਇਸ ਚੋਣ ਪ੍ਰਚਾਰ ਨੇ ਇਸ ਤੱਥ ਨੂੰ ਵੀ ਭਲੀਭਾਂਤ ਉਜਾਗਰ ਕਰ ਦਿੱਤਾ ਕਿ ਧਾਰਮਿਕ ਭੇਖਧਾਰੀ ਲੋਕ ਜਦੋਂ ਰਾਜਸੀ ਮਨੋਰਥਾਂ ਲਈ ਕੰਮ ਕਰ ਰਹੇ ਹੁੰਦੇ ਹਨ ਤਾਂ ਕਿੰਨੇ ਖ਼ਤਰਨਾਕ ਹੁੰਦੇ ਹਨ। ਉੱਤਰ ਪ੍ਰਦੇਸ਼ ਦੀਆਂ ਕੁਝ ਕੁ ਸੀਟਾਂ ਲਈ ਕੀਤਾ ਗਿਆ ਭਾਜਪਾਈ ਪ੍ਰਚਾਰ ਪੂਰੀ ਤਰ੍ਹਾਂ ਫ਼ਿਰਕੂ ਰੰਗਤ ਵਿੱਚ ਰੰਗਿਆ ਹੋਇਆ ਸੀ ਅਤੇ ਇਸ ਪ੍ਰਚਾਰ ਦੀ ਵਾਗਡੋਰ ਉਨ੍ਹਾਂ ਲੋਕਾਂ ਦੇ ਹੱਥ ਵਿੱਚ ਸੀ, ਜਿਨ੍ਹਾਂ ਦੀ ਘੱਟ ਗਿਣਤੀਆਂ ਪ੍ਰਤੀ ਵਿਤਕਰੇ ਭਰੀ ਪਹੁੰਚ ਕਦੇ ਵੀ ਲੁਕੀ-ਛਿਪੀ ਨਹੀਂ ਰਹੀ ਹੈ।

ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੌਰਾਨ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੇ ਇੱਕ ਫਿਰਕੂ ਨੇਤਾ ਨੇ ਇਕ ਤੋਂ ਮਗਰੋਂ ਇਕ ਵਿਵਾਦਮਈ ਬਿਆਨ ਦਿੱਤੇ। ਇਨ੍ਹਾਂ ਵਿੱਚੋਂ ਹਰ ਬਿਆਨ ਕੇਵਲ ਫ਼ਿਰਕੂ ਨਜ਼ਰੀਏ ਤੋਂ ਵਿਵਾਦਮਈ ਸੀ। ਇਕ ਬਿਆਨ ਵਿੱਚ ਘੱਟ ਗਿਣਤੀ ਫਿਰਕੇ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਗਿਆ ਸੀ ਕਿ ਇਨ੍ਹਾਂ ਦੀ ਕਿਸੇ ਵਿਸ਼ੇਸ਼ ਆਬਾਦੀ ਵਿੱਚ ਸੰਖਿਆ ਕਿੰਨੇ ਪ੍ਰਤੀਸ਼ਤ ਹੈ, ਉਸ ਉੱਪਰ ਹੀ ਇਸ ਦਾ ਵਿਵਹਾਰ ਨਿਰਭਰ ਕਰਦਾ ਹੈ। ਇਹ ਧਾਰਨਾ ਜੇਕਰ ਗ਼ਲਤ ਭਾਵਨਾ ਨਾਲ ਪੇਸ਼ ਕਰਨੀ ਹੋਵੇ ਤਾਂ ਕਿਸੇ ਵੀ ਫ਼ਿਰਕੇ ’ਤੇ ਢੁਕਾਈ ਜਾ ਸਕਦੀ ਹੈ, ਉਂਜ ਇਹ ਧਾਰਨਾ ਮੂਲੋਂ ਨਿਰਮੂਲ ਹੈ ਕਿਉਂਕਿ ਆਧੁਨਿਕ ਸਭਿਅਕ ਸਮਾਜਾਂ ਵਿੱਚ ਲੋਕ ਧਰਮ ਦੀਆਂ ਸੌੜੀਆਂ ਵਲਗਣਾਂ ਤੋਂ ਉੱਪਰ ਉੱਠ ਰਹੇ ਹਨ ਅਤੇ ਵਿਸ਼ਵ ਭਾਈਚਾਰੇ ਦੇ ਵਿਚਾਰ ਨੂੰ ਵਧੇਰੇ ਹੁੰਗਾਰਾ ਮਿਲ ਰਿਹਾ ਹੈ। ਉਂਜ ਵੀ ਜੇ ਗ਼ੌਰ ਨਾਲ ਦੇਖਿਆ ਜਾਵੇ ਤਾਂ ਹਰ ਇਕ ਫ਼ਿਰਕਾ ਹੀ ਬਹੁਗਿਣਤੀ ਹੋਣ ’ਤੇ ਉਸੇ ਤਰ੍ਹਾਂ ਵਿਹਾਰ ਨਹੀਂ ਕਰਦਾ ਜਿਸ ਤਰ੍ਹਾਂ ਘੱਟ ਗਿਣਤੀ ਵਿੱਚ ਹੋਣ ’ਤੇ ਕਰਦਾ ਹੈ। ਇਸ ਲਈ ਕਿਸੇ ਵਿਸ਼ੇਸ਼ ਫਾਰਮੂਲੇ ਨੂੰ ਇੱਕ ਪਾਸੜ ਰੂਪ ਵਿੱਚ ਕੇਵਲ ਇਕੋ ਫ਼ਿਰਕੇ ’ਤੇ ਦਕਿਆਨੂਸੀ ਹੈ ਸਗੋਂ ਸ਼ਰਾਰਤਪੂਰਨ ਵੀ ਹੈ।
ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੌਰਾਨ ਇਕ ਹੋਰ ਸੰਵੇਦਨਸ਼ੀਲ ਮਾਮਲਾ ਵੀ ਉਛਾਲੀ ਰੱਖਿਆ ਗਿਆ। ਇਸ ਮਾਮਲੇ ਨੂੰ ਮੱਲੋਮੱਲੀ ਲਵ-ਜੇਹਾਦ ਦਾ ਨਾਮ ਦਿੱਤਾ ਗਿਆ। ਭਾਵੇਂ ਧਰਮ ਗੁਰੂ ਵਾਰ-ਵਾਰ ਇਹ ਕਹਿੰਦੇ ਰਹੇ ਕਿ ਲਵ-ਜੇਹਾਦ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਫਿਰ ਵੀ ਦੇਸ਼ ਦੇ ਦੋ ਪ੍ਰਮੁੱਖ ਫ਼ਿਰਕਿਆਂ ਵਿੱਚ ਤਣਾਓ ਪੈਦਾ ਕਰਨ ਲਈ ਲਵ-ਜੇਹਾਦ ਦੇ ਮਾਮਲੇ ਨੂੰ ਬੇਹੱਦ ਭਖ਼ਾਇਆ ਗਿਆ। ਜਿਵੇਂ ਕਿ ਉੱਪਰ ਵੀ ਇਹ ਇਸ਼ਾਰਾ ਕੀਤਾ ਗਿਆ ਹੈ ਕਿ ਸਮਾਜ ਹੁਣ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਬਦਲ ਰਹੇ ਸਮਾਜ ਵਿੱਚ ਅੰਤਰ-ਜਾਤੀ ਅਤੇ ਅੰਤਰ-ਸੰਪ੍ਰਦਾਇਕ ਵਿਆਹਾਂ ਦਾ ਰੁਝਾਨ ਵੀ ਵਧ ਰਿਹਾ ਹੈ। ਹਿੰਦੂ ਲੜਕੀਆਂ ਮੁਸਲਿਮ ਮੁੰਡਿਆਂ ਨਾਲ ਵੀ ਵਿਆਹ ਕਰਵਾ ਲੈਂਦੀਆਂ ਹਨ, ਇਸੇ ਤਰ੍ਹਾਂ ਮੁਸਲਿਮ ਲੜਕੀਆਂ ਵੀ ਹਿੰਦੂ ਲੜਕਿਆਂ ਨਾਲ ਵਿਆਹ ਕਰਵਾਉਣ ਲੱਗ ਪਈਆਂ ਹਨ।

ਇਸ ਰੁਝਾਨ ਦਾ ਸਵਾਗਤ ਕਰਨਾ ਹੀ ਬਣਦਾ ਹੈ ਪਰ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਨੇ ਅਜਿਹੇ ਵਿਆਹਾਂ ’ਤੇ ਕੁਝ ਮਾਮਲਿਆਂ ਨੂੰ ਫ਼ਿਰਕੂ ਰੰਗਤ ਦੀ ਰਾਜਨੀਤੀ ਵਿੱਚ ਉਭਾਰ ਲਿਆ ਹੈ। ਇਨ੍ਹਾਂ ਜੱਥੇਬੰਦੀਆਂ ਨੇ ਸਿਰਫ਼ ਵੋਟਾਂ ਦੇ ਧਰੁਵੀਕਰਨ ਲਈ ਇਹ ਬੇਬੁਨਿਆਦ ਦੋਸ਼ ਲਗਾਏ ਹਨ ਕਿ ਮੁਸਲਮਾਨ ਲੜਕੇ ਹਿੰਦੂ ਲੜਕੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨਾਲ ਵਿਆਹ ਕਰਵਾਉਂਦੇ ਹਨ ਜਦਕਿ ਅਸਲੀਅਤ ਇਹ ਹੈ ਕਿ ਅੰਤਰ-ਸੰਪ੍ਰਦਾਇਕ ਵਿਆਹ ਰੁਝਾਨ ਵਧ ਗਿਆ ਹੈ ਤੇ ਨਵੇਂ ਪੜ੍ਹੇ ਲਿਖੇ ਨੌਜਵਾਨਾਂ ਨੇ ਵਿਆਹ ਸਬੰਧੀ ਪੁਰਾਣੀ ਸੋਚ ਨੂੰ ਤਿਆਗਣਾ ਸ਼ੁਰੂ ਕਰ ਦਿੱਤਾ ਹੈ। ਨੌਜਵਾਨਾਂ ਦੀਆਂ ਆਪਣੇ ਜੀਵਨ ਸਾਥੀ ਜਾਂ ਸਾਥਣ ਸਬੰਧੀ ਤਰਜੀਹਾਂ ਕਾਫ਼ੀ ਬਦਲ ਗਈਆਂ ਹਨ। ਇਨ੍ਹਾਂ ਤਰਜੀਹਾਂ ਵਿੱਚ ਧਰਮ ਅਤੇ ਜਾਤ ਦੀ ਭੂਮਿਕਾ ਹੌਲੀ-ਹੌਲੀ ਘਟਦੀ ਜਾ ਰਹੀ ਹੈ।

ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਥੰਮ੍ਹਿਆ ਤਾਂ ਕਿਤੇ ਜਾ ਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਦਰਅਸਲ, ਉੱਤਰ ਪ੍ਰਦੇਸ਼ ’ਚੋਂ ਭਾਰੀ ਸੰਖਿਆ ’ਚ ਮਿਲੀਆਂ ਸੀਟਾਂ ਨੇ ਸੰਘ ਪਰਿਵਾਰ ਨੂੰ ਇਕ ਵਾਰ ਤਾਂ ਫਰਸ਼ ਤੋਂ ਅਰਸ਼ ਉੱਪਰ ਪੁੱਚਾ ਦਿੱਤਾ ਹੈ ਪਰ ਕੇਂਦਰ ਵਿੱਚ ਸਰਕਾਰ ਗਠਿਤ ਕਰਨ ਮਗਰੋਂ ਸਥਿਤੀ ਬਹੁਤ ਤਬਦੀਲ ਹੋ ਗਈ ਹੈ। ਨਵੀਂ ਸਰਕਾਰ ਤੋਂ ਲੋਕਾਂ ਦਾ ਮੋਹ ਛੇਤੀ ਨਾਲ ਭੰਗ ਹੋਇਆ ਹੈ। ਲੋਕਾਂ ਨੇ ਹੁਣੇ-ਹੁਣੇ ਹੋਈਆਂ ਮੱਧਕਾਲੀ ਚੋਣਾਂ ਵਿੱਚ ਉਹ ਰੁਝਾਨ ਨਹੀਂ ਦਿਖਾਇਆ ਜੋ ਪਿਛਲੀਆਂ ਲੋਕ ਸਭਾ ਚੋਣਾਂ ’ਚ ਦਿਖਾਇਆ ਸੀ। ਕੇਂਦਰ ਵਿੱਚ ਸੱਤਾ ਸੰਭਾਲਣ ਤੋਂ ਮਗਰੋਂ ਭਾਜਪਾ ਸਰਕਾਰ ਲੋਕਾਂ ਦੇ ਮੁੱਖ ਮੁੱਦਿਆਂ ਨਾਲ ਜੁੜਿਆ ਵਾਅਦਾ ਪੂਰਾ ਨਹੀਂ ਕਰ ਸਕੀ ਤੇ ਨਾ ਹੀ ਇਸ ਨੇ ਵਾਅਦੇ ਪੂਰੇ ਕਰਨ ਦੀ ਦਿਸ਼ਾ ਵਿੱਚ ਕੋਈ ਕਦਮ ਹੀ ਉਠਾਇਆ ਹੈ। ਇਸ ਲਈ ਹਾਲ ਦੀਆਂ ਜ਼ਿਮਨੀ ਚੋਣਾਂ ਵਿੱਚ ਉਸ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਹੈ। ਇਨ੍ਹਾਂ ਚੋਣਾਂ ਨੂੰ ਫਿਰ ਭਾਜਪਾ ਫ਼ਿਰਕੂ ਪੱਤਾ ਵਰਤ ਕੇ ਜਿੱਤਣਾ ਚਾਹੁੰਦੀ ਹੈ। ਪਰ ਇਹ ਭਾਰਤੀ ਲੋਕਾਂ ਨੂੰ ਫ਼ਿਰਕੂ ਪ੍ਰਚਾਰ ਨਾਲ ਭਰਮਾ ਨਹੀਂ ਸਕੇਗੀ, ਜੋ ਕਿ ਦੇਸ਼ ਲਈ ਇਕ ਚੰਗਾ ਸ਼ਗਨ ਹੈ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ