Thu, 18 July 2024
Your Visitor Number :-   7194482
SuhisaverSuhisaver Suhisaver

ਮਸਲਾ ਏ ਕਸ਼ਮੀਰ - ਗੋਬਿੰਦਰ ਸਿੰਘ ਢੀਂਡਸਾ

Posted on:- 20-08-2016

suhisaver

ਕੁਦਰਤ ਦੀ ਬਖ਼ਸ਼ੀ ਅਸੀਮ ਸੁੰਦਰਤਾ ਦੇ ਕਾਰਨ ਦੁਨੀਆਂ ਦੇ ਸਵਰਗ ਦੇ ਨਾਂ ਨਾਲ ਜਾਣਿਆ ਜਾਂਦਾ ਕਸ਼ਮੀਰ ਲੰਬੇ ਸਮੇਂ ਤੋਂ ਨਰਕ ਤੋਂ ਵੀ ਮਾੜੇ ਹਾਲਾਤਾਂ ਵਿੱਚੋ ਗੁਜ਼ਰ ਰਿਹਾ ਹੈ।ਇਹ ਕੋਈ ਅੱਤਕੱਥਨੀ ਨਹੀਂ ਹੋਵੇਗੀ ਕਿ ਕਸ਼ਮੀਰ ਜਲ ਰਿਹਾ ਹੈ, ਕਿਉਂਕਿ ਰੋਜ਼ਾਨਾ ਵਾਂਗ ਹੀ ਕਸ਼ਮੀਰ ਵਿੱਚ ਗੋਲੀਬਾਰੀ ਜਾਂ ਹਿੰਸਾ ਆਦਿ ਸੰਬੰਧੀ ਖ਼ਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਅਤੇ ਅਜਿਹੇ ਮਾਹੌਲ ਵਿੱਚ ਆਮ ਲੋਕਾਂ ਦਾ ਜਨ-ਜੀਵਨ ਕਿਸ ਤਰ੍ਹਾਂ ਸੁਖਦ ਹੋ ਸਕਦਾ ਹੈ? ਅਜਿਹਾ ਨਹੀਂ ਹੈ ਕਿ ਅਸ਼ਾਤੀ ਕੇਵਲ ਭਾਰਤ ਦੇ ਕਸ਼ਮੀਰ ਵਿੱਚ ਹੈ, ਪਾਕਿਸਤਾਨ ਵਾਲੇ ਹਿੱਸੇ ਵਿੱਚ ਵੀ ਕਸ਼ਮੀਰੀ ਆਜ਼ਾਦੀ ਚਾਹੁੰਦੇ ਹਨ।ਭਾਰਤ ਅਤੇ ਪਾਕਿਸਤਾਨ ਦੀ ਇਸ ਰੱਸਾਕਸ਼ੀ ਵਿੱਚ ਨੁਕਸਾਨ ਸਿਰਫ ਕਸ਼ਮੀਰੀ ਲੋਕਾਂ ਦਾ ਹੋਇਆ ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

ਦੇਸ਼ ਦੀ ਵੰਡ ਦੀ ਪੀੜਾ ਅਸਹਿ ਸੀ ਅਤੇ ਇਸਦਾ ਸੰਤਾਪ ਕਸ਼ਮੀਰੀਆਂ ਦੇ ਨਾਲ ਪੰਜਾਬੀਆਂ, ਸਿੰਧੀਆਂ ਅਤੇ ਬੰਗਾਲੀਆਂ ਆਦਿ ਨੇ ਵੀ ਸਹਿਣ ਕੀਤਾ ਹੈ।ਕਸ਼ਮੀਰ ਦਾ ਨਾਂ ਸੁਣਦਿਆਂ ਹੀ ਸਾਡੀ ਕਲਪਨਾ ਵਿੱਚ ਭਾਰਤ ਦੇ ਨਕਸ਼ੇ ਉਪਰ ਇੱਕ ਕਲਗੀ ਨਜ਼ਰੀ ਆ ਜਾਂਦੀ ਹੈ ਅਤੇ ਜੋ ਭਾਰਤ ਦੇ ਨਕਸ਼ੇ ਨੂੰ ਚਾਰ ਚੰਨ ਲਾ ਰਹੀ ਹੈ।

ਬੇਸ਼ੱਕ ਕਸ਼ਮੀਰ ਦਾ ਪੂਰਾ ਨਕਸ਼ਾ ਭਾਰਤ ਵਿੱਚ ਵਿਖਾਇਆ ਜਾਂਦਾ ਹੈ ਪਰ ਹਕੀਕੀ ਤੌਰ ਤੇ ਕਸ਼ਮੀਰ ਦਾ ਨਕਸ਼ਾ ਹੀ ਸਭ ਕੁਝ ਬਿਆਨ ਕਰ ਦਿੰਦਾ ਹੈ, ਕਿਉਂਕਿ ਹਰੇ ਰੰਗ ਚ ਪਾਕਿਤਸਾਨ ਅਧਿਕਾਰਤ ਕਸ਼ਮੀਰ ਜੋ 1948 ਵਿੱਚ ਪਾਕਿਸਤਾਨ ਨੇ ਹਮਲਾ ਕਰਕੇ ਸਾਡੇ ਤੋਂ ਅਲੱਗ ਕਰ ਦਿੱਤਾ ਸੀ ਅਤੇ ਲਾਲ ਰੰਗ ਚ ਚੀਨ ਅਧਿਕਾਰਤ ਕਸ਼ਮੀਰ ਜੋ 1962 ਦੇ ਯੁੱਧ ਚ ਅਸੀਂ ਖੋ ਬੈਠੇ ਹਾਂ, ਕਸ਼ਮੀਰ ਮੁੱਦਾ ਪਾਕਿਸਤਾਨ ਅਤੇ ਭਾਰਤ ਵਿੱਚ ਰੇੜਕੇ ਦਾ ਕਾਰਨ ਬਣਿਆ ਹੋਇਆ ਹੈ।ਜੰਮੂ ਅਤੇ ਕਸ਼ਮੀਰ ਦੇ 40 ਸਾਲ ਤੱਕ ਸ਼ਾਂਤੀਪੂਰਨ ਹੱਲ ਦੇ ਪ੍ਰਸਤਾਵ ਦੇ ਅਸਫ਼ਲ ਹੋਣ ਜਾਣ ਤੇ 1989-90 ਵਿੱਚ ਹਥਿਆਰਬੰਦ ਵਿਰੋਧ ਸ਼ੁਰੂ ਹੋਇਆ ਸੀ।ਕਸ਼ਮੀਰ ਸੰਬੰਧੀ ਕੁਝ ਤੱਥ ਹਨ, ਜੋ ਕਸ਼ਮੀਰ ਨੂੰ ਭਾਰਤ ਦੇ ਦੂਜੇ ਰਾਜਾਂ ਨਾਲੋਂ ਵਿਖਰੇਵਾਂ ਪ੍ਰਦਾਨ ਕਰਦੇ ਹਨ, ਜਿਵੇਂ ਕਿ ਕਸ਼ਮੀਰ ਦਾ ਅਪਣਾ ਅਲੱਗ ਸੰਵਿਧਾਨ ਹੈ, ਅਲੱਗ ਕਾਨੂੰਨ ਹੈ ਅਤੇ ਇੱਥੋਂ ਤੱਕ ਕਿ ਝੰਡਾ ਵੀ ਅਲੱਗ ਹੈ।ਜਿਸ ਤੇ ਭਾਰਤ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ, ਇੱਥੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ, ਇੱਥੇ ਭਾਰਤ ਦਾ ਝੰਡਾ ਜਲਾਉਣਾ ਜਾਂ ਭਾਰਤ ਦੇ ਵਿਰੁੱਧ ਨਾਰੇ ਲਾਉਣਾ ਕੋਈ ਅਪਰਾਧ ਨਹੀਂ ਹੈ, ਕਿਉਂਕਿ ਧਾਰਾ 370 ਦੇ ਤਹਿਤ ਉਹਨਾਂ ਨੂੰ ਇਸਦਾ ਅਧਿਕਾਰ ਹੈ।

ਦੇਸ਼ ਦੀ ਵੰਡ ਸਮੇਂ ਨਹਿਰੂ ਨੇ ਕਸ਼ਮੀਰ ਦੇ ਲੋਕਾਂ ਤੋਂ ਜਨਮਤ ਕਰਾਉਣ ਦਾ ਪ੍ਰਸਤਾਵ ਰੱਖਿਆ ਜੋ ਕਿ ਉਸ ਸਮੇਂ ਜਿਨਹਾ ਨੂੰ ਕਬੂਲ ਨਹੀਂ ਸੀ, ਉਦੋਂ ਕਸ਼ਮੀਰ ਨੂੰ ਕਸ਼ਮੀਰੀ ਭਾਰਤ ਵਿੱਚ ਮਿਲਾਉਣ ਦੇ ਹਾਮੀ ਸਨ ਅਤੇ ਅੱਜ ਪਾਕਿਸਤਾਨ ਜਨਮਤ ਕਰਾਉਣਾ ਚਾਹੁੰਦਾ ਹੈ ਤੇ ਭਾਰਤ ਇਸ ਤੋਂ ਪਾਸਾ ਵੱਟ ਰਿਹਾ ਹੈ ਕਿਉਂਕਿ ਅੱਜ ਕਸ਼ਮੀਰ ਵਿੱਚ ਲੋਕ ਕਿਸੇ ਦੇਸ਼ ਵਿੱਚ ਜਾਨ ਦੀ ਬਜਾਏ ਆਜ਼ਾਦੀ ਚਾਹੁੰਦੇ ਹਨ।ਇੱਥੇ ਇਹ ਵਰਣਨਯੋਗ ਹੈ ਕਿ ਦੇਸ਼ ਦੀ ਵੰਡ ਦੇ ਦੌਰ ਵਿੱਚ ਜਦੋਂ ਗਾਂਧੀ ਕਸ਼ਮੀਰ ਗਏ, ਉਦੋਂ ਉਹਨਾਂ ਦਾ ਸਵਾਗਤ ਫੁੱਲਮਾਲਾਵਾਂ ਨਾਲ ਕੀਤਾ ਗਿਆ ਸੀ, ਦੂਜੇ ਪਾਸੇ ਜਦੋਂ ਜਿਨਾਹ ਉੱਥੇ ਗਏ ਤਾਂ ਉਹਨਾਂ ਨੂੰ ਕਾਲੇ ਝੰਡੇ ਦਿਖਾਏ ਗਏ ਸੀ।

ਕਸ਼ਮੀਰ ਦੇ ਮੌਜੂਦਾ ਹਾਲਾਤਾਂ ਅਤੇ ਆਜ਼ਾਦੀ ਦੀ ਮੰਗ ਪਿੱਛੇ ਹੋਰ ਸਿੱਧੇ ਅਸਿੱਧੇ ਕਾਰਨਾਂ ਦੇ ਨਾਲ ਨਾਲ ਭਾਰਤ, ਭਾਰਤ ਸਰਕਾਰ ਵੀ ਜ਼ਿੰਮੇਵਾਰ ਹੈ, ਕਿਉਂਕਿ ਕਸ਼ਮੀਰੀਆਂ ਨੂੰ ਅਸੀਂ ਭਾਰਤ ਦੇ ਦੂਜੇ ਸੂਬਿਆਂ ਦੇ ਲੋਕਾਂ ਵਾਂਗ ਅਪਣਾ ਨਹੀਂ ਸਕੇ।ਸਾਡੀ ਵਿਵਸਥਾ ਉਹਨਾਂ ਨੂੰ ਆਪਣੇਪਣ ਦਾ ਅਹਿਸਾਸ ਕਰਾਉਣ, ਉਹਨਾਂ ਦੀ ਬੁਨਿਆਦੀ ਲੋੜਾਂ ਅਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫ਼ਲ ਰਹੀ ਹੈ।ਜਿੱਥੋਂ ਤੱਕ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਗੱਲ ਹੈ ਤਾਂ ਧਾਰਾ 370 ਸਦਕਾ ਜੋ ਵਿਖਰੇਵਾਂ ਕਸ਼ਮੀਰ ਨੂੰ ਹਾਸਿਲ ਹੈ, ਸਭ ਤੋਂ ਪਹਿਲਾਂ ਉਸਨੂੰ ਹੀ ਸਮਾਪਤ ਕਰਕੇ ਭਾਰਤ ਦੇ ਦੂਜੇ ਰਾਜਾਂ ਵਾਂਗ ਕਸ਼ਮੀਰ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਦੂਜੇ ਰਾਜਾਂ ਵਾਂਗ ਕਸ਼ਮੀਰ ਨੂੰ ਸਮਝਣਾ ਅਤੇ ਵਾਚਣਾ ਚਾਹੀਦਾ ਹੈ ਅਤੇ ਕਸ਼ਮੀਰੀਆਂ ਨੂੰ ਵੀ ਅਪਣਾਉਣਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਹਮੇਸ਼ਾਂ ਅੱਤਵਾਦ ਦੀ ਨਜ਼ਰ ਨਾਲ ਵੇਖਣਾ ਚਾਹੀਦਾ ਹੈ ਪਰ ਇਹ ਵਿਡੰਬਨਾ ਹੀ ਹੈ ਕਿ ਪਿਛਲੇ ਸਾਲਾਂ ਵਿੱਚ ਅਸੀਂ ਕਦੇ ਕਸ਼ਮੀਰ ਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਉਹ ਭਾਰਤ ਦਾ ਹਿੱਸਾ ਹੈ, ਧਾਰਾ 370 ਨੇ ਲਗਾਤਾਰ ਕਸ਼ਮੀਰ ਦੀ ਭਾਰਤ ਤੋਂ ਦੂਰੀ ਬਣਾ ਕੇ ਰੱਖੀ ਹੈ।ਧਾਰਾ 370 ਸਿਰਫ ਕਸ਼ਮੀਰ ਦਾ ਭਾਰਤ ਵਿੱਚ ਅਸਥਾਈ ਮਿਲਾਅ ਲਈ ਪ੍ਰਲੋਬਨ ਸੀ ਜਿਸਨੂੰ ਬਾਦ ਵਿੱਚ ਹਟਾਉਣਾ ਜ਼ਰੂਰੀ ਸੀ।ਜਨਸੰਘ ਦੇ ਸੰਸਥਾਪਕਾਂ ਵਿੱਚੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਸਭ ਤੋਂ ਪਹਿਲਾਂ ਧਾਰਾ 370 ਦਾ ਵਿਰੋਧ ਕੀਤਾ, ਅਫਸੋਸ ਅੱਜ ਤੱਕ ਰਾਜਨੀਕਿਤ ਧਿਰਾਂ ਸਿਰਫ ਇਸ ਤੇ ਰਾਜਨੀਤਿਕ ਰੋਟੀਆਂ ਹੀ ਸੇਕਦੀਆਂ ਆਈਆਂ ਹਨ, ਸਗੋਂ ਅਮਲੀ ਜਾਮਾ ਨਹੀਂ ਪਹਿਣਾ ਸਕੀਆਂ, ਇਹ ਵਿਡੰਬਨਾ ਹੀ ਹੈ ਕਿ ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣਾ ਤਾਂ ਦੂਰ ਦੀ ਗੱਲ ਰਹੀ, ਸਗੋਂ ਨਾਗਾਲੈਂਡ ਨੂੰ ਵੀ ਅਲੱਗ ਪਾਸਪੋਰਟ ਅਤੇ ਝੰਡਾ ਦੇ ਦਿੱਤਾ।ਇਹ ਤੱਥ ਸਾਡੀਆਂ ਰਾਜਨੀਤਿਕ ਧਿਰਾਂ ਦੇ ਭਾਰਤ ਪ੍ਰਤੀ ਸੰਜੀਦਗੀ ਤੇ ਸਵਾਲ ਖੜ੍ਹਾ ਕਰਦੇ ਹਨ?

ਕਸ਼ਮੀਰ ਵਿੱਚ ਅਫਸਪਾ ਲਾਗੂ ਹੈ।ਆਰਮਡ ਫੋਰਸਜ਼ ਸਪੈਸ਼ਲ ਪਾਵਰਜ਼ ਐਕਟ ਦੇਸ਼ ਦੇ ਅਸ਼ਾਂਤ ਖੇਤਰਾਂ ਵਿੱਚ ਸੈਨਾ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ।ਇਸਦੇ ਤਹਿਤ ਸੈਨਾ ਲੋਕਾਂ ਨੂੰ ਬਿਨ੍ਹਾਂ ਕਿਸੇ ਵਾਰੰਟ ਦੇ ਗਿ੍ਰਫਤਾਰ ਕਰ ਸਕਦੀ ਹੈ।ਕਿਸੇ ਵੀ ਥਾਂ ਤੇ ਛਾਪਾ ਮਾਰ ਸਕਦੀ ਹੈ ਅਤੇ ਜਵਾਬੀ ਕਾਰਵਾਈ ਵਿੱਚ ਹਥਿਆਰਾਂ ਦਾ ਇਸਤੇਮਾਲ ਵੀ ਕਰ ਸਕਦੀ ਹੈ।ਕਸ਼ਮੀਰ ਵਾਦੀ ਦੇ ਲੋਕ ਪੁਲਿਸ-ਸੈਨਾ ਤੇ ਸਮੇਂ ਸਮੇਂ ਤੇ ਆਰੋਪ ਲਾਉਂਦੇ ਰਹੇ ਹਨ ਕਿ ਇਸ ਕਾਨੂੰਨ ਦੀ ਆੜ ਵਿੱਚ ਬਹੁਤੇ ਬੇਕਸੂਰਾਂ ਉੱਪਰ ਕਾਰਵਾਈ ਹੰੁਦੀ ਰਹੀ ਹੈ ਅਤੇ ਬਹੁਤੇ ਲਾਪਤਾ ਜਾਂ ਹਮੇਸ਼ਾਂ ਲਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਗਏ ਹਨ।ਲਾਪਤਾ ਲੋਕਾਂ ਦੇ ਪਰਿਵਾਰ ਵਾਲੇ ਆਪਣਿਆਂ ਨੂੰ ਜਾਂ ਉਹਨਾਂ ਦੀਆਂ ਲਾਸ਼ਾਂ ਉਡੀਕਦੇ ਉਡੀਕਦੇ ਜਿਊਂਦੀ ਲਾਸ਼ ਬਣ ਕੇ ਰਹਿ ਜਾਂਦੇ ਹਨ।ਜੇਕਰ ਕਸ਼ਮੀਰ ਨੂੰ ਭਾਰਤ ਦੀ ਕਲਗੀ ਦੇ ਰੂਪ ਵਿੱਚ ਬਣਾਈ ਰੱਖਣਾ ਹੈ ਅਤੇ ਕਸ਼ਮੀਰੀਆਂ ਨੂੰ ਆਪਣੇਪਣ ਦਾ ਅਹਿਸਾਸ ਕਰਾਉਣਾ ਹੈ ਤਾਂ ਕਸ਼ਮੀਰ ਵਿੱਚੋਂ ਅਫਸਪਾ ਨੂੰ ਵੀ ਖਤਮ ਕਰਨਾ ਚਾਹੀਦਾ ਹੈ।ਕਿਉਂਕਿ ਅਫਸਪਾ ਕਾਰਨ ਸੈਨਾ ਦੀ ਮੌਜੂਦਗੀ ਆਮ ਕਸ਼ਮੀਰੀ ਪਸੰਦ ਨਹੀਂ ਕਰਦੇ ਅਤੇ ਆਪਣੀ ਹੀ ਧਰਤੀ ਤੇ ਸ਼ੱਕ ਦੀ ਨਜ਼ਰ ਨਾਲ ਵੇਖੇ ਜਾਂਦੇ ਹਨ।ਤਿ੍ਰਪੁਰਾ ਵਿੱਚ ਮਈ 2015 ਵਿੱਚ ਅਫਸਪਾ ਕਾਨੂੰਨ ਹਟਾਉਣ ਦੇ ਬਾਦ ਉਗਰਵਾਦੀ ਘਟਨਾਵਾਂ, ਹੱਤਿਆਵਾਂ, ਸੁਰੱਖਿਆਕਰਮੀਆਂ ਦੀਆਂ ਹੱਤਿਆਵਾਂ, ਅਪਹਰਣ, ਮੁਠਭੇੜ ਜ਼ੀਰੋ ਰਿਹਾ ਹੈ, ਜੂਨ 2015 ਤੱਕ ਦਾ ਇਹ ਆਂਕੜਾ ਤਿ੍ਰਪੁਰਾ ਦਾ ਹੈ ਅਤੇ ਇਸਨੂੰ ਮੁਖ ਮੰਤਰੀ ਮਾਨਿਕ ਸਰਕਾਰ ਨੇ ਪੂਰਵਾ-ਉਤਰ ਸੂਬਿਆਂ ਦੇ ਮੁਖ ਮੰਤਰੀਆ ਦੇ ਸੰਮੇਲਨ ਦੇ ਦੌਰਾਨ ਪੇਸ਼ ਕੀਤਾ ਸੀ।ਅਫਸਪਾ ਸੰਬੰਧੀ ਇਹ ਵਿਚਾਰਨਯੋਗ ਹੈ ਕਿ ਸੁਪਰੀਮ ਕੋਰਟ ਨੇ ਸਾਫ ਕੀਤਾ ਸੀ ਕਿ ਜਿਨ੍ਹਾਂ ਖੇਤਰਾਂ ਵਿੱਚ ਅਫਸਪਾ ਲਾਗੂ ਹੈ, ਉਥੇ ਵੀ ਸੈਨਾ ਜਾਂ ਪੁਲਿਸ ਦੁਆਰਾ ਜ਼ਿਆਦਾ ਹਿੰਸਕ ਤਾਕਤ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ, ਨਾਲ ਹੀ ਸੁਪਰੀਮ ਕੋਰਟ ਨੇ ਮਨੀਪੁਰ ਵਿੱਚਲੇ ਹੁਣ ਤੱਕ ਦੇ 1528 ਫਰਜ਼ੀ ਮੁਠਭੇੜਾਂ ਦੀ ਜਾਂਚ ਕਰਨ ਨੂੰ ਵੀ ਕਿਹਾ ਹੈ।

ਵਿਦਵਾਨਾਂ ਦਾ ਵਿਚਾਰ ਹੈ ਕਿ ਜਦੋਂ ਸਰਕਾਰ ਪ੍ਰਜਾ ਅਤੇ ਪ੍ਰਜਾਤੰਤਰ ਨਾਲ ਪ੍ਰੇਮ ਤੋਂ ਬਿਨ੍ਹਾਂ ਹੀ ਦੇਸ਼ ਪਿਆਰ ਦੀ ਗੱਲ ਕਰੇ ਤਾਂ ਉਸਨੂੰ ਬਿਨ੍ਹਾ ਸ਼ੱਕ ਫਾਸਿਸਟ ਕਿਹਾ ਜਾਵੇਗਾ ਅਤੇ ਸਰਕਾਰ ਦਾ ਰਾਸ਼ਟਰਵਾਦ ਵੀ ਕੋਰਾ ਝੂਠ ਅਖਵਾਏਗਾ।ਜਦੋਂ ਵਿਵਸਥਾ ਕਸ਼ਮੀਰ ਨੂੰ ਧਾਰਾ 370 ਅਤੇ ਅਫਸਪਾ ਵਰਗੇ ਕਾਨੂੰਨ ਦੇ ਕੇ, ਕਸ਼ਮੀਰੀਆਂ ਨੂੰ ਭਾਰਤ ਦੇ ਦੂਜੇ ਰਾਜਾਂ ਤੋਂ ਵਖਰੇਵਾਂ ਦਿੰਦੀ ਹੈ, ਆਮ ਕਸ਼ਮੀਰੀਆਂ ਨਾਲ ਪੁਲਿਸ-ਸੈਨਾ ਆਦਿ ਦੀਆਂ ਵਧੀਕੀਆਂ ਆਦਿ ਤਾਂ ਉੱਥੇ ਦੇ ਲੋਕਾਂ ਦੀ ਆਜ਼ਾਦੀ ਦੀ ਮੰਗ ਕਰਨਾ ਕਿੱਥੇ ਗਲਤ ਹੋ ਸਕਦਾ ਹੈ? ਜਦੋਂ ਵਿਵਸਥਾ ਕਸ਼ਮੀਰ ਅਤੇ ਕਸ਼ਮੀਰੀ ਨੂੰ ਦੂਜੇ ਸੂਬਿਆਂ ਵਾਂਗ ਪੂਰਨ ਰੂਪ ਵਿੱਚ ਅਪਣਾ ਨਹੀਂ ਸਕੀ ਤਾਂ ਆਜ਼ਾਦੀ ਦੀ ਮੰਗ ਉੱਠਣਾ ਸੁਭਾਵਕ ਹੈ।ਤਾਜ਼ਾ ਘਟਨਾ ਅਨੁਸਾਰ ਹਿਜਬੁਲ ਮੁਜਾਹਿਦੀਨ ਦੇ ਯੁਵਾ ਕਮਾਂਡਰ ਬੁਰਹਾਨ ਵਾਨੀ ਉਪਰ ਭਾਰਤ ਸਰਕਾਰ ਵੱਲੋਂ 10 ਲੱਖ ਦਾ ਇਨਾਮ ਘੋਸ਼ਿਤ ਸੀ।ਜਦੋਂ ਬੁਰਹਾਨ ਵਾਨੀ ਮਾਰਿਆ ਗਿਆ ਤਾਂ ਤਕਰੀਬਨ 22 ਸਾਲ ਦਾ ਸੀ ਅਤੇ 2010 ਵਿੱਚ ਸਿਰਫ਼ 16 ਸਾਲ ਦੀ ਛੋਟੀ ਉਮਰ ਵਿੱਚ ਹਿਜਬੁਲ ਮੁਜਾਹਿਦੀਨ ਵਿੱਚ ਸ਼ਾਮਿਲ ਹੋਇਆ ਸੀ, ਸੋਸ਼ਲ ਮੀਡੀਆ ਰਾਹੀਂ ਉਸ ਦੀਆਂ ਫੋਟੋਆਂ ਅਤੇ ਸੰਦੇਸ਼ਾਂ ਕਰਕੇ ਉਹ ਜ਼ਿਆਦਾ ਲੋਕ ਪਿ੍ਰਅਤਾ ਹਾਸਿਲ ਕਰ ਸਕਿਆ ਅਤੇ ਬਹੁਤਿਆਂ ਨੂੰ ਪ੍ਰੇਰਿਤ ਕੀਤਾ, ਉਸਦਾ ਇੱਕ ਆਖਰੀ ਸੰਦੇਸ਼ ਅਮਰਨਾਥ ਯਾਤਰੀਆਂ ਨੂੰ ਸੰਬੋਧਿਤ ਸੀ, ਜਦੋਂ ਬਾਰਡਰ ਉੱਪਰ ਸਕਿਉਰਿਟੀ ਫੋਰਸ ਯਾਤਰੀਆਂ ਤੇ ਹਮਲੇ ਦੀ ਸ਼ੰਕਾ ਜਿਤਾ ਰਹੀ ਸੀ ਤਾਂ ਇਸਦੇ ਉੱਤਰ ਰੂਪੀ ਉਸਨੇ ਅਮਰਨਾਥ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਸਵਾਗਤ ਕੀਤਾ ਸੀ ਅਤੇ ਉਹਨਾਂ ਦੇ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਸੀ ਅਤੇ ਉਹਨਾਂ ਨੂੰ ਬਿਨ੍ਹਾਂ ਕਿਸੇ ਡਰ ਦੇ ਆਉਣ ਲਈ ਭਰੋਸਾ ਦਿੱਤਾ ਸੀ।

ਉਸਦੀ ਮੌਤ ਤੇ ਜਨਾਜੇ ਪਿੱਛੇ ਲੋਕਾਂ ਦੀ ਭੀੜ ਗਵਾਹ ਹੈ ਕਿ ਇਹ ਭੀੜ ਬੁਰਹਾਨ ਦੇ ਜਨਾਜੇ ਪਿੱਛੇ ਨਹੀਂ ਇੱਕ ਸੋਚ, ਇਕ ਮਕਸਦ ਪਿੱਛੇ ਸੀ। ਅੱਜ ਇਕ ਬੁਰਹਾਨ ਮਰੇਗਾ ਤਾਂ ਹਜ਼ਾਰਾਂ ਹੀ ਪੈਦਾ ਹੋਣਗੇ।ਆਜ਼ਾਦੀ ਦੀ ਲੜਾਈ ਦੇ ਸਿਪਾਹੀ ਦੇ ਦੋ ਰੂਪ ਹੁੰਦੇ ਹਨ, ਜਿੱਥੇ ਆਮ ਲੋਕਾਂ ਲਈ ਉਹ ਹੀਰੋ ਹੁੰਦਾ ਹੈ, ਉੱਥੇ ਹੀ ਸੰਬੰਧਿਤ ਵਿਵਸਥਾ ਜਾਂ ਸਰਕਾਰ ਲਈ ਉਹ ਗੱਦਾਰ ਜਾਂ ਅੱਤਵਾਦੀ ਹੁੰਦਾ ਹੈ।ਲੋੜ ਹੈ ਕਸ਼ਮੀਰੀ ਨੋਜਵਾਨਾਂ ਨਾਲ ਸੰਵਾਦ ਦੀ ਅਤੇ ਹਰ ਕਸ਼ਮੀਰੀ ਤੋਂ ਅੱਤਵਾਦੀ ਦਾ ਤਗਮਾ ਹਟਾਉਣ ਦੀ।ਸਾਡੇ ਕਹਿਣ ਨਾਲ ਕੋਈ ਅੱਤਵਾਦੀ ਨਹੀਂ ਬਣੇਗਾ, ਕਸ਼ਮੀਰੀਆਂ ਦੀ ਨਜ਼ਰ ਵਿੱਚ ਸ਼ਹੀਦ ਹੀ ਅਖਵਾਏਗਾ ਅਤੇ ਇਹ ਸਾਫ਼ ਹੈ ਕਿ ਸ਼ਹੀਦ ਕਦੇ ਨਹੀਂ ਮਰਦੇ।ਜਿੰਨਾ ਚਿਰ ਕਸ਼ਮੀਰ ਵਿੱਚੋਂ ਧਾਰਾ 370 ਨਹੀਂ ਹੱਟਦੀ ਉਦੋਂ ਤੱਕ ਯਾਸੀਨ ਮਲਿਕ ਹੋਵੇ ਜਾਂ ਅਫਜਲ ਗੁਰੂ, ਇਹਨਾਂ ਨੂੰ ਅੱਤਵਾਦੀ ਕਹਿਣ ਦਾ ਵੀ ਕੋਈ ਹੱਕ ਨਹੀਂ।ਕਿਉਂਕਿ ਇਹਨਾਂ ਨੂੰ ਵੀ ਆਪਣੀ ਆਜ਼ਾਦੀ ਲਈ ਲੜਨ ਦਾ ਉਨ੍ਹਾਂ ਹੀ ਹੱਕ ਹੈ ਜਿੰਨ੍ਹਾ ਅਮਰ ਸ਼ਹੀਦ ਸ੍ਰ. ਭਗਤ ਸਿੰਘ, ਚੰਦਰ ਸੇਖਰ ਆਜ਼ਾਦ ਅਤੇ ਹੋਰ ਕ੍ਰਾਂਤੀਕਾਰੀਆਂ ਨੂੰ ਸੀ।

ਸਵਾਲ ਸਾਡੇ ਆਪਣੇ ਲਈ ਅਤੇ ਸਾਡੀ ਵਿਵਸਥਾ ਲਈ ਵੀ ਹੈ ਕਿ ਕੀ ਸਾਡੇ ਕਿਸੇ ਕਾਨੂੰਨ ਵਿੱਚ ਕਿਸੇ ਦੇਸ਼ ਨੂੰ ਜ਼ਿੰਦਾਵਾਦ ਬੋਲਣਾ ਅਪਰਾਧ ਸ਼੍ਰੇਣੀ ਵਿੱਚ ਆਉਂਦਾ ਹੈ? ਫਿਰ ਪਾਕਿਸਤਾਨ ਜ਼ਿੰਦਾਵਾਦ ਬੋਲਣਾ ਕਿੱਥੋਂ ਅਪਰਾਧ ਹੋ ਗਿਆ? ਜਾਂ ਇਹ ਉਦੋਂ ਹੀ ਅਪਰਾਧ ਹੁੰਦਾ ਹੈ ਜਦੋਂ ਕੋਈ ਮੁਸਲਿਮ ਇਹ ਨਾਅਰਾ ਲਾਉਂਦਾ ਹੈ? ਇਹ ਆਤਮ ਨਿਰੀਖਣ ਕਰਨ ਦਾ ਵਿਸ਼ਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ।ਕਈ ਵਿਦਵਾਨ ਜੋ ਰਾਜਨੀਤਿਕ ਮੁੱਦਿਆਂ ਤੇ ਲਿਖਦੇ ਰਹਿੰਦੇ ਹਨ ਅਤੇ ਕਈ ਜਨਰਲ ਜੋ ਜੰਮੂ ਅਤੇ ਕਸ਼ਮੀਰ ਵਿੱਚ ਡਿਊਟੀ ਨਿਭਾ ਚੁੱਕੇ ਹਨ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਸੈਨਾ ਕਸ਼ਮੀਰ ਝਗੜੇ ਦਾ ਹੱਲ ਨਹੀਂ ਹੈ।ਸਥਾਨਕ ਲੋਕ ਸਮਾਜਿਕ ਕੰਮਾਂ (ਸੋਸ਼ਲ ਵਰਕ) ਲਈ ਸੈਨਾ ਦੀ ਪ੍ਰਸ਼ੰਸਾ ਕਰ ਸਕਦੇ ਹਨ ਪਰ ਉਹ ਸੈਨਾ ਨੂੰ ਇੱਕ ਅਧਿਕਾਰ ਜਮਾਕੇ“ ਸੈਨਾ ਦੇ ਰੂਪ ਵਿੱਚ ਵੇਖਦੇ ਹਨ ਅਤੇ ਆਜ਼ਾਦੀ ਦਾ ਸਮਰਥਨ ਕਰਦੇ ਹਨ।ਕਸ਼ਮੀਰੀਆਂ ਦੇ ਦਰਦ ਨੂੰ ਇਹ ਸਤਰਾਂ ਸਾਫ਼ ਬਿਆਨ ਕਰਦੀਆਂ ਹਨ :

ਕਸ਼ਮੀਰ ਧੁੱਖਦਾ ਵਿੱਚ ਅੱਗ ਦੇ,
ਨਿੱਤ ਮਰਦੇ ਪੁੱਤ ਜਵਾਨ ਮੀਆਂ
ਹਿੰਦ-ਪਾਕ ਲੜ੍ਹਦੇ ਜ਼ਮੀਨ ਪਿੱਛੇ,
ਸਾਡਾ ਪੁੱਛੇ ਨਾ ਕੋਈ ਹਾਲ ਮੀਆਂ


ਜਿੱਥੋਂ ਤੱਥ ਹੁਰੀਅਤ ਦੀ ਗੱਲ ਹੈ ਤਾਂ ਉਹ ਕਸ਼ਮੀਰੀਆਂ ਦਾ ਰਾਜਨੀਤਿਕ ਦਲਾਲ ਹੈ, ਜੋ ਆਪਣਾ ਫਾਇਦਾ ਦੇਖਦੀ ਹੈ ਨਾ ਕਿ ਆਮ ਕਸ਼ਮੀਰੀਆਂ ਦਾ।ਅਸੀਂ ਆਮ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਵਿੱਚ ਅਸਫਲ ਰਹੇ, ਸਮੇਂ ਦੀ ਜ਼ਰੂਰਤ ਹੈ ਕਿ ਕਸ਼ਮੀਰ ਨੂੰ ਜੇਕਰ ਭਾਰਤੀ ਵਿਵਸਥਾ ਜ਼ਮੀਨੀ ਤੌਰ ਤੇ ਆਪਣਾ ਅਨਿੱਖੜਵਾਂ ਅੰਗ ਅਤੇ ਆਮ ਸੂਬਿਆਂ ਵਾਂਗ ਬਣਾਉਣਾ ਚਾਹੁੰਦੀ ਹੈ ਤਾਂ ਵਿਵਸਥਾ ਕਸ਼ਮੀਰ ਦੇ ਆਮ ਲੋਕਾਂ ਨਾਲ ਸਿੱਧਾ ਸੰਵਾਦ ਕਾਇਮ ਕਰੇ, ਕਸ਼ਮੀਰ ਵਿੱਚੋਂ ਧਾਰਾ 370 ਅਤੇ ਅਫਸਪਾ ਕਾਨੂੰਨ ਨੂੰ ਹਟਾਏ, ਕਸ਼ਮੀਰੀਆਂ ਨੂੰ ਆਮ ਧਾਰਾ ਵਿੱਚ ਸ਼ਾਮਿਲ ਕਰੇ, ਨੌਜਵਾਨਾਂ ਦੀ ਯੋਗ ਅਗਵਾਈ ਕਰੇ ਅਤੇ ਕਸ਼ਮੀਰੀਆਂ ਵਿੱਚ ਆਪਣਾਪਣ ਜਗਾਉਣ ਲਈ ਕਸ਼ਮੀਰੀਆਂ ਦੀ ਤਲਾਸੀ ਲੈਣ ਦੀ ਥਾਂ ਉਹਨਾਂ ਨੂੰ ਗਲੇ ਲਗਾਵੇ।ਜੇਕਰ ਰਾਜਨੀਤਿਕ ਦਲ ਕਸ਼ਮੀਰ ਮੁੱਦੇ ਉੱਪਰ ਸਿਰਫ਼ ਰਾਜਨੀਤਿਕ ਰੋਟੀਆਂ ਹੀ ਸੇਕਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਸ਼ਮੀਰ ਲਈ ਸਾਨੂੰ ਡਾਢਾ ਮੁੱਲ ਜਾਂ ਮਾਮਲਾ ਭਰਨਾ ਪਵੇਗਾ ਅਤੇ ਜਿਸਦੇ ਨਤੀਜੇ ਭਾਰਤ ਦੀ ਰੂਹ ਨੂੰ ਬਲੂੰਦਰ ਦੇਣਗੇ।

ਸੰਪਰਕ : +91  92560 66000

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ