Mon, 26 February 2024
Your Visitor Number :-   6870050
SuhisaverSuhisaver Suhisaver

ਔਖੀਆਂ ਜਿੱਤਾਂ ਹੀ ਹੁੰਦੀਆਂ ਹਨ ਕਦਰ ਦੀਆਂ ਹੱਕਦਾਰ - ਗੁਰਚਰਨ ਸਿੰਘ ਪੱਖੋਕਲਾਂ

Posted on:- 18-07-2016

suhisaver

ਸਾਰੀਆਂ ਭਾਰਤੀ ਰਿਆਸਤਾਂ ਨੂੰ ਗੁਲਾਮ ਬਨਾਉਣ ਤੋਂ ਬਾਅਦ ਪੰਜਾਬ ਦੀਆਂ ਜੁਝਾਰੂ ਸਿੱਖ ਫੌਜਾਂ ਨੇ ਅੰਗਰੇਜ਼ਾਂ ਨੂੰ ਪੰਜਾਬ ਦੇ ਕਬਜ਼ਾ ਕਰਨ ਲਈ ਲੋਹੇ ਦੇ ਚਨੇ ਚਬਾਉਣ ਦੀ ਕਹਾਵਤ ਸੱਚੀ ਕਰ ਦਿੱਤੀ ਸੀ, ਜਦੋਂਕਿ ਬਾਕੀ ਭਾਰਤੀ ਰਿਆਸਤਾਂ ਉਹਨਾਂ ਸੌਖੀਆਂ ਹੀ ਜਿੱਤ ਲਈਆਂ ਸਨ। ਪੰਜਾਬ ਦੀ ਸਿੱਖ ਰਿਆਸਤ ਤੇ ਜਿੱਤ ਸਭ ਤੋਂ ਅਖੀਰ ਵਿੱਚ ਬਹੁਤ ਸਾਰੀਆਂ ਸਾਜ਼ਿਸ਼ਾਂ ਅਤੇ ਸਕਤੀ ਨਾਲ ਹੀ ਨਸੀਬ ਹੋਈ ਸੀ। ਅੰਗਰੇਜ਼ ਕੌਮ ਦੇ ਲੋਕ ਅੱਜ ਤੱਕ ਵੀ ਸਿੱਖ ਕੌਮ ਦਾ ਲੋਹਾ ਮੰਨਦੇ ਹਨ ਅਤੇ ਇੱਜ਼ਤ ਵੀ ਦਿੰਦੇ ਹਨ। ਦੂਸਰੇ ਪਾਸੇ 1947 ਵੇਲੇ ਦੇਸ਼ ਦੀ ਅਜਾਦੀ ਸਮੇਂ ਸਾਡੀ ਲੀਡਰਸ਼ਿੱਪ ਨੇ ਨਹਿਰੂ ਗਾਂਧੀ ਗੱਠਜੋੜ ਅੱਗੇ ਜਿਸ ਤਰ੍ਹਾਂ ਬਿਨਾਂ ਕੋਈ ਤਾਕਤ ਦਖਾਏ ਬਿਨਾਂ ਕੋਈ ਸਰਤ ਮੰਨਵਾਏ ਆਤਮ ਸਮਰਪਣ ਕੀਤਾ ਦੇ ਕਾਰਨ ਆਪਣੀ ਕੌਮ ਦੀ ਇੱਜ਼ਤ ਹੀ ਗਵਾ ਲਈ ਸੀ। ਉਸ ਤੋਂ ਬਾਅਦ ਜਿਸ ਤਰ੍ਹਾਂ ਪੰਜਾਬੀ ਕੌਮ ਨੂੰ 1966 ਤੱਕ ਜਿਸ ਤਰ੍ਹਾਂ ਜ਼ਲੀਲ ਅਤੇ ਬੇਇੱਜ਼ਤ ਕੀਤਾ ਗਿਆ  ਇੱਕ ਲੰਬੀ ਕਹਾਣੀ ਹੈ।

 ਪੰਜਾਬੀ ਅਧਾਰਤ ਪੰਜਾਬ ਸੂਬਾ ਦੇਣ ਲਈ ਵੀ ਜਿਸ ਤਰ੍ਹਾਂ ਦਮਨ ਚੱਕਰ ਸਹਿਣਾ ਪਿਆ। ਇਸ ਪਿੱਛੇ ਵੀ ਪੰਜਾਬੀ ਆਗੂਆਂ ਵੱਲੋਂ ਨਹਿਰੂ ਪਟੇਲ ਅੱਗੇ ਆਤਮ ਸਮਰਪਣ ਕਰਕੇ ਉਹਨਾਂ ਨੂੰ ਸੌਖੀ ਜਿੱਤ ਦੇ ਦੇਣ ਕਾਰਨ ਹੀ ਹੋਇਆ ਸੀ।

ਕਿਸੇ ਵਕਤ ਪੰਜਾਬੀ ਪੋਰਸ ਨੇ ਦੁਨੀਆਂ ਦੇ ਜੇਤੂ ਸਿਕੰਦਰ ਨੂੰ ਸਖਤ ਟੱਕਰ ਦਿੱਤੀ ਸੀ ਸਿਕੰਦਰ ਜਿੱਤਣ ਦੇ ਬਾਵਜੂਦ ਵੀ ਪੋਰਸ ਨੂੰ ਸਨਮਾਨ ਦੇ ਕੇ ਗਿਆ ਸੀ। ਅੰਗਰੇਜ਼ਾਂ ਨੇ ਟੀਪੂ ਸਲਤਾਨ ਅਤੇ ਰਾਣੀ ਝਾਂਸੀ ਬਾਈ ਵੱਲੋਂ ਸਖਤ ਮੁਕਾਬਲਾ ਕਰਨ ਕਰਕੇ ਹੀ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਸਨਮਾਨ ਦਿੱਤਾ ਸੀ। ਬਾਕੀ ਰਿਆਸਤਾਂ ਦੇ ਰਾਜੇ ਅੰਗਰੇਜ਼ਾਂ ਦੀ ਬੇਇੱਜ਼ਤੀ ਸਹਿੰਦੇ ਰਹੇ ਅਤੇ ਟੁਕੜਬੋਚ ਬਣਕੇ  ਹੀ ਜ਼ਲਾਲਤ ਭਰੀ ਗੁਲਾਮੀ ਕਰਨ ਤੱਕ ਸੀਮਤ ਹੋ ਗਏ ਸਨ।
          
ਸਮਿਆਂ ਦੇ ਨਾਲ ਹੀ ਇਹ ਵਰਤਾਰੇ ਆਪਣੇ ਰੂਪ ਬਦਲਕੇ ਵੀ ਜਾਰੀ ਰਹਿੰਦੇ ਹਨ। ਵਰਤਮਾਨ ਸਮੇਂ ਦੀ ਅਕਾਲੀ ਲੀਡਰਸ਼ਿੱਪ ਜਿਸਨੇ ਕੇਂਦਰ ਅੱਗੇ ਅਤਮ ਸਮਰਪਣ ਕੀਤਾ ਕਦੇ ਵੀ ਇੱਜ਼ਤ ਸਨਮਾਨ ਨਹੀਂ ਪਾ ਸਕੀ ਦੂਸਰੇ ਪਾਸੇ ਅਮਰਿੰਦਰ ਸਿੰਘ ਵਰਗਾ ਕਾਂਗਰਸੀ ਜਿਸ ਨੇ ਆਪਣੀ ਹੀ ਪਾਰਟੀ ਦੇ ਹਰਿਮੰਦਰ ਤੇ ਹਮਲਾ ਕਰਨ ਖਿਲਾਫ ਅਵਾਜ਼ ਉਠਾਈ ਅਤੇ ਅਸਤੀਫਾ ਤੱਕ ਦਿੱਤਾ ਸੀ ਨੂੰ ਕਾਂਗਰਸ ਪਾਰਟੀ ਹੀ ਸਨਮਾਨ ਦੇਣ ਲਈ ਮਜਬੂਰ ਹੋਈ ਅਤੇ ਪੰਜਾਬ ਦਾ ਮੁੱਖ ਮੰਤਰੀ ਬਨਾਉਣਾ ਪਰਵਾਨ ਕੀਤਾ। ਹੁਣ ਦੁਬਾਰਾ ਫੇਰ ਕਾਂਗਰਸ ਆਪਣੀ ਜਿੱਤ ਪੱਕੀ ਕਰਨ ਲਈ ਪੰਜਾਬ ਦੇ ਪਾਣੀਆਂ ਦੀ ਹਿਮਾਇਤ ਵਿੱਚ ਆਪਣੀ ਹੀ ਪਾਰਟੀ ਦਾ ਹੁਕਮ ਨਾ ਮੰਨਣ ਵਾਲੇ ਅਮਰਿੰਦਰ ਸਿੰਘ ਤੇ ਹੀ ਦਾਅ ਲਾ ਰਹੀ ਹੈ।

ਫੈਸਲਾ ਭਾਵੇਂ ਲੋਕਾਂ ਦੇ ਹੱਥ ਹੁੰਦਾ ਹੈ, ਪਰ ਹੱਕ ਸੱਚ ਅਤੇ ਰਾਜਨੀਤੀ ਵਿੱਚ ਵੀ ਮਰਦ ਦਲੇਰਾਂ ਦੀ ਹੀ ਕਦਰ ਹੁੰਦੀ ਹੈ। ਚਮਚਾ ਕਿਸਮ ਦੇ ਲੋਕ ਤਾਂ ਸੁਆਦਲੀਆਂ ਨਿਆਮਤਾਂ ਖਾਣ ਤੱਕ ਹੀ ਵਰਤੇ ਜਾਂਦੇ ਹਨ। ਚਮਚਿਆਂ ਕੜਛਿਆਂ ਦੇ ਮੂੰਹ ਲਿਬੜੇ ਹੋਏ ਜਾਂ ਜੂਠ ਨਾਲ ਭਰੇ ਹੋਏ ਹੁੰਦੇ ਹਨ। ਕੁੱਤੇ ਦੀ ਨਸਲ ਪਰਾਇਆ ਜਾਂ ਚੋਰੀ ਕੀਤਾ ਹੀ ਖਾਂਦੀ ਹੈ, ਪਰ ਸ਼ੇਰ ਹਮੇਸ਼ਾਂ ਖੁਦ ਸ਼ਿਕਾਰ ਕਰਕੇ ਤਾਜ਼ਾ ਖਾਣਾ ਹੀ ਖਾਦੇਂ ਹਨ।  
                      
ਵਰਤਮਾਨ ਸਮੇਂ ਵਿੱਚ ਦਿੱਲੀ ਵਿੱਚ ਮੋਦੀ ਅਤੇ ਕੇਜਰੀਵਾਲ ਰਾਜ ਸੱਤਾ ਦੀਆਂ ਦੋ ਸੌਖੀਆਂ ਜਿੱਤਾਂ ਦੇ ਮੋਹਰੇ ਹਨ ਜਿਹਨਾਂ ਦੇ ਸਾਹਮਣੇ ਆਪੋਜੀਸਨ ਨਾਂ ਦਾ ਵਿਰੋਧ ਨਾਂ ਮਾਤਰ ਹੈ। ਇਹਨਾਂ ਦੋਨਾਂ ਨੇ ਬਿਗਾਨੀ ਮਾਰ ਤੇ ਧਾੜਾਂ ਮਾਰੀਆਂ ਹਨ ਜਿਸ ਵਿੱਚ ਕੇਜਰੀਵਾਲ ਨੇ ਭਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਤਾਰਪੀਡੋ ਕਰਨ ਦਾ ਇਨਾਮ ਪਾਕੇ ਭਾਰਤੀ ਲੋਕਾਂ ਨਾਲ ਧਰੋਹ ਕੀਤਾ ਹੈ ਅਤੇ ਮੋਦੀ ਦੀ ਜਿੱਤ ਕਾਰਪੋਰੇਟ ਘਰਾਣਿਆਂ ਦੀ ਦਾਅ ਮਾਰੀ ਵਿੱਚੋਂ ਭਾਰਤੀ ਲੋਕਾਂ ਨੂੰ ਨਪੀੜਨ ਦੀ ਖੇਡ ਵਿੱਚੋਂ ਨਿਕਲੀ ਹੈ ਅਤੇ ਇਹ ਦੋਨੋਂ ਵਿਰੋਧੀ ਧਿਰ ਦੇ ਨਾ ਹੋਣ ਵਰਗਾ ਹੋਣ ਤੇ ਇਹ ਦੋ ਰਾਜਨੇਤਾ ਮਨ ਆਈਆਂ ਕਰ ਰਹੇ ਹਨ। ਕੁਰਸੀ ਦੇ ਨਸ਼ੇ ਵਿੱਚ ਮਨ ਆਇਆ ਬਿਨਾਂ ਕਿਸੇ ਨਤੀਜੇ ਵਾਲੇ ਫੋਕੇ ਬੋਲ ਬੋਲੀ ਜਾ ਰਹੇ ਹਨ। ਮਜਬੂਤ ਵਿਰੋਧੀ ਧਿਰ ਨਾਂ ਹੋਣ ਦਾ ਖਮਿਆਜ਼ਾ ਆਮ ਲੋਕ ਭੁਗਤ ਰਹੇ ਹਨ । ਆਮ ਲੋਕਾਂ ਨੂੰ ਕਦੇ ਵੀ ਰਾਜਨੀਤਕ ਨੂੰ ਵੱਡੀ ਜਿੱਤ ਦੇਣ ਦਾ ਅਰਥ ਆਪਣੀ ਸੰਘੀ ਨੂੰ ਇਹਨਾਂ ਲੋਕਾਂ ਦੇ ਹੱਥ ਦੇਣਾ ਹੀ ਹੁੰਦਾ ਹੈ। ਜਿੱਥੇ ਮੋਦੀ ਸਾਹਿਬ ਅਰਬਾਂ ਖਰਬਾਂ ਦਾ ਜ਼ਿਆਦਾ ਟੈਕਸ ਲੈਕੇ ਵੀ ਮਹਿੰਗਾਈ ਤੇ ਕੋਈ ਰੋਕ ਲਾਉਣ ਲਈ ਗੰਭੀਰ ਨਹੀ ਹਨ ਅਤੇ ਇਸ ਤਰ੍ਹਾਂ ਹੀ ਕੇਜਰੀਵਾਲ  ਆਪੋਜੀਸਨ ਨਾ ਹੋਣ ਕਰਕੇ ਆਪਣੇ ਵਿਧਾਇਕਾਂ ਅਤੇ ਚਮਚਿਆਂ ਦੀ ਵਾਹ ਵਾਹ ਸੁਣਕੇ ਆਕੜਿਆ ਫਿਰਦਾ ਹੈ।

ਦਿੱਲੀ ਪਹਿਲਾਂ ਦੀ ਤਰ੍ਹਾਂ ਦੁਨੀਆਂ ਦਾ ਗਿਣਤੀ ਦੇ ਗੰਦੇ ਸ਼ਹਿਰਾਂ ਵਿੱਚ ਸ਼ਾਮਲ ਹੈ। ਬਲਾਤਕਾਰ ਹੱਤਿਆਵਾਂ ਅਤੇ ਨਸ਼ਿਆਂ ਵਾਲੀ ਮੰਡੀ ਬਣਿਆ ਹੋਇਆ ਹੈ। ਦਿੱਲੀ ਵਿੱਚ ਜੀ ਬੀ ਰੋਡ ਸਮੇਤ ਹੋਰ ਅਨੇਕਾਂ ਇਲਾਕਿਆਂ ਵਿੱਚ ਲੱਖਾ ਕੁੜੀਆਂ ਸਰੀਰ ਵੇਚਣ ਨੂੰ ਮਜਬੂਰ ਹਨ। ਕੱਚੇ ਮੁਲਾਜ਼ਮ ਪੱਕੇ ਕਰਨੇ ਨਵੇਂ ਰੁਜ਼ਗਾਰ ਦੇਣਾ ਸੁਰੱਖਿਆ ਲਈ ਕੈਮਰਿਆਂ ਦੇ ਅਤੇ ਵਾਈ ਫਾਈਆਂ ਦੇ ਵਾਅਦੇ ਵੀ ਪਿਸ਼ਾਬ ਦੀ ਝੱਗ ਵਾਂਗ ਬਹਿ ਗਏ ਹਨ। ਆਮ ਰੋਜ਼ਾਨਾਂ ਦੇ ਹੋਣ ਵਾਲੇ ਲਾਜਮੀ ਕੰਮਾਂ ਦੀ ਹੀ ਮਸਹੂਰੀ ਕਰਨ ਤੇ ਸੈਂਕੜੇ ਕਰੋੜ ਖਰਚ ਕੇ ਦੇਸ ਦੇ ਦੂਜੇ ਹਿੱਸੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਦੀ ਅਸਲੀਅਤ ਬਹੁਤ ਹੀ ਨਿਘਾਰ ਵੱਲ ਜਾ ਰਹੀ ਹੈ। ਸਫਾਈ ਮਜ਼ਦੂਰਾਂ ਦੀਆਂ ਤਨਖਾਹਾਂ ਦੇਣ ਤੇ ਵੀ ਮੋਦੀ ਤੇ ਕੇਜਰੀਵਾਲ ਸਰਕਾਰਾਂ ਸਿਆਸਤ ਕਰ ਰਹੀਆਂ ਹਨ। ਹੰਕਾਰ ਨਾਲ ਭਰੇ ਹੋਏ ਦੋਨੋਂ ਨੇਤਾ ਮਿਲਵਰਤਨ ਦੀ ਨੀਤੀ ਤੇ ਚੱਲਕੇ ਕੁੱਝ ਚੰਗਾ ਸਿਰਜਣ ਦੀ ਥਾਂ ਝੋਟਿਆਂ ਦਾ ਭੇੜ ਝਾੜੀਆਂ ਦਾ ਖੌਹ ਬਣਾ ਰਹੇ ਹਨ।
                    
ਇਹੋ ਜਿਹੇ ਹਾਲਤਾਂ ਵਿੱਚ ਦੇਸ ਦੇ ਦੂਜੇ ਸੂਬਿਆਂ ਵਿੱਚ ਰਾਜਸੱਤਾ ਦੀ ਭੁੱਖ ਸਹੇੜੀ ਬੈਠਾ ਕੇਜਰੀਵਾਲ ਪੰਜਾਬ ਨੂੰ ਪਰਯੋਗਸਾਲਾ ਬਣਾਈ ਬੈਠਾ ਹੈ। ਪੰਜਾਬ ਦੇ ਲੋਕ ਤਾਂ ਏਨੇ ਕੁ ਮੂਰਖ ਸਮਝ ਲਏ ਗਏ ਹਨ ਕਿ ਉਹਨਾਂ ਦੇ ਵਧੀਆਂ ਆਗੂ ਬਾਹਰ ਕਰ ਦਿੱਤੇ ਗਏ ਹਨ ਜਿਹਨਾਂ ਆਪਣੀ ਸਾਰੀ ਉਮਰ ਦੀ ਸਮਾਜਿਕ ਸੇਵਾ ਦੇ ਵੱਡੇ ਯੋਗਦਾਨ ਨਾਲ ਲੋਕਾਂ ਦੀ ਇੱਜ਼ਤ ਅਤੇ ਜਿੱਤ ਜਾਂ ਮੁਕਾਬਲੇ ਵਾਲੀ ਟੱਕਰ ਦਿੱਤੀ ਸੀ । ਇਸ ਤਰ੍ਹਾਂ ਦੇ ਬਹੁਤੇ ਆਗੂ  ਜਿਸ ਵਿੱਚ ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ, ਡਾਕਟਰ ਧਰਮਵੀਰ ਗਾਂਧੀ , ਹਰਿੰਦਰ ਖਾਲਸਾ , ਜੱਸੀ ਜਸਰਾਜ, ਚੋਣ ਕੰਪੇਨ ਕਮੇਟੀ ਪੰਜਾਬ 2014 ਦੇ ਬਹੁਤੇ  ਮੈਂਬਰ ਜਲੀਲ ਕਰਕੇ ਘਰ ਬਿਠਾ ਦਿੱਤੇ ਗਏ ਹਨ। ਗੁਲਾਮੀ ਕਬੂਲ ਕਰਨ ਵਾਲੇ ਜਾਂ ਲਾਲਚ ਦੀਆਂ ਬੁਰਕੀਆਂ ਲੈਣ ਵਾਲੇ ਭੰਢ ਕਿਸਮ ਦੇ ਹੀ ਬਹੁਤੇ ਆਗੂ ਹੀ ਪਿੱਛੇ ਰਹਿ  ਗਏ ਹਨ। ਲੋਕਪੱਖੀ  ਜੁਝਾਰੂ ਲੋਕ ਚੁੱਪ ਕਰਾਏ ਜਾ ਰਹੇ ਹਨ। ਲੱਖਾ ਅਤੇ ਕਰੋੜਾਂ ਦੀਆਂ ਦਾਅਵੇ ਦਾਰੀਆਂ ਵਾਲੇ , ਦੂਸਰੀਆਂ ਪਾਰਟੀਆਂ ਦੇ ਚੱਲੇ ਕਾਰਤੂਸ  ਇਮਾਨਦਾਰੀਆਂ ਦੇ ਸਰਟੀਫਿਕੇਟਾਂ ਨਾਲ ਲੈਸ ਕੀਤੇ ਜਾ ਰਹੇ ਹਨ ਕਿਉਂਕਿ ਦਾਗੀ ਅਤੇ ਕਮਜ਼ੋਰ ਲੋਕ ਹੀ ਪੈਰਾਂ ਵਿੱਚ ਬੈਠ ਸਕਦੇ ਹਨ ਅਤੇ ਅਣਖ ਇੱਜਤਾਂ ਜਮੀਰਾਂ ਵਾਲੇ ਲੋਕ ਤਾਂ ਇਹ ਪਰਵਾਨ ਨਹੀਂ ਕਰ ਸਕਦੇ। ਸਿਆਸਤ ਅਤੇ ਹੱਕ ਸੱਚ ਦੇ ਜਾਣਕਾਰ ਲੋਕ ਤਾਂ ਲਗਾਤਰ ਪਾਰਟੀ ਤੋਂ ਦੂਰ ਹੋ ਰਹੇ ਹਨ ਪਰ ਨੌਜਵਾਨੀ ਦੇ ਨਾਂ ਤੇ ਸਿਆਸਤ ਦੀ ਸਮਝ ਤੋਂ ਕੋਹਾਂ ਦੂਰ ਅਣਜਾਣ ਨਵੇਂ ਨੌਜਵਾਨ ਲੋਕਾਂ ਨੂੰ ਵਰਤਣ ਦੀ ਘਟੀਆਂ ਸਿਆਸਤੀ ਚਾਲ ਖੇਡੀ ਜਾ ਰਹੀ ਹੈ।

ਸੋਸਲ ਮੀਡੀਆਂ ਅਤੇ ਆਮ ਲੋਕਾਂ ਵਿੱਚ ਆਪਣੇ ਗੁੰਡਾਂ ਅਨਸਰਾਂ ਨੂੰ ਬੁਰਾ ਵਿਵਹਾਰ ਕਰਨ ਦੀ ਖੁੱਲ ਦਿੱਤੀ ਹੋਈ ਹੈ। ਪਰਿੰਟ ਮੀਡੀਆਂ ਅਤੇ ਇਲੈਕਟਰੋਨਿਕ ਮੀਡੀਆਂ ਤਾਂ ਇਹਨਾਂ ਦੇ ਗੁੰਡਾਂ ਅਨਸਰ ਨੂੰ ਤਰਜੀਹ ਨਹੀਂ ਦੇ ਰਿਹਾ ਪਰ ਸੋਸਲ ਮੀਡੀਆ ਉੱਪਰ ਇਸ ਪਾਰਟੀ ਦੀ ਇੱਕ ਵੱਡੀ ਫੌਜ ਹੈ ਜਿਸਨੂੰ ਇਸਦੇ ਆਗੂਆਂ ਦਾ ਪੂਰਾ ਥਾਪੜਾ ਹੈ। ਅੱਜ ਤੱਕ ਕਦੇ ਵੀ ਇਸ ਪਾਰਟੀ ਨੇ ਆਪਣੇ ਗੁੰਡਾਂ ਅਨਸਰਾਂ ਦੀ ਗਾਲਾ ਲੜਾਈਆਂ ਅਤੇ ਬੁਰੀ ਭਾਸਾ ਵਰਤਣ ਵਾਲਿਆਂ ਨੂੰ ਕਦੇ ਵੀ ਚਿਤਾਵਨੀ ਨਹੀਂ ਦਿੱਤੀ ਗਈ। ਇਲੈਕਟਰੋਨਿਕ ਮੀਡੀਆਂ ਦੀਆਂ ਬਹਿਸਾਂ ਵਿੱਚ ਵੀ ਇਸ ਪਾਰਟੀ ਦੇ ਬੁਲਾਰੇ ਬਹੁਤ ਹੀ ਨੀਵੇਂ ਪੱਧਰ ਦੀ ਡਿਬੇਟ ਕਰਨ ਦੀ ਕੋਸਿਸ ਕਰਦੇ ਹਨ। ਪੰਜਾਬ ਦੇ ਭਲੇ ਦੀਆਂ ਸਕੀਮਾਂ ਸਪਸ਼ਟਤਾ ਦੀ ਥਾਂ ਗੋਲ ਮੋਲ ਅੰਦਾਜ਼ ਵਿੱਚ ਪਰੋਸੀਆਂ ਜਾ ਰਹੀਆਂ ਹਨ ਤਾਂ ਕਿ ਜੇ ਕਿੱਧਰੇ ਬਿੱਲੀ ਦੇ ਭਾਗੀਂ ਛਿੱਕਾ ਟੁੱਟ ਜਾਵੇ ਤਦ ਜਵਾਬਦੇਹੀ ਤੋਂ ਬਚਿਆਂ ਜਾ ਸਕੇ। ਪੰਜਾਬ ਦੀਆਂ ਵਰਤਮਾਨ ਤਿੰਨੇ ਧਿਰਾਂ ਦੇ ਇਸ ਤਰ੍ਹਾਂ ਦੇ ਵਰਤਾਰਿਆਂ ਦੇ ਵਿੱਚ ਕੌਣ ਕਿੱਥੇ ਖੜਾ ਹੈ ਸਮਝਣਾ ਕੋਈ ਔਖਾ ਨਹੀਂ ਹੈ।
                             
ਨਵੀਂ ਸਰਕਾਰ ਬਨਾਉਣ ਦਾ ਬਹੁਤ ਥੋੜਾ ਸਮਾਂ ਬਚਿਆ ਹੈ ਜਿਸ ਦੇ ਲਈ ਇਹ ਤਿੰਨੇ ਧਿਰਾਂ ਹੀ ਟੱਕਰ ਦਿੰਦੀਆਂ ਪਰਤੀਤ ਹੁੰਦੀਆਂ ਹਨ। ਸੋ ਇਸ ਤਰ੍ਹਾਂ ਦੇ ਸਮੇਂ ਵਿੱਚ ਪੰਜਾਬੀ ਸੂਝਵਾਨਾਂ ਨੂੰ ਪੰਜਾਬੀਆਂ ਨੂੰ ਸੇਧ ਦੇਣੀ ਚਾਹੀਦੀ ਹੈ ਕਿ ਪੰਜਾਬੀ ਕੀ ਕਰਨ? ਮੋਦੀ ਅਤੇ ਕੇਜਰੀਵਾਲ ਵਰਗੀਆਂ ਇੱਕਪਾਸੜ ਜਿੱਤਾਂ ਕਿਸੇ ਵੀ ਪਾਰਟੀ ਨੂੰ ਨਸੀਬ ਨਹੀਂ ਹੋਣੀਆਂ ਚਾਹੀਦੀਆਂ। ਨੇਤਾਵਾਂ ਦੀਆਂ ਡਰਾਮੇਬਾਜੀਆਂ ਦੀ ਥਾਂ ਜੇ ਕੋਈ ਧਿਰ ਪੰਜਾਬ ਦੇ ਹਕੀਕੀ ਮਸਲਿਆਂ ਪ੍ਰਤੀ ਸੰਜੀਦਗੀ ਦਿਖਾਵੇ ਉਸਦਾ ਸਮਰਥਨ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਜੋ ਪਾਰਟੀ ਜਾਂ ਨੇਤਾ ਆਮ ਲੋਕਾਂ ਨੂੰ ਝੂਠ ਦੀਆਂ ਡਰਾਮੇਬਾਜ਼ੀਆਂ ਦੀ ਥਾਂ ਹਕੀਕਤਾਂ ਨਾਲ ਰੁਬਰੂ ਕਰਵਾਉਂਦਾ ਹੈ, ਨਿਸਚੈ ਹੀ ਉਹ ਸਹੀ ਹੁੰਦਾ ਹੈ। ਰਾਜਸੱਤਾ ਦੀ ਜਿੱਤ ਨੂੰ ਆਪਣੀ ਨਿੱਜੀ ਲਾਲਸਾਵਾਂ ਪੂਰੀਆਂ ਕਰਨ ਲਈ ਪੌੜੀ ਸਮਝਣ ਵਾਲਾ ਨੇਤਾ ਕਦੇ ਵੀ ਲੋਕ ਹਿਤਾਇਸੀ ਨਹੀਂ ਹੋ ਸਕਦਾ । ਦੇਸ਼ ਪੱਧਰ ਦੀਆਂ ਪਾਰਟੀਆਂ ਦੇ ਆਗੂ ਜੇ ਸਾਨੂੰ ਪੰਜਾਬ ਦੇ ਅਜਾਦ ਹੋਕੇ ਵਿਚਰਨ ਵਾਲੇ ਆਗੂ ਨਹੀਂ ਦੇਣਾ ਚਾਹੁੰਦੇ ਉਹ ਪੰਜਾਬ ਦੇ ਦੋਖੀ ਅਤੇ ਪੰਜਾਬੀਆਂ ਨੂੰ ਮੂਰਖ ਬੇਅਕਲੇ ਗਰਦਾਨਣ ਵਾਲੇ ਹੀ ਹੁੰਦੇ ਹਨ ਅਤੇ ਇਹੋ ਜਿਹੇ ਦਲ ਨੂੰ ਵੀ ਸਮਰਥਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ।

ਰਾਜਸੱਤਾ ਲੰਬਾ ਸਮਾਂ ਇੱਕ ਪਾਰਟੀ ਕੋਲ ਦੇਣਾ ਵੀ ਲੋਕ ਤੰਤਰ ਵਿੱਚ ਚੰਗਾ ਨਹੀਂ ਹੁੰਦਾ ਅਤੇ ਜਿਹੜੀਆਂ ਧਿਰਾਂ ਵਰਤਮਾਨ ਰਾਜਸੱਤਾ ਨੂੰ ਹੀ ਕੁਰਸੀ ਦੇਣ ਵਿੱਚ ਸਹਾਇਕ ਬਣਨਗੀਆਂ ਉਹ ਹੱਦ ਦਰਜੇ ਦੀਆਂ ਖਤਰਨਾਕ ਹੋਣਗੀਆਂ। ਜਿਹੜੇ ਰਾਜਨੀਤਕ ਆਪਣੀ ਨਿੱਜ ਹਾਉਮੈਂ ਨੂੰ ਛੱਡਕੇ ਪੰਜਾਬ ਦੇ ਭਲੇ ਲਈ ਆਪਣੀ ਜਿੱਤ ਦੀ ਸੰਭਾਵਨਾ ਨਾ ਹੋਣ ਦੀ ਸੂਰਤ ਵਿੱਚ ਵੱਖੋ ਵੱਖਰੀ ਡਫਲੀ ਵਜਾਉਣ ਦੀ ਥਾਂ ਕਿਸੇ ਇੱਕ ਧਿਰ ਨਾਲ ਖੜਨ ਦੀ ਦਲੇਰੀ ਕਰਨਗੀਆਂ ਉਹ ਵੀ ਲੋਕ ਭਲੇ ਵਿੱਚ ਵੀ ਅਤੇ ਉਹਨਾਂ ਦੇ ਖੁਦ ਦੇ ਵੀ ਹਿੱਤ ਵਿੱਚ ਹੋਵੇਗਾ। ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤਹਿ ਕਰ ਦੇਣਗੀਆਂ ਕਿ ਕੀ ਪੰਜਾਬ ਦੀ ਬੇੜੀ ਮੰਝਧਾਰ ਵਿੱਚ ਫਸੇਗੀ ਜਾਂ ਪੰਜਾਬ ਇਸ ਨੂੰ ਪਾਰ ਕਰਨ ਵੱਲ ਕੁੱਝ ਕਦਮ ਅੱਗੇ ਜਾਵੇਗਾ। ਇਹ ਫੈਸਲੇ ਤੇ ਅੰਤਿਮ ਮੋਹਰ ਲੋਕਾਂ ਨੇ ਹੀ ਲਾਉਣੀ ਹੈ ਪਰ ਇਸ ਮੋਹਰ ਲਾਉਣ ਵਾਲੇ ਦਿਨ ਤੋਂ ਪਹਿਲਾਂ ਨਸ਼ਿਆਂ , ਨੋਟਾਂ ਅਤੇ ਝੂਠੇ ਲਾਰਿਆਂ ਦੀ ਦਲਦਲ ਵੀ ਪੰਜਾਬੀ ਵੋਟਰਾਂ ਨੂੰ ਪਾਰ ਕਰਨੀਂ ਪਵੇਗੀ ਅਤੇ ਇਸ ਨੂੰ ਪਾਰ ਕਰਵਾਉਣ ਦੀ ਸੇਧ ਵੀ ਇਸ ਦੇ ਸੂਝਵਾਨ ਵਿਦਵਾਨ ਤਬਕੇ ਦੀ ਚੁੱਪ ਜਾਂ ਅਵਾਜ਼ ਨੇ ਹੀ ਤਹਿ ਕਰਨੀ ਹੈ। ਸੋ ਆਉ ਪੰਜਾਬੀਉ ਸਾਰੇ ਰਾਜਨੀਤਕਾਂ ਨੂੰ ਜਿੱਤ ਦੇ ਘੋੜੇ ਤੇ ਸਵਾਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਮੁੜਕੋ ਮੁੜਕੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੀਏ ਤਾਂ ਕਿ ਇਹ ਸਾਡੀ ਸੋਚ ਅਤੇ ਸਮਝ ਦੀ ਕਦਰ ਕਰਨਾਂ ਸਿੱਖ ਜਾਣ।

ਸੰਪਰਕ: +91 94177 27245

Comments

Jagbier gill

22 pakho last election wich aap naal c and ticket da chahwan v....kam na banda daikh dubao di rajneeti keeti fer v gall nahi bani tan congress de sohle gained start kar dete....man Gaye tainu kalam nawees saab

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ