Sun, 25 February 2024
Your Visitor Number :-   6868520
SuhisaverSuhisaver Suhisaver

ਸੋਕੇ ਦੀ ਚਪੇਟ ਵਿੱਚ ਉੱਤਰ ਪ੍ਰਦੇਸ਼ : ਘਾਹ ਦੀਆਂ ਰੋਟੀਆਂ ਖਾਣ ਨੂੰ ਮਜਬੂਰ ਹਨ ਲਾਲਵਾੜੀ ਦੇ ਲੋਕ

Posted on:- 10-02-2016

suhisaver

ਬੁੰਦੇਲਖੰਡ ਤੋਂ ਸ਼੍ਰੀਨਿਵਾਸਨ ਜੈਨ ਅਤੇ ਮਾਨਸ ਰੋਸ਼ਨ ਦੀ ਰਿਪੋਰਟ

ਪਿਛਲੇ ਲਗਭਗ ਇੱਕ ਪਖਵਾੜੇ ਤੋਂ ਸਾਰਿਆਂ ਦਾ ਧਿਆਨ ਚੇਨੱਈ ਦੇ ਹੜ੍ਹ ਵੱਲ ਹੈ, ਅਤੇ ਇਸ ਦੌਰਾਨ ਸੋਕੇ ਦੀ ਮਾਰ ਝੱਲ ਰਹੇ ਕੁਝ ਇਲਾਕੀਆਂ ਵੱਲ ਕਿਸੇ ਦੀ ਨਜ਼ਰ ਨਹੀਂ ਗਈ ... ਉੱਤਰ ਪ੍ਰਦੇਸ਼ ਦੇ 75 ਵਿੱਚੋਂ 50 ਜ਼ਿਲ੍ਹੇ ਅਧਿਕਾਰਿਤ ਰੂਪ ਤੋਂ ‘ ਸੋਕਾ-ਗ੍ਰਸਤ ’ ਘੋਸ਼ਿਤ ਕੀਤੇ ਜਾ ਚੁੱਕੇ ਹਨ, ਅਤੇ ਅਜਿਹਾ ਹੀ ਇੱਕ ਇਲਾਕਾ ਹੈ ਬੁੰਦੇਲਖੰਡ, ਜਿੱਥੋਂ ਦੇ ਲਾਲਵਾੜੀ ਪਿੰਡ ਵਿੱਚ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਲੋਕ ਉਹ ਸਭ ਕੁਝ ਖਾਣ ਅਤੇ ਆਪਣੇ ਬੱਚਿਆਂ ਨੂੰ ਖਿਲਾਉਣ ਲਈ ਮਜਬੂਰ ਹਨ, ਜੋ ਆਮ-ਤੌਰ ਉੱਤੇ ਉਹ ਆਪਣੇ ਜਾਨਵਰਾਂ ਨੂੰ ਖਿਲਾਇਆ ਕਰਦੇ ਹਨ - ਯਾਨੀ ਘਾਹ ਫੂਸ ...

ਸਥਾਨਿਕ ਭਾਸ਼ਾ ਵਿੱਚ ‘ਫਿਕਾਰ’ ਕਹੀ ਜਾਣ ਵਾਲੀ ਇਸ ਸੁੱਕੀ ਘਾਹ ਦਾ ਗੁੱਛਾ ਲਾਲਵਾੜੀ ਦੇ ਨਿਵਾਸੀ ਚਿੱਕੜ ਵਿੱਚੋਂ ਲੱਭ ਕੇ ਕੱਢਦੇ ਹਨ, ਅਤੇ ਫਿਰ ਉਨ੍ਹਾਂ ਨੇ ਸਾਨੂੰ ਵਖਾਇਆ ਉਸਦਾ ਬੀਜ, ਜਿਸਨੂੰ ਮਿੱਟੀ ਵਿੱਚੋਂ ਪਹਿਚਾਣ ਕੇ ਕੱਢਣਾ ਵੀ ਮੁਸ਼ਕਿਲ ਸੀ। ਪ੍ਰਸਾਦ ਨਾਮਕ ਲਾਲਵਾੜੀ ਨਿਵਾਸੀ ਨੇ ਦੱਸਿਆ, ‘‘ ਆਮਤੌਰ ਉੱਤੇ ਇਹ ਘਾਹ ਅਸੀਂ ਪਾਲਤੂ ਜਾਨਵਰਾਂ ਨੂੰ ਖਿਲਾਉਂਦੇ ਹਾਂ ... ਪਰ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ ਹੈ,  ਅਤੇ ਆਪਣੇ ਆਪ ਵੀ ਅਸੀਂ ਇਹ ਹੀ ਖਾਣ ਲਈ ਮਜਬੂਰ ਹਾਂ ..’’

ਪਿੰਡ ਵਿੱਚ ਇੱਕ ਬਜ਼ੁਰਗ ਸਹਰਿਆ (ਜਨਜਾਤੀ) ਯੁਗਲ - ਪਰਮ ਅਤੇ ਹਸਰਭਾਈ - ਵੀ ਰਹਿੰਦਾ ਹੈ,  ਜਿਨ੍ਹਾਂ  ਦੇ ਪਰਵਾਰ ਵਿੱਚ ਕੁੱਲ ਸੱਤ ਲੋਕ ਹਨ । ਉੱਥੇ  ਸਾਨੂੰ ਵਖਾਇਆ ਗਿਆ ਕਿ ਇਨ੍ਹਾਂ ਬੀਜਾਂ ਨਾਲ ਉਨ੍ਹਾਂ ਦਾ ਭੋਜਨ ਕਿਸ ਤਰ੍ਹਾਂ ਤਿਆਰ ਹੁੰਦਾ ਹੈ। ਪਹਿਲਾਂ ਬੀਜਾਂ ਨੂੰ ਸਿਲਬੱਟੇ ਉੱਤੇ ਪੀਹ ਕੇ ਆਟਾ ਬਣਾਇਆ ਜਾਂਦਾ ਹੈ। ਫਿਰ ਉਸਤੋਂ ਤਿਆਰ ਹੁੰਦਾ ਹੈ ਹਰੇ-ਕਾਲੇ ਰੰਗ ਦਾ ਆਟਾ, ਜਿਸਨੂੰ ਗੁੰਨਿਆ ਜਾਂਦਾ ਹੈ ਅਤੇ ਫਿਰ ਉਸ ਨੂੰ ਵੇਲ ਕੇ ਲੱਕੜਾਂ ਨਾਲ ਜੱਲਦੇ ਚੁੱਲ੍ਹੇ ਉੱਤੇ ਰੱਖੇ ਮਿੱਟੀ ਦੇ ਤਵੇ ਉੱਤੇ ਸੇਂਕੀਆਂ ਜਾਂਦੀਆਂ ਹਨ ਰੋਟੀਆਂ।

ਇਹ ‘ਖਾਸ’ ਰੋਟੀਆਂ ਦੇ ਨਾਲ ਖਾਈ ਜਾਣ ਵਾਲੀ ਸਬਜੀ ( ਭਾਜੀ ਜਾਂ ਤਰਕਾਰੀ ) ਵੀ ਘੱਟ ਵਚਿੱਤਰ ਨਹੀਂ ਹੁੰਦੀ। ਟੋਕਰੀ ਭਰ ਹਰੇ ਪੱਤਿਆਂ, ਜੋ ਦੇਖਣ ਵਿੱਚ ਪਾਲਕ ਵਰਗੇ ਹਨ, ਪਰ ਉਨ੍ਹਾਂ ਨੂੰ ਸਮਾਈ ਕਿਹਾ ਜਾਂਦਾ ਹੈ,  ਅਤੇ ਇਹ ਦਰਅਸਲ ਖਰਪਤਵਾਰ ਹੈ, ਜੋ ਨਦੀ ਕੰਡੇ ਆਪਣੇ ਆਪ ਉਗ ਜਾਂਦੀ ਹੈ। ਇਸਨੂੰ ਥੋੜ੍ਹੇ ਜਿਹੇ ਪਾਣੀ ਦੇ ਨਾਲ ਪਕਾਇਆ ਜਾਂਦਾ ਹੈ, ਅਤੇ ਇਸ ਵਿੱਚ ਮਸਾਲੇ ਦੇ ਤੌਰ ’ਤੇ ਵੀ ਜ਼ਿਆਦਾ ਕੁਝ ਨਹੀਂ ਪਾ ਸਕਦੇ ਇਹ ਲੋਕ - ਬੱਸ ਥੋੜਾ ਜਿਹਾ ਤੇਲ ਅਤੇ ਲੂਣ ...

ਜਦੋਂ ਇਸ ਰੋਟੀ ਨੂੰ ਇਸ ਸਬਜੀ ਦੇ ਨਾਲ ਆਪਣੇ ਬੱਚਿਆਂ ਨੂੰ ਖਿਲਾਉਣ ਲੱਗੇ ਉਹ ਲੋਕ,  ਤਾਂ ਅਸੀਂ ਵੀ ਉਸਨੂੰ ਚੱਖ਼ ਕੇ ਵੇਖਿਆ। ਇੰਨਾ ਕੌੜਾ ਸਵਾਦ ਕਿ ਖਾਣਾ ਲੱਗਭਗ ਨਾਮੁਮਕਿਨ। ਪਕਾਏ ਜਾਣ ਦੇ ਬਾਵਜੂਦ ਕੱਚੀ ਘਾਹ ਅਤੇ ਮਿੱਟੀ ਦਾ ਸਵਾਦ ਸਾਫ਼ ਮਹਿਸੂਸ ਕੀਤਾ ਜਾ ਸਕਦਾ ਸੋ। ਬੱਚੇ ਵੀ ਮੁਸ਼ਕਲ ਨਾਲ ਹੀ ਖਾ ਪਾਉਂਦੇ ਸਨ। ਘਰ ਦੇ ਵੱਡੇ ਉਨ੍ਹਾਂ ਨੂੰ ਸਮਝਾਂਉਂਦੇ ਸਨ, ‘ ਖਾ ਲਓ, ਬੇਟੇ ’, ਪਰ ਸਭ ਵਿਅਰਥ...

ਇਸ ਇਲਾਕੇ ਵਿੱਚ ਤਾਂ ਆਮ ਦਿਨਾਂ ਵਿੱਚ ਵੀ ਭੋਜਨ ਕਾਫ਼ੀ ਸਾਦਾ ਹੁੰਦਾ ਹੈ - ਆਟੇ ਜਾਂ ਮੱਕੀ ਦੀਆਂ ਰੋਟੀਆਂ ਦੇ ਨਾਲ ਸਾਦੀ ਦਾਲ ਅਤੇ ਸਬਜੀ। ਪਰ ਇਹ ਤਾਂ ਆਮ ਦਿਨ ਵੀ ਨਹੀਂ ਹਨ। ਬੁੰਦੇਲਖੰਡ ਵਿੱਚ ਪਿਛਲੀਆਂ ਤਿੰਨ ਫ਼ਸਲਾਂ ਖ਼ਰਾਬ ਹੋਈਆਂ ਹਨ - ਦੋ ਸਾਲ ਸੋਕੇ ਦੀ ਵਜ੍ਹਾ ਕਰਕੇ, ਅਤੇ ਵਿੱਚ ਦੀ ਇੱਕ ਸਾਲ ਬੇਮੌਸਮੀ ਵਰਖਾ ਦੀ ਵਜ੍ਹਾ ਕਰਕੇ।

ਸੋ, ਇਲਾਕੇ ਉੱਤੇ ਇਸਦਾ ਅਸਰ, ਖ਼ਾਸਤੌਰ ’ਤੇ ਗਰੀਬਾਂ ਉੱਤੇ, ਜਬਰਦਸਤ ਰਿਹਾ ਹੈ। ਦਿਨ ਵਿੱਚ ਤਿੰਨ ਵਾਰ ਭੋਜਨ ਕਰਨ ਵਾਲੇ ਹੁਣ ਦੋ ਹੀ ਵਾਰ ਕਰ ਪਾ ਰਹੇ ਹਨ, ਅਤੇ ਖਾਣ ਦਾ ਪੱਧਰ ਵੀ ਬਹੁਤ ਹੇਠਾਂ ਆ ਗਿਆ ਹੈ। ਘਾਹ ਦੀਆਂ ਬਣੀਆਂ ਰੋਟੀਆਂ ਸਾਫ਼ ਸੰਕੇਤ ਹਨ ਕਿ ਉਹ ਸਭ ਤੋਂ ਹੇਠਲੇ ਪੱਧਰ ਉੱਤੇ ਪਹੁੰਚ ਚੁੱਕੇ ਹਨ।

ਸਭ ਤੋਂ ਵੱਡੀ ਵਿਡੰਬਨਾ ਇਹ ਹੈ ਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸ਼੍ਰੋਤ - ਯਾਨੀ ਦਾਲ - ਹੁਣ ਇਨ੍ਹਾਂ ਲੋਕਾਂ ਲਈ ‘ ਦੂਰ ਦੀ ਗੱਲ ’ ਹੋ ਗਈ ਹੈ,  ਜਦੋਂਕਿ ਆਮ ਦਿਨਾਂ ਵਿੱਚ ਲਾਲਵਾੜੀ ਦੇ ਖੇਤਾਂ ਵਿੱਚ ਉੜਦ ਦੇ ਬੂਟੇ ਲਹਿਲਹਾਉਂਦੇ ਦਿਖਦੇ ਸਨ,  ਜਿਨ੍ਹਾਂ ਵਿੱਚੋਂ ਕੁਝ ਨੂੰ ਵੇਚਕੇ ਉਹ ਲੋਕ ਬਾਕੀ ਆਪਣੇ ਘਰਾਂ ਲਈ ਰੱਖ ਲੈਂਦੇ ਸਨ। ਹੁਣ ਉਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ ਹੈ।

ਸੋਕੇ ਦੀ ਹਾਲਤ ਨੇ ਹਰ ਵਾਰ ਉੱਤਰ ਪ੍ਰਦੇਸ਼ ਦੀ ਸਾਰਵਜਨਿਕ ਵੰਡ ਪ੍ਰਣਾਲੀ ਦੀਆਂ ਖਾਮੀਆਂ ਦੀ ਲਗਾਤਾਰ ਅਣਦੇਖੀ ਨੂੰ ਪਰਗਟ ਕੀਤਾ ਹੈ। ਰਾਜ ਵਿੱਚ ਅੱਜ ਵੀ ਪੁਰਾਣੀ ਵਿਵਸਥਾ ਲਾਗੂ ਹੈ - ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਿਤਾਉਣ ਵਾਲੇ ਪਰਿਵਾਰ ਮਹੀਨੇ ਭਰ ਵਿੱਚ 35 ਕਿੱਲੋ ਅਨਾਜ ਸਸਤੀ ਦਰ ਉੱਤੇ ਪਾਉਣ ਦੇ ਹੱਕਦਾਰ ਹਨ। ਪਿੰਡ ਵਿੱਚ ਕੁਝ ਅਜਿਹੇ ਲੋਕ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲਦਾ ਹੈ - 18 ਕਿੱਲੋਗ੍ਰਾਮ ਚੌਲ ਅਤੇ 15 ਕਿੱਲੋਗ੍ਰਾਮ ਕਣਕ।

ਪਰ ਜਿਆਦਾਤਰ ਲੋਕਾਂ ਨੂੰ ਇਹ ਵੀ ਨਹੀਂ ਮਿਲਦਾ, ਜਦੋਂ ਕਿ ਉਹ ਵੀ ਇਸ ਗਰੀਬ ਵਰਗ ਦੇ ਮੈਂਬਰ ਹਨ। ਉਨ੍ਹਾਂ ਦੇ ਮੁਤਾਬਿਕ ਉਨ੍ਹਾਂ ਦੀ ਸਮੱਸਿਆ ਹੈ – ‘ਸਾਨੂੰ ਆਪਣੇ ਨਵੇਂ ਰਾਸ਼ਨ ਕਾਰਡ ਹੁਣ ਤੱਕ ਨਹੀਂ ਮਿਲ ਪਾਏ ਹਨ...’

ਸਾਲ 2013 ਵਿੱਚ ਪਾਰਿਤ ਰਾਸ਼ਟਰੀ ਖਾਦ ਸੁਰੱਖਿਆ ਅਧਿਨਿਯਮ ਦੇ ਤਹਿਤ ਇਹ ਰਾਜ ਸਰਕਾਰ ਦੀ ਜ਼ਿੰਮੇਦਾਰੀ ਹੈ ਕਿ ਉਹ ਸਬਸਿਡੀ ਦਿੱਤੇ ਜਾਣ ਵਾਲਿਆਂ ਦੀ ਸੂਚੀ ਨੂੰ ਲਗਾਤਾਰ ਅੱਪਡੇਟ ਕਰਦੀ ਰਹੇ। ਬਹੁਤ ਸਾਰੇ ਗਰੀਬ ਸੂਬੇ, ਮਸਲਨ ਬਿਹਾਰ, ਇਸ ਕਵਾਇਦ ਨੂੰ ਪੂਰਾ ਕਰ ਚੁੱਕੇ ਹਨ। ਉੱਤਰ ਪ੍ਰਦੇਸ਼ ਨੇ ਇਹ ਕੰਮ ਨਹੀਂ ਕੀਤਾ ਹੈ, ਅਤੇ ਉਨ੍ਹਾਂ ਨੇ ਇਸ ਅਧਿਨਿਯਮ ਨੂੰ ਲਾਗੂ ਕਰਨ ਦਾ ਫੈਸਲਾ ਵੀ ਦੋ ਮਹੀਨੇ ਪਹਿਲਾਂ ਹੀ ਕੀਤਾ ਹੈ। ਮੌਜੂਦਾ ਵਕਤ ਵਿੱਚ ਸੂਬਾ ਆਪਣੀ ਕੁੱਲ ਇੱਕ - ਚੌਥਾਈ ਆਬਾਦੀ ਨੂੰ ਗਰੀਬੀ ਰੇਖਾ ਤੋਂ ਹੇਠਾਂ ਮੰਨਦਾ ਹੈ, ਜਦਕਿ ਅਰਥਸ਼ਾਸਤਰੀ ਜੀਆਂ ਦਰੇਜ਼ ਦੇ ਅਨੁਸਾਰ, ਨਵੇਂ ਅਧਿਨਿਯਮ ਦੇ ਤਹਿਤ ਇਹ ਅੰਕੜਾ 75 ਫੀਸਦੀ ਦੇ ਕਰੀਬ ਹੈ।

ਇਨ੍ਹਾਂ ਸੂਚੀਆਂ ਨੂੰ ਅੱਪਡੇਟ ਕਰਨਾ, ਉਹ ਵੀ ਉੱਤਰ ਪ੍ਰਦੇਸ਼ ਜਿਹੇ ਫੈਲੇ ਸੂਬੇ ਵਿੱਚ, ਮਹੀਨੀਆਂ ਦਾ ਕੰਮ ਹੈ। ਜੀਆਂ ਦਰੇਜ਼ ਜਿਹੇ ਕਾਰਜਕਰਤਾਵਾਂ ਦਾ ਸੁਝਾਅ ਹੈ ਕਿ ਅਸਥਾਈ ਤੌਰ ਉੱਤੇ ਸੂਬਾ ਸਰਕਾਰ ਨੂੰ ਲਲੀਤਪੁਰ ( ਲਾਲਵਾੜੀ ਇਸ ਜ਼ਿਲ੍ਹੇ ਵਿੱਚ ਹੈ ) ਜਿਹੇ ਸਾਰੇ ਸੋਕਾ-ਗ੍ਰਸਤ ਜਿਲੀਆਂ ਵਿੱਚ ਇੱਕ ਸਮਾਨ ਸਾਰਵਜਨਿਕ ਵੰਡ ਪ੍ਰਣਾਲੀ ਲਾਗੂ ਕਰ ਦੇਣੀ ਚਾਹੀਂਦੀ ਹੈ, ਜਦਕਿ ਫਿਲਹਾਲ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਸੂਬਾ ਇਹ ਜਾਂ ਇਸ ਤਰ੍ਹਾਂ ਦਾ ਕੋਈ ਵੀ ਆਪਾਤਕਾਲੀਨ ਕਦਮ ਚੁੱਕ ਰਹੀ ਹੈ।

ਤਾਂ ਉਹ ਲੋਕ ਕੀ ਕਰਨਗੇ ...? ਕਿਵੇਂ ਰਹਿਣਗੇ ...? ਜੀਆਂ ਦਰੇਜ਼ ਆਪਣੇ ਅੰਕਲਨ ਵਿੱਚ ਕਹਿੰਦੇ ਹਨ - ‘ ਉੱਤਰ ਪ੍ਰਦੇਸ਼ ਵਿੱਚ ਜੋ ਸਾਹਮਣੇ ਆ ਰਿਹਾ ਹੈ, ਉਹ ਹੈ ਇਨਸਾਨ ਦੀ ਪੈਦਾ ਕੀਤੀ ਹੋਈ ਭੁੱਖਮਰੀ...’

(ਐਨ.ਡੀ.ਟੀ.ਵੀ. ਇੰਡੀਆ ਤੋਂ ਲਿਆ ਗਿਆ ਹੈ)
ਅਨੁਵਾਦਕ: ਸਚਿੰਦਰ ਪਾਲ ਪਾਲੀ

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ