Tue, 25 June 2024
Your Visitor Number :-   7137954
SuhisaverSuhisaver Suhisaver

ਸ਼ਹੀਦ ਭਗਤ ਸਿੰਘ ਇੱਕ ਜਾਇਜ਼ਾ - ਤੇਜਵੰਤ ਗਿੱਲ

Posted on:- 07-12-2015

suhisaver

ਪਿਛਲੇ ਸੱਤਰ ਸਾਲਾਂ ਤੋਂ ਭਗਤ ਸਿੰਘ ਪੰਜਾਬੀ ਮਰਦਾਂ ਅਤੇ ਔਰਤਾਂ ਦੇ ਮਨਾਂ ਵਿਚ ਸ਼ਹਾਦਤ ਦਾ ਹਿਰਦੇਵੇਦਕ ਪ੍ਰਤੀਕ ਬਣ ਕੇ ਵਸਿਆ ਹੋਇਆ ਹੈ। ਤੇਈ ਚੌਵੀ ਸਾਲ ਦਾ ਭਰ ਜਵਾਨ ਸੀ, ਉਹ ਜਦੋਂ ਉਸ ਨੇ ਇਹ ਸ਼ਹਾਦਤ ਦੇਸ਼ ਦੀ ਆਜ਼ਾਦੀ ਖਾਤਰ ਖਿੜੇ ਮੱਥੇ ਕਬੂਲ ਕਰ ਲਈ। ਲੰਮ ਸਲੰਮਾ ਅਤੇ ਸੁਹਣਾ ਸੁਨੱਖਾ ਹੋਣ ਨਾਲ ਤਾਂ ਮਾਣੋਂ ਇਸ ’ਤੇ ਪੱਕੀ ਮੁਹਰ ਲੱਗ ਪਈ। ਸੁਤੇ ਸਿੱਧ ਹੀ ਉਸ ਨੂੰ ਲੋਕ ਗੀਤਾਂ ਵਿਚ ਬੇਮਿਸਾਲ ਨਾਇਕ ਹੋਣ ਦੀ ਉਤਮ ਪਦਵੀ ਮਿਲ ਗਈ। ‘‘ਤੇਰਾ ਨਾਂ ਅੰਬਰਾਂ ਵਿਚ ਬੋਲੇ’’ ਵਰਗੇ ਕਥਨਾਂ ਨੇ ਲੋਕ ਬੋਧ ਵਿੱਚ ਉਸ ਨੂੰ ਅਜਿਹੀ ਸ਼ਲਾਘਾ ਦਾ ਹੱਕਦਾਰ ਬਣਾ ਦਿੱਤਾ ਜੋ ਗੁਰੂ ਸਾਹਿਬਾਨ ਨੂੰ ਛੱਡ ਕੇ ਕੁਝ ਕੁ ਹੀ ਸਿੱਖ ਸੂਰਬੀਰਾਂ ਦੇ ਹਿੱਸੇ ਆਈ ਹੈ। ਜਿਸ ਮਾਂ ਨੇ ਉਸ ਨੂੰ ਜੰਮਿਆ ਸੀ ਉਹ ਵੀ ਸ਼ਲਾਘਾ ਨਾਲ ਮਾਲਾ ਮਾਲ ਕਰ ਦਿੱਤੀ ਗਈ। ਇਹ ਸਭ ਕੁਝ ਲੋਕ ਬੋਧ ਦੀ ਨਘੋਚਵੀਂ ਨਜ਼ਰ ਦੇ ਬਾਵਜੂਦ ਹੋ ਗਿਆ। ਨਹੀਂ ਤਾਂ ਲੋਕ ਬੋਧ ਦੀ ਪ੍ਰਵਿਰਤੀ ਭਿੰਨ੍ਹ ਪੈਂਤੜਾ ਅਪਣਾਉਣ ਦੀ ਹੁੰਦੀ ਹੈ। ਇਸ ਵਿਚੋਂ ਵਿਅੰਗ ਘੱਟ ਹੀ ਖਾਰਿਜ ਹੁੰਦਾ ਹੈ।

ਇਸੇ ਕਾਰਨ ਭਗਤ ਸਿੰਘ ਦੇ ਸ਼ਹੀਦ ਹੋ ਜਾਣ ਤੋਂ ਪੰਜ ਛੇ ਦਹਾਕੇ ਪਹਿਲਾਂ ਦੀਆਂ ਰਾਜਸੀ ਲਹਿਰਾਂ, ਆਰੀਆ ਸਮਾਜ, ਸਿੰਘ ਸਭਾ ਆਦਿ ਦੇ ਨੇਤਾਵਾਂ ਨੂੰ ਲੋਕ ਬੋਧ ਨੇ ਵਿਅੰਗ ਵਿਚ ਲਪੇਟਕੇ ਹੀ ਪੇਸ਼ ਕੀਤਾ ਹੈ। ਜੇ ਵੇਲੇ ਦੀ ਰਾਜਸੀ ਲਹਿਰਾਂ ਦੇ ਨੇਤਾ ਇਸ ਲਪੇਟ ਤੋਂ ਬਚੇ ਰਹੇ ਹਨ ਤਾਂ ਉਨ੍ਹਾਂ ਦੇ ਹਿੱਸੇ ਉਹ ਸ਼ਲਾਘਾ ਵੀ ਨਹੀਂ ਆਈ ਜੋ ਭਗਤ ਸਿਘੰ ਲਈ ਡੁਲ੍ਹ ਡੁਲ੍ਹ ਪੈਂਦੀ ਹੈ। ਇਨ੍ਹਾਂ ਵਿਚ ਬੱਬਰਾਂ, ਅਕਾਲੀਆਂ ਅਤੇ ਕਿਰਤੀਆਂ ਦਾ ਸਹਿਜੇ ਹੀ ਸ਼ੁਮਾਰ ਹੋ ਜਾਂਦਾ ਹੈ।

ਲੋਕ ਬੋਧ ਦੇ ਨਾਲ ਜੋ ਬੇਨਾਮ ਹੁੰਦਾ ਹੈ, ਉਸ ਸਮੇਤ ਨਾਮਵਰ ਲੇਖਕਾਂ ਅਤੇ ਕਵੀਆਂ ਦੀਆਂ ਰਚਨਾਵਾਂ ਵਿਚ ਵੀ ਸ਼ਲਾਘਾ ਹੀ ਭਗਤ ਸਿੰਘ ਦੇ ਹਿੱਸੇ ਆਈ ਹੈ। ਸੰਤ ਸਿੰਘ ਸੇਖੋਂ ਦੇ ਬਾਬਾ ਬੋਹੜ ਵਿਚ ਬੋਹੜ ਦਾ ਦਰਖਤ ਜਿਸ ਨੂੰ ਲੋਕ ਬੋਧ ਵਿਚ ਕੁਲ ਸਿਆਣਪ ਦਾ ਪੁੰਜ ਸਮਝਿਆ ਜਾਂਦਾ ਹੈ, ਭਗਤ ਸਿੰਘ ਨੂੰ ‘ਪੜਪੋਤਾ ਸੀ ਪਿਆਰਾ ਮੇਰਾ’ ਅਤੇ ‘ਮੇਰਾ ਬੀਰ ਦੁਲਾਰਾ’ ਕਹਿ ਕੇ ਯਾਦ ਕਰਦਾ ਹੈ। ਉਸ ’ਤੇ ਲੱਗੇ ਦੋਸ਼ਾਂ ਨੂੰ ਨਕਾਰ ਕੇ ਉਹ ਆਪਣੀ ਸਿਮਰਿਤੀ ਵਿਚ, ਜਿਸ ਦਾ ਕਿ ਸਿੱਖ ਇਤਿਹਾਸ ਮਹਾਂਕਾਵਿ ਪੱਖ ਹੈ, ਭਗਤ ਸਿੰਘ ਨੂੰ ਇਓਂ ਸਾਂਭ ਕੇ ਸੁਰੱਖਿਅਤ ਕਰ ਲੈਂਦਾ ਹੈ:

ਸਾਮਰਾਜ ਦਾ ਮੁੱਢ ਤੋਂ ਇਹ ਵਰਤਾਰਾ
ਦੇਸ਼ ਭਗਤ ਨੂੰ ਆਖਦੇ ਡਾਕੂ ਹਤਿਆਰਾ।
ਤੇਗ ਬਹਾਦਰ ਨਾਲ ਕੀ ਹੋਇਆ ਸੀ ਕਾਰਾ?
ਗੋਬਿੰਦ ਸਿੰਘ ਦੇ ਲਾਲ ਵੀ ਚਿਣ ਵਿਚ ਦੀਵਾਰਾਂ
ਸਮਝਿਆ ਸੀ ਜਰਵਾਣਿਆਂ ਜਿਤਿਆ ਜਗ ਸਾਰਾ
ਇਸੇ ਤਰ੍ਹਾਂ ਅੰਗਰੇਜ਼ ਨੂੰ ਕਦ ਲੱਗੇ ਪਿਆਰਾ
ਭਗਤ ਸਿੰਘ ਜਿਹਾ ਸੂਰਾ, ਮੇਰਾ ਬੀਰ ਦੁਲਾਰਾ।


ਹੁਣ ਜਦ ਅਧਿਆਤਮਵਾਦ ਦੇ ਪਰਦੇ ਹੇਠ ਪਲਮਦੇ ਪ੍ਰਤੀਕਿਰਿਆਵਾਦ ਨੇ ਭਗਤ ਸਿੰਘ ਦੀ ਸ਼ਹਾਦਤ ਬਾਰੇ ਕਈ ਪ੍ਰਕਾਰ ਦੇ ਨਿਰਮੂਲ ਕਿੰਤੁ ਉਠਾਏ ਹਨ ਤਾਂ ਸੁਰਜੀਤ ਪਾਤਰ ਦੀਆਂ ਨਿਚਲੀਆਂ ਸਤਰਾਂ ਵੱਲ ਸੁਭਾਵਕ ਹੀ ਧਿਆਨ ਚਲਿਆ ਜਾਂਦਾ ਹੈ:

ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
ਸ਼ਹੀਦ ਤਾਂ ਉਸ ਨੂੰ ਸਤਲੁਜ ਦੀ ਗਵਾਹੀ ’ਤੇ
ਪੰਜਾਂ ਪਾਣੀਆਂ ਨੇ ਕਿਹਾ ਸੀ
ਗੰਗਾ ਨੇ ਕਿਹਾ ਸੀ
ਬ੍ਰਹਮਪੁੱਤਰ ਨੇ ਕਿਹਾ ਸੀ ਉਸ ਨੂੰ ਸ਼ਾਇਦ
ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ ਪੱਤੇ ਨੇ ਕਿਹਾ ਸੀ।


ਇਸ ਤੋਂ ਬਿਨਾਂ ਸਵਰਾਜਬੀਰ ਦੀ ਅਣ ਪ੍ਰਕਾਸ਼ਿਤ ਕਵਿਤਾ ਹੈ, ਜਿਸ ਵਿਚ ਉਸ ਦੀ ਸ਼ਹਾਦਤ ਦੇ ਹੱਕ ਵਿਚ ਦਾਰਸਨਿਕ ਗਵਾਹੀ ਨੂੰ ਭੁਗਤਾਣ ਦਾ ਸੁਯੋਗ ਯਤਨ ਕੀਤਾ ਗਿਆ ਹੈ। ਅਚੰਭੇ ਦੀ ਗੱਲ ਤਾਂ ਇਹ ਹੈ ਕਿ ਜਾਤ, ਜਮਾਤ ਅਤੇ ਧਰਮ ਦੇ ਵਖੇਵਿਆਂ ਤੋਂ ਉਪਰ ਉਠ ਕੇ ਲਾਲ ਸਿੰਘ ਦਿਲ ਅਤੇ ਨਜ਼ਮ ਹੁਸੈਨ ਸੱਯਦ ਨੇ ਵੀ ਉਸ ਨੂੰ ਆਪਣੀ ਸ਼ਲਾਘਾ ਦਾ ਪਾਤਰ ਬਣਾਇਆ ਹੈ।

ਅਜਿਹੇ ਵਿਰਲੇ ਹੀ ਵਿਅਕਤੀ ਹੁੰਦੇ ਹਨ ਜੋ ਬੇਨਾਮ ਲੋਕਾਈ ਦੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਲੋਕ ਬੋਧ ਅਤੇ ਨਾਮਵਰ ਲੇਖਕਾਂ ਅਤੇ ਕਵੀਆਂ ਦੀ ਦਿ੍ਰਸ਼ਟੀ ਨੂੰ ਪ੍ਰਗਟ ਕਰ ਰਹੇ ਸੁਬੋਧ ਨੂੰ ਪ੍ਰਵਾਨ ਹੋ ਜਾਦੇ ਹਨ। ਵੀਹਵੀਂ ਸਦੀ ਵਿਚ ਭਗਤ ਸਿੰਘ ਸ਼ਾਇਦ ਇਕੋ ਇਕ ਅਜਿਹਾ ਮਾਰਮਿਕ ਵਿਅਕਤੀ ਹੈ, ਪੰਜਾਬ ਵਿਚ ਜਿਸ ਦੇ ਹਿੱਸੇ ਇਹ ਮਾਣ ਵਹਿਣ ਵਾਂਗ ਆਇਆ ਹੈ। ਕੁਦਰਤੀ ਤੌਰ ’ਤੇ ਉਸ ਦੇ ਬਚਪਨ ਅਤੇ ਜਵਾਨੀ ਨਾਲ ਅਜਿਹੀਆਂ ਦੰਦ ਕਥਾਵਾਂ ਵੀ ਆ ਜੁੜੀਆਂ ਹਨ, ਜਿਨ੍ਹਾਂ ਨਾਲ ਉਸ ਦੇ ਸ਼ਹਾਦਤ ਦਾ ਪ੍ਰਤੀਕ ਬਣ ਜਾਣ ਨੂੰ ਤਾਂ ਸਮਰਥਨ ਮਿਲਦਾ ਹੈ ਲੇਕਿਨ ਉਸ ਦੇ ਵਿਅਕਤਿਤਵ ਦੀਆਂ ਅੰਤ੍ਰੀਵ ਤੈਹਾਂ ਦੀ ਨਿਸ਼ਾਨਦੇਹੀ ਨਹੀਂ ਹੁੰਦੀ। ਸੋ ਵਿਵੇਚਨ ਨਾਲੋਂ ਇਨ੍ਹਾਂ ਦੰਦ ਕਥਾਵਾਂ ਦਾ, ਸਮੇਤ ਉਸ ਬਾਰੇ ਪ੍ਰਾਪਤ ਸਾਮਗਰੀ ਦੇ ਨਿਰਵੇਚਨ ਬਹੁਤ ਜ਼ਰੂਰੀ ਹੈ। ਇਸ ਨਿਰਵੇਚਨ ਰਾਹੀਂ ਹੀ ਇਹ ਦਰਸਾਉਣਾ ਸੰਭਵ ਹੋ ਸਕੇਗਾ ਕਿ ਆਦਰਸ਼ ਨਾਲ ਪ੍ਰਣਾਏ ਪ੍ਰਤੀਕ ਵਜੋਂ ਹੀ ਨਹੀਂ ਸਗੋਂ ਭਰਪੂਰ ਜ਼ਿੰਦਗੀ ਜੀਣ ਦੀ ਅਭਿਲਾਖਾ ਕਰਨ ਵਾਲੇ ਸਹਿਕ ਸਕੰਦੜੇ ਵਿਅਕਤੀ ਵਜੋਂ ਵੀ ਭਗਤ ਸਿੰਘ ਇਸ ਮਾਣ ਦਾ ਪੂਰਨ ਤੌਰ ’ਤੇ ਅਧਿਕਾਰੀ ਹੈ। ਇਸ ਨਾਲ ਅਧਿਆਤਮਵਾਦ ਦੇ ਪਰਦੇ ਹੇਠ ਪ੍ਰਤੀਕਿਰਿਆਵਾਦੀ ਪ੍ਰਾਣੀਆਂ ਵਜੋਂ ਵਿਅਕਤ ਕੀਤੇ ਗਏ ਸ਼ੰਕਿਆਂ, ਸੰਕੋਚਾਂ ਅਤੇ ਵਿਰੋਧਾਂ ਨੂੰ ਵੀ ਜਵਾਬ ਮਿਲ ਜਾਵੇਗਾ ਜੋ ਉਸ ਨੂੰ ਇਸ ਮਾਣ ਦਾ ਅਧਿਕਾਰੀ ਨਹੀਂ ਸਮਝਦੇ ਅਤੇ ਸ਼ਹਾਦਤ ਦੀ ਪੌੜੀ ਦੇ ਸੱਭ ਤੋਂ ਨਿਚਲੇ ਡੰਡੇ ’ਤੇ ਵਿਚਰਣ ਦੀ ਹੀ ਰਿਆਇਤ ਦਿੰਦੇ ਹਨ।

ਉਸ ਦੇ ਬਚਪਨ ਬਾਰੇ ਪ੍ਰਚੱਲਤ ਦੰਦ ਕਥਾ ਅਨੁਸਾਰ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਭਾਵਨਾ ਨੇ ਬਹੁਤ ਪਹਿਲਾਂ ਹੀ ਉਸ ਦੇ ਮਨ ਵਿਚ ਸਥਾਈ ਥਾਂ ਬਣਾ ਲਈ ਸੀ। ਇਸੇ ਲਈ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਆਪਣੇ ਖੇਤਾਂ ਵਿਚ ਕੀ ਬੀਜਦੇ ਹੋ ਤਾਂ ਫਸਲਾਂ ਦੀ ਥਾਂ ਉਸ ਨੇ ਬੰਦੂਕਾਂ ਦਾ ਨਾਂ ਲਿਆ ਸੀ। ਦੰਦ ਕਥਾ ਅਨੁਸਾਰ ਇਹ ਉਸ ਦੇ ਚਾਚਾ ਅਜੀਤ ਸਿੰਘ ਦੇ ਪ੍ਰਭਾਵ ਕਾਰਨ ਸੀ ਜਿਸ ਨੂੰ ‘ਪਗੜੀ ਸੰਭਾਲ ਜੱਟਾ’ ਨਾਮੀਂ ਕਿਰਸਾਣੀ ਅੰਦੋਲਨ ਦੇ ਸਭ ਤੋਂ ਸਿਰਲੱਥ ਨੇਤਾ ਹੋਣ ਕਾਰਨ ਜਲਾਵਤਨ ਹੋਣਾ ਪਿਆ ਸੀ। ਨਿਰਸੰਦੇਹ ਭਗਤ ਸਿੰਘ ਦੇ ਬਾਲਕ ਮਨ ਨੂੰ ਇਹ ਘਟਨਾ ਸਦਮੇ ਸਮਾਨ ਲੱਗੀ ਹੋਵੇਗੀ, ਅਜਿਹੇ ਸਦਮੇ ਸਮਾਨ ਜਿਸ ਨੇ ਕੁੱਲ ਸੱਚ ਨੂੰ ਕੱਚ ਬਣਾ ਕੇ ਰੱਖ ਦਿੰਦਾ ਹੋਵੇਗਾ। ਕੀ ਬਦਲਵੇਂ ਸੱਚ ਦੀ ਸਥਾਪਨਾ ਲਈ ਇਹ ਸਦਮਾ ਪ੍ਰੇਰਣਾ ਸਰੋਤ ਵੀ ਹੋ ਸਕਦਾ ਸੀ ਇਹ ਵਾਸਤਵ ਵਿਚ ਕਿੰਤੂ ਮੂਲਕ ਪ੍ਰਤੀਤ ਹੁੰਦਾ ਹੈ। ਜੇ ਬਦਲਵੇਂ ਸੱਚ ਨੂੰ ਸਥਾਪਤ ਕਰਨ ਦੀ ਅਭਿਲਾਸ਼ਾ ਉਸ ਦੇ ਮਨ ਵਿਚ ਘਰ ਕਰ ਗਈ ਤਾਂ ਇਹ ਪਰਤੱਖ ਹੀ ਕਿਸੇ ਦੀਰਘ ਅਨੁਭਵ ਕਾਰਨ ਹੋਇਆ ਹੋਵੇਗਾ। ਨਿਰੋਲ ਪ੍ਰਭਾਵ ਲਈ ਇਹ ਕਰਿਸ਼ਮਾ ਕਰ ਦਿਖਾਉਣਾ ਸੰਭਵ ਨਹੀਂ ਸੀ। ਸੰਭਵ ਹੈ ਇਸ ਅਨੁਭਵ ਦਾ ਵਾਸਤਾ ਉਨ੍ਹਾਂ ਦੁਸ਼ਵਾਰੀਆਂ ਨਾਲ ਸੀ ਜੋ ਪਰਿਵਾਰ ਦੇ ਮਰਦਾਂ ਦੀ ਗੈਰ ਹਾਜ਼ਰੀ ਵਿਚ ਤ੍ਰੀਮਤਾਂ ਨੂੰ ਝਲਣੀਆਂ ਪਈਆਂ ਹੋਣਗੀਆਂ। ਇਨ੍ਹਾਂ ਬੇਜ਼ਾਰ ਕਰ ਦੇਣ ਵਾਲੀਆਂ ਦੁਸ਼ਵਾਰੀਆਂ ਨੂੰੂ ਉਸ ਦੀ ਨੀਝ ਭਰਪੂਰ ਨਜ਼ਰ ਕਿਵੇਂ ਵੀ ਅਣਡਿੱਠ ਨਹੀਂ ਕਰ ਸਕਦੀ ਸੀ। ਉਨ੍ਹਾਂ ਦੀਆਂ ਖੌਫਨਾਕ ਸਰਗੋਸ਼ੀਆਂ ਨੂੰ ਅਣ ਸੁਣੀਆਂ ਕਰ ਦੇਣਾ ਵੀ ਉਸ ਨੂੰ ਅਸਹਿ ਪ੍ਰਤੀਤ ਹੋਇਆ ਹੋਵੇਗਾ। ਜ਼ਬਾਨੀ ਸੂਚਨਾ ਇਸ ਗੱਲ ਦੀ ਗਵਾਹ ਹੈ ਕਿ ਅਜੀਤ ਸਿੰਘ ਦੀ ਨੌਜਵਾਨ ਪਤਨੀ ਦਾ ਹੰਝੂ ਧੋਤਾ ਚਿਹਰਾ ਤਾਂ ਸਦਾ ਉਸ ਦੀਆਂ ਅੱਖਾਂ ਅੱਗੇ ਮੰਡਲਾਉਂਦਾ ਰਹਿੰਦਾ ਸੀ। ਇਹ ਅਜਿਹਾ ਅਨੁਭਵ ਸੀ ਜਿਸ ਕਾਰਨ ਬਾਲਕ ਉਮਰੇ ਭਗਤ ਸਿੰਘ ਨੇ ਇਹ ਪ੍ਰਣ ਲੈ ਲਿਆ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਬਹੁਤ ਲਾਜ਼ਮੀ ਹੈ। ਇਸ ਉਪਰੰਤ ਹੀ ਉਸ ਦੇ ਚਾਚੇ ਦੀ ਦੇਸ਼ ਵਾਪਸੀ ਸੰਭਵ ਹੋ ਸਕਦੀ ਸੀ ਅਤੇ ਉਸ ਦੀ ਚਾਚੀ ਦੇ ਹੰਝੂ ਧੋਤੇ ਚਿਹਰੇ ’ਤੇ ਕੋਈ ਖੇੜਾ ਵਾਪਸ ਆ ਸਕਦਾ ਸੀ। ਇਸ ਪ੍ਰਣ ਦੇ ਫਲਸਰੂਪ ਹੀ ਸੀ ਕਿ ਆਪ ਉਸ ਨੇ ਸ਼ਾਦੀ ਨਾ ਕਰਨ ਦਾ ਦਿ੍ਰੜ ਨਿਰਣਾ ਕਰ ਲਿਆ। ਉਸ ਦੀ ਜਵਾਨੀ ਨਾਲ ਸਬੰਧਤ ਦੰਦ ਕਥਾ ਮੁਤਾਬਕ ਉਸਦੀ ਮਾਤਾ ਨੇ ਬਥੇਰੇ ਤਰਲੇ ਕੀਤੇ ਕਿ ਉਹ ਇਹ ਨਿਰਣਾ ਬਦਲ ਲਵੇ ਪਰੰਤੂ ਇਸ ’ਤੇ ਉਹ ਚਟਾਨ ਵਾਂਗ ਡਟਿਆ ਰਿਹਾ।

ਇਸ ਨਿਰਵੇਚਨ ਤੋਂ ਪਰਤੱਖ ਹੋ ਜਾਦਾ ਹੈ ਕਿ ਭਗਤ ਸਿੰਘ ਦੇ ਪਰਵਾਨ ਚੜ੍ਹਣ ਵਿਚ ਅਨੁਭਵ ਦਾ ਪ੍ਰਭਾਵ ਜਿੰਨਾ ਤਾਂ ਸਥਾਨ ਹੈ ਹੀ ਸੀ। ਇਸ ਪ੍ਰਸੰਗ ਵਿਚ ਅਨੁਭਵ ਨੂੰ ਪ੍ਰਥਮ ਅਤੇ ਪ੍ਰਭਾਵ ਨੂੰ ਗੌਣ ਮਹੱਤਵ ਦਾ ਧਾਰਨੀ ਤਸੱਵਰ ਕਰਨਾ ਵੀ ਗੈਰ ਵਾਜਿਬ ਨਹੀਂ ਹੋਵੇਗਾ। ਉਸ ਦੀ ਗਤੀਮਾਨ ਸ਼ਨਾਖ਼ਤ ਦਾ ਇਹ ਕੇਂਦਰੀ ਸੂਤਰ ਸੀ ਜਿਸ ਦਾ ਚਿਤਵਣ ਅਤੇ ਚਿਤਾਰਣ ਭਲੀ ਭਾਂਤ ਹੀ ਦਰਸਾ ਸਕਦਾ ਹੈ ਕਿ ਉਸ ਦੇ ਪਰਿਵਾਰ ਦਾ ਸਬੰਧ ਪਿਆ ਪਹਿਲਾਂ ਸੁਧਾਰਵਾਦੀ ਰਹਿ ਚੁੱਕੀ ਲੇਕਿਨ ਬਾਅਦ ਵਿਚ ਪ੍ਰਤੀਕਿਰਿਆਵਾਦੀ ਆਰੀਆ ਸਮਾਜ ਦੀ ਲਹਿਰ ਨਾਲ ਬਣਦਾ ਹੋਵੇ, ਉਸ ਦੀ ਆਪਣੀ ਟੇਕ ਇਸ ਨਿਕਟਵਰਤੀ ਵਿਰਾਸਤ ’ਤੇ ਨਹੀਂ ਸੀ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਉਸ ਦੇ ਪੜਦਾਦੇ ਦੀ ਸਿੱਖ ਵਿਰਾਸਤ ਉਸ ਦੀ ਨਿੱਗਰ ਟੇਕ ਬਣ ਗਈ ਸੀ ਲੇਕਿਨ ਇਹ ਪਰਤੱਖ ਹੈ ਕਿ ਸੀਮਾਵਾਂ ਦੀ ਥਾਂ ਉਹ ਸੰਭਾਵਨਾਵਾਂ ਦਾ ਵਧੇਰੇ ਸ਼ੈਦਾਈ ਸੀ। ਨਿਰਸੰਦੇਹ ਇਹ ਗੁਣ ਉਸ ਵਿਚ ਇਕ ਦਮ ਤਾਂ ਪ੍ਰਫੁੱਲਤ ਨਹੀਂ ਹੋ ਗਿਆ ਸੀ। ਆਰੀਆ ਸਮਾਜ ਦੀ ਪ੍ਰਤੀਕਿਰਿਆਵਾਦੀ ਲਹਿਰ ਦੇ ਪ੍ਰਭਾਵ ਅਧੀਨ ਆਪਣੇ ਰਾਜਸੀ ਜੀਵਨ ਦੇ ਆਰੰਭ ਵਿਚ ਉਸ ਨੇ ਸਾਰੇ ਦੇਸ਼ ਵਿਚ ਇਕ ਭਾਸ਼ਾ, ਸਾਹਿਤ, ਆਦਰਸ਼ ਅਤੇ ਕੌਮ ਦੀ ਕਾਮਨਾ ਕੀਤੀ ਸੀ, ਜਿਥੋਂ ਤੱਕ ਭਾਸ਼ਾ ਦਾ ਸਬੰਧ ਸੀ ਇਹ ਉਸ ਅਨੁਸਾਰ ਦੇਵਨਾਗਰੀ ਵਿਚ ਲਿਖੀ ਜਾਣ ਵਾਲੀ ਹਿੰਦੀ ਹੀ ਹੋ ਸਕਦੀ ਸੀ। ਇਸ ਨਜ਼ਰੀਏ ਤੋਂ ਤਾਂ ਸਿੱਖਾਂ ਦਾ ਗੁਰਮੁਖੀ ਲਿਖੀ ਵਿਚ ਲਿਖੀ ਜਾਣ ਵਾਲੀ ਪੰਜਾਬੀ ਨੂੰ ਆਪਣੀ ਭਾਸ਼ਾ ਸਮਝ ਲੈਣਾ ਕੋਈ ਦੂਰ ਅੰਦੇਸ਼ੀ ਵਾਲੀ ਗੱਲ ਨਹੀਂ ਸੀ। ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਨ੍ਹਾਂ ਵਿਚ ਭਾਰਤੀਪੁਣੇ ਦੀ ਘਾਟ ਸੀ। ਤਾਹੀਓਂ ਤਾਂ ਉਹ ਸਾਰੇ ਦੇਸ਼ ਵਿਚ ਅਰਬੀ ਲਿਖੀ ਵਿਚ ਲਿਖੀ ਜਾਣ ਵਾਲੀ ਫਾਰਸੀ ਭਾਸ਼ਾ ਦਾ ਬੋਲਬਾਲਾ ਚਾਹੁੰਦੇ ਸਨ।

ਇਹ ਕੱਚ ਜਿਹੇ ਪ੍ਰਭਾਵ ਸਨ ਜਿਨ੍ਹਾਂ ਵਿਚ ਦੇਸ਼ ਦੀ ਭੂਗੋਲਿਕ ਵਿਸ਼ਾਲਤਾ, ਸਭਿਆਚਾਰਕ ਵੰਨ ਸਵੰਨਤਾ, ਭਾਸ਼ਿਕ ਵਿਵਿੱਧਤਾ ਅਤੇ ਧਾਰਮਿਕ ਬਹੁ ਪਰਤਤਾ ਦਾ ਭਾਵ ਨਹੀਂ ਸੀ। ਖ਼ੁਸ਼ੀ ਵਾਲੀ ਗੱਲ ਇਹ ਹੈ ਕਿ ਭਗਤ ਸਿੰਘ ਨੇ ਆਪਣੇ ਜੀਵਨ ਦੇ ਰਾਜਸੀ ਵਿਕਾਸ ਦੌਰਾਨ ਇਨ੍ਹਾਂ ਕੱਚੇ ਪ੍ਰਭਾਵਾਂ ਨਾਲੋਂ ਵਾਸਤਾ ਤੋੜਣਾ ਹੀ ਮੁਨਾਸਿਬ ਸਮਝਿਆ। ਉਹ ਇਨ੍ਹਾਂ ਤੋਂ ਬੰਧਨ ਮੁਕਤ ਹੁੰਦਾ ਚਲਿਆ ਗਿਆ, ਇਸ ਤੇਜ਼ੀ ਨਾਲ ਕਿ ਉਸ ਦੇ ਅੰਤਲੇ ਸਾਲਾਂ ਵਿਚ ਤਾਂ ਉਸ ਦਾ ਚਿੰਤਨ ਮਾਰਕਸਵਾਦ ਦੀ ਭਾ ਦੇਣ ਲੱਗ ਪਿਆ। ਸਿਧਾਂਤਕ ਰੂਪ ਵਿਚ ਮਾਰਕਸਵਾਦ ਵਿਚ ਕੇਂਦਰੀ ਮਹੱਤਵ ਦਵੰਦ ਨੂੰ ਪਰਾਪਤ ਹੈ, ਜਿਸ ਕਾਰਨ ਇਸ ਨਾਲ ਲਗਾਵ ਦਰਸਾਉਣ ਵਾਲੇ ਚਿੰਤਕ ਲਈ ਹਰੇਕ ਕਾਰਜ, ਵਿਚਾਰ, ਵਿਕਲਪ ਅਤੇ ਅਨੁਭਵ ਨੂੰ ਉਤੋਂ ਥਲਿਓਂ ਅਤੇ ਅੰਦਰੋਂ ਬਾਹਰੋਂ ਪਰਖਣਾ ਜ਼ਰੂਰੀ ਹੋ ਜਾਂਦਾ ਹੈ। ਅਧਿਆਤਮਵਾਦ ਦੀ ਪਰਦਾਪੋਸ਼ੀ ਅਧੀਨ ਪਲਮਦੇ ਪ੍ਰਤੀਕਿਰਿਆਵਾਦੀ ਮੁਹਾਜ ਨਾਲ ਅਜਿਹੇ ਚਿੰਤਕ ਦਾ ਕੋਈ ਲਗਾਵ ਨਹੀਂ ਹੋ ਸਕਦਾ। ਇਸ ਪ੍ਰਕਾਰ ਭਗਤ ਸਿੰਘ ਦੇ ਕੱਚੇ ਪ੍ਰਭਾਵ ਵੀ ਖੁਰ ਗਏ ਅਤੇ ਵਿਰਾਸਤ ਤੋਂ ਆਈਆਂ ਸੀਮਾਵਾਂ ਦੀ ਥਾਂ ਉਸ ਦੀ ਸ਼ਨਾਖਤ ਦਾ ਸਾਰ ਉਨ੍ਹਾਂ ਦਿਸਹੱਦਿਆਂ ਨੂੰ ਮਿਲ ਗਿਆ ਜਿਨ੍ਹਾਂ ਨਾਲ ਉਹ ਖੁਦ ਪ੍ਰਤੀਬਿੱਧਤਾ ਸਥਾਪਤ ਕਰਦਾ ਚਲਿਆ ਗਿਆ। ਸੀਮਾਵਾਂ ਦੀ ਥਾਂ ਸੰਭਾਵਨਾਵਾਂ ਸਨ ਜੋ ਉਸ ਨੂੰ ਕਾਇਲ ਕਰਦੀਆਂ ਸਨ।

ਇਹੋ ਕਾਰਨ ਸੀ ਕਿ ਆਰੰਭ ਵਿਚ ਭਾਵੇਂ ਉਸ ਦਾ ਸਬੰਧ ਇਕ ਗੈਰ ਪੰਜਾਬੀ ਆਤੰਕਵਾਦੀ ਸੰਗਠਣ ਨਾਲ ਸੀ ਲੇਕਿਨ ਪੰਜਾਬ ਵਿਚ ਚਲ ਰਹੀਆਂ ਰਾਜਸੀ ਸਰਗਰਮੀਆਂ ਨੂੰ ਵੀ ਉਹ ਅੱਖੋਂ ਪਰੋਖੇ ਨਹੀਂ ਕਰਦਾ ਸੀ। ਠੀਕ ਹੈ ਕਿ ਗੁਰਦਵਾਰਾ ਲਹਿਰ ਦੇ ਰੂਪ ਵਿਚ ਅਕਾਲੀਆਂ ਨੇ ਸਿੱਖ ਭਾਈਚਾਰੇ ਨੂੰ ਜਿਵੇਂ ਇਕ ਮੁਹਾਜ਼ ’ਤੇ ਜੋੜਿਆ ਹੋਇਆ ਸੀ ਉਸ ਦੀ ਉਸ ਨੂੰ ਅਲਪ ਜਿਹੀ ਚੇਤਨਾ ਹੀ ਸੀ। ਇਸ ਪ੍ਰਸੰਗ ਵਿਚ ਉਸ ਦਾ ਚਿੰਤਨ ਇਕ ਤਰ੍ਹਾਂ ਦੇ ਖਲਾਅ ਦਾ ਭਾਗੀ ਸੀ ਜਿਸ ਨੂੰ ਭਰਨ ਖਾਤਰ ਉਹ ਬੱਬਰਾਂ ਦੀ ਸਲਾਹੁਣਾ ਕਰਦਾ ਸੀ। ਉਨ੍ਹਾਂ ਦਾ ਲਾਜਵਾਬ ਸਾਹਸ ਉਸ ਦੀ ਭਰਪੂਰ ਸਲਾਹੁਣਾ ਦਾ ਕਾਰਨ ਸੀ। ਉਨ੍ਹਾਂ ਨੂੰ ਕਾਲੇਪਾਣੀ, ਦੇਸ਼ ਨਿਕਾਲੇ ਅਤੇ ਉਮਰ ਕੈਦ ਦੇ ਰੂਪ ਵਿਚ ਮਿਲੀਆ ਸਖ੍ਚਤ ਸਜ਼ਾਵਾਂ ਭਗਤ ਸਿੰਘ ਦੇ ਮਨ ਨੂੰ ਧੂਹ ਪਾਉਂਦੀਆਂ ਸਨ। ਜਿਥੇ ਬੱਬਰਾਂ ਨੂੰ ਉਹ ਸ਼ੇਰਾਂ ਵਾਂਗ ਗਰਜਦੇ ਤਸੱਵਰ ਕਰਦਾ ਸੀ ਉਥੇ ਸਰਕਾਰੀ ਅਹਿਲਕਾਰ, ਹਿੰਦੂ, ਸਿੱਖ ਅਤੇ ਮੁਸਲਮਾਨ, ਉਸ ਨੂੰ ਸ਼ਿਕਾਰੀ ਕੁੱਤਿਆਂ ਵਾਂਗ ਭਾਸਦੇ ਸਨ, ਜਿਨ੍ਹਾਂ ਨੂੰ ਬੱਬਰਾਂ ਦੀ ਸੂਹ ਕੱਢਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਸੀ। ਨਿਕੰਮੇ ਹੋਣ ਕਾਰਨ ਆਮ ਲੋਕਾਂ ਨਾਲ ਵੀ ਉਸ ਨੂੰ ਗਿਲਾਨੀ ਮਹਿਸੂਸ ਹੁੰਦੀ ਸੀ। ਇਸ ਦੇ ਇਜ਼ਹਾਰ ਲਈ ਉਹ ਉਤਮ ਪੁਰਖੀ ਲਹਿਜੇ ਵਿਚ ਪਸ਼ੂ ਬਿੰਬਾਵਲੀ ਵਰਤਣ ਤੋਂ ਵੀ ਸੰਕੋਚ ਨਹੀਂ ਕਰਦਾ ਸੀ। ‘‘ਅਸੀਂ ਕਾਇਰ ਨਰ ਪਸ਼ੂ ਇਕ ਬਿੰਦ ਲਈ ਵੀ ਐਸ਼ ਆਰਾਮ ਛੱਡਕੇ ਬਹਾਦਰਾਂ ਦੀ ਮੌਤ ਉਤੇ ਆਹ ਭਰਨ ਦਾ ਹੀਆ ਨਹੀਂ ਕਰਦੇ’’ ਵਰਗਾ ਉਸ ਦਾ ਦਿਲ ਚੋਭਵਾਂ ਕਿੰਤੂ ਸੀ ਜੋ ਉਸ ਦੇ ਕਈ ਲੇਖਾਂ ਵਿਚ ਅੰਕਿਤ ਹੋਇਆ ਮਿਲਦਾ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਆਮ ਲੋਕਾਂ ’ਤੇ ਉਸ ਨੂੰ ਅਫਸੋਸ ਸੀ, ਉਨ੍ਹਾਂ ਨਾਲ ਘਿਰਣਾ ਬਿਲਕੁਲ ਨਹੀਂ। ਉਤਮ ਪੁਰਖੀ ਲਹਿਜੇ ਵਿਚ ਇਸ ਅਫਸੋਸ ਦਾ ਪ੍ਰਗਟਾਓ ਹਮਦਰਦੀ ਤੋਂ ਵੀ ਵਿਹੂਣਾ ਨਹੀਂ ਜਿਸ ਤੋਂ ਭਗਤ ਸਿੰਘ ਦੀ ਮਾਨਵਤਾ ਦਾ ਪ੍ਰਤੱਖ ਪ੍ਰਮਾਣ ਮਿਲ ਜਾਂਦਾ ਹੈ।

ਇਸ ਮੋੜ ’ਤੇ ਉਸ ਲਈ ਪ੍ਰਥਮ ਭਾਵ ਸਾਹਸ ਦਾ ਹੀ ਸੀ। ਤਦ ਵੀ ਸੰਗਠਨ ਦਾ ਅਭਾਵ ਉਸ ਨੂੰ ਰੜਕਦਾ ਜ਼ਰੂਰ ਸੀ। ਨਾਮਧਾਰੀ ਅੰਦੋਲਣ ਬਾਰੇ ਲਿਖੇ ਉਸ ਦੇ ਲੇਖਾਂ ਤੋਂ ਇਹ ਗੱਲ ਭਲੀਭਾਂਤ ਹੀ ਉਜਾਗਰ ਹੋ ਜਾਂਦੀ ਹੈ। ਇਸ ਅੰਦੋਲਣ ਦੇ ਆਰੰਭ ਅਤੇ ਵਿਕਾਸ ਵਿਚ ਉਸ ਨੂੰ ਇਨਕਲਾਬੀ ਲਹਿਰ ਦੀ ਸੰਭਾਵਨਾ ਦਾ ਬੀਜ ਰੂਪ ਨਜ਼ਰ ਆਇਆ ਸੀ। ਉਸ ਨੂੰ ਇਸ ਗੱਲ ਨਾਲ ਕੋਈ ਖੇਦ ਨਹੀਂ ਸੀ ਕਿ ਨਾਮਧਾਰੀਆਂ ਦਾ ਸਰਵੱਤਰ ਸਿੱਖ ਭਾਈਚਾਰੇ ਨਾਲੋਂ ਨਾਤਾ ਟੁੱਟ ਚੁੱਕਾ ਸੀ। ਖੇਦ ਸੀ ਤਾਂ ਉਸ ਨੂੰ ਇਸ ਗੱਲ ਦਾ ਕਿ ਜੋ ਰਾਜਸੀ ਕਾਰਜ ਇਸ ਅਲਪ ਭਾਈਚਾਰੇ ਨੇ ਆਰੰਭਿਆ ਉਹ ਆਪਣੇ ਆਸ਼ੇ ਦੀ ਪੂਰਤੀ ਤੋਂ ਪਹਿਲਾਂ ਹੀ ਖਤਮ ਹੋ ਗਿਆ। ਇਸ ਦੁਖਾਂਤ ਦੀ ਤੁਲਨਾ ਉਹ ਉਸ ਅੱਧ ਖਿੜੇ ਫੁੱਲ ਨਾਲ ਕਰਦਾ ਸੀ ‘‘ਜੋ ਖਿਲਦਿਆਂ ਹੀ ਮਸਲ ਦਿੱਤਾ ਗਿਆ ਹੋਵੇ।’’

ਇਸ ਪ੍ਰਸੰਗ ਵਿਚ ਅਟੁੱਟ ਸ਼ਰਧਾ ਸੀ ਜੋ ਉਸ ਨੂੰ ‘‘ਸਤਿਗੁਰੂ’’ ਰਾਮ ਸਿੰਘ ਪ੍ਰਤੀ ਅਨੁਭਵ ਹੋਈ। ਭਗਤ ਸਿੰਘ ਦੀ ਨਜ਼ਰ ਵਿਚ ਉਹ ਪੱਕਾ ਇਨਕਲਾਬੀ ਸੀ ਜੋ ਰਬ ਭਗਤ ਸਮਾਜ ਦੇ ਦੋਸ਼ਾਂ ਤੋਂ ਦੁਖੀ ਹੋ ਕੇ ਅਮੋੜ ਸੁਧਾਰਕ ਬਣ ਗਿਆ। ਨਾ ਮਿਲਵਰਤਨ ਦੇ ਨਿਰਮਾਤਾ ਵਜੋਂ ਇਹ ਭਗਤ ਸਿੰਘ ਲਈ ਗਾਂਧੀ ਜੀ ਨਾਲੋਂ ਵੀ ਵਧੇਰੇ ਮਹੱਤਵ ਵਾਲਾ ਸੀ। ਇਸ ਪ੍ਰਕਾਰ ਦੇਸ਼ ਵਿਚ ਜ਼ੋਰ ਪਕੜ ਰਹੀ ਨਾ ਮਿਲਵਰਤਨ ਲਹਿਰ ਨਾਲੋਂ ਕਿਤੇ ਮੁੱਲਵਾਨ ਉਸ ਨੂੰ ਉਹ ਯਤਨ ਲੱਗਿਆ ਸੀ ਜੋ ਪੰਜਾਬ ਵਿਚ ਪੰਜਾਹ ਕੁ ਸਾਲ ਪਹਿਲਾਂ ਆਰੰਭਿਆ ਗਿਆ ਸੀ। ਨਾਲ ਹੀ ਮਸਤਾਨਿਆਂ ਲਈ ਵੀ ਉਸ ਦਾ ਦਿਲ ਪਸੀਜਿਆ ਹੋਇਆ ਸੀ। ਉਨ੍ਹਾਂ ਪ੍ਰਤੀ ਵੀ ਉਸ ਨੂੰ ਬੇਹੱਦ ਹਮਦਰਦੀ ਸੀ ਜਿਸ ਦਾ ਆਧਾਰ ਸੀ ਉਨ੍ਹਾਂ ਦਾ ਸਾਹਸ ਜਿਸ ਨੇ ਤੋਪਾਂ ਦੇ ਸਾਹਮਣੇ ਵੀ ਉਨ੍ਹਾਂ ਨੂੰ ਸ਼ਾਂਤ ਚਿੱਤ ਰੱਖਿਆ। ਭਗਤ ਸਿੰਘ ਅਨੁਸਾਰ ਲੋੜ ਉਨ੍ਹਾਂ ਦੇ ਪ੍ਰਣ ਨੂੰ ਸਮਝਣ ਦੀ ਸੀ ਨਾ ਕਿ ਉਨ੍ਹਾਂ ਦੀ ‘‘ਉਤੇਜਨਾ ਅਤੇ ਜਲਦਬਾਜ਼ੀ’’ ’ਤੇ ਅਫਸੋਸ ਪ੍ਰਗਟ ਕਰਨ ਦੀ ਕਿਉਂ ਜੋ ‘‘ਉਨ੍ਹਾਂ ਦਾ ਅਪਰਾਧ ਸ਼ਾਇਦ ਅਸਫਲਤਾ ਤੋਂ ਵੱਧ ਕੁਝ ਨਹੀਂ ਸੀ।’’ ਭਾਵੇਂ ‘‘ਸਤਿਗੁਰੂ’’ ਰਾਮ ਸਿੰਘ ਮਸਤਾਨਿਆਂ ਨੂੰ ਜਲਦਬਾਜੀ ਕਰਨ ਤੋਂ ਰੋਕ ਨਾ ਸਕਿਆ ਤਦ ਵੀ ਇਸ ਵਿਚ ਭਗਤ ਸਿੰਘ ਨੂੰ ਉਸ ਦਾ ਦੋਸ਼ ਨਜ਼ਰ ਨਹੀਂ ਆਉਂਦਾ। ਜਦੋਂ ਉਸ ਨੇ ਸਰਕਾਰ ਨੂੰ ਆਪਣੇ ਸਿਰ ਫਿਰਿਆ ਵਿਰੁੱਧ ਸੂਚਿਤ ਵੀ ਕਰ ਦਿੱਤਾ ਤਦ ਵੀ ਉਹ ਭਗਤ ਸਿੰਘ ਦੀ ਨਜ਼ਰ ਵਿਚ ਉਹ ਦੋਸ਼ ਮੁਕਤ ਹੀ ਰਿਹਾ। ਉਸ ਦੀ ਧਾਰਨਾ ਸੀ ਕਿ ਦੂਰਦਰਸ਼ੀ ਹੋਣ ਦੇ ਨਾਤੇ ‘‘ਸਤਿਗੁਰੂ’’ ਇਹੋ ਸੋਚਿਆ ਕਿ ‘‘ਇਹ ਉਤੇਜਿਤ ਲੋਕ ਤਾਂ ਸ਼ਾਂਤ ਨਹੀਂ ਹੋ ਰਹੇ। ਇਨ੍ਹਾਂ ਦੀ ਮਰਜ਼ੀ ਮੁਤਾਬਕ ਹੁਣ ਹੀ ਵਿਦਰੋਹ ਕਰਨ ਦੀ ਅਜੇ ਤਿਆਰੀ ਨਹੀਂ ਕੀਤੀ ਗਈ ਇਸ ਵੇਲੇ ਜੇ ਇਹ ਚਲੇ ਜਾਣ ਅਤੇ ਅਸੀਂ ਸਰਕਾਰ ਨੂੰ ਇਹ ਦੱਸ ਦੇਈਏ ਕਿ ਸਾਡਾ ਇਨ੍ਹਾਂ ਨਾਲ ਕੋਈ ਵਾਸਤਾ ਨਹੀਂ ਤਾਂ ਅੰਦੋਲਨ ਬਚ ਸਕਦਾ ਸੀ।’’

ਭਗਤ ਸਿੰਘ ਦੀ ਨਜ਼ਰ ਵਿਚ ਇਹ ਕੋਈ ਕਾਇਰਤਾ ਨਹੀਂ ਸੀ। ਇਹ ਤਾਂ ਸਤਿਗੁਰੂ ਰਾਮ ਸਿੰਘ ਦੀ ਰਾਜਸੀ ਕਿਸਮ ਦੀ ਕਾਰਜ ਨੀਤੀ ਸੀ। ਅਸਫਲ ਰਹਿ ਜਾਣ ਦੇ ਬਾਵਜੂਦ ਇਹ ਖੰਡਨ ਦੀ ਅਧਿਕਾਰੀ ਨਹੀਂ ਭਾਵੇਂ ਪਿਛਲ ਝਾਤ ਇਸ ਦੇ ਮੰਡਨ ਨੂੰ ਵੀ ਯੋਗ ਨਹੀਂ ਠਹਿਰਾਉਂਦੀ। ਇਥੇ ਇਸ ਅਹਿਸਾਸ ਦਾ ਹੋਣਾ ਸੁਭਾਵਕ ਹੈ ਕਿ ਸਕਾਟ ਦੇ ਕਤਲ ਅਤੇ ਅਸੈਂਬਲੀ ਵਿਚ ਬੰਬ ਛੁੱਟਣ ਨੂੰ ਭਗਤ ਸਿੰਘ ਨੇ ਆਪਣੀ ਕਾਰਜ ਨੀਤੀ ਵਜੋਂ ਹੀ ਚਿਤਵਿਆ ਸੀ। ਕਿਉਂਕਿ ਸਕਾਟ ਦੀ ਥਾਂ ਸਾਂਡਰਸ ਮਾਰਿਆ ਗਿਆ ਸੀ ਇਸ ਲਈ ਇਥੇ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਉਸ ਦੀ ਇਹ ਕਾਰਜ ਨੀਤੀ ਪਿੱਛੇ ਹੋਸ਼ ਨਾਲੋਂ ਵਧੇਰੇ ਜੋਸ਼ ਕੰਮ ਕਰ ਰਿਹਾ ਹੈ। ਭਾਵੇਂ ਇਹ ਲਾਲਾ ਲਾਜਪਤ ਦੇ ਨਿਰਾਦਰ ਦਾ ਬਦਲਾ ਲੈਣ ਲਈ ਕੀਤੀ ਗਈ ਲੇਕਿਨ ਇਹ ਆਪਣਾ ਕਾਰਗਰ ਪ੍ਰਭਾਵ ਨਾ ਛੱਡ ਸਕੀ। ਦੂਜੀ ਕਾਰਜ ਨੀਤੀ ਨੂੰ ਹੈਰਾਨਕੁੰਨ ਸਫਲਤਾ ਮਿਲੀ। ਸਾਰੇ ਦੇਸ ਵਿਚ ਇਹ ਪ੍ਰਭਾਵ ਚਲਿਆ ਗਿਆ ਕਿ ਇਹ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਬਲਕਿ ਬਿਦੇਸ਼ੀ ਸਰਕਾਰ ਨੂੰ ਚੇਤਾਵਨੀ ਦੇਣ ਲਈ ਸੁੱਟਿਆ ਗਿਆ ਸੀ ਕਿ ਹੁਣ ਭਾਰਤ ਨੂੰ ਆਜ਼ਾਦ ਕਰ ਦੇਣ ਤੋਂ ਬਿਨਾ ਉਸ ਦਾ ਗੁਜਾਰਾ ਨਹੀਂ। ਭਾਵੇਂ ਭਗਤ ਸਿੰਘ ਨੂੰ ਮੌਤ ਦੀ ਸਜ਼ਾ ਤਾਂ ਸਾਂਡਰਸ ਦੇ ਕਤਲ ਕਾਰਨ ਮਿਲੀ ਲੇਕਿਨ ਉਸ ਦੀ ਸ਼ਹਾਦਤ ਦਾ ਮੂਲ ਕਾਰਨ ਇਹ ਘਟਨਾ ਹੀ ਸੀ। ਇਸੇ ਲਈ ਉਸ ਦੇ ਮੁਕੱਦਮੇ ਨਾਲ ਸਾਰੇ ਦੇਸ਼ ਵਿਚ ਸਨਸਨੀ ਫੈਲ ਗਈ। ਜਦੋਂ ਉਸ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ ਤਾਂ ਜਵਾਹਰ ਲਾਲ ਨਹਿਰੂ ਵਰਗੇ ਨਿਪੁੰਣ ਨੀਤੀਵਾਨ ਨੂੰ ਵੀ ਇਹ ਲੱਗਿਆ ਕਿ ਭਗਤ ਸਿੰਘ ਦੀ ਸ਼ਹਾਦਤ ਨਾਲ ਭਾਰਤ ਦੀ ਆਜ਼ਾਦੀ ਮਾਣੋਂ ਯਕੀਨੀ ਹੋ ਗਈ ਸੀ।

ਸ਼ਰਧਾ ਅਤੇ ਹਮਦਰਦੀ ਦੀ ਅੰਤਰ ਕਿਰਿਆ ਜੋ ਭਗਤ ਸਿੰਘ ਨੇ ਨਾਮਧਾਰੀਆਂ ਪ੍ਰਤੀ ਅਨੁਭਵ ਕੀਤੀ ਇਸ ਤੱਥ ਦਾ ਪ੍ਰਮਾਣ ਸੀ ਕਿ ਸਾਹਸ ਨਾਲ ਉਹ ਸੰਗਠਨ ਦੇ ਮਹਤੱਵ ਨੂੰ ਵੀ ਮੰਨਣ ਲੱਗ ਪਿਆ ਸੀ। ਸਾਹਸ ਨੂੰ ਸੰਗਠਨ ਦੇ ਪ੍ਰਯੋਜਨ ਵਿਚ ਢਾਲਣ ਦੇ ਪ੍ਰਯਾਸ ਦਾ ਬਾਨੀ ਉਸ ਨੂੰ ਕਰਤਾਰ ਸਿੰਘ ਸਰਾਭਾ ਪ੍ਰਤੀਤ ਹੁੰਦਾ ਸੀ ਜਿਸ ਦੀ ਯਾਦ ਉਸ ਦੇ ਮਨ ਨੂੰ ਬਹੁਤ ਧੂਹ ਪਾਉਂਦੀ ਸੀ। ਜੀਵਨ ਦੇ ਅੰਤਲੇ ਸਾਲਾਂ ਵਿਚ ਉਹ ਸਾਹਸ ਅਤੇ ਸੰਗਠਨ ਨਾਲ ਵਿਚਾਰਾਧਾਰਾ ਦੇ ਮਹੱਤਵ ਨੂੰ ਵੀ ਪਛਾਣਨ ਲੱਗ ਪਿਆ ਸੀ। ‘‘ਨੌਜਵਾਨ ਸਿਆਸੀ ਕਾਰਕੁੰਨਾਂ ਨੂੰ ਖ਼ਤ’ ਇਸ ਤਿ੍ਰਕੜੀ ਨੂੰ ਪਛਾਣਨ ਦੀ ਉਤਮ ਮਿਸਾਲ ਪੇਸ਼ ਕਰਨ ਵਾਲੀ ਲਿਖਤ ਹੈ। ਸੰਗਠਨ ਪੱਖੋਂ ਉਸ ਨੂੰ ਲੈਨਿਨ ਦੀ ਬਾਲਸ਼ਵਿਕ ਪਾਰਟੀ ਵਧੇਰੇ ਕਾਰਗਰ ਲੱਗਣ ਲੱਗ ਪਈ ਸੀ। ਸਾਹਸ ਦੇ ਨਾਲ ਉਹ ਸੰਘਰਸ਼ ਨੂੰ ਤਰਜੀਹ ਦੇਣ ਲੱਗ ਪਿਆ ਸੀ। ਇਸ ਸਬੰਧ ਵਿਚ ਉਸ ਨੇ ਲਿਖਿਆ ਵੀ ਸੀ ਕਿ ‘‘ਨਾ ਤਾਂ ਜਜ਼ਬਾਤੀ ਹੋਣ ਦੀ ਲੋੜ ਹੈ ਅਤੇ ਨਾ ਹੀ ਸਰਲ ਹੋਣ ਦੀ, ਸਗੋਂ ਜ਼ਰੂਰਤ ਹੈ ਲਗਾਤਾਰ ਘੋਲ ਵਿਚ ਪੈਣ, ਕਸ਼ਟ ਸਹਿਣ ਅਤੇ ਕੁਰਬਾਨੀ ਭਰਿਆ ਜੀਵਨ ਬਿਤਾਉਣ ਦੀ।’’ ਵਿਚਾਰਧਾਰਾ ਪੱਖੋਂ ਉਹ ਕਿਰਤੀਆਂ ਅਤੇ ਕਿਸਾਣਾਂ ਨੂੰ ਸਮੁੱਚੇ ਸੰਘਰਸ਼ ਦੀ ਦੁਵੱਲੀ ਆਧਾਰ ਸ਼ਿਲਾ ਮੰਨਣ ਲੱਗ ਪਿਆ ਸੀ।

‘‘ਮੈਂ ਨਾਸਤਕ ਕਿਉਂ ਹਾਂ?’ ਭਗਤ ਸਿੰਘ ਦੀ ਇਕ ਹੋਰ ਮੁੱਲਵਾਨ ਲਿਖਤ ਹੈ। ਇਸ ਵਿਚ ਉਸ ਨੇ ਅਜਿਹੇ ਨੇਤਾ ਦੇ ਪਛਾਣ ਚਿੰਨ੍ਹ ਪ੍ਰਸਤੁੱਤ ਕਰਨ ਦਾ ਯਤਨ ਕੀਤਾ ਸੀ ਜਿਸ ਕੋਲ ਸਾਹਸ, ਸੰਗਠਨ ਅਤੇ ਵਿਚਾਰਧਾਰਾ ਦੇ ਸੁਮੇਲ ਰਾਹੀਂ ਵਿੱਢੇ ਸੰਘਰਸ਼ ਨੂੰ ਚਰਮ ਸੀਮਾ ਤੱਕ ਪਹੁੰਚਾ ਸਕਣ ਦੀ ਪ੍ਰਤਿਭਾ ਹੋ ਸਕੇ। ਉਸ ਅਨੁਸਾਰ ਅਜਿਹੇ ਨੇਤਾ ਦਾ ਨਾਲ ਹੀ ਨੀਤੀਵਾਨ ਹੋਣਾ ਜ਼ਰੂਰੀ ਹੈ ਜੋ ਹਕੀਕਤ ਪਸੰਦੀ, ਆਤਮ ਵਿਸ਼ਵਾਸ ਅਤੇ ਤਨਕੀਦ ਦੇ ਨਾਲ ਸੁਤੰਤਰ ਸੋਚ ਦਾ ਵੀ ਦਾਅਵੇਦਾਰ ਹੋਵੇ। ਰੋਜ਼ਾ ਲਕਸਮਬਰਗ ਅਤੇ ਅਨਤੋਨੀਓ ਗ੍ਰਾਮਸ਼ੀ ਭਗਤ ਸਿੰਘ ਦੀ ਇਸ ਅੰਤਰ ਦਿ੍ਰਸ਼ਟੀ ’ਤੇ ਪੂਰਾ ਉਤਰਦੇ ਨੀਤੀਵਾਨ ਨੇਤਾ ਸਨ। ਜੇਲ੍ਹ ਵਿਚ ਬੈਠਾ ਭਗਤ ਸਿੰਘ ਉਨ੍ਹਾਂ ਦੇ ਨਾਵਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਤੋਂ ਵਾਕਿਫ ਨਹੀਂ ਸੀ। ਜੇ ਇਸ ਦੇ ਬਾਵਜੂਦ ਉਸ ਦੇ ਤਸੱਵਰ ਵਾਲੇ ਨੀਤੀਵਾਨ ਨੇਤਾ ਨਾਲ ਉਹ ਮੇਲ ਖਾਂਦੇ ਹਨ ਤਾਂ ਇਸ ਨਾਲੋਂ ਤਸੱਲੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਭਗਤ ਸਿੰਘ ਵਿਚ ਅਜਿਹਾ ਨੀਤੀਵਾਨ ਨੇਤਾ ਬਣਨ ਦੀ ਹਕੀਕੀ ਸੰਭਾਵਨਾ ਸੀ। ਭਾਵਈ ਸੰਤੋਖ ਸਿੰਘ ਤੋਂ ਮਗਰੋਂ ਜਿਸ ਨਾਲ ਸ਼ਾਇਦ ਉਸ ਦਾ ਮੇਲ ਨਹੀਂ ਹੋ ਸਕਿਆ ਸੀ। ਸੀਮਾਵਾਂ ਨੂੰ ਕਿਤੇ ਪਿੱਛੇ ਛੱਡ ਕੇ ਇਹ ਸੰਭਾਵਨਾਵਾਂ ਨੂੰ ਹੰਢਾਉਣ ਦਾ ਇਕਰਾਰ ਸੀ ਜੋ ਭਗਤ ਸਿੰਘ ਵਿਚ ਪੂਰਨ ਤੌਰ ’ਤੇ ਨੁਮਾਇਆ ਸੀ। ਇਸੇ ਕਾਰਨ ਫਾਂਸੀ ’ਤੇ ਲਟਕ ਜਾਣ ਨਾਲ ਉਸ ਦੀ ਦੇਹ ਤਾਂ ਬੇਜਾਨ ਹੋ ਗਈ ਲੇਕਿਨ ਲੋਕਾਂ ਨੂੰ ਉੁਸ ਦਾ ਨਾਂ ਅੰਬਰਾਂ ਵਿਚ ਬੋਲਦਾ ਲੱਗਣ ਲੱਗ ਪਿਆ।

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ