Sun, 14 April 2024
Your Visitor Number :-   6972182
SuhisaverSuhisaver Suhisaver

ਸਮਾਜ ਵਿੱਚ ਦਲਿਤਾਂ ਦੀ ਸਥਿਤੀ ਅਜੇ ਵੀ ਚਿੰਤਾਜਨਕ - ਗੁਰਤੇਜ ਸਿੱਧੂ

Posted on:- 31-01-2016

suhisaver

ਵਰਣ ਵੰਡ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਦਲਿਤਾਂ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਸੀ, ਜੋ ਅਜੇ ਵੀ ਮੌਜੂਦ ਹੈ।ਮਨੁੱਖੀ ਅਧਿਕਾਰਾਂ ਤੋਂ ਵੰਚਿਤ ਇਨ੍ਹਾਂ ਤੋਂ ਸਾਰੇ ਅਧਿਕਾਰ ਖੋਹ ਲਏ ਸਨ, ਸਿੱਖਿਆ ਤੋਂ ਕੋਰੇ ਰੱਖ ਕੇ ਇਨ੍ਹਾਂ ਨੂੰ ਡੰਗਰ ਬਣਨ ਲਈ ਮਜਬੂਰ ਕਰ ਦਿੱਤਾ ਸੀ।ਸ਼ੰਭੂਕ ਰਿਸ਼ੀ ਅਤੇ ਏਕਵਲਯਾ ਨੂੰ ਦਲਿਤ ਹੋਕੇ ਸਿੱਖਿਅਤ ਹੋਣ ਦੀ ਕੀਮਤ ਚੁਕਾਉਣੀ ਪਈ ਸੀ।ਸਦੀਆਂ ਤੋਂ ਗੁਲਾਮੀ ਇਨ੍ਹਾਂ ਨੇ ਆਪਣੇ ਪਿੰਡੇ ‘ਤੇ ਹੰਢਾਈ ਹੈ, ਜੋ ਅਜੋਕੇ ਦੌਰ ‘ਚ ਵੀ ਬਦਦਸਤੂਰ ਜਾਰੀ ਹੈ।ਇੱਕੀਵੀਂ ਸਦੀ ‘ਚ ਵੀ ਇਨ੍ਹਾਂ ਨਾਲ ਪਸ਼ੂਆਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ, ਜਿਸਦਾ ਪ੍ਰਮਾਣ ਹਰ ਰੋਜ਼ ਵਾਪਰਦੀਆਂ ਘਟਨਾਵਾਂ ਅਤੇ ਨਸ਼ਰ ਹੁੰਦੀਆਂ ਖਬਰਾਂ ਹਨ।

ਰੋਜ਼ਾਨਾ ਹੁੰਦੀਆਂ ਘਟਨਾਵਾਂ ਬੁੱਧੀਜੀਵੀਆਂ,ਧਾਰਮਿਕ ਸੰਸਥਾਵਾਂ ਨੂੰ ਬਹੁਤ ਵੱਡੀ ਵੰਗਾਰ ਹਨ ਅਤੇ ਲੋਕਤੰਤਰ ਦਾ ਮੂੰਹ ਚਿੜਾਉਦੀਆਂ ਹਨ।ਸਮਾਜ ਦੀ ਮੁੱਖ ਧਾਰਾ ‘ਚ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਅਜੇ ਹੋਰ ਵੀ ਅਣਥੱਕ ਯਤਨਾਂ ਦੀ ਲੋੜ ਹੈ।ਜੋ ਯਤਨ ਹੁਣ ਤੱਕ ਕੀਤੇ ਗਏ ਹਨ ਬੇਸ਼ੱਕ ਉਹ ਸ਼ਲਾਘਾਯੋਗ ਹਨ ਪਰ ਉਹ ਯਤਨ ਦੋਗਲੀ ਨੀਤੀ ਦੇ ਚੱਲਦਿਆਂ ਸਫਲ ਕਿਸ ਤਰ੍ਹਾਂ ਹੋ ਸਕਦੇ ਹਨ।ਚਾਹੇ ਅਖੌਤੀ ਉੱਚ ਜਾਤੀਆਂ ਦੇ ਲੋਕ ਆਪਣੇ ਸੌੜੇ ਹਿਤਾਂ ਲਈ ਇਨ੍ਹਾਂ ਨੂੰ ਬਰਾਬਰ ਹੋਣ ਦਾ ਰਾਗ ਅਲਾਪਦੇ ਹਨ ਪਰ ਜ਼ਮੀਨੀ ਹਕੀਕਤ ਵਿੱਚ ਅੰਦਰੋਂ ਅੰਦਰੀ ਇਨ੍ਹਾਂ ਨੂੰ ਖੋਖਲੇ ਕਰਨ ਦੇ ਗੰਦੇ ਮਨਸੂਬੇ ਵੀ ਘੜੇ ਜਾਂਦੇ ਹਨ।

ਅਜੋਕੇ ਸਮੇਂ ਅੰਦਰ ਅਖੌਤੀ ਦਲਿਤ ਨੇਤਾਵਾਂ ਨੇ ਇਨ੍ਹਾਂ ਦਾ ਬੇੜਾ ਗਰਕ ਕੀਤਾ ਹੈ।ਚਾਹੀਦਾ ਤਾਂ ਇਹ ਸੀ ਕਿ ਉਹ ਇਨ੍ਹਾਂ ਦੀ ਬਿਹਤਰੀ ਲਈ ਕੰਮ ਕਰਦੇ ਪਰ ਉਨ੍ਹਾਂ ਆਪਣੇ ਹਿਤਾਂ ਨੂੰ ਪਹਿਲ ਦਿੱਤੀ।ਇਨ੍ਹਾਂ ਨੇਤਾਵਾਂ ਦੇ ਨਾਲ ਚੰਦ ਦਲਿਤਾਂ ਦੀ ਤਰੱਕੀ ਇਨ੍ਹਾਂ ਨੂੰ ਸੂਲ ਵਾਂਗ ਚੁਭਦੀ ਹੈ ਤੇ ਲੋਕ ਇਸਨੂੰ ਹੀ ਦਲਿਤਾਂ ਦੀ ਤਰੱਕੀ ਦਾ ਭਰਮ ਪਾਲ ਬੈਠੇ ਹਨ।

ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਸੰਨ 2002 ਵਿੱਚ 10 ਦਲਿਤ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਨਿਲੰਬਤ ਕਰਕੇ ਚਰਚਾ ‘ਚ ਆਈ।ਪਿਛਲੇ ਦਸ ਸਾਲਾਂ ਦੌਰਾਨ ਇੱਥੇ 9 ਦਲਿਤ ਵਿਦਿਆਰਥੀ ਆਤਮਦਾਹ ਕਰ ਚੁੱਕੇ ਹਨ।ਬੀਤੀ 18 ਜਨਵਰੀ ਨੂੰ ਇੱਕ ਹੋਰ ਪ੍ਰਤਿਭਾਸ਼ਾਲੀ ਦਲਿਤ ਪੀਐਚਡੀ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਕਾਰਨ ਇੱਕ ਵਾਰ ਫਿਰ ਇਹ ‘ਵਰਸਿਟੀ ਚਰਚਾ ‘ਚ ਹੈ।ਜਾਤੀ ਭੇਦਭਾਵ ਨੇ ਉਸਨੂੰ ਇਸ ਹੱਦ ਤੱਕ ਦੁਖੀ ਕੀਤਾ ਕਿ ਉਸਦੀ ਫੈਲੋਸ਼ਿਪ ਰੋਕ ਦਿੱਤੀ ਗਈ ਉਸਨੂੰ ਯੂਨੀਵਰਸਿਟੀ ਕੈਂਪਸ ‘ਚੋਂ ਵੀ ਬਾਹਰ ਕੱਢ ਦਿੱਤਾ ਗਿਆ ਸੀ।ਉਸਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਕਥਿਤ ਵਧੀਕੀਆਂ ਕਰਨ ਵਾਲਿਆਂ ਖਿਲਾਫ ਅਵਾਜ਼ ਬੁਲੰਦ ਕੀਤੀ ਸੀ।ਇਸ ਦੁਖਾਂਤ ਨੇ ਸਰਕਾਰ,ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਨਾਲ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਕਟਹਿਰੇ ‘ਚ ਖੜਾ ਕਰਨ ਦੇ ਨਾਲ ਸਮਾਜ ਨੂੰ ਵੀ ਗੰਭੀਰ ਸਵਾਲਾਂ ਨਾਲ ਲੱਦ ਦਿੱਤਾ ਹੈ।

ਦਲਿਤ ਸੰਦਰਭ ‘ਚ ਮੀਡੀਆ ਦੀ ਭੂਮਿਕਾ ਬਾਰੇ ਬੁੱਧੀਜੀਵੀ ਵਰਗ ਚਿੰਤਤ ਹੈ ਕਿ ਉਸਨੇ ਦਲਿਤਾਂ ਦੇ ਮੁੱਦੇ ‘ਤੇ ਕਦੇ ਵੀ ਸੰਜੀਦਗੀ ਨਹੀਂ ਦਿਖਾਈ।ਆਂਧਰਾ ਪ੍ਰਦੇਸ਼ ਦੇ ਪ੍ਰਮੁੱਖ ਅਖਬਾਰਾਂ ਨੇ ਵੀ ਇਸ ਮੁੱਦੇ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ।ਕਿੰਨੇ ਲੰਮੇ ਸਮੇਂ ਤੋਂ ਇਹ ਮਾਮਲਾ ਚੱਲ ਰਿਹਾ ਸੀ ਪਰ ਉੱਥੋਂ ਦੇ ਅਤੇ ਕੌਮੀ ਮੀਡੀਆ ਨੇ ਇਸ ਮਸਲੇ ‘ਤੇ ਕੋਈ ਗੌਰ ਨਹੀਂ ਕੀਤੀ।ਜਦਕਿ ਸੋਸ਼ਲ ਮੀਡੀਆ ਨੇ ਇਸ ਮੁੱਦੇ ਨੂੰ ਉਠਾਇਆ।ਜਦੋ ਇੱਕ ਦਲਿਤ ਵਿਦਿਆਰਥੀ ਨੇ ਮਜਬੂਰ ਹੋਕੇ ਖੁਦਕੁਸ਼ੀ ਕਰ ਲਈ ਤਾਂ ਮੀਡੀਆ ਜਾਗਿਆ ਉਹ ਵੀ ਉੱਥੇ ਗਏ ਨੇਤਾਵਾਂ ਦੀ ਕਵਰੇਜ ਕਰਨ ਲਈ।ਦਲਿਤਾਂ ਦੇ ਮੁੱਦੇ ਅੱਖੋਂ ਪਰੋਖੇ ਕੀਤੇ ਜਾਂਦੇ ਹਨ, ਜਿਸਦਾ ਕਾਰਨ ਮੀਡੀਆ ‘ਚ ਦਲਿਤਾਂ ਦੀ ਭਾਗੀਦਾਰੀ ਨਾਂ ਦੇ ਬਰਾਬਰ ਹੋਣਾ ਮੰਨਿਆ ਜਾ ਸਕਦਾ ਹੈ।ਮੀਡੀਆ ਸਿਰਫ ਉਦੋਂ ਹੀ ਹਰਕਤ ‘ਚ ਆਇਆ ਹੈ ਜਦ ਦਲਿਤ ਖੁਦਕੁਸ਼ੀਆਂ ਕਰਦੇ ਹਨ,ਉਨ੍ਹਾਂ ਦੇ ਘਰ ਜਲਾਏ ਜਾਂਦੇ ਹਨ ਜਾਂ ਦਲਿਤ ਔਰਤਾਂ ਦੁਰਾਚਾਰ ਦਾ ਸ਼ਿਕਾਰ ਹੁੰਦੀਆਂ ਹਨ।ਅਗਰ ਕਿਸੇ ਨੇ ਦਲਿਤਾਂ ਦੀ ਜ਼ਮੀਨੀ ਹਕੀਕਤ ਬਿਆਨਣ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਨੇ ਉਸਨੂੰ ਕਬੂਲਿਆ ਹੀ ਨਹੀਂ ਸਗੋਂ ਭੜਕਾਊ ਕਹਿ ਕੇ ਮਨ੍ਹਾਂ ਕਰ ਦਿੱਤਾ।

ਦਲਿਤ ਸਦਾ ਵਿਤਕਰੇ ਦਾ ਸ਼ਿਕਾਰ ਰਹੇ ਹਨ ਜੋ ਹਰ ਜਗ੍ਹਾ ਕੀਤਾ ਜਾਂਦਾ ਹੈ।ਸਾਰੀਆਂ ਨਾਮੀ ਵਿੱਦਿਅਕ ਸੰਸਥਾਵਾਂ ਵਿੱਚ ਅੱਜ ਵੀ ਵਿਤਕਰਾ ਮੌਜੂਦ ਹੈ।ਸੰਨ 2010 ਵਿੱਚ ਦਿੱਲੀ ਦੇ ਵਰਧਮਾਨ ਮੈਡੀਕਲ ਕਾਲਜ ‘ਚ 35 ਦਲਿਤ ਵਿਦਿਆਰਥੀਆਂ ਨੂੰ ਭੇਦਭਾਵ ਕਰਕੇ ਜਾਣਬੁੱਝ ਕੇ ਫੇਲ ਕੀਤਾ ਗਿਆ ਸੀ।ਸਿੱਖਿਆ ਦੇ ਖੇਤਰ ਖਾਸ ਕਰਕੇ ਉਚੇਰੀ ਸਿੱਖਿਆ ‘ਚ ਦਲਿਤਾਂ ਦੀ ਪਹੁੰਚ ਬਹੁਤ ਘੱਟ ਹੈ।ਪਿਛਲੇ ਪੰਜਾਹ ਸਾਲਾਂ ਦੌਰਾਨ ਕਿੱਤਾਮੁਖੀ ਸਿੱਖਿਆ ਵਿੱਚ ਦਲਿਤਾਂ ਦੀ ਸ਼ਮੂਲੀਅਤ ਨਾਂਮਾਤਰ ਰਹੀ ਹੈ।ਦਲਿਤਾਂ ਦੇ ਉੱਥਾਨ ਲਈ ਸੰਵਿਧਾਨ ‘ਚ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਜੋ ਇੱਕ ਸਾਰਥਿਕ ਕਦਮ ਸੀ ਪਰ ਅਜੇ ਵੀ ਇਸਦਾ ਫਾਇਦਾ ਇਸਦੇ ਸਹੀ ਹੱਕਦਾਰਾਂ ਤੱਕ ਨਹੀਂ ਅੱਪੜਿਆ ਜਦਕਿ ਅਯੋਗ ਲੋਕਾਂ ਨੇ ਹੀ ਇਸਦਾ ਲਾਹਾ ਲਿਆ ਹੈ।ਅਖੌਤੀ ਉੱਚ ਜਾਤੀ ਦੇ ਲੋਕ ਵੀ ਆਪਣੇ ਲਈ ਰਾਖਵੇਂਕਰਨ ਦੀ ਮੰਗ ਕਰਨ ਲੱਗ ਪਏ ਹਨ ਜੋ ਬੇਬੁਨਿਆਦ ਹੈ ਤੇ ਦਲਿਤਾਂ ਨੂੰ ਇਸ ਕਰਕੇ ਤ੍ਰਿਸਕਾਰਿਆ ਵੀ ਜਾ ਰਿਹਾ ਹੈ।ਕਾਨਵੈਂਟ ਸਕੂਲਾਂ ਕਾਲਜਾਂ ‘ਚ ਪੜਕੇ ਮਹਿੰਗੀਆਂ ਕਾਰਾਂ ‘ਤੇ ਚੜ ਕੇ ਇਹ ਬੇਸ਼ਰਮ ਲੋਕ ਆਪਣੇ ਲਈ ਰਾਖਵੇਂਕਰਨ ਦੀ ਮੰਗ ਕਰਦੇ ਹਨ।ਇਸਦਾ ਬਦਲ ਇਹ ਤਾਂ ਹੋ ਸਕਦਾ ਹੈ ਕਿ ਇਸਨੂੰ ਆਰਥਿਕ ਅਧਾਰ ਨਾਲ ਜੋੜਿਆ ਜਾਵੇ ਪਰ ਦਲਿਤਾਂ ਨੂੰ ਅੱਖੋਂ ਪਰੋਖੇ ਕਰਨਾ ਹਰਗਿਜ਼ ਜਾਇਜ਼ ਨਹੀਂ ਹੈ।

ਸਦੀਆਂ ਦੀ ਗੁਲਾਮੀ ਅਤੇ ਹੁਣ ਲੋਕਤੰਤਰ ‘ਚ ਸਮਾਨਤਾ ਦੇ ਅਧਾਰ ਦੀ ਗੱਲ ਕਰਕੇ ਇਨ੍ਹਾਂ ਦੇ ਇਸ ਹੱਕ ਤੋਂ ਵਾਂਝੇ ਕਰਨਾ ਕਿੰਨਾ ਕੁ ਜਾਇਜ਼ ਹੈ।ਇੱਕ ਵਾਰ ਇਨ੍ਹਾਂ ਨੂੰ ਸਮਾਜ ਆਪਣੇ ਬਰਾਬਰ ਆਉਣ ਦਾ ਮੌਕਾ ਤਾਂ ਦੇਵੇ ਫਿਰ ਇਹ ਖੁਦ ਵੀ ਰਾਖਵੇਂਕਰਨ ਤੋਂ ਇਨਕਾਰ ਕਰ ਦੇਣਗੇ,ਪਰ ਹੁਣ 90 ਫੀਸਦੀ ਦਲਿਤਾਂ ਨੂੰ ਇਸਦੀ ਜ਼ਰੂਰਤ ਹੈ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਪਿੰਡਾਂ ‘ਚ ਰਹਿਣ ਵਾਲੇ ਦਲਿਤ ਮਜ਼ਦੂਰਾਂ ਲਈ ਤਾਂ ਅਜੇ ਹੋਰ ਵੀ ਬਹੁਤ ਕਰਨ ਦੀ ਲੋੜ ਹੈ।ਘੱਟ ਗਿਣਤੀ ਮੰਤਰਾਲੇ ਦੀ ਸੰਨ 2014 ਦੀ ਇੱਕ ਰਿਪੋਰਟ ਅਨੁਸਾਰ 44.8 ਫੀਸਦੀ ਅਨੁਸੂਚਿਤ ਜਨਜਾਤੀ(ਐਸਟੀ) ਅਤੇ 33 ਫੀਸਦੀ ਅਨੁਸੂਚਿਤ ਜਾਤੀ(ਐਸ ਸੀ) ਦੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ।ਮੰਗਲੌਰ ਯੂਨੀਵਰਸਿਟੀ ਦੇ ਸੰਨ 2012 ਦੇ ਸਰਵੇਖਣ ਅਨੁਸਾਰ 93 ਫੀਸਦੀ ਦਲਿਤ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਹਨ।ਹੁਣ ਸੋਚਣ ਦੀ ਗੱਲ ਹੈ ਕਿ ਕਿਸ ਮੂੰਹ ਨਾਲ ਲੋਕ ਰਾਖਵਾਂਕਰਨ ਖਤਮ ਕਰਨ ਦੀ ਗੱਲ ਕਰ ਰਹੇ ਹਨ।

ਦਲਿਤਾਂ ‘ਤੇ ਹੁੰਦੇ ਅੱਤਿਆਚਾਰ ਵੀ ਕਿਸੇ ਤੋਂ ਲੁਕੇ ਨਹੀਂ ਹਨ ਜਿਸਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ।ਰਾਜਸਥਾਨ ‘ਚ ਇੱਕ ਦਲਿਤ ਅਫਸਰ ਨੂੰ ਬਰਾਤ ਸਮੇਂ ਅਖੌਤੀ ਉੱਚ ਜਾਤੀ ਦੇ ਲੋਕਾਂ ਨੇ ਘੋੜੀ ‘ਤੇ ਨਹੀਂ ਬੈਠਣ ਦਿੱਤਾ।ਅਬੋਹਰ ਕਾਂਡ ਦੀ ਘਿਨੌਣਤਾ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ।ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸੰਨ 2014 ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ ਦਲਿਤਾਂ ਦੇ ਖਿਲਾਫ 47064 ਅਪਰਾਧਿਕ ਘਟਨਾਵਾਂ ਹੋਈਆਂ।ਔਸਤਨ ਪ੍ਰਤੀ ਘੰਟੇ ‘ਚ ਪੰਜ ਦਲਿਤਾਂ ਦੇ ਖਿਲਾਫ ਅਪਰਾਧ ਹੋਏ, ਪ੍ਰਤੀ ਦਿਨ ਦੋ ਦਲਿਤਾਂ ਦੀ ਹੱਤਿਆ ਹੋਈਆਂ ਅਤੇ ਹਰ ਰੋਜ ਛੇ ਦਲਿਤ ਔਰਤਾਂ ਦੁਸ਼ਕਰਮ ਦੀਆਂ ਸ਼ਿਕਾਰ ਹੋਈਆਂ।ਸੰਨ 2004-13 ਤੱਕ ਦੇਸ਼ ‘ਚ 6490 ਦਲਿਤਾਂ ਦੀਆਂ ਹੱਤਿਆਵਾਂ ਹੋਈਆਂ ਅਤੇ 14253 ਦਲਿਤ ਔਰਤਾਂ ਨਾਲ ਦੁਸ਼ਕਰਮ ਹੋਇਆ।ਸਾਲ 2014 ਵਿੱਚ ਦਲਿਤਾਂ ਦੇ ਖਿਲਾਫ ਹੋਣ ਵਾਲੇ ਜੁਰਮਾਂ ‘ਚ ਪਿਛਲੇ ਸਾਲ ਦੇ ਮੁਕਾਬਲੇ 19 ਫੀਸਦੀ ਵਾਧਾ ਹੋਇਆ ਹੈ।

ਇਸ ਤੋਂ ਇਲਾਵਾ ਦੇਸ਼ ‘ਚ ਅਜੇ ਵੀ ਛੂਤਛਾਤ ਦਾ ਕੋਹੜ ਫੈਲਿਆ ਹੋਇਆ ਹੈ ਚਾਹੇ ਸੰਵਿਧਾਨ ‘ਚ ਇਸਨੂੰ ਖਤਮ ਕਰਨ ਲਈ ਕਨੂੰਨ ਮੌਜੂਦ ਹੈ।ਸੰਨ 2014 ਦੇ ਇੱਕ ਸਰਵੇਖਣ ਅਨੁਸਾਰ ਦੇਸ਼ ਦੀ 27 ਫੀਸਦੀ ਅਬਾਦੀ ਅਜੇ ਵੀ ਛੂਤਛਾਤ ਤੋਂ ਪੀੜਿਤ ਹੈ ਜਿਸ ਕਰਕੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ।ਪੂਰੇ ਦੇਸ਼ ਅੰਦਰ 52 ਫੀਸਦੀ ਲੋਕਾਂ ਦੁਆਰਾ ਛੂਤਛਾਤ ਕੀਤੀ ਜਾਂਦੀ ਹੈ।ਮੱਧ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ ਛੂਤਛਾਤ ਪਾਈ ਗਈ ਹੈ ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼,ਛੱਤੀਸਗੜ,ਰਾਜਸਥਾਨ,ਉੱਤਰ ਪ੍ਰਦੇਸ਼ ਆਦਿ ਰਾਜ ਆਉਦੇ ਹਨ।ਮੱਧ ਪ੍ਰਦੇਸ਼ ‘ਚ ਅਜੇ ਵੀ ਦਲਿਤਾਂ ਨੂੰ ਸਰਵਜਨਕ ਥਾਵਾਂ ‘ਤੇ ਭੋਜਨ ਪਾਣੀ ਨੂੰ ਛੂਹਣ ਦਾ ਹੱਕ ਨਹੀਂ ਹੈ ਅਤੇ 80 ਫੀਸਦੀ ਪਿੰਡਾਂ ‘ਚ ਅਜੇ ਵੀ ਅਛੂਤਾਂ ਨੂੰ ਮੰਦਰਾਂ ‘ਚ ਜਾਣ ਦੀ ਆਗਿਆ ਨਹੀਂ ਹੈ।ਸਾਡੇ ਦੇਸ਼ ਵਿੱਚ ਹਿੰਦਆਂ ਤੋਂ ਬਿਨਾਂ ਮੁਸਲਮਾਨਾਂ ‘ਚ 18 ਫੀਸਦੀ ਅਤੇ ਈਸਾਈਆਂ ‘ਚ 5 ਫੀਸਦੀ ਲੋਕ ਛੂਤਛਾਤ ਦੇ ਸ਼ਿਕਾਰ ਹਨ।ਸਭ ਤੋਂ ਆਧੁਨਿਕ ਧਰਮ ਕਹੇ ਜਾਣ ਵਾਲੇ ਸਿੱਖ ਧਰਮ ਜਿਸਨੇ ਜਾਤਪਾਤ ਨੂੰ ਮੁੱਢੋ ਹੀ ਖਾਰਿਜ਼ ਕੀਤਾ ਹੈ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਸਭ ਸਿੱਖਾਂ ਨੂੰ ਬਰਾਬਰ ਕੀਤਾ ਸੀ ਉਸ ਵਿੱਚ ਵੀ ਜਾਤਪਾਤ,ਛੂਆਛੂਤ ਜ਼ੋਰਾਂ ‘ਤੇ ਹੈ।ਇਸ ਵਿੱਚ 23 ਫੀਸਦੀ ਲੋਕ ਛੂਤਛਾਤ ਦੇ ਸ਼ਿਕਾਰ ਹਨ ਜੋ ਸਭ ਤੋਂ ਸ਼ਰਮਨਾਕ ਹੈ।

ਇਨ੍ਹਾਂ ਤੱਥਾਂ ਦੀ ਮੌਜੂਦਗੀ ਦਲਿਤਾਂ ਦੀ ਸਮਾਜ ‘ਚ ਚਿੰਤਾਜਨਕ ਹਾਲਤ ਨੂੰ ਚੀਕ ਚੀਕ ਕੇ ਬਿਆਨ ਕਰਦੀ ਹੈ।ਕੋਈ ਵੀ ਇਨ੍ਹਾਂ ਦੀ ਬਾਂਹ ਫੜਨ ਵਾਲਾ ਨਜ਼ਰ ਨਹੀਂ ਆਉਦਾ।ਇਨ੍ਹਾਂ ਦੇ ਆਪਣੇ ਤਰੱਕੀ ਪ੍ਰਾਪਤ ਲੋਕ ਇਨ੍ਹਾਂ ਨੂੰ ਅਣਗੌਲਿਆ ਕਰ ਰਹੇ ਹਨ ਤੇ ਆਪਣੇ ਸੌੜੇ ਹਿਤਾਂ ਖਾਤਿਰ ਇਨ੍ਹਾਂ ਦੀਆਂ ਭਾਵਨਾਵਾਂ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ।ਉਨ੍ਹਾਂ ਲਈ ਇਹ ਦਲਿਤ ਅਬਾਦੀ ਵੋਟਾਂ ਪਾਉਣ ਵਾਲੀਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਤੋਂ ਜ਼ਿਆਦਾ ਕੁਝ ਵੀ ਨਹੀਂ ਹਨ।ਹੋਰਾਂ ਤੋਂ ਫਿਰ ਕੀ ਉਮੀਦ ਹੈ ਜਦ ਆਪਣੇ ਹੀ ਇਨ੍ਹਾਂ ਗੱਲਾਂ ‘ਤੇ ਉਤਰ ਆਏ ਹਨ।ਅੱਜ ਦਲਿਤਾਂ ਨੂੰ ਡਾ. ਅੰਬੇਦਕਰ ਜਿਹੇ ਦੂਰਦਰਸ਼ੀ ਨੇਤਾ ਦੀ ਲੋੜ ਹੈ ਜੋ ਇਨ੍ਹਾਂ ਨੂੰ ਇੱਕ ਸੂਤਰ ‘ਚ ਪਰੋ ਕੇ ਆਪਣੇ ਹੱਕਾਂ ਲਈ ਲਾਮਬੰਦ ਕਰ ਸਕੇ ਅਤੇ ਹੁੰਦੇ ਸ਼ੋਸ਼ਣ ਖਿਲਾਫ ਡਟਣ ਦੀ ਹਿੰਮਤ ਪ੍ਰਦਾਨ ਕਰ ਸਕੇ।ਇਨਕਲਾਬ ਦੀ ਪਹਿਲ ਦੁਬਲੇ ਕੁਚਲੇ ਲੋਕਾਂ ਨੇ ਹੀ ਕੀਤੀ ਹੈ ਜੋ ਅੱਜ ਵੀ ਅਹਿਮ ਲੋੜ ਹੈ।ਸਰਕਾਰਾਂ ਦੇ ਨਾਲ ਸਮਾਜ ਵੀ ਦੋਗਲੀ ਨੀਤੀ ਛੱਡ ਕੇ ਇਨ੍ਹਾਂ ਵੱਲ ਮਦਦ ਵਾਲਾ ਹੱਥ ਵਧਾਵੇ।ਦਲਿਤਾਂ ਦੀਆਂ ਸਹੂਲਤਾਂ ਗਲਤ ਲੋਕਾਂ ਨੂੰ ਨਾ ਜਾਣ ਅਤੇ ਇਸਦੇ ਹੱਕਦਾਰਾਂ ਤੱਕ ਪਹੁੰਚਣ ਇਸ ਲਈ ਠੋਸ ਰਣਨੀਤੀ ਦੀ ਲੋੜ ਹੈ।ਜਨਰਲ ਵਰਗ ਨੂੰ ਇਨ੍ਹਾਂ ਪ੍ਰਤੀ ਸਾਰਥਿਕ ਸੋਚ ਅਪਣਾਉਣੀ ਚਾਹੀਦੀ ਹੈ।ਜਾਤ ਧਰਮ ਤੋਂ ਉੱਪਰ ਉੱਠ ਕੇ ਮਾਨਵਤਾ ਧਰਮ ਹਿਤ ਦਲਿਤਾਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।


ਸੰਪਰਕ: +91 94641 72783
** ਲੇਖਕ ਮੈਡੀਕਲ ਵਿਦਿਆਰਥੀ ਹਨ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ