Tue, 28 May 2024
Your Visitor Number :-   7069472
SuhisaverSuhisaver Suhisaver

ਔਰਤਾਂ ਤੇ ਜ਼ੁਲਮਾਂ ਦੀ ਦਾਸਤਾਨ -ਹਰਚਰਨ ਸਿੰਘ ਪਰਹਾਰ

Posted on:- 23-02-2020

ਕੁਦਰਤ ਦੇ ਨਿਯਮਾਂ ਅਨੁਸਾਰ ਵੱਡਾ, ਛੋਟੇ ਨੂੰ ਖਾ ਰਿਹਾ ਹੈ ਅਤੇ ਤਕੜਾ, ਮਾੜੇ ਨੂੰ ਦਬਾ ਰਿਹਾ ਹੈ। ਇਸ ਜੀਵਨ ਚੱਕਰ ਵਿੱਚ ਬਨਸਪਤੀ ਤੋਂ ਲੈ ਕੇ ਜੀਵ-ਜੰਤੂਆਂ, ਪਸ਼ੂਆਂ-ਪੰਛੀਆਂ ਤੇ ਮਨੁੱਖਾਂ ਆਦਿ ਹਰ ਇੱਕ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਜਿਹੜਾ ਇਸ ਸੰਘਰਸ਼ ਵਿੱਚ ਹਾਰ ਜਾਂਦਾ ਹੈ, ਉਹ ਜ਼ਿਆਦਾ ਚਿਰ ਜ਼ਿੰਦਾ ਨਹੀਂ ਰਹਿ ਸਕਦਾ। ਜਿਥੇ ਇਹ ਨਿਯਮ ਵਿਅਕਤੀਗਤ ਤੇ ਲਾਗੂ ਹੁੰਦਾ ਹੈ, ਉਥੇ ਇਹ ਦੇਸ਼ਾਂ, ਕੌਮਾਂ, ਵਰਗਾਂ, ਜਾਤੀਆਂ ਆਦਿ ਸਭ ਤੇ ਲਾਗੂ ਹੁੰਦਾ ਹੈ। ਜਦੋਂ ਅਸੀਂ ਮਨੁੱਖਤਾ ਦੇ ਪੱਖ ਤੋਂ ਦੇਖਦੇ ਹਾਂ ਤਾਂ ਕੁਦਰਤ ਦੇ ਇਸ ਵਰਤਾਰੇ ਵਿੱਚ ਆਮ ਤੌਰ ਤੇ ਮਰਦ ਸਰੀਰਕ ਤੌਰ ਤੇ ਔਰਤ ਤੋਂ ਤਾਕਤਵਰ ਹੈ। ਕੁਦਰਤ ਵਲੋਂ ਹੀ ਔਰਤ ਦਾ ਸਰੀਰ ਮਰਦ ਦੇ ਮੁਕਾਬਲੇ ਕੋਮਲ ਹੈ।

ਮਨੁੱਖੀ ਇਤਿਹਾਸ ਵਿੱਚ ਮਨੁੱਖ ਨੇ ਜਦੋਂ ਤੋਂ ਸਮਾਜਿਕ ਪ੍ਰਾਣੀ ਦੇ ਤੌਰ ਤੇ ਵਿਚਰਨਾ ਸ਼ੁਰੂ ਕੀਤਾ, ਉਦੋਂ ਤੋਂ ਹੀ ਉਸਦਾ ਨਾ ਸਿਰਫ ਹੋਰ ਜੀਵ-ਜੰਤੂਆਂ, ਪਸ਼ੂਆਂ-ਪੰਛੀਆਂ ਤੇ ਹੀ ਆਪਣੀ ਤਾਕਤ ਜਾਂ ਅਕਲ ਨਾਲ ਕੰਟਰੋਲ ਕਰਨਾ ਜਾਰੀ ਹੈ, ਸਗੋਂ ਉਸਨੇ ਸਮੂਹਿਕ ਤੌਰ ਤੇ ਆਪਣੀ ਹੀ ਜਾਤ ਦੇ ਦੂਜੇ ਪ੍ਰਾਣੀ ਔਰਤ ਨੂੰ ਵੀ ਆਪਣੇ ਅਧੀਨ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸਦੇ ਨਾਲ-ਨਾਲ ਮਨੁੱਖ ਆਪਣੀ ਤਾਕਤ ਤੇ ਕਬਜ਼ੇ ਦੀ ਭੁੱਖ ਕਰਕੇ ਦੂਜੇ ਕਬੀਲਿਆਂ, ਫਿਰਕਿਆਂ, ਜਾਤੀਆਂ, ਕੌਮਾਂ, ਧਰਮਾਂ, ਦੇਸ਼ਾਂ ਆਦਿ ਨੂੰ ਵੀ ਗੁਲਾਮ ਬਣਾਉਂਦਾ ਰਿਹਾ ਹੈ ਤੇ ਅੱਜ ਵੀ ਬਣਾ ਰਿਹਾ ਹੈ।

ਮਨੁੱਖੀ ਇਤਿਹਾਸ ਵਿੱਚ ਅਨੇਕਾਂ ਕਾਲੇ ਦੌਰ ਆਏ ਹਨ, ਜਦੋਂ ਮਨੁੱਖ ਨੇ ਤਾਕਤ ਦੇ ਨਸ਼ੇ ਵਿੱਚ ਅਨੇਕਾਂ ਮਨੁੱਖਤਾ ਵਿਰੋਧੀ ਗੁਨਾਹ ਕੀਤੇ ਹਨ। ਔਰਤ, ਮਨੁੱਖੀ ਇਤਿਹਾਸ ਵਿੱਚ ਬੇਸ਼ਕ ਸਰੀਰਕ ਤੌਰ ਤੇ ਤਾਂ ਆਪਣੀ ਹੋਂਦ ਬਚਾ ਕੇ ਰੱਖ ਸਕੀ, ਸ਼ਾਇਦ ਉਹ ਵੀ ਮਰਦ ਦੀ ਲੋੜ ਕਾਰਨ ਹੀ ਬਚ ਸਕੀ, ਪਰ ਆਪਣੀ ਆਜ਼ਾਦ ਹਸਤੀ ਕਾਇਮ ਰੱਖਣ ਵਿੱਚ ਬਹੁਤੀ ਵਾਰ ਨਾਕਾਮ ਹੀ ਰਹੀ। ਸਭ ਕਿਸਮ ਦੀਆਂ ਘਾਟਾਂ, ਕਮਜ਼ੋਰੀਆਂ ਦੇ ਬਾਵਜੂਦ ਵੀ ਔਰਤ ਸਮਾਜ ਵਿੱਚ ਮਨੁੱਖ ਦੇ ਬਰਾਬਰ ਆਉਣ ਜਾਂ ਆਪਣੀ ਵੱਖਰੀ ਪਹਿਚਾਣ ਬਣਾ ਕੇ ਰੱਖਣ ਲਈ ਸੰਘਰਸ਼ ਕਰਦੀ ਰਹੀ ਹੈ ਤੇ ਇਹ ਸੰਘਰਸ਼ ਅੱਜ ਵੀ ਜਾਰੀ ਹੈ।

ਇਸ ਲੇਖ ਵਿੱਚ ਅਸੀਂ ਮਨੁੱਖੀ ਇਤਿਹਾਸ ਦੇ ਉਹ ਵਰਕੇ ਫਰੋਲਣ ਦੀ ਕੋਸ਼ਿਸ਼ ਕਰਾਂਗੇ, ਜਿਨ੍ਹਾਂ ਵਿੱਚ ਔਰਤ ਦੀ ਹੋਂਦ ਜਾਂ ਹਸਤੀ ਨੂੰ ਮਿਟਾਉਣ ਲਈ ਮਰਦ ਪ੍ਰਧਾਨ ਸਮਾਜ ਵਲੋਂ ਅਨੇਕਾਂ ਤਰ੍ਹਾਂ ਦੇ ਅਣ ਮਨੁੱਖੀ ਕਹਿਰ ਢਾਏ ਗਏ। ਔਰਤਾਂ ਤੇ ਅੱਤਿਆਚਾਰਾਂ ਦੀ ਨਾ ਸਿਰਫ ਲਿਸਟ ਲੰਬੀ ਹੈ, ਸਗੋਂ ਮਨੁੱਖੀ ਇਤਿਹਾਸ ਅਜਿਹੇ ਕਾਲੇ ਦੌਰਾਂ ਨਾਲ ਭਰਿਆ ਪਿਆ ਹੈ। ਇਸ ਪੱਖ ਤੋਂ ਕਿਸੇ ਵੀ ਕੌਮ, ਦੇਸ਼, ਧਰਮ, ਕਬੀਲੇ, ਜਾਤੀ ਆਦਿ ਨੂੰ ਬਖਸ਼ਿਆ ਨਹੀਂ ਜਾ ਸਕਦਾ। ਇਥੋਂ ਤੱਕ ਕਿ ਧਰਮ, ਸਮਾਜ, ਕੁੱਲ, ਕੌਮ ਆਦਿ ਦੇ ਗੌਰਵ ਜਾਂ ਅਨੇਕਾਂ ਤਰ੍ਹਾਂ ਦੀਆਂ ਰੀਤਾਂ-ਰਸਮਾਂ ਦੇ ਨਾਮ ਤੇ ਔਰਤ ਤੇ ਜ਼ੁਲਮ ਹੁੰਦੇ ਰਹੇ ਹਨ। ਆਓ ਇਨ੍ਹਾਂ ਜ਼ੁਲਮਾਂ ਦੀ ਦਾਸਤਨ ਇਤਿਹਾਸ ਦੇ ਪੰਨਿਆਂ ਤੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ।

ਔਰਤ ਜਾਇਦਾਦ: ਦੁਨੀਆਂ ਭਰ ਦੇ ਵੱਖ-ਵੱਖ ਕਬੀਲਿਆਂ, ਜਾਤੀਆਂ, ਧਰਮਾਂ, ਸਮਾਜਾਂ ਵਿੱਚ ਔਰਤ ਨੂੰ ਮਨੁੱਖ ਦੇ ਬਰਾਬਰ ਦੀ ਇੱਕ ਪ੍ਰਾਣੀ ਦੀ ਥਾਂ ਵਸਤੂ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ ਤੇ ਕਈ ਸਮਾਜਾਂ ਵਿੱਚ ਅੱਜ ਵੀ ਇਹ ਪ੍ਰਥਾ ਲੁਕਵੇਂ ਰੂਪ ਵਿੱਚ ਪ੍ਰਚਲਤ ਹੈ। ਔਰਤ ਦੀ ਸਖਸ਼ੀਅਤ ਨੂੰ ਅਜੇ ਤੱਕ ਕਿਸੇ ਵੀ ਸਮਾਜ, ਕੌਮ, ਧਰਮ ਵਲੋਂ ਸੰਪੂਰਨ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਤੇ ਨਾ ਹੀ ਬਰਾਬਰ ਦੀ ਮਾਨਤਾ ਦਿੱਤੀ ਹੈ। ਔਰਤ ਹਰ ਸਮਾਜ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮਰਦ ਦੀ ਗੁਲਾਮ ਨਹੀਂ ਤਾਂ ਨਿਰਭਰ ਜਰੂਰ ਹੈ। ਜੇ ਅੱਜ ਦੇ ਅਗਾਂਹਵਧੂ ਜਾਂ ਵਿਕਸਤ ਪੱਛਮੀ ਸਮਾਜ ਵਿੱਚ ਕੁੱਝ ਮਾਨਤਾ ਹੈ ਤਾਂ ਉਹ ਭੋਗ ਜਾਂ ਨੁਮਾਇਸ਼ ਦੀ ਵਸਤੂ ਤੋਂ ਜ਼ਿਆਦਾ ਨਹੀਂ। ਅੱਜ ਔਰਤ ਨੂੰ ਪੁਰਾਣੇ ਜਮਾਨੇ ਵਾਂਗ ਸਿੱਧੇ ਰੂਪ ਵਿੱਚ ਗੁਲਾਮ ਬਣਾ ਕੇ ਰੱਖਣ, ਖਰੀਦਣ, ਵੇਚਣ ਦੀ ਥਾਂ, ਕਿਤੇ ਕੱਪੜਿਆਂ ਵਿੱਚ ਲਪੇਟ ਕੇ ਰੱਖਣ ਵਾਲੀ, ਕਿਤੇ ਕੱਪੜਿਉਂ ਬਾਹਰ ਕਰਕੇ ਦਿਖਾਵੇ, ਭੋਗ ਤੇ ਮਨ ਪ੍ਰਚਾਵੇ ਦੀ ਵਸਤੂ ਬਣਾ ਕੇ ਵਰਤਿਆ ਜਾਂਦਾ ਹੈ। ਵੱਖ-ਵੱਖ ਸਮਿਆਂ ਵਿੱਚ ਔਰਤ ਨੂੰ ਮੁੱਲ ਖਰੀਦਿਆ ਤੇ ਵੇਚਿਆ ਜਾ ਸਕਦਾ ਸੀ। ਖਰੀਦਣ ਵਾਲੇ ਦਾ ਉਸਦੇ ਸਰੀਰ ਨੂੰ ਆਪਣੀ ਮਰਜ਼ੀ ਅਨੁਸਾਰ ਭੋਗਣ ਦਾ ਪੂਰਾ ਅਧਿਕਾਰ ਸੀ। ਉਸਨੂੰ ਵਿਰੋਧ ਕਰਨ ਜਾਂ ਆਪਣੀ ਰਾਏ ਰੱਖਣ ਦਾ ਅਧਿਕਾਰ ਨਹੀਂ ਸੀ। ਕਈ ਧਰਮ ਗ੍ਰੰਥ ਅੱਜ ਵੀ ਮਰਦ ਨੂੰ ਆਪਣੀ ਜਾਇਦਾਦ ਤੇ ਸਰੀਰਕ ਸਮਰੱਥਾ ਅਨੁਸਾਰ ਇੱਕ ਤੋਂ ਵੱਧ ਔਰਤਾਂ ਰੱਖਣ ਦਾ ਅਧਿਕਾਰ ਦਿੰਦੇ ਹਨ।

ਵੋਟ ਅਧਿਕਾਰ: ਪੁਰਾਣੇ ਸਮਿਆਂ ਤੋਂ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਬਰਾਬਰ ਦਾ ਪ੍ਰਾਣੀ ਨਾ ਸਮਝੇ ਜਾਣ ਕਾਰਨ, ਉਸਨੂੰ ਕੁੱਝ ਵੀ ਚੋਣ ਕਰਨ ਲਈ ਮਰਦ ਬਰਾਬਰ ਵੋਟ ਦਾ ਅਧਿਕਾਰ ਨਹੀਂ ਸੀ ਤੇ ਨਾ ਉਸਦੀ ਕੋਰਟ ਆਦਿ ਵਿੱਚ ਗਵਾਹੀ ਹੀ ਮੰਨੀ ਜਾਂਦੀ ਸੀ। ਕਈ ਸਮਾਜਿਕ ਕਨੂੰਨਾਂ ਜਾਂ ਧਾਰਮਿਕ ਗ੍ਰੰਥਾਂ ਅਨੁਸਾਰ ਔਰਤ ਨੂੰ ਮਰਦ ਤੋਂ ਅੱਧੀ ਮੰਨਿਆ ਜਾਂਦਾ ਸੀ, ਜਿਸ ਕਾਰਨ ਇੱਕ ਮਰਦ ਦੇ ਮੁਕਾਬਲੇ ਦੋ ਔਰਤਾਂ ਦੀ ਗਵਾਹੀ ਮੰਨੀ ਜਾਂਦੀ ਸੀ। ਜਿਥੇ ਇੱਕ ਪਾਸੇ ਔਰਤ ਨੂੰ ਵਸਤੂ ਜਾਂ ਪ੍ਰੌਪਰਟੀ ਮੰਨਿਆ ਜਾਂਦਾ ਸੀ, ਉਥੇ ਉਸਨੂੰ ਜਾਇਦਾਦ ਜਾਂ ਪ੍ਰੌਪਰਟੀ ਰੱਖਣ ਦਾ ਅਧਿਕਾਰ ਨਹੀਂ ਸੀ। ਪਿਛਲੇ 5 ਹਜ਼ਾਰ ਸਾਲ ਲਿਖਤੀ ਮਨੁੱਖੀ ਇਤਿਹਾਸ ਵਿੱਚ ਇਹ ਹੱਕ ਕਦੋਂ ਪੂਰਨ ਰੂਪ ਵਿੱਚ ਖੋਹੇ ਗਏ ਬਾਰੇ ਕਹਿਣਾ ਸ਼ਾਇਦ ਮੁਸ਼ਕਿਲ ਹੋਵੇਗਾ, ਪਰ ਕਨੇਡਾ-ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਔਰਤਾਂ ਨੂੰ ਵੋਟ ਤੇ ਜਾਇਦਾਦ ਰੱਖਣ ਦੇ ਅਧਿਕਾਰ ਮਿਲਿਆਂ ਕੋਈ ਬਹੁਤਾ ਸਮਾਂ ਨਹੀਂ ਹੋਇਆ।

ਤੇਜ਼ਾਬ ਸੁੱਟਣਾ: ਔਰਤਾਂ ਤੇ ਜ਼ੁਲਮਾਂ ਦੀ ਦਾਸਤਾਨ ਬੜੀ ਲੰਬੀ ਹੈ, ਪਰ ਪਿਛਲ਼ੇ ਕੁੱਝ ਦਹਾਕਿਆਂ ਤੋਂ ਸਾਊਥ ਏਸ਼ੀਅਨ ਦੇਸ਼ਾਂ ਵਿੱਚ ਔਰਤਾਂ ਤੇ ਅੱਤਿਆਚਾਰਾਂ ਵਿੱਚ ਤੇਜ਼ਾਬ ਸੁੱਟਣ ਦਾ ਘਿਨਾਉਣਾ ਤੇ ਅਣ-ਮਨੁੱਖੀ ਵਰਤਾਰਾ ਦੇਖਣ ਨੂੰ ਮਿਲਦਾ ਹੈ। ਆਮ ਤੌਰ ਤੇ ਸਦੀਆਂ ਦੀ ਇਸ ਮਾਨਸਿਕਤਾ ਅਧੀਨ ਕਿ ਮਰਦ ਦਾ ਕਿਸੇ ਵੀ ਔਰਤ ਤੇ ਜਦੋਂ ਚਾਹੇ ਪੂਰਾ ਅਧਿਕਾਰ ਹੋਵੇ, ਇਸ ਲਈ ਜੇ ਕਿਸੇ ਲੜਕੀ ਨੇ ਮਰਦ ਦੀਆਂ ਸਰੀਰਕ ਖਾਹਿਸ਼ਾਂ ਪੂਰੀਆਂ ਨਹੀਂ ਕੀਤੀਆਂ ਜਾਂ ਉਸ ਨਾਲ ਜ਼ਬਰਦਸਤੀ ਵਿਆਹ ਤੋਂ ਇਨਕਾਰ ਕਰ ਦਿੱਤਾ ਜਾਂ ਕਿਸੇ ਹੋਰ ਕਾਰਨ ਜਦੋਂ ਮਰਦ ਨੂੰ ਔਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਸਨੇ ਰਾਹ ਜਾਂਦੀ ਔਰਤ ਤੇ ਲੁਕਵਾਂ ਵਾਰ ਕਰਕੇ ਤੇਜ਼ਾਬ ਸੁੱਟ ਕੇ ਉਸਦਾ ਚਿਹਰਾ ਜਾਂ ਬਾਕੀ ਸਰੀਰ ਬਦਸੂਰਤ ਬਣਾਉਣ ਦੀ ਕੋਸ਼ਿਸ਼ ਕੀਤੀ। ਅਨੇਕਾਂ ਕੇਸਾਂ ਵਿੱਚ ਔਰਤਾਂ ਨੂੰ ਜਾਨ ਤੋਂ ਵੀ ਹੱਥ ਧੋਣੇ ਪਏ।

ਬਲਾਤਕਾਰ: ਔਰਤਾਂ ਖਿਲਾਫ ਜ਼ੁਰਮਾਂ ਵਿੱਚ ਬਲਾਤਕਾਰ ਸਭ ਤੋਂ ਉਪਰ ਹਨ। ਇਸ ਜ਼ੁਰਮ ਵਿੱਚ ਮਰਦ ਆਪਣੀ ਕਾਮ ਭੁੱਖ ਪੂਰੀ ਕਰਨ ਲਈ ਕਿਸੇ ਰਾਹ ਜਾਂਦੀ ਔਰਤ ਤੇ ਹਮਲਾ ਕਰਕੇ ਜ਼ਬਰਦਸਤੀ ਸੰਭੋਗ ਕਰਦੇ ਹਨ। ਅਜਿਹੀਆਂ ਘਟਨਾਵਾਂ ਵਿੱਚ ਜਿਥੇ ਬਾਅਦ ਵਿੱਚ ਔਰਤ ਨੂੰ ਮਾਨਸਿਕ ਪੀੜ੍ਹਾ ਵਿਚੋਂ ਤਾਂ ਲੰਘਣਾ ਪੈਂਦਾ ਹੀ ਹੈ, ਉਥੇ ਬਹੁਤ ਵਾਰ ਔਰਤ ਨਾਲ ਮਾਰ ਕੁਟਾਈ, ਸਰੀਰਕ ਤਸੀਹਿਆਂ ਤੋਂ ਇਲਾਵਾ ਅਨੇਕਾਂ ਵਾਰ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ। ਇਹ ਵਰਤਾਰਾ ਸਦੀਆਂ ਤੋਂ ਚੱਲ ਰਿਹਾ ਹੈ। ਯੁਨਾਈਟਡ ਨੇਸ਼ਨ ਦੀ ਵੱਖ-ਵੱਖ ਦੇਸ਼ਾਂ ਤੋਂ ਇਕੱਤਰ ਕੀਤੇ ਅੰਕੜਿਆਂ ਅਧਾਰਿਤ ਰਿਪੋਰਟ ਮੁਤਾਬਿਕ ਦੁਨੀਆਂ ਵਿੱਚ ਪੁਲਿਸ ਕੋਲ ਹਰ ਰੋਜ਼ ਢਾਈ ਲੱਖ ਤੋਂ ਵੱਧ ਬਲਾਤਕਾਰ ਦੇ ਕੇਸ ਰਜਿਟਰ ਹੁੰਦੇ ਹਨ, ਜਦੋਂ ਕਿ ਅਸਲ ਅੰਕੜੇ ਇਸ ਤੋਂ ਕਈ ਗੁਣਾਂ ਵੱਧ ਹਨ। ਕਈ ਦੇਸ਼ਾਂ ਵਿੱਚ ਅਜੇ ਤੱਕ ਵੀ ਬਲਾਤਕਾਰ ਦੀ ਕੋਈ ਪੱਕੀ ਪਰਿਭਾਸ਼ਾ ਨਹੀਂ ਲਿਖੀ ਹੋਈ, ਜਿਸ ਕਾਰਨ ਅਗਰ ਪੀੜ੍ਹਤ ਔਰਤ ਨਿਆਂ ਲਈ ਕੋਰਟ ਦਾ ਦਰਵਾਜਾ ਖੜਕਾਉਂਦੀ ਹੈ ਤਾਂ ਉਸਨੂੰ ਨਾਮੋਸ਼ੀ ਤੇ ਸਮਾਜਿਕ ਬਦਨਾਮੀ ਤੋਂ ਸਿਵਾ ਕੁੱਝ ਪੱਲੇ ਨਹੀਂ ਪੈਂਦਾ।

ਸਮੂਹਿਕ ਬਲਾਤਕਾਰ: ਔਰਤਾਂ ਨਾਲ ਸਮੂਹਿਕ ਬਲਾਤਕਾਰ ਸਦੀਆਂ ਤੋਂ ਚੱਲ ਰਿਹਾ ਵਰਤਾਰਾ ਹੈ। ਪੁਰਾਣੇ ਸਮਿਆਂ ਤੋਂ ਹਮਲਾਵਰ ਫੌਜਾਂ ਹਾਰੀਆਂ ਫੌਜਾਂ ਜਾਂ ਕੌਮਾਂ ਦੀਆਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਕਰਨੇ ਆਪਣਾ ਧਰਮ ਸਮਝਦੇ ਸਨ। ਅੱਜ ਵੀ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਜਰਾਇਮ ਪੇਸ਼ਾ ਪ੍ਰਵਿਰਤੀ ਦੇ ਲੋਕਾਂ ਵਲੋਂ ਕੀਤੀਆਂ ਜਾਂਦੀਆਂ ਹਨ। ਫੌਜੀਆਂ ਵਲੋਂ ਅੱਜ ਵੀ ਸਮੂਹਿਕ ਬਲਾਤਕਾਰ ਆਮ ਗੱਲ ਹੈ। ਭਾਰਤ ਵਰਗੇ ਦੇਸ਼ਾਂ ਵਿੱਚ ਧਾਰਮਿਕ ਦੰਗਿਆਂ ਜਾਂ ਪਛੜੀਆਂ ਅਤੇ ਅਛੂਤ ਜਾਤਾਂ ਦੀਆਂ ਔਰਤਾਂ ਜਾਂ ਗਰੀਬ ਔਰਤਾਂ ਨਾਲ ਸਮੂਹਿਕ ਬਲਾਤਕਾਰ ਆਮ ਘਟਨਾਵਾਂ ਹਨ। ਸਮਾਜ ਦੀ ਇੱਕ ਤਰਾਸਦੀ ਇਹ ਵੀ ਹੈ ਕਿ ਸਮੂਹਿਕ ਜਾਂ ਵਿਅਕਤੀਗਤ ਬਲਾਤਕਾਰ ਦੀ ਸ਼ਿਕਾਰ ਔਰਤ ਨੂੰ ਸਰੀਰਕ ਤੇ ਮਾਨਸਿਕ ਸੰਤਾਪ ਵਿਚੋਂ ਤਾਂ ਲੰਘਣਾ ਪੈਂਦਾ ਹੀ ਹੈ, ਅਗਰ ਉਹ ਲੜਕੀ ਕੁਆਰੀ ਹੋਵੇ ਤਾਂ ਉਸ ਨਾਲ ਕੋਈ ਮਰਦ ਵਿਆਹ ਕਰਾਉਣ ਲਈ ਤਿਆਰ ਨਹੀਂ ਹੁੰਦਾ।

ਵੇਸਵਾਗਮਨੀ: ਮਰਦ ਵਲੋਂ ਆਪਣੀ ਕਾਮੁਕ ਭੁੱਖ ਜਾਂ ਤਾਕਤ (ਸਰੀਰਕ, ਰਾਜਨੀਤਕ, ਦੌਲਤ) ਦੇ ਨਸ਼ੇ ਵਿੱਚ ਜਿਥੇ ਇੱਕ ਪਾਸੇ ਬਲਾਤਕਾਰ ਵਰਗੇ ਜ਼ੁਰਮ ਕੀਤੇ ਜਾਂਦੇ ਹਨ। ਉਥੇ ਹਰ ਸਮਾਜ ਵਿੱਚ ਔਰਤ ਨੁੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਵੇਸਵਾਗਮਨੀ ਲਈ ਮਜਬੂਰ ਕੀਤਾ ਜਾਂਦਾ ਹੈ। ਔਰਤ ਨੂੰ ਮਜਬੂਰੀ ਵੱਸ ਆਪਣਾ ਸਰੀਰ ਵੇਚਣਾ ਪੈਂਦਾ ਹੈ। ਦੁਨੀਆਂ ਭਰ ਵਿੱਚ ਇਹ ਇੱਕ ਬਹੁਤ ਵੱਡਾ ਬਿਜਨੈਸ ਬਣ ਚੁੱਕਾ ਹੈ। ਇਥੇ ਵੀ ਔਰਤਾਂ ਨਾਲ ਅਨੇਕਾਂ ਵਾਰ ਜ਼ਬਰਦਸਤੀ ਕੀਤੀ ਜਾਂਦੀ ਹੈ, ਉਨ੍ਹਾਂ ਤੇ ਸਰੀਰਕ ਜ਼ੁਲਮ ਢਾਹੇ ਜਾਂਦੇ ਹਨ। ਅਨੇਕਾਂ ਵਾਰ ਉਨ੍ਹਾਂ ਦੇ ਕਤਲ ਕੀਤੇ ਜਾਂਦੇ ਹਨ। ਗਰੀਬ ਦੇਸ਼ਾਂ ਜਾਂ ਪਰਿਵਾਰਾਂ ਦੀਆਂ ਨੌਜਵਾਨ ਲੜਕੀਆਂ ਨੂੰ ਅਮੀਰ ਦੇਸ਼ਾਂ ਜਾਂ ਅਮੀਰ ਲੋਕਾਂ ਵਲੋਂ ਸੈਕਸ ਗੁਲਾਮ ਬਣਾ ਕੇ ਸਰੀਰਕ ਤੇ ਮਾਨਸਿਕ ਤਸੀਹੇ ਦਿੱਤਾ ਜਾਂਦੇ ਹਨ।

ਇੱਜ਼ਤ ਦੇ ਨਾਮ ਤੇ ਹੱਤਿਆਵਾਂ ਜਾਂ ਜ਼ੁਰਮ: ਦੁਨੀਆਂ ਭਰ ਦੇ ਮਰਦ ਪ੍ਰਧਾਨ ਸਮਾਜ ਵਲੋਂ ਔਰਤਾਂ (ਮਾਂ, ਪਤਨੀ, ਧੀ, ਨੂੰਹ ਆਦਿ) ਨੂੰ ਆਪਣੇ ਘਰ ਜਾਂ ਪਰਿਵਾਰ ਦੀ ਇੱਜ਼ਤ (ਅਸਲ ਵਿੱਚ ਪ੍ਰਾਪਰਟੀ) ਕਹਿ ਕੇ ਔਰਤਾਂ ਤੇ ਅਨੇਕਾਂ ਤਰ੍ਹਾਂ ਦੇ ਜੁਰਮ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਦੀ ਨਿੱਜ਼ੀ ਆਜ਼ਾਦੀ, ਪਰਿਵਾਰ ਦੇ ਮਰਦ ਮੈਂਬਰਾਂ ਤੇ ਨਿਰਭਰ ਹੁੰਦੀ ਹੈ। ਉਸਨੂੰ ਘਰ ਤੋਂ ਬਾਹਰ ਜਾਣ ਲਈ ਮਰਦ ਦੀ ਇਜ਼ਾਜਤ ਲੈਣੀ ਪੈਂਦੀ ਸੀ ਜਾਂ ਹੈ। ਔਰਤ ਇਕੱਲੀ ਘਰ ਤੋਂ ਬਾਹਰ ਨਹੀਂ ਜਾ ਸਕਦੀ ਸੀ। ਕੋਈ ਨੌਜਵਾਨ ਲੜਕੀ ਅਗਰ ਆਪਣੀ ਮਰਜ਼ੀ ਨਾਲ ਕਿਸੇ ਲੜਕੇ ਨਾਲ ਵਿਆਹ ਕਰ ਲਵੇ ਤਾਂ ਇੱਜ਼ਤ ਦੇ ਨਾਮ ਤੇ ਲੜਕੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਅਨੇਕਾਂ ਵਾਰ ਲੜਕੀ ਅਗਰ ਆਪਣੀ ਜਾਤ, ਕਬੀਲੇ, ਧਰਮ ਆਦਿ ਤੋਂ ਵਿਆਹ ਕਰ ਲਵੇ ਜਾਂ ਪ੍ਰੇਮ ਸਬੰਧ ਬਣਾ ਲਵੇ ਤਾਂ ਵੀ ਕਤਲ ਕੀਤੇ ਜਾਂਦੇ ਰਹੇ ਹਨ। ਜੋ ਕਿ ਅੱਜ ਵੀ ਜਾਰੀ ਹਨ। ਪ੍ਰੇਮ ਸਬੰਧਾਂ ਵਿੱਚ ਕਈ ਵਾਰ ਲੜਕੇ ਨੂੰ ਕਤਲ ਕਰਕੇ ਲੜਕੀ ਨੂੰ ਕਿਸੇ ਵੱਡੀ ਉਮਰ ਦੇ ਵਿਅਕਤੀ ਨਾਲ ਧੱਕੇ ਨਾਲ ਵਿਆਹਿਆ ਜਾਂਦਾ ਹੈ। ਕਈ ਵਾਰ ਅਜਿਹੇ ਕੇਸਾਂ ਵਿੱਚ ਲੜਕੀ ਨਾਲ ਸਮੂਹਿਕ ਬਲਾਤਕਾਰ ਵੀ ਕੀਤੇ ਜਾਂਦੇ ਹਨ।

ਦੂਜਾ ਵਿਆਹ: ਕੁੱਝ ਦਹਾਕੇ ਪਹਿਲਾਂ ਤੱਕ ਪਤੀ ਦੇ ਮਰਨ ਜਾਂ ਤਲਾਕ ਦੇ ਕੇਸ ਵਿੱਚ ਔਰਤ ਨੂੰ ਸਾਰੀ ਉਮਰ ਦੁਆਰਾ ਵਿਆਹ ਦੀ ਇਜ਼ਾਜਤ ਨਹੀਂ ਸੀ ਜਾਂ ਕੋਈ ਮਰਦ ਵਿਆਹ ਕਰਾਉਣ ਲਈ ਤਿਆਰ ਨਹੀਂ ਹੁੰਦਾ ਸੀ। ਸਮੇਂ ਨਾਲ ਇਹ ਵਰਤਾਰਾ ਕਾਫੀ ਹੱਦ ਤੱਕ ਬਦਲ ਗਿਆ ਹੈ। ਪਰ ਅਜੇ ਵੀ ਆਪਣੇ ਸਮਾਜਾਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਸਾਹਸੀ ਨੌਜਵਾਨ ਹੋਵੇਗਾ, ਜੋ ਕੁਵਾਰਾ ਹੁੰਦੇ ਹੋਏ, ਕਿਸੇ ਵਿਧਵਾ ਜਾਂ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਵਾ ਲਵੇ। ਜਦਕਿ ਵਿਧਵਾ ਜਾਂ ਤਲਾਕਸ਼ੁਦਾ 40-50 ਸਾਲ ਦੇ ਮਰਦ ਵੀ 20-25 ਸਾਲ ਦੀਆਂ ਕੁੰਵਾਰੀਆਂ ਲੜਕੀਆਂ ਨਾਲ ਆਮ ਹੀ ਵਿਆਹ ਕਰਵਾਉਂਦੇ ਹਨ। ਅਜੇ ਵੀ ਬੱਚਿਆਂ ਵਾਲੀਆਂ ਤਲਾਕਸ਼ੁਦਾ ਜਾਂ ਵਿਧਵਾ ਲੜਕੀਆਂ ਨਾਲ ਕੋਈ ਵੀ ਮਰਦ ਵਿਆਹ ਲਈ ਤਿਆਰ ਨਹੀਂ ਹੁੰਦਾ। ਬਾਹਰਲੇ ਦੇਸ਼ ਆਉਣ ਲਈ ਕੋਈ ਕਰਵਾ ਲਵੇ ਤਾਂ ਵੱਡੀ ਗੱਲ ਨਹੀਂ।

ਘੁੰਡ, ਬੁਰਕਾ: ਵੱਖ-ਵੱਖ ਸਮਾਜਾਂ ਵਲੋਂ ਔਰਤ ਨੂੰ ਆਜ਼ਾਦੀ ਨਾਲ ਖਾਣ-ਪਹਿਨਣ ਦੀ ਇਜ਼ਾਜਤ ਨਹੀਂ ਸੀ ਤੇ ਬਹੁਤ ਜਗ੍ਹਾ ਅੱਜ ਵੀ ਨਹੀਂ ਹੈ। ਜਿਥੇ ਇੱਕ ਪਾਸੇ ਅਜਿਹਾ ਵਿਚਾਰ ਰੱਖਿਆ ਜਾਂਦਾ ਸੀ ਕਿ ਔਰਤ ਪਰਿਵਾਰ ਜਾਂ ਪਤੀ ਦੀ ਪ੍ਰਾਪਰਟੀ ਹੈ, ਇਸ ਲਈ ਇਸਨੂੰ ਦੇਖਣ ਜਾਂ ਵਰਤਣ ਦਾ ਅਧਿਕਾਰ ਉਸਦੇ ਮਾਲਕ (ਪਤੀ) ਕੋਲ ਹੀ ਹੈ। ਉਸਨੂੰ ਕੋਈ ਹੱਕ ਨਹੀਂ ਕਿ ਉਹ ਆਪਣੇ ਸਰੀਰ ਦਾ ਕੋਈ ਹਿੱਸਾ ਕਿਸੇ ਹੋਰ ਨੂੰ ਦਿਖਾਵੇ, ਇਥੋਂ ਤੱਕ ਕਿ ਉਹ ਆਪਣਾ ਚਿਹਰਾ ਵੀ ਨਹੀਂ ਦਿਖਾ ਸਕਦੀ। ਚਿਹਰਾ ਹੀ ਕਿਸੇ ਵਿਅਕਤੀ ਦੀ ਪਹਿਚਾਣ ਹੁੰਦੀ ਹੈ, ਇਸ ਤਰ੍ਹਾਂ ਕਈ ਸਮਾਜਾਂ ਵਲੋਂ ਔਰਤ ਨੂੰ ਘੁੰਡ ਕੱਢਣ, ਬੁਰਕਾ ਪਾਉਣ ਆਦਿ ਲਈ ਮਜਬੂਰ ਕਰਕੇ ਉਸਦੀ ਪਹਿਚਾਣ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤ ਜਗ੍ਹਾ ਅੱਜ ਵੀ ਧਰਮ ਦੇ ਨਾਮ ਤੇ ਕਰਦੇ ਹਨ। ਉਨ੍ਹਾਂ ਨੇ ਔਰਤਾਂ ਨੂੰ ਵੀ ਮਾਨਸਿਕ ਤੌਰ ਤੇ ਅਜਿਹਾ ਗੁਲਾਮ ਬਣਾਇਆ ਹੋਇਆ ਹੈ ਕਿ ਉਹ ਇਸ ਘਿਨਾਉਣੇ ਵਰਤਾਰੇ ਵਿਰੁੱਧ ਆਵਾਜ ਉਠਾਉਣ ਦੀ ਥਾਂ ਇਸਨੂੰ ਧਰਮ ਦਾ ਹਿੱਸਾ ਮੰਨ ਕੇ ਬੁਰਕੇ ਆਦਿ ਪਾਉਣ ਤੇ ਮਾਣ ਸਮਝਦੀਆਂ ਹਨ।

ਵੰਸ਼ ਦਾ ਵਾਰਿਸ ਜਾਂ ਭਰੂਣ ਹੱਤਿਆ: ਬਹੁਤ ਸਾਰੇ ਸਮਾਜਾਂ ਵਿੱਚ ਲੜਕੇ ਨੂੰ ਹੀ ਕੁੱਲ ਜਾਂ ਵੰਸ਼ ਦਾ ਵਾਰਿਸ ਮੰਨਿਆ ਜਾਂਦਾ ਹੈ। ਉਨ੍ਹਾਂ ਅਨੁਸਾਰ ਅਗਰ ਘੱਟੋ-ਘੱਟ ਇੱਕ ਲੜਕਾ ਨਾ ਹੋਵੇ ਤਾਂ ਕੁੱਲ ਹੀ ਖਤਮ ਹੋ ਜਾਂਦੀ ਹੈ। ਕਈ ਧਾਰਮਿਕ ਗ੍ਰੰਥਾਂ ਅਨੁਸਾਰ ਵਿਅਕਤੀ ਦੀ ਮਰਨ ਤੋਂ ਬਾਅਦ ਗਤੀ ਹੀ ਤਾਂ ਹੁੰਦੀ ਹੈ, ਜੇ ਉਸਦੇ ਘਰ ਲੜਕਾ ਹੋਵੇ, ਮਰਨ ਤੇ ਸੰਸਕਾਰ ਕਰਨ ਲਈ ਅਗਨੀ ਭੇਟ ਕਰਨ ਦਾ ਅਧਿਕਾਰ ਸਿਰਫ ਪੁੱਤਰ ਕੋਲ ਹੁੰਦਾ ਹੈ। ਹੋਰ ਵੀ ਅਨੇਕਾਂ ਰਸਮਾਂ ਅਜਿਹੀਆਂ ਹਨ, ਜਿਹੜੀਆਂ ਸ਼ਾਇਦ ਮਰਦ ਤੋਂ ਬਿਨਾਂ ਅਧੂਰੀਆਂ ਹਨ ਤੇ ਔਰਤ ਨੂੰ ਉਹ ਕਰਨ ਦਾ ਅਧਿਕਾਰ ਨਹੀਂ। ਅਜਿਹੀ ਮਾਨਸਿਕਤਾ ਅਧੀਨ ਅਕਸਰ ਔਰਤਾਂ ਨੂੰ ਉਦੋਂ ਤੱਕ ਬੱਚੇ ਪੈਦਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜਦੋਂ ਤੱਕ ਉਹ ਘੱਟੋ-ਘੱਟ ਇੱਕ ਲੜਕਾ ਪੈਦਾ ਨਾ ਕਰੇ। ਅਜਿਹੇ ਨਾਲ ਬਹੁਤ ਵਾਰ ਔਰਤਾਂ ਅਨੇਕਾਂ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੀਆਂ ਹਨ, ਉਥੇ ਬੱਚੇ ਪੈਦਾ ਕਰਨ ਦੌਰਾਨ ਮੌਤ ਵੀ ਹੋ ਜਾਂਦੀ ਹੈ। ਅਜਿਹੀ ਸੋਚ ਅਧੀਨ ਹੀ ਲਿੰਗ ਟੈਸਟ ਕਰਵਾ ਕੇ ਲੜਕੀ ਦੇ ਭਰੂਣ ਨੂੰ ਗਿਰਾ ਦਿੱਤਾ ਜਾਂਦਾ ਹੈ। ਸਾਡੇ ਆਪਣੇ ਭਾਰਤੀ ਸਮਾਜ ਵਿੱਚ ਇਹ ਪ੍ਰੰਪਰਾ ਅੱਜ ਵੀ ਜਾਰੀ ਹੈ। ਜੰਮਣ ਤੋਂ ਕੁੱਝ ਸਮਾਂ ਬਾਅਦ ਲੜਕੀਆਂ ਨੂੰ ਮਾਰਨ ਦਾ ਰਿਵਾਜ ਸਾਡੇ ਸਮਾਜ ਦੀ ਸਦੀਆਂ ਤੋਂ ਚੱਲੀ ਆਉਂਦੀ ਪ੍ਰੰਪਰਾ ਰਹੀ ਹੈ। ਪਿਛਲੇ ਦਿਨੀਂ ਹੋਏ ਇੱਕ ਸਰਵੇ ਅਨੁਸਾਰ ਕਨੇਡਾ ਵਰਗੇ ਵਿਕਸਤ ਦੇਸ਼ ਵਿੱਚ ਵੀ ਪੁੱਤਰਾਂ ਦੀ ਚਾਹਤ ਵਿੱਚ ਲੜਕੀ ਭਰੂਣ ਹੱਤਿਆ ਵੱਡਾ ਵਰਤਾਰਾ ਬਣ ਕੇ ਸਾਹਮਣੇ ਆਇਆ ਹੈ। ਸਾਡੇ ਭਾਈਚਾਰੇ ਦੇ ਲੋਕ ਵਿਦੇਸ਼ਾਂ ਤੋਂ ਭਾਰਤ ਵਿੱਚ ਜਾ ਕੇ ਭਰੂਣ ਟੈਸਟ ਕਰਵਾ ਕੇ, ਲੜਕੀ ਪਤਾ ਲੱਗਣ ਤੇ ਗਰਭ ਗਿਰਾ ਆਉਂਦੇ ਹਨ।

ਸਤੀ ਰਸਮ: ਇਤਿਹਾਸ ਵਿੱਚ ਇੱਕ ਅਜਿਹਾ ਦੌਰ ਵੀ ਸੀ, ਜਦੋਂ ਔਰਤ ਨੂੰ ਆਪਣੇ ਪਤੀ ਦੇ ਨਾਲ ਚਿਤਾ ਵਿੱਚ ਜਿੰਦਾ ਜਲਾ ਦਿੱਤਾ ਜਾਂਦਾ ਸੀ ਤਾਂ ਕਿ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਕਿਸੇ ਹੋਰ ਨਾਲ ਵਿਆਹ ਨਾ ਕਰ ਸਕੇ। ਬੇਸ਼ਕ ਕੁੱਝ ਸਦੀਆਂ ਪਹਿਲਾਂ ਇਸ ਅਣ ਮਨੁੱਖੀ ਰਸਮ ਨੂੰ ਸਰਕਾਰਾਂ ਵਲੋਂ ਬੰਦ ਕਰ ਦਿੱਤਾ ਗਿਆ, ਪਰ ਫਿਰ ਵੀ ਪਤੀ ਦੀ ਮੌਤ ਤੋਂ ਬਾਅਦ ਔਰਤ (ਵਿਧਵਾ) ਨੂੰ ਵਿਆਹ ਕਰਾਉਣ ਦੀ ਇਜ਼ਾਜਤ ਨਹੀਂ ਸੀ। ਇਹ ਪ੍ਰਥਾ ਅੱਜ ਵੀ ਕਿਸੇ ਨਾ ਕਿਸੇ ਢੰਗ ਨਾਲ ਪ੍ਰਚਲਤ ਹੈ। ਜਿਥੇ ਪਤਨੀ ਦੀ ਮੌਤ ਤੋਂ ਕੁੱਝ ਮਹੀਨਿਆਂ ਵਿੱਚ ਹੀ ਮਰਦ ਵਿਆਹ ਕਰਵਾ ਲੈਂਦਾ ਹੈ, ਪਰ ਪਤਨੀ ਨੂੰ ਅਜਿਹਾ ਨਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

ਪੜ੍ਹਨ ਦਾ ਅਧਿਕਾਰ: 19ਵੀਂ ਸਦੀ ਤੱਕ ਤਕਰੀਬਨ ਹਰ ਸਮਾਜ ਵਿੱਚ ਔਰਤ ਨੂੰ ਮਰਦ ਦੇ ਬਰਬਾਰ ਪੜ੍ਹਨ-ਲਿਖਣ ਦਾ ਅਧਿਕਾਰ ਨਹੀਂ ਸੀ। ਉਸਦਾ ਕੰਮ ਸਿਰਫ ਬੱਚੇ ਪੈਦਾ ਕਰਨਾ ਤੇ ਘਰ ਦਾ ਕੰਮ ਕਰਨਾ ਹੀ ਸੀ। ਉਹ ਸਮਾਜ ਵਿੱਚ ਅਪਾਣੀ ਲਿਆਕਤ ਅਨੁਸਾਰ ਯੋਗਦਾਨ ਨਹੀਂ ਪਾ ਸਕਦੀ ਸੀ। ਸ਼ਾਇਦ ਮਰਦ ਪ੍ਰਧਾਨ ਸਮਾਜ ਇਸ ਡਰ ਅਧੀਨ ਵੀ ਔਰਤਾਂ ਨੂੰ ਇਹ ਅਧਿਕਾਰ ਦੇਣ ਲਈ ਤਿਆਰ ਨਹੀਂ ਸੀ ਕਿ ਉਹ ਪੜ੍ਹ-ਲਿਖ ਕੇ ਉਸਦੇ ਬਰਬਾਰ ਨਾ ਆ ਜਾਣ। ਅੱਜ ਵੀ ਅਨੇਕਾਂ ਸਮਾਜਾਂ ਜਾਂ ਧਾਰਮਿਕ ਫਿਰਕਿਆਂ ਵਿੱਚ ਔਰਤ ਨੂੰ ਇਹ ਹੱਕ ਲੈਣ ਸੰਘਰਸ਼ ਕਰਨੇ ਪੈ ਰਹੇ ਹਨ।

ਕੰਮਾਂ ਤੇ ਵਿਤਕਰਾ: ਥਰਡ ਵਰਲਡ ਦੇਸ਼ਾਂ, ਅਣ ਵਿਕਸਤ ਦੇਸ਼ਾਂ ਆਦਿ ਦੀ ਗੱਲ ਜੇ ਪਾਸੇ ਵੀ ਰੱਖ ਦੇਈਏ ਤਾਂ ਵਿਕਸਤ ਪੱਛਮੀ ਦੇਸ਼ਾਂ ਦੇ ਅੰਕੜੇ ਵੀ ਇਹ ਦੱਸਦੇ ਹਨ ਕਿ ਔਰਤਾਂ ਨਾਲ ਨਾ ਸਿਰਫ ਕੰਮਾਂ ਤੇ ਉਨ੍ਹਾਂ ਦੇ ਬੌਸ ਜਾਂ ਵੱਡੇ ਅਧਿਕਾਰੀਆਂ ਵਲੋਂ ਸਰੀਰਕ ਛੇੜਖਾਨੀ, ਬਲਾਤਕਾਰ ਜਾਂ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ, ਸਗੋਂ ਉਨ੍ਹਾਂ ਨੂੰ ਇਕੋ ਕੰਮ ਤੇ ਇਕੋ ਯੋਗਤਾ ਦੇ ਬਾਵਜੂਦ ਮਰਦ ਕਾਮੇ ਨਾਲੋਂ ਘੱਟ ਤਨਖਾਹ ਮਿਲਦੀ ਹੈ। ਪਛੜੇ ਦੇਸ਼ਾਂ ਵਿੱਚ ਤਾਂ ਕੰਮਾਂ ਤੇ ਇਹ ਸਭ ਆਮ ਵਰਤਾਰਾ ਹੈ।

ਦਾਜ ਦੀ ਪ੍ਰਥਾ: ਦਾਜ ਪ੍ਰਥਾ ਅਨੁਸਾਰ ਲੜਕੀ ਦੇ ਮਾਪਿਆਂ ਨੂੰ ਆਪਣੀ ਧੀ ਨੂੰ ਵਿਆਹ ਤੋਂ ਬਾਅਦ ਸਹੁਰੇ ਤੋਰਨ ਵੇਲੇ ਕੁੱਝ ਸਮਾਨ ਦੇਣਾ ਪੈਂਦਾ ਸੀ ਜਾਂ ਹੈ। ਬੇਸ਼ਕ ਇਹ ਪ੍ਰਥਾ ਇਸ ਕਰਕੇ ਵੀ ਸ਼ੁਰੂ ਹੋਈ ਹੋਵੇ ਕਿ ਔਰਤ ਨੂੰ ਪ੍ਰਾਪਰਟੀ ਰੱਖਣ ਦਾ ਅਧਿਕਾਰ ਨਹੀਂ ਸੀ ਤੇ ਪਿਉ ਵਲੋਂ ਆਪਣੀ ਧੀ ਨੂੰ ਆਪਣੀ ਜਾਇਦਾਦ ਵਿਚੋਂ ਕੁੱਝ ਹਿੱਸਾ ਸਮਾਨ ਦੇ ਰੂਪ ਵਿੱਚ ਦਿੱਤਾ ਜਾਂਦਾ ਹੋਵੇ। ਪਰ ਸਮੇਂ ਨਾਲ ਇਹ ਪ੍ਰਥਾ ਵੀ ਘਿਨਾਉਣਾ ਰੂਪ ਅਖਤਿਆਰ ਕਰ ਗਈ। ਲਾਲਚੀ ਪਰਿਵਾਰਾਂ ਵਲੋਂ ਵੱਧ ਸਮਾਨ ਦੀ ਮੰਗ ਕੀਤੀ ਜਾਣ ਲੱਗੀ, ਜਿਸ ਨਾਲ ਜਿਥੇ ਇੱਕ ਪਾਸੇ ਔਰਤਾਂ ਤੇ ਨੂੰਹ ਰੂਪ ਵਿੱਚ ਸਰੀਰਕ ਤੇ ਮਾਨਸਿਕ ਅੱਤਿਆਚਾਰ ਕੀਤੇ ਜਾਦੇ, ਉਥੇ ਬਹੁਤ ਵਾਰ ਉਨ੍ਹਾਂ ਨੂੰ ਜਾਨੋਂ ਵੀ ਮਾਰਿਆ ਜਾਂਦਾ ਰਿਹਾ। ਇਸੇ ਵਿਚੋਂ ਕੁੜੀਆਂ ਘੱਟ ਪੈਦਾ ਕਰਨ ਦੀ ਸੋਚ ਅਧੀਨ, ਭਰੂਣ ਹੱਤਿਆ ਦਾ ਰੁਝਾਨ ਵੀ ਵਧਿਆ।

ਔਰਤਾਂ ਦੀ ਸੁੰਨਤ: ਕਈ ਧਾਰਮਿਕ ਫਿਰਕਿਆਂ ਤੇ ਕਬੀਲਿਆਂ ਵਿੱਚ ਅਜਿਹੀ ਪ੍ਰਥਾ ਪ੍ਰਚਲਤ ਰਹੀ ਹੈ ਤੇ ਕਈ ਥਾਈਂ ਅਜੇ ਵੀ ਚੱਲ ਰਹੀ ਹੈ, ਜਿਸ ਅਧੀਨ ਇਹ ਸੋਚ ਕੇ ਨੌਜਵਾਨ ਲੜਕੀਆਂ ਦੇ ਗੁਪਤ ਅੰਗਾਂ ਨੂੰ ਜ਼ਬਰਦਸਤੀ ਬੜੀ ਬੇਰਹਿਮੀ ਨਾਲ ਕੱਟਿਆ ਜਾਂਦਾ ਹੈ ਤਾਂ ਕਿ ਉਨ੍ਹਾਂ ਵਿੱਚ ਸੈਕਸ ਦੀ ਤਮੰਨਾ ਨਾ ਰਹੇ ਤੇ ਉਹ ਮਰਦ ਦੀ ਸਰੀਰਕ (ਕਾਮੁਕ) ਭੁੱਖ ਪੂਰੀ ਕਰਨ ਲਈ ਮਸ਼ੀਨ ਵਾਂਗ ਕੰਮ ਕਰਨ। ਉਹ ਮਰਦ ਤੋਂ ਸੈਕਸ ਦੀ ਕਿਸੇ ਤਰ੍ਹਾਂ ਖਾਹਿਸ਼ ਨਾ ਰੱਖਣ। ਉਨ੍ਹਾਂ ਵਿਚੋਂ ਕਾਮ ਵੇਗ ਹੀ ਖਤਮ ਹੋ ਜਾਵੇ ਤਾਂ ਕਿ ਪਤੀ ਦੀ ਮੌਤ ਜਾਂ ਪਤੀ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਵਿੱਚ ਕਿਸੇ ਹੋਰ ਮਰਦ ਨਾਲ ਸਰੀਰਕ ਸਬੰਧ ਬਣਾਉਣ ਦੀ ਇਛਾ ਨਾ ਰਹੇ। ਇਸ ਔਰਤ ਸੁੰਨਤ ਨਾਲ ਜਿਥੇ ਲੜਕੀਆਂ ਨੂੰ ਸਰੀਰਕ ਪੀੜ੍ਹਾ ਵਿਚੋਂ ਗੁਜ਼ਰਨਾ ਪੈਂਦਾ ਹੈ, ਉਥੇ ਸਾਰੀ ਉਮਰ ਮਾਨਸਿਕ ਸੰਤਾਪ ਵੀ ਹੰਢਾਉਣਾ ਪੈਂਦਾ ਹੈ।

ਛਾਤੀਆਂ ਪ੍ਰੈਸ ਕਰਨਾ: ਅਫਰੀਕਾ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇੱਕ ਪ੍ਰਥਾ ਸਦੀਆਂ ਤੋਂ ਚੱਲ ਰਹੀ ਹੈ, ਜਿਸ ਅਧੀਨ ਜਵਾਨ ਹੋ ਰਹੀ ਲੜਕੀ ਦੀਆਂ ਛਾਤੀਆਂ ਨੂੰ ਗਰਮ ਲੱਕੜੀ ਨਾਲ ਦਬਾਇਆ (ਸਾੜਿਆ) ਜਾਂਦਾ ਹੈ ਤਾਂ ਕਿ ਉਹ ਸਰੀਰਕ ਦਿਖ ਤੋਂ ਜਲਦੀ ਜਵਾਨ ਨਾ ਲੱਗੇ। ਅਜਿਹਾ ਮੰਨਿਆ ਜਾਂਦਾ ਹੈ ਕਿ ਭਰਵੀਆਂ ਛਾਤੀਆਂ ਦੇਖ ਕੇ ਨੌਜਵਾਨ ਵੱਧ ਅਕਰਸ਼ਿਤ ਹੁੰਦੇ ਹਨ, ਜਿਸ ਨਾਲ ਬਲਾਤਕਾਰ ਜਾਂ ਸੈਕਸ ਜ਼ੁਰਮ ਵਧਦੇ ਹਨ। ਗਰਮ ਲੱਕੜੀ ਦੇ ਮੋਟੇ ਡੰਡੇ ਨਾਲ 10-12 ਸਾਲ ਦੀਆਂ ਲੜਕੀਆਂ ਦੀਆਂ ਛਾਤੀਆਂ ਨੂੰ ਜ਼ਬਰਦਸਤੀ ਮਾਵਾਂ ਜਾਂ ਘਰ ਦੀਆਂ ਬਜ਼ੁਰਗ ਔਰਤਾਂ ਵਲੋਂ ਸਾੜ ਕੇ ਜਿਥੇ ਘੋਰ ਸਰੀਰਕ ਤਸੀਹੇ ਦਿੱਤੇ ਜਾਂਦੇ ਹਨ, ਉਥੇ ਉਸਨੂੰ ਸਾਰੀ ਉਮਰ ਆਪਣੀ ਸਰੀਰਕ ਕਰੂਪਤਾ ਕਰਕੇ ਮਾਨਸਿਕ ਸੰਤਾਪ ਵੀ ਹੰਢਾਉਣਾ ਪੈਂਦਾ ਹੈ।

ਘਰੇਲੂ ਹਿੰਸਾ: ਸਦੀਆਂ ਤੋਂ ਔਰਤ ਤੇ ਮਰਦਾਂ ਵਲੋਂ ਵੱਖ-ਵੱਖ ਢੰਗਾਂ ਨਾਲ ਅੱਤਿਆਚਾਰ ਕੀਤੇ ਜਾਂਦੇ ਰਹੇ ਹਨ। ਘਰਾਂ ਵਿੱਚ ਛੋਟੇ-ਛੋਟ ਘਰੇਲੂ ਝਗੜਿਆਂ ਤੋਂ ਲੈ ਕੇ ਨਸ਼ੇ ਕਰਕੇ, ਸੈਕਸ ਕਾਰਨ ਔਰਤਾਂ ਨੂੰ ਮਰਦਾਂ ਵਲੋਂ ਅਕਸਰ ਕੁੱਟਿਆ ਮਾਰਿਆ ਜਾਂਦਾ ਹੈ। ਇਹ ਵਰਤਾਰਾ ਥਰਡ ਵਰਲਡ ਦੇਸ਼ਾਂ ਵਿੱਚ ਹੀ ਨਹੀਂ, ਸਗੋਂ ਵਿਕਸਤ ਦੇਸ਼ਾਂ ਵਿੱਚ ਅੱਜ ਵੀ ਜਾਰੀ ਹੈ। ਵਿਮਿਨ ਸ਼ੈਲਟਰ ਹੋਮ ਅਜਿਹੇ ਕੇਸਾਂ ਨਾਲ ਭਰੇ ਪਏ ਹਨ। ਘਰੇਲੂ ਹਿੰਸਾ ਦੇ ਅੰਕੜਿਆਂ ਅਨੁਸਾਰ ਕਤਲ ਕੇਸਾਂ ਵਿੱਚ 3 ਵਿਚੋਂ 2 ਮਰਨ ਵਾਲੀਆਂ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੁੰਦੀਆਂ ਹਨ। ਦੁਨੀਆਂ ਦੇ ਸਭ ਤੋਂ ਵਿਕਸਤ ਦੇਸ਼ ਅਮਰੀਕਾ ਵਿੱਚ ਹੀ 40 ਲੱਖ ਤੋਂ ਵੱਧ ਔਰਤਾਂ ਹਰ ਸਾਲ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਸਿਰਫ ਅਮਰੀਕਾ ਵਿੱਚ ਹੀ ਹਰ ਮਿੰਟ ਵਿੱਚ 6 ਔਰਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਅਮਰੀਕਾ ਵਿੱਚ ਹਰ 5 ਵਿਚੋਂ 1 ਔਰਤ ਆਪਣੇ ਜੀਵਨ ਕਾਲ ਵਿੱਚ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ। ਘਰੇਲੂ ਹਿੰਸਾ (ਸਰੀਰਕ ਕੁੱਟਮਾਰ, ਬਲਾਤਕਾਰ, ਮਾਨਸਿਕ ਤਸੀਹੇ) ਦਾ 16-35 ਸਾਲ ਦੀ ਉਮਰ ਦੀਆਂ ਲੜਕੀਆਂ ਵੱਧ ਸ਼ਿਕਾਰ ਹੁੰਦੀਆਂ ਹਨ। ਵਰਲਡ ਹੈਲਥ ਆਰਗਨਾਈਜ਼ੇਸ਼ਨ ਦੀ ਇੱਕ ਰਿਪੋਰਟ ਮੁਤਬਿਕ ਦੁਨੀਆਂ ਭਰ ਵਿੱਚ 3 ਵਿਚੋਂ 1 ਔਰਤ ਕਿਸੇ ਨਾ ਕਿਸੇ ਢੰਗ ਨਾਲ ਮਰਦ ਹੱਥੋਂ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਕਤਲਾਂ ਦੇ ਅੰਕੜਿਆਂ ਅਨੁਸਾਰ ਕਤਲ ਹੋਣ ਵਾਲੀਆਂ ਔਰਤਾਂ ਵਿੱਚੋਂ 38% ਔਰਤਾਂ ਦੇ ਕਤਲ ਉਨ੍ਹਾਂ ਦੇ ਪਤੀ ਜਾਂ ਬੁਆਏ ਫਰੈਂਡ ਵਲੋਂ ਕੀਤੇ ਜਾਂਦੇ ਹਨ। ਸਾਊਥ ਏਸ਼ੀਅਨ ਦੇਸ਼ਾਂ ਵਿੱਚ ਔਰਤਾਂ ਕੋਲ ਅਜਿਹੇ ਸਮਾਜਿਕ ਹੱਕ ਨਹੀਂ ਹਨ ਕਿ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਆਪਣੇ ਪਤੀ ਜਾਂ ਸਹੁਰਿਆਂ ਖਿਲਾਫ ਜਾ ਸਕਣ, ਪਰ ਵਿਦੇਸ਼ਾਂ ਵਿਚਲੇ ਘਰੇਲੂ ਹਿੰਸਾ ਦੇ ਅੰਕੜੇ ਦੱਸਦੇ ਹਨ ਕਿ ਕਿਵੇਂ ਸ਼ਰਾਬੀ ਜਾਂ ਨਸ਼ਈ ਪਤੀ ਔਰਤਾਂ ਤੇ ਜ਼ੁਲਮ ਕਰਦੇ ਹਨ, ਕੁੱਟਦੇ ਮਾਰਦੇ ਹਨ, ਸਰੀਰਕ ਤੇ ਮਾਨਸਿਕ ਤਸੀਹੇ ਦਿੰਦੇ ਹਨ।

ਪੈਰ ਬੰਨ੍ਹਣ ਦੀ ਪ੍ਰਥਾ: ਚੀਨ ਸਮੇਤ ਕੁੱਝ ਏਸ਼ੀਅਨ ਦੇਸ਼ਾਂ ਵਿੱਚ ਇਹ ਪ੍ਰਥਾ ਲੰਬਾ ਸਮਾਂ ਚਲਦੀ ਰਹੀ ਹੈ ਕਿ ਔਰਤਾਂ ਦੇ ਪੈਰ ਛੋਟੇ ਹੋਣੇ ਚਾਹੀਦੇ ਹਨ। ਵੱਡੇ ਪੈਰਾਂ ਵਾਲੀ ਔਰਤ ਨੂੰ ਕਰੂਪ ਜਾਂ ਅਭਾਗਣ ਸਮਝਿਆ ਜਾਂਦਾ ਸੀ। ਇਸ ਲਈ ਲੋਕ ਆਪਣੀਆਂ ਲੜਕੀਆਂ ਦੇ ਪੈਰਾਂ ਨੂੰ ਇਤਨਾ ਕੱਸ ਕੇ ਬੰਨਦੇ ਜਾਂ ਘੁੱਟਵੇਂ ਬੂਟ ਪਾਉਂਦੇ ਸਨ ਤਾਂ ਕਿ ਉਨ੍ਹਾਂ ਦੇ ਪੈਰ ਵਧ ਨਾ ਸਕਣ। ਇਸ ਨਾਲ ਛੋਟੀਆਂ ਬੱਚੀਆਂ ਨੂੰ ਸਰੀਰਕ ਤੇ ਮਾਨਸਿਕ ਤਕਲੀਫ ਵਿਚੋਂ ਗੁਜ਼ਰਨਾ ਪੈਂਦਾ ਸੀ। ਬਹੁਤ ਸਾਰੀਆਂ ਲੜਕੀਆਂ ਦੇ ਪੈਰ ਵਿੰਗੇ ਟੇਢੇ ਹੋ ਜਾਂਦੇ ਸਨ। ਵੱਡੀ ਗਿਣਤੀ ਵਿੱਚ ਲੜਕੀਆਂ ਪੈਰਾਂ ਤੋਂ ਅਪਾਹਿਜ ਬਣ ਜਾਂਦੀਆਂ ਸਨ। ਚੀਨ ਦੇ ਇਤਿਹਾਸ ਵਿੱਚ ਔਰਤਾਂ ਦੀ ਆਜ਼ਾਦੀ ਲਈ ਚੱਲੀਆਂ ਮੁਹਿੰਮਾਂ ਵਿੱਚ ਪੈਰ ਬੰਨ੍ਹਣ ਦੀ ਪ੍ਰਥਾ ਰੋਕਣ ਲਈ ਕਈ ਸੰਘਰਸ਼ਾਂ ਤੋਂ ਬਾਅਦ ਪਿਛਲੀ ਸਦੀ ਵਿੱਚ ਇਹ ਪ੍ਰਥਾ ਬੰਦ ਕੀਤੀ ਗਈ।

ਧਾਰਮਿਕ ਗ੍ਰੰਥਾਂ ਵਿੱਚ ਔਰਤਾਂ ਬਾਰੇ: ਵੱਖ-ਵੱਖ ਧਾਰਮਿਕ ਗ੍ਰੰਥਾਂ ਦਾ ਵੀ ਔਰਤ ਦੀ ਇਸ ਤਰਾਸਦੀ ਵਿੱਚ ਅਹਿਮ ਰੋਲ ਰਿਹਾ ਹੈ। ਦੁਨੀਆਂ ਦੇ ਤਕਰੀਬਨ ਸਾਰੇ ਧਾਰਮਿਕ ਗ੍ਰੰਥ ਮਰਦਾਂ ਵਲੋਂ ਲਿਖੇ ਹੋਣ ਕਰਕੇ, ਇਨ੍ਹਾਂ ਵਿੱਚ ਬਹੁਤ ਕੁੱਝ ਅਜਿਹਾ ਮਿਲ ਜਾਂਦਾ ਹੈ, ਜਿਸਨੇ ਔਰਤ ਦੀ ਗੁਲਾਮੀ ਨੂੰ ਹੋਰ ਮਜਬੂਤ ਕੀਤਾ ਹੈ। ਧਰਮਾਂ ਵਲੋਂ ਹੀ ਔਰਤਾਂ ਨੂੰ ਅਜਿਹੇ ਪਾਠ ਪੜ੍ਹਾਏ ਗਏ ਕਿ ਔਰਤ ਦਾ ਧਰਮ ਮਰਦ ਦੀ ਦਾਸੀ ਬਣ ਕੇ ਸੇਵਾ ਕਰਨਾ ਜਾਂ ਪਤੀ ਹੀ ਉਸ ਲਈ ਪ੍ਰਮੇਸ਼ਰ ਹੈ। ਬੇਸ਼ਕ ਕੁੱਝ ਧਾਰਮਿਕ ਗ੍ਰੰਥਾਂ ਵਿੱਚ ਔਰਤ ਦੇ ਹੱਕ ਵਿੱਚ ਵੀ ਗੱਲ ਕੀਤੀ ਗਈ ਹੈ ਜਾਂ ਸਮਾਜ ਵਲੋਂ ਦੁਰਕਾਰੀ ਜਾ ਰਹੀ ਔਰਤ ਦੇ ਹੱਕ ਵਿੱਚ ਆਵਾਜ ਚੁੱਕੀ ਹੈ। ਪਰ ਸਮਾਜ ਵਿੱਚ ਔਰਤ ਨੂੰ ਕਦੇ ਵੀ ਉਹ ਹੱਕ ਨਹੀਂ ਮਿਲੇ, ਭਾਵੇਂ ਕਿ ਧਾਰਮਿਕ ਗ੍ਰੰਥਾਂ ਵਿੱਚ ਜੋ ਮਰਜੀ ਲਿਖਿਆ ਹੋਵੇ। ਇਸਦੀ ਮਿਸਾਲ ਆਪਾਂ ਸਿੱਖ ਧਰਮ ਦੇ ਪੱਖ ਤੋਂ ਲੈ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਦੇ ਹੱਕ ਵਿੱਚ ਆਵਾਜ ਉਠਾਈ ਗਈ ਹੈ ਤੇ ਗੁਰੂ ਸਾਹਿਬਾਨ ਨੇ ਆਪਣੇ ਸਮੇਂ ਵਿੱਚ ਔਰਤ ਨੂੰ ਮਾਣ-ਸਨਮਾਨ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਜੇ ਅਸੀਂ ਸਿੱਖ ਸਮਾਜ ਨੂੰ ਦੇਖਦੇ ਹਾਂ ਤਾਂ ਸਿੱਖ ਵੀ ਦੂਜੀਆਂ ਕੌਮਾਂ ਜਾਂ ਫਿਰਕਿਆਂ ਵਾਂਗ ਤਕਰੀਬਨ ਉਥੇ ਕੁ ਹੀ ਖੜੇ ਹਨ।

ਬੇਸ਼ਕ ਜਿਤਨਾ ਮਰਜ਼ੀ ਕਹੀ ਜਾਈਏ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਔਰਤਾਂ ਨੂੰ ਬਰਾਬਰਤਾ ਦਿੱਤੀ ਗਈ ਹੈ। ਪਰ ਦੇਖਿਆ ਤੇ ਉਹ ਜਾਣਾ ਹੈ, ਜੋ ਅਸੀਂ ਆਪਣੇ ਘਰਾਂ ਜਾਂ ਸਮਾਜ ਵਿੱਚ ਵਿਹਾਰਕ ਰੂਪ ਵਿੱਚ ਕਰ ਰਹੇ ਹਾਂ। ਇਸ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਔਰਤਾਂ ਨੂੰ ਅੱਜ ਵੀ ਸਿੱਖ ਸਮਾਜ ਵਿੱਚ ਬਰਾਬਰ ਦਾ ਸਥਾਨ ਨਹੀਂ ਹੈ। ਸਿੱਖ ਔਰਤਾਂ ਕੁੱਝ ਦਹਾਕੇ ਪਹਿਲਾਂ ਤੱਕ ਘੁੰਡ ਵਿੱਚ ਆਪਣਾ ਮੂੰਹ ਲੁਕੋ ਕੇ ਰੱਖਦੀਆਂ ਸਨ। ਅੱਜ ਵੀ ਲੜਕੀਆਂ ਤੇ ਘਰ ਦੀ ਇੱਜ਼ਤ ਸਮਝ ਕੇ ਇਕੱਲੀ ਬਾਹਰ ਜਾਣ ਜਾਂ ਘੁੰਮਣ ਆਦਿ ਤੇ ਲੜਕਿਆਂ ਦੇ ਮੁਕਾਬਲੇ ਵੱਧ ਪਾਬੰਧੀਆਂ ਹਨ। ਖਾਣ ਪਹਿਨਣ ਲਈ ਵੀ ਲੜਕੀਆਂ ਤੇ ਬਹੁਤ ਪਾਬੰਧੀਆਂ ਹਨ। ਅੱਜ ਵੀ ਸਿੱਖ ਔਰਤਾਂ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ ਵਿੱਚ ਕੀਰਤਨ ਨਹੀਂ ਕਰ ਸਕਦੀਆਂ। ਕੋਈ ਸਿੱਖ ਸੰਸਥਾ ਅਜੇ ਵੀ ਅਜਿਹੀ ਜ਼ੁਰਅਤ ਨਹੀਂ ਕਰ ਸਕਦੀ ਕਿ ਕਿਸੇ ਧਾਰਮਿਕ ਸਮਾਗਮ ਵਿੱਚ ਔਰਤਾਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਕਰ ਸਕੇ। ਅਨੇਕਾਂ ਡੇਰੇਦਾਰ ਪ੍ਰਚਾਰਕ ਬੜੀ ਬੇਬਾਕੀ ਨਾਲ ਅਜਿਹਾ ਪ੍ਰਚਾਰ ਕਰਦੇ ਹਨ ਕਿ ਔਰਤਾਂ ਨੂੰ ਮਾਸਿਕ ਧਰਮ (ਪੀਰੀਅਡ) ਮੌਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਪਾਠ ਕਰਨ ਦੀ ਇਜ਼ਾਜਤ ਨਹੀਂ ਹੋਣੀ ਚਾਹੀਦੀ। ਕੁੱਝ ਸਾਲ ਪਹਿਲਾਂ ਤੱਕ ਔਰਤਾਂ ਨੂੰ ਮਰਦਾਂ ਬਰਾਬਰ ਖੰਡੇ ਦੀ ਪਾਹੁਲ ਦੀ ਥਾਂ ਕਿਰਪਾਨ ਦੀ ਪਾਹੁਲ ਛਕਾਈ ਜਾਂਦੀ ਸੀ।

ਕੋਈ ਵੀ ਅਖੌਤੀ ਉੱਚ ਜਾਤੀ ਦਾ ਸਿੱਖ ਆਪਣੀ ਲੜਕੀ ਨੂੰ ਅਖੌਤੀ ਕਿਸੇ ਨੀਵੀਂ ਜਾਤ ਵਿੱਚ ਵਿਆਹ ਦੀ ਇਜ਼ਾਜਤ ਨਹੀਂ ਦਿੰਦਾ। ਹੋਰ ਕੌਮਾਂ ਵਾਂਗ ਸਿੱਖ ਵੀ ਆਪਣੀਆਂ ਨੂੰਹਾਂ ਨੂੰ ਦਾਜ ਲਈ ਸਾੜਦੇ ਹਨ। ਪੁੱਤਰਾਂ ਦੀ ਪ੍ਰਾਪਤੀ ਲਈ ਅੱਜ ਵੀ ਔਰਤਾਂ ਨੂੰ ਲੜਕੀਆਂ ਦੇ ਗਰਭ ਗਿਰਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਜਿਹੜੇ ਗਰਭ ਨਹੀਂ ਗਿਰਾਉਂਦੇ, ਉਹ ਉਦੋਂ ਤੱਕ ਲੜਕੀਆਂ ਜੰਮਦੇ ਰਹਿਣ ਲਈ ਮਜਬੂਰ ਕਰਦੇ ਹਨ, ਜਦੋਂ ਤੱਕ ਲੜਕਾ ਨਾ ਪੈਦਾ ਹੋਵੇ। ਅਨੇਕਾਂ ਗੁਰਦੁਆਰੇ ਜਾਂ ਡੇਰੇ ਬੜੀ ਸ਼ਾਨ ਨਾਲ ਸਿੱਖ ਔਰਤਾਂ ਨੂੰ ਪੁੱਤਰਾਂ ਦਾ ਅਸ਼ੀਰਵਾਦ ਬੜੀ ਸ਼ਾਨ ਨਾਲ ਦਿੰਦੇ ਹਨ, ਉਨ੍ਹਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ। ਅਜੇ ਵੀ ਸਿੱਖ ਪਰਿਵਾਰ ਲੜਕਿਆਂ ਦੀ ਹੀ ਲੋਹੜੀ ਮਨਾਉਂਦੇ ਹਨ, ਕੁੜੀਆਂ ਦੀ ਨਹੀਂ ਅਤੇ ਲੱਡੂ ਵੀ ਮੁੰਡਿਆਂ ਦੇ ਹੀ ਵੰਡੇ ਜਾਂਦੇ ਹਨ, ਕੁੜੀਆਂ ਦੇ ਨਹੀਂ। ਮੁੰਡਾ ਜੰਮਣ ਤੇ ਹੀ ਅਖੰਡ ਪਾਠ ਕੀਤੇ ਜਾਂਦੇ ਹਨ, ਪਾਰਟੀਆਂ ਕੀਤੀਆਂ ਜਾਂਦੀਆਂ ਹਨ, ਕੁੜੀਆਂ ਲਈ ਨਹੀਂ। ਅਜੇ ਵੀ ਸ਼ਾਇਦ ਹੀ ਦੁਨੀਆਂ ਦਾ ਕੋਈ ਗੁਰਦੁਆਰਾ ਹੋਵੇਗਾ, ਜਿਥੇ ਕੋਈ ਔਰਤ ਗ੍ਰੰਥੀ ਹੋਵੇ।

ਅਜੇ ਤੱਕ 300 ਸਾਲਾਂ ਵਿੱਚ ਕਿਸੇ ਤਖਤ ਦੀ ਜਥੇਦਾਰ ਕੋਈ ਔਰਤ ਨਹੀਂ ਬਣਾਈ ਗਈ। ਦੁਨੀਆਂ ਭਰ ਦੇ ਗੁਰਦੁਆਰਿਆਂ ਵਿਚੋਂ ਕੁੱਝ ਗਿਣਤੀ ਦੇ ਗੁਰਦੁਆਰੇ ਹੋਣਗੇ, ਜਿਥੇ ਔਰਤਾਂ ਵੀ ਗੁਰਦੁਆਰਾ ਕਮੇਟੀ ਵਿੱਚ ਸ਼ਾਮਿਲ ਹੋਣ। ਬੇਸ਼ਕ ਹੁਣ ਕਮੇਟੀਆਂ ਵਿੱਚ 1-2 ਔਰਤਾਂ ਪਾਉਣ ਦਾ ਰਿਵਾਜ ਬਣ ਰਿਹਾ ਹੈ, ਪਰ ਉਹ ਵੀ ਸਿਰਫ ਦਿਖਾਵੇ ਲਈ ਹੁੰਦਾ ਹੈ, ਉਨ੍ਹਾਂ ਦੀ ਪੁਛਗਿੱਛ ਕਿਤੇ ਨਹੀਂ ਹੁੰਦੀ। ਕੁੱਝ ਸਾਲ ਪਹਿਲਾਂ ਇੱਕ ਸਿੱਖ ਵਿਆਹ ਵਿੱਚ ਚਾਰ ਲਾਵਾਂ ਮੌਕੇ ਦੋ ਲਾਵਾਂ ਵਿੱਚ ਲੜਕਾ ਅੱਗੇ ਸੀ ਤੇ ਦੋ ਵਿੱਚ ਲੜਕੀ ਅੱਗੇ ਹੋ ਗਈ ਤਾਂ ਇਸਨੂੰ ਧਰਮ ਲਈ ਖਤਰਾ ਮੰਨਿਆ ਗਿਆ ਅਤੇ ਗ੍ਰੰਥੀਆਂ ਤੇ ਰਾਗੀਆਂ ਨੇ ਜਥੇਦਾਰਾਂ ਤੋਂ ਮੁਆਫੀ ਮੰਗ ਕੇ ਜਾਨ ਛੁਡਾਈ। ਇਹ ਸਮਝ ਨਹੀਂ ਆਈ ਕਿ ਲੜਕੀ ਦੇ ਲਾਵਾਂ ਵਿੱਚ ਅੱਗੇ ਹੋਣ ਨਾਲ ਮਰਿਯਾਦਾ ਦੀ ਉਲੰਘਣਾ ਕਿਵੇਂ ਹੋ ਗਈ ਤੇ ਧਰਮ ਨੂੰ ਕਿਸ ਤਰ੍ਹਾਂ ਖਤਰਾ ਪੈਦਾ ਹੋ ਗਿਆ? ਜਦੋਂ ਕਿ ਲੜਕੇ ਸਦੀਆਂ ਤੋਂ ਅੱਗੇ ਤੁਰਦੇ ਆ ਰਹੇ ਹਨ।

ਇਹ ਸਾਰਾ ਕੁਝ ਲਿਖਣ ਤੋਂ ਭਾਵ ਇਹੀ ਹੈ ਕਿ ਔਰਤਾਂ ਲਈ ਦਿੱਲੀ ਅਜੇ ਦੂਰ ਹੈ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੱਕ ਕਿਸੇ ਨੇ ਨਹੀਂ ਦੇਣੇ, ਸਗੋਂ ਉਨ੍ਹਾਂ ਨੂੰ ਲੈਣੇ ਪੈਣਗੇ। ਉਸ ਲਈ ਸੰਘਰਸ਼ ਕਰਨਾ ਪਵੇਗਾ। ਧਰਮ ਗ੍ਰੰਥ ਔਰਤਾਂ ਦੇ ਹੱਕ ਵਿੱਚ ਹੋਣ ਜਾਂ ਵਿਰੋਧ ਵਿੱਚ, ਇਸ ਨਾਲ ਕੁੱਝ ਫਰਕ ਨਹੀਂ ਪੈਂਦਾ, ਫਰਕ ਉਦੋਂ ਪਵੇਗਾ, ਜਦੋਂ ਔਰਤਾਂ ਖੁਦ ਆਪਣੀ ਬਰਾਬਰੀ ਜਾਂ ਆਪਣੇ ਇੱਕ ਬਰਾਬਰ ਦੇ ਹਿਊਮਨ ਹੋਣ ਲਈ ਖੜਨਗੀਆਂ।

Tel.: (403)-681-8689 Email: [email protected]


Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ