Sun, 18 February 2018
Your Visitor Number :-   1142586
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਨੋਟਬੰਦੀ ਦੀ ਮਾਰ ਦਾ ਪਹਿਲਾ ਵਰ੍ਹਾ - ਗੋਬਿੰਦਰ ਸਿੰਘ ਢੀਂਡਸਾ

Posted on:- 09-11-2017

suhisaver

ਪਿਛਲੇ ਸਾਲ 2016 ਵਿੱਚ, 8 ਨਵੰਬਰ ਦੀ ਰਾਤ ਅੱਠ ਵਜੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ ਨੋਟਬੰਦੀ ਦਾ ਐਲਾਨ ਕੀਤਾ ਕਿ ਅੱਜ ਅੱਧੀ ਰਾਤ ਤੋਂ ਮੌਜੂਦਾ ਸਿਸਟਮ ਵਿੱਚ ਚੱਲ ਰਹੇ 500 ਅਤੇ 1000 ਰੁਪਏ ਦੇ ਨੋਟ ਕਾਨੂੰਨੀ ਤੌਰ ’ਤੇ ਚੱਲਣ ਤੋਂ ਬਾਹਰ ਹੋ ਜਾਣਗੇ, ਭਾਵ ਰੱਦ ਹੋ ਜਾਣਗੇ। ਉਹਨਾਂ ਸੰਬੋਧਨ ਕਰਦੇ ਹੋਏ ਨੋਟਬੰਦੀ ਦੇ ਫੈਸਲੇ ਪਿੱਛੇ ਤਿੰਨ ਪ੍ਰਮੁੱਖ ਕਾਰਨ ਦੱਸਿਆ ਸੀ - (1) ਕਾਲੇ ਧਨ ਨੂੰ ਸਮਾਪਤ ਕਰਨਾ, (2) ਜਾਅਲੀ ਨੋਟਾਂ ਦੀ ਸਮੱਸਿਆ ਨੂੰ ਹੱਲ ਕਰਨਾ ਅਤੇ (3) ਆਤੰਕਵਾਦ ਦੇ ਆਰਥਿਕ ਸ੍ਰੋਤਾਂ ਨੂੰ ਬੰਦ ਕਰਨਾ। ਪੁਰਾਣੇ ਨੋਟਾਂ ਦੀ ਥਾਂ ਨਵਾਂ 500 ਅਤੇ 2000 ਰੁਪਏ ਦਾ ਨੋਟ ਜਾਰੀ ਕੀਤਾ ਗਿਆ ਅਤੇ 1000 ਰੁਪਏ ਦੇ ਨਵੇਂ ਨੋਟ ਦੀ ਬਾਜ਼ਾਰ ਵਿੱਚ ਵਾਪਸੀ ਨਹੀਂ ਹੋ ਪਾਈ। ਹੁਣ 200 ਰੁਪਏ ਦਾ ਨਵਾਂ ਨੋਟ ਵੀ ਜਾਰੀ ਕੀਤਾ ਗਿਆ ਹੈ ਅਤੇ ਪੁਰਾਣੇ 50 ਰੁਪਏ ਦੀ ਵੈਧਤਾ ਦੇ ਨਾਲ ਹੀ 50 ਰੁਪਏ ਦਾ ਨਵੇਂ ਡਿਜ਼ਾਇਨ ਦਾ ਨੋਟ ਵੀ ਬਾਜ਼ਾਰ ਵਿੱਚ ਆਇਆ ਹੈ। ਜਿੱਥੇ 8 ਨਵੰਬਰ ਨੂੰ ਕੇਂਦਰ ਸਰਕਾਰ ਨੇ ਕਾਲਾ ਧਨ ਵਿਰੋਧੀ ਦਿਵਸ ਮਨਾਇਆ ਹੈ ਉੱਥੇ ਹੀ ਵਿਰੋਧੀ ਧਿਰ ਵੱਲੋਂ 8 ਨਵੰਬਰ ਨੂੰ ਕਾਲਾ ਦਿਵਸ ਜਾਂ ਵਿਰੋਧ ਦਿਵਸ ਦੇ ਤੌਰ ਤੇ ਮਨਾ ਕੇ ਨੋਟਬੰਦੀ ਪ੍ਰਤੀ ਆਪਣਾ ਵਿਰੋਧ ਪ੍ਰਗਟ ਕੀਤਾ ਹੈ।

ਜੇਕਰ ਪ੍ਰਧਾਨ ਮੰਤਰੀ ਵੱਲੋਂ ਨੋਟਬੰਦੀ ਪਿੱਛੇ 8 ਨਵੰਬਰ ਦੇ ਭਾਸ਼ਣ ਵਿੱਚ ਦਿੱਤੇ ਤਰਕਾਂ ਦੀ ਜ਼ਮੀਨੀ ਹਕੀਕਤ ਨੂੰ ਘੋਖਿਆ ਜਾਂਦਾ ਹੈ ਤਾਂ ਸੰਬੰਧਤ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਨੋਟਬੰਦੀ ਦਾ ਨਤੀਜਾ ਜ਼ੀਰੋ ਹੀ ਰਿਹਾ ਹੈ ਅਤੇ ਨੋਟਬੰਦੀ ਦਾ ਫੈਸਲਾ ਮੂਧੇ ਮੂੰਹ ਗਿਰਿਆ ਹੈ ਜਿਸਦੀ ਵੱਖੋ ਵੱਖਰੇ ਵਿਦਵਾਨਾਂ ਵੱਲੋਂ ਪਹਿਲਾਂ ਹੀ ਸ਼ੰਕਾ ਜ਼ਾਹਰ ਕਰ ਦਿੱਤੀ ਗਈ ਸੀ।

ਨੋਟਬੰਦੀ ਨੇ ਦੇਸ਼ ਨੂੰ ਅਜਿਹੀ ਬ੍ਰੇਕ ਮਾਰੀ ਹੈ ਕਿ ਦੇਸ਼  ਅਜੇ ਤੱਕ ਉਭਰ ਨਹੀਂ ਸਕਿਆ। ਨੋਟਬੰਦੀ ਨੇ ਅਰਥ ਵਿਵਸਥਾ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਅਜਿਹਾ ਡਾਢਾ ਨੁਕਸਾਨ ਕੀਤਾ ਹੈ ਜੋ ਕਿ ਸਮਾਂ ਬੀਤਣ ਦੇ ਨਾਲ ਨਾਲ ਸਾਹਮਣੇ ਆਉਂਦਾ ਰਹੇਗਾ। ਪ੍ਰਸਿੱਧ ਅਰਥ ਸ਼ਾਸਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਤਾਂ ਕੇਂਦਰ ਸਰਕਾਰ ਵੱਲੋਂ ਚੁੱਕੇ ਕਦਮ ਨੋਟਬੰਦੀ ਨੂੰ "ਸੰਗਠਿਤ ਲੁੱਟ ਅਤੇ ਕਾਨੂੰਨੀ ਢਾਕੇ" ਦਾ ਸਿਰਲੇਖ ਦਿੱਤਾ ਹੈ।

ਨੋਟਬੰਦੀ ਤੋਂ ਬਾਅਦ ਇੱਕ ਦਮ ਹੀ ਦੇਸ਼ ਵਿੱਚ ਉੱਥਲ ਮੱਚ ਗਈ। ਸਾਰਾ ਦੇਸ਼ ਹੀ ਬੈਂਕਾਂ, ਏ.ਟੀ.ਐੱਮ. ਦੀਆਂ ਲਾਇਨਾਂ ਵਿੱਚ ਨੋਟ ਜਮ੍ਹਾਂ ਜਾਂ ਬਦਲਾਉਣ ਲਈ ਲੱਗ ਗਿਆ। ਆਮ ਲੋਕ ਹਾਲੋ ਬੇਹਾਲ ਹੋ ਗਏ, ਨੋਟਬੰਦੀ ਦੌਰਾਨ ਨੋਟ ਬਦਲਣ ਦੇ ਚੱਕਰ ਵਿੱਚ 100 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ। ਬੈਂਕਾਂ ਦੇ ਬਾਹਰ "ਕੈਸ਼ ਖਤਮ ਹੈ" ਦੀਆਂ ਤੱਖਤੀਆਂ ਆਮ ਵੇਖਣ ਨੂੰ ਮਿਲ ਰਹੀਆਂ ਸੀ ਜੋ ਕਿ ਕੇਂਦਰ ਸਰਕਾਰ ਦੇ ਫੈਸਲੇ ਤੇ ਸਿੱਧਾ ਸਵਾਲ ਸੀ ਕਿ ਜੇ ਇਹ ਫੈਸਲਾ ਲੈਣਾ ਹੀ ਸੀ ਤਾਂ ਉਨ੍ਹਾਂ ਕਿੰਨੀ ਤਿਆਰੀ ਦੇ ਨਾਲ ਇਹ ਫੈਸਲਾ ਲਿਆ? ਵਿਆਹਾਂ ਦਾ ਸੀਜ਼ਨ ਸੀ, ਕਿਸਾਨ ਫਸਲ ਵੇਚ ਕੇ ਹਟੇ ਸੀ, ਹਰ ਆਮ ਬੰਦੇ ਦਾ ਭਰੋਸਾ ਬੈਂਕ ਸਿਸਟਮ ਤੋਂ ਉੱਠ ਚੱਲਿਆ ਸੀ, ਲੋਕ ਆਪਣੇ ਪੈਸੇ ਲਈ ਆਪ ਤਰਸ ਰਹੇ ਸੀ। ਸਰਕਾਰ ਆਪਣੇ ਹੀ ਨਿਯਮਾਂ ਵਿੱਚ ਨਿਰੰਤਰ ਬਦਲਾਅ ਕਰ ਰਹੀ ਸੀ, ਨਿੱਤ ਨਵੇਂ ਨਿਯਮ ਲਾਗੂ ਕਰ ਰਹੀ ਸੀ ਜੋ ਕਿ ਉਹਨਾਂ ਦੀ ਅਪਰਪੱਕਤਾ ਦਾ ਸਿੱਟਾ ਸੀ ਅਤੇ ਜਿਸਦਾ ਖਾਮਿਆਜਾ ਦੇਸ਼ ਅਤੇ ਆਮ ਲੋਕਾਂ ਨੂੰ ਭੁਗਤਣਾ ਪਿਆ। ਅਖਬਾਰਾਂ, ਚੈੱਨਲਾਂ ਦੀ ਖਬਰਾਂ ਸਾਰੇ ਦੇਸ਼ ਵਿੱਚ ਨੋਟਬੰਦੀ ਦੌਰਾਨ ਚੱਲੇ ਕਾਲੇ ਧਨ ਨੂੰ ਚਿੱਟਾ ਧਨ ਕਰਨ ਦੇ ਕਾਰੋਬਾਰ, ਨਵੀਂ ਜਾਲੀ ਕਰੰਸੀ ਫੜਨ, ਆਮ ਕਾਰੋਬਾਰ ਠੱਪ ਹੋਣ ਅਤੇ ਜ਼ਮੀਨੀ ਪੱਧਰ ਤੇ ਮੱਚੀ ਹਾਹਾ ਕਾਰ ਨੂੰ ਤਸਦੀਕ ਕਰਦੀਆਂ ਹਨ।

ਨੋਟਬੰਦੀ ਨੇ ਬੇਰੁਜ਼ਗਾਰੀ ਵਿੱਚ ਵਾਧਾ, ਕਿਸਾਨਾਂ,ਛੋਟੇ ਕਾਰੋਬਾਰੀਆਂ ਜਾਂ ਵਪਾਰੀਆਂ, ਦੁਕਾਨਦਾਰਾਂ, ਮਜ਼ਦੂਰਾਂ ਅਤੇ ਰਿਅਲ ਸਟੇਟ ਕਾਰੋਬਾਰ ਦੀ ਅਜਿਹੀ ਕਮਰ ਤੋੜੀ ਹੈ ਕਿ ਜੋ ਜਲਦੀ ਪੱਟੜੀ ਤੇ ਨਹੀਂ ਆ ਸਕਦੀ। ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਸਾਲ ਜਨਵਰੀ ਤੋਂ ਅਪ੍ਰੈਲ ਵਿੱਚ ਪੰਦਰਾਂ ਲੱਖ ਨੌਕਰੀਆਂ ਘਟੀਆਂ ਹਨ। ਸੈਂਟਰ ਫਾਰ ਮੋਨਿਟਰਿੰਗ ਇੰਡੀਅਨ ਇਕਾਨਮੀ (ਸੀ.ਐੱਮ.ਆਈ.ਈ.) ਦੇ ਨਵੇਂ ਅੰਕੜਿਆਂ ਮੁਤਾਬਿਕ ਦੇਸ ਦੀਆਂ ਮੁੱਖ ਸੂਚੀਵੱਧ ਕੰਪਨੀਆਂ ਵਿੱਚ ਸਾਲ 2016-17 ਵਿੱਚ ਬੀਤੇ ਸਾਲ ਦੇ ਮੁਕਾਬਲੇ ਰੋਜ਼ਗਾਰ ਘੱਟਿਆ ਹੈ। ਭਾਰਤੀ ਰਿਜ਼ਰਵ ਬੈਂਕ ਤਾਂ ਪਹਿਲਾਂ ਨੋਟਾਂ ਦੀ ਗਿਣਤੀ ਦੱਸਣ ਵਿੱਚ ਆਨੇ ਬਹਾਨੇ ਲਾਉਂਦੀ ਰਹੀ, ਪਰੰਤੂ ਅਖੀਰ ਸਾਫ ਹੋ ਗਿਆ ਕਿ 500 ਅਤੇ 1000 ਰੁਪਏ ਦੇ ਬੰਦ ਕੀਤੇ ਗਏ ਨੋਟਾਂ ਵਿੱਚੋਂ ਬਹੁਤਾ ਹਿੱਸਾ ਬੈਂਕਿੰਗ ਸਿਸਟਮ ਵਿੱਚ ਵਾਪਿਸ ਆ ਗਿਆ। ਨੋਟਬੰਦੀ ਤੋਂ ਵਿਕਾਸ ਦੀ ਗਤੀ ਦੇ ਦਾਅਵੇ ਤਾਂ ਦੂਰ ਦੀ ਗੱਲ ਸਗੋਂ ਭਾਰਤੀ ਰਿਜ਼ਰਵ ਬੈਂਕ ਨੂੰ ਹਾਜ਼ਾਰਾਂ ਕਰੋੜ ਦਾ ਚੂਨਾ ਲੱਗਿਆ, ਜੋ 3 ਤੋਂ 4.5 ਲੱਖ ਕਰੋੜ ਰੁਪਏ ਦੇ ਵਿੰਡਫਾਲ ਗੇਨ ਦੀ ਆਸ ਲਗਾਈ ਬੈਠਾ ਸੀ।

ਨੋਟਬੰਦੀ ਦੇ ਫੈਸਲੇ ਸੰਬੰਧੀ ਕੇਂਦਰ ਸਰਕਾਰ ਦੀ ਅਪਰਪੱਕਤਾ ਨੂੰ ਤਾਂ ਲੋਕ ਭੁਗਤ ਹੀ ਰਹੇ ਹਨ, ਸਗੋਂ ਹੁਣ ਡਿਜੀਟਲ ਲੈਣ ਦੇਣ ਨੂੰ ਵੜਾਵਾ ਦੇਣ ਲਈ ਜੋ ਵਿਵਸਥਾ ਜਾਂ ਬੈਂਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾ ਰਹੇ ਹਨ, ਉਹ ਵੀ ਆਮ ਭਾਰਤਵਾਸੀਆਂ ਲਈ ਕਦੇ ਵੀ ਸੁਖਮਈ ਨਹੀਂ ਕਹੇ ਜਾ ਸਕਦੇ ਕਿਉਂਕਿ ਭਾਰਤੀ ਅਰਥ ਵਿਵਸਥਾ ਕੈਸ਼ ਅਧਾਰਤ ਹੈ।ਤਾਜ਼ਾਂ ਘਟਨਾਕ੍ਰਮ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਜੀ.ਐੱਸ.ਟੀ. ਸਿਸਟਮ, ਇਸਦੀਆਂ ਸਲੈਬਾਂ ਲੋਕ ਹਿੱਤ ਹੋਣ ਦੀ ਬਜਾਏ ਲੋਕਾਂ ਲਈ ਉਲਝਣ ਅਤੇ ਆਰਥਿਕ ਲੁੱਟ ਦੀ ਪਰਿਭਾਸ਼ਾ ਉਲੀਕ ਰਹੀਆਂ ਹਨ।

ਸਰਕਾਰਾਂ ਨੂੰ ਕੋਈ ਵੀ ਫੈਸਲਾ ਲਾਗੂ ਕਰਨ ਤੋਂ ਪਹਿਲਾਂ ਇਤਿਹਾਸ ਤੋਂ ਜ਼ਰੂਰ ਸਿੱਖਣਾ ਚਾਹੀਦਾ ਹੈ ਕਿਉਂਕਿ ਇਤਿਹਾਸ ਦੀ ਸਮਝ ਸਾਨੂੰ ਆਪ ਠੋਕਰ ਖਾਣ ਤੋਂ ਬਚਾ ਸਕਦੀ ਹੈ ਅਤੇ ਸਭ ਕੁਝ ਜਾਣਦੇ ਹੋਏ ਠੋਕਰ ਖਾਣਾ ਭਾਵ ਗਲਤ ਫੈਸਲੇ, ਅਧੂਰੀ ਤਿਆਰੀ ਨਾਲ ਫੈਸਲੇ ਆਦਿ ਕਦੇ ਵੀ ਸਹੀ ਸਿੱਟੇ ਨਹੀਂ ਦੇ ਸਕਦੇ।

ਸੰਪਰਕ: +91 92560 66000

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ