Wed, 24 April 2024
Your Visitor Number :-   6996827
SuhisaverSuhisaver Suhisaver

ਪੁਲਿਸ ਪ੍ਰਬੰਧਾਂ ’ਚ ਵੱਡੇ ਸੁਧਾਰਾਂ ਦੀ ਲੋੜ - ਗੁਰਤੇਜ ਸਿੱਧੂ

Posted on:- 17-01-2016

suhisaver

ਪੰਜਾਬ ਪੁਲਿਸ ਦੀ ਲਾਲ ਝਾਲਰ ਵਾਲੀ ਪੱਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜੋ ਸਿਪਾਹੀ ਅਤੇ ਹੌਲਦਾਰ ਵੱਲੋਂ ਪਹਿਨੀ ਜਾਂਦੀ ਹੈ। ਪੁਲਿਸ ਮੁਖੀ ਵੱਲੋਂ ਲਾਲ ਝਾਲਰ ਨੂੰ ਉਤਾਰਨ ਦੇ ਹੁਕਮ ਪਿਛਲੀ ਇੱਕ ਜਨਵਰੀ ਨੂੰ ਦੇ ਦਿੱਤੇ ਹਨ।ਹਾਲਾਂਕਿ ਸਮੇਂ ਸਮੇਂ ‘ਤੇ ਪੁਲਿਸ ਦੀ ਵਰਦੀ ‘ਚ ਤਬਦੀਲੀ ਲਿਆਉਂਦੀਆਂ ਵੀ ਗਈਆਂ ਹਨ।ਝਾਲਰ ਉੱਤਰਨ ਕਾਰਨ ਕਈ ਜਗ੍ਹਾ ਮੁਲਾਜ਼ਮ ਨੀਲੇ ਰੰਗ ਦੀ ਪੱਗ ਬੰਨ ਰਹੇ ਹਨ, ਜਿਸ ਉੱਪਰ ਵਿਰੋਧੀ ਪਾਰਟੀਆਂ ਹਾਕਮ ਧਿਰ ‘ਤੇ ਰਾਜਨੀਤੀ ਖੇਡਣ ਦਾ ਇਲਜ਼ਾਮ ਲਗਾ ਰਹੀਆਂ ਹਨ।ਵਰਦੀ ਆਦਿ ‘ਚ ਤਬਦੀਲੀ ਨਾਲੋਂ ਪਹਿਲਾਂ ਪੁਲਿਸ ਦੀ ਕਾਰਜ ਪ੍ਰਣਾਲੀ ਵਿੱਚ ਬਦਲਾਅ ਕਰਨ ਦੀ ਲੋੜ ਹੈ।ਪੁਲਿਸ ਪ੍ਰਬੰਧਾਂ ‘ਚ ਬਹੁਤ ਕੁਝ ਕਰਨਾ ਬਾਕੀ ਹੈ ਤਾਂ ਜੋ ਪੁਲਿਸ ਅਤੇ ਲੋਕਾਂ ਵਿਚਕਾਰ ਤਾਲਮੇਲ ਕਾਇਮ ਹੋ ਸਕੇ।ਕੁਝ ਗਲਤ ਪੁਲਿਸ ਅਫਸਰਾਂ ਦੀ ਨਲਾਇਕੀ ਨੇ ਪੂਰੇ ਪੁਲਿਸ ਵਿਭਾਗ ਨੂੰ ਬਦਨਾਮ ਕੀਤਾ ਹੈ।ਇੱਥੇ ਪੁਲਿਸ ਦੇ ਸਾਕਾਰਤਮਿਕ ਅਤੇ ਨਾਕਾਰਤਮਿਕ ਪਹਿਲਆਂ ਨੂੰ ਵਿਚਾਰਨ ਦੀ ਲੋੜ ਅਹਿਮ ਹੈ।

ਪੁਲਿਸ ਰਾਜ ਦੀ ਸ਼ਕਤੀ ਹੈ, ਜੋ ਰਾਜ ਦੀ ਅੰਦਰੂਨੀ ਸੁਰੱਖਿਆ ਲਈ ਵਚਨਬੱਧ ਹੈ।ਅਪਰਾਧੀ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਦੀ ਭੂਮਿਕਾ ਸਦਾ ਹੀ ਅਹਿਮ ਹੁੰਦੀ ਹੈ।ਇਸਦੇ ਨਾਲ ਲੋਕਾਂ ਨਾਲ ਦੁਰਵਿਵਹਾਰ ਕਾਰਨ ਪੁਲਿਸ ਹਮੇਸ਼ਾਂ ਸੁਰਖੀਆਂ ‘ਚ ਰਹਿੰਦੀ ਹੈ।ਹਿਰਾਸਤੀ ਹਿੰਸਾ ਜੋ ਪੁਲਿਸ ਦਾ ਦੋਸ਼ੀਆਂ ਦੀ ਜਗ੍ਹਾ ਨਿਰਦੋਸ਼ਾ ਉੱਪਰ ਵਰਤਿਆ ਜਾਣ ਵਾਲਾ ਹਥਿਆਰ ਹੈ।ਇਸ ਹਥਿਆਰ ਦੀ ਵਰਤੋਂ ਅਜੋਕੇ ਆਧੁਨਿਕ ਯੁੱਗ ਵਿੱਚ ਬੇਰੋਕ ਕੀਤੀ ਜਾ ਰਹੀ ਹੈ।

ਦੋਸ਼ ਸਾਬਿਤ ਹੋਵੇ ਜਾਂ ਨਾਂ ਹੋਵੇ ਹਿਰਾਸਤੀ ਹਿੰਸਾ ਨੂੰ ਪਹਿਲਾਂ ਹੀ ਅਮਲ ‘ਚ ਲੈ ਲਿਆ ਜਾਂਦਾ ਹੈ। ਸੂਬੇ ਦੇ ਬਠਿੰਡਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਪੁਲਿਸ ਦੇ ਕਰੂਪ ਚਿਹਰੇ ਨੇ ਲੋਕਾਂ ਅਤੇ ਪੁਲਿਸ ਵਿਚਕਾਰ ਪਏ ਫਾਸਲੇ ਨੂੰ ਹੋਰ ਵਧਾ ਦਿੱਤਾ ਹੈ।ਬਠਿੰਡਾ ਜ਼ਿਲ੍ਹੇ ਦੀ ਇੱਕ ਪੁਲਿਸ ਚੌਕੀ ਵਿੱਚ ਕੁਝ ਦਲਿਤ ਨੌਜਵਾਨਾਂ ਨੂੰ ਬਿਨਾਂ ਪਰਚਾ ਦਰਜ ਕੀਤੇ ਰਸੂਖਦਾਰਾਂ ਦੇ ਦਬਾਅ ਕਾਰਨ ਹਿਰਾਸਤ ਵਿੱਚ ਰੱਖਿਆ ਗਿਆ।

ਇਸ ਤੋਂ ਇਲਾਵਾ ਸੂਬੇ ‘ਚ ਅੱਤਵਾਦ ਦੌਰਾਨ ਹੋਏ ਝੂਠੇ ਪੁਲਿਸ ਮੁਕਾਬਲੇ ਦੀਆਂ ਹਰ ਰੋਜ਼ ਨਸ਼ਰ ਹੋ ਰਹੀਆਂ ਖਬਰਾਂ ਅੱਜ ਵੀ ਰੋਂਗਟੇ ਖੜੇ ਕਰਦੀਆਂ ਹਨ ਜਿਸ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਸਿਆਸਤਦਾਨਾਂ ਦੇ ਨਾਮ ਵੀ ਉੱਭਰ ਕੇ ਸਾਹਮਣੇ ਆ ਰਹੇ ਹਨ।ਹਰ ਰੋਜ਼ ਹੁੰਦੀਆਂ ਘਟਨਾਵਾਂ ਦੇਸ ਦੀ ਕਨੂੰਨ ਵਿਵਸਥਾ ‘ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ ਜਿਸ ਵਿੱਚ ਪੁਲਿਸ ਦਾ ਗੈਰ ਜ਼ਿੰਮੇਵਾਰਾਨਾ ਵਤੀਰਾ ਅਤੇ ਦਮਨਕਾਰੀ ਨੀਤੀ ਸ਼ਾਮਿਲ ਹੈ।ਇਸ ਕਰਕੇ ਲੋਕਾਂ ਅਤੇ ਪੁਲਿਸ ਵਿਚਕਾਰ ਫਾਸਲਾ ਦਿਨੋ ਦਿਨ ਲਗਾਤਾਰ ਵਧਦਾ ਜਾ ਰਿਹਾ ਹੈ।ਅਜੋਕੇ ਸਮੇਂ ‘ਚ ਝਾਤ ਮਾਰੀਏ ਤਾਂ ਮਹਿਸੂਸ ਹੁੰਦਾ ਹੈ ਜਿਵੇਂ ਪੁਲਿਸ 80 ਦੇ ਦਹਾਕੇ ਵਾਲੀ ਮਾਨਸਿਕਤਾ ਦਾ ਤਿਆਗ ਨਹੀਂ ਕਰਨਾ ਚਾਹੁੰਦੀ।ਸਰਕਾਰਾਂ ਦੀ ਸ਼ਹਿ ‘ਤੇ ਬੁਨਿਆਦੀ ਹੱਕਾਂ ਦੀ ਮੰਗ ਕਰਨ ਵਾਲਿਆਂ ਨੂੰ ਬਲ ਦੇ ਜ਼ੋਰ ‘ਤੇ ਦਬਾਇਆ ਜਾਂਦਾ ਹੈ।

ਪੁਲਿਸ ਪ੍ਰਬੰਧਾਂ ਦੀ ਅਗਰ ਗੱਲ ਕਰੀਏ ਤਾਂ ਇਹ 19ਵੀਂ ਸਦੀ ਦੇ ਅੱਧ ਵਿੱਚ ਸ਼ੁਰੂ ਹੋਏ ਸਨ ਜਿਸਦਾ ਸਿਹਰਾ ਮੁੱਖ ਤੌਰ ‘ਤੇ ਅੰਗਰੇਜ਼ਾਂ ਨੂੰ ਜਾਂਦਾ ਹੈ ਅਤੇ ਜ਼ਿਆਦਾਤਰ ਪ੍ਰਬੰਧ ਉਸ ਸਮੇਂ ਅਨੁਸਾਰ ਹੀ ਚੱਲ ਰਹੇ ਹਨ ਜਿਨ੍ਹਾਂ ਵਿੱਚ ਹੁਣ ਬਦਲਾਅ ਕੀਤਾ ਗਿਆ ਤੇ ਹੋਰ ਵੀ ਪੁਲਿਸ ਪ੍ਰਬੰਧਾਂ ‘ਚ ਸੁਧਾਰਾਂ ਦੀ ਲੋੜ ਹੈ।ਦੇਸ਼ ਦੀ ਫੌਜ ਵਾਂਗ ਪੁਲਿਸ ਅਜੇ ਵੀ ਆਧੁਨਿਕ ਤਕਨੀਕ ਵਾਲੇ ਹਥਿਆਰਾਂ ਅਤੇ ਸਿਖਲਾਈ ਤੋਂ ਸੱਖਣੀ ਹੈ।ਇਸਦਾ ਪ੍ਰਤੱਖ ਨਮੂਨਾ ਦੀਨਾਨਗਰ ਦਾ ਅੱਤਵਾਦੀ ਹਮਲਾ ਹੈ ਜਿਸ ਵਿੱਚ ਪੁਲਿਸ ਮੁਲਾਜਮਾਂ ਨੂੰ ਆਧੁਨਿਕ ਅਤੇ ਵਧੀਆ ਗੁਣਵੱਤਾ ਵਾਲੇ ਹਥਿਆਰਾਂ ਦੀ ਕਮੀ ਬਹੁਤ ਮਹਿਸੂਸ ਹੋਈ।ਪੁਰਾਣੇ ਜ਼ਮਾਨੇ ਦੀਆਂ ਬੰਦੂਕਾਂ ਉਸ ਦਿਨ ਕੱਢੀਆਂ ਗਈਆਂ ਜਿਨ੍ਹਾਂ ਨੇ ਚੱਲਣ ਤੋਂ ਇਨਕਾਰ ਕਰ ਦਿੱਤਾ ਸੀ।ਅਪਰਾਧੀਆਂ ਕੋਲ ਆਧੁਨਿਕ ਹਥਿਆਰ ਹੁੰਦੇ ਹਨ ਜਦਕਿ ਪੁਲਿਸ ਅਜੇ ਵੀ ਪੁਰਾਣੇ ਤੇ ਘਟੀਆ ਕਿਸਮ ਦੇ ਹਥਿਆਰਾਂ ‘ਤੇ ਨਿਰਭਰ ਹੈ।ਅੱਜ ਵੀ ਪੁਲਿਸ ਮੁਲਾਜ਼ਮ ਸਿਰਫ ਸੋਟੀਆਂ ਨਾਲ ਹੀ ਵੇਲਾ ਪੂਰਾ ਕਰ ਰਹੇ ਹਨ।ਸੋਟੀ ਨਾਲ ਆਧੁਨਿਕ ਹਥਿਆਰਾਂ ਨਾਲ ਲੈਸ ਅਪਰਾਧੀ ਨਾਲ ਕਿਸ ਤਰ੍ਹਾਂ ਮੁਕਾਬਲਾ ਕੀਤਾ ਜਾ ਸਕਦਾ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮ ਖੁਦ ਅਸੁਰੱਖਿਤ ਮਹਿਸੂਸ ਕਰਦੇ ਹਨ ਤੇ ਅਪਰਾਧੀ ਉਨ੍ਹਾਂ ਉੱਤੇ ਹਾਵੀ ਹੋ ਜਾਂਦੇ ਹਨ।

ਲੋਕਾਂ ‘ਤੇ ਪੁਲਿਸ ਦੇ ਤਸ਼ੱਦਦ ਦੀ ਦਾਸਤਾਨ ਅਸੀ ਆਮ ਸੁਣਦੇ ਹਾਂ ਪਰ ਕਈ ਵਾਰ ਪੁਲਿਸ ਮੁਲਾਜ਼ਮ ਵੀ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਜਾਂਦੇ ਹਨ।ਦਿੱਲੀ ‘ਚ ਦਾਮਿਨੀ ਦੁਰਾਚਾਰ ਦੇ ਮਾਮਲੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਕੀਤੀ ਕਾਰਵਾਈ ਵਿੱਚ ਇੱਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ ਸੀ।ਇਸੇ ਤਹਿਤ ਤਰਨਤਾਰਨ ਵਿੱਚ ਕਿਸਾਨ ਆਗੂਆਂ ਖਿਲਾਫ ਕੀਤੀ ਕਾਰਵਾਈ ਦੌਰਾਨ ਇੱਕ ਏਐਸਆਈ ਦੀ ਮੌਤ ਹੋ ਗਈ ਸੀ।

ਪੁਲਿਸ ਮੁਲਾਜਮਾਂ ਦੀ ਸਰੀਰਕ ਫਿੱਟਨੈੱਸ ਵੱਲ ਧਿਆਨ ਦੇਣ ਦੀ ਲੋੜ ਹੈ ਜ਼ਿਆਦਾਤਰ ਮੁਲਾਜ਼ਮ ਦਿਲ,ਸ਼ੱਕਰ,ਹਾਈਪਰਟੈਂਸ਼ਨ, ਚਿੜਚਿੜਾਪਨ ਆਦਿ ਰੋਗਾਂ ਦੇ ਮਰੀਜ ਹਨ, ਜਿਸਦਾ ਮੁੱਖ ਕਾਰਨ ਜ਼ਿਆਦਾ ਦੇਰ ਤੱਕ ਡਿਊਟੀ ਅਤੇ ਅਫਸਰਸ਼ਾਹੀ ਦਾ ਦਬਾਅ ਹੈ।ਇਸ ਕਰਕੇ ਪੁਲਿਸ ਮੁਲਾਜ਼ਮ ਖਿਝੇ ਰਹਿੰਦੇ ਹਨ ਤੇ ਲੋਕਾਂ ਨਾਲ ਸਾਂਝ ਪੀਢੀ ਨਹੀਂ ਹੋ ਪਾਉਂਦੀ।ਹੋਰ ਵਿਭਾਗਾਂ ਦਾ ਕੰਮਕਾਰ ਨਿਯਤ ਸਮੇਂ ‘ਚ ਹੁੰਦਾ ਹੈ ਪਰ ਪੁਲਿਸ ਵਿਭਾਗ ਦਾ ਕੰਮਕਾਰ ਸਮਾਂ ਸੀਮਾ ਤੋਂ ਬਾਹਰ ਹੈ।ਇਸ ਕਰਕੇ ਪੁਲਿਸ ਮੁਲਾਜ਼ਮਾਂ ਦਾ ਘਰੇਲੂ ਅਤੇ ਸਮਾਂਜਿਕ ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ।ਆਰਥਿਕ ਸੁਧਾਰਾਂ ਦਾ ਮੁੱਦਾ ਵੀ ਇੱਥੇ ਵਿਚਾਰਨਯੋਗ ਹੈ ਕਿ ਸੰਨ 2004 ਤੋਂ ਬਾਅਦ ਭਰਤੀ ਹੋਏ ਆਦਿ ਦਾ ਕੋਈ ਪ੍ਰਬੰਧ ਨਹੀਂ ਹੈ।ਪੁਲਿਸ ਮੁਲਾਜ਼ਮਾਂ ਦੀ ਡਿਉਟੀ ਮੁਤਾਬਕ ਉਨ੍ਹਾਂ ਨਾਲ ਇਹ ਜਿਆਦਤੀ ਹੈ।

ਪੁਲਿਸ ਸਦਾ ਰਾਜਨੀਤਕ ਦਬਾਅ ਦਾ ਸ਼ਿਕਾਰ ਰਹੀ ਹੈ ਇਸ ਗੱਲ ਨੂੰ ਪੁਲਿਸ ਦੇ ਉੱਚ ਅਧਿਕਾਰੀ ਵੀ ਮੰਨਦੇ ਹਨ।ਜਦੋਂ ਤੱਕ ਪੁਲਿਸ ‘ਤੇ ਰਾਜਨੀਤਕ ਦਬਾਅ ਰਹੇਗਾ ਉਦੋਂ ਤੱਕ ਇਸਦਾ ਨਿੱਡਰ ਤੇ ਨਿਰਪੱਖ ਹੋਣਾ ਮੁਸ਼ਕਿਲ ਹੈ।ਪੁਲਿਸ ਨੂੰ ਸਿੱਧਾ ਗਵਰਨਰ ਦੀ ਦੇਖਰੇਖ ‘ਚ ਤਬਦੀਲ ਕਰਨ ਨਾਲ ਰਾਜਨੀਤਕ ਗਲਬਾ ਘਟਣ ਦੀ ਉਮੀਦ ਹੈ ਕਿਉਂਕਿ ਹਾਕਮ ਧਿਰ ਪੁਲਿਸ ਅਤੇ ਸੀਬੀਆਈ ਨੂੰ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਵਰਤਦੀ ਹੈ।ਜਿਸ ਕਰਕੇ ਪੁਲਿਸ ਪੱਖਪਾਤ ਦੇ ਦੋਸ਼ਾਂ ਦਾ ਅਕਸਰ ਸਾਹਮਣਾ ਕਰਦੀ ਹੈ।ਤਰੱਕੀ ਵੇਲੇ ਸਿਫਾਰਸ਼ਾਂ ਵਾਲਿਆਂ ਨੂੰ ਪਹਿਲ ਮਿਲਦੀ ਹੈ ਤੇ ਮਿਹਨਤੀ ਮੁਲਾਜ਼ਮ ਪਿੱਛੇ ਰਹਿ ਜਾਂਦੇ ਹਨ।ਭ੍ਰਿਸ਼ਟਾਚਾਰ ਹਰ ਵਿਭਾਗ ‘ਚ ਫੈਲੀ ਨਾਮੁਰਾਦ ਬੀਮਾਰੀ ਹੈ ਜਿਸ ਤੋਂ ਪੁਲਿਸ ਪ੍ਰਸ਼ਾਸ਼ਨ ਕਿਸ ਤਰ੍ਹਾਂ ਬਚ ਸਕਦਾ ਹੈ।

ਜਣੇ ਖਣੇ ਨੂੰ ਸੁਰੱਖਿਆ ਦੇਣ ਦੇ ਨਾਂਅ ‘ਤੇ ਪੁਲਿਸ ਜਵਾਨਾਂ ਦੀ ਤਾਇਨਾਤੀ ਹਰ ਰਾਜਨੀਤਕ ਨੇਤਾ ਨਾਲ ਹੈ।ਦਿੱਲੀ ਪੁਲਿਸ ਦੇ 70 ਫੀਸਦੀ ਪੁਲਿਸ ਜਵਾਨ ਵੀਆਈਪੀਜ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਤਾਇਨਾਤ ਹਨ।ਇਹੀ ਹਾਲ ਪੂਰੇ ਦੇਸ਼ ਦੀ ਪੁਲਿਸ ਦਾ ਹੈ।ਸਾਰੇ ਪੁਲਿਸ ਜਵਾਨ ਵੀਆਈਪੀ ਡਿਉਟੀ ਤੋਂ ਬਹੁਤ ਔਖੇ ਹਨ।ਧੁੱਪ ਧੂੜ ‘ਚ ਖਪਦੇ ਪੁਲਿਸ ਜਵਾਨ ਕਈ ਵਾਰ ਭੁੱਖਣ ਭਾਣੇ ਸੜਕਾਂ ‘ਤੇ ਖੜੇ ਕੀਤੇ ਜਾਂਦੇ ਹਨ। ਨੇਤਾਵਾਂ ਦੀ ਆਮਦ ਪੁਲਿਸ ਨੂੰ ਸੂਲੀ ‘ਤੇ ਟੰਗ ਦਿੰਦੀ ਹੈ ਤੇ ਪੁਲਿਸ ਦੇ ਸਾਰੇ ਅਫਸਰ ਆਪਣੇ ਕੰਮਕਾਰ ਛੱਡ ਕੇ ਨੇਤਾਵਾਂ ਦੀ ਖਿਦਮਤ ‘ਚ ਹਾਜ਼ਰ ਹੁੰਦੇ ਹਨ ਜੋ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ।ਇਸ ਤਰ੍ਹਾਂ ਆਮ ਲੋਕ ਵੀ ਡਾਹਢੇ ਪ੍ਰੇਸ਼ਾਨ ਹੁੰਦੇ ਹਨ।ਇਸ ਵੀਆਈਪੀ ਸੱਭਿਆਚਾਰ ਅਤੇ ਫੋਕੀ ਸ਼ਾਨ ਲਈ ਪੁਲਿਸ ਜਵਾਨਾਂ ਦਾ ਕਾਫਿਲਾ ਲੈਕੇ ਨਾਲ ਚੱਲਣ ਨੂੰ ਹੁਣ ਹਰ ਹੀਲੇ ਬੰਦ ਕਰਨਾ ਪਵੇਗਾ।ਇਹ ਪਹਿਲ ਪੁਲਿਸ ਨੂੰ ਹੀ ਕਰਨੀ ਪਵੇਗੀ।ਅਗਰ ਕਿਸੇ ਨੂੰ ਇੰਨਾ ਹੀ ਸ਼ੌਂਕ ਹੈ ਤਾਂ ਆਪਣੇ ਖਰਚੇ ‘ਤੇ ਅਜਿਹੇ ਸ਼ੌਂਕ ਪੂਰੇ।ਪੁਲਿਸ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਬਿਨਾਂ ਕਿਸੇ ਬੋਝ ਦੇ ਆਪਣੀ ਡਿਉਟੀ ਕਰੇ।

ਅਜੋਕੇ ਪੁਲਿਸ ਪ੍ਰਬੰਧ ਸਮੇਂ ਦੇ ਹਾਣੀ ਨਹੀਂ ਹਨ ਇਨ੍ਹਾਂ ਦੇ ਬਦਲਾਅ ਨੂੰ ਅਹਿਮ ਮੰਨਿਆ ਜਾਣਾ ਚਾਹੀਦਾ ਹੈ।ਸਿਖਲਾਈ ਅਤੇ ਹਥਿਆਰ ਆਧੁਨਿਕ ਮੁਹੱਈਆ ਕਰਵਾਏ ਜਾਣ।ਪੁਲਿਸ ਮੁਲਾਜ਼ਮਾਂ ਦੀ ਸਰੀਰਕ ਫਿੱਟਨੈੱਸ ਲਈ ਕਸਰਤ ਜਾਂ ਯੋਗਾ ਆਦਿ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।ਕੁਝ ਸਮਾਂ ਪਹਿਲਾਂ ਕੁਝ ਪੁਲਿਸ ਅਫਸਰਾਂ ਨੇ ਇਸ ਪਾਸੇ ਪਹਿਲ ਕਦਮੀ ਕੀਤੀ ਸੀ ਪਰ ਜ਼ਿਆਦਾ ਦੇਰ ਡਿਉਟੀ ਕਾਰਨ ਉਨ੍ਹਾਂ ਦੀ ਇਹ ਕੋਸ਼ਿਸ਼ ਸਫਲ ਨਹੀਂ ਹੋ ਸਕੀ।ਸਭ ਤੋਂ ਪਹਿਲਾਂ ਕੰਮ ਦੇ ਘੰਟੇ ਨਿਯਤ ਕੀਤੇ ਜਾਣ ਜੋ ਵੀਆਈਪੀ ਡਿਉਟੀ ਕੱਟਣ ਤੋਂ ਬਾਅਦ ਹੀ ਹੋ ਸਕਦੇ ਹਨ।ਪੁਲਿਸ ਦੀ ਦੁਰਵਰਤੋਂ ਰੋਕਣ ਲਈ ਇਸਨੂੰ ਰਾਜਨੀਤਕ ਦਲਾਂ ਤੋਂ ਦੂਰ ਰੱਖਿਆ ਜਾਵੇ।ਲਾਲ ਝਾਲਰ ਵਾਲੀ ਪੱਗ ਦੀ ਗੁਲਾਮੀ ਤੋਂ ਅਜਾਦ ਕਰਾਉਣ ਦੇ ਨਾਲ ਨਾਲ ਰਾਜਨੀਤਕ ਗੁਲਾਮੀ ਤੋਂ ਅਜ਼ਾਦੀ ਲਈ ਵੀ ਸਾਰਥਿਕ ਯਤਨਾਂ ਦੀ ਜ਼ਰੂਰਤ ਹੈ।ਸਭ ਤੋਂ ਪਹਿਲਾਂ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਸੰਪਰਕ ‘ਚ ਆਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਇਆ ਜਾਵੇ ਅਤੇ ਉੱਚ ਅਧਿਕਾਰੀ ਦਫਤਰ੍ਹਾਂ ‘ਚੋਂ ਬਾਹਰ ਨਿਕਲਣ ਅਤੇ ਲੋਕਾਂ ਵਿੱਚ ਵਿਚਰਨ।ਆਮ ਲੋਕਾਂ ਦੀ ਤਤਕਾਲ ਸੁਣਵਾਈ ਦਾ ਪ੍ਰਬੰਧ ਟੋਲ ਫਰੀ ਨੰਬਰ ਆਦਿ ਸ਼ੁਰੂ ਕਰਕੇ ਕੀਤਾ ਜਾਣਾ ਚਾਹੀਦਾ ਹੈ।ਸਮੇਂ ਸਮੇਂ ‘ਤੇ ਅਧਿਕਾਰੀ ਆਮ ਲੋਕਾਂ ਨਾਲ ਵਿਚਾਰ ਚਰਚਾ ਕਰਨ ਤੇ ਪੁਲਿਸ ਪ੍ਰਬੰਧਾਂ ਦਾ ਜਾਇਜ਼ਾ ਲੈਣ।ਲੋਕਾਂ ਨਾਲ ਕਥਿੱਤ ਵਧੀਕੀਆਂ ਕਰਨ ਵਾਲੇ ਅਫਸਰਾਂ ਖਿਲਾਫ ਮਿਸਾਲੀ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ।ਅਣਗਹਿਲੀਖੋਰ ਤੇ ਰਿਸ਼ਵਤਖੋਰਾਂ ਖਿਲਾਫ ਮੁਹਿੰਮ ਵਿੱਢੀ ਜਾਵੇ।ਪੁਲਿਸ ਨੂੰ ਆਪਣੀ ਦਬਕੇ ਵਾਲੀ ਮਾਨਸਿਕਤਾ ਬਦਲਣੀ ਹੋਵੇਗੀ ਤੇ ਲੋਕਾਂ ਨਾਲ ਤਾਲਮੇਲ ਕਾਇਮ ਕਰਨ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ।ਪੁਲਿਸ ਦਫਤਰਾਂ ‘ਚ ਆਮ ਲੋਕਾਂ ਦੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ।ਆਮ ਅਤੇ ਬੇਕਸੂਰਾਂ ਪ੍ਰਤੀ ਪੁਲਿਸ ਨੂੰ ਜਿੰਨਾ ਨਰਮ ਹੋਣ ਦੀ ਲੋੜ ਹੈ ਉਸ ਤੋਂ ਜ਼ਿਆਦਾ ਅਪਰਾਧੀਆਂ ਪ੍ਰਤੀ ਸਖਤ ਹੋਣ ਦੀ ਅਹਿਮ ਲੋੜ ਹੈ।

ਸੰਪਰਕ: +91 94641 72783

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ