Fri, 19 April 2024
Your Visitor Number :-   6985473
SuhisaverSuhisaver Suhisaver

ਬਰਾਜੀਲ ਦਾ ਆਰਥਿਕ-ਸਮਾਜਿਕ ਸੰਕਟ ਤੇ ਐਮਾਜ਼ੋਨ -ਮਨਦੀਪ

Posted on:- 30-09-2019

ਵਿਸ਼ਵ ਅਰਥਚਾਰਾ ਆਰਥਿਕ ਮੰਦੀ ਦੇ ਗੇੜ ਵਿਚ ਫਸ ਚੁੱਕਾ ਹੈ। 2008 ਤੋਂ ਬਾਅਦ ਇਸਦੀ ਦਸਤਕ ਦੀ ਆਹਟ ਹੁਣ ਆਮਦ ਵਿੱਚ ਬਦਲ ਚੁੱਕੀ ਹੈ। ਇਸਦੀ ਚਪੇਟ ਵਿਚ ਆਏ ਮੁਲਕਾਂ ਵਿੱਚ ਚੱਲ ਰਹੀਆਂ ਧੀਮੀਆਂ ਆਰਥਿਕ ਗਤੀਵਿਧੀਆਂ ਹੁਣ ਵੱਡੀਆਂ ਘਟਨਾਵਾਂ ਨੂੰ ਜਨਮ ਦੇ ਰਹੀਆਂ ਹਨ। ਵਿਸ਼ਵ ਮੰਡੀ ਡਾਵਾਂਡੋਲ ਹੈ। ਅੱਜ ਸਾਰਾ ਸੰਸਾਰ ਜਪਾਨ, ਜਰਮਨੀ, ਯੂਕੇ, ਬਰਾਜੀਲ, ਅਰਜਨਟੀਨਾ, ਭਾਰਤ ਆਦਿ ਵੱਡੇ ਰਾਸ਼ਟਰਾਂ ਉੱਤੇ ਇਸਦੇ ਅਸਰ ਦੇਖ ਰਿਹਾ ਹੈ। ਲਾਤੀਨੀ ਮਹਾਂਦੀਪ ਦੇ ਦੱਖਣੀ, ਉੱਤਰੀ ਅਤੇ ਕੇਂਦਰੀ ਅਮਰੀਕੀ ਵੱਡੇ ਦੇਸ਼ (ਵੈਨੇਜ਼ੂਏਲਾ, ਅਰਜਨਟੀਨਾ, ਬਰਾਜੀਲ, ਮੈਕਸੀਕੋ) ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਅਮਰੀਕਾ-ਚੀਨ ਵਪਾਰਕ ਜੰਗ ਦਾ ਮੈਦਾਨ ਬਣੇ ਹੋਏ ਹਨ। ਜਪਾਨ ਦਾ ਸਾਊਥ ਕੋਰੀਆ ਨਾਲ ਵਪਾਰਕ ਝਗੜਾ ਚੱਲ ਰਿਹਾ ਹੈ। ਇਟਲੀ ਸਿਆਸੀ ਸੰਕਟ ਵਿੱਚ ਫਸਿਆ ਹੋਇਆ ਹੈ ਅਤੇ ਸੰਸਾਰ ਦੀ ਚੌਥੀ ਵੱਡੀ ਮੰਡੀ ਜਰਮਨੀ ਵਿੱਚੋਂ ਵੀ ਆਰਥਿਕ ਸੰਕਟ ਦੀਆਂ ਅਵਾਜਾਂ ਉੱਠ ਰਹੀਆਂ ਹਨ। ਚੀਨ ਦੀ ਫੌਜੀ ਦਖਲਅੰਦਾਜੀ ਨੂੰ ਲੈ ਕੇ ਹਾਂਕਕਾਂਗ ਵਿਚ ਵਿਸ਼ਾਲ ਰੋਸ ਮੁਜ਼ਾਹਰੇ ਹੋ ਰਹੇ ਹਨ। ਇੱਕ ਤੋਂ ਬਾਅਦ ਇੱਕ ਲਾਤੀਨੀ ਅਮਰੀਕੀ ਦੇਸ਼ ਸੰਕਟ ਵਿਚ ਫਸ ਰਹੇ ਹਨ। ਵੈਨਜ਼ੂਏਲਾ ਤੇ ਅਰਜਨਟੀਨਾ ਤੋਂ ਬਾਅਦ ਬਰਾਜੀਲ ਆਰਥਿਕ-ਸਮਾਜਿਕ ਅਤੇ ਵਾਤਾਵਰਣ ਸੰਕਟ ਵਿੱਚ ਘਿਰ ਗਿਆ ਹੈ।

ਲਾਤੀਨੀ ਅਮਰੀਕੀ ਮੁਲਕਾਂ ਦੀ ਵਪਾਰਕ ਮੰਡੀ ਸਾਂਝੀ ਹੋਣ ਕਰਕੇ ਇਸਦੀ ਇੱਕ ਕੜੀ ਵੀ ਬਾਕੀ ਦੇਸ਼ਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਦੀ ਹੈ। ਬਰਾਜੀਲ ਵਿਸ਼ਵ ਦੀ ਪੰਜਵੀਂ ਵੱਡੀ ਆਰਥਿਕਤਾ ਹੈ ਅਤੇ ਲਾਤੀਨੀ ਮਹਾਂਦੀਪ ਦੀ ਪਹਿਲੀ ਵੱਡੀ ਆਰਥਿਕਤਾ ਹੈ। ਬਰਾਜੀਲ ਗਵਾਂਢੀ ਲਾਤੀਨੀ ਮੁਲਕਾਂ ਨੂੰ ਵੱਡੀ ਪੱਧਰ ਤੇ ਨਿਰਯਾਤ ਕਰਦਾ ਹੈ ਅਤੇ ਇਹ ਬਰਾਮਦਾਂ ਇਸਦੀ ਆਰਥਿਕਤਾ ਦਾ ਵੱਡਾ ਸੋਮਾ ਹਨ। ਪਰੰਤੂ ਆਰਥਿਕ ਸੰਕਟ ਵਿਚ ਘਿਰੇ ਗਵਾਂਢੀ ਲਾਤੀਨੀ ਮੁਲਕਾਂ ਵਿਚ ਮੰਗ ਘੱਟਣ ਕਾਰਨ ਇਸਦੀਆਂ ਬਰਾਮਦਾਂ ਘਟੀਆਂ ਹਨ ਅਤੇ ਇਸਨੂੰ ਵੱਡਾ ਵਪਾਰਕ ਘਾਟਾ ਝੱਲਣਾ ਪੈ ਰਿਹਾ ਹੈ। ਇਸਦੀਆਂ ਬਰਾਮਦਾਂ ਜਿਆਦਾਤਰ ਅਰਜਨਟੀਨਾ ਨਾਲ ਜੁੜੀਆਂ ਹੋਈਆਂ ਹਨ ਤੇ ਅਰਜਨਟੀਨਾ ਦੀ ਮੰਦੀ ਦਾ ਅਸਰ ਇਸਦੀ ਆਰਥਿਕਤਾ ਉੱਤੇ ਵੀ ਪੈ ਰਿਹਾ ਹੈ।

ਬਰਾਜੀਲ ਤੇ ਅਰਜਨਟੀਨਾ ਦੇ ਮੌਜੂਦਾ ਆਰਥਿਕ ਸੰਕਟ ਵਿਚ ਆਈਐਮਐਫ ਦੀਆਂ ਨੀਤੀਆਂ ਇੱਕ ਅਜਿਹੀ ਸਾਂਝੀ ਕੜੀ ਹੈ ਜਿਸਨੇ ਇਸਦੀ ਆਰਥਿਕਤਾ ਦਾ ਕੁਝ ਸਾਲਾਂ ਵਿਚ ਹੀ ਦਿਵਾਲਾ ਕੱਢ ਦਿੱਤਾ ਹੈ। ਬਰਾਜੀਲ ਅਤੇ ਅਰਜਨਟੀਨਾ ਦੀਆਂ ਪਿਛਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਅਮਰੀਕੀ ਸਾਮਰਾਜ ਅਤੇ ਇਸਦੀਆਂ ਵਿੱਤੀ ਸੰਸਥਾਵਾਂ ਨੇ ਲਾਤੀਨੀ ਮਹਾਂਦੀਪ ਦੀਆਂ ਇਹਨਾਂ ਵੱਡੀਆਂ ਆਰਥਿਕਤਾਵਾਂ ਨੂੰ ਟਿੱਕ ਕੇੇ ਇਸਦੇ ਸਿਆਸੀ ਚੋਣ-ਦੰਗਲ 'ਚ ਦਖਲਅੰਦਾਜੀ ਕਰਕੇ ਇੱਥੋਂ ਦੀ ਰਾਜਸੱਤਾ ਉੱਤੇ ਆਪਣੀਆਂ ਨੀਤੀਆਂ ਪੱਖੀ ਚਿਹਰਿਆਂ ਨੂੰ ਬਿਰਾਜਮਾਨ ਕੀਤਾ। ਅਰਜਨਟੀਨਾ ਵਿਚ ਮੁਰਸੀਓ ਮਾਕਰੀ ਅਤੇ ਬਰਾਜੀਲ ਵਿਚ ਜਾਇਰ ਬੋਲਸੋਨਾਰੋ। ਦੋਵਾਂ ਨੇ ਬੜੀ ਤੇਜੀ ਅਤੇ ਸਖਤੀ ਨਾਲ ਆਪਣੇ ਦੇਸ਼ ਵਿਚ ਆਈਐਮਐਫ ਦੇ ਆਰਥਿਕ ਪੈਮਾਨਿਆਂ ਨੂੰ ਲਾਗੂ ਕੀਤਾ। ਇਹਨਾਂ ਪੈਮਾਨਿਆਂ ਦੇ ਸਿੱਟੇ ਵਜੋਂ ਇਹਨਾਂ ਮੁਲਕਾਂ ਲਈ ਵੱਡਾ ਆਰਥਿਕ-ਸਮਾਜਿਕ-ਸਿਆਸੀ ਸੰਕਟ ਖੜਾ ਹੋ ਗਿਆ ਹੈ।
ਬੋਲਸੋਨਾਰੋ ਬਰਾਜੀਲ ਦਾ ਸਾਬਕਾ ਫੌਜੀ ਅਫਸਰ ਹੈ ਅਤੇ ਉਸਦੇ ਪੜਦਾਦਾ ਹਿਟਲਰ ਦੀ ਨਾਜ਼ੀ ਫੌਜ ਦੇ ਸਿਪਾਹੀ ਸਨ ਅਤੇ ਨਾਜ਼ੀ ਵਿਚਾਰਧਾਰਾ ਦੇ ਪੱਕੇ ਸਮਰਥੱਕ ਵੀ। ਬੋਲਸੋਨਾਰੋ ਖੁਦ ਵੀ ਫਾਸੀਵਾਦੀ ਵਿਚਾਰਧਾਰਾ ਦਾ ਸਮਰਥੱਕ ਹੈ ਅਤੇ ਇਸ ਲਈ ਉਸਦੇ ਤਾਨਾਸ਼ਾਹ ਰਵੱਈਏ ਕਰਕੇ ਉਸਨੂੰ ਕੌਮਾਂਤਰੀ ਪੱਧਰ ਤੇ ਬਰਾਜੀਲ ਦਾ ਡੋਨਲਡ ਟਰੰਪ ਤੇ ਹਿਟਲਰ ਕਿਹਾ ਜਾਂਦਾ ਹੈ। ਉਸਨੇ ਸਾਲ 2018 ਵਿਚ ਰਾਸ਼ਟਰਪਤੀ ਪਦ ਸੰਭਾਲਣ ਤੋਂ ਤੁਰੰਤ ਬਾਅਦ ਪਹਿਲਾ ਹਮਲਾ ਐਮਾਜ਼ੋਨ ਦੇ ਖੇਤਰ ਉੱਤੇ ਕੀਤਾ। ਉਸਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਐਮਾਜ਼ੋਨ ਦੇ ਬੇਸਕੀਮਤੀ ਖੇਤਰ ਨੂੰ ਕਾਰਪੋਰੇਟ ਹੱਥਾਂ ਵਿਚ ਵੇਚਣਾ ਸ਼ੁਰੂ ਕਰ ਦਿੱਤਾ। ਇਸਦੇ ਵਿਰੋਧ ਵਿਚ ਨਿੱਤਰੇ ਆਦਿਵਾਸੀਆਂ ਨੂੰ ਬਾਦੂੰਕ ਦੇ ਜੋਰ ਉੱਤੇ ਚੁੱਪ ਕਰਾਇਆ ਜਾਣ ਲੱਗਾ। ਦੂਜਾ ਵੱਡਾ ਹਮਲਾ ਉਸਨੇ ਸਰਕਾਰੀ ਸਹੂਲਤਾਂ ਉੱਤੇ ਵੱਡੇ ਕੱਟ ਲਾ ਕੇ ਕੀਤਾ। ਸਿਹਤ, ਸਿੱਖਿਆ ਅਤੇ ਜਨਤਕ ਫੰਡਾਂ ਵਿਚ ਭਾਰੀ ਕਟੌਤੀ ਕਰ ਦਿੱਤੀ ਗਈ। ਪਰਿਵਾਰਕ ਭੱਤਾ ਘਟਾ ਦਿੱਤਾ ਅਤੇ ਸਬਸਿਡੀਆਂ ਖਤਮ ਕਰ ਦਿੱਤੀਆਂ ਗਈਆਂ। ਆਈਐਮਐਫ ਦੇ ਏਜੰਡੇ ਤਹਿਤ ਸੁਧਾਰਾਂ ਦੇ ਝੂਠ ਹੇਠ ਜਨਤਕ ਵਿੱਤੀ ਖੇਤਰ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਗਿਆ। ਟੈਕਸ ਵਧਾ ਦਿੱਤੇ ਗਏ ਅਤੇ ਵਿਆਜ ਦਰਾਂ ਵਿਚ ਵੀ ਵਡੌਤਰੀ ਕਰ ਦਿੱਤੀ ਗਈ। ਸਿੱਖਿਆ ਫੰਡਾਂ ਵਿਚ ਭਾਰੀ ਕਟੌਤੀ ਕਰ ਦਿੱਤੀ ਗਈ।

ਇਹਨਾਂ 'ਸਖਤ ਸੁਧਾਰਾਂ' ਦਾ ਨਤੀਜਾ ਇਹ ਨਿਕਲਿਆ ਕਿ ਬੋਲਸੋਨਾਰੋ ਦੇ ਇਕ ਸਾਲ ਦੇ ਕਾਰਜਕਾਲ ਵਿਚ ਹੀ ਬਰਾਜੀਲ ਦੀ ਆਰਥਿਕਤਾ ਵੱਡੇ ਸੰਕਟ ਵਿਚ ਘਿਰ ਗਈ। ਆਰਥਿਕ ਖੇਤਰ ਵਿਚ ਵਪਾਰਕ ਭਰੋਸਾ ਕੰਮਜੋਰ ਹੋਣ ਕਰਕੇ ਨਿਵੇਸ਼ ਅਤੇ ਬਰਾਮਦ ਵੀ ਹੇਠਾਂ ਡਿੱਗ ਗਈਆਂ। 2019 ਦੀ ਪਹਿਲੀ ਤਿਮਾਹੀ ਵਿਚ ਇਸਦੀ ਕੁੱਲ ਘਰੇਲੂ ਪੈਦਾਵਾਰ 0.2% ਡਿੱਗ ਗਈ। ਵਾਧੂ ਟੈਕਸਾਂ ਦੇ ਬੋਝ, ਬਰਾਜੀਲੀਅਨ ਕਰੰਸੀ ਰੀਆਲ ਦੀ ਅਮਰੀਕੀ ਡਾਲਰ ਮੁਕਾਬਲੇ ਕਦਰ ਘੱਟਣ, ਸਰਕਾਰੀ ਸਹੂਲਤਾਂ ਉੱਤੇ ਕੱਟ ਲੱਗਣ, ਛਾਂਟੀਆਂ ਅਤੇ ਤਨਖਾਹਾਂ 'ਚ ਕਟੌਤੀ ਆਦਿ ਕਾਰਨਾਂ ਕਰਕੇ ਲੋਕਾਂ ਦੀ ਆਮਦਨ ਘੱਟ ਗਈ ਅਤੇ ਮਹਿੰਗਾਈ ਵੱਧ ਗਈ ਜਿਸਨੇ ਮੰਗ ਉੱਤੇ ਗਹਿਰਾ ਅਸਰ ਪਾਇਆ। ਉਪਭੋਗਤਾ ਨਿਰਉਤਸ਼ਾਹਿਤ ਹੋ ਗਏ ਅਤੇ ਸੈਰ-ਸਪਾਟਾ ਸਨਅਤ ਵਿਚ ਵੀ ਸੁਸਤੀ ਛਾਅ ਗਈ।

ਆਰਥਿਕ ਵਿਕਾਸ ਦਰ ਵਧਣ ਦੇ ਦਾਅਵੇ ਕਰਨ ਵਾਲੀਆਂ ਬਰਾਜੀਲ ਦੀਆਂ ਵਿੱਤੀ ਸੰਸਥਾਵਾਂ (ਵਿੱਤ ਮੰਤਰਾਲਾ, ਕੇਂਦਰੀ ਬੈਂਕ) ਨੂੰ ਵੀ ਚਾਲੂ ਵਰ੍ਹੇ ਵਿੱਚ ਨਕਾਰਤਮਕ ਆਰਥਿਕ ਵਿਕਾਸ ਦੀ ਹਕੀਕਤ ਨੂੰ ਸਵੀਕਾਰ ਕਰਨਾ ਪੈ ਰਿਹਾ ਹੈ। ਚਾਲੂ ਵਰ੍ਹੇ ਦੀ ਦੂਜੀ ਤਿਮਾਹੀ ਵਿਚ ਪਹਿਲੀ ਤਿਮਾਹੀ ਮੁਕਾਬਲੇ ਆਰਥਿਕ ਵਿਕਾਸ ਦਰ 0.13% ਘੱਟ ਗਈ ਹੈ। ਸਰਵਿਸ ਖੇਤਰ 0.6% ਡਿੱਗ ਗਿਆ। ਸਨਅਤੀ ਪੈਦਾਵਰ 0.7% ਅਤੇ ਤਿਜਾਰਤੀ ਵਿਕਰੀ 0.3% ਹੇਠਾਂ ਚਲੀ ਗਈ ਹੈ। ਮਹਿੰਗਾਈ ਦਰ 12.7 ਫੀਸਦੀ ਦਾ ਅੰਕੜਾ ਪਾਰ ਕਰ ਚੁੱਕੀ ਹੈ। ਆਰਥਿਕ ਚਿੰਤਾਵਾਂ ਵਿਚ ਘਿਰੀ ਸਰਕਾਰ ਸਿੱਖਿਆ ਅਤੇ ਪਰਿਵਾਰਕ ਭੱਤੇ ਉੱਤੇ ਬਜ਼ਟ ਦਾ ਮਹਿਜ 1% ਹੀ ਖਰਚ ਕਰ ਰਹੀ ਹੈ ਤੇ ਸਿਹਤ ਸਹੂਲਤਾਂ ਲਈ 3% ਤੋਂ ਵੀ ਘੱਟ। ਬੇਰੁਜਗਾਰੀ ਦਰ ਜੋ ਸਾਲ 2003 ਵਿਚ 6.2% ਸੀ ਅਪ੍ਰੈਲ 2019 ਤੱਕ 12.5 % ਤੱਕ ਭਾਵ ਦੁੱਗਣੀ ਹੋ ਗਈ ਹੈ। ਜੂਨ 2019 ਤੱਕ ਮੁਲਕ ਸਿਰ ਵਿਦੇਸ਼ੀ ਕਰਜ਼ ਦਾ ਬੋਝ 566.1 ਬਿਲੀਅਨ ਡਾਲਰ ਹੋ ਚੁੱਕਾ ਸੀ।

ਮੰਡੀ ਵਿੱਚ ਅੰਦਰੂਨੀ ਅਤੇ ਬਹਿਰੂਨੀ ਮੰਗ ਘਟਣ, ਸਨਅਤੀ ਪੈਦਾਵਰ ਘਟਣ, ਵਿਦੇਸ਼ੀ ਕਰਜ਼ ਵਧਣ, ਸਥਾਨਕ ਮੁਦਰਾ ਦੀ ਕਦਰ ਘਟਣ, ਨਿਵੇਸ਼ ਘਟਣ ਆਦਿ ਕਾਰਨਾਂ ਦਾ ਅਸਰ ਜਿੱਥੇ ਪ੍ਰਚੂਨ ਖੇਤਰ ਅਤੇ ਰੀਅਲ ਅਸਟੇਟ ਉੱਤੇ ਪਿਆ ਉੱਥੇ ਭ੍ਰਿਸ਼ਟਾਚਾਰ ਅਤੇ ਸਮਾਜਿਕ ਅਸਥਿਰਤਾ ਦਾ ਮਹੌਲ ਪੈਦਾ ਹੋ ਗਿਆ ਹੈ। ਬਰਾਜੀਲ ਵਿਚ ਡਰੱਗ ਮਾਫੀਆ ਦਾ ਵੱਡਾ ਕਾਰੋਬਾਰ ਹੈ ਅਤੇ ਇਹ ਗੈਂਗਵਾਰ ਦਾ ਵੱਡਾ ਕੇਂਦਰ ਹੈ। ਸਮਾਜਿਕ ਅਸਥਿਰਤਾ ਦੇ ਚੱਲਦਿਆਂ ਸਰਕਾਰ ਅਤੇ ਮਾਫੀਆ ਅਨਸਰਾਂ ਨੇ ਨਿਆਂਇਕ ਵਿਵਸਥਾ ਨੂੰ ਟਿੱਚ ਜਾਣਦਿਆਂ ਜਿੱਥੇ ਗੈਰਕਾਨੂੰਨੀ ਗਤੀਵਿਧੀਆਂ ਤੇਜ ਕਰ ਦਿੱਤੀਆਂ ਉੱਥੇ ਇਸਦਾ ਨਿਸ਼ਾਨਾ ਆਮ ਲੋਕ ਸਭ ਤੋਂ ਵੱਧ ਬਣ ਰਹੇ ਹਨ। ਅਪਰਾਧ ਵੱਧ ਰਹੇ ਹਨ ਅਤੇ ਸਮਾਜਿਕ ਸੁਰੱਖਿਆ ਘੱਟ ਰਹੀ ਹੈ।

ਸਰਕਾਰੀ ਵਿੱਤੀ ਮਾਹਰ ਆਰਥਿਕ ਮੰਦੀ ਲਈ ਸੁਸਤ ਵਿੱਤੀ ਸੁਧਾਰ, ਘੱਟ ਨਿਵੇਸ਼, ਸਰਕਾਰੀ ਕੰਟਰੋਲ ਅਤੇ ਕੰਪਨੀਆਂ ਦੇ ਡੁੱਬਣ ਨੂੰ ਮੁੱਖ ਕਾਰਨ ਬਣਾਕੇ ਪੇਸ਼ ਕਰ ਰਹੇ ਹਨ। ਇਸ ਪ੍ਰਚਾਰ-ਪ੍ਰਾਪਾਗੰਡਾ ਦਾ ਮੁੱਖੀ ਬੋਲਸੋਨਾਰੋ ਦਾ ਆਰਥਿਕ ਸਲਾਹਕਾਰ ਅਤੇ ਵਿੱਤ ਮੰਤਰੀ ਪਾਊਲੋ ਗੋਆਇਦੇ ਹੈ। ਪਾਊਲੋ ਪੂੰਜੀਪਤੀ ਆਰਥਿਕ ਨੀਤੀਆਂ ਦੀ ਪ੍ਰਯੋਗਸ਼ਾਲਾ ਸ਼ਿਕਾਗੋ ਯੂਨੀਵਰਸਿਟੀ 'ਚ ਮਿਲਟਨ ਫਰਾਇਡਮੈਨ ਦਾ ਵਿਦਿਆਰਥੀ ਰਿਹਾ ਹੈ। ਅਤੇ ਉਹ ਨਵਉਦਾਰਵਾਦੀ ਨੀਤੀਆਂ ਨੂੰ ਲਾਤੀਨੀ ਅਮਰੀਕਾ ਵਿੱਚ ਲਾਗੂ ਕਰਨ ਵਾਲਾ ਅਮਰੀਕੀ ਸਾਮਰਾਜ ਦਾ ਸਭ ਤੋਂ ਵੱਡਾ ਏਜੰਟ ਹੈ। ਚਿੱਲੀ ਦੇ 1973 ਦੇ ਰਾਜਪਲਟੇ ਸਮੇਂ ਉਹ ਅਮਰੀਕੀ ਸ਼ਹਿ ਪ੍ਰਾਪਤ ਤਾਨਾਸ਼ਾਹ ਅਗੁਸਤੋ ਪਿਨੋਸ਼ੇ ਦੇ ਕਾਰਜਕਾਲ ਸਮੇਂ 'ਯੂਨੀਵਰਸਿਟੀ ਆਫ ਚਿੱਲੀ' ਦਾ ਪ੍ਰੋਫੈਸਰ ਰਿਹਾ ਅਤੇ ਚਿੱਲੀ ਅੰਦਰ ਨਵਉਦਾਰਵਾਦੀ ਏਜੰਡੇ ਨੂੰ ਲਾਗੂ ਕਰਨ ਵਾਲੇ 'ਸ਼ਿਕਾਗੋ ਬੁਆਏਜ਼' ਟੀਮ ਦਾ ਮਹੱਤਵਪੂਰਨ ਮੈਂਬਰ ਰਿਹਾ। ਬਰਾਜੀਲ ਦੀਆਂ 2018 ਦੀਆਂ ਚੋਣਾਂ ਤੋਂ ਪਹਿਲਾਂ ਆਈਐਮਐਫ ਵੱਲੋਂ ਵਿਸ਼ੇਸ਼ ਤੌਰ ਤੇ ਉਸਦੀ ਡਿਊਟੀ ਬਰਾਜੀਲ ਵਿਚ ਲਗਾਈ ਗਈ ਅਤੇ ਉਹ ਬੋਲਸੋਨਾਰੋ ਦੀ ਚੋਣ ਮੁਹਿੰਮ ਦਾ ਮਾਸਟਰਮਾਂਇਡ ਰਿਹਾ। ਇਸ ਸਮੇਂ ਪਾਊਲੋ ਦੇਸ਼ ਨੂੰ ਆਰਥਿਕ ਮੰਦੀ ਵਿਚੋਂ ਕੱਢਣ ਦਾ ਜੋ ਹੱਲ ਪੇਸ਼ ਕਰ ਰਿਹਾ ਹੈ ਉਹ ਹੂਬਹੂ 1973 ਦੇ ਚਿੱਲੀ ਵਾਲਾ ਆਰਥਿਕ ਮਾਡਲ ਹੈ। ਜਿੱਥੇ ਸੰਸਾਰੀਕਰਨ, ਉਦਾਰੀਕਰਨ ਦੀਆਂ ਆਰਥਿਕ ਨੀਤੀਆਂ ਤਹਿਤ ਭਿਆਨਕ ਤਬਾਹੀ ਮਚਾਈ ਗਈ ਸੀ। ਇਹੀ ਪੈਮਾਨੇ ਅਰਜਨਟੀਨਾ ਉੱਤੇ ਵਰਤੇ ਗਏ ਜਿਸਦਾ ਅੰਜ਼ਾਮ ਆਰਥਿਕ-ਸਮਾਜਿਕ ਤਬਾਹੀ 'ਚ ਨਿਕਲਿਆ। ਪੇਸ਼ ਇਹ ਕੀਤਾ ਜਾ ਰਿਹਾ ਹੈ ਕਿ ਬੇਰੁਜਗਾਰੀ ਕੰਪਨੀਆਂ ਦੇ ਡੁੱਬਣ ਕਾਰਨ ਪੈਦਾ ਹੋ ਰਹੀ ਹੈ ਭਾਵ ਲੋਕਾਂ ਦੇ ਹਿੱਤ ਕੰਪਨੀਆਂ ਦੀ ਭਲਾਈ ਵਿੱਚ ਹੀ ਹਨ। ਇਸ ਸਨਸਨੀ ਹੇਠ ਸਰਕਾਰੀ ਸ੍ਰੋਤਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦੀ ਵਕਾਲਤ ਕੀਤੀ ਜਾ ਰਹੀ ਹੈ। ਲੋਕਾਂ ਅੰਦਰ ਮੰਦੀ ਦਾ ਸਹਿਮ ਪੈਦਾ ਕਰਕੇ ਉਹਨਾਂ ਨੂੰ ਆਈਐਮਐਫ ਦੇ ਏਜੰਡੇ ਉੱਤੇ ਲਿਆਉਣ ਲਈ ਤਿਆਰ ਕੀਤਾ ਜਾ ਰਿਹਾ ਹੈ। ਜਦਕਿ ਸੰਕਟ ਸਨਅਤਾਂ ਦੇ ਡੁੱਬਣ ਕਰਕੇ ਹੀ ਨਹੀਂ ਬਲਕਿ ਪੂੰਜੀਵਾਦੀ ਆਰਥਿਕ ਨੀਤੀਆਂ ਕਰਕੇ ਪੈਦਾ ਹੋ ਰਿਹਾ ਹੈ ਅਤੇ ਸਨਅਤੀ ਸੰਕਟ ਵੀ ਇਸੇ ਦੀ ਹੀ ਇੱਕ ਕੜੀ ਹੈ। ਇਸਦਾ ਬਦਲ ਕੁਦਰਤੀ ਅਤੇ ਸਰਕਾਰੀ ਸ੍ਰੋਤਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦੀ ਬਜਾਏ ਸਰਕਾਰੀ ਕੰਟਰੋਲ ਹੇਠ ਲਿਆਕੇ ਉਸਨੂੰ ਸਮਾਜਿਕ ਭਲਾਈ ਦੀ ਸੇਵਾ ਵਿੱਚ ਲਾਉਣਾ ਹੋਣਾ ਚਾਹੀਦਾ ਹੈ। ਪਰੰਤੂ ਇਹ ਪੂੰਜੀਪਤੀਆਂ ਤੇ ਉਹਨਾਂ ਦੀਆਂ ਸਰਕਾਰਾਂ ਦਾ ਕੋਈ ਏਜੰਡਾ ਨਹੀਂ ਹੈ।

ਬਰਾਜੀਲ ਦੀਆਂ ਹਾਕਮ ਜਮਾਤਾਂ ਦੀਆਂ ਪੂੰਜੀਵਾਦੀ ਨੀਤੀਆਂ ਕਾਰਨ ਐਮਾਜ਼ੋਨ ਦਾ ਖੇਤਰ (ਜਿਸਦਾ 60% ਹਿੱਸਾ ਬਰਾਜੀਲ ਵਿੱਚ ਹੈ) ਲਗਾਤਾਰ ਹਮਲੇ ਦੀ ਮਾਰ ਹੇਠ ਹੈ। ਇੱਥੇ ਸਦੀਆਂ ਤੋਂ ਕੁਦਰਤੀ ਸ੍ਰੋਤਾਂ ਦੀ ਲੁੱਟ ਕੀਤੀ ਜਾ ਰਹੀ ਹੈ। ਐਮਾਜ਼ੋਨ ਦਾ ਖੇਤਰ ਪੈਟਰੋਲੀਅਮ ਪਦਾਰਥਾਂ, ਲੋਹਾ, ਕੋਲਾ, ਹੀਰਾ, ਬਾਕਸਾਇਟ ਆਦਿ ਦੇ ਅਮੁੱਕ ਅਤੇ ਬੇਸਕੀਮਤੀ ਭੰਡਾਰ ਵਾਲਾ ਖੇਤਰ ਹੈ। ਇਹ ਖੇਤਰ ਸਾਡੇ ਗ੍ਰਹਿ ਲਈ 20% ਆਕਸੀਜਨ ਪੈਦਾ ਕਰਦਾ ਹੈ। ਆਲਮੀ ਤਪਸ ਨੂੰ ਘੱਟ ਕਰਨ ਵਿਚ ਇਸਦੀ ਵਿਸ਼ੇਸ਼ ਭੂਮਿਕਾ ਹੈ। ਪਰੰਤੂ ਕਾਰਪੋਰੇਟਰਾਂ ਵੱਲੋਂ ਜੰਗਲਾਂ ਦੀ ਲਗਾਤਾਰ ਬੇਰਹਿਮੀ ਨਾਲ ਕਟਾਈ ਕਾਰਨ ਅੱਜ ਇਹ ਖੇਤਰ ਅੱਗ ਦੀ ਚਪੇਟ ਵਿਚ ਆਇਆ ਹੋਇਆ ਹੈ। ਜੰਗਲ ਵਿੱਚ ਅੱਗ ਲੱਗਣ ਦੀਆਂ ਹੁਣ ਤੱਕ 72,843 ਘਟਨਾਵਾਂ ਵਾਪਰ ਚੁੱਕੀਆਂ ਹਨ। 1.2 ਬਿਲੀਅਨ ਦਰੱਖਤ ਕੱਟੇ ਜਾ ਚੁੱੱਕੇ ਹਨ। ਇਸਦਾ 10,000 ਵਰਗ ਕਿਲੋਮੀਟਰ ਦਾ ਖੇਤਰ ਮੌਜੂਦਾ ਤ੍ਰਾਸਦੀ ਵਿਚ ਸੜਕੇ ਸੁਆਹ ਹੋ ਗਿਆ ਹੈ। ਬੋਲਸੋਨਾਰੋ ਸਰਕਾਰ ਨੇ ਇਸ ਕੌਮਾਂਤਰੀ ਤ੍ਰਾਸਦੀ ਤੇ ਉਜਾੜੇ ਉੱੇਤੇ ਚੁੱਪ ਧਾਰੀ ਹੋਈ ਹੈ। ਉਲਟਾ ਉਸ ਵੱਲੋਂ ਇਸਦਾ ਦੋਸ਼ ਕਿਸਾਨਾਂ, ਸੁਤੰਤਰ ਮੀਡੀਆਂ ਗਰੁੱਪਾਂ ਅਤੇ ਸੰਸਾਰ ਭਰ ਦੇ ਖੱਬੇਪੱਖੀਆਂ ਉਪਰ ਸੁੱਟਿਆ ਜਾ ਰਿਹਾ ਹੈ। ਜੀ-7 ਦੇ ਦੇਸ਼ਾਂ ਅਤੇ ਯੋਰਪੀ ਯੂਨੀਅਨ ਵੱਲੋਂ ਵੱਧ ਰਹੇ ਦਬਾਅ ਦੇ ਬਾਵਜੂਦ ਬੋਲਸੋਨਾਰੋ ਵਜ਼ਾਰਤ ਐਮਾਜ਼ੋਨ ਜਿਸਨੂੰ ਸਾਡੇ ਗ੍ਰਹਿ ਦੇ ਫੇਫੜੇ ਮੰਨਿਆ ਜਾਂਦਾ, ਦੀ ਸੁਰੱਖਿਆ ਲਈ ਕੋਈ ਠੋਸ ਕਦਮ ਨਹੀਂ ਉੱਠਾ ਰਹੀ। ਜਦਕਿ ਬੋਲੀਵੀਆ ਦੀ "ਖੱਬੇਪੱਖੀ" ਸਰਕਾਰ ਨੇ 100 'ਸੁਪਰਟੈਂਕ' ਹਵਾਈ ਜਹਾਜ ਅਤੇ ਫੌਜ ਭੇਜਣ ਦਾ ਬੰਦੋਬਸਤ ਕੀਤਾ ਹੈ। ਫਰਾਂਸ ਜੋ ਕਿ ਜੀ-7 ਦਾ ਹਿੱਸਾ ਹੈ, ਨੇ ਐਮਾਜ਼ੋਨ ਪ੍ਰਤੀ ਬੇਪ੍ਰਵਾਹੀ ਤੋਂ ਨਰਾਜ਼ ਹੁੰਦਿਆਂ ਲਾਤੀਨੀ ਮੁਲਕਾਂ ਖਾਸਕਰ ਬਰਾਜੀਲ ਨਾਲ ਵਪਾਰਕ ਰੋਕਾਂ ਲਗਾ ਦਿੱਤੀਆਂ ਹਨ ਅਤੇ ਇਸ ਮਾਮਲੇ ਵਿੱਚ ਯੋਰਪੀ ਯੂਨੀਅਨ ਫਰਾਂਸ ਦੇ ਨਾਲ ਖੜਾ ਹੈ।

ਇਸ ਤਰ੍ਹਾਂ ਸਾਮਰਾਜੀ ਮੁਲਕ ਵਿੱਤੀ ਸਰਮਾਏ ਦੀ ਸੰਸਾਰ ਚੌਧਰ ਸਥਾਪਤ ਕਰਨ ਲਈ ਅਤੇ ਵਿਸ਼ਵ ਪੂੰਜੀਪਤੀਆਂ ਦੇ ਹਿੱਤਾਂ ਦੀ ਸੇਵਾ ਹਿੱਤ ਵਿਸ਼ਵ ਦੇ ਅਨੇਕਾਂ ਮੁਲਕਾਂ ਨੂੰ ਤਬਾਹੀ ਦੀ ਕਗਾਰ ਤੇ ਲੈ ਆਏ ਹਨ। ਵਿਕਾਸ ਦੇ ਨਾਮ ਹੇਠ ਵਾਤਾਵਰਨ ਦੀ ਤਬਾਹੀ ਕੀਤੀ ਜਾ ਰਹੀ ਹੈ। 2008 ਤੋਂ ਹੀ ਲਗਾਤਾਰ ਬਣੀ ਆਲਮੀ ਆਰਥਿਕ ਅਸਥਿਰਤਾ ਕਾਰਨ ਤੀਜੇ ਵਿਸ਼ਵ ਯੁੱਧ ਦੀਆਂ ਕਿਆਸ-ਅਰਾਈਆਂ ਵੀ ਲਾਈਆਂ ਜਾ ਰਹੀਆਂ ਹਨ। ਪਰੰਤੂ ਆਰਥਿਕ ਸੰਕਟ ਦੀ ਮਾਰ ਹੇਠ ਆਏ ਮੁਲਕਾਂ ਦੀ ਬਹੁਗਿਣਤੀ ਗਰੀਬ ਵਸੋਂ ਤਾਂ "ਤੀਜੇ ਵਿਸ਼ਵ ਯੁੱੱਧ" ਤੋਂ ਪਹਿਲਾਂ ਹੀ ਨਰਕੀ ਜ਼ਿੰਦਗੀ ਦਾ ਯੁੱਧ ਲੜ੍ਹ ਰਹੀ ਹੈ।

ਈ-ਮੇਲ: [email protected]

Comments

Bittu

ਬਹੁਤ ਵਧੀਆ ਜੀ

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ